Showing posts with label ਗ਼ਜ਼ਲ. Show all posts
Showing posts with label ਗ਼ਜ਼ਲ. Show all posts

ਕੀ ਲੱਭਦੈਂ………. ਗ਼ਜ਼ਲ / ਬਿਸ਼ੰਬਰ ਅਵਾਂਖੀਆ

ਪਤਝੜ ਦੀ ਰੁੱਤ ਅੰਦਰ ਕਿਹੜੀ ਬਹਾਰ ਲੱਭਦੈਂ?


ਦੁੱਖਾਂ ਦੇ ਝੱਖੜਾਂ 'ਚੋਂ ਸੁੱਖ ਦੇ ਅਸਾਰ ਲੱਭਦੈਂ।


ਇੱਕ ਵਾਰ ਮੁੱਕ ਗਏ ਜੇ ਮਿਲਦੇ ਨਹੀਂ ਇਹ ਫਿਰ ਤੋਂ,

ਸਾਹਾਂ ਦੇ ਯਾਰ ਮੁੜ ਮੁੜ ਫਿਰ ਕਿਉਂ ਬਜ਼ਾਰ ਲੱਭਦੈਂ?


ਰੱਖਦਾ ਏਂ ਸ਼ਬਦ ਜ਼ਹਿਰੀ ਆਪਣੀ ਜ਼ਬਾਨ ਉੱਤੇ,

ਉੱਤੋਂ ਸਮਾਜ ਅੰਦਰ  ਉੱਚਾ ਮਿਆਰ ਲੱਭਦੈਂ।

ਸਾਹਿਤ ਦੀ ਫੁਲਵਾੜੀ ਦੀ ਮਹਿਕਦੀ ਕਿਰਨ : ਰਣਜੀਤ ਕੌਰ ਸਵੀ.......... ਸ਼ਬਦ ਚਿਤਰ / ਪਰਮ ਜੀਤ ਰਾਮਗੜ੍ਹੀਆ, ਬਠਿੰਡਾ

 
ਰਣਜੀਤ ਕੌਰ ਸਵੀ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਮਿੱਠੜੇ ਬੋਲ, ਨਰਮ ਸੁਭਾਅ ਤੇ ਬੋਲਚਾਲ ਦਾ ਸੁੰਦਰ ਸਲੀਕਾ ਸਵੀ ਜੀ ਦੇ ਹਿੱਸੇ ਦਾ ਵਿਸ਼ੇਸ਼ ਗੁਣ ਹੈ । ਸਾਹਿਤਕ ਪਿੜੵ ਅੰਦਰ ਆਪਣੀ ਕਲਮ ਦੀ ਨੋਕ ਜਰੀਏ ਅਜੋਕੇ ਸਮਾਜ ਅੰਦਰ  ਔਰਤ ਦੇ ਅੰਦਰ ਦੀ ਹੂਕ ਨੂੰ ਜਿੰਨ੍ਹਾਂ ਕਲਮਾਂ  ਨੇ ਨੇੜੇ ਤੋਂ ਤੱਕਿਆ ਹੈ, ਉਨ੍ਹਾਂ ਚੁਣਿੰਦਾ ਕਲਮਾਂ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ ।
ਰਣਜੀਤ ਕੌਰ ਸਵੀ ਦਾ ਜਨਮ ਰਿਆਸਤੀ ਸ਼ਹਿਰ ਪਟਿਆਲਾ ਵਿਖੇ ਪਿਤਾ ਸ੍। ਗੁਰਮੇਲ ਸਿੰਘ  ਦੇ ਘਰ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੀ ਕੁੱਖੋਂ  ਹੋਇਆ। ਬੇਸ਼ੱਕ ਪਰਿਵਾਰ ਵਿੱਚ  ਲਿਖਣ ਦਾ ਸ਼ੌਂਕ ਹੋਰ ਕਿਸੇ ਵੀ ਮੈਂਬਰ ਨੂੰ ਵੀ ਨਹੀਂ ਸੀ,  ਪਰ ਸਵੀ ਦਾ ਲਿਖਣ ਦਾ ਕਾਰਜ ਪੜ੍ਹਾਈ ਦੇ ਨਾਲ਼ ਨਾਲ਼ ਨਿਰੰਤਰ ਚਲਦਾ ਰਿਹਾ।  'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜੵਕ ਦੇ ਨਾਲ਼' ਕਹਾਵਤ ਸਵੀ ਜੀ ਦੀ ਕਲਮ ਤੇ ਐਨ ਢੁੱਕਦੀ ਹੈ, ਰਣਜੀਤ ਕੌਰ ਸਵੀ ਨੇ  ਜੋ ਵੀ ਲਿਖਿਆ ਹੈ ਬਾ-ਕਮਾਲ ਦਾ ਲਿਖਿਆ ਹੈ। 

ਨਵਾਂ ਵਰ੍ਹਾ.......... ਗ਼ਜ਼ਲ / ਪਰਮਜੀਤ ਰਾਮਗੜ੍ਹੀਆ

ਦੁਆ ਕਰਿਓ  ਕਿ ਏਸ ਵਰ੍ਹੇ ਸਭ ਸੁੱਖ ਹੋਵੇ,
ਫੁੱਲਾਂ  ਤੋਂ  ਵੀ  ਸੋਹਣਾ  ਸਭ  ਦਾ  ਮੁੱਖ ਹੋਵੇ।
ਦਿਓ ਸੁਨੇਹਾ  ਜਨ ਨੂੰ  ਕਿ ਸ਼ਾਂਤੀ ਬਣੀ ਰਹੇ,
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਕਲੀਆਂ  ਵਰਗੇ  ਕੋਮਲ  ਰੂਪ ਰੱਬ ਦਾ ਬੱਚੇ,
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਫੁੱਲਾਂ ਤੋਂ  ਬਿਨਾਂ ਬਗੀਚਾ  ਵੀ ਕਦੇ  ਸੋਹੇ ਨਾ,
ਰੋਹੀ ਵਿੱਚ ਕਦੇ ਨਾ  ਇਕੱਲਾ ਕੋਈ ਰੁੱਖ ਹੋਵੇ।
ਹਰ  ਕਾਮੇ ਦੇ  ਜੀਅ ਨੂੰ ਮਿਲਦੀ ਹੋਵੇ  ਰੋਟੀ,
ਗਰੀਬ ਦੀ ਮੋਤ ਕਦੇ  ਨਾ ਉਸਦੀ ਭੁੱਖ ਹੋਵੇ।

ਸੱਚ ਲਈ……… ਗ਼ਜ਼ਲ / ਲਾਡੀ ਸੁਖਜਿੰਦਰ

ਤੂੰ ਝੂਠ  ਲਈ ਨਾ  ਹਰ ਜਾਵੀਂ।
ਸੱਚ ਲਈ  ਭਾਵੇਂ  ਮਰ ਜਾਵੀਂ।

ਬਣ ਬੋਝ ਰਹੀਂ ਨਾ ਧਰਤੀ ’ਤੇ,
ਦੇਸ਼ ਲਈ ਵੀ ਕੁਝ ਕਰ ਜਾਵੀਂ।

ਮਾੜੇ  ਬੋਲ   ਕਦੇ  ਨਾ  ਬੋਲੀਂ,
ਤੂੰ ਸਭ ਕੁਝ ਅੰਦਰ ਜ਼ਰ ਜਾਵੀਂ।

ਕਾਲ਼ੇ ਸਿਆਹ ਨਾ ਹੁੰਦੇ .......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਕਾਲ਼ੇ ਸਿਆਹ ਨਾ ਹੁੰਦੇ,ਨ੍ਹੇਰੇ ਨੂੰ ਢੋਣ ਵਾਲੇ ।
ਮਨ ਦੇ ਨਾ ਮੈਲ਼ੇ ਹੁੰਦੇ,ਮੈਲ਼ੇ ਨੂੰ ਧੋਣ ਵਾਲੇ।

ਸੰਘਰਸ਼ ਜਿੰਦਗੀ ਹੈ,ਉਹ ਭੁੱਲ ਜਾਦੇ ਬਿਲਕੁਲ,
ਦਿਨ-ਰਾਤ ਹੰਝੂਆਂ ਦੀ ਮਾਲ਼ਾ ਪਰੋਣ ਵਾਲੇ।

ਬਿਰਹੋਂ ਦਾ ਰੋਗ ਚੰਨਾ,ਦਿਲ ਤਾਈਂ ਲਾ ਗਿਆ ਜੋ,
ਲੱਭਣਗੇ ਵੈਦ ਕਿੱਥੋਂ, ਨਾੜੀ ਨੂੰ ਟੋਹਣ ਵਾਲੇ?

ਦਰਦੀ ਨਾ ਕੋਈ ਮੇਰਾ.......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਦਰਦੀ  ਨਾ  ਕੋਈ  ਮੇਰਾ , ਕੋਈ  ਨਹੀਂ ਸਹਾਰਾ ।
ਲਹਿਰਾਂ ਚ’ ਫ਼ਸ ਗਈ ਹਾਂ,ਦਿਸਦਾ ਨਹੀਂ ਕਿਨਾਰਾ।

ਕੁਝ ਵੀ ਤਾਂ ਹੋ ਨਾ ਪਾਵੇ, ‘ਸੁੱਖ-ਨੀਂਦ’ ਵੀ ਨਾ ਆਵੇ,
ਕਾਮਿਲ  ਹਕੀਮ  ਬਾਝੋਂ , ਹੋਣਾ  ਨਹੀਂ  ਗੁਜ਼ਾਰਾ ।

ਪੱਤਝੜ ਨੇ ਡੇਰਾ ਲਾਇਐ,ਫੁੱਲ ਭੌਰ ਸਭ ਗੁਆਇਐ,
ਰੁੱਠੀਏ  ਬਸੰਤ ਅੜੀਏ , ਹੁਣ ਆ ਹੀ ਜਾ ਦੁਬਾਰਾ ।

ਗਵਾਚੇ.......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਜ਼ਿੰਦਗੀ ਦੇ ਇਸ ਸਾਗਰ ਦੇ ਵਿੱਚ ਲੋਕਾਂ ਤੋਂ ਪਤਵਾਰ ਗਵਾਚੇ।
ਕੁਝ ਲੋਕੀਂ ਇਸ ਪਾਰ ਗਵਾਚੇ ਕੁਝ ਲੋਕੀਂ ਉਸ ਪਾਰ ਗਵਾਚੇ।

ਕਿੰਨੀ ਛਾਤਰ ਹੈ ਇਹ ਜਿੰਦਗੀ ਆਪਣਾ ਹੱਥ ਫੜਾਉਂਦੀ ਹੀ ਨਹੀਂ ,
ਇਸ ਦੇ ਵਾਲਾਂ ਦੇ ਵਿੱਚ ਉਲਝੇ ਕਿੰਨੇ ਹੀ ਦਿਲਦਾਰ ਗਵਾਚੇ।

ਇੱਕ ਬੰਦੇ ਦੇ ਅੰਦਰ ਹੁਣ ਤਾਂ ਕਈ ਕਈ ਬੰਦੇ ਵੱਸਦੇ ਨੇ,
ਲੋਕਾਂ ਦਾ ਸਿਰ ਲੱਭਦੇ-ਲੱਭਦੇ ਮੇਰੇ ਹੱਥੋਂ ਹਾਰ ਗਵਾਚੇ।

ਉੱਚੀਆਂ-ਉੱਚੀਆਂ ਬਾਂਹਾ ਚੁੱਕ ਕੇ ਉੱਚੀ-ਉੱਚੀ ਬੋਲਣ ਵਾਲੇ,
ਜਦ ਖੜਨੇ ਦੀ ਵਾਰੀ ਆਈ ਕਿੰਨੇ ਹੀ ਸਰਦਾਰ ਗਵਾਚੇ।

ਛਤਰੀ ਤਾਣ ਕੇ .......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਛਤਰੀ ਤਾਣ ਕੇ ਮੀਂਹ ਦੀਆਂ ਕਣੀਆਂ ਕੋਲੋਂ ਤਾਂ ਬਚ ਜਾਈਏ।
ਇਸ ਜ਼ਿੰਦਗੀ ਦਿਆਂ ਤੀਰਾਂ ਮੂਹਰੇ ਕਿਹੜਾ ਸੀਨਾ ਡਾਹੀਏ।

ਤੈਥੋਂ  ਜਾਣ  ਲੱਗੇ  ਤੋਂ  ਇਸ  ਤੇ  ਏਨੇ  ਪੂੰਝੇ  ਪੈ  ਗਏ,
ਹੁਣ ਇਸ ਦਿਲ ਦੀ ਤਖਤੀ ਉੱਤੇ ਕੀ ਲਿਖੀਏ ਕੀ ਵਾਹੀਏ।

ਇਹ ਜੀਵਣ ਹੈ ਇਸ ਦੇ ਰਾਹਾਂ ਦੀ ਹੀ ਸਮਝ ਨਹੀਂ ਪੈਂਦੀ,
ਇਹ  ਸੋਚਾਂ ਦੀ  ਚੱਕੀ ਦੇ  ਚੱਕ ਜਿੰਨੇ  ਮਰਜ਼ੀ ਰਾਈਏ।

ਕਿਰਚੀ ਕਿਰਚੀ ਖਿਲਰ ਗਿਆ.......... ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਕਿਰਚੀ ਕਿਰਚੀ ਖਿਲਰ ਗਿਆ ਤੇ ਲੋਕੀ ਲੱਭਣ ਆਏ ਨੇ।
ਧੁੱਪ ਦੇ ਨਾਲ ਹੀ ਡਰ ਕੇ ਰਲ ਗਏ ਮੇਰੇ ਅਪਣੇ ਸਾਏ ਨੇ।

ਵਖਰੀ ਗੱਲ ਹੈ ਤੇਰੇ ਵਰਗਾ ਇਕ ਵੀ ਮੈਥੋਂ ਬਣਿਆ ਨਾ,
ਅਖੀਆਂ ਮੀਚ ਇਕੱਲਿਆਂ ਬਹਿ ਮੈਂ ਕਿੰਨੇ ਨਕਸ਼ ਬਣਾਏ ਨੇ।

ਫਸਲ ਵਫਾ ਦੀ ਬੀਜੀ, ਉਥੇ ਧੋਖੇ ਦੇ ਫੁੱਲ ਉੱਗੇ ਨੇ,
ਇਸ ਮਿੱਟੀ ਵਿਚ ਮਿੱਤਰਾਂ ਖੌਰੇ ਕਿਹੜੇ ਪਾਣੀ ਪਾਏ ਨੇ।

ਸਾਡੇ ਮਗਰੋਂ….......... ਗ਼ਜ਼ਲ / ਹਰਜਿੰਦਰ ਸਿੰਘ ਦਿਲਗੀਰ (ਡਾ:)


ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ।
ਏਸ ਖ਼ਲਾਅ ਤੋਂ ਆਪੂੰ ਵੀ ਡਰ ਜਾਓਗੇ।

ਸਾਥੀ ਪਹਿਲੇ ਮੋੜ ਤੇ ਭਟਕੇ ਪਾਓਗੇ।
ਤੇਜ਼ ਟੁਰੋਗੇ ਤਾਂ ’ਕੱਲੇ ਰਹਿ ਜਾਓਗੇ।

ਅੰਨ੍ਹੇ ਰਾਹੀ, ਬਗਲੇ ਆਗੂ, ਭੋਲੇ ਲੋਕ,
ਪਰੇਸ਼ਾਨ ਹੋ ਕੇ ਸਭ ਨੂੰ ਛੱਡ ਆਓਗੇ।


ਆਪੇ ਉਗਾ ਨ ਤੋੜੀਂ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ


ਆਪੇ  ਉਗਾ  ਨ  ਤੋੜੀਂ,  ਬੇਦਰਦ  ਬਣ ਕੇ  ਮਾਲੀ
ਵਿਛੜਣ  ਦੀ  ਪੀੜ  ਕੀਕਣ,  ਦੱਸੇਗੀ ਤੈਨੂੰ ਡਾਲੀ।

ਐ  ਵਕਤ  ਹੋਰ ਰੁਕ ਜਾ, ਸੱਜਣ  ਮਿਰਾ  ਜਗਾ ਨਾ
ਮੁਖੜਾ  ਨਿਹਾਰ  ਲਾਂ  ਮੈਂ,  ਥੋੜਾ  ਉਡੀਕ  ਹਾਲੀ।

ਯਾਦਾਂ  ਦੇ  ਨਕਸ਼  ਡੂੰਘੇ, ਸਮਿਆਂ  ਨੇ ਕੀ  ਮਿਟਾਣੇ
ਨੈਣਾਂ  ਦੇ  ਨੀਰ  ਤਾਰੂ,   ਹੋਣੇ  ਕਦੀ  ਨ  ਖਾਲੀ।

ਟੁੱਟਿਆ ਕੀ-ਕੀ ਹੈ………… ਗ਼ਜ਼ਲ / ਦਾਦਰ ਪੰਡੋਰਵੀ


ਟੁੱਟਿਆ ਕੀ-ਕੀ ਹੈ, ਟੁੱਟੇ ਸੁਪਨਿਆਂ ਦੇ ਨਾਲ-ਨਾਲ।
ਮੰਜ਼ਿਲਾਂ ਦਮ ਤੋੜ ਗਈਆਂ ਰਸਤਿਆਂ ਦੇ ਨਾਲ-ਨਾਲ।

ਪਾਰਦਰਸ਼ੀ ਹੋਣ ਦਾ ਮੈਂਨੂੰ ਇਹ ਮਿਲਿਆ ਹੈ ਇਨਾਮ,
ਝੋਲ ਮੇਰੀ ਭਰ ਗਈ ਹੈ ਟੁਕੜਿਆਂ ਦੇ ਨਾਲ-ਨਾਲ।

ਖ਼ਤਰਿਆਂ ਦੇ ਨਾਲ ਖੇਡਾਂ ਖੇਡਦੇ ਹੋਏ ਜਵਾਨ ,
ਵਰਚਣਾ ਵੀ ਸਿਖ ਲਿਆ ਹੈ ਸਦਮਿਆਂ ਦੇ ਨਾਲ-ਨਾਲ।

ਕਿੰਗਰੇ ਭੁਰ ਜਾਣ ਦੀ ਵੀ ਕੀ ਸਜ਼ਾ ਦਿੰਦੇ ਨੇ ਲੋਕ,
ਬਾਹਰ ਸੁਟ ਦਿੰਦੇ ਨੇ ਫੁਲ ਵੀ ਗ਼ਮਲਿਆਂ ਦੇ ਨਾਲ-ਨਾਲ।

ਦੁਨੀਆ ਦੇ ਵਿਚ..........ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਦੁਨੀਆ ਦੇ ਵਿਚ ਬੇਸ਼ੱਕ ਲੱਖ ਸਹਾਰੇ ਹੁੰਦੇ ਨੇ।
ਖਾਹਿਸ਼ਾਂ ਨਾਲੋਂ ਦੁੱਖ ਕਿਤੇ ਹੀ ਭਾਰੇ ਹੁੰਦੇ ਨੇ।

ਬਹੁਤੇ ਬੰਦੇ ਮੌਤ ਦਾ ਬਾਜ਼ ਉਡਾ ਕੇ ਲੈ ਜਾਦਾਂ,
ਕੁਝ ਬੰਦੇ ਇਸ ਜ਼ਿੰਦਗ਼ੀ ਦੇ ਵੀ ਮਾਰੇ ਹੁੰਦੇ ਨੇ।

ਨੀਂਹ ਪੱਥਰ ਹੀ ਤੱਕ ਕੇ ਕੋਈ ਆਸ ਨ  ਲਾ ਲੈਣੀ,
ਭੋਲਿਓ ਲੋਕੋ ਇਹ ਨੇਤਾ ਦੇ ਲਾਰੇ ਹੁੰਦੇ ਨੇ।

ਨਾਲ ਕ੍ਰਿਤ ਦੇ......... ਗ਼ਜ਼ਲ / ਅਮਰਜੀਤ ਸਿੰਘ ਸਿੱਧੂ, ਹਮਬਰਗ


ਨਾਲ ਕ੍ਰਿਤ ਦੇ ਜ਼ਬਰ ਜਨਾਂਹ ਹੋਊ ਅੱਖਾਂ ਦੇ ਸਾਮ੍ਹੇ।
ਹੁੰਦੇ ਨਹੀਂ ਸੁਚੇਤ ਜਦੋਂ ਤੱਕ ਕਿਰਤੀ ਤੇ ਕਾਮੇ।

ਅਜ਼ਾਦ ਹੁੰਦਿਆਂ ਵਾਂਗ ਗੁਲਾਮਾਂ ਜਿੰਦਗੀ ਜਿਉਣੀ ਪਊ,
ਪਈ ਪੰਜਾਲੀ ਲਾਹ ਧੌਣ ਤੋਂ ਜਦ ਕਰਦੇ ਨਹੀਂ ਲਾਮ੍ਹੇ।

ਲਾਲ ਬਹੀ ਚ ਜਦ ਤੱਕ ਦਰਜ ਕਮਾਈ ਹੋਊ ਕਾਮੇ ਦੀ,
ਕਦੇ ਮਜਦੂਰ ਖੁਸ਼ਹਾਲ ਨਹੀਂ ਹੋਣਾ ਲੱਖ ਬਦਲ ਲਏ ਜਾਮੇ।

ਸ਼ਹੀਦਾਂ ਨੂੰ ......... ਗ਼ਜ਼ਲ / ਮਲਕੀਅਤ "ਸੁਹਲ"


ਸ਼ਹੀਦਾਂ ਨੂੰ  ਯਾਦ ਸਦਾ  ਕਰਦੇ  ਰਹਾਂਗੇ।
ਤਵਾਰੀਖ਼  ਉਨ੍ਹਾਂ  ਦੀ  ਪੜ੍ਹਦੇ  ਰਹਾਂਗੇ।

ਮਨੁੱਖਤਾ  ਲਈ ਦਿਤੀ  ਜਿਨ੍ਹਾਂ ਕੁਰਬਾਨੀ
ਨਕਸ਼ੇ – ਕਦਮ  ਤੇ   ਚਲਦੇ   ਰਹਾਂਗੇ।

ਗੁਰੂ ਗੋਬਿੰਦ ਸਿੰਘ,  ਦੇ ਜਿਗਰੇ ਨੂੰ ਤੱਕੋ
ਸੀਸ  ਉਹਦੇ  ਚਰਨੀ   ਧਰਦੇ  ਰਹਾਂਗੇ।

ਬੰਦੇ......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)


ਸਿਦਕ ਜਿੰਨਾ ਦੇ ਪੱਕੇ ਉਹ ਤਾਂ ਵਿਰਲੇ ਹੁੰਦੇ ਨੇ,
ਨਹੀਂ ਡਰਦੇ ਉਹ ਬੇਸ਼ੱਕ ਸਿਰ ਤੇ ਆਰੇ ਹੁੰਦੇ ਨੇ।

ਦੁੱਖ ਵੀ ਦੇਣ ਤੇ ਫਿਰ ਵੀ ਦਿਲ ਨੂੰ ਚੰਗੇ ਲੱਗ਼ਣ ਜੋ,
ਮੈਨੂੰ ਲਗਦਾ ਉਹ ਬੰਦੇ ਨੂੰ ਪਿਆਰੇ ਹੁੰਦੇ ਨੇ।

ਧੀਆਂ ਨੂੰ ਅਸੀਂ ਕੁੱਖਾਂ ਵਿਚ ਹੀ ਮਾਰੀ ਜਾਂਦੇ ਆਂ,
ਡੋਬੀ ਜਾਂਦੇ ਜੋ ਅੱਖੀਆਂ ਦੇ ਤਾਰੇ ਹੁੰਦੇ ਨੇ।

ਤਨਹਾਈ ਦੇ ਜ਼ਖਮ………… ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।
ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।

ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,
ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।

ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,
ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।

ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,
ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।

ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,
ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।

ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,
ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੈ ਮਰ ਜਾਂਦੇ ਨੇ।

ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,
ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ।

****

ਇਹ ਰਾਤ ਤਾਂ ਸੀ………… ਗ਼ਜ਼ਲ / ਦਾਦਰ ਪੰਡੋਰਵੀ


ਇਹ ਰਾਤ ਤਾਂ ਸੀ ਦਰਾਂ ‘ਤੇ ਉਤਰੀ,
ਉਦਾਸੀਆਂ ਦਾ ਲਬਾਸ ਲੈ ਕੇ।
ਇਹ ਜਰਦ ਪੱਤੇ ਵੀ ਆ ਗਏ ਨੇ,
ਹਜ਼ਾਰਾਂ ਨਗ਼ਮੇ ਉਦਾਸ ਲੈ ਕੇ।

ਇਹ ਲੋਕ ਬੁੱਤਾਂ ‘ਚ ਢਲ ਗਏ ਹਨ,
ਇਹ ਸ਼ਹਿਰ ਜੰਗਲ ‘ਚ ਜ਼ਬਤ ਹੋਇਐ,
ਕਿਵੇਂ ਮੁਖ਼ਾਤਿਬ ਇਨ੍ਹਾਂ ਨੂੰ ਹੋਵਾਂ,
ਮੈਂ ਅਪਣੇ ਨਾਜ਼ੁਕ ਕਿਆਸ ਲੈ ਕੇ।

ਗੱਲਾਂ.......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ


ਭੱਥੇ ‘ਚ ਤੀਰ ਇੱਕ-ਦੂਜੇ ਨਾਲ ਗੱਲਾਂ ਕਰ ਰਹੇ।
ਇਹ ਕੌਣ ਲੋਕ ਹੋਣਗੇ ਜੋ ਮਰਨ ਤੋਂ ਨਹੀਂ ਡਰ ਰਹੇ।

ਲੱਖਾਂ ਕਰੋੜਾਂ ਲੋਕ ਨੇ ਜੋ ਆਪਣੇ ਲਈ ਜੀਅ ਰਹੇ,
ਕਿੰਨੇ ਕੁ ਏਥੇ ਹੋਣਗੇ ਜੋ ਦੂਜਿਆਂ ਲਈ ਮਰ ਰਹੇ।

ਦੂਰ ਨਾ ਜਾ ਕੋਲ ਖੜੇ ਰੁੱਖਾਂ ਕੋਲੋਂ ਸਬਕ ਸਿੱਖ,
ਸਿਰ ਤੇ ਧੁੱਪਾਂ ਝੱਲ ਕੇ ਹੋਰਾਂ ਨੂੰ ਛਾਂਵਾਂ ਕਰ ਰਹੇ।

ਨਵੇਂ ਸਾਲ ਦੀ ਵਧਾਈ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ

ਲੈਣੀ ਖ਼ਬਰ ਹੈ ਬਣਦੀ ਫਿਰ ਦੋਸਤਾਂ ਦੇ ਹਾਲ ਦੀ
ਏਸੇ ਲਈ ਮੈਂ ਚਾਹਾਂ ਦੇਣੀ ਵਧਾਈ ਸਾਲ ਦੀ।

ਡੁੱਲੇ ਨਾ ਖ਼ੂਨ ਕਿਧਰੇ ਐਸਾ ਇਹ ਸਾਲ ਆਵੇ
ਰਲਕੇ ਨਸੀਬ ਹੋਵੇ ਹੋਲੀ ਸਦਾ ਗੁਲਾਲ ਦੀ।

ਤਾਜਰ ਜੋ ਮੌਤ ਦੇ ਨੇ ਵੇਚਣ ਬਰੂਦ ਨਿਸਦਿਨ
ਕਦਤਕ ਤੜ੍ਹੀ ਹੈ ਰਹਿਣੀ ਔਣੀ ਘੜੀ ਜ਼ਵਾਲਦੀ।

ਲੋਕਾਂ ਨੂੰ ਸਾਹ ਸੁਖਾਲਾ ਲੈਣਾ ਨਸੀਬ ਹੋਵੇ
ਅਪਣੀ ਕਮਾਕੇ ਖਾਵਣ ਰੋਟੀ ਸਭੋ ਹਲਾਲ ਦੀ।