…ਲੈ ਵਲਗੂਲੀਏ ਆਲੇ ਸਿੱਧੂਆਂ ਦੀ ਸੁਣ ਲੈ……… ਵਿਅੰਗ / ਸੁਮੀਤ ਟੰਡਨ (ਆਸਟ੍ਰੇਲੀਆ)


ਪਿਆਰੇ ਪਾਠਕੋ, ਜੇ ਕੋਈ ਵਿਅਕਤੀ ਮੈਨੂੰ ਪ੍ਰਸ਼ਨ ਕਰੇ ਕਿ ਉਹ ਕਿਹੜੀਆਂ ਚੀਜ਼ਾਂ ਹਨ, ਜਿਹੜੀਆਂ ਮੇਰੇ ਦਿਲ ਨੂੰ ਸੱਭ ਤੋਂ ਵੱਧ ਸਕੂਨ ਦਿੰਦੀਆਂ ਹਨ ਜਾਂ ਹਰ ਸਮੇਂ ਵਿੱਚ ਮੇਰੇ ਦਿਲ ਨੂੰ ਭਾਉਂਦੀਆਂ ਹਨ ਤਾਂ ਬੇ-ਝਿਜਕ ਮੇਰਾ ਜਵਾਬ ਹੈ ਮੇਰੇ ਪਿੰਡ ਦੀਆਂ ਗੱਲਾਂ ਜਾਂ ਉਹ ਗੱਲਾਂ ਜਿਨ੍ਹਾਂ ਦੀ ਛਾਂ ਹੇਠ ਜ਼ਿੰਦਗ਼ੀ ਦੇ ਅਣਭੋਲ ਵਰ੍ਹੇ ਗੁਜ਼ਾਰੇ ਹਨ। ਗੱਲ ਭਾਵੇਂ ਪੜ੍ਹਨ ਦੀ ਕਰਾਂ ਜਾਂ ਲਿਖਣ ਦੀ ਪਰ ਮੈਨੂੰ ਉਹੀ ਪੜ੍ਹਨਾ ਲਿਖਣਾ ਚੰਗਾ ਲੱਗਦਾ ਹੈ, ਜਿਸ ਵਿੱਚ ਮੇਰਾ ਪੇਂਡੂ ਝਲਕਾਰਾ ਪੇਸ਼ ਹੁੰਦਾ ਹੋਵੇ!
ਕਈ ਗੱਲਾਂ ਜ਼ਿੰਦਗ਼ੀ ਵਿੱਚ ਆਂਵਲੇ ਦੇ ਮੁਰੱਬੇ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਚੱਖਣ ਤੋਂ ਬਾਅਦ ਭਾਵ ਸੁਣਨ ਤੋਂ ਬਾਅਦ ਹੀ ਉਨ੍ਹਾਂ ਦੀ ਠੰਢਕ ਅਤੇ ਸਵਾਦ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਕਈ ਗੱਲਾਂ ਜ਼ਿੰਦਗ਼ੀ ਵਿੱਚ ਅਜਿਹੀਆਂ ਹਨ ਕਿ ਜਿਨ੍ਹਾਂ ਦੇ ਜਵਾਬ ਸ਼ਾਇਦ ਸਵਾਲਾਂ ਕੋਲ ਵੀ ਨਹੀਂ ਹੁੰਦੇ ! ਅਜਿਹੇ ਸਵਾਲ ਜ਼ਿਆਦਾਤਰ ਪਿੰਡਾਂ ਦੀਆਂ ਸੱਥਾਂ ‘ਚੋਂ ਫੁੱਟਦੇ ਸਨ, ਅਜਿਹੇ ਸਵਾਲਾਂ ਦਾ, ਸਵਾਲ ਪੁੱਛਣ ਵਾਲੇ ‘ਤੇ ਵਧੇਰੇ ਨਿਰਭਰ ਕਰਦਾ ਸੀ ਕਿ ਪੁੱਛਣ ਵਾਲੇ ਦਾ ਸੁਭਾਅ ਕਿਹੋ ਜਿਹਾ ਹੈ, ਉਸਦੀ ਦਿੱਖ, ਭਾਸ਼ਾ ਸ਼ੈਲੀ ਜਾਂ ਫਿਰ ਉਸਦਾ ਰੁਤਬਾ ਸਮਾਜ ਵਿੱਚ ਕਿਸ ਤਰ੍ਹਾਂ ਦਾ ਹੈ। ਪਿੰਡਾਂ ਦੀਆਂ ਸੱਥਾਂ ਦੇ ਸ਼ਿੰਗਾਰ ਮੰਨੇ ਜਾਂਦੇ ਅਮਲੀ, ਵਿਹਲੜ, ਜਾਂ ਬਜ਼ੁਰਗ ਲੋਕ ਜਾਂ ਕੁਝ ਹੋਰ, ਅਜਿਹੇ ਕਿਰਦਾਰ ਬਾਖ਼ੂਬ ਨਿਭਾਉਂਦੇ ਸਨ। ਆਮ ਗੱਲਾਂ ਨੂੰ ਮਸਾਲਾ ਜੜ ਕੇ ਕਰਨ ਨਾਲ ਇਨ੍ਹਾਂ ਵਿੱਚੋਂ ਜੋ ਮਜ਼ਾ ਆਉਂਦਾ ਸੀ, ਨੂੰ ਸ਼ਾਇਦ ਹੀ ਭੁਲਾਉਣਾ ਔਖਾ ਹੈ ! ਇਹ ਗੱਲਾਂ ਆਮ ਤੌਰ ‘ਤੇ ਊਠ ਦੇ ਵਾਵਰੋਲੇ ਵਰਗੀਆਂ ਹੀ ਹੁੰਦੀਆਂ ਸਨ, ਕਈ ਵਾਰ ਤਾਂ ਗੱਲ ਬਾਤ ਨਤੀਜਾ ‘ਖੋਦਿਆ ਪਹਾੜ ਨਿਕਲਿਆ ਚੂਹਾ’ ਵਾਂਗ ਹੀ ਹੁੰਦਾ ਸੀ। ਅਜਿਹੇ ਲੋਕਾਂ ਵੱਲੋਂ ਛੱਡੀਆਂ ਜਾਂਦੀਆਂ ਸ਼ੁਰਲੀਆਂ ਸੱਥਾਂ ਵਿੱਚ ਕਿੰਨੇ-ਕਿੰਨੇ ਦਿਨ ਸੁਲਗਦੀਆਂ ਰਹਿੰਦੀਆਂ।ਪੇਂਡੂ ਮਾਹੌਲ ‘ਚ ਪਲੇ ਲੋਕਾਂ ਲਈ ਇਹ ਆਮ ਗੱਲਾਂ ਹਨ ਕਿ ਖੁੰਢ ਚਰਚਾ ਕੀ ਹੁੰਦੀ ਹੈ? ਪਰ ਅਜੋਕੇ ਸਮੇਂ ਵਿੱਚ ਪਿੰਡਾਂ ਦੇ ਵੀ ਸ਼ਹਿਰੀਕਰਨ ਹੋਣ ਕਾਰਨ ਲੋਕਾਂ ਕੋਲ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਣ ਲਈ ਸਮੇਂ ਦੀ ਥੋੜ੍ਹ ਨੇ ਜ਼ਿੰਦਗ਼ੀ ਵਿੱਚੋਂ ਹਾਸੇ ਠੱਠੇ ਘਟਾ ਦਿੱਤੇ ਹਨ। ਕਿੱਥੇ ਤਾਂ ਦਿਨ ਭਰ ਦੀ ਥਕਾਨ ਮਿਟਾਉਣ ਲਈ, ਸੁੱਖ-ਸਾਂਦ ਪੁੱਛਣ ਲਈ ਜਾਂ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਸੱਥਾਂ ਹੀ ਸਾਧਨ ਹੁੰਦੀਆਂ ਸਨ ਪਰ ਹੁਣ ਸਮੇਂ ਨੇ ਇਹ ਥਾਂ ਟੈਲੀਵਿਜ਼ਨ ਨੂੰ ਦੇ ਦਿੱਤੀ ਹੈ। ਜਿਸ ਨਾਲ ਇਨਸਾਨ ਦੀ ਬੁੱਧੀ ਤਾਂ ਬੇਸ਼ੱਕ ਵਿਕਸਿਤ ਹੋਈ ਹੈ ਪਰ ਬੁੱਲੀਆਂ ‘ਤੇ ਹਾਸੇ ਸੀਮਿਤ ਹੋ ਕੇ ਰਹਿ ਗਏ ਹਨ। ਸਮੇਂ ਦੀ ਤੇਜ ਰਫ਼ਤਾਰ ਨੇ ਭਾਵੇਂ ਸੱਥਾਂ ਨੂੰ ਪਿੰਡਾਂ ਵਿੱਚੋਂ ਲਗਭਗ ਗ਼ਾਇਬ ਕਰ ਦਿੱਤਾ ਹੈ ਪਰ ਫਿਰ ਵੀ ਇਨ੍ਹਾਂ ਦੀ ਛਾਪ ਰਹਿੰਦੀ ਦੁਨੀਆ ਤੱਕ ਅਮਿੱਟ ਰਹੇਗੀ। ਖੁੰਢ ਚਰਚਾ ਜਾਂ ਅਮਲੀਆਂ ਦੇ ਕਿੱਸੇ ਜਿਨ੍ਹਾਂ ਲੋਕਾਂ ਨੇ ਹਕੀਕਤ ‘ਚ ਦੇਖੇ ਸੁਣੇ ਹੋਣ ਉਨ੍ਹਾਂ ਨੂੰ ਤਾਂ ਅਜਿਹੀਆਂ ਗੱਲਾਂ ਦੀਵੇ ਨੂੰ ਲੋਅ ਦਖਾਉਣ ਬਰਾਬਰ ਹਨ ਪਰ ਜਿਨ੍ਹਾਂ ਨਹੀਂ ਸੁਣੇ ਉਹ ਹੁਣ; ‘ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ’ ਤੁਸੀਂ ਆਪ ਹੀ ਪੜ੍ਹ ਲਵੋ :-
ਸਿਖ਼ਰ ਦੁਪਿਹਰ, ਜੇਠ ਦਾ ਮਹੀਨਾ, ਦੀਪਾ ਅਤੇ ਘੋਲਾ ਬਰੋਟੇ ਹੇਠਾਂ ਬੈਠੇ ਆਪਸ ‘ਚ ‘ਗੱਪਾਂ’ ਕੁੱਟ ਰਹੇ ਸਨ ਕਿ ਕੋਲੋਂ ਦੀ ਅਚਾਨਕ ਉਨ੍ਹਾਂ ਦਾ “ਬਾਂਦਰ ਕੀਲੇ” ਵੇਲੇ ਦਾ ਪੁਰਾਣਾ ਬੇਲੀ ‘ਕਰਮਾ’ ਸਾਇਕਲ ਉੱਤੋਂ ਦੀ ਲੰਘਣ ਲੱਗਿਆ; (ਜੋ ਪੜ੍ਹ ਲਿਖ ਕੇ ਹੁਣ ਨੇੜਲੇ ਪਿੰਡ ਦੇ ਸਕੂਲ ‘ਚ ਮਾਸਟਰ ਲੱਗ ਗਿਆ ਹੈ ਅਤੇ ਉਹ ਦੋਵੇਂ ਅਮਲ ਦੇ ਪੱਟੇ ਥੜ੍ਹੇ ਜੋਗੇ ਹੀ ਰਹਿ ਗਏ ) ਤਾਂ ਦੀਪੇ ਨੇ ਬਿਨਾ ਦੇਰ ਕੀਤਿਆਂ ਹਾਕ ਮਾਰ ਲਈ । ਕਰਮਾ, ਦੀਪੇ ਦੀ ਆਵਾਜ਼ ਸੁਣ ਸਾਇਕਲ ਨੂੰ ਸਟੈਂਡ ੳੁੱਤੇ ਲਾ ਉਨ੍ਹਾਂ ਕੋਲ ਆ ਖੜ੍ਹਾ ਹੋਇਆ ਤੇ ਅੱਖਾਂ ਤੋਂ ਐਨਕ ਉਤਾਰ ਮੂਕੇ ਨਾਲ ਪਸੀਨੇ ਨਾਲ ਭਿੱਜਿਆ ਮੂੰਹ ਪੂੰਝਣ ਲੱਗ ਪਿਆ। ਘੋਲੇ ਨੇ ਬਿਨਾ ਮੌਕਾ ਗਵਾਉਂਦਿਆਂ ਕਰਮੇ ‘ਤੇ ਵਿਅੰਗ ਜੜ ਦਿੱਤਾ : “ਕਰਮਿਆ ਤੂੰ ਐਨਾ ਪੜ੍ਹ ਲਿਖ ਗਿਐਂ, ਬਾਈ ਮਾਸਟਰ ਲੱਗ ਗਿਐਂ, ਸਾਰੇ ਪਿੰਡ ‘ਚ ਤੇਰੀ ਟੋਰ੍ਹ ਐ, ਲੈ ਮੈਨੂੰ ਇੱਕ ਗੱਲ ਦੀ ਸਮਝ ਨੀ ਆਈ ਕਿ ਤੇਰੇ ਆਹ ਊਠ ਖੋਪੇ ਕਿਹੜੀ ਗੱਲੋਂ ਲੱਗ ਪਏ ਯਾਰਾ? ਵਿਹਲੜਾਂ ਦੇ ਤਾਂ ਚੱਲ ਮੰਨਿਆ ਕਿ ਆਹ ਊਠ ਖੋਪੇ ਲੱਗ ਜਾਂਦੇ ਆ ਪਰ ਤੇਰੇ ਕਜ ਕਾਸਤੋਂ ਪੈ ਗਿਆ ਬਾਈ ਸਿਆਂ” ! ਊਂ ਗੱਲ ਹਰਾਨੀ ਆਲੀ ਤੇ ਸੋਲਾਂ ਆਨੇ ਸੱਚੀ ਐ ਬਾਈ ਘੋਲੇ ਦੀ , ਦੀਪੇ ਨੇ ਵੀ ਘੋਲੇ ਦੀ ਹਾਂ-ਚ-ਹਾਂ ਮਲਾਉਂਦਿਆਂ ਕਿਹਾ ! ਕਰਮਾ ਇੱਕ ਤਾਂ ਗਰਮੀ ਦਾ ਸਤਾਇਆ ਸੀ ਜਿਸਨੇ ਵੀਹ ਕੋਹ ਤੱਕ ਸਾਇਕਲ ਦੇ ਪੈਡਲ ਘਸਾ ਕੇ ਸਕੂਲ ਤੋਂ ਪਿੰਡ ਤੱਕ ਦੀ ਵਾਟ ਮੁਕਾਈ ਸੀ ਅਤੇ ਉੱਤੋਂ ਪਿੰਡ ‘ਚ ਵੜਨ ਤੋਂ ਪਹਿਲਾਂ ਹੀ ਪਿੰਡ ਦੇ ਸ਼ੁਭਚਿੰਤਕ ਜਾਂ ਅਰਦਲੀ (ਪਹਿਰੇਦਾਰ) ਮੂਹਰੇ ਟੱਕਰ ਗਏ, ਜਿਨ੍ਹਾਂ ਕੋਲ ਕਿਸੇ ਦਾ ਹਾਲ-ਚਾਲ ਪੁੱਛਣ ਲਈ ਸਮਾਂ ਨਹੀਂ ਪਰ ਨਜ਼ਰ ਦੀ ਐਨਕ ਲਗਾਉਣ ਦਾ ਕਜ (ਨੁਕਸ) ਪੈਣ ਦਾ ਫਿਕਰ ਹੈ।
ਕਰਮੇ ਨੇ ਦੋਹਾਂ ਵੱਲ ਡੌਰ-ਭੌਰ ਝਾਖ ਕੇ, ਬਰੋਟੇ ਦੀ ਸੰਘਣੀ ਛਾਂ ਹੇਠ ਥੜ੍ਹਾ ਮੱਲਦਿਆਂ ਪਹਿਲਾਂ ਤਾਂ ਫਤਿਹ ਬੁਲਾਈ ਅਤੇ ਫਿਰ ਸਫ਼ਾਈ ਦਿੰਦਿਆਂ ਕਹਿਣ ਲੱਗਾ, ਬੇਲੀਓ ਮੈਂ ਕਿਹੜਾ ਭੀਮਸੈਨ ਸੁਰਮਚੀ ਦੀ ਹੱਟੀ ‘ਤੇ ਸੁਰਮੇਦਾਨੀਆਂ ਭਰਦਾਂ ! ਜਿਹੜੀਆਂ ਮੇਰੇ ਐਨਕਾਂ ਨਾ ਲੱਗਣ, ਬਾਈ ਮੈਂ ਤਾਂ ਸਾਰਾ ਦਿਨ ਕਤਾਬਾਂ ‘ਚ ਮੱਥਾ ਮਾਰ-ਮਾਰ ਕੇ ਦੂਹਰਾ ਹੁੰਨਾਂ, ਇਸੇ ਲਈ ਨਿਗ੍ਹਾ ਟਕਾਉਣ ਨੂੰ ਲੋਆਏ ਨੇ ਆਹ ਖੋਪੇ, ਨਾਲੇ ਹੋਰ ਕਿਹੜਾ ਇਹਨਾਂ ਦੀ ਮੈਂ ਟੋਹਰ ਮਾਰਨੀ ਆ ਪਿੰਡ ‘ਚ ।ਊਂ ਵੀ ਖੋਪੇ ਉਨ੍ਹਾਂ ਦੇ ਹੀ ਲੱਗਦੇ ਆ ਜਿਹੜੇ ਕੋਈ ਦਮਾਗ਼ੀ ਘਸਾਈ ਜਾਂ ਅੱਖਾਂ ਨਾਲ ਬਾਰੀਕੀ ਦਾ ਕੰਮ ਕਰਨ! ਵਿਹਲੜਾਂ ਨੂੰ ਕੀ ਭਾਉਂਦੇ ਨੇ ਇਹ ਖੋਪੇ? ਖੋਪੇ ਲੋੜ ਨੂੰ ਚੜ੍ਹਾਏ ਨੇ ਟੋਹਰ ਨੂੰ ਨੀ! ਦੱਸੋ ਸਵਾਲ ਵੀ ਕੀ ਪੁੱਛਦੇ ਆ ਅਖੇ ਤੇਰੇ ਐਨਕਾਂ ਕਿਊਂ ਲੱਗ ਗਈਆਂ ? ਠੇਡੇ ਖਾ ਕੇ ਗਿਰਨ ਤੋਂ ਚੰਗਾ ਈ ਐ ਕਿ ਬੰਦਾ ਕਜ ਹੀ ਪਾ ਲਵੇ।
ਦੀਪੇ ਨੇ ਕਰਮੇ ਨੂੰ ਵਿੱਚੋਂ ਟੋਕਦਿਆਂ ਅਗਲੀ ਗੱਲ ਛੇੜ ਲਈ ….”
“ਲੈ ਬਾਈ ਸਿਆਂ ਆਹ ਨਾਲ ਦੇ ਪਿੰਡ ਆਲਿਆਂ, ਵਲਗੂਲੀਏ ਆਲੇ ਸਿੱਧੂਆਂ ਦੀ ਸੁਣ ਲੈ, ਦੇਖ ਕਿੰਨੀ ਪੈਲੀ ਆ ਸਹੁਰਿਆਂ ਦੀ, ਕਹਿੰਦੇ ਸਿਡਣੀ ਤੱਕ ਨਾਓਂ ਵੱਜਦਾ ਡਾਹਡਿਆਂ ਦਾ। ਰੱਬ ਨੇ ਵਾਹਵਾ ਦਿੱਤਾ; ਘਰ ‘ਚ ਕਿਸੇ ਚੀਜ਼ ਦਾ ਅੰਤ ਨੀ,ਚੌਥੇ ਦਿਨ ਮੀਂਹ ਪੈਂਦੈ ਕਰਮਾਂ ਆਲਿਆਂ ਦੇ; ਮੈਂ ਤਾਂ ਸੁਣਿਆ ਬਾਈ ਕੋਈ ਮੀਂਹ ਸੁੱਕਾ ਨੀ ਜਾਣ ਦਿੰਦੇ, ਜਿੱਦੇ ਸਰਦਾਰਨੀ ਗੁਲਗੁਲੇ ਨਾ ਪਕਾਉਂਦੀ ਹੋਵੇ ! ਰੱਜ ਕੇ ਰਜਾਏ ਦਾਤੇ ਨੈ ਪਰ ਫੇਰ ਵੀ ਤੂੰ ਡਾਹਢਾ ਏ ਵਾਗਰੂ, ਤੇਰੀਆਂ ਤੂੰ ਹੀ ਜਾਣੇ …ਸੱਚਿਆ ਪਾਛਾ ! ਲੈ ਹੁਣ ਇਨ੍ਹਾਂ ਦੇ ਜੁਆਕਾਂ ਦੀ ਹੀ ਸੁਣ ਲੈ, “ਕਹਿੰਦੇ ਭਾਈ ਛੀਆਂ ਸਾਲਾਂ ਦੇ ਮੁੰਡੇ ਦੇ ਦੰਦਾਂ ਨੂੰ ਕੀੜਾ ਲੱਗ ਗਿਆ !” ਲੈ ਭਲਾ, ਜੇ ਅਮੀਰਾਂ ਦਾ ਹਾਹ ਹਾਲ ਐ ਤਾਂ ਭਾਈ ਸਾਡੇ ਸਰੀਰਾਂ ‘ਚਂ ਤਾਂ ਸੱਪ ਕਦੇ ਵੀ ਬਰਮੀਆਂ ਬਣਾ ਲੈਣ ! ਸਾਨੂੰ ਕੌਣ ਬਚਾਊ …?”
ਕਰਮੇ ਨੇ ਦੀਪੇ ਨੂੰ ਵਿੱਚੋਂ ਰੋਕ ਕੇ ਕਿਹਾ, ਦੀਪਿਆ ਦੰਦਾਂ ਨੂੰ ਕੀੜੇ ਨਾਲ ਅਮੀਰੀ ਗ਼ਰੀਬੀ ਦਾ ਕੀ ਲੈਣਾ ਹੋਇਆ ? ਥੋਡੀ ਗੱਲ ਦਾ ਕੋਈ ਸਿਰ ਪੈਰ ਵੀ ਹੁੰਦੈ ਕਦੇ! ਜੁਆਕਾਂ ਦੇ ਦੰਦਾਂ ਨੂੰ ਕੀੜਾ ਖੰਡ ਦੇ ਫੱਕਿਆ ਨਾਲ ਲੱਗਦੈ ਨਾ ਕਿ ਅਮੀਰੀ ਗ਼ਰੀਬੀ ਕਰਕੇ। ਤੁਸੀਂ ਵੀ ਬੱਸ ਐਵੇਂ ਹੀ ਜੋ ਮੂੰਹ ਆਉਂਦੀ ਸੁੱਟ ਦਿੰਦੇ ਓ। ਗੱਲ ਦਾ ਸਿਰਾ ਵੀ ਦੇਖਿਆ ਕਰੋ , ਬੱਸ ਊਂ ਈ ਸਿਰਾ ਲਾ ਦਿੰਦੇ ਓ ।
ਕਰਮੇ ਦੀ ਤਲਖੀ ਨਾਲ ਇੱਕ ਵਾਰ ਬਰੋਟੇ ਹੇਠ ਚੁੱਪ ਛਾ ਗਈ।ਘੋਲੇ ਨੇ ਹੌਲੀ ਜਹੀ ਖੰਗੂਰਾ ਜਿਹਾ ਮਾਰ ਕੇ ਕਰਮੇ ਨੂੰ ਸਾਇਕਲ ਨਾਲ ਲਮਕਦੇ ਝੋਲੇ ਬਾਰੇ ਪੁੱਛਿਆ: ਕੀ ਗੱਲ ਸ਼ਹਿਰੀਆ, ਹੁਣ ਸ਼ਹਿਰ ਦਾ ਮਾਲ ਚੋਰੀ-ਚੋਰੀ ਖਾਏਂਗਾ ਸਾਥੋਂ? ਸਾਨੂੰ ਵੀ ‘ਪੰਜਰਤਨੀ’ ਚਖਾ ਦੇ ਕਦੇ ਸ਼ਹਿਰ ਦੀ ! ਅਸੀਂ ਵੀ ਤੇਰੇ ਪੁਰਾਣੇ ਬੇਲੀ ਆਂ ਕੁਹੜੀਆ । ਕਰਮੇ ਨੇ ਘੋਲੇ ਨੂੰ ਤਾੜਦਿਆਂ ਝੋਲੇ ਨੂੰ ਸਾਇਕਲ ਨਾਲੋਂ ਲਾਹ ਲਿਆ ਤੇ ਖੱਬੀ ਲੱਤ ਨਾਲ ਦੂਹਰਾ ਕਰ ਕੇ ਧਰ ਲਿਆ। ਸ਼ਹਿਰ ਤੋਂ ਖਰੀਦ ਕੇ ਲਿਆਂਦੀ ਅਖ਼ਬਾਰ ਨੂੰ ਝੋਲੇ ‘ਚੋਂ ਕੱਢ, ਦੋਹਾਂ ਮੂਹਰੇ ਵਿਛਾ ਦਿੱਤਾ ਤੇ ਕਿਹਾ ਆਹ ਹੈ “ਪੰਜਤਾਰਨੀ” , ਲਓ ਵੰਡ ਲਓ ਦੋਵੇਂ ਜਣੇ। ਦੀਪੇ ਨੇ ਮੱਲਕ ਦੇਣੀ ਅਖ਼ਬਾਰ ‘ਚੋਂ ਪਰਚਾ ਖਸਕਾਇਆ ਤੇ ਆਵਦੇ ਜਣੇ ਗਹੁ ਨਾਲ ਫਰੋਲਣ ਲੱਗ ਪਿਆ। ਦੋ ਪੰਨੇ ਫਰੋਲਣ ਤੋਂ ਬਾਅਦ ਕੋਈ ਤਸਵੀਰ ਦੇਖ ਕੇ ਉੱਭੜਵਾਹਾ ਜਿਹਾ ਬੋਲਿਆ; ਘੋਲਿਆ ਆਹ ਤਾਂ ਆਪਣਾ ਮਿੰਟੂ… ਐ। ਬਾਈ ਦੀ ਆਏ ਦਿਨ ਫੋਟੋ ਆਉਂਦੀ ਐ ! ਲੈ ਹੁਣ ਐਤਕਾਂ ਲੱਗਦਾ ਬਾਈ ਕੋਈ ਹੋਰ ਮੱਲ੍ਹ ਮਾਰੂ। ਲਾਊ ਕੋਈ ਸਿਰਾ, ਲੱਗ ਰਿਹੈ ਫ਼ੋਟੋ ਦੇਖ ਕੇ ! ਮੈਨੂੰ ਤਾਂ ਪੂਰਾ ਜਕੀਨ ਐ, ਇਹ ਬਾਈ ਮਿੰਟੂ ਈ ਐ, ਘੋਲੇ ਨੇ ਵੀ ਹਾਂ-ਚ-ਹਾਂ ਦੇ ਮਾਰੀ । ਮੈਂ ਤਾਂ ਕਹਿੰਦਾ ਬਾਈ ਨੂੰ “ਅਰਜਣ ਵਾਰਡ” ਦੁਆਈਏ। ਹੋਰ ਤਾਂ ਬਾਈ ਨੇ ਸਾਰੇ ਹੂੰਝ ਲੇ, ਹਾ-ਹੀ ਬਚਿਆ, ਕੇਰਾਂ ਬਣਾਉਂਦੇ ਆਂ ਕੋਈ ਜੁਗਤ ਬਾਈ ਆਸਤੇ !
ਕਰਮਾ : ਹੈਂ…….ਅਰਜੁਨ ਐਵਾਰਡ ! ਥੋਨੂੰ ਪਤਾ ਵੀ ਹੈ ਕਿ ਕਿਹੜਾ ਐਵਾਰਡ ਕਿਸ ਲਈ ਬਣਿਆ ਅਮਲੀਓ? ਬੱਸ ਗੱਲ ਫੁਰਨੀ ਚਾਹੀਦੀ ,ਫਹੁੜਾ ਜਿੱਥੇ ਮਰਜ਼ੀ ਜੜ ਦਿਓ! ਕਰਮੇ ਨੇ ਦੋਹਾਂ ਵੱਲ ਦੇਖ ਕੇ ਚੁੱਪ ਵੱਟ ਲਈ ਤੇ ਨਾਸ੍ਹਾਂ ਥਾਣੀ ਸਾਹ ਦੇ ਲੰਬੇ-ਲੰਬੇ ਫੁਂਕਾਰੇ ਮਾਰਨ ਲੱਗ ਗਿਆ। ਦੀਪਾ ਫੇਰ ਵੀ ਨਾ ਬੋਲਣੋ ਹਟਿਆ ਤੇ ਕਹਿਣ ਲੱਗਾ; ਘੋਲਿਆ ਲੈ ਐਂ ਦੇਖ, ਬਾਈ ਦਾ ਊਂ ਸਾਰਾ ਕੁੱਝ ਸੂਤ ਆ ਪਰ ਹਾਹ ਰੱਬ ਦੇ ਰੰਗ ਦੇਖ ਲਓ, ਜੇ ਛੱਪੜ ਫਾੜ ਕੇ ਦਿੰਦੈ ਤਾਂ ਚੂੰਡੀ ‘ਚ ਖੋਹ ਵੀ ਲੈਂਦੇ ! ਕਰਮੇ ਨੂੰ ਲੱਗਿਆ ਕਿ ਹੁਣ ਦੀਪਾ ਕੋਈ ਸਿਆਣੀ ਗੱਲ ਕਰੂ ! ਪਰ….
…ਲੈ ਤੂੰ ਹੁਣ ਐਂ ਦੇਖ ਲੈ ਆਹ ਬਾਈ ਕਿੱਡਾ ਵੱਡਾ ਲਖਾਰੀ ਐ, ਸਾਰੇ ਮੰਨਦੇ ਆ! ਪਰ ਹੁਣ ਜੇ ਰੱਬ ਨੇ ਕਲਮ ਨੂੰ ਬਲ ਬਖਛਿਆ ਤਾਂ ਨਾਲ ਦੀ ਨਾਲ ਸਿਰ ‘ਤੇ ‘ਗੰਜ’ ਪਾ ਤਾ ! ਹੁਣ ਤੂੰ ਆਪ ਦੇਖ ਘੋਲਿਆ ਬਾਈ ਹੈ ਨਾ ਰੱਬ ਡਾਹਡਾ, ਵਾਗਰੂ-ਵਾਗਰੂ, ਤੂੰ ਜਾਣੀ ਜਾਣ ਮਾਰਾਜ- ਸੱਚਿਆ ਪਾਛਾ । ਡਰੀਏ ਤੇਰੀ ਡਾਂਗ ਤੋਂ। ਆਪਾਂ ਫੇਰ ਚੰਗੇ ਆਂ ਘੋਲਿਆ; ਜ਼ਮਾਨਾ ਬੜਾ ਕੈੜਾ ਬਾਈ ਸਿਆਂ, ਡਰੀਏ ਰੱਬ ਕੋਲੋਂ । ਹੈਂ……….ਰੱਬ…ਗੰਜ….ਲਖਾਰੀ ….ਆਹ ਕੀ ਕਮਲਿਓ? ਕਰਮੇ ਨੇ ਆਹ ਗੱਲ ਸੁਣਦੇ ਸਾਰ ਮੂਹਰਲੀਆਂ ਦੋ ਉਂਗਲੀਆਂ ਦੀ ਗੁਲੇਲ ਬਣਾ ਕੇ ਡੇਲਿਆਂ ‘ਤੇ ਧਰ ਲਈ। ਓਏ ਇਨ੍ਹਾਂ ਗੱਲਾਂ ਦਾ ਆਪਸ ‘ਚ ਕੀ ਲੈਣ ਦੇਣ ਐ ਪਤੰਦਰੋ ! ਲਖਾਰੀ ਹੋਣਾ ਅੱਡ ਗੱਲ ਐ ਤੇ ਸਿਰ ਤੋਂ ਵਾਲ ਝੜਨੇ ਅੱਡ। ਨਾਲੇ ਮੈਂ ਪੜ੍ਹਿਆ ਸੀ ਕਿ ਵਾਲਾਂ ਦੇ ਝੜਨ ਦਾ ਕਾਰਨ ਜ਼ਿਆਦਾਤਰ ਦਮਾਗ਼ੀ ਬੋਝ ਹੁੰਦਾ, ਜਿਸ ਲਈ ਵਾਲ ਝੜ ਜਾਂਦੇ ਹਨ। ਘੋਲੇ ਨੇ ਕਰਮੇ ਨੂੰ ਵਿੱਚੋਂ ਬੋਚਦਿਆਂ ਕਿਹਾ, ਲੈ ਬਾਈ ਸਿਆਂ ਤੂੰ ਹਰ ਗੱਲ ਨੂੰ ਡਮਾਕ ਨਾ ਜੋੜ ਦਿੰਨੈ, ਤੈਨੂੰ ਕੀ ਲੱਗਦਾ ਸਾਡੇ ਕੋਲੇ ਹੈ ਨੀ…..ਡਮਾਕ ? ਊਂ ਵੀ ਲਿਖਣ ਨਾਲੋਂ ਪੜ੍ਹਨ ਨੂੰ ਬਾਹਲਾ ਡਮਾਕ ਚਾਹੀਦੈ…ਹੱਲਾ । ਬਾਈ ਇਹ ਸਾਰੇ ਰੱਬ ਦੇ ਰੰਗ ਐ, ਤੂੰ ਮੰਨ ਭਾਵੇਂ ਨਾ ਮੰਨ। ਸਾਨੂੰ ਤਾਂ ਜਕੀਨ ਐ। ਉਹ ਬੈਠਾ ਲੀਲੀ ਛਤਰੀ ਆਲਾ।
ਇਸ ਵਾਰ ਵੀ ਕਰਮੇ ਨੂੰ ਮੱਥਾ ਫਿੱਟਣ ਦੀ ਬਜਾਇ ਹੋਰ ਕੁੱਝ ਨਹੀਂ ਸੁੱਝਿਆ। ਦੋਹਾਂ ਦੀਆਂ ਗੱਲਾਂ ਤੋਂ ਉਕਤਾਇਆ ਕਰਮਾ ਜਦੋਂ ਜਾਣ ਲਈ ਖੜ੍ਹਾ ਹੋਇਆ ਤਾਂ ਦੀਪੇ ਨੇ ਬਾਂਹ ਤੋਂ ਫੜ ਕੇ ਕਰਮੇ ਨੂੰ ਫੇਰ ਬਿਠਾਲ ਲਿਆ ਤੇ ਪੁੱਛਣ ਲੱਗਾ: ਕਰਮਿਆਂ ਐਂ ਦੱਸ “ਪਹਿਲਾਂ ਮੁਰਗੀ ਬਣੀ ਜਾਂ ਆਂਡਾ” । 

ਕਰਮੇ ਨੇ ਦੋਹਾਂ ਤੋਂ ਖਹਿੜਾ ਛੁਡਾਣ ਲਈ ਹੱਥ ਜੋੜ ਕਿਹਾ ਬਾਈ ਦੋਨੋਂ ਕੱਠੇ ਹੀ ਆਏ ਸਨ। ਥੋਡੇ ਘਰੇ ਮੁਰਗੀ ਗਿਰ੍ਹੀ ਸੀ ਤੇ ਘੋਲੇ ਕੇ ਘਰੇ ਆਂਡਾ। ਮੈਨੂੰ ਬਖ਼ਸ਼ੋ ! ਤਿੰਨੇ ਜਣੇ ਠਹਾਕੇ ਨਾਲ ਹੱਸ ਪਏ।
ਕਰਮਿਆਂ ਲੈ ਐਂ ਦੇਖ ਆਪਣੇ ਪਿੰਡ ਆਲਾ ਬੋਪਾਰਾਏ ਕਿੱਡਾ ਸੁਲਝਿਆ ਬੰਦੈ, ਸਾਰੇ ਮੰਨਦੇ ਵੀ ਆ ਬਾਈ ਦੀ ਗੱਲ-ਬਾਤ ਨੂੰ, ਲੈ ਤੂੰ ਹੁਣ ਐਂ ਦੇਖ ਲੈ ਸੌਰ੍ਹਾ ਗੱਲ ਕਰਦਾ ਕਰਦਾ ਵਿੱਚੇ ਭੁੱਲ ਜਾਂਦੈ, ਕਿ ਕੀਹਨੂੰ ਕੀ ਕਿਹਣਾ ਸੀ….ਕੇਰਾਂ ਮੈਨੂੰ ਕਹਿੰਦਾ ਘੋਲਿਆ ਬਾਈ ਸਾਡੇ ਘਰੇ ਮੁੰਡੇ ਦੇ ਵਿਆਹ ਨੂੰ ਸੀਰਨੀ ਤੈਂ ਬਣਾਉਣੀ, ਆਹ ਹੁਣ ਤੇਰੀ ਜੁੰਮੇਆਰੀ ਆ ਮੇਰਾ ਵੀਰ, ਹੈਂ…ਮੇਰਾ ਵੀਰ ! ਚੰਗਾ ਮੇਰਾ ਵੀਰ, ਹੁਣ ਫੇਰ ਨਾ ਕਹੀਂ, ਹੈਂ, ਲੈ ਅੱਜ ਈ ਦੱਸ ਤਾ ਤੈਨੂੰ।
ਲੈ ਭਾਈ ਮੈਂ ਸਾਰਾ ਅੱਲੜ ਜੁੱਲੜ ਕੱਠਾ ਕਰ ਲਿਆ। ਮੰਗ ਮਗਾ ਕੇ ਝਰਨੀ ਦਾ ਜਗਾੜ ਵੀ ਬਣਾ ਲਿਆ।ਜਿੱਦੈਂ ਮੈਂ ਘਰੇ ਗਿਆ ਮੈਨੂੰ ਕਹਿੰਦਾ ਕਿੱਧਰ ਅਮਲੀਆ।….ਕਿੱਧਰ ਮੂੰਹ ਚੱਕਿਐ ?
ਲੈ ਮੈਂ ਕਿਹਾ ਬਾਈ ਤੈਂ ਆਪ ਹੀ ਤਾਂ ਸੱਦਿਆ ਸੀ ਸੀਰਨੀ ਬਣਾਉਣ ਨੂੰ, ਲੈ ਆਪਾਂ ਤਾਂ ਆ ਗੇ ਲਾਣਾ ਬਾਣਾ ਲੈ ਕੇ, ਦੱਸ ਕੇਰਾਂ ਕਿੱਥੇ ਪੱਟੀਏ ਭੱਠੀ ? ਜਦੋਂ ਮੈਂ ਐਨੀ ਗੱਲ ਕਹੀ ਉਹ ਤਾਂ ਪਤੰਦਰ ਮੇਰੇ ਪਿੱਛੇ ਜੁੱਤੀ ਲੈ ਕੇ ਪੈ ਗਿਆ। ਕਹਿੰਦਾ ਬਣਾਉਂਦਾ ਤੈਥੋਂ ਸੀਰਨੀ ਨਾਲ ਸੱਕਰਪਾਰੇ ….ਵਗ ਜਾ ਐਥੋਂ ਲੱਗਦਾ ਸੀਰਨੀ ਦਾ। ਸਾਡੇ ਘਰੇ ਕਿਹੜੀ ਬੂਰੀ ਮੱਝ ਸੂਈ ਆ ਜਿਹੜੀਆਂ ਸੀਰਨੀਆ ਭਾਲਦਾ! ਲਓ ਜੀ ਆਹ ਤਾਂ ਮੇਰੇ ਨਾਲ ਕੀਤੀ ! ਉਹ ਤਾਂ ਬਾਅਦ ‘ਚ ਪਤਾ ਚੱਲਿਆ ਕਿ ਉਹ ਤਾਂ ਮੇਰੇ ਨਾਲ ਗੱਲ ਕਰਦਾ- ਕਰਦਾ ਭੁੱਲ ਗਿਆ ਸੀ ਕਿ ਵਿਆਹ ਦੀ ਭਾਜੀ ਉਹ ਆਵਦੇ ਮੁੰਡੇ ਦੀ ਨੀਂ, ਗਰਚਿਆਂ ਦੇ ਟੱਬਰ ਦੇ ਬਣਾਉਣ ਨੂੰ ਕਹਿੰਦਾ ਸੀ ! ਨਾਲੇ ਉਹਦੇ ਤਾਂ ਕੋਈ ਮੁੰਡਾ ਵੀ ਹੈ ਨੀਂ, ਹਾਹ ਤਾਂ ਮੈਂ ਫੇਰ ਡਮਾਕ ਲਾ ਕੇ ਸੋਚਿਆ !
ਉਹ ਹੋ ਘੋਲਿਆ; ਤੈਨੂੰ ਦੇਖਣਾ ਚਾਹੀਦਾ ਸੀ ਬਾਈ ਫੇਰ ਐਂਵੇ ਥੋੜ੍ਹੋ ਮੂੰਹ ਚੱਕ ਕੇ ਤੁਰ ਜਾਈਦੈ ਕਿਸੇ ਦੇ ਘਰੇ। ਨਾਲੇ ਉਸਨੇ ਤੈਨੂੰ ਮੁੰਡੇ ਦੇ ਵਿਆਹ ਤੇ ਸੱਦਿਆ ਸੀ ਮੱਝ ਦੇ ਜਣੇਪੇ ‘ਤੇ ਥੋੜ੍ਹੀ, ਕਰਮੇ ਨੇ ਦੀਪੇ ਨੂੰ ਹਲੂਣਦਿਆਂ ਟਿੱਚਰ ਨਾਲ ਗੱਲ ਆਖੀ, ਤਿੰਨਾਂ ਵਿੱਚ ਹਾਸਾ ਫਿਰ ਛਿੜ ਪਿਆ।
ਸੰਝ ਦਾ ਵੇਲਾ ਨੇੜੇ ਆਉਣ ਲੱਗਿਆ, ਸੂਰਜ ਦੀਆਂ ਕਿਰਣਾਂ ‘ਚ ਲਾਲੀ ਦਾ ਰੰਗ ਗੂੜ੍ਹਾ ਜਾਪਣ ਲੱਗ ਪਿਆ, ਦੀਪਾ ਤੇ ਘੋਲੇ ਨੇ ਹੌਲੀ-ਹੌਲੀ ਪੈਰਾਂ ਵਿੱਚ ਖੁੱਸੇ ਅੜਾਉਣੇ ਸ਼ੁਰੂ ਕਰ ਦਿੱਤੇ ਅਤੇ ਤੰਬੇ ਝਾੜਦੇ ਖੜ੍ਹੇ ਹੋ ਗਏ। ਕਰਮਾ ਉਨ੍ਹਾਂ ਦੇ ਇਸ ਵਰਤਾਰੇ ਨੂੰ ਗਹੁ ਨਾਲ ਤੱਕਦਾ ਰਿਹਾ ਤੇ ਹੈਰਾਨ ਹੁੰਦਾ ਰਿਹਾ ! ਅਖੀਰ ਦੋਏ ਖੜ੍ਹੇ ਹੋਏ ਤੇ ਕਰਮੇ ਨੂੰ ਆਖਣ ਲੱਗੇ; ਲੈ ਬਈ ਕਰਮਿਆ ਅੱਜ ਦਾ ਦਿਨ ਤਾਂ ਵਧੀਆ ਲੰਘ ਗਿਆ ਬੇਲੀਆ, ਤੂੰ ਠਹਿਰਿਆ ਸ਼ਹਿਰੀ ਬੰਦਾ, ਘਰੇ ਕੰਮ ਕਾਰ ਤਾਂ ਤੇਰੇ ਕੋਈ ਹੈ ਨੀ ਤੈਨੂੰ, ਹਾਹ ਕਤਾਬਾਂ ‘ਚ ਮੱਥਾ ਖਪਾਈ ਕਰੀ ਜਾਨਾਂ ਹਾਹ ਕੋਈ ਖਾਸ ਕੰਮ ਤਾਂ ਹੈਂ ਨੀਂ ਸਾਡੇ ਜਣੇ, ਲੈ ਆਪਾਂ ਚੱਲੇ ਘਰਾਂ ਨੂੰ, ਜਾ ਕੇ ਕੱਖ ਕੂੜਾ ਵੀ ਕਰਨੈ। ਲੈ ਤੂੰ ਸਾਂਭ ਆਵਦੀ ਜਿਣਸ(ਅਖ਼ਬਾਰ) ਸਾਨੂੰ ਛੁੱਟੀਆਂ ਬਖ਼ਸ਼।
ਦੋਹਾਂ ਨੇ ਪੈਰਾਂ ‘ਚ ਖੁੱਸੇ ਅੜਾਏ, ਤੰਬੇ ਝਾੜੇ, ਮੋਢੇ ਤੇ ਪਰਨੇ ਸੰਵਾਰੇ ਅਤੇ ਥੜ੍ਹੇ ਤੋਂ ਉਤਰ ਪਹੀ ਵੱਲ ਹੋ ਪਏ…..।
ਕਰਮਾ ਜਿਹੜਾ ਸਕੂਲ਼ ਵਿੱਚ ਪੜ੍ਹਾ ਕੇ, ਸਾਰਾ ਦਿਨ ਮਗ਼ਜ ਖਪਾਈ ਕਰਵਾ ਕੇ, ਅਤੇ ਅੰਤ ਦੀ ਗਰਮੀ ‘ਚ ਸਾਇਕਲ ਦੀਆਂ ਚੀਕਾਂ ਘਡਾ ਕੇ ਘਰ ਨੂੰ ਮੁੜ ਰਿਹਾ ਸੀ, ਇੱਕ ਪਲ ਲਈ ਹੈਰਾਨ ਹੁੰਦਾ ਸੋਚਦਾ ਰਿਹਾ, ਬਾਹਲੇ ਕੰਜਰ ਨਿਕਲੇ ਦੋਵੇਂ,! ਇੱਕ ਤਾਂ ਮੈਨੂੰ ਆਵਾਜ਼ ਮਾਰ ਕੇ ਬੁਲਾਇਆ, ਦੂਜਾ ਮੈਥੋਂ ਗੱਲਾਂ ਸੁਣੀਆਂ ਤੇ ਤੀਜਾ ਮੈਨੂੰ ਜਾਂਦੇ ਜਾਂਦੇ ਨੂੰ ਵਿਹਲੜ ਕਹਿ ਗਏ ? ਕਮਾਲ ਐ ਯਾਰ ! ਐਦਾਂ ਦੇ ਵੀ ਲੋਕ ਦੁਨੀਆ ‘ਚ ਹੁੰਦੇ ਨੇ… ?
ਇੱਕ ਮਿੰਟ ਲਈ ਉਸੇ ਥਾਂ ‘ਤੇ ਖੜ੍ਹਾ ਕਰਮਾ ਸਕੂਲ ਤੋਂ ਨਿਕਲਣ ਵੇਲੇ ਦੇ ਬੋਲਾਂ ਨੂੰ ਯਾਦ ਕਰਨ ਲੱਗਾ, ਜਿਹੜੇ ਉਸਨੇ ਸਕੂਲ ਦੀ ਕੰਧ ਨਾਲ ਲੱਗੇ ਕਿਸੇ ਧਾਰਮਿਕ ਦੀਵਾਨ ਵਿੱਚ ਸੁਣੇ ਸਨ; ਕੋਈ ਡੱਡਣੀਆਂ ਵਾਲਾ ਬਾਬਾ ਸੰਗਤ ਦੇ ਭਰੇ ਪੰਡਾਲ ਵਿੱਚ, ਕਿਸੇ ਗਾਇਕ ਦੇ ਵਿਰੋਧ ਵਿੱਚ, ਬਾਂਹ ਲੰਮੀ ਕਰ-ਕਰ ਸੰਗਤ ਨੂੰ ਮਨਘੜਤ ਕਹਾਣੀ ਨਾਲ ਉਕਸਾ ਰਿਹਾ ਸੀ, ਕਿ ਸਾਧ ਸੰਗਤ ਸਮਾਂ ਬਾਹਲਾ ਖ਼ਰਾਬ ਆ ਗਿਐ, ਹੁਣ ਤਾਂ ਜੇ ਅਸੀਂ ਵੀ ਜੂਸ ਪੀਂਦੇ ਹਾਂ ਤਾਂ ਵੀ ਕਈ ਲੋਗ ਅਤਰਾਜ਼ ਕਰਦੇ ਨੇ, ਕਹਿੰਦੇ ਨੇ :… ਤੁਸੀਂ ਵੀ ਜੂਸ ਪੀਨੇਂ ਓ… ?
ਕਰਮੇ ਦਾ ਮੱਥਾ ਠਣਕਿਆ, ਤੇ ਆਪਣੇ ਆਪ ਨੂੰ ਕਹਿਣ ਲੱਗਾ, ਮਨਾ ਤੂੰ ਦੀਪੇ ਅਤੇ ਘੋਲੇ ਦੀਆਂ ਗੱਲਾਂ ਦਾ ਬੁਰਾ ਮਨਾ ਗਿਆ, ਜਿਨ੍ਹਾਂ ਨੂੰ ਦੁਨੀਆਦਾਰੀ ਦੀ ਸੱਚੀਂ ਸਮਝ ਨਹੀਂ ਪਰ ਆਹ ਦੇਖ ਅਜਿਹੇ ਲੋਕ ਜਿਹੜੇ ਸੱਭ ਜਾਣ ਬੁੱਝ ਲੋਕਾਂ ਨੂੰ ਉਕਸਾਉਂਦੇ ਹਨ , ਬੇਤੁਕੀਆਂ ਗੱਲਾਂ ਨਾਲ ਦੁਨੀਆ ਨੂੰ ਗ਼ੁਮਰਾਹ ਕਰਦੇ ਹਨ, ਜਨਤਾ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ, ਭੋਲ਼ੀ ਭਾਲੀ ਜਨਤਾ ਦਾ ਬੇ-ਵਜਾਹ ਸਮਾਂ ਬਰਬਾਦ ਕਰਦੇ ਹਨ ਅਤੇ ਅਖੀਰ ਉਨ੍ਹਾਂ ਨੂੰ ਧੂੜ ਦੇ ਟੱਟੂ ਤੇ ਬਿਠਾ ਆਪ ਬੱਤੀ ਵਾਲੀ ਕਾਰ ‘ਤੇ ਫੁਰਰਰ ਹੋ ਜਾਂਦੇ ਨੇ। ਇਨ੍ਹਾਂ ਦਾ ਗ਼ੁਮਰਾਹ ਹੋਇਆ ਬੰਦਾ ਤਾਂ ਕਿਧਰੇ ਦਾ ਵੀ ਨਹੀਂ ਰਹਿੰਦਾ, “ਘਰ ਦਾ ਵੀ ਨਹੀਂ ਤੇ ਘਾਟ ਦਾ ਵੀ ਨਹੀਂ”।
ਅਜਿਹੇ ਸਮਾਗਮਾਂ ਤੋਂ ਤਾਂ ਚੰਗਾ ਹੈ ਕਿ ਬੰਦਾ ਪਿੰਡ ਦੀ ਸੱਥ ‘ਚ ਇਨ੍ਹਾਂ ਰੌਣਕੀ ਬੰਦਿਆਂ ਨਾਲ ਹਾਸਾ-ਠੱਠਾ ਕਰਕੇ ਸਮਾਂ ਖ਼ਰਾਬ ਕਰੇ, ਜਿਨ੍ਹਾਂ ਨਾਲ ਦਿਲ ਅਤੇ ਦਿਮਾਗ਼ ਤੰਦਰੁਸਤ ਰਹਿੰਦੇ ਹਨ ।
ਕਰਮਾ ਇਸੀ ਦੁਚਿੱਤੀ ‘ਚ ਫਸਿਆ ਸਾਇਕਲ ਅਤੇ ਝੋਲੇ ਨੂੰ ਸਾਂਭਦਾ, ਜਿਹੜੀ ਪਹੀ ਤੋਂ ਉਤਰਿਆ ਸੀ, ਉਸੇ ਤੇ ਫੇਰ ਹੋ ਲਿਆ।
****

ਪਰਵਾਸ : ਸੰਕਲਪ, ਸੰਦਰਭ ਅਤੇ ਬਦਲਦਾ ਸਰੂਪ.......... ਲੇਖ਼ / ਕੇਹਰ ਸ਼ਰੀਫ਼

ਲੋਕ ਸਮੂਹਾਂ ਦਾ ਕਿੱਤਾ ਅਧਾਰਤ ਜੀਵਨ ਮਨੁੱਖ ਦੀਆਂ ਸਹਿਜਮਈ ਲੋੜਾਂ ਦਾ ਮੁਢਲਾ ਤੇ ਸੰਕੋਚਵਾਂ ਜਤਨ ਸੀ। ਪਰ ਇਹ ਜੀਵਨ ਹਰਕਤ ਮੁਖੀ ਹੋ ਕੇ ਸਦਾ ਹੀ ਅੱਗੇ ਵਲ ਵਧਦਾ-ਤੁਰਦਾ ਰਿਹਾ ਹੈ ਜਿਸ ਨਾਲ ਇਸ ਅੰਦਰਲੇ ਫੈਲਾਉ ਅਤੇ ਖਿਲਾਰ ਨੇ ਸੀਮਿਤ ਅਤੇ ਨਿਗੂਣੇ ਜਹੇ ਪ੍ਰਚਾਰ ਸਾਧਨਾਂ ਦੇ ਹੁੰਦੇ ਹੋਏ ਵੀ ਸਮਾਜ ਅੰਦਰ ਵਸਦੇ ਲੋਕਾਂ ਨੂੰ ਖਿੱਤਿਆਂ ਦੇ ਪਾਰਲੇ ਪਾਰ ਦੇ ਜੀਵਨ ਨਾਲ ਵਾਕਿਫ਼ ਕਰਵਾਉਂਦਿਆਂ ਹੋਇਆਂ ਉਸ ਬਾਰੇ ਸੋਝੀ ਪ੍ਰਦਾਨ ਕਰਨ ਦਾ ਮੁਢਲਾ ਅਤੇ ਬੁਨਿਆਦੀ ਕਾਰਜ ਸਦਾ ਜਾਰੀ ਰੱਖਿਆ। ਇੱਥੋਂ ਹੀ ਲੋਕ ਮਨ ਦੂਸਰੇ ਪਾਸੇ, ਦੂਸਰੇ ਕਿਨਾਰੇ ਵਲ ਉਤਸ਼ਾਹਿਤ ਹੋਇਆ ਹੋਵੇਗਾ। ਜਿਸ ਪਾਸੇ ਦੀ ਜਾਣਕਾਰੀ ਅਤੇ ਗਿਆਨ ਤਾਂ ਉਸ ਕੋਲ ਬਹੁਤ ਨਹੀਂ ਸੀ ਪਰ ਸੁਣੀਆਂ ਸੁਣਾਈਆਂ ਗੱਲਾਂ ਨੇ ਉਸਦੇ ਅੰਦਰ ਅਗਲੇ ਪਾਰ ਨੂੰ ਜਾਨਣ-ਮਾਨਣ ਦੀ ਜਗਿਆਸਾ ਪੈਦਾ ਕੀਤੀ ਜਿਸ ਦੀ ਪੂਰਤੀ ਵਾਸਤੇ ਉਨ੍ਹਾਂ ਨੂੰ ਬੜੀ ਜੱਦੋਜਹਿਦ ਕਰਕੇ ਹੀ ਕਾਮਯਾਬੀ ਮਿਲੀ। ਜਿਸ ਨੂੰ ਇਸ ਪੰਧ ਦੇ ਪਹਿਲਿਆਂ ਕਦਮਾਂ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ।
ਜਦੋਂ ਮਨੁੱਖ ਅੱਗੇ ਵਲ ਤੁਰਨ ਵਾਸਤੇ ਕਦਮ ਪੁੱਟਦਾ ਹੈ ਤਾਂ ਹਿਚਕਚਾਹਟ ਉਸਦੀਆਂ ਸੋਚਾਂ ਤੇ ਬਹੁਤ ਭਾਰੂ ਹੁੰਦੀ ਹੈ। ਪਰ ਇਸ ਦੁਚਿਤੀ ਵਿਚੋਂ ਨਿਕਲ ਕੇ ਜਦੋਂ ਕੋਈ ‘ਦੇਖੀਏ ਤਾਂ ਸਈ’ ਵਾਲੇ ਸਥਾਨ ਤੇ ਪਹੁੰਚ ਜਾਂਦਾ ਹੈ ਤਾਂ ਇਹ ਬਿੰਦੂ ਬਹੁਤ ਵਾਰ ਨਿਰਣਾਇਕ ਸਾਬਤ ਹੋ ਜਾਂਦਾ ਹੈ। ਅੱਗੇ ਵਧਣ ਦੀ ਚਾਹਤ ਵਾਲੀ ਪ੍ਰੇਰਨਾ ਨੇ ਸੰਸਾਰ ਦੇ ਵੱਖੋ ਵੱਖ ਖੇਤਰਾਂ ’ਚ ਲੋਕਾਂ ਨੂੰ ਉਤਸ਼ਾਹਤ ਕੀਤਾ, ਜਿਸ ਕਰਕੇ ਉਹ ਸਮੁੰਦਰਾਂ ਦੇ ਪਾਰਲੇ ਪਾਰ ਵੀ ਜਾ ਅੱਪੜੇ। ਇਹ ਹੀ ਇਕ ਛਾਲ ਸੀ ਜਿਸ ਨਾਲ ਕਦਮ ਦੂਸਰੇ ‘ਵਿਹੜੇ’ ਵਿਚ ਜਾ ਪਹੁੰਚੇ। ਇੱਥੇ ਪਹੁੰਚ ਕੇ ਇਕ ਨਵਂੇ ਜੀਵਨ ਦੇ ਦਰਸ਼ਣ ਹੋਏ ਅਤੇ ਨਵੀਆਂ ਜੀਵਨ ਜੁਗਤਾਂ ਨਾਲ ਉਨ੍ਹਾਂ ਦਾ ਵਾਹ ਪਿਆ, ਜਿਸ ਦੇ ਸਿੱਟੇ ਵਜੋਂ ਜੀਵਨ ਦੀ ਨਵੀਂ ਕਾਰਜ ਸ਼ੈਲੀ ਦਾ ਪਸਾਰ ਸ਼ੁਰੂ ਹੋਇਆ। ਨਵੀਂ ਧਰਤੀ ਉੱਤੇ ਨਵੇਂ ਸਿਆੜ ਵਾਹੁਣ ਦੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਸਿਆਣੇ ਤੇ ਪਾਰਖੂ ਇਸ ਨੂੰ ਕੋਈ ਵੀ ਨਾਂ ਦੇ ਸਕਦੇ ਹਨ। ਉਹ ਨਾਂ ਪਰਵਾਸ ਵੀ ਹੋ ਸਕਦਾ ਹੈ। ਸਮੇਂ ਬਾਅਦ ਇਹ ਹੀ ਪਰਵਾਸ, ਆਵਾਸ ਬਣ ਜਾਂਦਾ ਹੈ। ਪਰ ਇਸ ਛੋਟੀ ਜਹੀ ਦਿਸਦੀ ਤਬਦੀਲੀ ਵਾਸਤੇ ਲੰਮੇ ਸਮੇਂ ਦੀ ਕੈਨਵਸ ਲੋੜੀਦੀ ਹੈ। ਜਿਸ ਉੱਤੇ ਨਵੀ ਜ਼ਿੰਦਗੀ ਦੀ ਤੋਰ ਦੇ ਨਵੇ-ਨਰੋਏ ਕਦਮ ਉਲੀਕੇ ਜਾ ਸਕਣ। ਇਨ੍ਹਾਂ ਕਦਮਾਂ ਦੀ ਰਵਾਨਗੀ ਆਸ਼ਾਵਾਦੀ ਭਵਿੱਖ ਦੇ ਬੂਹੇ ਵਲ ਜਾਂਦਾ ਰਾਹ ਪੱਧਰਾ ਕਰਨ ਦਾ ਕਾਰਜ ਨਿਭਾੳਂੁਦੀ ਹੈ। ਸਫਲ ਜਾਂ ਅਸਫਲ ਹੋਣਾ ਇਹ ਤਾਂ ਸੋਚ ਅਤੇ ਸਾਧਨਾ ਉੱਤੇ ਨਿਰਭਰ ਕਰਦਾ ਹੈ। ਸਮਂੇ ਦੇ ਬੀਤਣ ਨਾਲ ਸਮੇਂ ਦੀ ਤੋਰ ਬਹੁਤ ਹੀ ਤੇਜ਼ ਹੋ ਗਈ। ਤੇਜ਼ ਕਦਮੀਂ ਸਫਰ ਬਹੁਤਾ ਮੁੱਕਣਾ ਹੀ ਸੀ। ਵਿਗਿਆਨ ਦੀਆਂ ਨਵੀਆਂ ਕਾਢਾਂ, ਪ੍ਰਚਾਰ ਦੇ ਬਿਜਲਈ-ਇਲੈਕਟ੍ਰਾਨਿਕ ਸਾਧਨਾਂ ਨੇ ਇਸ ਆਮ ਜਹੀ ਗੱਲ/ਤੋਰ ਵਿਚ ਬਹੁਤ ਤੇਜ਼ੀ ਲਿਆਂਦੀ ਜਿਸ ਦੇ ਆਸਰੇ ਦੁਨੀਆਂ ਦਾ ਵੱਡ ਅਕਾਰੀ ਦਾਇਰਾ ਛੋਟਾ ਮਹਿਸੂਸ ਹੋਣ ਲੱਗ ਪਿਆ।
ਆਮ ਕਰਕੇ ਪਰਵਾਸੀਆਂ ਦੇ ਜੀਵਨ ਦਾ ਮੁਢਲਾ ਸਫਰ ਉਦਾਸੀ, ਉਦਰੇਵੇ ਅਤੇ ਥੁੜਾਂ ਮਾਰਿਆ ਹੀ ਹੁੰਦਾ ਹੈ। ਇੱਥੋਂ ਹੀ ਬਹੁਤ ਸਾਰੇ ਲੋਕ ਕਿਰਤ ਦੇ ਨਾਲ ਹੀ ਕਿਰਸ ਕਰਨਾ ਵੀ ਸਿੱਖ ਜਾਂਦੇ ਹਨ। ਉਨ੍ਹਾਂ ਦੀ ਮੰਜ਼ਿਲ ਹੀ ਇਕ ਉਜਲੇ ਭਵਿੱਖ ਅਤੇ ਸੁਹਣੇ ਜੀਵਨ ਦੀ ਪ੍ਰਾਪਤੀ ਖਾਤਰ ਥੁੜਾਂ ਨੂੰ ਦੂਰ ਕਰਨਾ ਹੁੰਦੀ ਹੈ, ਭਾਵੇਂ ਕਿ ਥੋੜੇ ਸਮੇਂ ਬਾਅਦ ਹੀ ਇਸ ਸੋਚ ਦੇ, ਅਮਲ ਦੇ ਨੈਣ-ਨਕਸ਼ ਵੀ ਬਦਲਣ ਅਤੇ ਨਿਖਰਨ ਲੱਗ ਪੈਦੇ ਹਨ। ਆਰਥਿਕ ਥੁੜਾਂ ਦੇ ਘਟ ਜਾਣ ਜਾਂ ਦੂਰ ਹੋ ਜਾਣ ਪਿੱਛੋਂ ਫੇਰ ਉਹ ਨਵਂੇ ਘਰ ਦੀ ਤਲਾਸ਼ ਦਾ ਕੰਮ ਸ਼ੁਰੂ ਕਰਦੇ ਹਨ। ਜਿਸ ਵਾਸਤੇ ਸਮੱਸਿਆਵਾਂ ਦਾ ਲੰਮਾ-ਚੌੜਾ ਪੰਧ ਤੈਅ ਕਰਨਾ ਪੈਂਦਾ ਹੈ। ਇਸ ਮੋੜ ਤੋਂ ਜ਼ਿੰਦਗੀ ਵੱਡੀਆਂ ਤਬਦੀਲੀਆਂ ਵਲ ਵਧਦੀ ਹੈ। ਮਨਾਂ ਅੰਦਰਲਾ ਜਵਾਰਭਾਟਾ ਪਲ ਪਲ ਰੰਗ ਬਦਲਦਾ ਹੈ, ਰੰਗਾਂ ਦੀ ਤਾਸੀਰ ਰੂਪ ਵਟਾ ਲੈਦੀ ਹੈ। ਇਹ ਰੰਗ ਦੁਨੀਆਂ ਦੇ ਸੱਤਾਂ ਰੰਗਾਂ ਵਰਗੇ ਨਹੀਂ ਸਗੋਂ ਨਵੀ ਧਰਤੀ ਤੇ ਵਾਹੇ ਸਿਆੜਾਂ ਵਿਚੋਂ ਉੱਗਦੇ ਹਨ। ਜਿਸ ਵਿਚ ਦਰਦ ਦੀ ਚੀਸ ਦਾ ਭਾਰੂ ‘ਰੰਗ’ ਮਨੁੱਖ ਦੇ ਅੰਦਰ ਪਲਦੇ ਮਾਨਸਿਕ ਤਣਾਵਾਂ ਨੂੰ ਵਲੇਵੇਂ ਮਾਰਦਾ ਹੈ ਅਤੇ ਉਸ ਦੀਆਂ ਉਲਝਣਾਂ ਵਧਣ ਲਗਦੀਆਂ ਹਨ ਜਿਸ ਜੱਦੋਜਹਿਦ ਵਿਚੋਂ ਮਨੁੱਖ ਦਾ ਆਪੇ ਤੋਂ ਪਾਰ ਜਾਣ ਦਾ ਸਫਰ ਸ਼ੁਰੂ ਹੁੰਦਾ ਹੈ। ਉਲਝਣਾਂ ਤੋਂ ਛੁਟਕਾਰਾ ਪਾਉਣ ਦੇ ਜਤਨ ਆਰੰਭ ਹੁੰਦੇ ਹਨ। 
ਪਰਵਾਸੀ ਬੰਦੇ ਸ਼ੁਰੂ ਵਿਚ ਨਾਲ ਲੈ ਕੇ ਆਏ ਪੁਰਾਣੀ ਸੋਚ ਅਤੇ ਹੰਢਾਈ ਜਾ ਰਹੀ ਨਵੀਂ ਸਥਿਤੀ ਦੇ ਦੋ ਪੁੜਾਂ ਵਿਚਕਾਰ ਪਿਸਦੇ ਹਨ। ਪਿੱਛੇ ਛੱਡੀਆਂ ਹੋਈਆਂ ਰਵਾਇਤਾਂ ਮੁੜ ਮੁੜ ਚੇਤੇ ਆਉਦੀਆਂ ਹਨ ਪਰ ਧੱਕੇ ਮਾਰਦਾ ਵਕਤ ਉਸਨੂੰ ਅੱਗੇ ਤੋਰਦਾ ਹੋਇਆ ਕੁਝ ਕਰ ਗੁਜ਼ਰਨ ਵਾਸਤੇ ਕਾਹਲਾ ਹੁੰਦਾ ਹੈ। ਇਸ ਕਰ ਗੁਜ਼ਰਨ ਦੀ ਇੱਛਾ (ਭਾਵਨਾ) ਦੀਆਂ ਬਾਰੀਕੀਆਂ ਗੁੱਝੀਆਂ ਨਹੀਂ ਰਹਿੰਦੀਆਂ, ਸਗੋਂ ਪਹਿਲਾਂ ਤੋ ਵੱਧ ਉਜਾਗਰ ਹੋਣ ਲੱਗ ਪੈਂਦੀਆਂ ਹਨ। ਇਹ ਕਿਸੇ ਇਕ ਮੁਲਕ ਜਾਂ ਖਿੱਤੇ ਨਾਲ ਬੰਨੀ ਜਾ ਸਕਣ ਵਾਲੀ ਪ੍ਰਵਿਰਤੀ ਨਹੀਂ ਸਗੋ ਸਰਬ ਪ੍ਰਵਾਨਤ ਆਮ ਮਨੁੱਖੀ ਵਰਤਾਰਾ ਹੈ ਜੋ ਕਿ ਕੁੱਲ ਦੁਨੀਆਂ ਵਿਚ ਪਰਵਾਸੀ ਬਣੇ ਲੋਕ ਤਰਾਸਦੀ ਦੀ ਹੱਦ ਤੱਕ ਇਕ ਸਾਂਝੀ ‘ਹੋਣੀ’ ਵਜੋਂ ਹੰਢਾੳਂੁਦੇ ਹਨ। ਪਰ ਫੇਰ ਵੀ ਉਹ ਸਾਂਝੇ ਮਸਲਿਆਂ ਦਾ ਸਾਂਝਾ ਹੱਲ ਤਲਾਸ਼ ਕਰਨ ਵਾਸਤੇ ਲੰਮਾ ਸਮਾਂ ਇਕ ਦੂਜੇ ਦੇ ਸਾਥ ਤੋਂ ਬਿਨਾ ਕੱਲੇ-ਕੈਰ੍ਹੇ ਹੀ ਟੱਕਰਾਂ ਮਾਰਦੇ ਰਹਿੰਦੇ ਹਨ। ਇਸ ਤਰਾਂ ਕਰਨ ਨਾਲ ਜਦੋਂ ਬਿਨਾ ਮਾਯੂਸੀ ਦੇ ਕੁੱਝ ਵੀ ਹੱਥ ਪੱਲੇ ਨਹੀਂ ਪੈਂਦਾ ਤਾਂ ਸਾਂਝ ਭਰੀ ਹੋਂਦ ਨੂੰ ਸੰਗਠਤ ਕਰਕੇ ਸਰਗਰਮ ਕਰਨ ਦੇ ਯਤਨ ਕੀਤੇ ਜਾਂਦੇ ਹਨ। ਜਿਸ ਦੇ ਸਿੱਟੇ ਵਜੋਂ ਵੱਖੋ-ਵੱਖ ਖਿੱਤਿਆਂ ਦੇ ਲੋਕਾਂ ਤੇ ਬੋਲੀਆਂ, ਉਨ੍ਹਾਂ ਦੇ ਪਿਛੋਕੜ ਅਤੇ ਸੱਭਿਆਚਾਰਕ ਰਵਾਇਤਾਂ, ਭੂਗੋਲਿਕ ਵੰਡਾਂ, ਸਮਾਜੀ, ਸਿਆਸੀ, ਅਤੇ ਆਰਥਿਕ ਖੇਤਰ ਅੰਦਰ ਨਾ-ਬਰਾਬਰੀ, ਵਖਰੇਵੇਂ ਅਤੇ ਬੇਇਨਸਾਫੀ ਭਰੀ ਪਿੱਠਭੂਮੀ ਅਤੇ ਪਿਛੋਕੜ ਦੇ ਦਰਸ਼ਣ ਹੁੰਦੇ ਹਨ। ਜਿਸ ਦੇ ਆਸਰੇ ਸੱਚ ਪਰਦੇ ਪਾੜ ਕੇ ਬਾਹਰ ਆਉਣ ਲਗਦਾ ਹੈ। ਕਬੀਲੇ ਵਾਲੇ ਪ੍ਰਬੰਧ ਤੋ ਸ਼ੁਰੂ ਹੋ ਕੇ ਅਜੋਕੇ ਯੁੱਗ ਦੇ ਸਮੇਂ ਵਾਲੇ ਇਤਿਹਾਸਕ ਵਿਕਾਸ ਤੱਕ ਦਾ ਆਲੋਚਨਾਤਮਕ ਅਤੇ ਘੋਖਵਾਂ ਜਾਇਜ਼ਾ ਲਿਆ ਜਾਂਦਾ ਹੈ। ਇਸ ਤਰਾਂ ਦੀ ਬੌਧਿਕਤਾਮੁਖੀ ਕਾਰਜਸ਼ੈਲੀ ਦੇ ਆਸਰੇ ਵੱਖੋ ਵੱਖ ਫਿਰਕਿਆਂ ਅਤੇ ਲੋਕ ਸਮੂਹਾਂ ਦੇ ਰਿਵਾਜ਼ਾਂ ਅਤੇ ਧਾਰਮਿਕ ਧਾਰਨਾਵਾਂ/ਭਾਵਨਾਵਾਂ ਨਾਲ ਜਾਣ ਪਹਿਚਾਣ ਹੋਣ ਲਗਦੀ ਹੈ ਅਤੇ ਇਕ ਦੂਜੇ ਵਲ ਜਾਂਦੀਆਂ ਸ਼ੱਕੀ ਨਜ਼ਰਾਂ ਤੋ ਅੱਗੇ ਲੰਘਦਿਆਂ ਉਹਨਾ ਦੀ ਪਰਖ ਕਰਨ ਦੇ ਹਾਂਅ ਪੱਖੀ ਨਜ਼ਰੀਏ ਵਜੋਂ ਦੇਖਣ ਵਾਲੀ ਅੱਖ ‘ਪ੍ਰਗਟ’ ਹੁੰਦੀ ਹੈ। ਅਜਿਹਾ ਨਜ਼ਰੀਆਂ ਨਵੀਆਂ ਬਣੀਆਂ ਸਾਝਾਂ ਵਿਚੋਂ ਹੀ ਪੈਦਾ ਹੁੰਦਾ ਹੈ। ਵੱਖੋ ਵੱਖ ਲੋਕ ਸਮੂਹਾਂ, ਕੌਮੀਅਤਾਂ ਅਤੇ ਕੌਮਾਂ ਦੀਆਂ ਸਾਂਝੀਆਂ ਰਵਾਇਤਾਂ ਸਿਰਜਣ ਅਤੇ ਉਨ੍ਹਾਂ ਨੂੰ ਅੱਗੇ ਤੋਰਨ ਵਾਸਤੇ ਕਈ ਵਾਰ ਧਰਮ ਰੁਕਾਵਟ ਪੈਦਾ ਕਰਨ ਵਾਲਾ ਤੱਤ ਬਣ ਜਾਂਦਾ ਹੈ (ਇਹ ਬੇਸਮਝੀ ਕਰਕੇ ਹੀ ਹੁੰਦਾ ਹੈ) ਅਜਿਹਾ ਬਹੁਤ ਸਾਰੇ ਆਖਦੇ ਹਨ। ਜਦੋਂ ਕਿ ਇਹ ਵੀ ਧਾਰਨਾ ਹੈ ਕਿ ਧਰਮ ਮਨੁੱਖਾਂ ਨੂੰ ਜੋੜਦਾ ਅਤੇ ਮਨੁੱਖੀ ਸਾਂਝ ਨੂੰ ਪੱਕਿਆਂ ਕਰਦਾ ਹੈ। ਧਰਮ ਬਾਰੇ ਅਜਿਹਾ ਹੋਰ ਵੀ ਬਹੁਤ ਕੁੱਝ ਹੈ ਜੋ ਵਾਰ ਵਾਰ ਬਹਿਸਾਂ ਦਾ ਵਿਸ਼ਾ ਬਣਦਾ ਹੈ। ਪਰ ਅਮਲ ਵਿਚ ਫੈਸਲਾ ਕਰੂ ਨੁਕਤਾ ਇਹ ਹੋ ਜਾਂਦਾ ਹੈ ਕਿ ਧਰਮ ਦੀ ਸਰਪ੍ਰਸਤੀ (ਜਾਂ ਡੋਰ) ਕਿਹੜੇ ਹੱਥਾਂ ਵਿਚ ਹੈ? ਉਹਨਾ ‘ਹੱਥਾਂ’ ਦੀ ਅਸਲੀ ਇੱਛਾ ਤੇ ਮੰਤਵ ਕੀ ਹੈ? ਕੀ ਧਰਮ ਦੀ ਸਰਪ੍ਰਸਤੀ ਵਾਲੇ ਲੁਕਵੇਂ ਹੱਥ ਸਿਆਸੀ ਸਰਪ੍ਰਸਤੀ (ਘਟੀਆ) ਵਾਲੇ ਮਾਫੀਏ ਦੇ ਤਨਖਾਹਦਾਰ ਜਾਂ ‘ਬਿਨ-ਤਨਖਾਹੋ’ ਨੌਕਰ ਜਾਂ ਦੱਲੇ ਤਾਂ ਨਹੀ? ਜੇ ਅਜਿਹਾ ਹੋਵੇ ਤਾਂ ਧਰਮ ਦਾ ਅਸਲ ਗੁਆਚ ਜਾਂਦਾ ਹੈ , ਫੇਰ ਤਾਂ ਸਿਆਸੀ ਮਾਲਕਾਂ ਦੀ ਚਾਕਰੀ ਕਰਨ ਵਾਸਤੇ ‘ਫ਼ਤਵੇ’ ‘ਤਨਖਾਹਾਂ’ ਅਤੇ ‘ਧਾਰਮਕ’ ਸਜਾਵਾਂ (?) ਉੱਗਣ ਲੱਗ ਪੈਂਦੀਆਂ ਹਨ। ਪਿਆਰ ਅਤੇ ਸਚਾਈ ਵਾਲੇ ਫਲਸਫੇ ਦੇ ਫੱਟੇ ਹੇਠ ਪਾਪ ਅਤੇ ਝੂਠ ਪਲਣ ਲੱਗ ਪੈਂਦੇ ਹਨ। ਇਸ ਕਿਸਮ ਦੀ ਜਥੇਬੰਦਕ ‘ਧਾਰਮਕ ਜੂਠ’ ਚੰਗੇ ਮੰਦੇ ਦੀ ਪਰਖ ਕਰਨ ਦੀ ਥਾਂਵੇ ਦੂਜਿਆਂ ਨੂੰ ਜ਼ਲੀਲ ਕਰਨ ਲੱਗ ਪੈਂਦੀ ਹੈ। ਫੇਰ ਲੋਕ ਮਨਾਂ ਅੰਦਰ ਨਵੇਂ ਯੁੱਗ ਦੀ ਕੀਤੀ ਜਾ ਰਹੀ ਗੁੰਝਲਦਾਰ ਵਿਆਖਿਆ ਵਾਂਗ ਧਰਮ ਬਾਰੇ ਕੀਤੀ ਜਾਂਦੀ ਨਵੀਂ ਵਿਆਖਿਆ ਵੀ ਵਲ-ਫੇਰਾਂ ਤੋ ਮੁਕਤ ਨਹੀ ਰਹਿ ਜਾਂਦੀ। ਫੇਰ ਧਰਮ ਵਲੋਂ ‘ਜੋੜਨ’ ਵਾਲੀ ਸਰਬ ਪ੍ਰਵਾਨਤ ਸੱਚਾਈ ਤੋੜਨ ਵਾਲੀ ਫਿਤਰਤ ਦਾ ਰੂਪ ਧਾਰਨ ਕਰਨ ਲੱਗ ਪੈਂਦੀ ਹੈ। ਧਰਮ ਦਾ ਅਸਲ ਗੁਆਚਣ ਲੱਗ ਪੈਂਦਾ ਹੈ। ਇਥੋਂ ਹੀ ਧਰਮੀਆਂ ਅੰਦਰ ਵੀ ਧਰਮ ਪ੍ਰਤੀ ਡਾਵਾਂਡੋਲ ਜਹੀ ਉਦਾਸੀਨਤਾ ਪੈਦਾ ਹੋਣ ਲੱਗ ਪੈਂਦੀ ਹੈ।
ਜਦੋ ਪੰਜਾਬੀ ਪਰਵਾਸੀਆਂ (ਉਂਜ ਇਹ ਸਾਰੇ ਪਰਵਾਸੀਆਂ ਦੀ ਸਾਂਝੀ ਗੱਲ ਹੀ ਹੈ) ਦੀ ਗੱਲ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਪਹਿਲਾਂ ਤਾਂ ਇਹ ਘਰ ਬੰਨ੍ਹਣ ਦਾ ਢੰਗ ਤਰੀਕਾ ਸੋਚਦੇ ਹਨ। ਇਹ ਬੜੀ ਕੌੜੀ ਸੱਚਾਈ ਹੈ ਕਿ ਇਸ ਖ਼ਲਜਗਣ ਵਿਚ ਕਈ ਸਾਰੇ ਕਸੂਤੇ ਫਸੇ ਹੋਣ ਕਰਕੇ ਪਹਿਲਾਂ ਤਾਂ ਆਮ ਕਰਕੇ ‘ਸੱਤਾਂ ਫੇਰਿਆਂ’, ‘ਚਾਰ ਲਾਵਾਂ’ ਅਤੇ ‘ਸ਼ਰਾ ਦੇ ਨਾਂ ਹੇਠ’ ਕੀਤੇ ਕੌਲ-ਕਰਾਰਾਂ ਵਾਲੀ ਸੱਚਾਈ ਤੋ ਮੁੱਖ ਮੋੜਦੇ ਹਨ। ‘ਮਜਬੂਰੀ’ ਦੇ ਬੇਲਣੇ ਵਿਚ ਫਸੇ ਹੋਣ ਦਾ ਬਹਾਨਾ ਲਾ ਕੇ ਝੂਠ ਦਾ ਮੌਹਰਾ ਚੱਟਦੇ ਹਨ। ਆਪਣੇ ਪ੍ਰੀਵਾਰ ਨਾਲ ਹੀ ਨਹੀਂ ਸਗੋਂ ਆਪਣੇ ਆਪ ਨਾਲ ਵੀ ਧੋਖਾ ਕਰਨ ਵਾਸਤੇ ਬੁਰੇ ਦੇ ਘਰ ਪੈਰ ਧਰਨ ਵਰਗਾ ਕੁਕਰਮ ਕਰਦੇ ਹਨ। ਪੁੱਠੇ-ਸਿੱਧੇ ਢੰਗ ਤਰੀਕੇ ਨਾਲ ਕਿਸੇ ਔਰਤ (ਉਮਰ ਦਾ ਖਿਆਲ ਕੀਤੇ ਬਿਨਾ) ਦੀ ਭਾਲ ਕਰਕੇ ਆਮ ਕਰਕੇ ਮੁੱਲ ਤਾਰ ਕੇ ਉਹਦੇ ਨਾਲ ਅੰਗਰੇਜ਼ੀ ਢੰਗ ਦੀਆਂ ਨਵੀਆਂ ਲਾਵਾਂ (ਫੇਰੇ ਜਾਂ ਨਿਕਾਹ) ਲੈਣ ਦਾ ਜੁਗਾੜ ਬੰਨਿਆ ਜਾਂਦਾ ਹੈ। ਜਿਸ ਦੇ ਆਸਰੇ ਉਹ ਆਪਣਾ ਟਿਕਾਣਾ ਪੱਕਾ ਹੋ ਗਿਆ ਸਮਝਣ ਲੱਗ ਪੈਂਦੇ ਹਨ ਅਤੇ ਆਪਣੇ ਪਿੰਡ ਵਾਲੇ ਭਾਈਚਾਰੇ ਵਿਚ ਉਹ ਆਪਣਾ ਰੁਤਬਾ/ਟੌਅਰ ਪਹਿਲਾਂ ਤੋਂ ਹੋਰ ਉੱਚਾ ਹੋ ਗਿਆ ਮਹਿਸੂਸ ਕਰਨ ਲੱਗ ਪੈਦੇ ਹਨ। ਪਰ ! ਇਸ ਦੇ ਬਦਲੇ ਵਿਚ ਤਾਰੀ ਹੋਈ ‘ਕੀਮਤ’ ਅੰਦਰੋ ਨਿੱਤ ਦਿਨ ਜ਼ਿਬਾਹ ਕਰਦੀ ਹੈ। ਨਿੱਤ ਦਿਹਾੜੇ ਉਹ ਆਪਣੀ ਹੀ ਬੁੱਕਲ਼ ਵਿਚ ਬਹਿ ਕੇ ਬੇਹਿਸਾਬੇ ਹੰਝੂ ਕੇਰਦੇ ਹਨ। ਕਈ ਸੰਵੇਦਨਸ਼ੀਲ ਮਨੁੱਖ ਇਸ ਤਣਾਉ ਗ੍ਰਸਤ ਸਥਿਤੀ ਦੇ ਸਿੱਟੇ ਵਜੋਂ ਅਣਦਿਸਦੇ ਮਾਨਸਿਕ ਰੋਗਾਂ ਦੇ ਸਿ਼ਕਾਰ ਵੀ ਹੋ ਜਾਂਦੇ ਹਨ।
ਪਰਵਾਸ ਵਾਲੇ ਮੁਲਕਾਂ ਦੇ ਕਾਨੂੰਨਾਂ ਅਨੁਸਾਰ ਜਦੋ ਪੱਕੇ ਰਹਿਣ ਦਾ ਸਬੱਬ ਨਹੀ ਬਣਦਾ ਦਿਸਦਾ ਤਾਂ ਉਹ ਮਜਬੂਰ ਹੋ ਕੇ ਵਿਆਹ/ਨਿਕਾਹ ਕਰ ਲੈਣ ਦਾ ਰਾਹ ਲੱਭ ਲੈਦੇ ਹਨ। ਜਿਸ ਦੇ ਆਸਰੇ ਕੁੱਝ ਸਮਂੇ ਬਾਅਦ ਉਸਦੇ ਪਾਸਪੋਰਟ ਉੱਤੇ ਪੱਕੇ ਤੌਰ ਤੇ ਉਸ ਮੁਲਕ ਵਿਚ ਰਹਿਣ ਦੀ ਮੁਹਰ ਲੱਗ ਜਾਂਦੀ ਹੈ। ਪਰ ਇੱਥੇ ਨਵੀ ਸਮੱਸਿਆ ਜੋ ਪਿਛਲੇ ਕਿੰਨੇ ਹੀ ਸਾਲਾਂ ਤੋ ਲੱਗਭਗ ਅਜਿਹੇ ਲੋਕਾਂ ਦੇ ਰਾਹ ਦਾ ਰੋੜਾ ਬਣ ਬੈਠੀ ਹੈ ਕਿ ਕਾਨੂੰਨ ਮੁਤਾਬਿਕ ਵਿਆਹ ਤੋ ਬਾਅਦ ‘ਮੀਆਂ-ਬੀਵੀ’ ਨੂੰ ਤਿੰਨ ਤੋਂ ਪੰਜ ਸਾਲ ਤੱਕ ਦਾ ਸਮਾਂ ਇਕੱਠੇ ਰਹਿਣਾ ਪੈਦਾ ਹੈ। ਫੇਰ ਹੀ ਇਹ ਮੁਹਰ ਪੱਕੀ ਹੁੰਦੀ ਹੈ। ਕਾਫੀ ਸਾਰੇ ਲੋਕ ਅਜਿਹੀ ਉੱਖ਼ਲੀ ਵਿਚ ਸਿਰ ਦੇਣ ਤੋ ਬਾਅਦ ਇਹ ਸਮਾਂ ਵੀ ਕੱਢ ਹੀ ਲੈਂਦੇ ਹਨ। ਜਿਹੜੇ ਇਸ ਜ਼ਲਾਲਤ ਭਰੀ ਉੱਖ਼ਲੀ ਵਿਚੋ ਸਿਰ ਬਾਹਰ ਕੱਢਦੇ ਹਨ ਜਾਂ ਫੇਰ ਕੱਢਣ ਦਾ ਜਤਨ ਕਰਦੇ ਹਨ ਕਈ ਵਾਰ ਉਹ ਕਾਨੂੰਨ ਦੇ ਛਾਣਨੇ ਵਿਚੋਂ ਕਿਰ ਕੇ ਆਪਣੇ ਮੁਲਕੀਂ ਜਾ ਡਿਗਦੇ ਹਨ। ਜਿਨ੍ਹਾਂ ਜੋੜਿਆਂ ਦੇ ਬੱਚੇ ਹੋ ਜਾਂਦੇ ਹਨ, ਪ੍ਰਵਾਰਿਕ ਝਗੜੇ ਵੇਲੇ ਜਾਂ ਤਲਾਕ ਤੋਂ ਬਾਅਦ ਆਮ ਪ੍ਰਵਾਸੀ ਇਹ ਉਨ੍ਹਾਂ ਦੀ ਮਾਂ ਕੋਲ ਹੀ ਛੱਡ ਜਾਂਦੇ ਹਨ। ਇਨ੍ਹਾਂ ਹੀ ਪਰਵਾਸੀਆਂ ਵਿਚੋ ‘ਹੱਥ ਦੀ ਸਫਾਈ’ ਦੇ ਆਸਰੇ (ਮਿਹਨਤ ਨਾਲ ਨਹੀਂ) ਬਣੇ ਨਵੇਂ ਅਮੀਰਜਾਦਿਆਂ ਵਿਚੋਂ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੁੰਦਰੀਆਂ, ਛੱਲਿਆਂ, ਬਾਹੀਂ ਸੋਨੇ ਦੇ ਕੜੇ ਅਤੇ ਗਲ਼ ਸੋਨੇ ਦੀਆਂ ਜੰਜੀਰੀਆਂ, ਚੇਨਾਂ ਨਾਲ ਭਰੇ ਹੋਏ ਹੁੰਦੇ ਹਨ। ਪਿੰਡ ਨਵੀਂ ਕੋਠੀ ਉਸਰ ਰਹੀ ਹੁੰਦੀ ਹੈ। ਕਈ ਕਈ ਕਾਰੋਬਾਰਾਂ ਦੇ ਆਪਣੇ ਆਪ ਨੂੰ ਮਾਲਕ ਵੀ ਦੱਸਣ ਲੱਗ ਪਂੈਦੇ ਹਨ। ਉਨ੍ਹਾਂ ਦੇ ਆਪਣੇ ਬੱਚੇ ਸੋਸ਼ਲ ਸਕਿਉਰਟੀ (ਸਾਧਨ ਵਿਹੂਣੇ ਲੋਕਾਂ ਨੂੰ ਸਰਕਾਰ ਵਲੋ ਮਿਲਦੀ ਜੀਊਣ ਯੋਗ ਆਰਥਿਕ ਮੱਦਦ) ਦੇ ਭੱਤੇ ਉੱਤੇ ਹੀ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਤੰਗੀਆਂ ਤੁਰਸ਼ੀਆਂ ਨਾਲ ਬੀਤਣ ਲਗਦੀ ਹੈ। ਆਰਥਕ ਪੱਖੋਂ ਉਹ ਤਰਸਯੋਗ ਹਾਲਤ ਹੰਢਾਉਦੇ ਹਨ। ਉਨ੍ਹਾਂ ਬੱਚਿਆਂ ਦਾ ਬਚਪਨ ਸਹੂਲਤਾਂ ਤੋ ਸੱਖਣਾ ਹੋ ਜਾਂਦਾ ਹੈ ਜਿਨ੍ਹਾਂ ਦੇ ਉਹ ਲੋੜਵੰਦ ਤੇ ਹੱਕਦਾਰ ਹੁੰਦੇ ਹਨ। ਉਨ੍ਹਾਂ ਬੱਚਿਆਂ ਦੀ ਸ਼ਖਸੀਅਤ ਦਾ ਪੂਰਨ ਵਿਕਾਸ ਨਹੀ ਹੁੰਦਾ ਅਤੇ ਉਨ੍ਹਾਂ ਦੇ ਅੰਦਰ ਸਵੈ-ਵਿਸ਼ਵਾਸ ਦੀ ਘਾਟ ਵੀ ਰਹਿ ਜਾਂਦੀ ਹੈ। ਇਸਦੇ ਜੁੰਮੇਵਾਰ ਉਹ ਬੱਚੇ ਨਹੀਂ ਉਨ੍ਹਾਂ ਦੇ ਨਾਲਾਇਕ ਮਾਪੇ ਹੁੰਦੇ ਹਨ।
ਸਮਾਂ ਬੀਤਣ ਨਾਲ ਇਨ੍ਹਾਂ ਪਰਵਾਸੀਆਂ ਦੇ ਬੱਚਿਆਂ ਵਿਚੋਂ, ਬਹੁਤ ਸਾਰੇ ਪਰਦੇਸੀਆਂ ਦੇ ਖਿਲਾਫ ਵੀ ਹੋ ਜਾਂਦੇ ਹਨ। ਇਨ੍ਹਾਂ ਪਰਵਾਸੀਆਂ ਨੇ ਆਪਣੇ ਹੀ ਖੂਨ, ਆਪਣੇ ਹੀ ਬੇਕਸੂਰ ਮਾਸੂਮ ਬੱਚਿਆਂ ਦੇ ਮਨਾਂ ਉੱਤੇ ਨਫਰਤ ਦੀ ਇਬਾਰਤ ਵੀ ਖੁਦ ਆਪਣੇ ਹੀ ਹੱਥੀਂ ਲਿਖੀ ਹੁੰਦੀ ਹੈ। ਇਸ ਮਸਲੇ ਬਾਰੇ ਕਿਸੇ ਹੋਰ ਦੇ ਮੱਥੇ ਦੋਸ਼ ਮੜਨਾ ਉਨ੍ਹਾਂ ਨੂੰ ਸ਼ੋਭਾ ਨਹੀ ਦਿੰਦਾ। ਮੇਮ ਨਾਲ ‘ਵਿਆਹ’ ਅਤੇ ਬੱਚਿਆਂ ਦੇ ਜੰਮਣ ਦੀ ਖੁਸ਼ੀ ਵਿਚ ਮਾਪਿਆਂ ਵਲੋ ਕਰਵਾਏ ਅਖੰਡਪਾਠਾਂ, ਜਗਰਾਤਿਆਂ ਅਤੇ ‘ਗੌਣ’ ਵਾਲੇ ਸੱਦ ਕੇ ਲਾਏ ਅਖਾੜਿਆਂ ਦੀਆਂ ਬਣਾਈਆਂ ‘ਮੂਵੀਆਂ’ ਟੈਲੀਵੀਜ਼ਨ ਵਿਚੋ ਦੇਖਦਿਆਂ ਮੂੰਹ ਚਿੜਾਂਉਦੀਆਂ ਅਤੇ ਲਾਅਨਤਾਂ ਪਾਉਣ ਲੱਗ ਪੈਦੀਆਂ ਹਨ। ਬਹੁਤੇ ਅਜਿਹੇ ਸਮੇਂ ਦੇ ਦਰਦ ਨੂੰ ਵਿਸਕੀ ਦੇ ਘੁੱਟ ਨਾਲ ਥੱਲੇ ਲੰਘਾ ਕੇ ਦੱਬ ਦੇਣ ਦਾ ਭਰਮ ਪਾਲਦੇ ਹਨ। ਪਰ ਇਹ ਸਮੱਸਿਆ ਇਸ ਤੋਂ ਬਹੁਤ ਡੂੰਘੀ ਤੇ ਘਿਨਾਉਣੀ ਹੈ। ਬੱਸ! ਇਹਨੂੰ ਹੰਢਾਉਣ ਵਾਲਾ ਹੀ ਇਸ ਦੀ ਵਿਆਖਿਆ ਕਰ ਸਕਦਾ ਹੈ।
ਕਾਫੀ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਕਿਸੇ ਬੀਬੀ/ਬੇਬੇ ਨੂੰ ਪੈਸੇ ਦੇ ਕੇ ਵਿਆਹ ਜਾਂ ਨਿਕਾਹ ਕਰਵਾਇਆ ਹੁੰਦਾ ਹੈ। ਪਰ ਅਜਿਹੀਆਂ ਮੁੱਲ ਦੀਆਂ ਤੀਵੀਆਂ ਸਿਰਫ ਵਿਆਹ ਵਾਲੇ ਕਾਗਜ਼ਾਂ ਤੇ ਦਸਖਤ ਹੀ ਕਰਦੀਆਂ ਹਨ। ਖਾਨਾਪੂਰਤੀ ਦੀ ਖਾਤਰ ਰਿਹਾਇਸ਼ ਦੀ ਰਜਿਸਟਰੇਸ਼ਨ ਵੀ ਇਕੱਠੀ ਹੁੰਦੀ ਹੈ। ਉਂਜ ਉਹ ਆਪਣਾ ਜੀਵਨ ਆਪਣੇ ਦੋਸਤਾਂ ਨਾਲ ਹੀ ਗੁਜ਼ਾਰਦੀਆਂ ਹਨ। ਕਈ ਔਰਤਾਂ ਸੌਦੇ ਦੇ ਸਾਰੇ ਪੈਸੇ ਇਕੱਠੇ ਹੀ ਵਸੂਲ ਕਰ ਲੈਦੀਆਂ ਹਨ, ਪਰ ਕਈ ‘ਭਲੇ’ ਦੇ ਲਿਹਾਜ਼ ਨਾਲ ਕਿਸ਼ਤਾਂ ਵੀ ਕਰ ਲੈਂਦੀਆਂ ਹਨ। ਇਸ ਤਰਾਂ ਦੀਆਂ ਔਰਤਾਂ ਆਮ ਕਰਕੇ ਏਜੰਟਾਂ ਰਾਹੀ ਲੱਭੀਆਂ ਜਾਂਦੀਆਂ ਹਨ। ਉਂਜ ਜੇ ਕਿਸੇ ਨੂੰ ਚਕਲੇ ਵਿਚੋਂ ਵੀ ਕੋਈ ਔਰਤ ਲੱਭ ਜਾਵੇ ਤਾਂ ਵੀ ਕੋਈ ਹਰਜ਼ ਨਹੀ ਸਮਿਝਆ ਜਾਂਦਾ। ਬਣ ਗਈ ਨਵੀ ਅਖਾਣ ਵਾਂਗ ‘ਸਭ ਚੱਲਦਾ ਹੈ’ ਆਪਣੇ ਲੋਕ ਮੇਮ ਦੇ ਆਸਰੇ ਆਪਣੇ ਆਪ ਨੂੰ ‘ਇੱਜਤਦਾਰ’ ਹੀ/ਵੀ ਸਮਝਦੇ ਹਨ। ਪਿਛਲੇ ਘਰ ਵਾਲੇ ਪਿੰਡ ਵਿਚ ਇਸ ਕਰਕੇ ਖੁਸ਼ ਹੋ ਕੇ ਟੌਅਰ ਨਾਲ ਤੁਰਦੇ ਹਨ ਕਿ ਸਾਡੇ ਮੁੰਡੇ ਦੇ ਘਰ ਮੇਮ ਵਸਦੀ ਐ। ਉਹ ਵਿਚਾਰੇ ਕੀ ਜਾਨਣ ਅਸਲੀਅਤ? ਕਿ ਮੁੰਡੇ ਦੇ ਘਰ ਮੇਮ ਵਸਦੀ ਐ ਕਿ ਮੇਮ ਦੇ ਘਰ ਮੁੰਡਾ ਵਸਦਾ ਹੈ? ਬਹੁਤ ਸਾਰਿਆਂ ਵਾਸਤੇ ਸ਼ਾਇਦ ਇਹ ਹੈਰਾਨੀ ਦੀ ਗੱਲ ਹੋਵੇ ਕਿ ਪਰਵਾਸੀਆਂ ਨੇ ਪੱਕੇ ਹੋਣ ਖਾਤਰ ਉਨ੍ਹਾਂ ਮੁਲਕਾਂ ਵਿਚ ਜਿਵੇਂ ਹਾਲੈਡ, ਡੈਨਮਾਰਕ, ਸਵੀਡਨ ਬਗੈਰਾ ਜਿੱਥੇ ਸਮਲਿੰਗੀਆਂ (ਹੋਮੋਸੈਕਸੂਅਲ) ਨੂੰ ਵਿਆਹ ਕਰਵਾਉਣ ਦਾ ਕਾਨੂੰਨੀ ਹੱਕ ਹੈ, ਆਪਣੇ ਆਪ ਨੂੰ ਸਮਲਿੰਗੀ ਕਹਾਉਣ ਤੋ ਵੀ ਪਰਹੇਜ਼ ਨਹੀਂ ਕੀਤਾ। ਇਸ ਕਿਸਮ ਦੇ ਬੁੱਢੇ ਲੱਭ ਕੇ ਉਨ੍ਹਾਂ ਦੇ ਖਾਵੰਦ ਬਣਨ ਦੇ ਇੱਛੁਕ, ਪੱਕੇ ਹੋਣ ਦੀ ਆਸ ਲੈ ਕੇ ਉਨ੍ਹਾਂ ਦੇ ਨਾਲ ਹੀ ਰਿਹਾਇਸ਼ ਰੱਖਣ ਤੱਕ ਪਹੁੰਚ ਗਏ ਅਤੇ ਨਿਕਾਹ ਪੜ੍ਹਾਉਣ ਦੇ ਜਤਨ ਵੀ ਕੀਤੇ। ਇੱਥੋਂ ਤੱਕ ਕਿ ਅਜਿਹੀ ਸਥਿਤੀ ਦੇਖ ਕੇ ਸਵੀਡਨ ਵਰਗੇ ਉਦਾਰਵਾਦੀ ਮੁਲਕ ਦੀ ਸਰਕਾਰ ਨੂੰ ਇਸ ਕਾਨੂੰਨ ਵਿਚ ਹੀ ਤਬਦੀਲੀ ਕਰਨੀ ਪਈ ਕਿ ਜਮਾਂਦਰੂ ਸਵੀਡਿਸ਼ ਹੀ ਅਜਿਹੇ ਵਿਆਹ ਦੇ ਹੱਕਦਾਰ ਹੋਣਗੇ। ਅਜਿਹੀ ਸਥਿਤੀ ਉੱਤੇ ਟਿੱਪਣੀ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿੰਦੀ। ਉਹ ਲੋਕ ਸਿਰਫ ਤਰਸ ਭਾਵਨਾ ਦੇ ਹੱਕਦਾਰ ਰਹਿ ਜਾਂਦੇ ਹਨ।
ਆਮ ਪਰਵਾਸੀ ਬੰਦਾ ਜੀਹਦੇ ਵਿਚ ਪੰਜਾਬੀ ਵੀ ਸ਼ਾਮਲ ਹਨ, ਉਨ੍ਹਾਂ ਦੀ ਬਹੁਗਿਣਤੀ ਦੂਸਰੇ ਸਮਾਜ ਅੰਦਰਲੀਆਂ ਚੰਗੀਆਂ ਆਦਤਾ/ਗੱਲਾਂ ਅਪਨਾਉਣ ਵਾਸਤੇ ਤਾਂ ਭਾਵੇ ਦੇਰ ਕਰ ਦੇਵੇ ਪਰ ਭੈੜੀਆਂ ਆਦਤਾਂ ਬੜੀ ਛੇਤੀ ਫੜਦੇ ਹਨ। ਨਸ਼ਿਆਂ ਦੀ ਵਰਤੋਂ ਦੇ ਰਾਹੇ ਪੈਣਾ ਜਾਂ ਕਿਸੇ ਤਰਾਂ ਵੀ ਅਮੀਰ ਹੋਣ ਦੀ ਲਾਲਸਾ ਪੂਰੀ ਕਰਨ ਵਲ ਤੁਰਨ ਲੱਗਿਆਂ ਉਹ ਮਹਾਂਪੁਰਸ਼ਾਂ ਦੇ ਬੋਲਾਂ ਵਲ ਵੀ ਪਿੱਠ ਕਰ ਲੈਦੇ ਹਨ. ਇੱਥੇ ਚੇਤੇ ਰੱਖਣ ਦੀ ਗੱਲ, ਬਾਬੇ ਨਾਨਕ ਨੇ ਕਿਹਾ ਸੀ ਕਿ ‘ਪਾਪਾਂ ਬਾਂਝਹੁੰ ਹੋਇ ਨਾਹੀ............’ ਆਦਿ ਵਰਗੇ ਕੀਮਤੀ ਪ੍ਰਵਚਨ ਵੀ ਉਹ ਲੋਕ ਭੁੱਲ ਜਾਂਦੇ ਹਨ. ਬਹੁਤ ਹੀ ਘੱਟ ਲੋਕ ਹੋਣਗੇ ਜਿਹੜੇ ਦਸਾਂ ਨਹੁੰਆਂ ਦੀ ਕਿਰਤ/ਮਿਹਨਤ ਨਾਲ ਅਮੀਰ ਹੋਏ ਹੋਣਗੇ ਨਹੀਂ ਤਾਂ ਬਾਈਪਾਸ ਦੇ ਰਸਤੇ..............

ਸਮਾਂ ਗੁਜ਼ਰ ਜਾਣ ਤੋ ਬਾਅਦ ਘਰ ਪੱਕਾ ਹੋ ਗਿਆ ਸਮਝ ਕੇ ਪਿੰਡੋ ਪਹਿਲੀ (ਜੋ ਮਰ ਗਈ ਜਾਂ ਤਲਾਕਸ਼ੁਦਾ ਦੱਸੀ ਗਈ ਹੁੰਦੀ ਹੈ) ਪਤਨੀਂ ਜਾਂ ਨਵੀਂ ਬੀਵੀ ਨੂੰ ਮੰਗਵਾਇਆ ਜਾਂਦਾ ਹੈ। ਬੱਚੇ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਪਾਲਣ ਪੋਸ਼ਣ ਪਿੰਡ ਵਾਂਗ ਹੀ ਕੀਤਾ ਚਾਹੁੰਦੇ ਹਨ ਪਰ ਇਹ ਬਿਲਕੁੱਲ ਸੰਭਵ ਨਹੀ ਹੁੰਦਾ। ਭੰਡਣਯੋਗ ਗੱਲ ਇਹ ਹੈ ਕਿ ਅਖੌਤੀ ਉੱਚੀਆਂ ਜਾਤਾਂ ਦੇ ਲੋਕ ਆਪਣੇ ਬੱਚਿਆਂ ਨੂੰ ਇੱਥੋਂ ਦੇ ਜਾਤ ਰਹਿਤ ਸਮਾਜ ਅੰਦਰ ਵੀ ਆਪਣੀ ਜਾਤ ਵਾਰ ਵਾਰ ਦੱਸਦੇ ਰਹਿੰਦੇ ਹਨ ਇਹ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ। ਪਰ ਇਹ ਮੂਰਖ ਨਾਥ ਬੀਨ ਵਜਾਉਣੋਂ ਵਾਹ ਲਗਦੀ ਟਲ਼ਦੇ ਨਹੀਂ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਬੱਚਿਆਂ ਨੇ ਜਾਤ-ਪਾਤ ਵਾਲੀ ਗੱਲ ਸਮਝਣੀ ਨਹੀਂ, ਨਾ ਹੀ ਉਹ ਸਮਝਦੇ ਹਨ ਅਤੇ ਨਾ ਹੀ ਸਮਝਣੀ ਚਾਹੁੰਦੇ ਹਨ। ਕਿੳਂੁਕਿ ਜਿਸ ਸਮਾਜ ਵਿਚ ਉਹ ਜੰਮੇ ਤੇ ਪਲ ਰਹੇ ਹੁੰਦੇ ਹਨ, ਉੱਥੇ ਜਾਤ- ਪਾਤ ਦਾ ਸੰਕਲਪ ਹੀ ਨਹੀਂ, ਫੇਰ ਉਹ ਕਿਵੇਂ ਸਮਝਣ? ਅਤੇ ਕਿਉਂ ਸਮਝਣ? ਜੇ ਬੱਚੇ ਕੁੱਝ ਵੱਡੇ ਹੋਣ ਤਾਂ ਉਹ ਜਾਤ ਪਾਤ ਬਾਰੇ ਮਾਪਿਆਂ ਨੂੰ ਇੰਨੇ ਡੂੂੰਘੇ ਸਵਾਲ ਕਰਦੇ ਹਨ ਕਿ ਮਾਪਿਆਂ ਨੂੰ ਕੋਈ ਜਵਾਬ ਨਹੀ ਅਹੁੜਦਾ ਤੇ ਉਹ ਬਿਟਰ ਬਿਟਰ ਝਾਕਦੇ ਹਨ ਅਤੇ ‘ਬੱਚੇ ਸਾਡੇ ਅੱਗੇ ਬੋਲਦੇ ਹਨ’ ਆਖ ਕੇ ਉਨ੍ਹਾਂ ਦੇ ਸਵਾਲਾਂ ਤੋਂ ਮੂੰਹ ਵੱਟਣ ਲੱਗ ਪੈਂਦੇ ਹਨ। ਦਰਅਸਲ ਇਹ ਸਵਾਲ ਮਾਪਿਆਂ ਨੇ ਖੁਦ ਹੀ ਵਾਰ ਵਾਰ ਦੁਹਰਾ ਕੇ ਬੱਚਿਆਂ ਦੇ ਮੂੰਹ ਵਿਚ ਪਾਏ ਹੁੰਦੇ ਹਨ। ਪਰ ਹੁਣ ਉਨ੍ਹਾਂ ਕੋਲ ਜਵਾਬ ਕੋਈ ਨਹੀਂ ਹੁੰਦਾ। ਆਪਣੀ ਮੂਰਖਤਾ ਦਾ ਬੋਝ੍ਹ ਬੱਚਿਆਂ ਦੇ ਮੋਢਿਆਂ ’ਤੇ ਧਰਨ ਦਾ ਕਮੀਨਾ ਜਤਨ ਕਰਦੇ ਹਨ ਅਤੇ ਕਸੂਰਵਾਰ ਵੀ ਬੱਚਿਆਂ ਨੂੰ ਹੀ ਦੱਸਦੇ ਹਨ।
ਇਸ ਤਰਾਂ ਹੀ ਕਈ ਹੋਰ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਅਜਿਹੀ ਸਥਿਤੀ ਵਿਚ ਤਾਂ ਮਾਂ ਬੋਲੀ ਦਾ ਸੰਕਲਪ ਵੀ ਬਦਲ ਜਾਂਦਾ ਹੈ। ਜਿਹੜੇ ਬੱਚੇ ਜਿਸ ਖਿੱਤੇ ਵਿਚ ਜੰਮਦੇ ਹਨ ਉਹਨਾ ਦੀ ਮਾਂ ਬੋਲੀ ਉਸ ਖਿਤੇ ਅੰਦਰਲੀ ਜ਼ੁਬਾਨ ਨੇ ਹੀ ਬਣਨਾ ਹੁੰਦਾ ਹੈ ਨਾ ਕਿ ਜਨਮ ਦੇਣ ਵਾਲੀ ਪਰਦੇਸਣ ਮਾਂ ਦੀ ਬੋਲੀ ਨੇ। ਜਿਸ ਚੌਗਿਰਦੇ ਵਿਚ ਇਨ੍ਹਾਂ ਬੱਚਿਆਂ ਦਾ ਜਨਮ, ਪਾਲਣ-ਪੋਸ਼ਣ ਤੇ ਵਿਕਾਸ ਹੁੰਦਾ ਹੈ, ਉਹ ਵੱਡੇ ਹੁੰਦੇ ਹਨ, ਉੱਥੇ ਪਹਿਲੇ ਕਦਮ ਤੋਂ ਹੀ ਉਨ੍ਹਾਂ ਦਾ ਕਿਸੇ ਹੋਰ ਬੋਲੀ ਜਿਵੇ ਜਰਮਨ, ਫਰੈਂਚ, ਇਟਾਲੀਅਨ, ਡੱਚ, ਯੂਨਾਨੀ, ਸਪੇਨੀ ਤੇ ਅੰਗਰੇਜ਼ੀ ਆਦਿ ਨਾਲ ਪੈਂਦਾ ਹੈ। ਕਿੰਡਰਗਾਰਟਨ (ਨਰਸਰੀ) ਤੋਂ ਸ਼ੁਰੂ ਹੋ ਕੇ ਵੱਡੀਆਂ ਡਿਗਰੀਆਂ ਤੱਕ ਦੀ ਪੜ੍ਹਾਈ ਇਨ੍ਹਾਂ ਮੁਲਕਾਂ ਦੀ ਆਪਣੀ ਜ਼ੁਬਾਨ ਵਿਚ ਹੋਣੀ ਹੁੰਦੀ ਹੈ। ਫੇਰ ਭਲਾਂ ਉਨ੍ਹਾਂ ਦੀ ਮਾਂ ਬੋਲੀ ਕਿਵੇਂ ਕੋਈ ਹੋਰ ਹੋਈ? ਕਈ ਲੋਕ ਅਜੇ ਵੀ ਮਾਂ ਬੋਲੀ ਦੇ ਸੰਕਲਪ ਨੂੰ ਮੱਧਯੁਗੀ ਤਰਕਾਂ ਵਾਲੇ ਗਜ਼ਾਂ ਦੇ ਸਹਾਰੇ ਮਿਣਦੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ। ਇਹਨੂੰ ਗੈਰ-ਵਿਗਿਆਨਕ ਨਜ਼ਰੀਆਂ ਹੀ ਆਖਿਆ ਜਾ ਸਕਦਾ ਹੈ।
ਆਪਣੇ ਜੀੳਂੂਦੇ ਜੀਅ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਾਲਣ ਵਾਲੇ ਲੋਕ ਕਈ ਵਾਰ ਸਿਰਫ ਭਾਵਨਾਤਮਕ ਪੱਧਰ ਤੇ ਸੋਚਦੇ ਹਨ, ਦਲੀਲ ਨਾਲ ਨਹੀਂ। ਆਪਣੀ ਮਾਂ ਬੋਲੀ ਦਾ ਸੰਚਾਰ (ਜਿਹੜੀ ਉਹ ਨਾਲ ਲੈ ਕੇ ਆਏ ਹੁੰਦੇ ਹਨ) ਆਪਣੇ ਬੱਚਿਆਂ ਰਾਹੀਂ ਕਰਦੇ ਹਨ। ਬੱਚੇ ਭਾਵੇਂ ਟੁੱਟੀ-ਫੁੱਟੀ ਹੀ ਸਹੀ ਜਦੋਂ ਉਨ੍ਹਾਂ ਦੀ ਜ਼ੁਬਾਨ ਬੋਲਦੇ ਹਨ ਤਾਂ ਮਾਪੇ ਖੁਸ਼ ਹੁੰਦੇ ਹਨ। ਸ਼ਾਇਦ ਗਾਲਿਬ ਨੂੰ ਚੇਤੇ ਕਰਦੇ ਹੋਣ -‘ਦਿਲ ਕੋ ਬਹਿਲਾਨੇ ਕੇ ਲੀਏ ਗਾਲਿਬ ਯੇਹ ਖਿਆਲ ਅੱਛਾ ਹੈ’। ਕਈ ਥਾਂ (ਇੰਗਲੈਡ, ਕਨੇਡਾ ਬਗੈਰਾ ਅਤੇ ਸਕੈਂਡੇਨੇਵੀਅਨ ਮੁਲਕ) ਇਹ ਸਹੂਲਤ ਵੀ ਹੈ ਕਿ ਭਾਰੀ ਬਹੁਗਿਣਤੀ ਹੋਣ ਕਰਕੇ ਸਕੂਲੀ ਸਲੇਬਸਾਂ ਵਿਚ ਘੱਟ ਗਿਣਤੀ ਦੀਆਂ ਅਜਿਹੀਆਂ ਜੁਬਾਨਾਂ (ਪੰਜਾਬੀ ਆਦਿ) ਨੂੰ ਵੀ ਥਾਂ ਮਿਲ ਜਾਂਦੀ ਹੈ। ਇਹ ਲੋਕ ਘੋਲਾਂ ਦਾ ਸਿੱਟਾ ਹੀ ਹੈ। ਇਸ ਕਰਕੇ ਹੀ ਲੋਕ ਬਹੁਤ ਕੁਝ ਗੁਆਚ ਗਏ ਵਿਚੋਂ ਕੁੱਝ ਕੁ ਬਚ ਗਏ ਦਾ ਮਿੱਠਾ ਅਹਿਸਾਸ ਪਾਲਦੇ ਹਨ। ਛੁੱਟੀਆਂ ਵੇਲੇ ਪਿੰਡ ਫੇਰਾ ਮਾਰਨ ਸਮੇਂ ਇਸ ਟੁੱਟੀ-ਫੁੱਟੀ ਜ਼ੁਬਾਨ ਦੇ ਸਹਾਰੇ ਬੱਚੇ ਆਪਣੇ ਵਡੇਰਿਆਂ ਤੇ ਰਿਸ਼ਤੇਦਾਰਾਂ ਨਾਲ ਥੋੜੀ ਬਹੁਤੀ ਗੱਲਬਾਤ ਕਰ ਲੈਂਦੇ ਹਨ ਅਤੇ ਆਪਣੇ ਮਾਪਿਆਂ ਨੂੰ ਦੁਭਾਸ਼ੀਏ ਬਨਾਉਣ ਦਾ ਉਨ੍ਹਾਂ ’ਤੇ ਬੋਝ੍ਹ ਵੀ ਨਹੀਂ ਪਾਉਦੇ ਤੇ ਇਸ ਦੇ ਆਸਰੇ ਹੀ ਆਪਣੇ ਵਡੇਰਿਆਂ ਦੀਆਂ ਸੱਭਿਆਚਾਰਕ ਰਵਾਇਤਾਂ ਵਿਚੋ ਕੁੱਝ ਫੜ ਲੈਣ ਵਿਚ ਆਪਣੇ ਆਪ ਨੂੰ ਕਾਮਯਾਬ ਹੋ ਗਿਆ ਸਮਝਦੇ ਹਨ।
ਪਰਵਾਸੀਆਂ ਨੂੰ ਕਈ ਵਾਰ ਪਿੱਛੇ ਮੁੜ ਜਾਣ ਦੀ ਝਾਕ ਵੀ ਰਹਿੰਦੀ ਹੈ ਪਰ ਵਿਰਲੇ ਟਾਂਵੇ ਨੂੰ ਛੱਡ ਕੇ ਇਹ ਸੱਚ ਕਦੇ ਵੀ ਨਹੀਂ ਹੁੰਦਾ। ਪਰਵਾਸੀਆਂ ਕੋਲ ਸ਼ਾਇਦ ਵਾਪਸ ਮੁੜਨ ਦੀ ਸੱਤਿਆ ਹੀ ਨਹੀ ਰਹਿੰਦੀ। ਇਹ ਵੀ ਸੱਚ ਹੀ ਹੈ ਕਿ ਜਿਹੜੀ ਪਰਵਾਸੀਆਂ ਦੇ ਬੱਚਿਆਂ ਦੀ ਜਨਮਭੂਮੀ ਹੁੰਦੀ ਹੈ ਉਹ ਹੀ ਉਨ੍ਹਾਂ (ਪਰਵਾਸੀਆਂ ਦੀ ਪਹਿਲੀ ਪੀੜ੍ਹੀ) ਦੀ ਮਰਨ ਭੂਮੀ ਬਣ ਜਾਂਦੀ ਹੈ। ਬਾਕੀ ਖਿਆਲ ਭਰਮ ਜਾਲ ਤੋਂ ਵੱਧ ਕੁੱਝ ਵੀ ਨਹੀਂ ਹੁੰਦੇ।
ਸਿਆਸਤ ਵਲਂੋ ਪਾਈਆਂ ਜਾਂਦੀਆਂ ਵੰਡੀਆਂ ਜਿਨ੍ਹਾਂ ਦਾ ਮਕਸਦ ਕੌਮਾਂਤਰੀ ਪੱਧਰ ਤੇ ਨਵ-ਬਸਤੀਵਾਦ ਨੂੰ ਹਵਾ ਦੇਣਾ ਅਤੇ ਨਵੀਆਂ ਮੰਡੀਆਂ ਦੀ ਭਾਲ ਕਰਕੇ ਗਰੀਬ ਮੁਲਕਾਂ ਦੀ ਆਰਥਿਕ ਲੁੱਟ ਕਰਨ ਦੇ ਨਾਲ ਹੀ ਸਿਆਸੀ ਤੇ ਸੱਭਿਆਚਾਰਕ ਗਲਬਾ ਕਾਇਮ ਕਰਨ ਦੇ ਜਤਨ ਕਰਨਾ ਵੀ ਹੁੰਦਾ ਹੈ। ਦੁਨੀਆਂ ਦੇ ਨਕਸ਼ੇ ਤੇ ਪਰਵਾਸ ਰਾਹੀ ਸੱਭਿਆਚਾਰਕ ਸਾਂਝ ਵੀ ਫੈਲਦੀ ਹੈ। ਕਲਾ ਅਤੇ ਸਾਹਿਤ ਆਪਣੇ ਯੋਗਦਾਨ ਰਾਹੀ ਲੋਕਾਂ ਨੂੰ ਭੈਅ ਮੁਕਤ ਕਰਨ ਦੇ ਕਾਰਜ ਰਸਤੇ ਲੋਕਾਂ ਨੂੰ ਨੇੜੇ ਲਿਆਉਣ ਅਤੇ ਹੋਸ਼ਮੰਦ ਲੋਕਾਂ ਦੇ ਨਵੇ ਭਾਈਚਾਰੇ ਦੀ ਸਿਰਜਣਾ ਵਿਚ ਮੱਦਦ ਕਰਦੇ ਹਨ। ਬਦਲਦੇ ਸਮੇਂ ਨਾਲ ਹਰ ਖੇਤਰ ਨੇ ਸਾਂਝੀਆਂ ਸਰਗਰਮੀਆਂ ਰਾਹੀ ਸਰੂਪ ਵਟਾਉਣਾ ਹੀ ਹੁੰਦਾ ਹੈ।
****

ਵਾਰਿਸ ਸ਼ਾਹ ਦੀ ਦੁਹਾਈ.......... ਸ਼ਮੀ ਜਲੰਧਰੀ

ਕਰੋ ਕਤਲ ਨਾ ਮੇਰੀ ਹੀਰ ਦਾ ਪਾਵੇ ਤਰਲੇ ਵਾਰਿਸ ਸ਼ਾਹ ਆਪ ਮੀਆਂ
ਵਾਰਿਸ ਬਣ ਕੇ ਮੇਰੀ ਹੀਰ ਦੇ ਮੇਰੀ ਅਲਖ਼ ਨੂੰ ਕਰੋ ਨਾ ਖਾਕ ਮੀਆਂ

ਜੇ ਅੰਦਰੋ ਹੀ ਮਨ ਸੂਫੀ ਹੋਵੇ ਕੀ ਲੋੜ ਹੈ ਭੇਸ ਵੱਟਾਵਣ ਦੀ
ਜੋ ਰਾਹ ਚਲਦੇ ਨੇ ਸੂਫੀਆਂ ਨਾ ਰੱਖਣ ਪੈਸੇ ਦੀ ਝਾਕ ਮੀਆਂ

ਖੋਹ ਕੇ ਮੇਰੇ ਅਲਫਾਜ਼ ਓਹਨਾ ਹਰ ਲਫ਼ਜ਼ ਨੂੰ ਖ਼ੰਜਰ ਮਾਰਿਆ ਏ
ਖੂਨੀ ਲਫਜ਼ਾਂ ਦੇ ਨਾਲ ਪਾਉਦੇ ਨੇ ਮਹਿਫਲ ਦੇ ਵਿੱਚ ਬਾਤ ਮੀਆਂ

ਨਾ ਸਮਝ ਜਿਹੇ ਕੁਝ ਲੋਕ ਨੇ ਮੇਰੀ ਮੌਤ ਤੇ ਤਾੜੀਆਂ ਮਾਰਦੇ ਨੇ
ਮੇਰੇ ਕਾਤਿਲ ਨੂੰ ਮੇਰਾ ਨਾਂਅ ਲੈ ਲੈ ਕੇ ਮਾਰ ਰਹੇ ਨੇ ਹਾਕ ਮੀਆਂ

ਨਾ ਕਰੋ ਬੇਅਦਬੀ ਅਦਬ ਦੀ ਅਦਬ ਦੇ ਪਹਰੇਦਾਰ ਬਣ ਕੇ
ਤੜਫ ਰਹੀ ਮੇਰੀ ਰੂਹ ਉਤੇ ਵਾਰੋ ਵਾਰੀ ਕਰੋ ਨਾ ਘਾਤ ਮੀਆਂ

ਲੱਖ ਵਾਰ ਕਰੇ ਸਲਾਮ ਦੁਨੀਆਂ ਇਹ ਨਕਲੀ ਕੱਚੇ ਰੰਗਾਂ ਨੂੰ
ਦੇ ਨਾ ਸਕਦੀ ਨਕਲ ਕਦੇ ਵੀ ਅਸਲੋਂ ਅਸਲ ਨੂੰ ਮਾਤ ਮੀਆਂ

'ਸ਼ਮੀ' ਮੰਗ ਕੇ ਲੋਅ ਚਿਰਾਗਾਂ ਤੋ ਆਪਣੀ ਸਮਝ ਨੂੰ ਤੂੰ ਵੀ ਰੋਸ਼ਨ ਕਰ
ਕਰੇ ਅੱਲ੍ਹਾ ਅਕਲ ਦਾ ਨੂਰ ਐਸਾ , ਮੁੱਕੇ ਬੇਅਕਲੀ ਦੀ ਰਾਤ ਮੀਆਂ

ਮੇਰੀ ਕੈਨੇਡਾ ਫ਼ੇਰੀ (ਕਿਸ਼ਤ 2) .......... ਸਫ਼ਰਨਾਮਾ / ਸਿ਼ਵਚਰਨ ਜੱਗੀ ਕੁੱਸਾ

ਏਅਰ ਕੈਨੇਡਾ ਨੇ ਦੁਪਹਿਰ 02:05 'ਤੇ ਵੈਨਕੂਵਰ ਲੱਗਣਾ ਸੀ। ਪਰ ਫ਼ਲਾਈਟ ਅੱਧਾ ਕੁ ਘੰਟਾ ਲੇਟ, 02:35 'ਤੇ ਉਤਰੀ ਅਤੇ ਜਦ ਮੈਂ ਏਅਰਪੋਰਟ ਦੇ ਅੰਦਰ ਦਾਖ਼ਲ ਹੋਇਆ ਤਾਂ ਸਕਰੀਨ 'ਤੇ ਪੰਜਾਬੀ ਵਿਚ "ਕੈਨੇਡਾ ਵਿਚ ਤੁਹਾਡਾ ਸੁਆਗਤ ਹੈ" ਪੜ੍ਹਿਆ। ਮੇਰੀ ਹੈਰਾਨਗੀ ਦੀ ਹੱਦ ਨਾ ਰਹੀ। ਕੈਨੇਡਾ ਵਿਚ ਪੰਜਾਬੀ ਦਾ ਇਤਨਾ ਬੋਲਬਾਲਾ...? ਕੈਨੇਡਾ ਵੱਸਦੇ ਪੰਜਾਬੀਆਂ 'ਤੇ ਕੁਰਬਾਨ ਹੋ ਜਾਣ ਨੂੰ ਜੀਅ ਕੀਤਾ। ਜਦ ਇੰਮੀਗਰੇਸ਼ਨ ਕਾਊਂਟਰ 'ਤੇ ਪਹੁੰਚਿਆ ਤਾਂ ਇਕ ਸੋਹਣੀ ਸੁਨੱਖੀ, ਛਮਕ ਵਰਗੀ ਗੋਰੀ ਅਫ਼ਸਰ ਕੋਲ਼ ਮੇਰੀ ਵਾਰੀ ਆਈ। ਉਸ ਨੇ ਮੇਰਾ ਪਾਸਪੋਰਟ ਖੋਲ੍ਹ ਕੇ ਦੇਖਿਆ ਅਤੇ ਇਕ-ਦੋ ਸੰਖੇਪ ਸੁਆਲ ਪੁੱਛੇ ਅਤੇ ਮੋਹਰ ਮਾਰ ਕੇ ਮੇਰਾ ਰਾਹ ਖਾਲੀ ਕਰ ਦਿੱਤਾ। ਅਟੈਚੀ ਚੁੱਕ ਕੇ ਬਾਹਰ ਆਇਆ ਤਾਂ ਸਕਰੀਨ 'ਤੇ ਪੰਜਾਬੀ ਵਿਚ ਹੀ ਵੈਨਕੂਵਰ ਪਹੁੰਚਣ ਵਾਲ਼ੇ ਯਾਤਰੀਆਂ ਦੀ ਸੂਚੀ ਵੀ ਪੰਜਾਬੀ, ਚੀਨੀ ਅਤੇ ਹੋਰ ਭਾਸ਼ਾਵਾਂ ਵਿਚ ਨਸ਼ਰ ਹੋ ਰਹੀ ਸੀ। ਅੰਗਰੇਜ਼ੀ ਨੂੰ ਕੋਈ ਬਹੁਤੀ ਪਹਿਲ ਨਹੀਂ ਸੀ। ਹਾਲਾਂ ਕਿ ਅੰਗਰੇਜ਼ੀ ਕੈਨੇਡਾ ਦੀ ਮੁੱਖ ਜ਼ੁਬਾਨ ਹੈ। ਮੈਨੂੰ ਪਿਛਲੀ ਵਾਰ ਪੰਜਾਬ ਜਾਣ ਦੀ ਗੱਲ ਚੇਤੇ ਆਈ। ਮੈਂ ਮੋਗੇ ਤੋਂ ਪਿੰਡ ਨੂੰ ਜਾ ਰਿਹਾ ਸੀ। ਤਿੰਨ ਚਾਰ ਮੇਰੇ ਬੇਲੀ ਮੇਰੇ ਨਾਲ਼ ਸਾਡੀ ਸਕਾਰਪੀਓ ਗੱਡੀ ਵਿਚ ਸਫ਼ਰ ਕਰ ਰਹੇ ਸਨ। ਗੱਡੀ ਜਗਜੀਤ ਕਾਉਂਕੇ ਚਲਾ ਰਿਹਾ ਸੀ। ਜਦ ਮੈਂ ਪੰਜਾਬੀ ਦੇ ਲੱਗੇ ਬੋਰਡਾਂ ਵੱਲ ਗਹੁ ਨਾਲ਼ ਨਜ਼ਰ ਮਾਰੀ ਤਾਂ ਕੁੱਸਾ ਦੀ ਥਾਂ 'ਕੁਸਾ', ਬੌਡੇ ਦੀ ਥਾਂ 'ਬੋਡੇ' ਅਤੇ ਨੰਗਲ਼ ਦੀ ਜਗਾਹ 'ਨੱਗਲ' ਲਿਖਿਆ ਪਿਆ ਸੀ। ਮੈਂ ਹੈਰਾਨ ਹੋਇਆ ਕਿ ਕੀ ਪੰਜਾਬੀ ਮਾਂ ਬੋਲੀ ਦਾ ਢੰਡੋਰਾ ਪਿੱਟਣ ਵਾਲ਼ੇ ਮੰਤਰੀ-ਛੰਤਰੀ ਇੱਧਰ ਦੀ ਨਹੀਂ ਗੁਜ਼ਰਦੇ...? ਕੀ ਉਹਨਾਂ ਨੂੰ ਇਹ ਪਹਿਲੀ ਸੱਟੇ ਅੱਖਾਂ ਵਿਚ ਰੜਕਣ ਵਾਲ਼ੇ ਬੋਰਡਾਂ ਬਾਰੇ ਕੋਈ ਪਤਾ ਨਹੀਂ..? ਜੇ ਪਤਾ ਹੈ ਤਾਂ ਘੇਸਲ਼ ਕਿਉਂ ਮਾਰ ਛੱਡਦੇ ਨੇ..? ਸਾਡੇ ਪਿੰਡ ਇਕ ਬਜ਼ੁਰਗ ਨੇ ਪਿੰਡ ਦੇ ਬਾਹਰ ਬਾਹਰ ਪਸ਼ੂਆਂ ਦੇ ਪਾਣੀ ਪੀਣ ਲਈ 'ਚਲ੍ਹਾ' ਬਣਾਇਆ ਹੋਇਆ ਸੀ, ਜਿੱਥੇ ਉਸ ਨੇ ਸੀਮਿੰਟ ਦੇ ਪਲੱਸਤਰ ਉਪਰ ਆਪ ਹੀ ਹੱਥ ਨਾਲ਼ ਉਕਰਿਆ ਹੋਇਆ ਸੀ, "ਇਥੇ ਟੰਟੀ ਵਾਲੇ ਹੰਥ ਧੋਨੇ ਮਣਾਹ ਹੱਨ!" ਮਤਲਬ ਇੱਥੇ ਜੰਗਲ-ਪਾਣੀ ਵਾਲ਼ੇ ਹੱਥ ਧੋਣੇ ਮਨ੍ਹਾਂ ਹਨ! ਪਰ ਉਹ ਬਜ਼ੁਰਗ ਤਾਂ ਅਨਪੜ੍ਹ ਬੰਦਾ ਸੀ। ਪਰ ਸਾਡੇ ਆਗੂ ਜਾਂ ਪੰਚਾਇਤਾਂ ਤਾਂ ਹੁਣ ਪੜ੍ਹੀਆਂ ਲਿਖੀਆਂ ਹਨ, ਇਹ ਕਿਉਂ ਨਹੀਂ ਇਹਨਾਂ ਬੋਰਡਾਂ ਦਾ ਕੋਈ ਸੁਧਾਰ ਕਰਵਾਉਂਦੇ...? 
ਮੈਂ ਇਕ ਵਾਰੀ ਆਪਣੇ ਇਕ ਉੱਚ ਪੁਲ਼ਸ ਅਫ਼ਸਰ ਮਿੱਤਰ ਨਾਲ਼ ਗੱਲ ਕੀਤੀ ਕਿ ਚਲੋ ਸਾਡੇ ਪੁਰਾਣੇ ਬਜ਼ੁਰਗ ਤਾਂ ਆਪ ਅਨਪੜ੍ਹ ਸਨ ਅਤੇ ਉਹਨਾਂ ਨੂੰ ਠਾਣੇਦਾਰ ਜਾਂ ਪੁਲ਼ਸ ਅਫ਼ਸਰ ਵੀ ਉਹੋ ਜਿਹੇ ਹੀ ਚਾਹੀਦੇ ਸਨ, ਜਿਹੋ ਜਿਹੇ ਉਹ ਆਪ ਗਾਲ਼ੀ ਗਲ਼ੋਚ ਕਰਨ ਵਾਲ਼ੇ ਸਨ। ਮਤਲਬ ਗਾਲ਼ ਕੱਢ ਕੇ ਗੱਲ ਕਰਨ ਵਾਲ਼ੇ! ਪਰ ਹੁਣ ਤਾਂ ਦੁਨੀਆਂ ਪੜ੍ਹ-ਲਿਖ ਗਈ ਹੈ, ਹੁਣ ਤਾਂ ਪੁਲੀਸ ਨੂੰ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ? ਤਾਂ ਉਸ ਨੇ ਮੈਨੂੰ ਬੜੇ ਸੰਖੇਪ ਲਹਿਜੇ ਵਿਚ ਆਖਿਆ ਕਿ ਬਾਈ ਜੱਗੀ, ਜੇ ਪੁਲ਼ਸ ਆਪਣਾ ਲਹਿਜਾ ਬਦਲ ਲਵੇ ਤਾਂ ਕਰਾਈਮ ਰਾਤੋ-ਰਾਤ ਦੁੱਗਣਾਂ ਹੋ ਜਾਵੇ! ਜਦ ਮੈਂ ਯੂਰਪੀਅਨ ਪੁਲੀਸ ਬਾਰੇ ਆਪਣੇ ਨਿੱਜੀ ਤਜ਼ਰਬੇ ਦੱਸੇ ਤਾਂ ਉਸ ਨੇ ਫਿ਼ਰ ਸੰਖੇਪ ਕਿਹਾ ਕਿ ਯੂਰਪ ਵਿਚ ਕਾਨੂੰਨ ਹਨ। ਜੇ ਪੁਲੀਸ ਦਾ ਸਿਪਾਹੀ ਵੀ ਕੇਸ ਦਰਜ਼ ਕਰਦਾ ਹੈ ਤਾਂ ਦੋਸ਼ੀ ਨੂੰ ਅਦਾਲਤ ਵੱਲੋਂ ਢੁਕਵੀਂ ਸਜ਼ਾ ਵੀ ਹੋ ਜਾਂਦੀ ਹੈ, ਜਾਂ ਜ਼ੁਰਮਾਨਾਂ ਅਦਾ ਕਰਨਾ ਪੈ ਜਾਂਦਾ ਹੈ। ਜ਼ੁਰਮ ਛੋਟਾ ਹੋਣ 'ਤੇ 'ਕਮਿਊਨਿਟੀ ਸਰਵਿਸ' ਦੀ ਜਾਂ ਪਹਿਲਾ ਜ਼ੁਰਮ ਹੋਣ ਕਾਰਨ 'ਸੱਸਪੈਂਡਿਡ ਜੇਲ੍ਹ ਸੰਟੈਂਸ' ਕੀਤੀ ਜਾਂਦੀ ਹੈ। ਪਰ ਇੱਥੇ ਤਾਂ ਕੇਸ ਦਫ਼ਾ 307, ਇਰਾਦਾ ਕਤਲ ਦਾ ਤਿਆਰ ਕੀਤਾ ਜਾਂਦਾ ਹੈ ਅਤੇ ਗਵਾਹ ਅਦਾਲਤ ਜਾਣ ਵੇਲ਼ੇ ਰਾਹ 'ਚ ਹੀ ਮੁੱਕਰ ਜਾਂਦੇ ਨੇ! ਜਾਂ ਤਾਂ ਗਵਾਹ ਲਾਲਚ 'ਚ ਆ ਜਾਂਦਾ ਹੈ ਅਤੇ ਜਾਂ ਦਬਾਅ ਥੱਲੇ! ...ਤੇ ਜਿੱਥੇ ਗਵਾਹੀ ਨਹੀਂ, ਉਥੇ ਸਜ਼ਾ ਨਹੀਂ! ਬੰਦਾ ਬਰੀ ਹੋ ਜਾਂਦਾ ਹੈ। ਉਸ ਦੀਆਂ ਗੱਲਾਂ ਮੇਰੇ ਮਨ ਵੀ ਲੱਗਦੀਆਂ ਸਨ ਅਤੇ ਦਿਲ ਵੀ ਮੰਨਦਾ ਸੀ। 
ਮੈਂ ਵੈਨਕੂਵਰ ਦੇ ਵੇਟਿੰਗ ਹਾਲ ਵਿਚ ਖੜ੍ਹਾ ਸਕਰੀਨ 'ਤੇ ਪੰਜਾਬੀ ਵਿਚ ਗਲਤੀਆਂ ਕੱਢਣ ਦੀ ਕੋਸਿ਼ਸ਼ ਕਰ ਰਿਹਾ ਸੀ। ਪਰ ਸਕਰੀਨ 'ਤੇ ਮੈਨੂੰ ਇਕ ਵੀ ਗਲਤੀ ਪੰਜਾਬੀ ਵਿਚ ਨਹੀਂ ਮਿਲ਼ੀ। ਮੈਂ ਇਸ ਗੱਲੋਂ ਹੈਰਾਨ ਅਤੇ ਕੈਨੇਡਾ ਵਾਲਿ਼ਆਂ ਦੇ ਬਲਿਹਾਰੇ ਵੀ ਜਾ ਰਿਹਾ ਸੀ। ਹਰਜੀਤ ਗਿੱਲ ਨੇ ਹੀ ਮੈਨੂੰ ਵੈਨਕੂਵਰ ਏਅਰਪੋਰਟ ਤੋਂ ਲੈਣ ਆਉਣਾ ਸੀ। ਪਰ ਮੇਰੀ ਅੱਧੇ ਘੰਟੇ ਦੀ ਉਡੀਕ ਕਰਨ ਦੇ ਬਾਵਯੂਦ ਹਰਜੀਤ ਨਾ ਬਹੁੜਿਆ। ਮੈਂ ਬੜਾ ਹੈਰਾਨ ਹੋਇਆ ਕਿ ਹਰਜੀਤ ਪਹੁੰਚਿਆ ਕਿਉਂ ਨਹੀਂ? ਅਖੀਰ ਮੈਂ ਇਕ ਦਸਤਾਰ ਵਾਲ਼ੇ ਸਿੰਘ ਕੋਲ਼ ਜਾ ਕੇ ਬੇਨਤੀ ਕੀਤੀ।
-"ਬਾਈ ਜੀ ਸਾਸਰੀਕਾਲ..!"
-"ਸਾਸਰੀਕਾਲ ਜੀ..!"
-"ਬਾਈ ਜੀ, ਮੈਨੂੰ ਸ਼ੇਰੇ ਪੰਜਾਬ ਰੇਡੀਓ ਵਾਲ਼ੇ ਹਰਜੀਤ ਨੇ ਲੈਣ ਆਉਣਾ ਸੀ, ਆਹ ਓਸ ਦਾ ਨੰਬਰ ਹੈ, ਬਾਈ ਜੀ ਬਣ ਕੇ ਉਹਨੂੰ ਮਾੜਾ ਜਿਆ ਫ਼ੋਨ ਕਰੋਂਗੇ..?"
-"ਲਿਆਓ ਜੀ..! ਪਹਿਲਾਂ ਮੈਂ ਉਹਦੇ ਨਾਲ਼ ਗੱਲ ਕਰ ਲਵਾਂ..!" ਉਸ ਨੇ ਨੰਬਰ ਮਿਲਾਉਂਦਿਆਂ ਕਿਹਾ।
ਉਹ ਸੱਜਣ ਹਰਜੀਤ ਨੂੰ ਆਪਣਾ ਨਾਂ 'ਮੁਲਤਾਨੀ' ਦੱਸ ਰਿਹਾ ਸੀ। ਉਸ ਨੇ ਕੁਝ ਸਮਾਂ ਗੱਲ ਕਰ ਕੇ ਫ਼ੋਨ ਮੈਨੂੰ ਫ਼ੜਾ ਦਿੱਤਾ।
-"ਬਾਈ ਜੀ..! ਵੈੱਲਕਮ ਟੂ ਕੈਨੇਡਾ..!" ਹਰਜੀਤ ਦੀ ਅਵਾਜ਼ ਸੀ।
-"ਥੈਂਕ ਯੂ ਜੀ..!"
-"ਬਾਈ ਜੀ, ਅੱਜ ਇੱਥੇ ਨਗਰ ਕੀਰਤਨ ਸੀ, ਮੇਰੀ ਗੱਡੀ 'ਟੋਅ' ਹੋ ਗਈ, ਤੁਸੀਂ ਚਿੰਤਾ ਨਾ ਕਰੋ, ਮੁੰਡੇ ਤੁਹਾਨੂੰ ਲੈਣ ਲਈ ਚੱਲੇ ਹੋਏ ਨੇ ਤੇ ਦਸ ਪੰਦਰਾਂ ਮਿੰਟ 'ਚ ਪਹੁੰਚ ਜਾਣਗੇ, ਚਿੰਤਾ ਵਾਲ਼ੀ ਕੋਈ ਗੱਲ ਨਹੀਂ, ਰਿਲੈਕਸ ਹੋ ਕੇ ਖੜ੍ਹੋ! ਮੁੰਡੇ ਪਹੁੰਚੇ ਲਓ! ਜੇ ਮੇਰੀ ਗੱਡੀ ਟੋਅ ਨਾ ਹੁੰਦੀ ਤਾਂ ਮੈਂ ਤੁਹਾਡੀ ਫ਼ਲਾਈਟ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਜਾਣਾ ਸੀ! ਪਰ ਫਿ਼ਕਰ ਵਾਲ਼ੀ ਗੱਲ ਕੋਈ ਨੀ, ਮੁੰਡੇ ਨਗਰ ਕੀਰਤਨ 'ਚ ਬਿਜ਼ੀ ਸੀਗੇ, ਆਹ ਹੁਣੇਂ ਈ ਤੁਰੇ ਐ, ਦਸ ਪੰਦਰਾਂ ਮਿੰਟ 'ਚ ਆ ਜਾਣਗੇ, ਤੁਸੀਂ ਐਥੇ ਈ ਵੇਟ ਕਰੋ..!" ਹਰਜੀਤ ਨੇ ਮੇਰਾ ਸੰਸਾ ਨਵਿੱਰਤ ਕਰ ਦਿੱਤਾ।
ਮੈਂ ਫਿ਼ਰ ਵੈਨਕੂਵਰ ਏਅਰਪੋਰਟ ਦਾ ਜਾਇਜਾ ਜਿਹਾ ਲੈਣਾ ਸ਼ੁਰੂ ਕਰ ਦਿੱਤਾ।
ਵੀਹ ਕੁ ਮਿੰਟ ਬਾਅਦ ਕਮਲਜੀਤ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ ਹੇਰਾਂ ਅਤੇ ਅਮਰਜੀਤ ਸਿੰਘ ਮੈਨੂੰ ਲੈਣ ਆ ਪਹੁੰਚੇ। ਉਹਨਾਂ ਮੇਰਾ ਅਟੈਚੀ ਗੱਡੀ ਵਿਚ ਰੱਖਿਆ ਅਤੇ ਅਸੀਂ ਅੱਧੇ ਕੁ ਘੰਟੇ ਵਿਚ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਗਏ। ਹਰਕੀਰਤ ਸਿੰਘ, ਮੁੱਖ ਸੰਪਾਦਕ ਪੰਜਾਬ ਗਾਰਡੀਅਨ, ਜਗਤ ਪ੍ਰਸਿੱਧ ਪੱਤਰਕਾਰ ਸੁਖਮਿੰਦਰ ਸਿੰਘ ਚੀਮਾਂ ਅਤੇ ਹੋਰ ਦੋਸਤ ਮਿੱਤਰ ਉਥੇ ਹਾਜ਼ਰ ਸਨ। ਸੁਖਮਿੰਦਰ ਸਿੰਘ ਚੀਮਾਂ ਮੇਰੇ ਬੜਾ ਸਤਿਕਾਰ ਦਾ ਪਾਤਰ ਹੈ। ਮੈਂ ਬੜੇ ਚਿਰ ਤੋਂ ਇਸ ਬਾਈ ਨੂੰ ਲੱਭਦਾ ਫਿ਼ਰਦਾ ਸੀ। ਪਰ ਮੇਲ ਅੱਜ ਪਹਿਲੀ ਵਾਰ ਹੋਏ ਸਨ। ਪੱਤਰਕਾਰੀ ਦੇ ਨਾਲ਼-ਨਾਲ਼ ਉਹ 'ਰੇਡੀਓ ਇੰਡੀਆ' ਦਾ ਵੀ ਚਰਚਿਤ 'ਹੋਸਟ' ਹੈ! ਚਾਹ ਪਾਣੀ ਪੀਤਾ ਗਿਆ ਅਤੇ ਅਗਲੇ ਦਿਨ ਪੰਜਾਬ ਗਾਰਡੀਅਨ ਦੇ ਹੋ ਰਹੇ ਸਮਾਗਮ ਬਾਰੇ ਵਿਚਾਰ ਵਟਾਂਦਰੇ ਵੀ ਚੱਲ ਰਹੇ ਸਨ। 
ਅਜੇ ਅਸੀਂ ਚਾਹ ਪਾਣੀ ਪੀ ਕੇ ਹੀ ਹਟੇ ਸੀ ਕਿ ਹਰਜੀਤ ਗਿੱਲ ਆ ਗਿਆ। ਸੋਹਣਾਂ-ਸੁਨੱਖਾ ਦਰਸ਼ਣੀ ਜੁਆਨ ਮੋਰ ਵਾਂਗ ਪੈਹਲ੍ਹ ਪਾਉਂਦਾ ਆ ਰਿਹਾ ਸੀ! ਠੋਕ ਕੇ ਬੰਨ੍ਹੀ ਹੋਈ ਕੇਸਰੀ ਦਸਤਾਰ ਮਲਵਈ ਹੋਣ ਦੀ ਸ਼ਾਹਦੀ ਭਰਦੀ ਸੀ ਅਤੇ ਭਰਵੀਆਂ ਮੁੱਛਾਂ ਦੀ ਨੱਕ ਦੇ ਦੁਆਲ਼ੇ ਕੀਤੀ ਗੋਲ਼ ਗੁੱਛੀ ਕਿਸੇ ਸੋਢੀ ਸਰਦਾਰ ਦਾ ਭੁਲੇਖਾ ਪਾਉਂਦੀ ਸੀ। 
-"ਅੱਜ ਬਾਈ ਨੇ ਆਉਣਾ ਸੀ ਤੇ ਅੱਜ ਕੰਜਰ ਮੇਰੀ ਕਾਰ ਚੱਕ ਕੇ ਲੈਗੇ...!" ਆਉਣਸਾਰ ਹਰਜੀਤ ਮੇਰੇ ਗਲ਼ ਨੂੰ ਚਿੰਬੜ ਗਿਆ। 
ਭਰਾਵਾਂ ਨੂੰ ਮਿਲ਼ ਕੇ ਰੱਬ ਤੋਂ ਸਾਰੇ ਗਿਲੇ-ਸਿ਼ਕਵੇ ਮਿਟ ਗਏ। ਮੇਰੀ ਕੈਨੇਡਾ ਪਹੁੰਚਣ ਦੀ ਖ਼ਬਰ ਵਿਚ ਹਰਜੀਤ ਗਿੱਲ ਦਾ ਫ਼ੋਨ ਨੰਬਰ ਦਿੱਤਾ ਹੋਇਆ ਸੀ। ਹਰਜੀਤ ਦੇ ਦੱਸਣ ਅਨੁਸਾਰ ਕੈਨੇਡਾ ਤੋਂ ਥਾਂ-ਥਾਂ ਤੋਂ ਬਹੁਤ ਫ਼ੋਨ ਆ ਰਹੇ ਹਨ। ਸ਼ਾਮ ਨੂੰ ਪੰਜਾਬ ਗਾਰਡੀਅਨ ਦੇ ਦਫ਼ਤਰ 'ਚੋਂ ਉਠ ਕੇ ਮੈਂ ਅਤੇ ਹਰਜੀਤ ਗਿੱਲ ਇਕ 'ਕੈਫ਼ੇ' ਦੇ ਬਾਹਰ ਆ ਬੈਠੇ। ਉਥੇ ਹੀ ਹਰਜੀਤ ਦਾ ਬਹੁਤ ਹੀ ਨਿੱਘਾ ਯਾਰ ਅਤੇ ਕਬੱਡੀ ਦਾ ਸ਼ਾਹ ਅਸਵਾਰ ਲੱਖਾ ਗਾਜ਼ੀਪੁਰੀਆ ਆ ਮਿਲਿ਼ਆ। ਲੱਖੇ ਨੇ ਕਬੱਡੀ ਇਤਿਹਾਸ ਵਿਚ ਬੜੀਆਂ ਮੱਲਾਂ ਮਾਰੀਆਂ ਹਨ ਅਤੇ ਕਬੱਡੀ ਅਖਾੜੇ ਵਿਚ ਭੰਦਰੋਲ਼ ਪਾਈ ਰੱਖਿਆ ਹੈ! ਅੱਜ ਵੀ ਉਸ ਕਬੱਡੀ ਦੇ ਸੂਰਮੇਂ ਨੂੰ ਸਲਾਮਾਂ ਹੁੰਦੀਆਂ ਨੇ!
ਹਰਜੀਤ ਨੇ ਕੌਫ਼ੀ ਅਤੇ ਮੈਂ ਚਾਹ ਪੀਤੀ। ਅਸੀਂ ਅਜੇ ਚਾਹ ਹੀ ਪੀ ਰਹੇ ਸੀ ਕਿ ਸਾਡੇ ਪਿੰਡ ਵਾਲ਼ੀ ਭੈਣ ਮੀਤੋ ਦਾ ਫ਼ੋਨ ਆ ਗਿਆ। ਮੀਤੋ ਮੇਰੀ ਸਭ ਤੋਂ ਵੱਡੀ ਭੈਣ ਨਾਲ਼ ਪੜ੍ਹਦੀ ਹੁੰਦੀ ਸੀ। ਸ਼ਾਇਦ 30-35 ਸਾਲ ਤੋਂ ਅਸੀਂ ਇਕ ਦੂਜੇ ਨੂੰ ਕਦੇ ਨਹੀਂ ਦੇਖਿਆ। ਤਾਈ ਨੰਦ ਕੌਰ ਨੂੰ ਤਾਂ ਮੈਂ ਪਿਛਲੇ ਸਾਲ ਬਾਪੂ ਜੀ ਦੀ ਬਰਸੀ ਮੌਕੇ ਪਿੰਡ ਮਿਲ਼ ਆਇਆ ਸੀ। ਮੈਂ ਛੋਟਾ ਜਿਹਾ ਹੁੰਦਾ ਸੀ, ਜਦੋਂ ਭੈਣ ਮੀਤੋ ਵਿਆਹ ਕਰਵਾ ਕੇ ਕੈਨੇਡਾ ਆ ਗਈ ਸੀ ਅਤੇ ਅੱਜ ਕੱਲ੍ਹ ਐਬਟਸਫ਼ੋਰਡ ਰਹਿੰਦੀ ਹੈ। ਉਸ ਭੈਣ ਨਾਲ਼ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਅਸੀਂ ਹਰਜੀਤ ਗਿੱਲ ਦੇ ਘਰ ਆ ਗਏ। 
ਜਦ ਅਸੀਂ ਹਰਜੀਤ ਦੇ ਘਰ ਪਹੁੰਚੇ ਤਾਂ ਮੈਨੂੰ ਮਿਲ਼ ਕੇ ਜਿਵੇਂ ਗਿੱਲ ਦੇ ਸਮੁੱਚੇ ਪ੍ਰੀਵਾਰ ਨੂੰ ਚਾਅ ਚੜ੍ਹ ਗਿਆ। ਹਰਜੀਤ ਗਿੱਲ ਦੀ ਸਿੰਘਣੀ, ਭੈਣ ਸਤਵਿੰਦਰ ਕੌਰ, ਬੇਟਾ ਬਲਰਾਜ ਸਿੰਘ, ਬੇਟੀ ਰਵਰਾਜ ਕੌਰ, ਬਾਪੂ ਸ. ਮੋਦਨ ਸਿੰਘ ਜੀ ਗਿੱਲ ਅਤੇ ਬੀਜੀ, ਮਾਤਾ ਗੁਰਮੇਲ ਕੌਰ ਗਿੱਲ, ਸਾਰਾ ਪ੍ਰੀਵਾਰ ਮੈਨੂੰ ਇੰਜ ਆਪਣਿਆਂ ਵਾਂਗ ਮਿਲਿ਼ਆ, ਜਿਵੇਂ ਮੈਨੂੰ ਜੁੱਗੜਿਆਂ ਤੋਂ ਜਾਣਦਾ ਸੀ। ਚਾਹੇ ਇਸ ਸਤਿਯੁਗੀ ਪ੍ਰੀਵਾਰ ਨੂੰ ਮੈਂ ਪਹਿਲੀ ਵਾਰ ਮਿਲ਼ ਰਿਹਾ ਸਾਂ। ਪਰ ਸਾਰੇ ਟੱਬਰ ਦੀ ਦਿਲੀ ਅਪਣੱਤ ਮੈਨੂੰ ਕਾਇਲ ਕਰ ਗਈ ਸੀ। ਮੈਨੂੰ ਰਤੀ ਭਰ ਵੀ ਮਹਿਸੂਸ ਨਾ ਹੋਇਆ ਕਿ ਇਸ ਪ੍ਰੀਵਾਰ ਨਾਲ਼ ਮੇਰੀ ਪਹਿਲੀ ਮਿਲਣੀ ਸੀ। ਮੈਂ ਜਦ ਬਾਪੂ ਜੀ ਅਤੇ ਬੀਜੀ ਦੇ ਪੈਰੀਂ ਹੱਥ ਲਾਏ ਤਾਂ ਉਹਨਾਂ ਦੋਹਾਂ ਨੇ ਮੈਨੂੰ ਪੁੱਤਰਾਂ ਵਾਂਗ ਬੁੱਕਲ਼ ਵਿਚ ਲੈ ਕੇ ਮੇਰੀ ਮਾਂ-ਬਾਪ ਵਾਲ਼ੀ ਘਾਟ ਵਾਲ਼ੀ ਕਸਰ ਪੂਰੀ ਕਰ ਦਿੱਤੀ। ਬੀਜੀ ਦੀ ਬੁੱਕਲ਼ ਵਿਚ ਮਾਂ ਦੀ ਸੁਗੰਧ ਅਤੇ ਬਾਪੂ ਜੀ ਦੀ ਜੱਫ਼ੀ ਵਿਚ ਬਾਪੂ ਵਾਲ਼ਾ ਆਸ਼ੀਰਵਾਦ ਸੀ! ਭੈਣ ਸਤਵਿੰਦਰ ਕੌਰ ਗਿੱਲ ਦੀ ਮਿਲਣੀ ਵਿਚੋਂ ਨਿੱਕੀਆਂ ਭੈਣਾਂ ਵਾਲ਼ੀ ਭਾਵਨਾਂ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਉਹਨਾਂ ਨੂੰ ਮਿਲ਼ ਕੇ ਮੇਰੀ ਜਿ਼ੰਦਗੀ ਦੀਆਂ ਭਾਵਨਾਵਾਂ ਦੇ ਸਾਰੇ ਘਾਟੇ ਪੂਰੇ ਹੋ ਗਏ ਸਨ। ਹੁਣ ਮੈਂ ਆਪਣੇ ਆਪ ਨੂੰ ਕਿਸੇ ਗੱਲੋਂ 'ਊਣਾਂ' ਨਹੀਂ, ਸਗੋਂ ਸੰਪੂਰਨ ਮਹਿਸੂਸ ਕਰ ਰਿਹਾ ਸਾਂ! 
ਪਹਿਲਾਂ ਚਾਹ ਅਤੇ ਫਿ਼ਰ ਰੋਟੀ ਖਾਣ ਤੋਂ ਬਾਅਦ ਹਰਜੀਤ ਮੈਨੂੰ ਹੋਟਲ ਵਿਚ ਛੱਡਣ ਤੁਰ ਪਿਆ। ਮੇਰੇ ਕਹਿਣ 'ਤੇ ਮੇਰੇ ਰਹਿਣ ਦਾ ਪ੍ਰਬੰਧ ਹੋਟਲ ਵਿਚ ਹੀ ਕੀਤਾ ਗਿਆ ਸੀ। ਕੋਈ ਦਸ ਕੁ ਮਿੰਟਾਂ ਬਾਅਦ ਅਸੀਂ "ਸੁਪਰ 8" ਹੋਟਲ ਵਿਚ ਆ ਗਏ। ਇਹ ਹੋਟਲ ਬੱਧਨੀ ਕਲਾਂ ਕੋਲ਼ ਪਿੰਡ ਬੁੱਟਰ ਦੇ ਬਾਈ ਨਛੱਤਰ ਕੂਨਰ ਦਾ ਹੈ। ਇਸ ਹੋਟਲ ਵਿਚ ਉਸ ਦੇ ਨਾਲ਼ ਦਾ ਪਾਰਟਨਰ ਸੁੱਖ ਪੰਧੇਰ ਹੈ। ਜਦ ਸਾਡੇ ਪਿੰਡ ਵੱਲੋਂ ਮੋਗੇ ਨੂੰ ਆਈਏ ਤਾਂ ਬੱਧਨੀ ਕਲਾਂ ਲੰਘ ਕੇ ਬੁੱਟਰ ਵੱਲ ਆਉਂਦਿਆਂ ਖੱਬੇ ਪਾਸੇ ਬੌਰੀਆਂ ਦੇ ਘਰ ਆਉਂਦੇ ਹਨ ਅਤੇ ਇਹ ਬੌਰੀਆਂ ਦੇ ਘਰ ਨਛੱਤਰ ਕੂਨਰ ਹੋਰਾਂ ਦੇ ਖੇਤਾਂ ਵਿਚ ਹੀ ਹਨ। ਬੜਾ ਮਿਲਣਸਾਰ ਅਤੇ ਦਿਲ ਦਰਿਆ ਬੰਦਾ ਹੈ ਬਾਈ ਨਛੱਤਰ ਕੂਨਰ! ਰਾਤ ਦੇ ਗਿਆਰਾਂ ਵਜੇ ਉਹ ਸਪੈਸ਼ਲ ਸਾਡੇ ਲਈ ਹੋਟਲ ਪਹੁੰਚਿਆ ਅਤੇ ਮੇਰੇ ਲਈ ਵਿਸ਼ੇਸ਼ ਤੌਰ 'ਤੇ ਇਕ 'ਹਨੀਮੂਨ ਸੁਈਟ' ਦਾ ਪ੍ਰਬੰਧ ਕਰਵਾ ਕੇ ਦਿੱਤਾ। ਹਨੀਮੂਨ ਸੁਈਟ ਦੇਖ-ਸੁਣ ਕੇ ਮੈਂ ਮਨ ਹੀ ਮਨ ਅੰਦਰ ਹੱਸ ਪਿਆ ਕਿ 'ਕੱਲਾ ਬੰਦਾ ਅਤੇ ਹਨੀਮੂਨ ਸੁਈਟ..? ਖ਼ੈਰ..! ਧੰਨਵਾਦੀ ਹਾਂ ਬਾਈ ਹੋਰਾਂ ਦਾ! ਇਸ ਸੁਈਟ ਦਾ ਨੰਬਰ 214 ਸੀ ਅਤੇ ਅਗਲੇ ਦਿਨ ਉਹਨਾਂ ਨੇ ਮੈਨੂੰ ਬਦਲ ਕੇ ਸੁਈਟ 218 ਦੇ ਦਿੱਤਾ। ਹਰਜੀਤ ਮੈਨੂੰ ਹੋਟਲ ਛੱਡ ਕੇ ਮੁੜ ਗਿਆ ਅਤੇ ਮੈਂ ਇਕ-ਦੋ ਫ਼ੋਨ ਕੀਤੇ ਅਤੇ ਫ਼ੋਨ ਕਰਨ ਲਈ ਆਪਣੇ ਹੋਟਲ ਅਤੇ ਕਮਰੇ ਦਾ ਨੰਬਰ ਦਿੱਤਾ। ਲੰਡਨ ਅਤੇ ਵੈਨਕੂਵਰ ਦੇ ਸਮੇਂ ਦਾ ਅੱਠ ਘੰਟੇ ਦਾ ਫ਼ਰਕ ਹੋਣ ਕਾਰਨ ਮੈਨੂੰ ਚੱਜ ਨਾਲ਼ ਨੀਂਦ ਨਾ ਆਈ। ਸਮੇਂ ਦੇ ਵਕਫ਼ੇ ਕਾਰਨ ਮੈਂ ਖਿੱਚ-ਧੂਹ ਕੇ ਪਹਿਲੀ ਰਾਤ ਸਿਰਫ਼ ਇਕ-ਦੋ ਘੰਟੇ ਹੀ ਸੌਂ ਸਕਿਆ ਹੋਵਾਂਗਾ। 
ਸਵੇਰੇ ਦਸ ਕੁ ਵਜੇ ਹਰਜੀਤ ਹੋਟਲ ਆ ਗਿਆ ਅਤੇ ਮਿਲਣ-ਗਿਲਣ ਦਾ ਸਿਲਸਲਾ ਸਾਰਾ ਦਿਨ ਜੰਗੀ ਪੱਧਰ 'ਤੇ ਜਾਰੀ ਰਿਹਾ। ਰਾਤਾਂ ਛੋਟੀਆਂ ਤੇ ਯਾਰ ਬਥੇਰੇ - ਮੈਂ ਕੀਹਦਾ ਕੀਹਦਾ ਮਾਣ ਰੱਖਲਾਂ ਵਾਲ਼ੀ ਗੱਲ ਮੇਰੇ ਨਾਲ਼ ਹੋ ਰਹੀ ਸੀ। ਦਿਨ ਮੇਰੇ ਕੋਲ਼ ਕੁੱਲ ਮਿਲ਼ਾ ਕੇ ਢਾਈ ਅਤੇ ਮਿਲਣ ਵਾਲ਼ੇ ਬੰਦੇ ਹਜ਼ਾਰਾਂ! ਹਰਜੀਤ ਵਾਲ਼ੇ ਮੋਬਾਇਲ ਫ਼ੋਨ 'ਤੇ ਨਿਰੰਤਰ ਕਾਲਾਂ ਆ ਰਹੀਆਂ ਸਨ। ਸਾਡੇ ਪਿੰਡ ਦੇ ਬੇਲੀ ਗੁੱਸੇ ਹੋ ਰਹੇ ਸਨ, "ਹਰਜੀਤ, ਤੂੰ ਸਾਡਾ ਬੰਦਾ 'ਕਿੱਡਨੈਪ' ਕਰ ਲਿਆ!" ਇਹ ਸਾਡੇ ਪਿੰਡ ਵਾਲ਼ੇ ਬਾਈ ਦਰਸ਼ਣ ਸਿੰਘ ਧਾਲ਼ੀਵਾਲ਼ ਦੇ ਮਜ਼ਾਕ ਭਰੇ ਬੋਲ ਸਨ। ਦਰਸ਼ਣ ਸਿੰਘ ਧਾਲ਼ੀਵਾਲ਼ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਮੇਰੇ ਦੋਸਤ ਜਗਰੂਪ ਸਿੰਘ ਧਾਲ਼ੀਵਾਲ਼ ਦਾ ਵੱਡਾ ਭਰਾ ਹੈ। ਉਸ ਤੋਂ ਬਾਅਦ ਹਰਜੀਤ ਕਿਸੇ ਨੂੰ ਆਖ ਰਿਹਾ ਸੀ, "ਬਾਈ ਜੀ, ਇਹ ਮੰਨਦੇ ਹਾਂ ਕਿ ਜੱਗੀ ਕੁੱਸਾ ਤੁਹਾਡੇ ਪਿੰਡ ਦਾ ਹੈ, ਪਰ ਹੁਣ ਉਹ ਸਮੁੱਚੇ ਪੰਜਾਬੀਆਂ ਦਾ ਸਾਂਝਾ ਲੇਖਕ ਵੀ ਹੈ..!" ਪਰ ਰੋਲ਼-ਘਚੋਲ਼ੇ ਵਿਚ ਮੈਨੂੰ ਪੁੱਛਣ ਦਾ ਚੇਤਾ ਹੀ ਵਿਸਰ ਗਿਆ ਕਿ ਇਹ ਮਿੱਤਰ ਕੌਣ ਸੀ? 
ਅਸੀਂ ਅਜੇ ਤੁਰਨ ਹੀ ਲੱਗੇ ਸੀ ਪਹਿਲਾਂ ਸਰੀ ਤੋਂ ਗੁਰਮੇਲ ਬਦੇਸ਼ਾ ਦਾ ਅਤੇ ਫਿ਼ਰ ਇੰਗਲੈਂਡ ਤੋਂ ਮਨਦੀਪ ਖ਼ੁਰਮੀ ਹਿੰਮਤਪੁਰਾ ਦਾ ਫ਼ੋਨ ਆ ਗਿਆ। ਖੁਰਮੀਂ ਨੇ ਮੈਨੂੰ ਦੱਸਿਆ ਕਿ ਬਾਈ ਦੇਵ ਥਰੀਕੇ ਵਾਲ਼ਾ ਇੰਗਲੈਂਡ ਪਹੁੰਚ ਗਿਆ ਹੈ ਅਤੇ ਵਾਰ ਵਾਰ ਤੇਰੇ ਬਾਰੇ ਪੁੱਛ ਰਿਹਾ ਹੈ, ਉਸ ਨੂੰ ਕੀ ਦੱਸੀਏ..? ਦੁਨੀਆਂ ਦਾ ਪ੍ਰਸਿੱਧ ਗੀਤਕਾਰ ਬਾਈ ਦੇਵ ਥਰੀਕੇ ਅਤੇ ਕਲੀਆਂ ਦੇ ਬਾਦਸ਼ਾਹ ਬਾਈ ਕੁਲਦੀਪ ਮਾਣਕ ਨਾਲ਼ ਮੇਰਾ ਪ੍ਰੋਗਰਾਮ ਬੜੀ ਦੇਰ ਦਾ ਬਣਿਆਂ ਹੋਇਆ ਸੀ। ਪਰ ਪੰਜਾਬ ਗਾਰਡੀਅਨ ਦੀ ਵਰ੍ਹੇ-ਗੰਢ ਕਾਰਨ ਮੈਨੂੰ ਕੈਨੇਡਾ ਆਉਣਾ ਪੈ ਗਿਆ ਸੀ। ਮੈਂ ਖੁਰਮੀਂ ਨੂੰ ਕੁਲਦੀਪ ਮਾਣਕ ਦੇ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬਾਈ ਕੁਲਦੀਪ ਮਾਣਕ ਤਾਂ ਆਇਆ ਨਹੀਂ, ਪਰ ਬਾਈ ਦੇਵ ਥਰੀਕੇ ਦਾ ਮੁੰਡਾ ਅਤੇ ਪੋਤਾ ਨਾਲ਼ ਆਏ ਹਨ। ਮੈਂ ਉਸ ਨੂੰ ਕਿਹਾ ਕਿ ਬਾਈ ਨੂੰ ਆਖ ਦੇਵੀਂ ਕਿ ਮੈਂ 16 ਅਪ੍ਰੈਲ ਨੂੰ ਸ਼ਾਮ ਦੇ ਛੇ ਵਜੇ ਲੰਡਨ ਪਹੁੰਚ ਜਾਊਂਗਾ, ਚਿੰਤਾ ਨਾ ਕਰੇ। 
ਜਦ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਮੇਰੇ ਬਾਪੂ ਜੀ ਦੀ ਬਰਸੀ 'ਤੇ ਪਿੰਡ ਆਏ ਸਨ ਤਾਂ ਦੇਵ ਥਰੀਕੇ ਕਹਿ ਬੈਠਾ, "ਜੱਗੀ ਐਤਕੀਂ ਮਾਣਕ ਨੇ ਤੇ ਮੈਂ ਸਾਡਾ ਸੱਤਰਵਾਂ ਜਨਮ ਦਿਨ ਇੰਗਲੈਂਡ ਮਨਾਉਣਾਂ ਹੈ!" ਤਾਂ ਕੁਲਦੀਪ ਮਾਣਕ ਟੁੱਟ ਕੇ ਉਸ ਦੇ ਗਲ਼ ਪੈ ਗਿਆ, "ਕੀ ਬੁੜ੍ਹਿਆ ਤੂੰ ਸੱਤਰਵਾਂ ਜਨਮ ਦਿਨ, ਸੱਤਰਵਾਂ ਜਨਮ ਦਿਨ ਲਾਈ ਰੱਖਦੈਂ, ਸੱਠਵਾਂ ਨੀ ਕਹਿ ਸਕਦਾ..?" ਮਾਣਕ ਥਰੀਕੇ ਵਾਲ਼ੇ ਨੂੰ 'ਬੁੜ੍ਹਾ' ਅਤੇ ਸੁਰਿੰਦਰ ਛਿੰਦਾ ਦੇਵ ਨੂੰ "ਉਹ ਬੱਲੇ ਛੋਟਿਆ..!" ਆਖ ਕੇ ਬੁਲਾਉਂਦਾ ਹੈ। ਬਾਈ ਥਰੀਕੇ ਵਾਲ਼ਾ ਗੱਲ ਮਰੋੜ ਕੇ ਹੱਸਦਾ ਕਹਿਣ ਲੱਗਿਆ, "ਠੀਕ ਐ ਜੱਗੀ, ਮੇਰਾ ਸੱਤਰਵਾਂ ਤੇ ਮਾਣਕ ਦਾ ਸੱਠਵਾਂ ਮਨਾ ਲਵਾਂਗੇ!" ਤਾਂ ਮੈਂ ਵੀ ਮਾਣਕ ਨੂੰ ਸੰਬੋਧਨ ਹੁੰਦਿਆਂ ਆਖਿਆ, "ਬਾਈ ਤੂੰ ਸੱਠਵਾਂ ਵੀ ਛੱਡ..! ਤੂੰ ਪੰਤਲ਼ੀਵਾਂ ਮੇਰਾ ਲੈ-ਲੈ ਤੇ ਆਬਦਾ ਸੱਤਰਵਾਂ ਮੈਨੂੰ ਦੇ-ਦੇ..! ਅਸੀਂ ਤੇਰਾ ਪੰਤਾਲ਼ੀਵਾਂ ਈ ਮਨਾਂ ਲਵਾਂਗੇ..! ਨਾਲ਼ੇ ਕਲਾਕਾਰ ਤਾਂ ਕਦੇ ਬੁੱਢੇ ਈ ਨੀ ਹੁੰਦੇ, ਜੁਆਨ ਈ ਰਹਿੰਦੇ ਐ..! ਨਾਲ਼ੇ ਬਾਈ ਮਾਣਕਾ ਤੂੰ ਤਾਂ ਅਜੇ ਵੀ ਕਿੱਕਰ ਤੋਂ ਕਾਟੋ ਲਾਹੁੰਣ ਦੀ ਸਮਰੱਥਾ ਰੱਖਦੈਂ..!" ਤਾਂ ਮਾਣਕ ਹੂਰਾ ਲੈ ਕੇ ਮੇਰੇ ਵੱਲ ਨੂੰ ਆਇਆ, "ਤੂੰ ਤਾਂ ਹਟਜਾ ਖਸਮਾਂ..! ਅੱਗੇ ਸਾਥੋਂ ਆਹ ਬੁੜ੍ਹਾ ਲੋਟ ਨ੍ਹੀ ਆਉਂਦਾ ਤੇ ਹੁਣ ਤੂੰ ਵੀ ਇਹਦੇ ਨਾਲ਼ ਲੱਗ ਕੇ ਸ਼ੁਰੂ ਹੋ ਗਿਐਂ..!" ਮਾਣਕ ਦੀ ਗੱਲ ਸੁਣ ਕੇ ਮੈਂ ਵੀ ਗੱਲ ਬਦਲੀ। -"ਮੈਂ ਬਾਈ ਤੇਰੀ ਘੈਂਟ ਅਵਾਜ਼ ਦੀ ਗੱਲ ਕਰਦੈਂ..! ਤੂੰ ਕੁਛ ਹੋਰ ਈ ਸਮਝ ਗਿਆ..?"
-"ਤੂੰ ਕੁਛ ਨਾ ਕਹਿ..! ਮੈਨੂੰ ਸਾਰਾ ਕੁਛ ਈ ਪਤੈ..!" ਮਾਣਕ ਮੇਰੇ ਹੁੱਝ ਜਿਹੀ ਮਾਰ ਹੀ ਗਿਆ। 
ਪਿੰਡ ਕੁੱਸੇ ਜਦ ਮੇਰੇ ਪੁੱਤਰ ਕਬੀਰ ਦਾ ਜਨਮ ਦਿਨ ਮਨਾਇਆ ਸੀ ਤਾਂ ਪ੍ਰੋਗਰਾਮ ਦੁਪਿਹਰ ਦੇ ਇਕ ਵਜੇ ਦਾ ਸੀ। ਪਰ ਕੁਲਦੀਪ ਮਾਣਕ ਆਪਣੇ ਲਾਮ-ਲਸ਼ਕਰ ਸਮੇਤ ਸਵੇਰੇ ਨੌਂ ਕੁ ਵਜੇ ਹੀ ਪਿੰਡ ਆ ਗਿਆ। ਮੈਂ ਮਾਣਕ ਨੂੰ ਜੱਫ਼ੀ 'ਚ ਲੈ ਕੇ ਕਿਹਾ, "ਬਾਈ ਮਾਣਕਾ..! ਯਾਰ ਤੂੰ ਲਿੱਸਾ ਨ੍ਹੀ ਹੋ ਗਿਆ..?" ਤਾਂ ਹਾਜ਼ਰ ਜਵਾਬ ਮਾਣਕ ਬੋਲ ਉਠਿਆ, "ਅੱਗੇ ਜੱਗੀ ਕਦੋਂ ਮੈਂ ਮੱਲ ਢਾਹੁੰਦਾ ਹੁੰਦਾ ਸੀ..?" ਬਾਪੂ ਜੀ ਦੀ ਬਰਸੀ ਮੌਕੇ ਇਕੱਠ ਬਹੁਤ ਜਿ਼ਆਦਾ ਸੀ। ਸ੍ਰੀ ਆਖੰਡ ਪਾਠ ਦੇ ਭੋਗ ਮੌਕੇ ਨੌਵੇਂ ਪਾਤਿਸ਼ਾਹ ਦੇ ਸ਼ਲੋਕ ਪੜ੍ਹੇ ਜਾ ਰਹੇ ਸਨ। ਬੜੇ ਵਧੀਆ ਵਧੀਆ ਮਿੱਤਰ ਪਹੁੰਚੇ ਹੋਏ ਸਨ। ਜਗਾਹ ਦੀ ਘਾਟ ਹੋਣ ਕਾਰਨ ਮਾਣਕ ਬਾਹਰ ਘਰ ਦੇ ਗੇਟ ਅੱਗੇ ਡਾਹੀਆਂ ਕੁਰਸੀਆਂ 'ਤੇ ਵਿਚਕਾਰ ਬੈਠਾ ਸੀ। ਉਸ ਦੇ ਨਾਲ਼ ਬਾਈ ਬਲਦੇਵ ਸਿੰਘ ਸੜਕਨਾਮਾਂ, ਵਿਅੰਗ ਲੇਖਕ ਕੇ. ਐਲ. ਗਰਗ, ਪ੍ਰਸਿੱਧ ਗੀਤਕਾਰ ਮੱਖਣ ਬਰਾੜ, ਮੈਂ ਬਣਿਆਂ ਜੱਜ ਦਾ ਅਰਦਲੀ ਦਾ ਲੇਖਕ ਨਿੰਦਰ ਘੁਗਿਆਣਵੀ, ਪੰਜਾਬੀ ਸੱਭਿਆਚਾਰ ਦਾ ਨੰਬਰਦਾਰ ਨਿਰਮਲ ਜੌੜਾ, ਸੂਫ਼ੀ ਗਾਇਕ ਹਾਕਮ ਸੂਫ਼ੀ, ਟੈਲੀ ਐਕਟਰ ਮਨਿੰਦਰ ਮੋਗਾ, ਗੀਤਕਾਰ ਗੋਲੂ ਕਾਲੇ ਕੇ, ਦੁਗਾਣਾਂ ਗਾਇਕੀ ਦੇ ਬਾਦਸ਼ਾਹ ਹਾਕਮ ਬਖਤੜੀ ਵਾਲ਼ਾ ਆਦਿ ਬੈਠੇ ਸਨ। ਕਿਸੇ ਨੇ ਮਾਣਕ ਦੇ ਗਲ਼ ਵਿਚ ਪਾਏ ਹੋਏ 'ਲੌਕਟ' 'ਤੇ ਟਾਂਚ ਕਰ ਦਿੱਤੀ, "ਮਾਣਕ ਸਾਹਬ ਇਹ ਅਸਲੀ ਐ..?" ਤਾਂ ਤੱਟ-ਫ਼ੱਟ ਉੱਤਰ ਮੋੜਨ ਵਾਲ਼ਾ ਮਾਣਕ ਝੱਟ ਬੋਲ ਉਠਿਆ, "ਜਿਹੜਾ ਤੇਰੇ ਸਾਹਮਣੇ ਮੈਂ ਬੈਠੈਂ, ਨਕਲੀ ਬੈਠੈਂ..? ਜਿਹੜਾ ਮੈਂ ਹੁਣ ਤੱਕ ਗਾਇਐ, ਉਹ ਨਕਲੀ ਗਾਇਐ..?" ਤੇ ਉਸ ਸੱਜਣ ਨੇ ਹੱਥ ਜੋੜ ਕੇ ਮਾਣਕ ਨੂੰ ਬੇਨਤੀ ਕੀਤੀ, "ਬਖ਼ਸ਼ ਲਓ ਮਾਣਕ ਸਾਹਬ, ਮੈਂ ਤਾਂ ਵੈਸੇ ਈ ਪੁੱਛ ਬੈਠਾ..!" ਤੇ ਮਾਣਕ ਵੀ ਆਦਤ ਮੂਜਬ ਮੁਸਕਰਾ ਕੇ ਚੁੱਪ ਕਰ ਗਿਆ। ਮਾਣਕ ਛੇਤੀ ਕੀਤੇ ਕਿਸੇ ਨੂੰ ਕੋਈ ਰੜਕਵੀਂ ਗੱਲ ਕਹਿੰਦਾ ਨਹੀਂ। ਪਰ ਜੇ ਕੋਈ ਉਸ ਨੂੰ 'ਲਾ' ਕੇ ਗੱਲ ਆਖ ਦੇਵੇ ਤਾਂ ਜਵਾਬ ਮੋੜਨ ਲੱਗਿਆ ਕੋਈ ਕਸਰ ਬਾਕੀ ਨਹੀਂ ਛੱਡਦਾ ਅਤੇ ਬੰਦੇ ਦੀ ਤਹਿ ਲਾ ਦਿੰਦਾ ਹੈ! ...ਹੁਣ ਬਾਈ ਦੇਵ ਥਰੀਕੇ ਇੰਗਲੈਂਡ ਪਹੁੰਚ ਗਿਆ ਸੀ। ਪਰ ਮਾਣਕ ਨਹੀਂ ਆਇਆ ਸੀ। ਇਸ ਗੱਲ ਦਾ ਮੈਨੂੰ ਦੁੱਖ ਵੀ ਸੀ ਅਤੇ ਅਫ਼ਸੋਸ ਵੀ! ਖ਼ੈਰ! ਦੇਵ ਥਰੀਕੇ ਨੇ 29 ਅਪ੍ਰੈਲ ਤੱਕ ਇੰਗਲੈਂਡ ਰਹਿਣਾ ਸੀ ਅਤੇ ਸਾਡੇ ਕੋਲ਼ ਵਾਧੂ ਸਮਾਂ ਸੀ। ਜਦ ਮੈਂ ਬਾਪੂ ਜੀ ਦੀ ਬਰਸੀ ਤੋਂ ਪਹਿਲਾਂ ਦੇਵ ਥਰੀਕੇ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਮਾਣਕ ਵੀ ਉਸ ਦੇ ਕੋਲ਼ ਹੀ ਬੈਠਾ ਸੀ। 
-"ਅੱਜ ਰਾਹੂ-ਕੇਤੂ ਕਿਵੇਂ 'ਕੱਠੇ ਈ ਬੈਠੇ ਐ..?" ਮੈਂ ਥਰੀਕੇ ਵਾਲ਼ੇ ਬਾਈ ਨੂੰ ਮਾਣਕ ਦੇ ਨਾਲ਼ ਸੁਣ ਕੇ ਵਿਅੰਗਮਈ ਆਖਿਆ।
ਥਰੀਕੇ ਵਾਲ਼ਾ ਉੱਚੀ-ਉੱਚੀ ਹੱਸ ਪਿਆ ਅਤੇ ਉਸ ਨੇ "ਲੈ ਮਾਣਕ ਨਾਲ਼ ਗੱਲ ਕਰਲਾ..!" ਆਖ ਕੇ ਫ਼ੋਨ ਮਾਣਕ ਨੂੰ ਫ਼ੜਾ ਦਿੱਤਾ।
-"ਬਾਈ, ਸਾਸਰੀਕਾਲ...!"
-"ਸਾਸਰੀਕਾਲ, ਕਿਵੇਂ ਐਂ ਜੱਗੀ..?" ਮਾਣਕ ਦਾ ਸੁਆਲ ਸੀ।
-"ਬੱਸ ਸਭ ਗੁਰੂ ਕਿਰਪਾ, ਚੜ੍ਹਦੀ ਕਲਾ ਐ ਬਾਈ ਜੀ, ਆਪਣੇ ਬਾਪੂ ਦੀ ਬਰਸੀ ਐ...!" ਮੈਂ ਮਾਣਕ ਨੂੰ ਕਿਹਾ।
-"ਉਹ ਮੈਨੂੰ ਬੁੜ੍ਹੇ ਨੇ ਦੱਸਤਾ ਸੀ..!"
-"ਬਾਈ ਦਰਸ਼ਣ ਦੇਣੇ ਐਂ..!"
-"ਦਰਸ਼ਣ ਤਾਂ ਮੇਰੇ ਕੋਲ਼ੇ ਹੈਨ੍ਹੀ, ਮੈਂ 'ਕੱਲਾ ਈ ਆਜੂੰਗਾ..!" ਉਸ ਨੇ ਉੱਤਰ ਦਿੱਤਾ।
-"ਚੱਲ ਇਉਂ ਕਰਲੀਂ..!" ਮੈਂ ਵੀ ਤੇਜ਼ੀ ਵਿਚ ਹੋਣ ਕਾਰਨ ਉਸ ਨਾਲ਼ ਬਹੁਤੀ ਗੱਲ-ਬਾਤ ਵਿਚ ਨਾ ਪਿਆ। ਬਹੁਤ ਲੋਕ ਕਹਿੰਦੇ ਸੁਣੇ ਗਏ ਨੇ ਕਿ ਕੁਲਦੀਪ ਮਾਣਕ 'ਅੜਬ' ਹੈ। ਪਰ ਸਾਡੀ ਬੜੀ ਪੁਰਾਣੀ ਯਾਰੀ ਹੈ। ਮੈਂ ਕਦੇ ਵੀ ਮਾਣਕ ਦੀ ਕੋਈ ਅੜਬਾਈ ਨਹੀਂ ਦੇਖੀ। ਉਹ ਮੈਨੂੰ ਹਮੇਸ਼ਾ ਹੀ ਵੱਡੇ ਭਰਾਵਾਂ ਵਾਂਗ ਮਿਲਿ਼ਆ ਹੈ ਅਤੇ ਬੜਾ ਪ੍ਰੇਮ ਦਿੱਤਾ ਹੈ। ਹਾਂ, ਮਾਣਕ ਅੜਬ ਹੈ! ਪਰ ਮਾਣਕ ਅੜਬ ਉਥੇ ਹੈ, ਜਿੱਥੇ ਕਿਸੇ ਦਾ ਬਿਲਕੁਲ ਹੀ 'ਸਰਦਾ' ਨਹੀਂ! ਇਕ ਵਾਰ ਮਾਣਕ ਕਿਸੇ ਸਟੇਜ਼ ਤੋਂ ਗਾ ਰਿਹਾ ਸੀ। ਕਿਸੇ ਨੇ ਸਟੇਜ਼ ਵੱਲ ਨੂੰ ਭਾਨ ਚਲਾ ਕੇ ਮਾਰੀ ਅਤੇ ਮਾਣਕ ਦੇ ਨਾਲ਼ ਸਟੇਜ਼ 'ਤੇ ਖੜ੍ਹੇ ਮਾਣਕ ਦੇ ਸ਼ਾਗਿਰਦ ਪ੍ਰੀਤਮ ਬਰਾੜ ਦੇ ਵੱਜੀ, ਤਾਂ ਮਾਣਕ ਪੈਂਦੀ ਸੱਟੇ ਆਖਣ ਲੱਗਿਆ, "ਭਾਨ ਉਹ ਸਿੱਟਦਾ ਹੁੰਦੈ, ਜੀਹਦੀ ਘਰੇ ਨਾ ਚੱਲਦੀ ਹੋਵੇ..!" ਇਕ ਵਾਰ ਕੋਈ ਉਜੱਡ ਬੰਦਾ ਗਾਉਣ ਵਾਲ਼ੀ ਵੱਲ ਦੇਖ ਕੇ ਹਿੱਕ 'ਤੇ ਹੱਥ ਰੱਖ ਕੇ ਇਸ਼ਾਰੇ ਜਿਹੇ ਕਰਨ ਲੱਗ ਪਿਆ। ਮਾਣਕ ਉਸ ਸੱਜਣ ਨੂੰ ਦੇਖ ਕੇ ਕਹਿੰਦਾ, "ਇਕ ਬਾਈ ਸਾਡੇ ਸਾਹਮਣੇ ਬੈਠੈ..! ਲਾਲ਼ਾਂ ਸਿੱਟ-ਸਿੱਟ ਕੇ ਪਤੰਦਰ ਨੇ ਝੱਗਾ ਗਿੱਲਾ ਕਰ ਲਿਆ..! ਉਹਨੂੰ ਬਾਈ ਨੂੰ ਮੈਂ ਬੇਨਤੀ ਕਰਦੈਂ ਬਈ ਕਾਹਨੂੰ ਲੀੜੇ ਪਾੜ ਪਾੜ ਸਿੱਟੀ ਜਾਨੈਂ..? ਨਾ ਤਾਂ ਤੇਰੇ ਸੁਪਨੇ 'ਚ ਮੈਂ ਆਵਾਂ, ਤੇ ਨਾਂ ਮੈਂ ਈ ਆਵਾਂ।" ਤੇ ਫ਼ੇਰ ਢੋਲਕੀ ਵਾਲ਼ੇ ਵੱਲ ਹੱਥ ਕਰਕੇ ਕਹਿੰਦਾ, "ਐਹਨੇ ਆ ਜਿਆ ਕਰਨੈਂ, ਦੇਖ ਲੈ ਇਹਦਾ ਬੁੱਲ੍ਹ ਕਿਹੋ ਜਿਐ..!" ਅਤੇ ਇਕ ਵਾਰ ਕਿਸੇ ਅਖਾੜੇ ਵਿਚ ਕੋਈ ਦਾਰੂ ਨਾਲ਼ ਰੱਜਿਆ ਬਾਈ ਗਾਉਣ ਵਾਲ਼ੀ ਦੇ ਰੋੜੀਆਂ ਮਾਰਨ ਲੱਗ ਪਿਆ। ਇਹ ਗੱਲ ਮਾਣਕ ਦੇ ਬਰਦਾਸ਼ਤ ਕਰਨ ਤੋਂ ਬਿਲਕੁਲ ਬਾਹਰ ਸੀ। ਮਾਣਕ ਗਾਉਣ ਵਾਲ਼ੀ ਬੀਬੀ ਨੂੰ ਰੋਕ ਕੇ ਮਾਈਕ 'ਤੇ ਆ ਕੇ ਤੁਰੰਤ ਗੁੱਸੇ ਵਿਚ ਬੋਲਿਆ, "ਇਕ ਬਾਈ ਸਾਡੇ ਸਾਹਮਣੇ ਬੈਠ ਕੇ ਗਾਉਣ ਆਲ਼ੀ ਬੀਬੀ ਦੇ ਡਲ਼ੀਆਂ ਮਾਰੀ ਜਾਂਦੈ, ਮੈਂ ਉਹਨੂੰ ਬਾਈ ਨੂੰ ਪੁੱਛਣਾ ਚਾਹੁੰਨੈਂ, ਬਈ ਪਤੰਦਰਾ, ਜੇ ਤੈਥੋਂ ਘਰੇ 'ਕੱਖ' ਨ੍ਹੀ ਹੁੰਦਾ, ਤਾਂ ਐਥੇ ਕਾਹਨੂੰ ਫ਼ੁਲਾਈ ਫਿ਼ਰਦੈਂ..?" ਤੇ ਰੋੜੀਆਂ ਮਾਰਨ ਵਾਲ਼ੇ ਸੱਜਣ ਨੂੰ ਭੱਜਣ ਨੂੰ ਕਿਤੇ ਰਾਹ ਨਾ ਲੱਭੇ! 
ਸ਼ਾਮ ਨੂੰ ਛੇ ਵਜੇ ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਦਾ ਪ੍ਰੋਗਰਾਮ ਸੀ। 
ਇਕ ਆਲੀਸ਼ਾਨ ਬੈਂਕਿਉਟ ਹਾਲ ਵਿਚ ਸਮਾਗਮ ਸੀ। ਸਮਾਗਮ ਦੀ ਟਿਕਟ ਸੌ ਡਾਲਰ ਰੱਖੀ ਗਈ ਸੀ। ਇਸ ਸੌ ਡਾਲਰ ਵਿਚ ਡਿਨਰ ਅਤੇ ਪੰਜਾਬ ਗਾਰਡੀਅਨ ਹਮੇਸ਼ਾ ਵਾਸਤੇ ਘਰੇ ਪਹੁੰਚਦਾ ਕੀਤਾ ਜਾਣਾ ਸੀ। ਜਦ ਅਸੀਂ ਹਾਲ ਵਿਚ ਪਹੁੰਚੇ ਤਾਂ ਹਾਲ ਫ਼ੁੱਲ ਸੀ। ਸਾਡਾ ਮੇਜ਼ ਬਿਲਕੁਲ ਅੱਗੇ ਸਟੇਜ਼ ਕੋਲ਼ ਸੀ। ਚਾਹ, ਕੋਕ ਅਤੇ ਪਕੌੜੇ ਵਰਤਾਏ ਜਾ ਰਹੇ ਸਨ। ਇਸ ਮੇਜ਼ 'ਤੇ ਮੇਰੇ ਸਮੇਤ ਹਰਜੀਤ ਗਿੱਲ, ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸ. ਦਲਬਾਰਾ ਸਿੰਘ ਗਿੱਲ, ਸਾਬਕਾ ਐੱਮ.ਪੀ. ਸ੍ਰੀ ਹਰਭਜਨ ਲਾਖਾ ਬੈਠੇ ਸਾਂ। ਅਜੇ ਸਮਾਗਮ ਸ਼ੁਰੂ ਹੋਇਆ ਹੀ ਸੀ ਕਿ ਸਾਡੇ ਕੋਲ਼ ਪੰਜਾਬੀ ਦੇ ਸਿਰਮੌਰ ਲੇਖਕ ਗੁਰਮੇਲ ਬਦੇਸ਼ਾ ਆ ਗਿਆ। ਗੁਰਮੇਲ ਬਦੇਸ਼ਾ ਨੂੰ ਮੈਂ ਨਿੱਜੀ ਤੌਰ 'ਤੇ ਕਦੇ ਵੀ ਨਹੀਂ ਮਿਲਿ਼ਆ ਸੀ। ਜਦ ਉਸ ਨੇ ਆ ਕੇ ਆਪਣੀ ਜਾਣ-ਪਹਿਚਾਣ ਦੱਸੀ ਤਾਂ ਮੈਂ ਉਠ ਕੇ ਉਸ ਨੂੰ ਜੱਫ਼ੀ 'ਚ ਲੈ ਲਿਆ। ਸਮਾਗਮ ਦੌਰਾਨ ਸਭ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਪੀਚਾਂ ਹੋਈਆਂ। ਇੱਥੇ ਵੀ ਮੈਨੂੰ ਨਾਂ ਪੱਖੋਂ ਜਾਣੇ-ਪਹਿਚਾਣੇ ਮਿੱਤਰ-ਬੇਲੀ ਮਿਲ਼ੇ, ਜਿਹਨਾਂ ਵਿਚ ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ ਵੀ ਸੀ। ਉਸ ਨਾਲ਼ ਫ਼ੋਨ 'ਤੇ ਤਾਂ ਬਹੁਤ ਵਾਰ ਗੱਲ ਹੋਈ ਸੀ। ਪਰ ਮਿਲ਼ ਮੈਂ ਉਸ ਨੂੰ ਪਹਿਲੀ ਵਾਰ ਰਿਹਾ ਸੀ। ਗੁਰਚਰਨ ਟੱਲੇਵਾਲ਼ੀਆ ਦੇ ਗਰਾਈਂ, ਇੰਗਲੈਂਡ ਵਸਦਾ ਹਰਚੰਦ ਟੱਲੇਵਾਲ਼ੀਆ ਅਤੇ ਬਰੈਂਪਟਨ ਵਸਦਾ ਅਜਾਇਬ ਟੱਲੇਵਾਲ਼ੀਆ ਮੇਰੇ ਜਿਗਰੀ ਮਿੱਤਰ ਹਨ। ਜਦ ਮੈਂ ਆਸਟਰੀਆ ਤੋਂ ਇੰਗਲੈਂਡ 'ਮੂਵ' ਹੋਇਆ ਸੀ ਤਾਂ ਹਰਚੰਦ ਟੱਲੇਵਾਲ਼ ਨੇ ਮੇਰੀ ਬੜੀ ਮੱਦਦ ਕੀਤੀ ਸੀ। ਉਸ ਵਕਤ ਇੰਗਲੈਂਡ ਵਿਚ ਹਰਚੰਦ ਟੱਲੇਵਾਲ਼ੀਆ ਇੱਕੋ-ਇਕ ਬੰਦਾ ਸੀ, ਜੋ ਮੇਰੇ ਇੰਗਲੈਂਡ ਵਸੇਬੇ ਵੇਲ਼ੇ ਕੰਮ ਆਇਆ ਸੀ। 
ਅਜੇ ਹਾਲ ਵਿਚ ਗੁਰਚਰਨ ਟੱਲੇਵਾਲ਼ੀਆ ਦੇ ਗਰੁੱਪ ਵੱਲੋਂ ਭੰਗੜਾ ਅਤੇ ਬੋਲੀਆਂ ਪਾਈਆਂ ਜਾ ਰਹੀਆਂ ਸਨ। ਉਸ ਦੇ ਗਰੁੱਪ ਦੇ ਹੱਥਾਂ ਵਿਚ ਪੰਜਾਬ ਦਾ ਹਰ ਤਰ੍ਹਾਂ ਦਾ ਸਾਜ਼ ਸੀ। ਸੱਪ ਤੋਂ ਲੈ ਕੇ ਕਾਟੋ ਤੱਕ! ਪਰ ਗੁਰਚਰਨ ਟੱਲੇਵਾਲ਼ੀਆ ਦੇ ਹੱਥ ਵਿਚ ਪੱਕੀ ਬੰਦੂਕ ਫ਼ੜੀ ਹੋਈ ਸੀ। ਧੂੰਅਵਾਂ ਚਾਦਰਾ ਬੰਨ੍ਹੀਂ ਜਦ ਗੁਰਚਰਨ ਨੇ ਮੋਰ ਵਾਂਗ ਪੈਹਲ ਪਾ ਕੇ, ਬੰਦੂਕ ਹੱਥ ਵਿਚ ਲੈ ਸਾਡੇ ਵੱਲ ਨੂੰ ਗੇੜਾ ਦਿੱਤਾ ਤਾਂ ਮੈਂ ਵਿਅੰਗ ਨਾਲ਼ ਆਖਿਆ, "ਐਧਰ ਨਾ ਕੋਈ ਜਾਹ ਜਾਂਦੀ ਕਰਦੀਂ ਬਾਈ..! ਹੋਰ ਨਾ ਕੱਲ੍ਹ ਨੂੰ ਐਥੇ ਮੇਰਾ ਆਖੰਡ ਪਾਠ ਖੋਲ੍ਹਦੇ ਫਿ਼ਰਨ..!" ਪਰ ਰੌਲ਼ੇ ਵਿਚ ਉਸ ਨੂੰ ਕੁਝ ਸੁਣਿਆਂ ਨਹੀਂ ਸੀ। ਉਹ ਹੱਸਦਾ ਅਤੇ ਪੈਹਲਾਂ ਪਾਉਂਦਾ, ਫਿ਼ਰ ਆਪਣੇ ਗਰੁੱਪ ਨਾਲ਼ ਜਾ ਰਲਿ਼ਆ। ਉਸ ਦੀ ਪੱਗ ਦਾ 'ਤੁਰਲ੍ਹਾ' ਵੀ ਉਸ ਨਾਲ਼ ਹੀ 'ਬਾਘੀਆਂ' ਪਾ ਰਿਹਾ ਸੀ। ਭੰਗੜਾ ਅਜੇ ਚੱਲ ਹੀ ਰਿਹਾ ਸੀ ਕਿ ਗੁਰਮੇਲ ਬਦੇਸ਼ਾ ਮੈਨੂੰ ਪੁੱਛਣ ਲੱਗਿਆ, "ਤਮੰਨਾਂ ਭੈਣ ਜੀ ਨਾਲ਼ ਗੱਲ ਕਰਵਾਵਾਂ ਬਾਈ ਜੀ ..?"
-"ਕਰਵਾ ਦੇਹ..!" ਮੈਂ ਸੰਖੇਪ ਆਖਿਆ।
-"ਅੱਜ ਅਸੀਂ ਕਿਸੇ ਪ੍ਰੋਗਰਾਮ 'ਤੇ 'ਕੱਠੇ ਗਏ ਸੀ..!" ਉਹ ਫ਼ੋਨ ਮਿਲ਼ਾਉਂਦਾ ਦੱਸ ਰਿਹਾ ਸੀ। ਤਨਦੀਪ ਤਮੰਨਾਂ 'ਆਰਸੀ' ਵੈੱਬ-ਸਾਈਟ ਦੀ ਸੰਪਾਦਕਾ ਹੈ। ਮੇਰੇ 'ਸੰਪਾਦਕਾ' ਆਖੇ ਤੋਂ ਉਹ ਗੁੱਸਾ ਕਰਦੀ ਹੈ, ਪਰ ਇਹ ਸੱਚ ਹੈ! ਚਲੋ 'ਸੰਪਾਦਕਾ' ਨਹੀਂ, ਆਪਾਂ 'ਕਰਤਾ-ਧਰਤਾ' ਆਖ ਲੈਂਦੇ ਹਾਂ। ਪ੍ਰਸਿੱਧ ਗ਼ਜ਼ਲਗੋ ਗੁਰਦਰਸ਼ਨ ਬਾਦਲ ਜੀ ਦੀ ਇਹ ਸਪੁੱਤਰੀ ਪੰਜਾਬੀ ਸਾਹਿਤ ਵਿਚ ਬੜਾ ਵਧੀਆ ਕੰਮ ਕਰ ਰਹੀ ਹੈ। ਫ਼ੋਨ ਮਿਲ਼ਾ ਕੇ ਬਦੇਸ਼ਾ ਨੇ ਉਸ ਨਾਲ਼ ਸੰਖੇਪ ਜਿਹੀ ਗੱਲ ਕੀਤੀ ਅਤੇ ਫ਼ੋਨ ਮੈਨੂੰ ਫ਼ੜਾ ਦਿੱਤਾ।
-"ਹਾਂ ਜੀ ਨੀਨਾਂ ਜੀ...! ਮੱਥਾ ਟੇਕਦੇ ਐਂ ਜੀ..!" ਮੈਂ ਹਮੇਸ਼ਾ ਵਾਂਗ ਮਜ਼ਾਕ ਨਾਲ਼ ਆਖਿਆ। ਹਾਲ ਵਿਚ ਰੌਲ਼ਾ ਪੈਂਦਾ ਹੋਣ ਕਰਕੇ ਮੇਰਾ ਇਕ ਕੰਨ ਬੰਦ ਕੀਤਾ ਹੋਇਆ ਸੀ ਅਤੇ ਦੂਜਾ ਫ਼ੋਨ ਨੂੰ ਲੱਗਿਆ ਹੋਇਆ ਸੀ। 
-"ਸਾਸਰੀਕਾਲ ਸਿ਼ਵਚਰਨ ਜੀ..!" ਤਨਦੀਪ ਸਦਾ ਮੈਨੂੰ 'ਸਿ਼ਵਚਰਨ ਜੀ' ਕਰਕੇ ਸੰਬੋਧਨ ਕਰਦੀ ਹੈ। ਮੈਂ ਉਸ ਨੂੰ ਉਸ ਦੇ ਲਾਡਲੇ ਨਾਂ 'ਨੀਨਾਂ' ਨਾਲ਼ ਹੀ ਬੁਲਾਉਂਦਾ ਹਾਂ। 
-"ਸਾਸਰੀਕਾਲ..! ਕੀ ਹਾਲ ਐ ਬਾਬਾ ਜੀ ਦਾ...?"
-"ਹਾਲ ਠੀਕ ਐ..! ਤੁਸੀਂ ਸੰਸਾਰ ਪ੍ਰਸਿੱਧ ਨਾਵਲਕਾਰ...!" ਪਤਾ ਨਹੀਂ ਇਹ ਗੱਲ ਉਸ ਨੇ ਮੈਨੂੰ 'ਰੜਕਾਉਣ' ਜਾਂ ਕਿਸੇ 'ਸਿ਼ਕਵੇ' ਵਜੋਂ ਕਹੀ ਸੀ? ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਉਹ ਤਨਦੀਪ, ਜਿਹੜੀ ਅੱਠੇ ਪਹਿਰ ਰੱਬ ਤੋਂ ਮੇਰੀ ਸੁੱਖ ਹੀ ਮੰਗਦੀ ਸੀ, ਅੱਜ ਮੈਨੂੰ 'ਬਿੱਟਰੀ-ਬਿੱਟਰੀ' ਲੱਗ ਰਹੀ ਸੀ। 
-"ਚੱਲ ਤੂੰ ਕੈਨੇਡਾ ਪ੍ਰਸਿੱਧ ਈ ਮੰਨ ਲੈ..! ਤੇਰੇ ਵਸਦੇ ਗਰਾਂ 'ਚ ਫ਼ੱਕਰ-ਫ਼ਕੀਰ ਆਏ ਹੋਣ ਤੇ ਤੂੰ ਚਾਹ ਪਾਣੀਂ ਵੀ ਨਾ ਪੁੱਛੇਂ? ਮਾੜੀ ਗੱਲ ਐ..!" ਮੈਂ ਕਿਹਾ।
-"ਤੁਹਾਡੀ ਗੱਲ ਦੀ ਸਮਝ ਨਹੀਂ ਆ ਰਹੀ ਸਿ਼ਵਚਰਨ ਜੀ...!"
-"ਕਿਹੜੀ ਗਲਤੀ ਹੋ ਗਈ, ਜਿਹੜਾ ਬਾਬਾ ਜੀ ਨੇ ਮੂੰਹ ਵੱਟਿਐ...?" ਮੈਂ ਜੋਰ ਦੇ ਕੇ ਆਖਿਆ।
-"ਤੁਸੀਂ ਮੇਰਾ ਬਿਮਾਰ ਪਈ ਦਾ ਤਾਂ ਪਤਾ ਨਹੀਂ ਲਿਆ..!" ਉਸ ਨੇ ਉਹੀ ਪੁਰਾਣਾ ਸਿ਼ਕਵਾ ਮੇਰੇ ਸਿਰ 'ਚ ਇੱਟ ਵਾਂਗ ਵਗਾਹ ਮਾਰਿਆ। 
-"ਹਾਏ ਰੱਬਾ...! ਬਾਬਾ ਜੀ, ਮੈਂ ਅੱਗੇ ਵੀ ਕਹਿ ਚੁੱਕਿਐਂ ਕਿ ਅਗਰ ਜੇ ਮੈਂ ਬ੍ਰਹਮਗਿਆਨੀ ਹੁੰਦਾ ਤਾਂ ਮੈਂ ਅੰਤਰਦ੍ਰਿਸ਼ਟੀ ਨਾਲ਼ ਦੇਖ ਲੈਣਾਂ ਸੀ ਕਿ ਸਾਡੇ ਬਾਬਾ ਜੀ ਢਿੱਲੇ ਨੇ..! ਤੇ ਫ਼ੇਰ ਮੈਂ ਤੁਹਾਡਾ ਪਤਾ ਵੀ ਕਰ ਲੈਣਾਂ ਸੀ..! ਦੁਆਈ ਬੂਟੀ ਵੀ ਦਿੰਦਾ, ਰੱਬ ਅੱਗੇ ਤੁਹਾਡੀ ਸਿਹਤਯਾਬੀ ਦੀ ਦੁਆ ਵੀ ਕਰਦਾ..!" 
-"ਵੈੱਬ ਸਾਈਟ 'ਤੇ ਮੈਂ ਲਾਇਆ ਤਾਂ ਸੀ ਕਿ ਮੈਂ ਬਿਮਾਰ ਹਾਂ..!"
-"ਇਹ ਜ਼ਰੂਰੀ ਨਹੀਂ ਕਿ ਹਰ ਬੰਦਾ, ਹਰ ਰੋਜ਼ ਤੇਰੀ ਵੈੱਬ-ਸਾਈਟ ਖੋਲ੍ਹ ਕੇ ਦੇਖਦਾ ਹੋਵੇ..!" ਆਪਣੀ ਜਗਾਹ ਮੈਂ ਵੀ ਸੱਚਾ ਸੀ। ਇਕ ਸਮੇਂ ਜਦ ਮੇਰੇ 'ਤੇ ਬੜਾ ਬੁਰਾ ਵਕਤ ਆਇਆ ਤਾਂ ਤਨਦੀਪ ਤਮੰਨਾਂ ਨੇ ਹਰ ਪੱਖੋਂ ਮੇਰੀ ਬੜੀ ਮੱਦਦ ਕੀਤੀ, ਅਰਦਾਸਾਂ ਕੀਤੀਆਂ, ਰੱਬ ਅੱਗੇ ਹਾੜ੍ਹੇ ਵੀ ਕੱਢੇ ਅਤੇ ਮੇਰੇ ਉਸ ਭਵਸਾਗਰ ਵਿਚੋਂ ਬਾਹਰ ਆਉਣ ਤੱਕ ਮੇਰੀ ਬਾਂਹ ਘੁੱਟ ਕੇ ਫ਼ੜੀ ਰੱਖੀ ਅਤੇ ਆਪਣੇ ਅਟੱਲ ਵਿਸ਼ਵਾਸ ਅਤੇ ਫ਼ੌਲਾਦੀ ਜਿਗਰੇ ਆਸਰੇ ਮੈਨੂੰ ਘਾਤਕ ਘੁੰਮਣਘੇਰੀਆਂ ਵਿਚੋਂ ਧੂਹ ਕੇ ਬਾਹਰ ਕੱਢਿਆ। ਉਸ ਸਮੇਂ ਤਨਦੀਪ ਤਮੰਨਾਂ ਹੀ ਸੀ, ਜੋ ਰੱਬ ਅੱਗੇ ਡੰਡਾਉਤਾਂ ਕਰ-ਕਰ ਕੇ ਮੈਨੂੰ ਬਚਾ ਗਈ। ਇਸ ਲਈ ਮੈਂ ਇਸ ਦੇਵਤਾ-ਬਿਰਤੀ ਕੁੜੀ ਦਾ ਜਿ਼ੰਦਗੀ ਭਰ ਧੰਨਵਾਦੀ ਅਤੇ ਰਿਣੀਂ ਰਹਾਂਗਾ। ਉਸ ਦੇ ਮਨ ਵਿਚ ਭਰਮ ਹੈ ਕਿ ਮੈਂ ਉਸ ਨੂੰ ਦਿਲੋਂ ਭੁਲਾ ਦਿੱਤਾ ਅਤੇ ਉਸ ਦਾ ਬਿਮਾਰ ਪਈ ਦਾ ਪਤਾ ਤੱਕ ਨਹੀਂ ਲਿਆ। ਪਰ ਮੈਂ ਉਸ ਨੂੰ ਕਦੇ ਵੀ ਦਿਲੋਂ ਨਹੀਂ ਭੁਲਾਇਆ। ਉਹ ਸਿਰਫ਼ ਮੇਰੇ ਨਾਲ਼ ਇਸ ਗੱਲੋਂ ਆਕੜੀ ਹੋਈ ਹੈ ਕਿ ਜਦ ਉਹ ਬਿਮਾਰ ਸੀ, ਮੈਂ ਉਸ ਦਾ ਪਤਾ ਨਹੀਂ ਲਿਆ। ਖ਼ੈਰ, ਇਹ ਉਸ ਦਾ ਗਿ਼ਲਾ ਬਿਲਕੁਲ ਜਾਇਜ਼ ਹੈ! ਗੁੱਸਾ ਹਮੇਸ਼ਾ ਆਪਣਿਆਂ 'ਤੇ ਹੀ ਹੁੰਦੈ! ਇਸ ਪੱਖੋਂ ਮੈਂ ਬਿਨਾਂ ਸ਼ਰਤ ਤਨਦੀਪ ਤਮੰਨਾਂ ਤੋਂ ਖੁੱਲ੍ਹੇਆਮ ਮੁਆਫ਼ੀ ਮੰਗਦਾ ਹਾਂ! ਪਰ ਮੈਨੂੰ ਉਸ ਦੇ ਬਿਮਾਰ ਹੋਣ ਦਾ ਵਾਕਿਆ ਹੀ ਪਤਾ ਨਹੀਂ ਸੀ। ਹੁਣ ਮੈਂ ਅਗਸਤ 2010 ਵਿਚ ਫਿ਼ਰ ਇਕ ਹੋਰ ਸੱਦੇ 'ਤੇ ਵੈਨਕੂਵਰ ਆਉਣਾ ਹੈ। ਉਦੋਂ ਆ ਕੇ ਨਿੱਜੀ ਤੌਰ 'ਤੇ ਵੀ ਮੁਆਫ਼ੀ ਮੰਗ ਲਵਾਂਗਾ, ਠੀਕ ਐ ਬਾਬਾ ਜੀ..? ਹੁਣ ਗੁੱਸਾ ਥੁੱਕ ਦਿਓ..! ਸਿੱਧੇ ਪਏ ਬੰਦੇ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ..! ਤੁਸੀਂ ਤਾਂ ਐਡੇ ਵੱਡੇ ਮਹਾਨ 'ਐਡੀਟਰ ਸਾਹਿਬਾਨ' ਹੋ! ਤੁਹਾਡਾ ਦਿਲ ਤਾਂ ਬੜਾ ਦਰਿਆ ਚਾਹੀਦਾ ਹੈ! ਹੈ ਨ੍ਹਾਂ...? ਮੈਨੂੰ ਗੱਲ ਯਾਦ ਆ ਗਈ। ਕੋਈ ਮੇਰੇ ਵਰਗਾ ਹਰ ਰੋਜ਼ ਰੱਬ ਅੱਗੇ ਹੱਥ ਜੋੜਿਆ ਕੇ, "ਰੱਬ ਜੀ, ਮੈਨੂੰ ਬੁੱਧੀ ਬਖ਼ਸ਼ੋ..! ਮਹਾਰਾਜ ਜੀ, ਮੈਨੂੰ ਬੁੱਧੀ ਬਖ਼ਸ਼ੋ..!" ਅਰਦਾਸ ਕਰਿਆ ਕਰੇ! ਬੁੱਧੀ ਤਾਂ ਵਿਚਾਰੇ ਨੂੰ ਪਤਾ ਨਹੀਂ ਮਿਲ਼ੀ, ਪਤਾ ਨੀ, ਨਹੀਂ ਮਿਲ਼ੀ? ਪਰ ਕੁਦਰਤ ਰੱਬ ਦੀ ਉਸ ਦਾ ਵਿਆਹ ਹੋ ਗਿਆ। ਵਿਆਹੀ ਆਈ ਭਾਗਵਾਨ ਬੜੀ ਅੜਬ! ਚੌਵੀ ਘੰਟੇ ਘਰੇ ਸੂਹਣ ਖੜ੍ਹੀ ਰੱਖ ਕੇ ਵੰਝ 'ਤੇ ਚੜਾਉਣ ਵਾਲ਼ੀ ਔਰਤ! ਇਕ ਦਿਨ ਉਹ ਅੱਕਿਆ ਹੋਇਆ ਰੱਬ ਨਾਲ਼ ਗਿ਼ਲਾ ਕਰਦਾ ਪਿੱਟੀ ਜਾਵੇ, "ਰੱਬਾ..! ਮੈਂ ਤੇਰੇ ਕੋਲ਼ੋਂ ਬੁੱਧੀ ਮੰਗੀ ਸੀ, ਬੁੱਢੀ ਨੀ ਸੀ ਮੰਗੀ..!" 
ਬੈਂਕਿਉਟ ਹਾਲ ਵਿਚ ਬਹੁਤ ਸ਼ੋਰ-ਸ਼ਰਾਬਾ ਹੋਣ ਕਾਰਨ ਮੇਰੀ ਅਤੇ ਤਨਦੀਪ ਦੀ ਫ਼ੋਨ 'ਤੇ ਬਹੁਤੀ ਗੱਲ ਨਹੀਂ ਹੋ ਸਕੀ ਅਤੇ ਮੈਂ ਫਿ਼ਰ ਫ਼ੋਨ ਕਰਨ ਦਾ ਵਾਅਦਾ ਕਰ ਕੇ ਫ਼ੋਨ ਰੱਖ ਦਿੱਤਾ। ਪਰ ਜਦ ਸਮਾਗਮ ਖ਼ਤਮ ਹੋਇਆ ਤਾਂ ਉਦੋਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਸਮਾਂ ਬਹੁਤ ਹੋ ਚੁੱਕਿਆ ਸੀ। 

ਬਾਕੀ ਅਗਲੇ ਹਫ਼ਤੇ....

ਕਿੱਥੇ ਜਾਣ ਉਹ ਜਿਹੜੇ ਸਭ੍ਹ ਕੁਝ ਵੇਚ ਕੇ ਆਏ ਹਨ-ਰਾਜੂ ਹਠੂਰੀਆ.......... ਲੇਖ਼ / ਰਾਜੂ ਹਠੂਰੀਆ

ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਅੱਖਾਂ ‘ਚ ਸੁਪਨੇ ਸਜਾਈ ਦਸ-ਦਸ ਲੱਖ ਏਜੰਟਾਂ ਨੂੰ ਦੇ ਕੇ ਪੰਜਾਬੀ ਇਟਲੀ ਆ ਰਹੇ ਹਨ। ਹਰ ਇੱਕ ਦੇ ਇੱਥੇ ਆਉਣ ਦੀ ਕਹਾਣੀ ਭਾਵੇਂ ਵੱਖੋ-ਵੱਖਰੀ ਹੈ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਅਕਸਰ ਆਪੋ ਵਿੱਚ ਗੱਲਾਂ ਕਰਦਿਆਂ ਤਕਰੀਬਨ ਸਾਰਿਆਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਆਪਣਾ ਦੇਸ਼ ਤੇ ਘਰ ਪਰਿਵਾਰ ਛੱਡਣ ਨੂੰ ਕੀਹਦਾ ਜੀਅ ਕਰਦਾ ਬਸ ਢਿੱਡ ਕਾਰੇ ਕਰਵਾਉਂਦਾ। ਪਰ ਸੱਚ ਸਾਰਿਆਂ ਨੂੰ ਪਤਾ ਕਿ ਢਿੱਡ ਵਿਚਾਰੇ ਦਾ ਕੋਈ ਕਸੂਰ ਨਹੀਂ, ਇਹ ਤਾਂ ਦੋ ਚਾਰ ਰੋਟੀਆਂ ਨਾਲ ਸਬਰ ਕਰ ਲੈਂਦਾ। ਟਿਕਣ ਤਾਂ ਸਾਨੂੰ ਪਿੰਡ ਵਿੱਚ ਲੱਖਾਂ ਦੀ ਕੀਮਤ ਨਾਲ ਉਸਰ ਰਹੀਆਂ ਕੋਠੀਆਂ ਤੇ ਮਹਿੰਗੀਆਂ ਕਾਰਾਂ ਨਹੀਂ ਦਿੰਦੀਆਂ। ਸਿਆਣਿਆਂ ਦਾ ਕਹਿਣਾ ਕਿ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜਿ਼ਆਦਾ ਕਦੇ ਨਹੀਂ ਮਿਲਦਾ। ਇਹਦਾ ਮਤਲਬ ਇਹ ਨਹੀਂ ਕਿ ਹੱਥ ‘ਤੇ ਹੱਥ ਧਰ ਕੇ ਬੈਠ ਜਾਓ ਤੇ ਸਾਰਾ ਕੁਝ ਆਪੇ ਹੀ ਹੋਈ ਜਾਵੇਗਾ, ਕੁਝ ਪਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਬਾਕੀ ਭਾਈ ਜਿੰਨ੍ਹਾਂ ਨੂੰ ਢਿੱਡ ਭਰਨ ਦਾ ਫਿਕਰ ਹੈ ਉਹਨਾਂ ਵਿਚਾਰਿਆਂ ‘ਚ ਤਾਂ ਬੱਸ ਦੀ ਟਿਕਟ ਲੈਣ ਦੀ ਹਿੰਮਤ ਨਹੀਂ, ਉਹਨਾਂ ਨੇ ਜਹਾਜ਼ ਦੀ ਹਜ਼ਾਰਾਂ ਰੁਪਏ ਵਾਲੀ ਟਿਕਟ ਕਿੱਥੋਂ ਲੈ ਲੈਣੀ ਹੈ ਤੇ ਉਹ ਏਜੰਟ ਨੂੰ ਦਸ ਲੱਖ ਕਿਥੋਂ ਲਿਆ ਕੇ ਦੇਣਗੇ। ਖ਼ੈਰ ਮਕਸਦ ਤਾਂ ਸਾਰਿਆਂ ਦਾ ਵੱਧ ਤੋਂ ਵੱਧ ਪੈਸੇ ਕਮਾ ਕੇ ਐਸ਼ ਆਰਾਮ ਦੀ ਜਿ਼ੰਦਗੀ ਜਿਉਣ ਦਾ ਹੀ ਹੈ। ਪਰ ਪੈਸੇ ਕਮਾਉਣ ਦੇ ਚੱਕਰਾਂ ‘ਚ ਐਸ਼ ਆਰਾਮ ਤਾਂ ਪਤਾ ਨਹੀਂ ਕਿੱਧਰ ਉਡਾਰੀ ਮਾਰ ਜਾਂਦਾ ਹੈ ਬਸ ਜਾਗਦੇ ਸੌਂਦੇ ਪੈਸਾ-ਪੈਸਾ ਹੀ ਹੋਣ ਲੱਗ ਪੈਂਦੀ ਹੈ। ਪਰ ਹੁਣ ਸੰਸਾਰ ਵਿੱਚ ਆਈ ਆਰਥਿਕ ਮੰਦਹਾਲੀ ਕਾਰਨ ਮਿਹਨਤ ਨਾਲ ਪੈਸਾ ਕਮਾਉਣਾ ਪਹਿਲਾਂ ਜਿੰਨਾ ਸੌਖਾ ਨਹੀਂ ਰਹਿ ਗਿਆ। ਇਟਲੀ ਤਾਂ ਦੇਸ਼ ਵੀ ਛੋਟਾ ਜਿਹਾ ਹੈ ਤੇ ਨਵੇਂ ਕਾਰੋਬਾਰਾਂ ਵਿੱਚ ਇੱਥੇ ਕੋਈ ਵਾਧਾ ਵੀ ਨਹੀਂ ਹੋ ਰਿਹਾ। ਪਰ ਫਿਰ ਵੀ ਵਿਦੇਸ਼ੀਆਂ ਦਾ ਇੱਥੇ ਧੜਾ-ਧੜ ਆਉਣਾ ਜਾਰੀ ਹੈ। ਕਈਆਂ ਨੂੰ ਤਾਂ ਭੁਲੇਖਾ ਹੁੰਦਾ ਹੈ ਕਿ ਇੱਥੇ ਸ਼ਾਇਦ ਸੌਖੇ ਢੰਗ ਨਾਲ ਬਹੁਤੇ ਪੈਸੇ ਕਮਾਏ ਜਾ ਸਕਦੇ ਹਨ, ਪਰ ਕਈਆਂ ਨੂੰ ਭੁਲੇਖਾ ਪਾਇਆ ਜਾਂਦਾ ਹੈ। ਪਿਛਲੇ ਮਹੀਨੇ ਇੱਕ ਅਜਿਹੀ ਹੀ ਘਟਨਾ ਵਾਪਰੀ………। 
ਇੱਕ ਪਿੰਡ ਦੇ ਤਿੰਨ ਚਾਰ ਮੁੰਡੁੇ ਦੋ ਕੁ ਸਾਲ ਤੋਂ ਇਟਲੀ ਵਿੱਚ ਰਹਿ ਰਹੇ ਹਨ, ਉਹਨਾਂ ਵਿੱਚੋਂ ਇੱਕ ਮਹੀਨਾ ਕੁ ਪਹਿਲਾਂ ਇੰਡੀਆ ਗਿਆ ਤੇ ਜਾਂਦੇ ਨੂੰ ਘਰ ਦੇ ਪੁੱਛਣ ਲੱਗੇ “ਕਿੰਨੇ ਪੈਸੇ ਲੈ ਕੇ ਆਇਆਂ?” ਉਹ ਕਹਿਣ ਲੱਗਾ “ਉੱਥੇ ਕੰਮਾਂ ਦਾ ਮੰਦਾ ਹਾਲ ਹੈ, ਮੈਂ ਤਾਂ ਥੋੜੀਆਂ ਬਹੁਤੀਆਂ ਦਿਹਾੜੀਆਂ ਲਾ ਕੇ ਟਿਕਟ ਜੋਗੇ ਮਸਾਂ ਇਕੱਠੇ ਕੀਤੇ ਹਨ।” ਅੱਗੋਂ ਘਰਦੇ ਗਲ਼ ਨੂੰ ਆਉਣ ਕਿ “ਤੂੰ ਝੂਠ ਬੋਲਦਾਂ, ਆਪਣੇ ਫਲਾਣਿਆਂ ਦੇ ਮੁੰਡੇ ਨੇ ਤਾਂ ਸਾਲ ‘ਚ ਦੋ ਲੱਖ ਭੇਜ ਦਿੱਤਾ, ਉਹ ਵੀ ਤਾਂ ਤੇਰੇ ਕੋਲ ਹੀ ਰਹਿੰਦਾ ਤੇ ਤੂੰ ਆਖੀ ਜਾਨਾਂ ਉੱਥੇ ਕੁਝ ਨਹੀਂ ਬਣਦਾ।” ਉਸ ਨੇ ਵਥੇਰਾ ਸਮਝਾਉਣ ਦੀ ਕੋਸਿ਼ਸ਼ ਕੀਤੀ ਪਰ ਘਰ ਦੇ ਮੰਨਣ ਲਈ ਤਿਆਰ ਹੀ ਨਹੀਂ ਸਨ। ਜਦੋਂ ਉਸ ਨੇ ਇੱਥੇ ਵਾਪਿਸ ਆ ਕੇ ਉਸ ਵਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਪੈਸੇ ਉਸ ਨੇ ਦਲਾਲੀ ਕਰਕੇ ਕਮਾਏ ਸਨ। ਕਿਸੇ ਏਜੰਟ ਕੋਲ ਦੋ ਜਾਣਿਆਂ ਨੂੰ ਫਸਾ ਕੇ ਉਹਨਾਂ ਤੋਂ ਲੱਖ-ਲੱਖ ਵਟੋਰਿਆ ਸੀ। ਅਜਿਹੇ ਲੋਕਾਂ ਕਰਕੇ ਵੀ ਕਈ ਵਾਰ ਆਉਣ ਵਾਲੇ ਦੋਚਿੱਤੀ ਵਿੱਚ ਪੈ ਜਾਂਦੇ ਹਨ ਫਿਰ ਉਹ ਪੰਜਾਬੀ ਦੀ ਕਹਾਵਤ “ਮੋਤੀ ਚੂਰ ਦੇ ਲੱਡੂ ਜਿਹੜਾ ਖਾਹਵੇ, ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਹਵੇ ਉਹ ਵੀ ਪਛਤਾਵੇ” ਵਾਂਗੂੰ ਨਾ ਖਾਹ ਕੇ ਪਛਤਾਉਣ ਨਾਲੋਂ ਖਾਹ ਕੇ ਪਛਤਾਉਣ ਨੂੰ ਪਹਿਲ ਦਿੰਦੇ ਹਨ। ਜਿਵੇਂ ਕਹਿੰਦੇ ਹਨ ਕਿ “ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ” ਤਾਂ ਹੀ ਉਸ ਦੀ ਸ਼ੰਕਾ ਦੂਰ ਹੁੰਦੀ ਹੈ। ਠੀਕ ਉਸ ਮੱਛੀ ਵਾਂਗ ਇੱਥੇ ਆ ਕੇ ਸਭ੍ਹ ਦੀ ਸ਼ੰਕਾ ਦੂਰ ਹੋ ਜਾਂਦੀ ਹੈ। ਚਲੋ ਹਰ ਕੋਈ ਆਸ ਲੈ ਕੇ ਆਉਂਦਾ ਹੈ ਤੇ ਜਿ਼ੰਦਗੀ ਤਾਂ ਚਲਦੀ ਵੀ ਆਸਾਂ ਦੇ ਸਹਾਰੇ ਹੀ ਹੈ, ਜੇ ਆਸ ਟੁੱਟੀ ਤਾਂ ਸਮਝੋ ਜਿ਼ੰਦਗੀ ਮੁੱਕੀ। ਪਰ ਹੁਣ ਬਦਲੇ ਹਾਲਾਤਾਂ ਕਾਰਨ ਆਸਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ, ਨਜ਼ਰ ਆਵੇ ਵੀ ਕਿੱਥੋਂ ਕੰਮਾਂ ਦੇ ਹਾਲਾਤ ਹੀ ਐਨੇ ਵਿਗੜ ਚੁੱਕੇ ਹਨ ਕਿ ਜੀਹਦਾ ਵੀ ਦਾਅ ਲੱਗਦਾ ਉਹ ਦੂਜੇ ਦਾ ਕੰਮ ਛੁਡਾ ਕੇ ਉੱਥੇ ਆਪ ਜਾਂ ਆਪਣੇ ਕਿਸੇ ਕਰੀਬੀ ਨੂੰ ਲਵਾਉਣ ਦੀ ਕੋਸਿ਼ਸ਼ ਕਰਦਾ ਹੈ, ਜੇ ਇਹੀ ਹਰਕਤ ਕੋਈ ਇਟਾਲੀਅਨ ਕਰੇ ਤਾਂ ਉਸ ਨੂੰ ਨਸਲੀ ਵਿਤਕਰਾ ਕਿਹਾ ਜਾਂਦਾ ਹੈ, ਪਰ ਜਿਹੜੇ ਆਪਣੇ ਹੀ ਆਪਣਿਆਂ ਨਾਲ ਇਸ ਤਰ੍ਹਾਂ ਕਰ ਰਹੇ ਹਨ ਉਹਨਾਂ ਨੂੰ ਕਿਹੜੇ ਸ਼ਬਦਾਂ ਨਾਲ ਨਿਵਾਜੀਏ ਇਹ ਗੱਲ ਸਮਝੋਂ ਬਾਹਰ ਹੈ। ਦਸ ਪੰਦਰਾਂ ਸਾਲ ਇੱਕੋ ਫੈਕਟਰੀ ਜਾਂ ਫਾਰਮ ਵਿੱਚ ਕੰਮ ਕਰਨ ਵਾਲੇ ਵੀ ਅੱਜ ਘਰਾਂ ‘ਚ ਵਿਹਲੇ ਬੈਠੇ ਹਨ। ਇਹਨਾਂ ਵਿੱਚੋਂ ਕਈ ਤਾਂ ਉਹ ਹਨ, ਜਿਹੜੇ ਜਿੱਥੇ ਕੰਮ ਕਰਦੇ ਸਨ ਉਹ ਕੰਮ ਹੀ ਬੰਦ ਹੋ ਗਏ, ਕਈਆਂ ਦੇ ਆਪਣਿਆਂ ਨੇ ਹੀ ਪੇਟ ਵਿੱਚ ਲੱਤ ਮਾਰੀ ਤੇ ਕਈਆਂ ਨੂੰ ਮਾਲਕਾਂ ਨੇ ਹਟਾ ਕੇ ਉਹਨਾਂ ਦੀ ਜਗ੍ਹਾ ਘੱਟ ਪੈਸਿਆਂ ਵਿੱਚ ਕੰਮ ਕਰਨ ਵਾਲੇ ਬੰਦੇ ਰੱਖ ਲਏ। ਇਹ ਸਭ੍ਹ ਕੁਝ ਇਸ ਲਈ ਹੋ ਰਿਹਾ ਹੈ ਕਿ ਇੱਥੇ ਕੰਮ ਘੱਟ ਤੇ ਕੰਮ ਲੱਭਣ ਵਾਲਿਆਂ ਦੀ ਗਿਣਤੀ ਜਿ਼ਆਦਾ ਹੈ, ਜਿੱਥੇ ਇੱਕ ਬੰਦੇ ਦੀ ਲੋੜ ਹੁੰਦੀ ਹੈ ਉੱਥੇ ਦਸ ਜਾਣੇ ਪਹੁੰਚੇ ਹੁੰਦੇ ਹਨ। ਫਿਰ ਮਾਲਕ ਨੇ ਤਾਂ ਉਸ ਨੂੰ ਹੀ ਰੱਖਣਾ ਹੁੰਦਾ ਹੈ ਜਿਹੜਾ ਘੱਟ ਪੈਸਿਆਂ ਵਿੱਚ ਜਿ਼ਆਦਾ ਕੰਮ ਕਰੇਗਾ, ਕਿਉਂਕਿ ਵਪਾਰੀ ਬੰਦੇ ਨੇ ਤਾਂ ਆਪਣਾ ਫਾਇਦਾ ਦੇਖਣਾ ਹੁੰਦਾ ਹੈ। ਹਾਲਾਤ ਇੱਥੋਂ ਤੱਕ ਨਿੱਘਰ ਚੁੱਕੇ ਹਨ ਕਿ ਘੱਟ ਪੈਸਿਆਂ ਦੀ ਗੱਲ ਤਾਂ ਇੱਕ ਪਾਸੇ ਰਹੀ ਕਈ ਵਾਰ ਬਿਨਾਂ ਪੇਪਰਾਂ ਵਾਲਿਆਂ ਤੋਂ ਤਾਂ ਕਈ-ਕਈ ਮਹੀਨੇ ਕੰਮ ਕਰਵਾਕੇ ਵੀ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਤੇ ਉਹ ਵਗੈਰ ਪੇਪਰਾਂ ਤੋਂ ਹੋਣ ਕਰਕੇ ਕੋਈ ਕੇਸ ਵੀ ਨਹੀਂ ਕਰ ਸਕਦੇ, ਕਿਉਂਕਿ ਜੇ ਪੁਲਿਸ ਕੋਲ ਜਾਣਗੇ ਵੀ ਤਾਂ ਪੈਸਿਆਂ ਦਾ ਤਾਂ ਪਤਾ ਨਹੀਂ ਮਿਲਣਗੇ ਜਾਂ ਨਹੀਂ ਪਰ ਉਹਨਾਂ ਨੂੰ ਦਸ ਜਾਂ ਪੰਦਰਾਂ ਦਿਨ ਤੋਂ ਪਹਿਲਾਂ ਇਹ ਦੇਸ਼ ਛੱਡਣ ਦਾ ਅਦੇਸ਼ ਜ਼ਰੂਰ ਮਿਲ ਜਾਵੇਗਾ। ਇਸ ਲਈ ਉਹ ਚੁੱਪ ਵਿੱਚ ਹੀ ਭਲੀ ਸਮਝਦੇ ਹਨ। ਕਈ ਵਿਚਾਰੇ ਮਜਬੂਰੀ ਵੱਸ ਦੋ ਵੇਲੇ ਦੀ ਰੋਟੀ ਅਤੇ ਰਹਾਇਸ਼ ਦੀ ਖਾਤਿਰ ਕੰਮ ਕਰਨ ਲਈ ਮਜਬੂਰ ਹਨ। ਜਿਹੜੇ ਤਾਂ ਪਿਛਲੇ ਕੁਝ ਸਮੇਂ ਤੋਂ ਇੱਥੇ ਰਹਿ ਰਹੇ ਹਨ ਤੇ ਉਹਨਾਂ ਨੇ ਚਾਰ ਪੈਸੇ ਕਮਾਏ ਹੋਏ ਹਨ, ਉਹਨਾਂ ਵਿੱਚੋਂ ਕਈਆਂ ਨੇ ਤਾਂ ਇੱਥੋਂ ਦੇ ਨਿਘਰਦੇ ਹਾਲਾਤਾਂ ਤੋਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਲਾਉਂਦੇ ਹੋਏ ਆਪਣੇ ਘਰਾਂ ਨੂੰ ਵਾਪਿਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਪਰ ਗੰਭੀਰ ਸਮੱਸਿਆ ਉਹਨਾਂ ਲਈ ਹੈ ਜਿਹੜੇ ਕੁਝ ਕੁ ਸਮਾਂ ਪਹਿਲਾਂ ਦਸ-ਦਸ ਲੱਖ ਰੁਪਈਆ ਲਾ ਕੇ ਇੱਥੇ ਆਏ ਹਨ ਜਾਂ ਆ ਰਹੇ ਹਨ। ਕਿਉਂਕਿ ਇਹਨਾਂ ਵਿੱਚੋਂ ਜਿੰਨ੍ਹਾਂ ਦਾ ਤਾਂ ਪਿੱਛੇ ਸਰਦਾ ਉਹ ਤਾਂ ਸ਼ਾਇਦ ਵਾਪਿਸ ਚਲੇ ਵੀ ਜਾਣ, ਪਰ ਜਿਹੜੇ ਸਭ੍ਹ ਕੁਝ ਵੇਚ ਵੱਟ ਕੇ ਆਉਂਦੇ ਹਨ ਉਹਨਾਂ ਨੂੰ ਇੱਥੇ ਵੀ ਕੁਝ ਬਣਦਾ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਵਾਪਿਸ ਜਾਣ ਜੋਗੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਕਿਸੇ ਪਾਸੇ ਪੇਸ਼ ਨਾ ਜਾਂਦੀ ਵੇਖ ਗਲਤ ਰਸਤੇ ਵੀ ਅਪਣਾ ਰਹੇ ਹਨ, ਜਿਵੇਂ ਪਿੱਛੇ ਜਿਹੇ ਕਈ ਨੌਜਵਾਨ ਮਾਰਕੀਟਾਂ ਵਿੱਚੋਂ ਚੋਰੀ ਕਰਦੇ ਫੜੇ ਗਏ, ਕਈ ਨਕਲੀ ਨੋਟ ਚਲਾਉਂਦੇ ਫੜੇ ਗਏ ਅਤੇ ਕਈਆਂ ਦੀਆਂ ਨਸੇ਼ ਦੀ ਸਮੱਗਲਿੰਗ ਕਰਨ ਵਰਗੀਆਂ ਖ਼ਬਰਾਂ ਵੀ ਸੁਨਣ ਨੂੰ ਮਿਲੀਆਂ ਹਨ। ਇਹ ਸਭ੍ਹ ਕੁਝ ਵੇਖ ਸੁਣ ਕੇ ਡਰ ਜਿਹਾ ਲੱਗਦਾ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਲੱਖਾਂ ਸੁਪਨੇ ਲੈ ਕੇ ਇੱਥੇ ਆਈ ਸੀ ਕਿਤੇ ਇੱਥੇ ਹੀ ਤਬਾਹ ਨਾ ਹੋ ਜਾਵੇ, ਸੁਪਨੇ ਕਿਤੇ ਸੁਪਨੇ ਬਣ ਕੇ ਹੀ ਨਾ ਰਹਿ ਜਾਣ ਅਤੇ ਪਿੱਛੇ ਰਾਹਾਂ ਤੱਕਦੇ ਮਾਂ-ਪਿਉਂ ਰਾਹਾਂ ਤੱਕਦੇ ਹੀ ਰਹਿ ਜਾਣ। ਅੱਗੇ ਜਾ ਕੇ ਕੀ ਹੋਣ ਵਾਲਾ ਹੈ ਇਸ ਦਾ ਜਵਾਬ ਤਾਂ ਸਮਾਂ ਹਮੇਸ਼ਾ ਆਪਣੀ ਬੁੱਕਲ ਵਿੱਚ ਲਕੋਈ ਰੱਖਦਾ ਹੈ। ਅਸੀ ਤਾਂ ਬਸ ਸਮੇਂ-ਸਮੇਂ ਨਾਲ ਇੱਥੋਂ ਦੇ ਹਾਲਾਤਾਂ ਵਾਰੇ ਲਿਖ ਕੇ ਆਉਣ ਵਾਲਿਆਂ ਨੂੰ ਜਾਣੂ ਹੀ ਕਰਵਾ ਸਕਦੇ ਹਾਂ ਤਾਂ ਕਿ ਕੋਈ ਵੀ ਇੱਥੇ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਸਕੇ। ਜਿਹੜੇ ਇੱਥੇ ਆ ਚੁੱਕੇ ਹਨ ਉਹਨਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭ੍ਹ ਕੁਝ ਠੀਕ ਹੋ ਜਾਵੇ, ਸਭ੍ਹ ਦੇ ਸੁਪਨੇ ਪੂਰੇ ਹੋਣ ਤੇ ਹਰ ਕੋਈ ਹੱਸਦਾ ਖੇਡਦਾ ਜਿਵੇਂ ਘਰੋਂ ਆਇਆ ਸੀ ਉਸ ਤਰ੍ਹਾਂ ਹੀ ਹੱਸਦਾ ਖੇਡਦਾ ਆਪਣੇ ਘਰ ਵਾਪਿਸ ਪਰਤੇ।

****

ਹਾਦਸਿਆਂ ਦੇ ਬਾਵਜੂਦ.......... ਗ਼ਜ਼ਲ / ਬਲਜੀਤ ਪਾਲ ਸਿੰਘ

ਹਾਦਸਿਆਂ ਦੇ ਬਾਵਜੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾਂ ਅਸੀਂ ਰੁਕੇ ਨਹੀਂ

ਭਾਵੇਂ ਝੜ ਹੀ ਜਾਂਦੇ ਪੀਲੇ ਜ਼ਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ

ਤੁਸੀਂ ਕੌਣ ਹੋ ਸਾਡੇ ਫੈਸਲੇ ਕਰਨ ਵਾਲੇ
ਜੁਰਮ ਤੁਹਾਡੇ ਸਾਡੇ ਕੋਲੋਂ ਲੁਕੇ ਨਹੀਂ

ਅਸੀਂ ਤੁਹਾਡੀ ਹਰ ਸੌਗਾਤ ਸੰਭਾਲੀ ਹੈ
ਅੱਖੀਆਂ ਦੇ ਵਿਚ ਹੰਝੂ ਕਦੇ ਸੁੱਕੇ ਨਹੀਂ

ਵਕਤ ਹੈ ਹਰਿਆਲੀ ਨੂੰ ਅਜੇ ਵੀ ਸਾਂਭ ਲਵੋ
ਮੇਰੇ ਮਸ਼ਵਰੇ ਫਜ਼ੂਲ ਅਤੇ ਬੇਤੁਕੇ ਨਹੀਂ

ਮੁੜਕਾ ਵਗੇ ਕਿਸਾਨਾਂ ਅਤੇ ਮਜ਼ਦੂਰਾਂ ਦਾ
ਸ਼ਾਹੂਕਾਰ ਦੇ ਕਰਜ਼ੇ ਫਿਰ ਵੀ ਚੁਕੇ ਨਹੀਂ

ਜਿੰਨਾਂ ਖਾਤਿਰ ਦਰਦ ਬੜਾ ਹੀ ਢੋਇਆ ਹੈ
ਜਦ ਵੀ ਭੀੜ ਬਣੀ ਉਹ ਨੇੜੇ ਢੁਕੇ ਨਹੀਂ

ਮੁੰਡੇ ਦੇਣ ਵਾਲਾ ਬਾਬਾ..........ਕਹਾਣੀ / ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

ਮੈ ਕਾਲਜ ਵਿੱਚ ਪੜ੍ਹਦਾ ਜਰੂਰ ਸੀ ਪਰ ਕਾਲਜ ਵਿੱਚ ਪੜ੍ਹਾਈ ਕਰਨ ਨੂੰ ਉੱਕਾ ਦਿਲ ਨਹੀਂ ਸੀ ਕਰਦਾ। ਬੱਸ ਦੂਜਿਆਂ ਨੂੰ ਦੇਖ ਦੇਖ ਕੇ ਪੜ੍ਹਨਾਂ ਪੈਦਾ। ਮੈ ਸੋਚਦਾ ਸੀ ਪੜ੍ਹਕੇ ਕਿਹੜਾ ਮੈਂ ਡੀ. ਸੀ. ਲੱਗ ਜਾਊਂਗਾ ? ਜੱਟ ਦੇ ਪੁੱਤ ਨੂੰ ਸਰਕਾਰੀ ਨੌਕਰੀ ਤਾਂ ਮਿਲਨੋਂ ਰਹੀ ਤੇ ਪ੍ਰਾਈਵੇਟ ਨੌਕਰੀ ਨਾਲ ਬਣਦਾ ਕੁਛ ਨਹੀਂ। ਧੱਕ ਧਕਾ ਕੇ ਬੀ. ਏ. ਫਾਈਨਲ ਤੱਕ ਪਹੁੰਚ ਗਿਆ। ਮੇਰੇ ਨਾਲ ਮੇਰਾ ਇੱਕ ਯਾਰ ਹੁੰਦਾ ਸੀ । ਧਰਮ ਪਾਲ ਬਾਣੀਆ ਦਾ ਮੁੰਡਾ ਸੀ ਪਰ ਦੋਸਤੀ ਜੱਟਾਂ ਨਾਲ਼ ਰਖਦਾ ਸੀ। ਇਸਨੂੰ ਕੋਈ ਮਹਾਜਨ ਨਹੀਂ ਸੀ ਕਹਿੰਦਾ, ਕਿਉਂਕਿ ਇਹ ਪਿੰਡ ਵਿੱਚੋਂ ਸ਼ਹਿਰ ਆਇਆ ਸੀ। ਕਾਲਜ ਵਿੱਚ ਸਾਰੇ ਧਰਮਾਂ ਕਹਿੰਦੇ ਸਨ। ਮੇਰੇ ਨਾਲ ਧਰਮੇ ਦੀ ਚੰਗੀ ਬਹਿਣੀ ਉੱਠਣੀ ਸੀ। ਸ਼ਹਿਰ ਵਿੱਚ ਹੀ ਘਰ ਸੀ। ਕਿਉਂਕਿ ਪਿੰਡ ਵਾਲੀ ਜ਼ਮੀਨ ਪਤਾ ਨਹੀ ਵੇਚ ਆਏ ਸਨ ਕਿ ਕਿਸੇ ਨੂੰ ਠੇਕੇ ਹਿੱਸੇ ਤੇ ਦੇ ਆਏ ਸਨ ਇਸ ਬਾਰੇ ਮੈਂ ਕਦੇ ਨਹੀਂ ਸੀ ਪੁੱਛਿਆ।

‘ਚੱਲ ਅੱਜ ਮੇਰੇ ਘਰ ਚੱਲ ਕੇ ਚਾਹ ਪਾਣੀ ਪੀਂਦੇ ਆਂ’ ਧਰਮੇ ਨੇ ਮੈਨੂੰ ਕਿਹਾ।
‘ਨਈ ਯਾਰ ਫਿਰ ਕਿਸੇ ਦਿਨ ਸਈ’ ਮੈਂ ਟਾਲ ਦਿੱਤਾ ਕਿਉਂਕਿ ਮੈਂ ਘਰ ਜਾਕੇ ਖੇਤ ਮੋਟਰ ਵੀ ਚਲਾਉਣੀ ਸੀ। ਹੋਰ ਵੀ ਘਰ ਦੇ ਕੰਮ ਸਨ, ਇਸ ਬਾਣੀਏ ਨੂੰ ਕਿਹੜਾ ਕੋਈ ਕੰਮ ਸੀ।
‘ਮੈ ਕਿਹੜਾ ਰੋਜ਼ ਚਾਹ ਨੂੰ ਆਖਣਾਂ ? ਅੱਜ ਹੜਤਾਲ ਕਰਕੇ ਕਹਿਨਾਂ ਚੱਲ ਤੁਰ’ ਧਰਮਾਂ ਮੇਰੀ ਬਾਂਹ ਫੜਕੇ ਆਵਦੇ ਘਰ ਵੱਲ ਲੈ ਗਿਆ।ਕਿਉਕਿ ਕਾਲਜ ਵਿੱਚ ਅਚਾਨਕ ਹੜਤਾਲ ਹੋ ਗਈ ਸੀ।ਅਸੀ ਸਾਈਕ਼ਲਾਂ ਤੇ ਸੀ ਘਰ ਪਹੁੰਚ ਗਏ।
‘ਅੱਜ ਛੇਤੀ ਆ ਗਿਆ ਪੁੱਤ’ ਧਰਮੇ ਦੀ ਮਾਂ ਨੇ ਦਰਵਾਜ਼ਾ ਖੋਲਦੀ ਹੋਈ ਨੇ ਕਿਹਾ ਹੱਥ ਵਿੱਚ ਗੁਟਕਾਂ ਸੀ ਲਗਦਾ ਸੀ ਸੁਖਮਨੀ ਸਹਿਬ ਦਾ ਪਾਠ ਕਰ ਰਹੀ ਸੀ। ਮੈ ਝੁਕ ਪੈਰੀ ਹੱਥ ਲਾਇਆ।
‘ਜਿਊਦਾ ਰਹਿ ਪੁੱਤ’ਮਾਂ ਨੇ ਮੇਰਾ ਸਿਰ ਪਲੋਸਦੀ ਹੋਈ ਨੇ ਕਿਹਾ। ਤੇ ਪਾਣੀ ਦੇ ਦੋ ਗਲਾਸ ਦੇ ਕੇ ਚਾਹ ਬਨਾਉਣ ਲੱਗ ਪਈ।ਅਸੀ ਦੋਵੇ ਇੱਕ ਕਮਰੇ ਵਿੱਚ ਬੈਠੇ ਸੀ। ਕਮਰੇ ਵਿੱਚ ਵੱਢੀਆਂ ਵੱਢੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਲਾਈਆਂ ਸਨ ਤੇ ਧੂਫ ਬੱਤੀ ਕੀਤੀ ਹੋਈ ਸੀ ਧੂਫ ਦੀ ਖੁਸਬੋ ਨਾਲ ਕਮਰਾ ਮਹਿਕ ਰਿਹਾ ਸੀ। ਘਰ ਛੋਟਾ ਸੀ ਮੈ ਸੋਚਦਾ ਸੀ ਕਿ ਐਡੇ ਛੋਟੇ ਘਰ ਵਿੱਚ ਗੁਜ਼ਾਰਾ ਕਿਵੇ ਕਰਦੇ ਹੋਣਗੇ?ਪਰ ਇਹਨਾਂ ਦੇ ਕਿਹੜਾ ਮਹੀਆਂ ਗਾਈਆਂ ਹਨ ਜਿਹਨਾਂ ਵਾਸਤੇ ਵੱਢਾ ਘਰ ਚਾਹੀਦਾ ਹੈ।
‘ਤੂੰ ਪੁੱਤ ਧਰਮੇ ਨਾਲ ਪੜਦੈ? ਧਰਮੇ ਦੀ ਮਾਂ ਨੇ ਮੈਨੂੰ ਪੁੱਛਿਆ।
‘ਹਾਂ ਬੇਬੇ ਅਸੀ ਤਿੰਨਾਂ ਸਾਂਲਾਂ ਤੋ ਕੱਠੇ ਈ ਪੜਦੇ ਆਂ'
‘ਪਰ ਘਰ ਤਾਂ ਏਹ ਅੱਜ ਈ ਲੇਕੈ ਆਇਆ’ ਮਾਂ ਨੇ ਕਿਹਾ।
‘ਏਹ ਤਾਂ ਅੱਜ ਵੀ ਨੀ ਸੀ ਆਉਦਾ ਕ੍ਹੈਦਾ ਮੈ ਛੇਤੀ ਘਰ ਜਾਣਾਂ ਖੇਤ ਜਾ ਕੇ ਮੋਟਰ ਚਲਾਉਣੀ ਆ’ ਧਰਮੇ ਨੇ ਕਿਹਾ।
‘ਕੀ ਗੱਲ ਪੁੱਤ ਹੋਰ ਕੋਈ ਘਰ ਨੀ?’ ਮਾਂ ਨੇ ਕਿਹਾ।
‘ਨਈ’ਮੈ ਕਿਹਾ।
‘ਤੇਰਾ ਬਾਪੂ ਘਰ ਨੀ ਕਿਤੇ ਗਿਆ?’
‘ਹਾਂ’
‘ਕਿੱਥੇ?’
‘ਉਹ ਤਾਂ ਮੈਨੁੰ ਦੋ ਸਾਲ ਦੇ ਨੂੰ ਛੱਡ ਕੇ ਇਸ ਦੁਨੀਆਂ ਤੋ ਕੂਚ ਕਰ ਗਿਆ ਸੀ'
‘ਤੇ ਮਾਂ'?
‘ਊਸਨੂੰ ਸਾਲ ਕੁ ਹੋ ਮਰੀ ਨੂੰ ਡੈਡੀ ਦਾ ਫਿਕਰ ਕਰਕੇ ਬੀਮਾਰ ਰਹਿੰਦੀ ਸੀ’ ਇਹ ਆਖ ਕੇ ਮੈ ਨੀਵੀ ਪਾ ਲਈ।
‘ਇਹ ਹੁਣ ਦਾਦਾ ਦਾਦੀ ਕੋਲ ਰਹਿੰਦਾ ਮਾਂ’ ਧਰਮੇ ਨੇ ਵਾਕ ਪੂਰਾ ਕੀਤਾ।
‘ਗਲਤੀ ਹੋਗੀ ਪੁੱਤ! ਪਰ ਧਰਮੇ ਨੇ ਤਾਂ ਕਿਤੇ ਤੇਰੇ ਬਾਰੇ ਕੋਈ ਗੱਲ ਨੀ ਦੱਸੀ’
‘ਮੈ ਕੀ ਦਸਦਾ?’
‘ਤੇਰਾ ਕੋਈ ਹੋਰ ਭਰਾ ਭੈਣ?’ਮਾਂ ਨੇ ਪੁੱਛਿਆ।
‘ਬੇਬੇ ਸਵਾ ਲੱਖ ਈ ਆਂ' 
‘ਹੈ!’ਬੇਬੇ ਸੁਣਕੇ ਸੁੰਨ ਹੋ ਗਈ ਬੇਬੇ ਦਿਲ ਵਿੱਚ ਸੋਚ ਰਹੀ ਸੀ ਕਿ ਇਸ ਗੌਰਮਿੰਟ ਨੇ ਫੈਮਲੀ ਪਲਾਨਿਗ ਬਣਾਂ ਕੇ ਘਰਾਂ ਦੇ ਘਰ ਉਜਾੜ ਦਿੱਤੇ ਸਾਰਿਆਂ ਦੇ ਇੱਕ ਇੱਕ ਟਿੰਗ!ਜਿਹਨਾਂ ਦਾ ਇੱਕੋ ਸੀ ਮਰ ਗਿਆ ਤੋ ਹੋਰ ਹੋਣ ਦੀ ਆਸ ਨੀ ਉਹ ਕਿੱਧਰ ਜਾਊ?ਦੀਵਾ ਗੁੱਲ ਚੁੱਲਾ ਠੰਢਾ!ਮੈ ਤਾਂ ਧਰਮੇ ਨੂੰ ਆਖ ਦੇਣਾਂ ਪੁੱਤ ਮੈਨੂੰ ਤਾਂ ਚਾਰ ਪੰਜ ਪੋਤੇ ਪੋਤੀਆਂ ਚਾਹੀਦੇ ਹਨ। ਦੱਸੋ ਇਹ ਵਿਚਾਰਾ ਇਕੱਲਾ ਕੀ ਕਰੂਗਾ ਮਾ ਬਾਪ ਤੁਰ ਗਏ ਦਾਦਾ ਦਾਦੀ ਕਦੋ ਕੁ ਤੱਕ ਬੈਠੇ ਰਹਿਣਗੇ। ਜੇ ਕੰਨ ਪਾਟੀ ਚੰਗੀ ਆ ਗਈ ਤਾਂ ਠੀਕ ਨਹੀ ਤਾਂ ਝੁੱਗਾ ਚੌੜ!ਬੇਬੇ ਸੋਚਾਂ ਵਿੱਚ ਗੋਤੇ ਖਾ ਰਹੀ ਸੀ।
‘ਮਾਂ ਕੀ ਸੋਚਣ ਲੱਗਪੀ’ਧਰਮੇ ਨੇ ਕਿਹਾ।
‘ਕੁਛ ਨੀ ਪੁੱਤ ਚੱਲ ਏਹਨੂੰ ਜਾਣ ਦੇ,ਪੁਤ ਕਦੇ ਕਦਾਈ ਆ ਕੇ ਰੋਟੀ ਖਾ ਜਾਇਆ ਕਰ’ ਮਾਂ ਨੇ ਕਿਹਾ ਮੈ ਚਾਹ ਪੀ ਕੇ ਸਤਿ ਸ੍ਰੀ ਅਕਾਲ ਬਲਾ ਕੇ ਪਿੰਡ ਆ ਗਿਆ।ਕਦੇ ਕਦਾਈ ਧਰਮੇ ਦੀ ਮਾਂ ਮੇਰੇ ਵਾਸਤੇ ਕੁਛ ਨਾਂ ਕੁਛ ਖਾਂਣ ਨੂੰ ਬਣਾਂ ਕੇ ਭੇਜ ਦਿੰਦੀ। ਮੈ ਖੇਤੋ ਕਦੇ ਗੰਨੇ ਕਦੇ ਸਾਗ ਦੇ ਦਿੰਦਾ। ਮਜਬੀਆਂ ਦਾ ਮੁੰਡਾ ਸਾਡੇ ਪੁਸ਼ਤੋ ਪੁਸ਼ਤੀੰ ਰੱਖਿਆ ਸੀ ਤਿੰਨ ਪੀਹੜੀਆਂ ਇਸ ਟੱਬਰ ਨੂੰ ਸਾਡੇ ਘਰ ਹੋ ਗਈਆਂ ਸਨ।ਇਸ ਕਰਕੇ ਇਸਨੂੰ ਕੰਮ ਦੱਸਣ ਦੀ ਲੋੜ ਨਹੀ ਸੀ। ਕਿਉਕਿ ਇਸਨੂੰ ਅਸੀ ਕਦੇ ਨੌਕਰ ਨਹੀ ਸੀ ਸਮਝਿਆ ਇਹ ਰਾਤ ਨੂੰ ਸੌਦਾ ਵੀ ਸਾਡੇ ਘਰ ਹੀ ਸੀ। ਖੇਤ ਇਸਦੇ ਸੌਕ ਨਾਲ ਕਬੂਤਰ ਵੀ ਰੱਖੇ ਹੋਏ ਸਨ।ਮੈ ਬਥੇਰਾ ਕਹਿਣਾਂ ਕਿ ਕਬੂਤਰਾਂ ਦੀ ਬਜਾਏ ਕੁੱਕੜ ਰੱਖ ਆਂਡੇ ਖਾ ਲਿਆ ਕਰ।ਪਰ ਉਹ ਕਹਿੰਦਾ ਨਹੀ 
‘ਬਾਈ ਕੁੱਕੜ ਪਸੂਆਂ ਦੀਆਂ ਖੁਰਨੀਆਂ ਵਿੱਚ ਬਿੱਠਾਂ ਕਰ ਦਿੰਦੇ ਹਨ ਨਾਲੇ ਪੱਠੇ ਖਿਲਾਰ ਕੇ ਖੁਰਨੀਆਂ ਵਿੱਚ ਬਾਹਰ ਮਾਰਦੇ ਹਨ,ਕਬੂਤਰਾਂ ਦਾ ਕੋਈ ਦੁੱਖ ਨਹੀ ਸਵੇਰੇ ਉਡਕੇ ਤੇ ਸ਼ਾਂਮ ਨੂੰ ਆ ਜਾਦੇ ਆ ਮੈਨੂੰ ਕਬੂਤਰਾਂ ਨਾਲ ਪਿਆਰ ਆ’
ਕਦੇ ਕਦੇ ਸਾਂਥੋ ਚੋਰੀ ਸ਼ਰਾਬ ਵੀ ਕੱਢ ਲੈਦਾ ਪਰ ਆਦੀ ਨਹੀ ਸੀ ਬੱਸ ਝੋਨੇ ਤੇ ਕਣਕ ਵੇਲੇ ਕੰਬਾਈਨ ਵਾਲਿਆਂ ਨੁੰ ਖੁਸ਼ ਕਰਨ ਵਾਸਤੇ।ਕਦੇ ਕਦਾਈ ਮੇਰਾ ਮਾਮਾ ਆਉਦਾ ਹੁੰਦਾ ਸੀ ਉਸਨੂੰ ਘਰ ਦੀ ਸ਼ਰਾਬ ਪਿਆ ਕੇ ਨਿਹਾਲ ਕਰ ਦਿੰਦਾ,ਪਰ ਜਦੋ ਦੀ ਮੇਰੀ ਮੰਮੀ ਸਵ੍ਰਗਵਾਸ ਹੋ ਗਈ ਉਦੋ ਦਾ ਮਾਮਾ ਵੀ ਨਹੀ ਆਉਦਾ। ਮੈ ਕਈ ਵਾਰ ਸੋਚਦਾ ਕਿ ਵਾਹੀ ਛੱਡ ਦੇਈਏ ਤੇ ਪੈਲੀ ਠੇਕੇ ਤੇ ਦੇ ਦੇਈਏ ਪਰ ਸੀਰੀ ਕਹਿ ਦਿੰਦਾ ਵਾਹੀ ਤਾਂ ਮੈ ਕਰਨੀ ਹੈ ਤੁਸੀ ਨਹੀ ਜੇ ਘਾਟਾ ਪੈ ਗਿਆ ਤਾ ਦੱਸੋ ਵੈਸੈ ਸੀਰੀ ਠੀਕ ਹੀ ਕਹਿੰਦਾ ਸੀ ਲੋਕਾਂ ਦੇ ਪੈਸੈ ਸਿਰ ਟੁਟਦੇ ਸਨ ਪਰ ਸਾਡਾ ਹਿਸਾਬ ਪੂਰਾ ਹੋ ਕੇ ਚਾਰ ਪੇਸੈ ਬਚ ਜਾਦੇ ਸਨ ਬਚੇ ਪੈਸਿਆਂ ਦੇ ਸਾਡਾ ਸੀਰੀ ਦੋ ਤਿੰਨ ਕਿੱਲੇ ਠੇਕੇ ਤੇ ਲੈ ਲੈਦਾ। ਫਾਈਨਲ ਦਾ ਸਾਲ ਸੁਰੂ ਹੀ ਹੋਇਆ ਸੀ। ਸਾਨੂੰ ਦੋਹਾਂ ਦੋਸਤਾਂ ਨੂੰ ਮਿਲੇ ਬਗੈਰ ਚੈਨ ਨਹੀ ਸੀ ਆਉਦਾ। ਜਦੋ ਕਿਤੇ ਮੈ ਦੋ ਕੁ ਦਿਨ ਨਾਂ ਕਾਲਜ ਆਉਦਾ ਤਾਂ ਧਰਮਾਂ ਸਾਡੇ ਪਿੰਡ ਮੇਰਾ ਪਤਾ ਕਰਨ ਜਾਂਦਾ।ਕਈ ਜੋ ਸਾਨੂੰ ਨਹੀ ਜਾਣਦੇ ਸਨ ਉਹ ਸਾਨੂੰ ਸਕੇ ਭਰਾ ਸਮਝਦੇ। ਅਸੀ ਕੰਟੀਨ ਵਿੱਚ ਚਾਹ ਪੀ ਰਹੇ ਸੀ।
‘ਯਾਰ ਆਹ ਨਵੀ ਆਈ ਕੁੜੀ ‘ਨੀਲੀ’ ਆਪਣੇ ਦੋਹਾਂ ਵੱਲ ਬੌਤ ਜਾਦਾ ਦੇਖਦੀ ਆ’ਧਰਮੇ ਨੇ ਮੈਨੂੰ ਕਿਹਾ। 
‘ਯਾਰ ਏਹ ਗੱਲ ਮੈ ਵੀ ਨੋਟ ਕੀਤੀ ਸੀ ਕਿ ਨਵੀ ਆਈ ਕੁੜੀ ਸਾਡੇ ਦੋਹਾਂ ਵੱਲ ਬਹੁਤ ਦੇਖਦੀ ਆ ਹਾਏ ਹੈਲੋ ਵੀ ਕਰਦੀ ਆ ਪਰ ਪੰਜਾਬੀ ਪੰਜਾਬ ਦੀ ਪੰਜਾਬੀ ਨਹੀ’
‘ਚੱਲ ਯਾਰ ਆਪਾਂ ਕੀ ਲੈਣਾਂ’ਮੈ ਕਿਹਾ।
‘ਕਿਤੇ ਆਪਾਂ ਨੂੰ ਪਿਆਰ ਨਾਂ ਕਰਦੀ ਹੋਵੇ’ਧਰਮੇ ਨੇ ਉਸ ਵੱਲ ਚੋਰੀ ਅੱਖ ਨਾਲ ਦੇਖਦੇ ਹੋਏ ਨੇ ਕਿਹਾ। ਨੀਲੀ ਵੀ ਸਾਡੇ ਵੱਲ ਚੋਰੀ ਅੱਖ ਨਾਲ ਦੇਖ ਰਹੀ ਸੀ ।
‘ਨਾਂ ਭਰਾਵਾ ਪ੍ਰੇਮ ਪਰੂਮ ਦਾ ਚੱਕਰ ਆਪਾਂ ਨੀ ਪੈਣਾਂ’
‘ਕਿਓ ਜੱਟ ਹੋ ਕੇ ਡਰਦੈ’
‘ਭਰਾਵਾ ਡਰ ਈ ਠੀਕ ਆ’
‘ਮੈ ਬਾਣੀਆ ਹੋ ਕੇ ਨੀ ਡਰਦਾ’
‘ਜੱਟ ਕਰਕੇ ਤਾਂ ਡਰਦਾ ਕਿ ਜੇ ਇਸ ਨਾਲ ਗੱਲ ਕਰ ਲਈ ਫਿਰ ਮੇਰੇ ਕੋਲੋ ਮਹਾਜਨਾਂ ਵਾਂਗੂੰ ਪਿੱਛੇ ਨੀ ਹਟਿਆ ਜਾਂਣਾਂ’
‘ਲੈ ਚੀਜ ਚੰਗੀ ਲਗੇ ਰੱਖ ਲੋ ਨਈ ਤਾਂ ਬਦਲੀ’
‘ਹਾਂ! ਏਹ ਕੋਈ ਗੁੜ ਚਾਹ ਨਾਂ'
‘ਅੱਜ ਕੱਲ ਏਵੇ ਚਲਦਾ’
‘ਨਾਂ ਭਰਾਵਾ ਲਾਊਗਾ ਤਾਂ ਤੋੜ ਨਿਭਾਊਗਾ ਨਈ ਤਾਂ ਦੂਰੋ ਸਾਸਰੀਕਾਲ’
‘ਆ ਗਿਆ ਵੱਢਾ ਰਾਂਝਾਂ’
‘ਧਰਮਿਆ ਲੋਕਾਂ ਨੇ ਐਵੈ ਨੀ ਕਿਹਾ 
“ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨੀ ਵਿਚਾਲਿਓ ਟੁਟਦੇ”
ਮੈ ਕਿਹਾ ਤੇ ਕਲਾਸ ਵਿੱਚ ਬੈਠ ਗਏ ਨੀਲੀ ਦਾ ਧਿਆਨ ਪੜਨ ਵਿੱਚ ਘੱਟ ਤੇ ਮੇਰੇ ਵੱਲ ਜਿਆਦਾ ਸੀ।ਕੁੜੀ ਬਹੁਤ ਸੋਹਣੀ ਸੀ ਪਰ ਜੇ ਧਿਆਨ ਨਾਲ ਦੇਖਿਆ ਜਾਏ ਤਾਂ ਅੰਦਰੋ ਦੁਖੀ ਲਗਦੀ ਸੀ। ਕਾਲਜ ਵਿੱਚ ਛੁੱਟੀ ਹੋ ਗਈ। ਮੈ ਸਾਈਕਲ ਤੇ ਪਿੰਡ ਆ ਗਿਆ ਉਸ ਕੁੜੀ ਦੀ ਸ਼ਕਲ ਮੇਰੇ ਮਨ ਤੋ ਨਹੀ ਸੀ ਉਤਰ ਰਹੀ।ਮੈ ਬਥੇਰਾ ਮਨ ਨੂੰ ਸਮਝਾਇਆ। ਪਰ ਮਨ ਬਾਂਦਰ ਹੈ ਟਪੂਸੀਆਂ ਮਾਰਨੋ ਨਹੀ ਹਟਦਾ।ਪਰ ਕੁੜੀ ਤਾਂ ਆਪ ਹੀ ਮੇਰੇ ਵੱਲ ਵੇਖਦੀ ਰਹਿੰਦੀ ਆ ਮੈ ਤਾਂ ਕਦੇ ਕਿਸੇ ਕੁੜੀ ਵੱਲ ਦੇਖਿਆ ਕਿਉਕਿ ਮੈ ਪਿਆਰ ਵਿਆਰ ਦੇ ਚੱਕਰ ਤੋ ਡਰਦਾ ਸੀ। ਕਿਉਕਿ ਮੇਰੇ ਸਿਰ ਤੇ ਕਿਹੜਾ ਪਿਓ ਦਾ ਹੱਥ ਸੀ ਕਿ ਜੇ ਹਵੀ ਨਵੀ ਹੋ ਗਈ ਤਾਂ ਬਾਪ ਸੰਭਾਲ ਲਵੇਗਾ। ਇਸ ਕਰਕੇ ਮੈ ਦੂਜੇ ਮੁੰਡਿਆ ਦੀ ਨਕਲ ਕਰਕੇ ਕੁੜੀਆਂ ਪਿੱਛੇ ਕੁੱਤਿਆਂ ਵਾਂਗੂੰ ਨਹੀ ਸੀ ਫਿਰਦਾ। ਯਾਰੀ ਲਾਕੇ ਜੇ ਨਾਂ ਨਿਭੀ ਥਾ ਫਿਰ ਕੀ ਹੋਓ ਕਿਉਕਿ-
‘ਬੂਹੇ ਮਾਰ ਕੱਲੇ ਪਏ ਰੋਦੇ ਦੁੱਖ ਭੈੜੈ ਯਾਰੀਆਂ ਦੇ’
ਇਕ ਦਿਨ ਧਰਮਾਂ ਬੀਮਾਰ ਹੋਣ ਕਰਕੇ ਕਾਲਜ ਨਹੀ ਆਇਆ। ਪੀਰਡ ਖਤਮ ਹੋਣ ਤੋ ਬਾਅਦ ਨੀਲੀ ਨੇ ਮੇਰੇ ਵੱਲ ਦੇਖਕੇ ਹੱਸਕੇ ਨੀ ਵੀ ਪਾ ਲਈ। ਮੈ ਹਾਸੇ ਦਾ ਜਵਾਬ ਹਾਸੇ ਵਿੱਚ ਦੇ ਦਿੱਤਾ।ਕੁੜੀ ਦਾ ਮੂੰਹ ਲਾਲ ਹੋ ਗਿਆ।ਉਸਦੇ ਦਿਲ ਵਿੱਚ ਜਿਵੇ ਕੋਈ ਭੁਚਾਲ ਆ ਗਿਆ ਹੋਵੇ।ਉਸਨੇ ਫਿਰ ਮੇਰੇ ਵੱਲ ਵੇਖਿਆ ਮੈ ਹੱਥ ਗਲਾਸ ਵਾਂਗੁੰ ਬਣਾਂ ਕੇ ਮੂੰਹ ਨਾਲ ਲਾਇਆ ਜਿਸਦਾ ਮਤਲਬ ਸੀ ਚਾਹ ਇਕੱਠੇ ਪੀਵਾਂਗੇ। ਪੀਰਡ ਖਤਮ ਹੋਣ ਤੋ ਬਾਅਦ ਅਸੀ ਚਾਹ ਪੀਣ ਕੰਟੀਨ ਤੇ ਚਲੇ ਗਏ।ਦੋ ਕੱਪ ਚਾਹ ਦੇ ਲੈਕੇ ਪੀਣ ਲੱਗ ਪਏ ਦੋਨੋ ਚੁੱਪ ਚਾਪ ਚਾਹ ਪੀ ਰਹੇ ਸੀ ਕੋਈ ਗੱਲ ਸੁਰੂ ਕਰਨ ਨੂੰ ਤਿਆਰ ਨਹੀ ਸੀ।ਆਖਰ ਮੈ ਹੀ ਚੁੱਪ ਤੋੜੀ।
‘ਨੀਲੀ ਨਾਂ ਬੌਤ ਸ੍ਹੋਣਾਂ’
‘ਕਰਨ’ ਨਾਂ ਵੀ ਮਾੜਾ ਨੀ ਮਹਾਂਭਾਰਤ ਵਿੱਚ ‘ਕਰਨ’ ਸਭ ਤੋ ਸ਼ਕਤੀਸ਼ਾਲੀ ਸੀ'
‘ਮੈ ਮਹਾਂਭਾਰਤ ਵਾਲਾ ਕਰਨ ਨੀ’
‘ਵੈਸੈ ਤੁਹਾਡਾ ਨਾਂ ‘ਜਸਕਰਨ’ ਹੈ ਏਹ ਵੀ ਮਾੜਾ ਨੀ’
‘ਤੁਸੀ ਕਿੱਥੋ ਦੇ ਰਹਿਣ ਵਾਲੇ ਹੋ ਤੁਹਾਡੀ ਜ਼ਬਾਨ ਪੰਜਾਬ ਵਾਲੀ ਪੰਜਾਬੀ ਨੀ’
‘ਏਹ ਇੱਕ ਲੰਬੀ ਕਹਾਣੀ ਹੈ'
‘ਕਿੰਨੀ ਕੁ ਲੰਮੀ?’ਮੈ ਪੁੱਛਿਆ ਤਾਂ ਅਗਲੇ ਪੀਰਡ ਸੁਰੂ ਹੋ ਗਿਆ ਅਸੀ ਕਲਾਸ ਵਿੱਚ ਆ ਗਏ। ਕਾਲਜ ਤੋ ਛੁੱਟੀ ਹੋ ਗਈ ਉਹ ਆਵਦੇ ਘਰ ਤੇ ਮੈ ਆਵਦੇ ਘਰ ਆ ਗਿਆ।ਮੈ ਰਾਤ ਭਰ ਨੀਲੀ ਬਾਰੇ ਸੋਚਦਾ ਰਿਹਾ ਕਿ ਕੀਤਾ ਜਾਵੇ।ਰਾਂਝੇ ਵਾਂਗੂੰ ਇਸ਼ਕ ਕਰਨਾਂ ਮੇਰੇ ਵੱਸ ਦੀ ਗੱਲ ਨਹੀ ਸੀ ਕਿਉਕਿ ਘਰ ਕੰਮ ਕਰਨ ਨੂੰ ਮੇਰੇ ਚਾਰ ਪੰਜ ਭਰਾ ਨਹੀ ਸਨ ਤੇ ਨਾਂ ਹੀ ਨੀਲੀ ਕੋ ਹੀਰ ਵਾਂਗੂੰ ਮਹੀਆਂ ਸਨ ਕਿ ਮੈ ਮੋੜਾਂ ਤੇ ਖੜਕੇ ਆਸ਼ਕ ਬਣਾਂ।ਪਰ ਲਗਦਾ ਸੀ ਕਿ ਨੀਲੀ ਮੈਨੂੰ ਜਰੂਰ ਆਸ਼ਕ ਬਣਾਊਗੀ।
ਦੂਜੇ ਦਿਨ ਧਰਮਾਂ ਵੀ ਆ ਗਿਆ ਮੈ ਸਾਰੀ ਗੱਲ ਧਰਮੇ ਨੂੰ ਦੱਸੀ।
‘ਜਾ ਓਏ ਜੱਟ ਹੋਕੇ ਬਾਣੀਆਂ ਵਾਲੀਆਂ ਗੱਲਾਂ ਕਰਦਾ ਜੇ ਨੀਲੀ ਤੇਰੇ ਤੇ ਆਸ਼ਕ ਹੈ ਫਿਰ ਝੱਟ ਮੰਗਣੀ ਪੱਟ ਸ਼ਾਦੀ! ਪੜਕੇ ਆਪਾਂ ਕੇੜਾ ਜੱਜ ਲੱਗ ਜਾਣਾ ਤੂੰ ਟ੍ਰੈਕਟਰ ਤੇ ਮੈ ੱਤੱਕੜੀ ਫੜ ਲੈਣੀ ਆ’
‘ਨਾਂ ਭਰਾਵਾ ਮੇਰੇ ਵਿੱਚ ਆਪ ਗੱਲ ਕਰਨ ਦੀ ਹਿੰਮਤ ਨੀ ਜੇ ਤੂੰ ਆਵਦੀ ਭਾਬੀ ਬਨਾਉਣੀ ਆ ਜਾਂ ਬਹੂ ਬਨਾਉਣੀ ਆ ਤਾਂ ਤੂੰ ਗੱਲ ਕਰ’
‘ਯਾਰ ਗੱਲ ਠੀਕ ਆ ਜੇ ਜੱਟਾਂ ਦੀ ਹੋਈ ਤਾਂ ਮੇਰੀ ਜੇ ਬਾਣੀਆਂ ਦੀ ਹੋਈ ਤਾਂ ਤੇਰੀ’
‘ਚੱਲ ਆਪਾਂ ਕੰਟੀਨ ‘ਚ’ ਗੱਲ ਕਰਾਂਗੇ’ਆਖਕੇ ਅਸੀ ਦੋਵੇ ਕੰਟੀਨ ਵਿੱਚ ਚਲੇ ਗਏ ਨੀਲੀ ਨੂੰ ਮੈ ਇਸ਼ਾਰਾ ਕਰਕੇ ਬੁਲਾ ਲਿਆ।
‘ਸਾਸਰੀ ਕਾਲ ਜੀ'ਅਸੀ ਦੋਵਾਂ ਨੇ ਖੜੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ਉਸਨੇ ਸਿਰ ਹਿਲਾ ਕੇ ਜਵਾਬ ਦਿੱਤਾ।
‘ਏਹ ਮੇਰਾ ਦੋਸਤ ਧਰਮਾਂ’ਮੈ ਜਾਣ ਪਛਾਂਣ ਕਰਾਉਣ ਵਾਸਤੇ ਜਾਂ ਗੱਲ ਸੁਰੂ ਕਰਨ ਵਾਸਤੇ ਕਿਹਾ।
‘ਜਾਣਦੀ ਆਂ'ਨੀਲੀ ਨੇ ਕਿਹਾ।
‘ਤੁਸੀ ਕੁਛ ਦੱਸਣ ਵਾਸਤੇ ਕਹਿ ਰਹੇ ਸੀ’ਮੈ ਕਿਹਾ।
‘ਹਾਂ ਪਰ ਮੇਰੀ ਸਟੋਰੀ ਸੁਣਨ ਵਾਸਤੇ ਪੀਰਡ ਮਿੱਸ ਕਰਨਾਂ ਪਵੇਗਾ’
‘ਠੀਕ ਆ ਕੋਈ ਗੱਲ ਨੀ'ਧਰਮੇ ਨੇ ਕਿਹਾ ਦਿਲ ਵਿੱਚ ਕਿਹਾ ਤੇਰੇ ਵਾਸਤੇ ਸਾਲ ਮਿੱਸ ਕਰ ਦੇਈਏ ਪੀਰਡ ਕੀ ਚੀਜ਼ ਆ। ਉਸਨੇ ਲੰਮਾਂ ਸਾਹ ਲੈਕੇ ਗੱਲ ਸੁਰੂ ਕੀਤੀ।
‘ ਮੈ ਚੰਡੀਗੜ ਆਵਦੇ ਮਾਮੇ ਕੋਲ ਪੜਨ ਆਈ ਆ। ਮੇਰੀ ਮਾਂ ਹਿੰਦੂ ਸੀ ਪਰ ਪਿਓ ਸਿੱਖ।ਮੇਰਾ ਡੇਡੀ ਫੌਜ ਵਿੱਚ ਸੀ। ਮੇਰੇ ਡੈਡੀ ਜੀ ਦੀ ਬਦਲੀ ਕਸ਼ਮੀਰ ਵਿੱਚ ਹੋ ਗਈ ਕਾਫੀ ਚਿਰ ਕਸ਼ਮੀਰ ਵਿੱਚ ਰਹੇ ਉਥੇ ਹੀ ਸ਼ਾਦੀ ਕਰ ਲਈ। ਮੈ ਉਹਨਾਂ ਦੀ ਇਕਲੌਤੀ ਬੇਟੀ ਹਾਂ।
‘ਮਤਲਬ ਤੁਸੀ ਗੁਰੂ ਕੇ ਸਿੱਖ ਹੋ’ਮੈ ਪੁੱਛਿਆ।
‘ਹਾਂ ਵੈਸੈ ਵੀ ਮੇਰੇ ਮਾਮਾ ਮਾਮੀ ਸਰਦਾਰ ਹਨ ਓਹ ਹਮੇਸਾ ਗੁਰਦਵਾਰੇ ਜਾਂਦੇ ਹਨ’
‘ਲੈ ਵਈ ਤੇਰਾ ਨੰਬਰ ਕੱਟ’ਮੈ ਹੌਲੀ ਦੇਣੇ ਧਰਮੇ ਵੱਲ ਦੇਖਕੇ ਵੱਖੀ ਵਿੱਚ ਕੂੰਹਣੀ ਮਾਰਕੇ ਧਰਮੇ ਨੂੰ ਕਿਹਾ।
‘ਤੁਸੀ ਮੈਨੂੰ ਕੁਛ ਕਿਹਾ’ਨੀਲੀ ਨੇ ਫਟਾ ਫਟ ਪੁੱਛਿਆ।
‘ਨਈ ਨਈ ਵੈਸੈ ਈ ਤੁਸੀ ਅੱਗੇ ਦੱਸੋ’ਮੈ ਛੇਤੀ ਗੱਲ ਨੂੰ ਮੋੜਾ ਦਿੱਤਾ।
‘ਮੇਰੇ ਡੈਡੀ ਫੌਜ ਵਿੱਚੋ ਮੇਜਰ ਸਾਹਬ ਦੀ ਪਿਨਸ਼ਨ ਲੈਕੇ ਦਿੱਲੀ ਆ ਗਏ,ਦਿੱਲੀ ਆਕੇ ਗੱਡੀਆਂ ਦੇ ਸਪੇਅਰ ਪਾਰਟਾਂ ਦੀ ਦੁਕਾਨ ਖੋਲ ਲਈ ਦੁਕਾਨ ਉਤੇ ਹੀ ਸਾਡਾ ਘਰ ਸੀ।ਮਾਂ ਕੈਸਰ ਦੀ ਬੀਮਾਰੀ ਨਾਲ ਮਰ ਗਈ। ਮੈ ਤੇ ਡੈਡੀ ਇਕੱਲੇ ਰਹਿ ਗਏ। ਡੈਡੀ ਕੋਲ ਦੋ ਤਿੰਨ ਸੌ ਪੰਦਰਾਂ ਬੋਰ ਰਫਲਾਂ ਤੇ ਇੱਕ ਪੰਤਾਲੀ ਬੋਰ ਦਾ ਪਿਸਟਲ ਸੀ,ਹਾ਼ਲਾਂ ਕਿ ਪੰਤਾਲੀ ਬੋਰ ਦਾ ਪਿਸਟਲ ਰੱਖਣ ਦਾ ਹੱਕ ਨਹੀ ਸੀ ਪਰ ਫੌਜੀ ਹੋਣ ਕਰਕੇ ਮੇਰੇ ਡੈਡੀ ਕੋਲ ਸੀ ਡੈਡੀ ਦਸਦੇ ਹੁੰਦੇ ਸਨ ਕਿ ਇਹ ਪਿਸਟਲ ਮੇਰਾ ਪੜਦਾਦਾ ਜਰਮਨ ਵਿੱਚੋ ਲੈਕੇ ਆਇਆ ਸੀ’
‘ਪੰਤਾਲੀ ਬੋਰ ਪਿਸਤੌਲ ਕਿਹੋ ਜਿਆ ਹੁੰਦਾ?’ ਧਰਮੇ ਨੇ ਪੁੱਛਿਆ।
‘ਪੰਤਾਲੀ ਬੋਰ ਦੀ ਗੋਲੀ ਬੱਤੀ ਬੋਰ ਨਾਲੋ ਮੋਟੀ ਹੁੰਦੀ ਆ ਜੇ ਵੱਜ ਜਾਵੇ ਤਾਂ ਪਾੜ ਪਾ ਦਿੰਦੀ ਆ’ਨੀਲੀ ਨੇ ਕਿਹਾ।
‘ਹੋਰ ਪੰਤਾਲੀ ਬੋਰ ‘ਚ’ਕੀ ਫਰਕ ਹੁੰਦਾ ਬੱਤੀ ਬੋਰ ਨਾਲੋ’ ਮੈ ਪੁੱਛਿਆ।
‘ਬੱਤੀ ਬੋਰ ਚਰਖੀ(ਗਰਾਰੀ) ਵਾਲਾ ਹੁੰਦਾ ਇਸਨੂੰ ਰੀਵਾਲਵਰ ਕੈਦੇ ਆ ਤੇ .ਪੰਤਾਲੀ ਬੋਰ ਦੇ ਮੈਗਜੀਨ ਲੱਗਾ ਹੁੰਦਾ ਇਸਨੂੰ ਪਿਸਟਲ ਕੇਦੇ ਆ’
‘ਚਲ ਆਪਾਂ ਕੀ ਲੈਣਾਂ ਤੁਸੀ ਗੱਲ ਅੱਗੇ ਤੋਰੋ’ ਧਰਮੇ ਨੇ ਕਿਹਾ।
‘ਮੈ ਵੀ ਅਵਾਦੇ ਡੈਡੀ ਨੂੰ ਇਵੇ ਹੀ ਕਹਿੰਦੀ ਹੁੰਦੀ ਸੀ ਜਦੋ ਮੇਰਾ ਡੈਡੀ ਹਥਿਆਰਾਂ ਬਾਰੇ ਦਸਦੇ ਹੁੰਦੇ ਸੀ,ਪਰ ਇਸ ਜੁੱਗ ਵਿੱਚ ਹਥਿਆਂਰਾਂ ਬਾਰੇ ਜਾਣਕਾਰੀ ਹੋਣੀ ਜਰੂਰੀ ਆ ਮੇਰੇ ਨਾਂ ਚਾਹੁੰਦੇ ਹੋਏ ਵੀ ਮੇਰੇ ਡੈਡੀ ਨੇ ਮੈਨੂੰ ਸਹੀ ਨਿਸ਼ਾਂਨਾਂ ਲਗਦਉਣਾਂ ਸਖਾਇਆ,1984 ਵਿੱਚ ਅਸੀ ਆਵਦੇ ਘਰ ਸੁਖੀ ਵਸਦੇ ਸੀ ਇੰਦਰਾ ਗਾਂਧੀ ਮਰਨ ਤੋ ਬਾਅਦ ਸਾਰੇ ਸ੍ਹੈਰ ਦੇ ਭਈਏ ਸਿੱਖਾਂ ਨੂੰ ਮਾਰ ਰਹੇ ਸਨ ਦੱਸਣ ਦੀ ਲੋੜ ਨੀ ਭਈਆ ਨੇ ਸਾਡੀ ਦੁਕਾਨ ਤੋੜਨੀ ਸੁਰੂ ਕਰ ਦਿੱਤੀ ਮੇਰੇ ਡੈਡੀ ਦੇਖਦੇ ਰਹੇ।ਸਾਡੇ ਦੇਖਦਿਆਂ ਦੇਖਦਿਆਂ ਦੁਕਾਨ ਲੁੱਟ ਲਈ ਗਈ ਫਿਰ ਵਿੱਚੋ ਇੱਕ ਭਈਆ ਬੋਲਿਆ।
‘ਅਰੇ ਸਰਦਾਂਰ ਉਪਰ ਰਹਿਤਾ ਹੈ ਸਰਦਾਰਨੀਆਂ ਹੋਤੀ ਭੀ ਖੂਬਸੂਰਤ ਹੈਂ ਚਲੋ ਉਪਰ ਚੜਤੇ ਹੈ ਤਾਂ ਕੁਛ ਭਈਏ ਪਾਟੀਪਾਂ ਦੇ ਰਸਤੇ ਬਾਂਦਰਾਂ ਵਾਂਗੂੰ ਸਾਡੇ ਘਰ ਵੱਲ ਨੂੰ ਆ ਰਹੇ ਸਨ।ਜਦੋ ਮੇਰੇ ਡੈਡੀ ਨੇ ਦੇਖਿਆ ਤਾਂ ਬੋਲੇ।
‘ਖੜ ਜੌ ਥੌਡੀ ਭੈਣ ਂਨੂੰ ………’
ਭਈਏ ਫਿਰ ਵੀ ਨਾਂ ਰੁਕੇ ਤਾਂ ਮੇਰਾ ਡੈਡੀ ਅੰਦਰੋ ਤਿੰਨ ਸੌ ਪੰਦਰਾਂ ਬੋਰ ਰਾਈਫਲ ਚੱਕ ਲਿਆਏ ਜਿਹੜੇ ਭਈਏ ਚੜੇ ਆ ਰਹੇ ਸਨ ਡੈਡੀ ਨੇ ਫਾਇਰ ਮਾਰ ਕੇ ਡੇਗ ਲਏ ਦੂਜੇ ਸਾਰੇ ਭਈਏ ਭੱਜ ਗਏ,ਏਨੇ ਨੂੰ ਡੈਡੀ ਨੇ ਮੈਂਨੂੰ ਪਿਸਟਲ ਲਿਆ ਕੇ ਦੇ ਦਿੱਤਾ ਇੱਕ ਬੈਗ ਗੋਲੀਆਂ ਦਾ ਭਰ ਕੇ ਦੇ ਦਿੱਤਾ।
‘ਲੈ ਹੁਣ ਸੀਹਣੀ ਬਣ ਕੋਈ ਵੀ ਅੱਗੇ ਆਏ ਸੁੱਕਾ ਨਾ ਜਾਏ’ਡੈਡੀ ਨੇ ਹਦਾਇਤ ਕੀਤੀ। ਮੈ ਪਿਸਟਲ ਫੜ ਲਿਆ।ਉਧਰੋ ਹੋਰ ਭਈਆਂ ਦੀ ਫੌਜ ਵੀ ਆ ਗਈ।ਮੇਰੇ ਡੈਡੀ ਨੇ ਕਿਹਾ ਸੀ ਕਿ ਭਲਾਂ ਕਿੰਨੇ ਵੀ ਆਦਮੀ ਹੋਣ ਡਰਨਾ ਨਹੀ ਇਹਨਾਂ ਵਿੱਚੋ ਇੱਕ ਵੀ ਮਰ ਗਿਆ ਸਾਰੇ ਭੱਜ ਜਾਣਗੇ। ਉਚੀ ਉਚੀ ਬੋਲ ਰਹੇ ਸਨ ‘
ਨਿਕਲ ਬਾਹਰ ਹਰਾਮੀ ਤੁਮ ਲੋਗੋ ਨੇ ਹਮਾਰੀ ਮਾਂ ਮਾਰਦੀ’ਮੇਰੇ ਡੈਡੀ ਫਿਰ ਰਾਈਫਲ ਲੈਕੇ ਬਾਹਰ ਆ ਗਏ।
‘ਖੜ ਜੋ ਥੋਡੀ ਮਾਂ ਨੂੰ………ਆਖਕੇ ਇੱਕ ਭਈਆ ਜੋ ਅਗਵਾਈ ਕਰ ਰਿਹਾ ਸੀ ਉਸਦੀ ਹਿੱਕ ਵਿੱਚ ਗੋਲੀ ਮਾਰੀ ਉਹ ਮੱਛੀ ਵਾਂਗੂੰ ਤੜਫਨ ਲੱਗ ਪਿਆ ਨਾਲਦੇ ਉਸਨੂੰ ਚੱਕ ਕੇ ਲੈ ਗਏ ਡੈਡੀ ਨੇ ਦਿੱਕ ਦੋ ਹੋਰ ਭਈਆਂ ਦੇ ਗੋਲੀਆਂ ਮਾਰੀਆਂ ਦੇਖਦੇ ਦੇਖਦੇ ਸਾਰੇ ਭੱਜ ਗਏ।ਮਹੌਲ ਸਾਂਤ ਹੋ ਗਿਆ ਫਿਰ ਪੁਲੀਸ ਆ ਗਈ । ਉ ਹਨਾਂ ਛੋਟੇ ਸਪੀਕਰ ਵਿੱਚ ਬੋਲ ਦਿੱਤਾ।ਪੁਲੀਸ ਦੇ ਨਾਲ ਭਈਆਂ ਦੀ ਫੌਜ ਵੀ ਸੀ ਜਿਹਨਾਂ ਕੋਲ ਗੰਡਾਸੇ ਟਕੂਏ ਤੇ ਤਰਸੂਲ ਸਨ।
‘ਸਰਦਾਰ ਜੀ ਹਥਿਆਰ ਫੈਕ ਦੋ ਔਰ ਅਪਨੇ ਆਪ ਕੋ ਹਮਾਰੇ ਹਵਾਲੇ ਕਰ ਦੋ’
‘ਕੈਸੈ ਫੈਕੇ ਹਥਿਆਰ ਯੇ ਲੋਗ ਹਮੇ ਮਾਰ ਦੇਗੇ ਪਹਿਲੇ ਇਨਕੇ ਹਥਿਆਰ ਜ਼ਬਤ ਕਰੋ’ਡੈਡੀ ਨੇ ਕਿਹਾ।
‘ਜਬ ਆਪ ਹਥਿਆਰ ਫੈਕੋਗੇ ਤਭੀ ਤੋ ਹਮ ਇਨ ਪਰ ਭੀ ਕਾਰਵਾਈ ਕਰੇਗੇ’
‘ਨਹੀ ਯੇ ਨਹੀ ਹੋ ਸਕਤਾ ਮੈ ਹਥਿਆਰ ਨਹੀ ਫੈਕ ਸਕਤਾ’ਡੈਡੀ ਨੇ ਕਿਹਾ।
‘ਫਿਰ ਹਮਕੋ ਪੁਲੀਸ ਕੀ ਕਾਰਵਾਈ ਕਰਨੀ ਪੜੇਗੀ ਅਬ ਤੋ ਮੈ ਆਪਕੋ ਅਪਨਾਂ ਭਾਈ ਸਮਝ ਕਰ ਆਪਕੀ ਮੱਦਦ ਕਰ ਰਹਾ ਹੂੰ' ਬਹੁੱਤ ਤਰਲੇ ਮਿੰਨਤਾ ਤੋ ਬਾਅਦ ਡੈਡੀ ਨੇ ਆਵਦੀ ਰਾਈਫਲ ਥੱਲੇ ਸਿੱਟ ਦਿੱਤੀ। ਇੱਕ ਪੁਲੀਸ ਵਾਲੇ ਂਨੇ ਭੱਜ ਕੇ ਰਾਈਫਲ ਚੱਕ ਲਈ ਜਿਵੇ ਸਾਰੀ ਗੱਲ ਪਹਿਲਾ ਹੀ ਮਿਥੀ ਹੋਵੇ। ਉਧਰੋ ਪੁਲੀਸ ਇੰਸਪੈਕਟਰ ਨੇ ਇਸ਼ਾਰਾ ਕੀਤਾ ਤਾਂ ਸਾਰੇ ਭਈਏ ਸਾਨੂੰ ਮਾਰਨ ਵਾਸਤੇ ਫਿਰ ਪੌੜੀਆਂ ਦਾ ਦਰਵਾਜਾ ਤੋੜਨ ਲੱਗ ਪਏ ਪੁਲੀਸ ਖੜੀ ਤਮਾਸਾ ਦੇਖਦੀ ਰਹੀ ਡੈਡੀ ਵੀ ਫੌਜੀ ਸਨ ਘਾਟ ਘਾਟ ਦਾ ਪਾਣੀ ਪੀਤਾ ਸੀ ਡੈਡੀ ਦੂਜੀ ਰਾਈਫਲ ਅੰਦਰੋ ਕੱਢ ਲਿਆਏ ਸਭ ਤੋ ਪਹਿਲਾਂ ਪੁਲਸ ਤੇ ਫਾਇਰ ਖੋਲ ਦਿੱਤਾ। ਤੇ ਇੰਨਸਪੈਕਟਰ ਮਾਰਿਆ ਜਿਸਨੇ ਧੋਖੇ ਨਾਲ ਡੈਡੀ ਕੋਲੋ ਰਾਈਫਲ ਸਿਟਵਾਈ ਸੀ। ਇੰਸਪੈਕਟਰ ਦੀ ਵਾਇਰਲੈਸ ਥੱਲੇ ਡਿੱਗ ਪਈ ਡੈਡੀ ਨੇ ਨਿਸ਼ਾਂਨਾ ਲਾਕੇ ਇੱਕ ਫਾਇਰ ਵਾਇਲੈਸ ਤੇ ਮਾਰਿਆ ਵਾਇਰਲੈਸ ਖਿਲਾਰ ਦਿੱਤੀ।ਪੁਲੀਸ ਵਿੱਚ ਅਫਰਾ ਤਫਰੀ ਮੱਚ ਗਈ। ਡੇਡੀ ਨੇ ਚਾਰ ਪੰਜ ਪੁਲੀਸ ਵਾਲੇ ਵੀ ਮਾਰ ਦਿੱਤੇ। ਭਈਏ ਸਾਰੇ ਭੱਜ ਗਏ ਡਰਦੀ ਪੁਲਸ ਵੀ ਡਰਦੀ ਭੱਜ ਗਈ। ਮੈਨੂੰ ਡੈਡੀ ਨੇ ਕਿਹਾ -
‘ਤੂੰ ਪਿਛਲੇ ਰਸਤੇ ਉਤਰ ਕੇ ਚੰਡੀਗੜ ਚਲੀ ਜਾਵੀ ਮੈ ਇਹਨਾਂ ਨਾਲ ਨਿਪਟ ਕੇ ਜੇ ਜਿਊਦਾ ਰਿਹਾ ਤਾਂ ਚੰਡੀਗੜ ਆਉੂਗਾ ਨਹੀ ਮੇਰਾ ਫਿਕਰ ਨਾਂ ਕਰੀ ਮੈ ਲਾਸ਼ਾਂ ਦੇ ਢੇਰ ਲਾਕੇ ਮਰੂੰਗਾ,ਰਾਈਫਲ ਵੀ ਖੂਨ ਦੀ ਧਿਆਈ ਹੈ ਜਿੰਨੇ ਭਈਏ ਮੈ ਮਾਰੂੰਗਾ ਕਿਉਕਿ ਜੇ ਏਹ ਬਚ ਗਏ ਤਾਂ ਏ੍ਹਨਾਂ ਸਿੱਖਾਂ ਨੂੰ ਹੀ ਮਾਰਨਾਂ ਹੈ’
‘ਨਈ ਡੈਡੀ ਤੁਸੀ ਵੀ ਨਾਲ ਚੱਲੋ’ਮੈ ਤਰਲਾ ਮਾਰਿਆ।
‘ਮੈ ਮਦਾਨ ਛੱਡਕੇ ਮੈ ਨੀ ਭੱਜਣਾਂ ਮੇਰੀ ਪੱਚੀ ਸਾਲ ਦੀ ਨੌਕਰੀ ਖੂਹ ਵਿੱਚ ਪਾਉਣੀ ਡਰਕੇ ਭੱਜਕੇ ਓਹ ਵੀ ਏਹਨਾਂ ਬਾਂਦਰਾਂ ਤੋ“ਡੱਬ ਜਾਣਾ ਮੱਛੀਆਂ ਨੂੰ ਭੱਜ ਜਾਣਾਂ ਮਰਦਾ ਨੂੰ ਮਿਹਣਾਂ”

‘………’
‘ਚੱਲ ਜਾ ਛੇਤੀ ਭੱਜ’ਡੈਡੀ ਨੇ ਲਾਲ ਅੱਖਾਂ ਕਰਕੇ ਕਿਹਾ ਐਨਾਂ ਭਿਆਨਕ ਚਿਹਰਾ ਡੈਡੀ ਦਾ ਮੈ ਕਦੇ ਹੀ ਸੀ ਦੇਖਿਆ ਡੈਡੀ ਦੀਆਂ ਅੱਖਾਂ ਵਿੱਚੋ ਜਿਵੇ ਖੂਨ ਚੋ ਰਿਹਾ ਸੀ।ਮੈ ਜਦੋ ਪਤਲੀ ਗਲੀ ਨਿਕਲੀ ਤਾਂ ਫਿਰ ਅੱਗੋ ਭਈਏ ਲਲਕਾਰੇ ਮਾਰਦੇ ਆ ਗਏ ‘ਪਕੜੋ ਸਿੱਖਣੀ ਕੋ ਪਕੜੋ ਸਰਦਾਰਨੀ ਕੋ’ ਮੈਨੂੰ ਤਜਰਬਾ ਹੋ ਚੁੱਕਿਆ ਸੀ ਕਿ ਜੇ ਇੱਕ ਭਈਆ ਮਰ ਜਾਵੇ ਫੇਰ ਕੋਈ ਕੋਲ ਨੀ ਖੜਦਾ ਸੋ ਮੈ ਫਾਇਰ ਖੋਲ ਦਿੱਤਾ ਦੋ ਤਿੰਨ ਭਈਏ ਢੇਰੀ ਕਰ ਦਿੱਤੇ ਸਾਰੀ ਗਲੀ ਵਿੱਚ ਕੋਈ ਨਹੀ ਸੀ ਮੈ ਭੱਜ ਕੇ ਜੀਟੀ ਰੋਡ ਤੇ ਆ ਗਈ। ਇੱਕ ਪੰਜਾਬੀ ਟਰੱਕ ਡਰਾਈਵਰ ਨੇ ਮੈਨੂੰ ਚੰਡੀਗੜ ਪਹੁੰਚਾਇਆ। ਮੇਰੇ ਡੈਡੀ ਫੌਜ ਵਿੱਚੋ ਸਹੀਦੀ ਨਹੀ ਹਾਸਲ ਕਰ ਸਕਿਆ ਪਰ ਆਵਦੇ ਘਰ ਜਿੳੇੁਦੇ ਜੀ ਕਿਸੇ ਨੂੰ ਨੇੜੇ ਨਹੀ ਲੱਗਣ ਦਿੱਤਾ ਨਾਲੇ ਡੈਡੀ ਫਾਇਰ ਕਰ ਰਹੇ ਸਨ ਨਾਲੇ ਗਾਲਾਂ ਕੱਢ ਰਹੇ ਸਨ ਕਿ ਅਸੀ ਤਾਂ ਦੇਸ ਵੀ ਮਿੱਟੀ ਵਿੱਚ ਇੱਕ ਇੰਚ ਦੁਸਮਣ ਨਾਂ ਵਧਣ ਦੇਈਏ ਏਹ ਤਾਂ ਮੇਰਾ ਘਰ ਹੈ।ਸੋ ਆਖਰ ਗੋਲੀਆਂ ਖਤਮ ਹੋਣ ਤੋ ਬਾਅਦ ਪੁਲੀਸ ਦੀ ਗੋਲੀ ਦਾ ਸਿਕਾਰ ਹੋ ਗਏ!
ਮੈ ਚੰਡੀਗੜ ਪੜਨ ਲੱਗ ਪਈ,ਮੈਨੂੰ ਮੇਰੇ ਮਾਮੇ ਨੇ ਪੁੱਤਾਂ ਵਾਂਗੂੰ ਪਾਲਿਆ ਹੈ।ਹੁਣ ਮਾਮਾਂ ਤੇ ਮਾਮੀ ਹੀ ਮੇਰੇ ਮਾਂ ਬਾਪ ਹਨ’
‘ਤੁਸੀ ਚੰਡੀਗੜ ਤੋ ਮੋਗੇ ਕਿਵੇ?’ ਮੈ ਪੁੱਛਿਆ।
‘ਮਾਮਾ ਜੀ ਦਾ ਪੱਕਾ ਟਿਕਾਣਾਂ ਚੰਡੀਗੜ ਹੈ ਉਹ ਇੰਜਨੀਅਰ ਹੈ ਮੋਗੇ ਫੌਜੀਆਂ ਦੀਆਂ ਬੈਰਕਾਂ ਬਨਾਉਣ ਦਾ ਠੇਕਾ ਲਿਆ ਹੈ ਜੋ ਕਿ ਪੰਜ ਛੇ ਸਾਲ ਦਾ ਹੈ ਅਸੀ ਆਵਦੀ ਕੋਠੀ ਕਿਰਾਏ ਤੇ ਦੇਕੇ ਮੋਗੇ ਆ ਗਏ’ ਨੀਲੀ ਨੇ ਕਿਹਾ।ਉਹ ਗੱਲ ਸੁਣਾਂ ਰਹੀ ਸੀ ਮੇਰਾ ਧਿਆਨ ਉਸ ਵੱਲ ਖਿੱਚਿਆ ਚਲਿਆ ਜਾ ਰਿਹਾ ਸੀ।ਕਿਉਕਿ ਉਹ ਗੱਲ ਘੱਟ ਕਰਦੀ ਸੀ ਤੇ ਮੇਰੇ ਵੱਲ ਜਿਆਦਾ ਦੇਖਦੀ ਸੀ। ਬੰਦਾ ਅਕਸਰ ਬੰਦਾ ਹੈ ਉਹ ਵੀ ਚੜਦੀ ਜਵਾਨੀ ਤੇ ਕੋਲ ਜਵਾਨ ਕੁੜੀ। ਬਗੈਰ ਰਾਖੇ ਤੋ ਖਰਬੂਜਿਆਂ ਦੇ ਵਾੜੇ ਵਿੱਚ ਕੋਈ ਖਾਲੀ ਕਿਵੇ ਨੰਘ ਜਾਊਗਾ?ਮੁਸ਼ਕਲ ਹੈ ਬਹੁਤ ਮੁਸ਼ਕਲ!! ਗੱਲਾਂ ਬਾਤਾਂ ਕਰਦੇ ਤੀਜੇ ਪੀਰਡ ਦਾ ਵਕਤ ਖਤਮ ਹੋ ਗਿਆ ਚੌਥਾ ਪੀਰਡ ਸੁਰੂ ਹੋ ਗਿਆ। ਛੁੱਟੀ ਤੋ ਬਾਅਦ ਨੀਲੀ ਚਲੀ ਗਈ।
‘ਯਾਰ ਹੁਣ ਕੀ ਕਰੀਏ’ ਧਰਮੇ ਨੇ ਕਿਹਾ।
‘ਕੀ ਗੱਲ ਹੋ ਗੀ'ਮੈ ਪੁੱਛਿਆ।
‘ਤੈਨੂੰ ਪਤਾ ਨੀ ਰਿਹਾ ਜੱਟ ਦਾ ਜੱਟ,ਆਪਾਂ ਏਹ ਕਿਹਾ ਸੀ ਕਿ ਜੇ ਜੱਟੀ ਹੋਈ ਤੇਰੀ ਤੇ ਬਾਣੀਆਂ ਦੀ ਕੁੜੀ ਹੋਈ ਮੇਰੀ ਇਹ ਤਾਂ ਦੋਗਲੀ ਨਿਕਲਗੀ’
‘ਉਸਤੋ ਵੀ ਪੁੱਛਿਆ ਕਿ ਤੂੰ ਕੀਹਨੂੰ ਪਸੰਦ ਕਰਦੀ ਏ ਕਿ ਐਵੈ ਈ ਸੇਹਰੇ ਬੰਨਣ ਨੂੰ ਤਿਆਰ ਹੋਇਆ ਨਾਲੇ ਨਾਂ ਏਹ ਜੱਟੀ ਤਾ ਨਾਂ ਕਰਾੜੀ ਨੀ ਕਰਾੜਾ ’ ਮੈ ਕਿਹਾ।
‘ਯਾਰ ਤੂੰ ਮੈਨੂੰ ਕਰਾੜ ਕਰੂੜ ਜਿਆ ਨਾਂ ਕਿਆ ਕਰ’
‘ਚੱਲ ਕਰਾੜ ਨੀ ਮ੍ਹਾਜਨ ਸਹੀ’
‘ਓਹਨੂੰ ਕੀ ਪੁੱਛਣਾਂ ਓਹ ਤਾਂ ਤਿਆਰ ਆ’ ਧਰਮੇ ਨੇ ਕਿਹਾ।
‘ਕੀਹਦੇ ਨਾ?’ ਮੈ ਪੁੱਛਿਆ
‘ਕਿਸੇ ਨਾਲ ਵੀ'
‘ਤੈਨੂੰ ਕਿਵੇ ਪਤਾ’
‘ਕੁਆਰੀ ਕੁੜੀ ਚੁੱਲੇ ਚੜਿਆ ਦੁੱਧ ਹੁੰਦਾਂ ਆ ਕੀ ਪਤਾ ਕਦੋ ਉਵਾਲਾ ਖਾ ਜੇ’ਮੈ ਕਿਹਾ।
‘ਚੱਲ ਕੱਲ ਨੂੰ ਪੁਛਾਂਗੇ ਕਿ ਤੈਨੂੰ ਕੌਣ ਪਸੰਦ ਆ’ਧਰਮੇ ਨੇ ਕਿਹਾ ਅਸੀ ਚਲੇ ਗਏ। ਮੈਨੂੰ ਰਾਤ ਨੂੰ ਨੀਦ ਨਾਂ ਆਈ ਤੇ ਛੇਤੀ ਦਿਨ ਚੜਨ ਦੀ ਉਡੀਕ ਕਰਨ ਲੱਗਾ। ਸਵੇਰੇ ਚਾਰ ਵਜੇ ਪਾਠੀ ਲੱਗ ਗਿਆ।ਮੈ ਛੇਤੀ ਉਠ ਕੇ ਗੁਰਦਵਾਰੇ ਮੱਥਾ ਟੇਕ ਕੇ ਆਇਆ ਇਸਦੇ ਦੋ ਮਤਲਬ ਸੀ ਇੱਕ ਟਾਈਮ ਪਾਸ ਵਾਸਤੇ ਦੂਜਾ ਨੀਲੀ ਵਾਸਤੇ ਅਰਦਾਸ। ਕਾਲਜ ਜਾਕੇ ਮੈ ਕੰਟੀਨ ਵਿੱਚ ਚਾਹ ਪੀਣ ਆਇਆ ਅੱਜ ਨੀਲੀ ਬਹੁਤ ਸਜ ਧਜ ਕੇ ਕਾਲਜ ਆਈ ਸੀ ਪਹਿਲਾਂ ਵਾਂਗੂੰ ਰੁਲੀ ਨਹੀ ਸੀ। ਮੂੰਹ ਤੇ ਹਲਕੀ ਲਾਲੀ ਸੀ।ਅੱਖਾਂ ਵਿੱਚ ਮਾੜਾ ਜਿਹਾ ਸ਼ਰਮ ਸੀ। ਧਰਮਾਂ ਕਿਸੇ ਨਾਲ ਗੱਲੀ ਲੱਗ ਗਿਆ ਨੀਲੀ ਮੇਰੇ ਕੋਲ ਆ ਗਈ ਮੈ ਨੀਲੀ ਨੁੰ ਸਤਿ ਸ੍ਰੀ ਅਕਾਲ ਬਲਾ ਕੇ ਜੱਫੀ ਵਿੱਚ ਲੈ ਲਿਆ ਕਿਉਕਿ ਕੰਟੀਨ ਵਿੱਚ ਕੋਈ ਨਹੀ ਸੀ ਇੱਥੋ ਤੱਕ ਕੰਟੀਨ ਵਾਲਾ ਵੀ ਅੰਦਰੋ ਕੁਛ ਲੈਣ ਵਾਸਤੇ ਗਿਆ ਸੀ। ਜੱਫੀ ਵਿੱਚ ਲੈਦਿਆ ਹੀ ਮੇਰੇ ਜਿਸਮ ਅੰਦਰ ਝਰਨਾਟਾਂ ਛਿੜ ਪਈਆਂ ਲੂੰ ਕੰਡੇ ਖੜੇ ਹੋ ਗਏ।ਨੀਲੀ ਜਿਵੇ ਮੇਰੀ ਹਿੱਕ ਨਾਲ ਲੱਗਣ ਨੂੰ ਮੈਥੋ ਵੀ ਕਾਹਲੀ ਸੀ ਉਹ ਚੁੰਬਕ ਵਾਗੂੰ ਮੇਰੇ ਨਾਲ ਚਿੰਬੜ ਗਈ। ਉਸਦਾ ਕੋਮਲ ਸਰੀਰ ਮੇਰੇ ਨਾਲ ਚਿਪਕ ਗਿਆ। ਮੇਰਾ ਮੂੰਹ ਬਾਹਰ ਵੱਲ ਨੂੰ ਸੀ ਮੈਨੂੰ ਧਰਮਾਂ ਆਉਦਾ ਦਿਸਿਆ ਮੈ ਨੀਲੀ ਛੇਤੀ ਨਾਲ ਨੂੰ ਆਵਦੇ ਨਾਲੋ ਅਲੱਗ ਕੀਤਾ,ਜਦੋ ਕਿ ਮੇਰਾ ਦਿਲ ਅਲੱਗ ਹੋਣ ਨੂੰ ਨਹੀ ਸੀ ਕਰਦਾ। ਅਸੀ ਚਾਹ ਪੀਣ ਬੈਠ ਗਏ।
‘ਸਾਸਰੀ ਕਾਲ ਜੀ'ਧਰਮੇ ਨੇ ਨੀਲੀ ਨੂੰ ਸਤਿ ਸ੍ਰੀ ਅਕਾਲ ਬਲਾਈ।ਨੀਲੀ ਨੇ ਸ਼ਰਮਾਂ ਕੇ ਜਵਾਬ ਦਿੱਤਾ।
‘ਨੀਲੀ ਤੂੰ ਮੈਨੂੰ ਬੌਤ ਚੰਗੀ ਲਗਦੀ ਆ,ਤੈਨੂੰ ਮੈ ਸਦਾ ਵਾਸਤੇ ਆਵਦੀ ਬਨੌਣਾਂ ਚਾਹੁੰਦਾ’ ਧਰਮੇ ਨੇ ਪੈਦੀ ਸੱਟ ਆਖ ਦਿੱਤਾ ਮੈਨੂੰ ਗੁੱਸਾ ਜਿਆ ਆਇਆ ਕਿ ਸਾਲਾ ਕਰਾੜ ਕਰਦਾ ਕੀ ਆ।
‘ਤੂੰ ਕਰਾੜ ਮੈ ਜੱਟੀ ਏਹ ਕਿਵੇ ਹੋ ਸਕਦਾ?’ਨੀਲੀ ਨੇ ਫਟਾ ਫਟ ਜਵਾਬ ਦਿੱਤਦ ਕਰਾੜ ਸੁਣਕੇ ਧਰਮੇ ਦਾ ਮੂੰਹ ਹੋਰ ਹੋ ਗਿਆ ਜਿਵੇ ਕੁਨੈਨ ਪੀਤੀ ਹੋਵੇ।
‘ਜੇ ਮ੍ਹਾਜਨ ਆ ਤਾਂ ਫੇਰ ਕੀ ਆ ਮੈ ਤੇਰੇ ਵਾਸਤੇ ਅੱਜ ਈ ਅੰਬਰਸਰੋ ਅੰਬਰਤ ਛਕ ਲੈਨਾਂ’
‘ਂਨਈ ਮੈ ਤੈਨੂੰ ਐਨੀ ਤਲਲੀਫ ਨੀ ਦੇਣਾਂ ਚਾਹੁੰਦੀ’
‘ਲੈ ਤਕਲੀਫ ਕ੍ਹਾਦੀ ਆ ਰਾਂਝੇ ਨੇ ਬਾਰਾਂ ਸਾਲ ਮਹੀਆਂ ਚਾਰੀਆ ਸੀ ਮੈ ਤੇਰੀ ਖਾਤਰ ਘੁੱਟ ਅੰਬਰਤ ਨੀ ਛਕ ਸਕਦਾ’
‘ਤੈਨੂੰ ਸਿੱਖ ਬਣਨ ਦੀ ਲੋੜ ਨੀ ਮੇਰੇ ਕੋਲ ਰੈਡੀਮੇਡ ਹੈ' ਨੀਲੀ ਆਖਕੇ ਹੱਸ ਪਈ।
‘ਰੈਡੀਮੇਡ!ਸਮਝ ਗਿਆ’ਧਰਮੇ ਨੇ ਕਿਹਾ।
‘ਹੁਣ ਏਹ ਤੇਰੀ ਭਾਬੀ ਆ’ਮੈ ਖੁਸ਼ੀ ਨਾਲ ਕਿਹਾ।
‘ਚਲ ਏਹ ਵੀ ਚੰਗਾ ਘਰ ਦੀ ਕੰਧ ਘਰ ‘ਚ’ਡਿੱਗੀ,ਪਰ ਆਪਾਂ ਕਿਹਾ ਸੀ ਜਿਸ ਜਾਤ ਦੀ ਹੋਈ ਉਸ ਨਾਲ ਰਹੂਗੀ’ਧਰਮੇ ਨੇ ਕਿਹਾ।
‘ਤੇ ਫੇਰ ਏਹ ਜੱਟੀ ਆ ਤੂੰ ਕਰਾੜ’
‘ਦੇਖ ਜੱਟਾ ਏਹ ਜੱਟੀ ਨਹੀ ਏਸ ਦੀ ਮਾਂ ਮ੍ਹਾਜਨਾਂ ਦੇ ਖਾਨਦਾਨ ਚੋ ਸੀ ਏਸ ਵਾਸਤੇ ਏਹ ਮੇਰੀ ਆ’
‘ਨਈ ਏਹ ਜੱਟੀ ਆ ਏਹ ਮੇਰੀ ਆ ਏਹਦਾ ਪਿਓ ਜੱਟ ਆ ਓਹ ਵੀ ਢਿੱਲੋ’ਮੈ ਨੀਲੀ ਦੀ ਬਾਂਹ ਫੜਕੇ ਕਿਹਾ।
‘ਤੁਹਾਡੇ ਕ੍ਹੈਣ ਨਾਲ ਕੁਛ ਨੀ ਹੋਵੇਗਾ ਮੇਰੇ ਜੀਵਨ ਸਾਥੀ ਦਾ ਫੈਸਲਾ ਮੇਰਾ ਮਾਮਾ ਕਰੂਗਾ’ਨੀਲੀ ਨੇ ਸਾਡੀਆਂ ਗੱਲਾਂ ਤੋ ਹਸਦੀ ਹੋਈ ਨੇ ਕਿਹਾ।
‘ਹੈ'! ਅਸੀ ਦੋਨਾਂ ਨੇ ਹੈਰਾਨ ਹੋ ਕੇ ਕਿਹਾ। ਦਿਲ ਵਿੱਚ ਸੋਚਿਆ ਅਸੀ ਤਾਂ ਐਵੈ ਕੁੱਕੜਾਂ ਵਾਂਗੂੰ ਲੜੀ ਜਾਂਦੇ ਸੀ ਫੈਸਲਾ ਤਾਂ ਮਾਮੇ ਦੇ ਹੱਥ ਹੈ।
‘ਚੰਗੀਆਂ ਕੁੜੀਆਂ ਆਵਦੇ ਘਰਦਿਆਂ ਦੇ ਕ੍ਹੈਣੇ ਤੋ ਬ੍ਹਾਰ ਨੀ ਹੁੰਦੀਆਂ’ ਧਰਮੇ ਨੇ ਕਿਹਾ।ਨੀਲੀ ਨੇ ਸ਼ਰਮਾਂ ਕੇ ਨੀਵੀ ਪਾ ਲਈ।
‘ਫਿਰ ਮਾਮਾ ਜੀ ਕਦੋ ਦਰਸਣ ਦੇਣਗੇ?’ਮੈ ਕਾਹਲੀ ਕਾਹਲੀ ਪੁੱਛਿਆ।
‘ਮੈ ਅੱਜ ਈ ਘਰ ਜਾਕੇ ਗੱਲ ਕਰੂੰਗੀ ਤੇ ਕੱਲ ਨੂੰ ਦੱਸੂੰਗੀ’
‘ਵੈਸੈ ਤੁਹਾਡਾ ਇਰਾਦਾ ਕਿਸਦੇ ਭਾਗ ਖ੍ਹੋਲਣ ਦਾ?’ਧਰਮੇ ਨੇ ਬਾਣੀਏ ਦਿਮਾਗ ਨਾਲ ਪੁੱਛਿਆ।
‘ਜੇ ਗੁੱਸਾ ਨਾਂ ਕਰੋ ਤਾ ਮੈਨੂੰ ਤੁਸੀ ਦੋਵੇ ਈ ਬੌਤ ਚੰਗੇ ਲਗਦੇ ਓ ‘ਜਸਕਰਨ’ਚੰਗਾ ਲਗਦਾ,ਨਾਲੇ ਏ੍ਹਦਾ ਗੋਤ ਵੀ ‘ਸੰਧੂ’ ਆ ਅੱਗੇ ਮੇਰੇ ਮਾਮੇ ਦੇ ਵੱਸ’ਨੀਲੀ ਨੇ ਮੇਰੇ ਵੱਲ ਪਿਆਰ ਭਰੀ ਨਿਗਾਹ ਨਾਲ ਦੇਖ ਕੇ ਕਿਹਾ। ਮੇਰੇ ਦਿੱਲ ਅੰਦਰ ਫੁੱਲਝੜੀਆਂ ਚੱਲਣ ਲੱਗ ਪਈਆਂ।ਚਾਅ ਨਾਲ ਮੇਰਾ ਦੋ ਕਿੱਲੋ ਭਾਰ ਵਧ ਗਿਆ।
‘ਹਾਂ ਜੇ ਤੁਸੀ ਮੇਰੇ ਵਾਸਤੇ ਇੱਕ ਦੂਜੇ ਦੇ ਫਿਲਮਾਂ ਵਾਂਗੂੰ ਦੁਸ਼ਮਨ ਬਣ ਜਾਵੋਗੇ ਤਾ ਮੈ ਤੁਹਾਡੇ ਦੋਵਾਂ ਵਿੱਚੋ ਕਿਸੇ ਨਾਲ ਵੀ ਸ਼ਾਦੀ ਨੀ ਕਰਨੀ ਤੇ ਮੈ ਵਾਪਸ ਚੰਡੀਗੜ ਚਲੀ ਜਾਵਾਂਗੀ’ ਨੀਲੀ ਨੇ ਰੋਦੀ ਆਵਾਜ਼ ਵਿੱਚ ਕਿਹਾ।
‘ਨੀਲੀ ਅਸੀ ਦੋਵੇ ਭਰਾ ਭਰਾ ਈ ਆਂ ਤੇ ਭਰਾ ਭਰਾ ਕੁੜੀ ਵਾਸਤੇ ਬਦਲੇ ਦੀ ਭਾਵਨਾਂ ਨੀ ਰਖਦੇ’ ਧਰਮੇ ਨੇ ਕਿਹਾ।
ਦੂਜੇ ਦਿਨ ਧਰਮਾਂ,ਮੈ ਤੇ ਨੀਲੀ ਇੱਕ ਰੈਸਟੂਰੈਟ ਵਿੱਚ ਬੈਠ ਗਏ ਮਾਮਾ ਵੀ ਆ ਗਿਆ ਚੰਗਾ ਰੋਅਬ ਚੰਗਾ ਸੀ। ਪੂਰਾ ਗੁਰਸਿੱਖ ਸੀ ਲੰਮਾਂ ਕੱਦ ਦਾਹੜੀ ਤੇ ਠਾਠਾ ਬੱਧਾ ਢਿੱਡ ਢੋਲ ਵਾਂਗੂੁੰ ਕਮੀਜ ਵਿੱਚੋ ਬੋਰੀ ਵਾਂਗੂੰ ਬਾਹਰ ਨਿਕਲਿਆ ਸ਼ਕਲ ਤੋ ਭਾਪਾ ਜਿਹਾ ਲਗਦਾ ਸੀ।ਅਸੀ ਉਸਨੂੰ ਦੇਖਕੇ ਖੜੇ ਹੋ ਗਏ।
‘ਬੈਠੋ! ਬੈਠੋ!!’ਮਾਮੇ ਹੱਥ ਮਿਲਾ ਕੇ ਬੈਠ ਗਿਆ ਤੇ ਦਾਹੜੀ ਤੇ ਬੱਧਾ ਠਾਠਾ ਖੋਹਲ ਲਿਆ ਜਿਵੇ ਫੌਜੀ ਬੈਠਣ ਬਿਲਟ ਖੋਹਲਦਾ ਹੈ । ਦਾਹੜੀ ਤੇ ਫਿਕਸੋ ਡੋਹਲੀ ਹੋਈ ਸੀ। ਤਿੰਨ ਕੱਪ ਚਾਹ ਦੇ ਤੇ ਨਾਲ ਕੁਛ ਖਾਣ ਨੂੰ ਬੈਹਰਾ ਆਡਰ ਤੋ ਬਗੈਰ ਹੀ ਰੱਖ ਗਿਆ ਕਿੳੇੁਕਿ ਇਹ ਰੋਜ਼ ਦੇ ਗਾਹਕ ਸਨ।
‘ਕੀ ਨਾਂ ਕਾਕਾ’ਮਾਮੇ ਨੇ ਮੇਰੇ ਵੱਲ ਬਾਜ ਵਾਂਗੂੰ ਦੇਖਕੇ ਕਿਹਾ।
‘ਜੀ ਜਸਕਰਨ ਸਿੰਘ ‘ਸੰਧੂ’
‘ਤੇਰੇ ਸਾਰੇ ਪ੍ਰਵਾਰ ਬਾਰੇ ਨੀਲੀ ਨੇ ਦੱਸ ਦਿੱਤਾ ਕਾਕਾ ਤੇਰੇ ਕੋਲ ਪੈਲੀ ਕਿੰਨੀ ਆ’ ਮਾਮੇ ਨੇ ਮੇਰੇ ਵੱਲ ਡਰਾਉਣੀਆਂ ਅੱਖਾਂ ਨਾਲ ਪੁੱਛਿਆ ਜਿਵੇ ਠਾਂਣੇਦਾਰ ਕਿਸੇ ਡੋਡਿਆ ‘ਚ’ਫੜੇ ਅਮਲੀ ਨੂੂੰ ਪੁਛਦਾ ਹੈ। ਮੈਨੂੰ ਗੁੱਸਾ ਵੀ ਆਇਆ ਕਿ ਵਿਆਹ ਮੇਰੇ ਨਾਲ ਕਰਨਾਂ ਕਿ ਪੈਲੀ ਨਾਲ ਜਿਆਦਾ ਪੈਲੀ ਵਾਲੇ ਕਾਲਜ ਵਿੱਚ ਬਥੇਰੇ ਨਸ਼ਾ ਕਰਨ ਵਾਲੇ ਹਨ। ਦਿਲ ਕਰਦਾ ਆਖ ਦਿਆ ਕਿ ਮੇਰੇ ਕੋਲ ਤਾਂ ਓਰਾ ਨੀ ਪਰ ਫਿਰ ਨੀਲੀ ਬਾਰੇ ਸੋਚਿਆ ਕਿ ਉਸਦਾ ਦਿਲ ਟੁੱਟ ਜਾਵੇਗਾ ਤੇ ਮੈ ਕਿਹਾ।
‘ਜੀ ਪੰਦਰਾ ਕਿੱਲੇ’
‘ਸਾਬਾਸ’ਮਾਮੇ ਨੇ ਖੁਸ਼ੀ ਨਾਲ ਕਿਹਾ।ਸਾਡਾ ਪੱਕ ਠੱਕ ਹੋ ਗਿਆ ਧਰਮਾਂ ਵਿਚੋਲਾ ਬਣ ਗਿਆ।ਫਾਈਨਲ ਦੇ ਪੇਪਰ ਖਤਮ ਹੋਏ ਤਾਂ ਸਾਡਾ ਵਿਆਹ ਹੋ ਗਿਆ। ਬੀ ਏ ਦੋਵੇ ਪਾਸ ਕਰ ਗਏ।ਨੀਲੀ ਨੂੰ ਪਿੰਡ ਵਿੱਚ ਰਹਿਣਾਂ ਪਸੰਦ ਨਹੀ ਸੀ। ਮੈ ਕਿਹਾ ਜਿੰਨਾ ਚਿਰ ਦਾਦਾ ਦਾਦੀ ਹਨ ਉਨਾਂ ਚਿਰ ਮੈ ਕਿਤੇ ਨੀ ਜਾ ਸਕਦਾ।ਦੋ ਕੁ ਸਾਲ ਬਾਅਦ ਦਾਦਾ ਦਾਦੀ ਨੂੰ ਬੁਲਾਵਾ ਆ ਗਿਆ।ਉਹ ਅੱਗੜ ਪਿੱਛੜ ਚੱਲ ਵਸੇ ਨੌਕਰੀ ਵਾਸਤੇ ਅਸੀ ਦੋਵਾਂ ਨੇ ਅਪਲਾਈ ਕੀਤਾ ਸੀ। ਚੰਡੀਗੜ ਵਿੱਚ ਮੈਨੂੰ ਰੇਲਵੇ ‘ਲੋਕੋ ਸੈਡ’ ਵਿੱਚ ਇੱਕ ਕਲਰਕ ਦੀ ਤੇ ਨੀਲੀ ਨੂੰ ਬੈਕ ਵਿੱਚ ਨੌਕਰੀ ਮਿਲ ਗਈ। ਸੀਰੀ ਨੂੰ ਵਾਹੀ ਕਰਨ ਵਾਸਤੇ ਛੱਡ ਦਿੱਤਾ ਉਹ ਆਵਦਾ ਟੱਬਰ ਟ੍ਹੀਰ ਲੈਕੇ ਸਾਡੇ ਘਰ ਆ ਗਿਆ ਅਸੀ ਮਾਮੇ ਦੀ ਕੋਠੀ ਵਿੱਚ ਡੇਰੇ ਲਾ ਲਏ। ਪੰਜ ਸਾਲ ਅਸੀ ਮੌਜ ਮਸਤੀ ਵਿੱਚ ਗੁਜ਼ਾਰ ਦਿੱਤੇ ਕਿ ਐਡੀ ਛੇਤੀ ਔਲਾਦ ਕੀ ਕਰਨੀ ਹੈ ਤੇ ਪੰਜ ਸਾਲ ਸਾਡੇ ਚਾਹੂੰਦਿਆ ਹੋਇਆਂ ਵੀ ਔਲਾਦ ਨਾਂ ਹੋਈ।ਦਸਾਂ ਸਾਲਾਂ ਬਾਅਦ ਇਕ ਇਕ ਕਰਕੇ ਸਾਡੇ ਦੋ ਕੁੜੀਆਂ ਹੋਈਆਂ। ਨੀਲੀ ਨੂੰ ਮੁੰਡੇ ਦੀ ਬਹੁਤ ਚਾਹ ਸੀ ਜੋ ਕਿ ਹਰ ਇੱਕ ਨੂੰ ਹੁੰਦੀ ਹੈ।
‘ਆਪਾਂ ਕਿਸੇ ਸਾਧ ਸੰਤ ਕੋਲ ਚੱਲੀਏ’ ਨੀਲੀ ਨੇ ਮੈਨੂੰ ਐਤਵਾਰ ਵਾਲੇ ਦਿਨ ਕਿਹਾ।
‘ਕ੍ਹਾਦੇ ਆਸਤੇ’
‘ਕੁੜੀਆਂ ਈ ਕੁੜੀਆਂ ਹੋਈ ਜਾਂਦੀਆਂ ਕੋਈ ਲਾਜ ਕਰੀਏ’
‘ਸਾਧ ਕ੍ਹੇੜਾ ਮੁੰਡੇ ਲਈ ਬੈਠੈ ਆ’
‘ਸਾਡੀ ਬੈਕ ਦੀ ਮਨੇਜਰ ਆ ਬਲਜੀਤ ਕੌਰ ਉਸਦੇ ਚਾਰ ਕੁੜੀਆਂ ਸੀ ਇੱਕ ਸਿਆਣੇ ਕੋਲ ਗਏ ਹੁਣ ਉਸ ਕੋਲ ਮੁੰਡਾ’
‘ਮੈ ਸਾਧਾਂ ਸੰਤਾਂ ਨੂੰ ਨੀ ਮੰਨਦਾ ਮੈ ਗੁਰੂ ਕਾ ਸਿੱਖ ਆ’
‘ਅੰਬਰਧਾਰੀ ਸੀ ਓ੍ਹਦੇ ਘਰ ਆਲਾ ਪਰ ਇਕ ਬਾਬੇ ਕੋਲ ਚਲੇ ਗਏ ਬੱਸ ਬਾਬੇ ਨੇ ਮੇਹਰਾਂ ਕਰ ਦਿੱਤੀਆ’
‘ਤੂੰ ਕੱਲੀ ਚਲੀ ਜਾ ਮੈ ਕਿਸੇ ਬਾਬੇ ਬੁੂਬੇ ਕੋਲ ਜਾਣਾਂ’
‘ਮੈਨੂੰ ਮਨੇਜਰ ਕੈਦੀ ਸੀ ਕਿ ਬਾਬਾ ਬੁੜੀਆਂ ਨਾਲ ਘੱਟ ਹੀ ਗੱਲ ਕਰਦੇ ਹਨ ਮੁੰਡੇ ਵਾਸਤੇ ਸਿਰਫ ਆਦਮੀ ਨਾਲ ਈ ਗੱਲ ਕਰਦੇ ਆ’
‘ਤਾਂ ਮੈਨੂੰ ਜਾਣਾਂ ਪਊ'?’
‘ਹਾਂ ਜੇ ਮੁੰਡਾ ਚਾਈਦਾ’
‘ਮੈ ਨੀ ਜਾਣਾਂ ਮੈਨੂੰ ਸੰਗ ਆਉਦੀ ਆ’
‘ਸੰਗ ਸੰਗ ‘ਚ’ਕਿਸੇ ਨੇ ਢਿੱਡ ਕਰਾ ਲਿਆ ਸੀ ਓਹ ਗੱਲ ਆਪਣੀ ਹੋਣੀ ਆ ਕੁੜੀਆਂ ਜੰਮ ਜੰਮ ਕੇ ਮੈ ਬੁੜੀ ਹੋਜੂਗੀ ਫਿਰ ਚੱਕੀ ਫਿਰੀ ਸ਼ਰਮ ਨੂੰ'ਨੀਲੀ ਨੇ ਅੱਖਾਂ ਵਿੱਚ ਹੰਝੂ ਭਰਕੇ ਕਿਹਾ। ਮੇਰੇ ਮੋਢੇ ਤੇ ਸਿਰ ਰੱਖਕੇ ਰੋਣ ਲੱਗ ਪਈ। ਮੈ ਸਾਧਾਂ ਸੰਤਾਂ ਦੇ ਉਲਟ ਨਹੀ ਸੀ ਪਰ ਕਿਤੇ ਕਿਤੇ ਅਖਬਾਰਾ ਵਿੱਚ ਖਬਰਾ ਛਪਦੀਆ ਹੁੰਦੀਆ ਕਿ ਮੁੰਡੇ ਦੀ ਖਾਤਰ ਬਾਬਾ ਇਲਾਜ ਕਰਦਾ ਕਰਦਾ ਉਸਦੇ ਘਰਵਾਲੀ ਨੂੰ ਭਜਾ ਕੇ ਲੇ ਗਿਆ। ਨੀਲੀ ਕਿਸੇ ਨਾਲ ਭੱਜ ਤਾਂ ਨਹੀ ਸੀ ਸਕਦੀ ਯਕੀਨ ਸੀ ਪਰ ਬਾਬਿਆ ਤੇ ਭਰੋਸਾ ਨਹੀ ਸੀ। ਪਰ ਕੀ ਪਤਾ ਬਾਬਾ ਕੀ ਗੁਲ ਖਿਲਾਵੇ ਕਿਉਕਿ ਪੁੱਤਰ ਵਾਸਤੇ ਔਰਤ ਕਿਸੇ ਦਾ ਖੂਨ ਤੱਕ ਵੀ ਕਰ ਸਕਦੀ।ਕਿੳਕਿ ਪੁੱਤਰ ਦਾਤ ਹੀ ਐਸੀ ਹੈ। ਤੇ ਪੁੱਤਰ ਵੱਢਾ ਹੋ ਕੇ ਭਾਂਵੇ ਮਾਂ ਬਾਪ ਦੇ ਜੁੱਤੀਆਂ ਮਾਰੇ ਪਰ ਫਿਰ ਵੀ ਮਾਂ ਬਾਪ ਪੁੱਤ ਬਗੈਰ ਪਾਗਲ ਹੋ ਜਾਦੇ ਹਨ। ਸੋ ਬਹੁਤ ਮਗਜ ਖਪਾਈ ਤੋ ਬਾਅਦ ਮੈ ਸੰਤ ਅੰਬਾਲੇ ਵਾਲੇ ਕੋਲ ਜਾਣ ਵਾਸਤੇ ਮੰਨ ਗਿਆ।ਅਗਲੇ ਐਤਵਾਰ ਅਸੀ ਅੰਬਾਲੇ ਚਲੇ ਗਏ। ਇਹ ਸੰਤਾਂ ਦਾ ਡੇਰਾ ਸ਼ਹਿਰੋ ਕਾਫੀ ਦੂਰ ਦਿੱਲੀ ਹਾਈ ਵੇ ਤੇ ਸੀ ਡੇਰੇ ਦੇ ਦੁਆਲੇ ਜਿਆਦਾ ਦੁਕਾਨਾਂ ਨਹੀ ਸਨ। ਉਹਨਾਂ ਦੁਕਾਂਨਾਂ ਤੇ ਚਾਹ ਪਾਣੀ ਤੇ ਧੂਫ ਬੱਤੀ ਦਾ ਸਮਾਨ ਸੀ। 
ਡੇਰੇ ਦਾ ਨਾਂ ਸੀ ‘ਬਾਬਾ ਕੁੰਢੇ ਸਾਹ ਦਾ ਡੇਰਾ’ ਪਿੱਪਲ ਤੇ ਬੋਹੜ ਦੇ ਵੱਢੇ ਵੱਢੇ ਦ੍ਰਖਤਾਂ ਵਿੱਚ ਇੱਕ ਬੈਰਕ ਸੀ । ਤੇ ਬੈਰਕ ਤਿੰਨ ਹਿੱਸਿਆਂ ਵਿੱਚ ਵੰਡੀ ਸੀ ਇੱਕ ਕਮਰੇ ਵਿੱਚ ਗੁਰੁ ਗ੍ਰੰਥ ਸਹਿਬ ਪ੍ਰਕਾਸ ਸੀ,ਇਕ ਕਮਰਾ ਖਾਲੀ ਸੀ ਤੇ ਨਾਲ ਦੇ ਕਮਰੇ ਵਿੱਚ ਇੱਕ ਲੰਮੇ ਕਾਲੇ ਤੇ ਚਿੱਟੇ ਦਾਹੜੇ ਵਾਲਾ ਬਾਬਾ ਬੈਠਾ ਸੀ।ਬਾਬੇ ਦੇ ਚਿੱਟਾ ਬਰਫ ਵਰਗਾ ਚੋਲਾ ਪਾਇਆ ਸੀ ਚੋਲੇ ਦੇ ਥੱਲੇ ਦੀ ਗਾਤਰਾ ਦਿਸਦਾ ਸੀ ਪਤਾ ਨਹੀ ਉਹ ਕ੍ਰਿਪਾਨ ਸੀ ਜਾਂ ਪਸਤੌਲ। ਬਾਬੇ ਦੇ ਗੋਲ ਪੱਗ ਬੰਨੀ ਸੀ।ਕਮਰੇ ਦੀ ਬਾਹਰੋ ਸਜਾਵਟ ਜਿਆਦਾ ਨਹੀ ਸੀ।ਪਰ ਅੰਦਰੋ ਬਹੁਤ ਸਾਫ ਸਫਾਈ ਸੀ ਧੂਫ ਬੱਤੀ ਦੀ ਮਨ ਨੂੰ ਮੋਹ ਲੈਣ ਵਾਲੀ ਖੁਸਬੋ ਆ ਰਹੀ ਸੀ। ਬਾਬੇ ਕੋਲ ਬੀਬੀਆਂ ਦੀ ਗਿਣਤੀ ਜਿਆਦਾ ਤੇ ਬੰਦਿਆਂ ਦੀ ਘੱਟ ਸੀ।ਕੋਈ ਵੀਹ ਪੰਚੀ ਬੰਦੇ ਬੁੜੀਆਂ ਸਨ ਤੇ ਹੋਰ ਵੀ ਆ ਰਹੇ ਸਨ।ਮੈ ਤੇ ਨੀਲੀ ਗੁਰੂ ਗ੍ਰੰਥ ਸਹਿਬ ਨੂੰ ਮੱਥਾ ਟੇਕਕੇ ਸੰਗਤ ਵਿੱਚ ਬੈਠ ਗਏ।ਮੈ ਸੋਚ ਰਿਹਾ ਸੀ ਕਿ ਅੱਜ ਸ਼ਾਂਮ ਤੱਕ ਵਾਰੀ ਆਉਣੀ ਮੁਸ਼ਕਲ ਹੈ।ਕਿਉਕਿ ਬਾਬਾ ਜੀ ਇਸ ਮਸ਼ੀਨੀ ਯੁੱਗ ਵਿੱਚ ਬਹੁਤ ਧੀਮੀ ਰਫਤਾਰ ਨਾਲ ਚੱਲ ਰਹੇ ਸਨ। ਇੱਕ ਮੈਨੂੰ ਹੋਰ ਬਹੁਤ ਹੈਰਾਨੀ ਹੋਈ ਕਿ ਕਈ ਅੰਮ੍ਰਿਤਧਾਰੀ ਸਿੰਘ ਤੇ ਸਿੰਘਣੀਆਂ ਸਨ ਜਦੋ ਕਿ ਸਿੱਖ ਕੋਈ ਸਿਆਣੇ ਨੂੰ ਨਹੀ ਮੰਨਦਾ।ਸੇਵਾਦਾਰ ਨੇ ਸਾਨੂੰ ਚਾਹ ਦੇ ਦਿੱਤੀ। ਚਾਹ ਪੀਕੇ ਮੈ ਬਾਬਾ ਜੀ ਸਾਡੇ ਵੱਲ ਦੇਖਿਆ ਪਰ ਮੈਨੂੰ ਯਕੀਨ ਨਹੀ ਸੀ ਹੋ ਰਿਹਾ ਕਿਉਕਿ ਇਹ ਚਿਹਰਾ ਜਾਣਿਆ ਪਛਾਣਿਆ ਲਗਦਾ ਸੀ। ਪਰ ਸਮਝੋ ਬਾਹਰ ਸੀ ਕਿੱਥੇ ਦੇਖਿਆ ਹੋਊ ਮੈ ਦਿਲ ਵਿੱਚ ਸੋਚ ਰਿਹਾ ਸੀ।ਜੋ ਵੀ ਕੋਈ ਆਉਦਾ ਸੇਵਾਦਾਰ ਉਸਨੂੰ ਨੰਬਰ ਦਾ ਟੋਕਨ ਦੇ ਦਿੰਦਾ।ਪਰ ਮੈਨੂੰ ਕੋਈ ਟੋਕਨ ਨਹੀ ਦਿੱਤਾ ਇਸ ਕਰਕੇ ਮੇਰੀ ਬੇਚੈਨੀ ਹੋਰ ਵਧ ਗਈ।ਬਾਬਿਆ ਦੇ ਦਰਬਾਰ ਵਿੱਚ ਟੋਕਨ ਮੰਗ ਕੇ ਗਲਤੀ ਵੀ ਨਹੀ ਸੀ ਕਰਨਾਂ ਚਾਹੁੰਦਾ,ਸੇਵਾਦਰ ਮੈਥੋ ਬਾਅਦ ਵਿੱਚ ਆਏ ਨੂੰ ਟੋਕਨ ਦੇ ਗਿਆ ਤਾਂ ਨੀਲੀ ਨੇ ਮੈਨੂੰ ਹਲੂਣਿਆ ਤੇ ਕੰਨ ਵਿੱਚ ਕਿਹਾ 
‘ਤੂੰ ਆਪ ਟੋਕਨ ਮੰਗ ਨਹੀ ਤਾਂ ਮੈ ਮੰਗਦੀ ਆ’
ਮੈ ਮੂੰਹ ਤੇ ੳਗਲੀ ਰੱਖ ਕੇ ਸ਼ਾਂਤ ਰਿਹਣ ਵਾਸਤੇ ਕਿਹਾ ਪਰ ਨੀਲੀ ਟੋਕਨ ਲੈਣ ਵਾਸਤੇ ਤਰਲੋ ਮੱਛੀ ਹੋ ਰਹੀ ਸੀ। ਬਾਬਾ ਜੀ ਇੱਕ ਆਦਮੀ ਤੇ ਔਰਤ ਨਾਲ ਗੱਲ ਕਰ ਰਹੇ ਸਨ।ਬਾਬਾ ਜੀ ਨੇ ਮੇਰੇ ਵੱਲ ਥੋੜਾ ਜਿਹਾ ਦੇਖਿਆ ਤੇ ਆਦਮੀ,ਔਰਤ ਤੇ ਸੇਵਾਦਾਰ ਨੂੰ ਖਾਲੀ ਕਮਰੇ ਵਿੱਚ ਲੈ ਗਏ।
‘ਤੂੰ ਬੈਠਾ ਰਹਿ ਮਿੱਟੀ ਦਾ ਮਾਧੋ ਬਣਕੇ ਹੁਣ ਬਾਬਿਆਂ ਨੇ ਅੰਦਰੋ ਘੰਟਾ ਨੀ ਆਉਣਾ ਟੋਕਨ ਆਪਾਂ ਨੂੰ ਦਿੱਤਾ ਨੀ' ਨੀਲੀ ਨੇ ਮੈਨੂੰ ਗੁੱਸੇ ਨਾਲ ਕਿਹਾ।
‘ਲੈ ਆਪਾਂ ਨੂੰ ਕੀ ਆ ਬਾਬੇ ਜਾਣੀ ਜਾਣ ਆ ਆਪੇ ਸੱਦ ਲੈਣਗੇ ਰਾਮ ਨਾ ਬਹਿ ਜਾ’ ਮੈ ਮਜ਼ਾਕੀਆ ਲਹਿਜੇ ਨਾਲ ਕਿਹਾ।
‘ਬਾਬਿਆਂ ਨੁੰ ਟਿੱਚਰਾਂ ਨੀ ਕਰਨੀਆਂ ਚਾਈਦੀਆਂ’ ਨੀਲੀ ਨੇ ਕਿਹਾ ਏਨੇ ਨੂੰ ਸੇਵਾਦਾਰ ਨੇ ਇੱਕ ਕਾਗਜ਼ ਦਾ ਟੁਕੜਾ ਦੇ ਦਿੱਤਾ ਜਿਸ ਉਤੇ ਬਹੁਤ ਸੁੰਦਰ ਲਿਖਾਈ ਨਾਲ ਲਿਖਿਆ ਸੀ ਕਿ ਇਸੇ ਵੀਰਵਾਰ ਨੂੰ ਦੋਵੇ ਮੇਰੇ ਘਰ ਆਇਓ ਹੁਣ ਚਲੇ ਜਾਵੋ,ਬਾਬਾ ਜੀ ਦਾ ਘਰ ਤੇਰੇ ਦੇ ਪਿੱਛੇ ਹੀ ਸੀ।
‘ਵੇਖਿਆ ਬਾਬੇ ਜਾਣੀ ਜਾਣ’ ਮੈ ਕਿਹਾ ਅਸੀ ਦੋਵੇ ਵਾਪਸ ਆ ਗਏ ਤੇ ਵੀਰ ਵਾਰ ਨੁੰ ਨੀਲੀ ਤੜਕੇ ਹੀ ਉਠ ਗਈ ਘਰ ਕੰਮ ਕਰਨ ਵਾਲੀ ਨੂੰ ਸਮਝਾ ਕੇ ਅਸੀ ਦਸ ਕੁ ਵਜੇ ਡੇਰੇ ਤੇ ਪਹੁੰਚ ਗਏ ਤੇਰਾ ਬੰਦ ਸੀ ਅਸੀ ਡੇਰੇ ਦੇ ਪਿਛਲੇ ਪਾਸੇ ਚਲੇ ਗਏ ਉਥੇ ਬਾਬਾ ਜੀ ਦਾ ਘਰ ਸੀ। ਜਾ ਕੇ ਦਰਵਾਜਾ ਖੜਕਾਇਆ ਇੱਕ ਔਰਤ ਨੇ ਦਰਵਾਜਾ ਖ੍ਹੋਲਿਆ।
‘ਤੁਸੀ ਨੀਲੀ ਤੇ ਜਸਕਰਨ ਹੋ’ਉਸ ਔਰਤ ਨੇ ਖੁਸ਼ੀ ਨਾਲ ਕਿਹਾ ਤੇ ਅੰਦਰ ਲੈ ਗਈ ਤੇ ਉਸ ਔਰਤ ਨੇ ਨੀਲੀ ਨਾਲ ਜੱਫੀ ਪਾ ਲਈ।ਅੰਦਰ ਬੈਠਕ ਵਿੱਚ ਬਾਬਾ ਜੀ ਬੈਠੈ ਸਨ।
‘ਆ ਵਈ ਜੱਸ’ਉਸਨੇ ਆਖਕੇ ਮੈਨੂੰ ਜੱਫੀ ਵਿੱਚ ਲੈ ਲਿਆ।ਮੈ ਵੀ ਆਵਾਜ਼ ਤੇ ਚਿਹਰਾ ਪਛਾਂਣ ਲਿਆ।
‘ਯਾਰ ਤੂੰ ਧਰਮਾ ਤਾਂ ਨੀ?’
‘ਹਾਂ! ਯਾਰ ਨੂੰ ਯਾਰ ਕਦੇ ਭੁੱਲ ਸਕਦਾ,ਨੀਲੀ ਦੱਸ ਤੇਰਾ ਕੀ ਹਾਲ ਆ’
‘ਠੀਕ ਆ ਬਾਬਾ ਜੀ'ਨੀਲੀ ਸਿਰ ਤੇ ਚੁੰਨੀ ਠੀਕ ਕਰਦੀ ਹੋਈ ਨੇ ਕਿਹਾ।
‘ਬਾਬਾ ਮੈ ਲੋਕਾਂ ਵਾਸਤੇ ਆਂ ਥੋਡਾ ਤਾਂ ਧਰਮਾਂ ਈ ਆਂ,ਏਸੇ ਕਰਕੇ ਮੈ ਡੇਰੇ ਵਿੱਚ ਨੀ ਬੁਲਾਇਆ ਦੱਸੋ ਕੀ ਸੇਵਾ ਕਰਾ’ ਧਰਮੇ ਨੇ ਪੁੱਛਿਆ।ਅਸੀ ਐਧਰ ਓਧਰ ਦੀਆਂ ਗੱਲ ਕਰਦੇ ਰਹੇ।
‘ਯਾਰ ਤੂੰ ਮੋਗੇ ਤੋ ਅੰਬਾਲੇ ਕਿਵੇ’
‘ਲੱਡੂ ਖਾਓ ਅਸਲੀ ਘਿਓ ਦੇ ਆ’ ਧਰਮੇ ਦੀ ਧਰਮ ਪਤਨੀ ਸੀਤਲ ਨੇ ਕਿਹਾ ਸਾਰੇ ਚਾਹ ਪੀਣ ਤੇ ਲੱਡੂ ਖਾਂਣ ਲਗ ਪਏ,ਲੱਡੂ ਵਾਕਿਆ ਅਸਲੀ ਘਿਓ ਦੇ ਸਨ ਬਹੁਤ ਹੀ ਸੁਆਦ।
‘ਕੀ ਲੋਈ ਵਿਆਹ ਵੂਹ ਸੀ’ ਮੈ ਲੱਡੂ ਖਾਂਦੇ ਨੇ ਕਿਹਾ।
‘ਐਥੇ ਰੋਜ ਈ ਵਿਆਹ’ ਧਰਮੇ ਨੇ ਖੁਸੀ ਨਾਲ ਕਿਹਾ।
‘ਕਿਵੇ’ ਨੀਲੀ ਨੇ ਪੁੱਛਿਆ।
‘ਕਦੇ ਕਿਸੇ ਦੇ ਮੁੰਡਾ ਹੋ ਗਿਆ ਕਿਸੇ ਦੀ ਬਮਾਰੀ ਠੀਕ ਹੋਗੀ’
‘ਕੀ ਤੁਸੀ ਮੁੰਡੇ ਵੀ ਦਿੰਦੇ ਹੋ’ਨੀਲੀ ਨੇ ਧਰਮੇ ਦੇ ਕੋਲ ਹੋ ਕੇ ਪੁੱਛਿਆ ਤੇ ਦਿਲ ਵਿੱਚ ਸੋਚਿਆ ਬਾਬਾ ਕਿੰਨਾ ਜਾਣੀ ਜਾਣ ਹੈ ਜਿਸ ਕੰਮ ਵਾਸਤੇ ਅਸੀ ਆਏ ਹਾਂ ਆਪ ਹੀ ਆਖ ਰਿਹਾ ਹੈ ਦੱਸਣ ਦੀ ਲੋੜ ਨੀ,ਕੱਲ ਦਾ ਧਰਮਾਂ ਕਿੰਨਾਂ ਕਰਨੀ ਆਲਾ ਬਣ ਗਿਆ ਮੇਰੇ ਆਲਾ ਰਿਹਾ ਬੁੱਧੂ ਦਾ ਬੁੱਧੂ।
‘ਹਾਂ ਕਿਓ ਨੀ ਕਿੰਨੇ ਚਾਈਦੇ ਆ ਮੈ ਤਾਂ ਲਾਦੂ ਮੁੰਡਿਆਂ ਦੀ ਲੈਣ’ ਧਰਮੇ ਨੇ ਪੂਰੇ ਵਿਸਾਵਾਸ ਨਾਲ ਕਿਹਾ,ਨੀਲੀ ਦੇ ਦਿਲ ਦੀ ਧੜਕਨ ਤੇਜ਼ ਹੋ ਗਈ ਤੇ ਧਾਗਾ ਤਵੀਤ ਪੁੱਛਣ ਨੂੰ ਕਾਹਲੀ ਸੀ।
‘ਤਾਂ ਫਿਰ ਸਾਨੁੰ ਵੀ ਕੋਈ ਜਾਦੂ ਮੰਤਰ ਦੱਸੋ’ ਨੀਲੀ ਨੇ ਛੇਤੀ ਪੁੱਛਿਆ ਨੀਲੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਨੀਲੀ ਹੁਣੇ ਹੀ ਮੁੰਡਾ ਗੋਦੀ ਵਿੱਚ ਚੱਕਣ ਨੂੰ ਫਿਰਦੀ ਸੀ।
‘ਨਈ ਯਾਰ ਅਸੀ ਤਾ ਵੈਸੇ ਈ ਆਏ ਸੀ’ ਮੈ ਸਰਮਿੰਦਾ ਹੋਕੇ ਕਿਹਾ ਤੇ ਸੋਚਿਆ ਕਿ ਨੀਲੀ ਕਰ ਕੀ ਰਹੀ ਹੈ ਧਰਮਾਂ ਆਪਣਾਂ ਬੰਦਾ ਹੈ ਹੌਲੀ ਹੌਲੀ ਇਸਨੂੰ ਮੈ ਦੱਸ ਦੇਊਗਾ। ਨੀਲੀ ਤਾਂ ਸੌ ਦੀ ਸਪੀਡ ਦੀ ਕਿੱਲੀ ਦੱਬੀ ਜਾ ਰਹੀ ਸੀ।
‘ਤੂੰ ਚੁੱਪ ਕਰ ਏਹ ਕ੍ਹੇੜਾ ਬਗਾਨਾਂ ਘਰ ਦਾ ਬਾਬਾ ਇਸ ਤੋ ਕੀ ਸੰਗਣਾਂ’ ਨੀਲੀ ਨੇ ਖੁਸ਼ੀ ਨਾਲ ਝੂੰਮਦੀ ਹੋਈ ਨੇ ਕਿਹਾ।
‘ਕੋਈ ਨੀ ਫਿਕਰ ਨਾਂ ਕਰੋ ਐਥੇ ਮੁੰਡਿਆ ਵਾਸਤੇ ਬੌਤ ਆਉਦੇ ਆ ਤੇ ਮੁਰਾਦਾਂ ਲੈਕੇ ਚਲੇ ਜਾਦੇ ਪ੍ਰਮਾਂਤਮਾਂ ਸਭ ਠੀਕ ਕਰੂਗਾ’ ਧਰਮੇ ਨੇ ਬਹੁਤ ਵੱਢੇ ਗਿਆਨੀਆਂ ਵਾਂਗੂੰ ਤਸੱਲੀ ਨਾਲ ਕਿਹਾ।
‘ਯਾਰ ਤੂੰ ਬਾਬਾ ਕਿਵੇ ਬਣਿਆ’ ਮੈ ਗੱਲ ਨੂੰ ਮੋੜਾ ਦਿੱਤਾ।ਇਸ ਗੱਲ ਤੇ ਨੀਲੀ ਫਿਰ ਖਿਝ ਗਈ ਕਿ ਅਸੀ ਕੀ ਲੈਣਾਂ ਇਸਦੀ ਹਿਸਟਰੀ ਤੋ ਅਸੀ ਤਾਂ ਮੁੰਡਾ ਵਾਸਤੇ ਕੋਈ ਜਾਦੂ ਟੂਣਾ ਪੁੱਛਣ ਆਏ ਆਂ ਤੇ ਪੁੱਛ ਕੇ ਡੰਡੀ ਪਈਏ। ਹੁਣ ਏਹਸ ਸਟੋਰੀ ਤੇ ਘੰਟਾ ਲਾਊਗਾ।ਨੀਲੀ ਦਾ ਦਿਲ ਕਰਦਾ ਸੀ ਕਿ ਧਰਮੇ ਨੂ ਕਹਾਂ ਪਹਿਲਾਂ ਸਾਡਾ ਕੰਮ ਕਰ ਫਿਰ ਦੱਸੀ ਜਾਵੀ ਸਟੋਰੀਆਂ ਪਰ ਬੋਲ ਨਹੀ ਸੀ ਸਕਦੀ ਪਤਾ ਸੀ ਕਿ ਜੇ ਇਹ ਛਿੜ ਪਿਆ ਤਾਂ ਭੂਸਰੇ ਸਾਨ ਵਾਂਗੂੰ ਸੰਭਾਲਿਆ ਨੀ ਜਾਣਾਂ ਸੋ ਚੁੱਪ ਹੀ ਬਿਹਤਰ ਸਮਝੀ।ਤੇ ਧਰਮੈ ਦੀ ਗੱਲ ਮਜਬੂਰਨ ਸੁਨਣ ਲੱਗ ਪਈ। 
‘ਪੁੱਛ ਨਾ ਭਰਾਵਾ ਤੈਨੂੰ ਦੱਸਿਆ ਸੀ ਨਾਂ ਕਿ ਮੇਰੀ ਮਨੇਜਰ ਨੇ ਤਰੱਕੀ ਰੋਕੀ ਰੱਖੀ, ਮੇਥੋ ਜੂਨੀਅਰ ਤਰੱਕੀ ਕਰਗੇ ਇਸੇ ਗੱਲ ਤੇ ਮੇਰਾ ਮਨੇਜਰ ਨਾਲ ਤੂੰ ਤੂੰ ਮੈ ਮੈ ਹੋਗੀ ਸਾਲੇ ਮੇਰੇ ਨੇ ਮੈਨੂੰ ਨੌਕਰੀਓ ਕੱਢਤਾ’
‘ਕਿਓ ਅਣਬਣ ਹੋਗੀ?’ਮੈ ਪੁੱਛਿਆ।
‘ਪੁੱਛ ਨਾਂ ਭਰਾਵਾ ਲੋਕ ਅਖਬਾਰਾਂ ‘ਚ’ ਇਸਤਿਹਾਰ ਦੇਣਗੇ ਵਿਾਅਹ ਵਸਾਤੇ ਸੁੰਦਰ ਸੋਹਣੀ ਕੁੜੀ ਚਾਹੀਦੀ ਹੈ’
‘ਂਨਾ ਹੋਰ ਲਿਖਣ ਕਿ ਭੈੜੀ ਸ਼ਕਲ ਚਾਈਦੀ ਆ’ਮੈ ਕਿਹਾ।
‘ਭੈੜੀ ਸ਼ਕਲ ਤਾਂ ਨੀ ਬੱਸ ਆਮ ਕੁੜੀਆਂ ਵਰਗੀ ਹੋਵੇ’ਧਰਮੇ ਕਿਹਾ।
‘ਲੋਕ ਤਾਂ ਸ੍ਹੋਣੀਆਂ ਕੁੜੀਆਂ ਮਰਦੇ ਤੇ ਸ੍ਹੋਣੀਆਂ ਕੁੜੀਆਂ ‘ਚ’ ਖਰਾਬੀ ਵੀ ਕੀ ਆ’
‘ਭਰਾਵਾ ਮੇਰੇ ਠੂਠੇ ਡਾਂਗ ਤਾਂ ਮੇਰੀ ਸੋਹਣੀ ਵਹੁਟੀ ਸੀਤਲ ਪੈਰੋ ਵੱਜੀ ਆ’
‘ਓਹ ਕਿਵੇ’ ਮੈ ਨੇੜੇ ਹੋ ਕੇ ਪੁੱਛਿਆ।
‘ਭਰਾਵਾ ਸੱਚ ਸੁਣ ਬੰਦੇ ਦੀ ਆਵਦੀ ਘਰਵਾਲੀ ਭਾਂਵੇ ਕਿੰਨੀ ਵੀ ਸੋਹਣੀ ਕਿਓ ਨਾਂ ਹੋਵੇ ਪਰ ਕਈ ਬੰਦੇ ਬਿਗਾਨੀਆਂ ਖੁਰਨੀਆਂ ਵਿੱਚ ਮੂੰਹ ਮਾਰਨੋ ਬਾਜ ਨੀ ਔਦੇ।ਸਾਡੇ ਮਨੇਜਰ ਨੂੰ ਹਰ ਹਫਤੇ ਕੋਈ ਂਨਾ ਕੋਈ ਤਰੱਕੀ ਵਾਸਤੇ ਆਵਦੇ ਘਰ ਸਦਦਾ ਹੀ ਰਹਿੰਦਾ ਸੀ ਮੈ ਕਿਤੇ ਘਰ ਨਹੀ ਸੀ ਸੱਦਿਆ ੳੇੁਹ ਮੇਰੀ ਸੋਹਣੀ ਸੀਤਲ ਤੇ ਲੀਕ ਮਾਰ ਨੂੰ ਫਿਰਦਾ ਸੀ। ਨਾਂ ਘਰ ਸੱਦਣ ਤੇ ਉਸਨੂੰ ਚਿੜ ਸੀ ਬੱਸ ਇੱਕ ਦਿਨ ਤੂੰ ਤੂੰ ਮੈ ਮੈ ਹੋ ਗਈ ਮੈਂਨੂੰ ਨੌਕਰੀਓ ਕੱਢ ਦਿੱਤਾ ਤੇ ਮੈਥੋ ਜੂਨੀਅਰ ਅਫਸਰ ਬਣ ਗਏ ਇਸ ਕਰਕੇ ਸੋਹਣੀ ਕੁੜੀ ਨਾਲ ਕਦੇ ਵਿਆਹ ਨਾਂ ਕਰਵਾਵੋ ਨਈ ਤਾਂ ਮੇਰੇ ਵਾਂਗੂੰ ਬਾਬਾ ਬਣਨਾਂ ਪਊਗਾ ਕਾਲੀਆਂ ਪੀਲੀਆਂ ਈ ਠੀਕ ਆ’
‘ਫੇਰ ਕੀ ਹੋਇਆ ਯਾਰ ਸੋਹਣੀ ਤਾ ਤੇਰੀ ਭਾਬੀ ਵੀ ਹੈ ’ ਮੈ ਨੀਲੀ ਵੱਲ ਦੇਖਕੇ ਕਿਹਾ ਨੀਲੀ ਵੱਲ ਕੌੜ ਗਾਂ ਵਾਂਗੂੰ ਝਾਕੀ।
‘ਫੇਰ ਕੀ ਮੈ ਨੌਕਰੀ ਦੀ ਭਾਲ ਵਿੱਚ ਇੱਕ ਦਿੱਨ ਇਸ ਡੇਰੇ ਤੇ ਆਇਆ ਸੰਤ ਦੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ,ਬੱਸ ਮੈ ਹਰਰੋਜ ਆਉਣਾਂ ਸੁਰੂ ਕਰ ਦਿੱਤਾ। ਬਾਬਾ ਜੀ ਸਿਰਫ ਬਾਣੀ ਦਾ ਉਪਦੇਸ ਦਿੰਦੇ ਬਾਬਾ ਜੀ ਹਕੀਮ ਵੀ ਸਨ,ਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੇ ਵਹਿਮਾਂ ਭਰਮਾਂ ਵਿੱਚ ਕਢਦੇ,ਜੇ ਕੋਈ ਔਰਤ ਆਕੇ ਕਹਿੰਦੀ ਕਿ ਸਾਡੇ ਘਰ ਵਾਧਾ ਨਹੀ ਹੁੰਦਾ। ਤਾਂ ਬਾਬਾ ਜੀ ਕਹਿੰਦੇ ਕਿ ਕੋਈ ਭੂਤ ਪ੍ਰੇਤ ਨਹੀ ਹੁੰਦਾ ਜਦੋ ਬੰਦਾ ਪਾਠ ਨਹੀ ਕਰਦਾ,ਗੁੱਸਾ ਕਰਦਾ ਹੈ,ਬਗੈਰ ਮਤਲਬ ਤੋ ਲੜਾਈ ਕਰਦਾ ਹੈ ਉਹ ਭੂਤ ਹੈ,ਬੱਸ ਬਾਬਾ ਜੀ ਨਾਮ ਦਾ ਦਾਨ ਦਿੰਦੇ ਬਾਣੀ ਦੇ ਅਸਰ ਨਾਲ ਜੋ ਆਖਦੇ ਉਹ ਵਾਕ ਪੂਰਾ ਹੋ ਜਾਦਾ,ਬੀਮਾਰੀਆ ਦੇ ਨੁਕਸੇ ਮੈਨੂੰ ਵੀ ਦੱਸ ਦਿੱਤੇ ਜਿਵੇ ਸੱਪ ਦਾ ਇਲਾਜ,ਰੀਹ ਦਾ ਇਲਾਜ ਤੇ ਖਾਸ ਕਰ ਮੁੰਡਾ ਪੈਦਾ ਕਰਨ ਦਾ ਤਰੀਕਾ’
‘ਬਾਕੀ ਗੱਲਾਂ ਛੱਡੋ ਸਾਨੂੰ ਬੱਸ ਮੁੰਡਾ ਚਾਈਦਾ ਜੇ ਕ੍ਰਿਪਾ ਕਰ ਦਿਓ ਤਾ’ ਨੀਲੀ ਨੇ ਫਟਾ ਫਟ ਕਿਹਾ ਕਿਉਕਿ ਉਹ ਉਡੀਕ ਰਹੀ ਸੀ ਕਿ ਇਹ ਮੁੰਡੇ ਦਾ ਨਾਂ ਲਵੇ ਤੇ ਮੈ ਛੇਤੀ ਕਹਾਂ।
‘ਓਹ ਵੀ ਮਿਲ ਜੂ ਗੱਲ ਤਾਂ ਪੂਰੀ ਕਰਨ ਦੇ’ਮੈ ਨੀਲੀ ਨੂੰ ਕਿਹਾ ਧਰਮਾਂ ਹੱਸ ਪਿਆ।
‘ਬਾਬਾ ਜੀ ਗੱਲ ਛੇਤੀ ਸਿਰੇ ਜਾਵੋ’ ਨੀਲੀ ਨੇ ਕਿਹਾ।
‘ਨੀਲੀ ਮੈਨੂੰ ਫਿਰ ਬਾਬਾ ਨਾਂ ਕਹੀ ਥੋਡੇ ਆਸਤੇ ਤਾਂ ਮੈ ਧਰਮਾਂ ਈਆ ਮੈ ਕੋਈ ਬਾਬਾ ਬੂਬਾ ਨੀ ਨਾਂ ਮੇਰੇ ਕੋਲ ਕੋਈ ਗੈਬੀ ਸ਼ਕਤੀ ਆ’ ਧਰਮੇ ਨੇ ਕਿਹਾ, ਇਹ ਸੁਣਕੇ ਨੀਲੀ ਢਿੱਲੀ ਜੀ ਹੋਗੀ।
‘ਚੱਲ ਅੱਗੇ ਤੁਰ’ ਮੈ ਧਰਮੇ ਕਿਹਾ।
‘ਮੈ ਇੱਕ ਹਫਤਾ ਡੇਰੇ ਤੇ ਨਾਂ ਸਕਿਆ ਕਿਉਕਿ ਮੈ ਚੰਡੀਗੜ ਇੰਟਰਵਿਊ ਵਾਸਤੇ ਗਿਆ ਸੀ ਇੱਕ ਹਫਤੇ ਬਾਅਦ ਆਇਆ ਤਾਂ ਬਾਬਾ ਜੀ ਬਹੁਤ ਬੀਮਾਰ ਸਨ। ਮੈ ਬਾਬਾ ਜੀ ਕੋਲ ਬੈਠ ਗਿਆ ਬਾਬਾ ਜੀ ਬੋਲੇ।
‘ਧਰਮਿਆਂ ਲਗਦਾ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ, ਮੈ ਤੈਨੂੰ ਹੀ ਉਡੀਕਦਾ ਸੀ ਸੋ ਤੂੰ ਆ ਗਿਆ, ਬੇਟਾ ਮੈਥੋ ਬਾਅਦ ਤੂੰ ਇਸ ਡੇਰੇ ਦੀ ਜਵਾਬਦਾਰੀ ਤੇਰੇ ਸਿਰ ਤੇ ਹੈ, ਇਹ ਡੇਰਾ ਮੇਰਾ ਮੁੱਲ ਲਿਆ ਹੈ। ਇੱਕ ਕਿੱਲੇ ਤੋ ਵੱਧ ਆ। ਕਿਸੇ ਕਮੇਟੀ ਜਾਂ ਸੁਸਾਇਟੀ ਦਾ ਨਹੀ, ਸਾਰਾ ਕੰਮ ਤੂੰ ਸਮਝ ਹੀ ਗਿਆ ਹੈ ਕਿ ਕਿਵੇ ਕਿਸ ਬੀਮਾਰੀ ਦਾ ਇਲਾਜ ਕਰਨਾਂ, ਲਾਲਚ ਨਹੀ ਕਰਨਾਂ। ਮੇਰਾ ਵਿਆਹ ਹੋ ਗਿਆ ਸੀ। ਪਰ ਛੱਡ ਛਡਾਈ ਹੋ ਗਈ ਇਸਤੋ ਬਾਅਦ ਮੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾਂ ਸੁਰੂ ਕਰ ਦਿੱਤਾ। ਮੈ ਬੀ ਏ ਤੱਕ ਪੜਿਆ ਹਾਂ, ਮੈ ਅੱਜ ਤੱਕ ਇਕ ਪੈਸਾ ਨਹੀ ਜਮਾਂ ਕੀਤਾ ਸਾਰਾ ਪੈਸਾ ਲੋੜ ਵੰਦਾਂ ਨੂੰ ਦਿੱਤਾ, ਕਿਉਕਿ ਕਈਆ ਦੇ ਚਾਰ ਚਾਰ ਕੁੜੀਆਂ ਸਨ ਇੱਥੋ ਪੁੱਤਰ ਮਿਲੇ, ਜੋ ਰੀੜ ਦੀ ਹੱਡੀ ਦੇ ਮਰੀਜ਼ ਸਨ ਉਹ ਠੀਕ ਹੋਏ, ਲੋਕਾਂ ਨੇ ਪੈਸਿਆਂ ਦੇ ਢੇਰ ਲਾ ਦਿੱਤੇ,ਮੈ ਲਾਲਚ ਨੀ ਕੀਤਾ, ਸੋ ਤੂੰ ਵੀ ਲਾਲਚ ਨੀ ਕਰਨਾਂ ਗਰੀਬਾਂ ਦੀ ਮੱਦਦ ਕਰਨੀ ਲੋਕਾਂ ਨੂੰ ਧਾਗੇ ਤਵੀਤਾਂ ਤੋ ਮੁਕਤ ਕਰਨਾਂ’ਇਹ ਆਖਕੇ ਬਾਬਾ ਜੀ ਚੱਲ ਵਸੇ ਤੇ ਮੈ ਬਾਬਾ ਬਣ ਗਿਆ।
‘ਹੁਣ ਤੂੰ ਡੇਰੇ ਦਾ ਮਾਲਕ ਹੈ ਤੇ ਤੂੰ ਕਿਵੇ ਕੰਮ ਕਰਦਾ ਹੈ ਮੈਨੂੰ ਸਮਝਾ’ ਮੈ ਕਿਹਾ।
‘ਕੰਮ ਕੀ ਹੈ ਕਦੇ ਕੋਈ ਜਨਾਨੀ ਆਉਦੀ ਹੈ ਕਹਿੰਦੀ ਹੈ ਮੇਰੇ ਘਰ ਵਾਲਾ ਵੱਸ ‘ਚ’ਕਰਨਾਂ ਮੈ ਸਮਝਾ ਦਿੰਦਾ ਹਾਂ ਕਿ ਜਿੰਨਾ ਹੋ ਸਕੇ ਪਾਠ ਕਰਿਆ ਕਰੋ ਨਾਲ ਮੈ ਗੁਟਕਾ ਵੀ ਦੇ ਦਿੰਦਾ ਹਾਂ, ਬਾਣੀ ਪੜਨ ਵਿੱਚੋ ਬਹੁਤ ਕੁਛ ਮਿਲਦਾ ਹੈ ਕਿਉਕਿ ਮੈ ਹਰ ਗੁਟਕਾ ਸਟੀਕ ਵਿੱਚ ਦਿੰਦਾ ਹਾਂ ਤਾਂ ਕਿ ਪਾਠ ਕਰਨ ਵਾਲਾ ਅਰਥ ਸਮਝ ਸਕੇ’
‘ਹੋਰ ਕੀ ਲੋਕਾਂ ਦਾ ਫੈਦਾ ਕਰਦਾਂ?’
‘ਹੋਰ ਕੀ ਦੁਨੀਆ ਦੁੱਖਾਂ ਦਾ ਘਰ ਹੈ,ਨਸ਼ਾਂ ਛਡਾਉਦਾ ਹਾਂ ਕਿਉਕਿ ਇੱਕ ਵਕੀਲ ਮੇਰਾ ਸਰਧਾਲੂ ਹੈ ਉਸਨੂੰ ਇੱਸੇ ਡੇਰੇ ‘ਚੋ’ ਮੁੰਡਾ ਹੋਇਆ ਸੀ ਉਸਦਾ ਭਰਾ ਡਾਕਟਰ ਹੈ ਮੈ ਕੋਈ ਅਮਲੀ ਐਥੋ ਭੇਜਦਾ ਹਾਂ ਤਾਂ ਡਾਕਟਰ ਆਵਦੀ ਫੀਸ ਨਹੀ ਲੈਦਾ ਸਿਰਫ ਦਵਾਈ ਦੇ ਪੈਸੈ ਲੈਦਾ ਹੈ ਉਹ ਪੈਸੈ ਵੀ ਮੈ ਦਿੰਦਾ ਹਾਂ ਤੇ ਅਮਲੀ ਬਗੈਰ ਕਿਸੇ ਖਰਚੇ ਤੋ ਨਸੇ ਤੋ ਮੁਕਤ ਜਾਂਦਾ ਹੈ ਤੇ ਇਸ ਡੇਰੇ ਦਾ ਹੋ ਜਾਂਦਾ ਹੈ’ ਧਰਮੇ ਨੇ ਕਿਹਾ।
‘ਯਾਰ ਤੂੰ ਤਾਂ ਕਲਯੁੱਗ ਵਿੱਚ ਸਤਯੁਗੀ ਬੰਦਾ ਕਿੱਥੋ ਆ ਗਿਆ’
‘ਜਦੋ ਮੇਰਾ ਗੁਜਾਰਾ ਚੱਲੀ ਜਾਦਾ ਹੈ ਫਿਰ ਮੈ ਕਿਓ ਕੁੱਤਿਆਂ ਵਾਂਗੂੰ ਹਰਲ ਹਰਲ ਕਰਾਂ’ ਹੁਣ ਤੂੰ ਦੱਸ ਕਿਵੇ ਦਰਸਣ ਦਿੱਤੇ?’
‘ਤੈਨੂੰ ਤੇਰੀ ਭਾਬੀ ਨੇ ਦੱਸ ਤਾਂ ਦਿੱਤਾ’
‘ਹਾਂ ਕਿੰਨੀਆਂ ਕੁੜੀਆਂ’
‘ਦੋ’ 
‘ਠੀਕ ਆ ਤੂੰ ਚੰਡੀਗੜ ਜਾਵੀ ਤੇ ਇੱਕ ਕਿਤਾਬ ਲਵੀ ਜਿਸਤੇ ਲਿਖਿਆ ਹੋਓ
“HOW TO CHOOSE THE SEX OF YOUR BABY:-BY ‘LANDRUM B. SHETTLES’  ਇਹ ਕਿਤਾਬ ਤੋ ਜਾਣਕਾਰੀ ਲਵੀ ਸ਼ਰਤੀਆ ਮੁੰਡਾ ਹੋਊਗਾ’
‘ਬੱਸ ਐਨਾਂ ਈ ਕੰਮ ਸੀ’ ਮੈ ਕਾਹਲੀ ਨਾਲ ਪੁੱਛਿਆ।
‘ਹਾਂ’ਧਰਮੇ ਤੇ ਤਸੱਲੀ ਨਾਲ ਕਿਹਾ।
‘ਪਰ ਇਹ ਕਿਤਾਬ ਤੇ ਬਹੁਤ ਸਾਲ ਅਮਰੀਕਾ ਨੇ ਪਾਬੰਦੀ ਪਾਈ ਰੱਖੀ ਸੀ’
‘ਕਿਓ’
‘ਕਿਊਕਿ ਅਮਰੀਕਾ ਨੇ ਡਾਕਟਰ ਨੂੰ ਕਿਹਾ ਕਿ ਇਸ ਕਿਤਾਰਬ ਤਾਂ ਮੁੰਡੇ ਹੀ ਮੁੰਡੇ ਹੋਣਗੇ ਫਿਰ ਕੁੜੀਆਂ ਨਹੀ ਹੋਣਗੀਆਂ ਤਾਂ ਵਿਆਹ ਖੋਤੀਆ ਨਾਲ ਕਰਨਗੇ? ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਨੇ ਕਿਹਾ ਕਿ ਇਸ ਵਿੱਚ ਕੁੜੀ ਪੇਦਾ ਕਰਨ ਵਾਸਤੇ ਜਾਣਕਾਰੀ ਹੈ ਪਤੀ ਪਤਨੀ ਜੇ ਚਾਹੁੰਣ ਤਾਂ ਇੱਕ ਮੁੰਡਾ ਇੱਕ ਕੁੜੀ ਪੈਦਾ ਕਰ ਸਕਦੇ ਹਨ ਫੇਰ ਕਿਤੇ ਜਾਕੇ ਅਮਰੀਕਾ ਨੇ ਪਾਬੰਦੀ ਉਠਾਈ’
‘ਇਸ ਕਿਤਾਬ ਦੀ ਜਾਣਕਾਰੀ ਨਾਲ ਸੌ ਫੀ ਸਦੀ ਮੁੰਡਾ ਹੋਊਗਾ’ਨੀਲੀ ਨੇ ਕਾਹਲੀ ਕਾਹਲੀ ਪੁੱਛਿਆ ਤੇ ਸੋਚਿਆ ਮੈ ਤਾਂ ਬਣਾਂ ਦੂਗੀ ਹਾਕੀ ਦੀ ਟੀਮ।
‘ਨਈ ਭਾਬੀ ਸੌ ਫੀ ਸਦੀ ਚੀਜ਼ ਕੋਈ ਵੀ ਨੀ ਹੁੰਦੀ ਇਸ ਕਿਤਾਬ ਦੇ ਲੇਖਕ ਡਾਕਟਰ ਨੇ ਕਿਹਾ ਹੈ ਕਿ ਇਹ ਕਿਤਾਬ ਦੀ ਜਾਣਕਾਰੀ ਨਾਲ 75% ਮੁੰਡਾ ਹੋਊਗਾ ਤੇ 25% ਰੱਬ ਆਸਰੇ’ਧਰਮੇ ਨੇ ਕਿਹਾ।ਇਹ ਗੱਲ ਸੁਣਕੇ ਢਿੱਲੀ ਪੈ ਗਈ। 
‘ਫਿਰ ਤਾਂ ਪਾਠ ਵੀ ਕਰਨਾਂ ਪਊ’ਮੈ ਨੀਝ ਲਾਕੇ ਪੁੱਛਿਆ।
‘ਪਾਠ ਤਾਂ ਮੁੰਡੇ ਆਸਤੇ ਨੀ ਵੈਸੇ ਈ ਕਰਨਾਂ ਚਾਈਦਾ।ਪਾਠ ਮਨ ਦੀ ਮੈਲ ਦੂਰ ਕਰਨ ਵਾਸਤੇ ਆ ਨਾ ਕਿ ਮੁੰਡਿਆਂ ਵਾਸਤੇ। ਜਿਹਨਾਂ ਨੇ ਇਹ ਕਿਤਾਬ ਵਰਤੀ ਹੈ ਉਹ ਕ੍ਹੈਦੇ ਆ ਕਿ ਇਹ ਕਿਤਾਬ 90% ਸਹੀ ਹੈ’ਧਰਮੇ ਨੇ ਛੱਤ ਵੱਲ ਦੇਖਦੇ ਹੋਏ ਕਿਹਾ।
‘ਲੋਕ ਤਾਂ ਮੁੰਡੇ ਲੈਣ ਵਾਸਤੇ ਖੰਡ ਪਾਠ ਕਰਾਉਦੇ ਆ’ਮੈ ਕਿਹਾ।
‘ਖੰਡ ਪਾਠ ਨਾਲ ਮੁੰਡੇ ਕੁੜੀ ਹੋਣ ਦਾ ਕੋਈ ਲੈਣਾਂ ਦੇਣਾਂ ਨੀ,ਜਾਨਵਰਾਂ ਦੇ ਬੱਚੇ ਹੁੰਦੇ ਆ ਕਦੇ ਨਰ ਕਦੇ ਮਾਦਾ ਓਹ ਖੰਡ ਪਾਠ ਕਰਾਉਦੇ ਆ’
‘ਹਾਂ ਯਾਰ ਬੱਕਰਾ-ਬੱਕਰੀ,ਕੱਟਾ-ਕੱਟੀ,ਵੱਛਾ-ਵੱਛੀ ਇਹ ਕੇੜਾ ਪਾਠ ਕਰਦੇ ਆ’ਮੈ ਕਿਹਾ।
‘ਨਾਲੇ ਪਾਠੀ ਸਾਰੀ ਦਿਹਾੜੀ ਪਾਠ ਕਰਦੇ ਆ ਕੁੜੀਆਂ ਓ੍ਹਨਾਂ ਦੇ ਵੀ ਹੁੰਦੀਆਂ, ਬੱਸ ਇਹੀ ਸਮਝਣ ਵਾਲੀ ਗੱਲ ਆ ਜੋ ਕਿਤਾਬ ‘ਚ’ਲਿਖੀ ਆ, ਜਿਹੜਾ ਅੰਗਰਜ਼ੀ ਜਾਣਦਾ ਹੈ ਉਸਨੂੰ ਮੈ ਫੋਟੋ ਕਾਪੀ ਦੇ ਦਿੰਦਾ ਹਾਂ ਤੇ ਅਨਪੜ ਨੂੰ ਮੈ ਵੈਸੈ ਸਮਝਾ ਦਿੰਦਾ ਹਾਂ'
‘ਹੋਰ ਡੇਰੇ ਵਿੱਚ ਤੂੰ ਕੀ ਕਰਦਾ’
‘ਸਵੇਰੇ ਪੰਜ ਵਜੇ ਜਾ ਕੇ ਨਿੱਤਨੇਮ ਵਾਕ ਦੇ ਅਰਥ, ਫਿਰ ਕੋਈ ਨਾਂ ਕੋਈ ਆਇਆ ਰੈਦਾ ਮੈ ਤਕਲੀਫਾਂ ਸੁਣਕੇ ਵਹਿਮਾਂ ਭਰਮਾਂ ਤੋ ਦੂਰ ਕਰਦਾ ਹਾ’
‘ਕੋਈ ਤੇਰੇ ਕੋਲ ਭੂਤ ਪ੍ਰੇਤ ਵੀ ਆ’
‘ਨਈ ਯਾਰ ਮੇਰੇ ਕੋਲ ਕੋਈ ਭੂਤ ਭਾਤ ਨੀ ਇੱਕ ਭੁਤਨੀ ਆ’ਧਰਮੇ ਨੇ ਸੀਤਲ ਵੱਲ ਟੇਢੀ ਅੱਖ ਨਾਲ ਦੇਖਦੇ ਹੋਏ ਨੇ ਕਿਹਾ। ਭੂਤਨੀ ਦਾ ਨਾਂ ਸੁਣਕੇ ਸੀਤਲ ਚਾਰੇ ਚੱਕ ਕੇ ਪੈ ਗਈ। 
‘ਹੁਣ ਮੈ ਤੈਨੂੰ ਭੂਤਨੀ ਦਿਸਦੀ ਆ ਓਦੋ ਤਾਂ ਕ੍ਹੈਦਾ ਸੀ ਜੇ ਤੂੰ ਮੇਰੇ ਨਾਲ ਵਿਆਹ ਨਾਂ ਕੀਤਾ ਤਾਂ ਮੈ ਕੁਛ ਖਾਕੇ ਮਰਜੂੰਗਾ’
‘ਓਹ ਤਾਂ ਮੈ ਝੂਠ ਬੋਲਦਾ ਸੀ’
‘ਹਾਂ ਚੋਰਾਂ ਯਾਰਾਂ ਅਸ਼ਕਾਂ ਕਸਮਾਂ ਨਾਲ ਵਿਹਾਰ’ ਸੀਤਲ ਘੂਰੀ ਜੀ ਵੱਟ ਕੇ ਕਿਹਾ।
‘ਚੱਲ ਠੀਕ ਆ ਬੈਠਾ ਉਠਿਆ ਦੇਖ ਲਈਦਾ ਹੁੰਦਾ’
‘ਦੇਖਣ ਨੂੰ ਏਹ ਕਿਤੇ ਓਪਰੇ ਆ’ਸੀਤਲ ਨੇ ਕਿਹਾ।
,ਚੱਲ ਹੁਣ ਚੁੱਪ ਦਾ ਦਨ ਬਖਸ’ ਸੀਤਲ ਨੂੰ ਆਖਕੇ ਧਰਮੇ ਨੇ ਦੱਸਣਾ ਸੁਰੂ ਕੀਤਾ।
‘ਮੇਰੇ ਕੋਲ ਤਾਂ ਕੀ ਕਿਸੇ ਕੋਲ ਵੀ ਗੈਬੀ ਸ਼ਕਤੀ ਨੀ, ਸਿਆਣੇ ਗਰੀਬਾਂ ਤੇ ਦੁਖੀਆਂ ਦੀ ਮਜਬੂਰੀ ਦਾ ਗਲਤ ਫੈਦਾ ਉਠਾਉਦੇ ਆ,ਮੈ ਇਹੋ ਜਿਹੇ ਪਖੰਡ ਨੀ ਕਰਦਾ ਸਗੋ ਮੈ ਤਾਂ ਵਹਿਮਾਂ ਭਰਮਾਂ ਤੋ ਮੁਕਤ ਕਰਦਾ ਹਾਂ'ਅੱਜ ਕੱਲ ਦੇ ਬਾਬਿਆਂ ਤੋ ਥਾ ਰੱਬ ਡਰਿਆ ਇਹ ਬੁੱਢੇ ਲੋਕਾਂ ਦੀਆਂ ਜਵਾਨ ਕੁੜੀਆਂ ਕੁੜੀਆਂ ਭਜਾ ਕੇ ਪਹਾੜਾ ‘ਚ’ ਲੈ ਜਾਂਦੇ ਆ ਤੇ ਉ੍ਹਨਾਂ ਦੇ ਚੇਲੇ ਬਾਲਕੇ ਆਖ ਦਿੰਦੇ ਆ ਕਿ ‘ਬਾਬੇ ਤੀਰਥ ਯਾਤਰਾ’ ਤੇ ਗਏ ਆ ਏਹ ਨੀ ਪਤਾ ਬਾਬੇ ਗਰਮੀ ਦੇ ਮਹੀਨੇ ਸਿ਼ਮਲੇ ਵਿੱਚ ‘ਸਿ਼ਕਾਰੇ’ ‘ਚ’ ਹਨੀ ਮੂੰਨ ਮਨਾ ਰਹੇ ਹੁੰਦੇ ਆ ਫੜਲੋ ਪੂਛ’
‘ਏਹ ਬਾਬੇ ਵੀ ਬੀਬੀਆਂ ਨੇ ਚਮਲਾਏ ਆ’ਮੈ ਕਿਹਾ ਤਾਂ ਨੀਲੀ ਮੇਰੇ ਵੱਲ ਔਖੀ ਔਖੀ ਝਾਕਣ ਲੱਗ ਪਈ।
‘ਮੇਰੇ ਕੋਲ ਵੀ ਬੀਬੀਆਂ ਆਊਦੀਆਂ ਪਰ ਮੈ ਤਾਂ ਸਭ ਨੂੰ ਧੀਆਂ ਭੈਣਾਂ ਸਮਝਦਾ’
‘ਤੂੰ ਕਿਸੇ ਵੱਲ ਗਲਤ ਵੇਖ ਤਾਂ ਸਈ ਵੱਢਾ ਆ ਗਿਆ ‘ਭੀਸਮ ਪਿਤਾਂਮਾਂ’ਸੀਤਲ ਨੇ ਅਜੀਬ ਅਕਾਸਬਾਣੀ ਕੀਤੀ।
‘ਚੰਗਾ ਧਰਮਿਆਂ ਹੁਣ ਤਾ ਮੁੰਡਾ ਲੈਕੇ ਈ ਤੇਰੇ ਕੋਲ ਆਵਾਂਗੇ’ ਮੈ ਉਸਤੋ ਵਿਦਾ ਲਈ ਕਿਊਕਿ ਘਰ ਬੱਚੇ ਵੀ ਉਡੀਕਦੇ ਸਨ,ਘਰ ਨੂੰ ਜਾਣ ਵਾਸਤੇ ਨੀਲੀ ਬਹੁਤ ਕਾਹਲ ਕਰ ਰਹੀ ਸੀ ਕਿਊਕਿ ਨੀਲੀ ਨੂੰ ਮੇਰੇ ਨਾਲੋ ਛੇਤੀ ਮੁੰਡਾ ਚਾਹੀਦਾ ਸੀ। ਅਸੀ ਘਰ ਆ ਗਏ। ਪਰ ਚੰਡੀਗੜੋ ਕਿਤਾਬ ਨਹੀ ਮਿਲੀ ਮੈ ਫਿਰ ਧਰਮੇ ਕੋਲੋ ਕਿਤਾਬ ਦੇ ਚੈਪਟਰ ਦੀ ਫੋਟੋ ਕਾਪੀ ਲੈ ਆਇਆ ਉਸ ਕਿਤਾਬ ਤੋ ਜਾਣਕਾਰੀ ਼ਲਈ ਤੇ ਰੱਬ ਨੇ ਮੁੰਡਾ ਦੇ ਦਿੱਤਾ ਭੈਣਾਂ ਨੂੰ ਭਰਾ ਮਿਲ ਗਿਆ ਮੈਨੂੰ ਤੇ ਨੀਲੀ ਨੂੰ ਮੁੰਡਾ ਮਿਲ ਗਿਆ ਅਸੀ ਛੇਤੀ ਤੋ ਛੇਤੀ ਧਰਮੇ ਕੋਲ ਜਾਕੇ ਧੰਨਵਾਦ ਕਰਕੇ ਆਉਣਾਂ ਚਾਹੁੰਦਾ ਸੀ ਪਰ ਫਿਰ ਵੀ ਜਾਂਦਿਆਂ ਜਾਂਦਿਆਂ ਨੂੰ ਡੇੜ ਸਾਲ ਲੱਗ ਗਿਆ ਡੇੜ ਸਾਲ ਬਾਅਦ ਅਸੀ ਸਿੱਧੇ ਧਰਮੇ ਦੇ ਡੇਰੇ ਤੇ ਗਏ ਡੇਰੇ ਤੇ ਘਰ ਵਾਲੀ ਥਾਂ ਦੋ ਮੰਜਲੀ ਕੋਠੀ ਪਾਈ ਹੋਈ ਸੀ।ਅਸੀ ਅਮਝਿੳਆ ਕਿ ਅਸੀ ਭੁੱਲ ਗਏ ਹਾਂ। ਹਾਰ ਕੇ ਅਸੀ ਸੜਕੇ ਤੇ ਵਾਪਸ ਆ ਗਏ ਉਥੇ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ ਸੀ। ਜਿਸ ਦੇ ਬੋਰਡ ਤੇ ਲਿਖਿਆ ਸੀ-
‘ਚਾਹ ਖੋਖੇ ਦੀ,ਬੈਟਰੀ ਮੋਖੇ ਦੀ' ਅਸੀ ਉਥੇ ਬੈਠ ਕੇ ਚਾਹ ਪੀਣ ਵਾਸਤੇ ਬੈਠ ਗਏ।
‘ਬਾਈ ਸ੍ਹਾਮਣੇ ਡੇਰੇ ‘ਚ’ ‘ਮੁੰਡੇ ਦੇਣ ਵਾਲਾ ਬਾਬਾ’ ਹੁੰਦਾ ਸੀ ਓ੍ਹਦਾ ਕੋਈ ਅਤਾ ਪਤਾ’ ਮੈ ੳੇੁਸ ਕੋਲੋ ਧਰਮਾਂ ਬਾਬੇ ਬਾਰੇ ਖੋਖੇ ਵਾਪੇ ਕੋਲੋ ਪਤਾ ਕੀਤਾ। ਤਾਂ ਉਸਨੇ ਦੱਸਿਆ ਕਿ।
‘ਪੁੱਛ ਨਾਂ ਭਰਾਵਾ ਬਾਬਾ ਜੀ ਨੇ ਜਾਕੇ ਚੰਗਾ ਨੀ ਕੀਤਾ ਮੇਰੇ ਕੋਲ ਹਰਰੋਜ ਕੋਈ ਨਾ ਕੋਈ ਆ ਕੇ ਪੁਛਦਾ ਈ ਰ੍ਹੈਦਾ’
‘ਪਰ ਓਹ ਕਿੱਧਰ ਤੇ ਕਿਓ ਚਲਾ ਗਿਆ?’ ਮੈ ਕਾਹਲੀ ਕਾਹਲੀ ਪੁੱਛਿਆ।ਉਸ ਕੋਲ ਹੋਰ ਵੀ ਗਾਹਕ ਆਕੇ ਚਾਹ ਪੀਣ ਬੈਠ ਗਏ ਸ਼ਾਇਦ ਓਹ ਵੀ ਬਾਬੇ ਦੀ ਭਾਲ ਵਿੱਚ ਆਏ ਸੀ। ਓਹਨਾਂ ਨੇ ਵੀ ਕੰਨ ਚਾਹ ਬਨੌਣ ਵਾਲੇ ਵੱਲ ਕਰ ਲਏ। ਖੋਖੇ ਵਾਲੇ ਨੇ ਪੱਖਾ ਚਲਾ ਦਿੱਤਾ ਢੀਚਕ,ਢੀਚਕ ਕਰਕੇ ਪੱਖਾ ਆਲੂਆਂ ਵਾਲੀ ਮਸ਼ੀਨ ਵਾਂਗੂੰ ਹੌਲੀ ਹੌਲੀ ਚੱਲਣ ਲੱਗ ਪਿਆ। ਮੈ ਡਰਦਾ ਪੱਖੇ ਤੋ ਦੂਰ ਹੋ ਗਿਆ ਕਿ ਪੱਖਾ ਖੁੱਲ ਕੇ ਉਤੇ ਹੀ ਨਾਂ ਡਿੱਗ ਪਏ। ਉਹ ਹੱਥ ਨਾਲ ਮੱਖੀਆਂ ਉਡਾ ਕੇ ਅੰਦਰੋ ਤੇ ਬਾਹਰੋ ਕਾਲੇ ਤੇ ਚਿੱਬੇ ਜੇ ਸਗਲੇ ਵਿੱਚ ਚਾਹ ਧਰ ਦਿੱਤੀ,ਸਟੋਵ ਨੁੰ ਪੰਪ ਮਾਰਕੇ ਮੂੰ੍ਹਹ ਵਿੱਚ ਬੀੜੀ ਲਾ ਲਾਈ , ਚਾਹ ਛੇਤੀ ਬਣ ਗਈ।ਮੂਤ ਵਰਗੀ ਚਾਹ ਬਣਾਂ ਕੇ ਮੈਲੇ ਜੇ ਕੱਚ ਦੇ ਛੋਟੇ ਛੋਟੇ ਗਲਾਸਾਂ ਵਿੱਚ ਪਾ ਕੇ ਚਾਹ ਸਾਡੇ ਅੱਗੇ ਰੱਖ ਦਿੱਤੀ।ਪੀਣ ਨੂੰ ਤਾਂ ਨਹੀ ਸੀ ਕਰਦਾ ਪਰ ਬਾਬਾ ਜੀ ਦਾ ਅਤਾ ਪਤਾ ਪੁਛਣ ਵਾਸਤੇ ਕੌੜੀ ਜ਼ਹਿਰ ਵਰਗੀ ਚਾਹ ਪੀਣੀ ਪਈ। ਬੀੜੀ ਦਾ ਲੰਮਾਂ ਕਸ ਲੈਕੇ ਤੇ ਧੂਆ ਹਵਾ ਵਿੱਚ ਛਡਦੇ ਹੋਏ ਨੇ ਗੱਲ ਸੁਰੂ ਕੀਤੀ।
‘ਉਸ ਕੋਲ ਔਰਤਾਂ ਦੀ ਗਿਣਤੀ ਜਿਆਦਾ ਤੇ ਬੰਦਿਆ ਦੀ ਗਿਣਤੀ ਘੱਟ ਹੋ ਗਈ ਸੀ। ਇੱਕ ਔਰਤ ਨੇ ਉਸ ਨਾਲ ਅੱਖ ਮਿਲਾਉਣੀ ਚਾਹੀ ਪਰ ਉਹ ਸਤਯੁਗੀ ਬਾਬਾ ਸੀ ਪੂਰੇ ਜਤ ਸਤ ਵਾਲਾ ਸੀ।ਦੂਜਾ ਸੀਤਲ ਤੋ ਬਹੁਤ ਡਰਦਾ ਸੀ ਸੀਤਲ ਨੂੰ ਦੇਖਕੇ ਤਾਂ ਮੂਤਣ ਲੱਗ ਪੈਦਾ ਸੀ। ਉਸ ਨੇ ਔਰਤ ਨੂੰ ਝਿੜਕ ਦਿੱਤਾ,ਝਿੜਕਣਾਂ ਈ ਸੀ ਕਿਉਕਿ ਸੀਤਲ ਦੀ ਬਾਰਾਂ ਬੋਰ ਵਾਂਗੁੰ ਤਾਣੀ ਹੋਈ ਬਰਸ਼ੀ ਦਿਸਦੀ ਸੀ।ਓਹ ਔਰਤ ਕੋਈ ਬਦਮਾਸ ਟੈਪ ਦੀ ਔਰਤ ਸੀ। ਉਸਨੇ ਨੇ ਪੁਲਸ ਰਪੋਟ ਕਰ ਦਿੱਤੀ,ਚੰਗੇ ਘਰਾਣੇ ਦੀ ਹੁੰਦੀ ਤਾਂ ਗੱਲ ਤੇ ਪਰਦਾ ਪਾਉਦੀ।ਪਰ ਓਹ ਤੀਵੀ ਨੇ ਖੰਭਾਂ ਦੀਆਂ ਡਾਰਾਂ ਬਣਾਂਤੀਆਂ।ਬਾਬਾ ਜੀ ਅਲੱਗ ਕਮਰੇ ਵਿੱਚ ਗੱਲ ਬਾਤ ਕਰਦਾ ਹੁੰਦੇ ਸੀ ਬਾਬਾ ਜੀ ਨੂੰ ਪੁਲਸ ਫੜ ਕੇ ਲੈ ਗਈ। ਸਵੇਰ ਨੂੰ ਖਵਾਰਾਂ ਵਾਲਿਆਂ ਵਾਲਿਆਂ ਨੇ ਰੱਸੀਆਂ ਦੇ ਸੱਪ ਬਣਾਂਤੇ, ਅਸੀ ਸਾਰੇ ਠਾਂਣੇ ਗਏ ਕਿ ਬਾਬਾ ਭਲਾਮਾਣਸ ਬਾਬਾ ਹੈ। ਏ੍ਹਦੀ ਆਵਦੀ ਤੀਵੀ ਮੂਰਤ ਅਰਗੀ ਆ ਫੇਰ ੲਹਨੇ ਐਵੈ ਬਿਗਾਨੀਆਂ ਖੁਰਨੀਆਂ ‘ਚ’ ਮੂੰਹ ਮਾਰਨਾ, ਇਹ ਇਹੋ ਜਿਹਾ ਕੰਮ ਸੋਚ ਵੀ ਨਹੀ ਸਕਦਾ। ਬਾਬਾ ਜੀ ਵੀ ਮਿੰਨਤਾਂ ਕਰਦੇ ਸਨ ਕਿ ਮਿੱਟੀ ਪਾਵੋ।ਪਰ ਪੁਲਸ ਵਾਲੇ ਨਾਂ ਮੰਨੇ। ਪਰ ਬਾਬਾ ਜੀ ਵੀ ਬਹੁਤ ਚਲਾਕ ਸਨ ਉਹਨਾਂ ਨੇ ਕਮਰੇ ਵਿੱਚ ਛੁਪਾ ਕੇ ਵੀਡੀਓ ਕੈਮਰਾ ਲਾਇਆ ਸੀ। ਤਾਂ ਬਾਬਾ ਜੀ ਨੇ ਸਾਰਿਆਂ ਸਾਹਮਣੇ ਵੀਡੀਓ ਰੀਲ ਚਲਾ ਦਿੱਤੀ ਉਸ ਔਰਤ ਨੂੰ ਜਮੀਨ ਵੇਲ ਨਾਂ ਦੇਵੇ,ਪੁਲਸ ਨੇ ਉਲਟਾ ਔਰਤ ਤੇ ਕੇਸ ਬਣਾਂ ਦਿੱਤਾ। ਪਰ ਬਾਬਾ ਤਾਂ ਬਾਬਾ ਸੀ ਕਿਸੇ ਦਾ ਬੁਰਾ ਕਰਨਾਂ ਤਾਂ ਦੂਰ ਦੀ ਗੱਲ ਉਹ ਕਿਸੇ ਦਾ ਬੁਰਾ ਸੋਚ ਵੀ ਨਹੀ ਸੀ ਸਕਦਾ,ਇਸ ਕਰਕੇ ਪੁਲਸ ਨੂੰ ਪਰਚਾ ਨਹੀ ਕੱਟਣ ਦਿੱਤਾ। ਪਰ ਪੁਲਸ ਆਲੇ ਕ੍ਹੈਦੈ ਜਾਂ ਤਾਂ ਪਰਚਾ ਕਟਾ ਨਈ ਦਸ ਹ਼ਜਾਰ ਰੁਪਈਆ ਦੇਹ। ਬਗੈਰ ਕਿਸੇ ਗੱਲ ਤੋ ਬਾਬਾ ਜੀ ਨੇ ਦਸ ਹਜ਼ਾਰ ਰੁਪਈਆ ਦਿੱਤਾ। ਬੱਸ ਬਾਬਾ ਜੀ ਨੂੰ ਪੁਲਸ ਤੇ ਤੀਵੀ ਦੀ ਨਮੋਸੀ ਮਾਰਗੀ ਕਿਉਕਿ ਓਹ ਸੱਚੇ ਸਾਧੂ ਸਨ। ਇਹੋ ਜੇ ਸੱਚੇ ਸਾਧੂ ਨੂੰ ਕੋਈ ਘਾਟਾ ਨੀ। ਬੱਸ ਨਮੋਸੀ ਨਾਂ ਸਹਾਰਦੇ ਹੋਏ ਨੇ ਡੇਰਾ ਵੇਚ ਦਿੱਤਾ ਤੇ ਆਪ ਪਤਾ ਨਹੀ ‘ਮੁੰਡੇ ਦੇਣ ਵਾਲਾ ਬਾਬਾ’ ਕਿੱਥੇ ਚਲ ਗਿਆ!
****