ਰੰਗਲਾ ਕਿਵੇਂ ਪੰਜਾਬ ਕਹਿ ਦਿਆਂ.......... ਗੀਤ / ਜਰਨੈਲ ਘੁਮਾਣ

ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ ।
ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ ।
ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ ।
ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ ।
ਮੁਰਝਾਈਆਂ ਕਲੀਆਂ ਤਾਂਈਂ, ਕਿਵੇਂ ਗ਼ੁਲਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਵਿਹੜੇ ਸੱਖਣੇ ਸੱਖਣੇ ਇਸਦੇ , ਚਾਵਾਂ ਖੁਸ਼ੀਆਂ ਤੋਂ ।
ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ ।
ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਸੱਤ ਦਰਿਆ ਸਨ ਵਗਦੇ , ‘ਸਪਤ ਸਿੰਧੂ’ ਅਖਵਾਉਂਦਾ ਸੀ ।
ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ ।
ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ ।
ਬਾਕੀ ਬੱਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ ।
ਸੁੱਕ ਚੱਲੇ ਰੁਜ਼ਗਾਰਾਂ ਵਾਲੇ , ਝਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਕਾਵਾਂ ਰੌਲੀ ਬਹੁਤ ਸੁਣਨ ਨੂੰ , ਉਂਝ ਤਰੱਕੀਆਂ ਦੀ ।
ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ ।
ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ ।
ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ ।
ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥


ਕਲਮਾਂ ਹੋਣ ਆਵਾਜ਼ ਲੋਕਾਂ ਦੀ , ਉਹ ਵੀ ਵਿੱਕ ਚੱਲੀਆਂ ।
ਪੈਸੇ ਵਾਲਿਆਂ ਕਲਮਾਂ ਦੀਆਂ , ਜ਼ਮੀਰਾਂ ਜਾ ਮੱਲੀਆਂ ।
ਕੰਨੋ ਬੋਅਲੀ ਭੀੜ ’ਚ ,ਕਿਹੜਾ ਰਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਕਲੋਨੀਵਾਦ ਖਾ ਗਿਆ ਪਿੰਡ ,’ਤੇ ਛਾਵਾਂ ਬੋਹੜ ਦੀਆਂ ।
ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ , ਮਾਵਾਂ ਲੋੜਦੀਆਂ ।
ਚੌਂਕੀਦਾਰ ਹੀ ਸੁੱਤੇ ਕਿਸਨੂੰ , ਜਾਗ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਐ ਦੌਲਤ ਦੀ ਦੌੜ ਦੌੜਦਿਓ , ਕੁੱਝ ਤਾਂ ਸ਼ਰਮ ਕਰੋ ।
ਬੱਚ ਜਾਵੇ ਪੰਜਾਬ ‘ਘੁਮਾਣਾ’ , ਐਸਾ ਕਰਮ ਕਰੋ ।
ਨਾਲ ਨਾ ਜਾਣ ਖਜ਼ਾਨੇ , ਸੁਣੋ ਜਨਾਬ ਕਹਿ ਦਿਆਂ ਮੈਂ ।
ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥

ਆਖਰੀ ਦਾਅ.......... ਕਹਾਣੀ / ਭਿੰਦਰ ਜਲਾਲਾਬਾਦੀ

ਰਣਦੀਪ ਇੰਗਲੈਂਡ ਵਿਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੋਰ-ਚੋਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।

ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜਿ਼ਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜਿ਼ਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿਚ ਜ਼ਮੀਨ 'ਕੁਰਕ' ਹੋ ਜਾਣੀ ਸੀ। 
ਵਲਾਇਤ ਪਹੁੰਚ ਕੇ ਉਸ ਦਾ ਜਿ਼ੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ। 
ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਿਸਾਂ ਵਾਂਗ ਗੁਰਦੁਆਰੇ ਦੇ ਚੌਂਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮੱਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜਿ਼ੰਦਗੀ ਵਿਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫਿ਼ਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾਖੋਹੀ ਲੱਗੀ ਰਹਿੰਦੀ। 
"ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿਚ ਪਿਆ ਆਪਣੇ ਆਪ ਨੂੰ ਲਾਹਣਤ ਪਾਉਂਦਾ ਅਤੇ ਉਸ ਦਾ ਉਚੀ-ਉਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿਚ ਹੀ ਪਿਆ ਰਹਿੰਦਾ ਅਤੇ ਜਿ਼ੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿਚ ਰੁਲਿਆ ਰਣਬੀਰ ਇਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਂਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜਿ਼ਹਨ ਵਿਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇਕ 'ਪੈਨ੍ਹੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।
ਸਾਈਕਲ ਰਣਬੀਰ ਨੇ ਇਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫ਼ੜ ਜਾ ਉਠਾਈ। ਮਾਈ ਵੀ "ਔਹ ਗੌਡ-ਔਹ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫਿ਼ਰ 'ਸੌਰੀ-ਸੌਰੀ' ਦੀ ਰਟ ਲਾ ਲਈ। 
"ਕੀ ਨਾਂ ਏਂ ਤੇਰਾ, ਯੰਗਮੈਨ?"
"ਰਣਬੀਰ, ਰਣਬੀਰ ਸਿੰਘ!"
"ਲੋਕਲ ਹੀ ਰਹਿੰਨੈਂ?"
"ਹਾਂ ਜੀ!"
"ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ। 
ਰਣਬੀਰ ਦਾ ਮਨ ਹਲਕਾ ਹੋ ਗਿਆ।
"ਕਿਹੜੀ ਰੋਡ 'ਤੇ ਰਹਿੰਨੈ?"
"ਹਾਈ ਰੋਡ 'ਤੇ, ਇੱਕੀ ਨੰਬਰ 'ਚ!"
"ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫਿ਼ਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"
ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।
"ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ। 
ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।
ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।
....ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜਿ਼ੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡਿੱਪਰੈਸ਼ਨ ਦਾ ਸਿ਼ਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜ਼ਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜਿ਼ੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡਿੱਪਰੈਸ਼ਨ ਵੱਧਦਾ ਹੀ ਜਾ ਰਿਹਾ ਸੀ। ਇਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਾਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ...! ਬੱਸ ਇਹੀ ਉਸ ਦਾ 'ਆਖਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ...!

****

ਟੁਕੜੇ-ਟੁਕੜੇ ਹੋਇਆ.......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)

ਟੁਕੜੇ-ਟੁਕੜੇ ਹੋਇਆ ਫਿਰਦਾ ਕਿੱਥੇ ਇਸ ਦਾ ਧੀਰ ਗਿਆ।
ਕੁਝ ਤਾਂ ਹੈ ਜੋ ਇਸ ਦੇ ਅੰਦਰ ਡੂੰਘੀ ਖਿੱਚ ਲਕੀਰ ਗਿਆ।
ਉਹੀ ਬੰਦਾ ਗੱਲ ਕਿਸੇ ਦੀ ਇਸਨੂੰ ਚੰਗੀ ਲੱਗਦੀ ਨਹੀਂ,
ਦਰਦ ਮਰ ਗਿਆ ਫਰਜ਼ ਹਰ ਗਿਆ ਸੁੱਕ ਅੱਖੀਆਂ ਦਾ ਨੀਰ ਗਿਆ।
ਨਾ ਤੂੰ ਪਿਆਰ ਦੀ ਸੇਜ ਵਿਛਾਈ ਨਾ ਤੂੰ ਘੋਟੀ ਨਾ ਤੂੰ ਪੀਤੀ,
ਕੇਲੇ ਕੋਲੇ ਕਿੱਕਰ ਬੀਜੀ ਉਸ ਦਾ ਸੀਨਾ ਚੀਰ ਗਿਆ।
ਸੋਚ ਸਮਝ ਦਾ ਰਾਹੀ ਬਣਕੇ ਕਿੰਨਾ ਕੁ ਚਿਰ ਲੜਦਾ ਉਹ,
ਅੱਜ ਤੇ ਰਾਝਾਂ ਆਪਣੇ ਹੱਥੀਂ ਸੈਦੇ ਨੂੰ ਦੇ ਹੀਰ ਗਿਆ।
ਦੁੱਖ ਭੁੱਖ ਨਫਰਤ ਨਿੰਦਿਆ ਚੁਗਲ਼ੀ ਮੇਰਾ ਟੱਬਰ ਭਾਰਾ ਸੀ,
ਉਦੋਂ ਹੋਰ ਵੀ ਟੁੱਟ ਗਿਆ ਮੈਂ ਜਦ ਸੁੱਖਾਂ ਦਾ ਵੀਰ ਗਿਆ।
ਝੱਖੜ ਨ੍ਹੇਰੀ ਕੰਡਿਆਂ ਦੇ ਵਿੱਚ ਜਿਹੜੀ ਸਾਂਭ ਕੇ ਰੱਖੀ ਸੀ,
ਦਿਲ ਦਾ ਪਾਤਰ ਬਣ ਉਸਨੂੰ ਕੋਈ ਕਰਕੇ ਲੀਰੋ ਲੀਰ ਗਿਆ।
ਆਪਣੇ ਨਾਲ ਹੀ ਲੜ ਝਗੜ ਕੇ ਉਹ ਤਾਂ ਜ਼ਖਮੀ ਹੋਇਆ ਸੀ,
ਲੋਕੀਂ ਕਹਿੰਦੇ ਜਿੰਦ ਵਿਚਾਰਾ ਅੰਦਰੋ-ਅੰਦਰੀ ਜ਼ੀਰ ਗਿਆ।

****

ਰੂਹ ਦਾ ਪਤਾਲ......... ਨਜ਼ਮ/ਕਵਿਤਾ / ਬਿੱਟੂ ਬਰਾੜ

ਅੱਖਾਂ ਮੁੰਦੀ
ਲੀਨ ਹੋਇਆ ਬੈਠਾ
ਤੇਰੇ ਵਸਲ ਦੀ
ਖੋਜ ਵਿੱਚ,
ਰੂਹ ਦੇ ਪਤਾਲ
ਵਿੱਚ ਉਤਰਕੇ
ਕਰੇ,
ਚਿਰਾਂ ਤੋਂ
ਇਬਾਦਤ ਤੇਰੀ
ਇੱਕ ਤੱਪਸਵੀ

ਹੈਂ, ਤਾਂ ਮਿਲ ।

ਚੁੱਪ………… ਗਜ਼ਲ / ਗੁਰਮੀਤ ਖੋਖਰ

ਹੋਂਠ ਚੁੱਪ ਨੇ ਜੇ ਇਸਦਾ ਇਹ ਮਤਲਬ ਨਹੀਂ
ਕਿ ਅਸੀਂ ਬੋਲਣਾ ਹੀ ਨਹੀਂ ਜਾਣਦੇ
ਸ਼ੀਸ਼ੇ ਤਿੜਕੇ ਤਿਰੇ ਸਾਡੇ ਚਿਹਰੇ ਨਹੀਂ
ਇਹ ਨਾ ਸਮਝੀਂ ਕਿ ਤੇੜਾਂ ਨਾ ਪਹਿਚਾਣਦੇ

ਰੁੱਖ ਧਰਤੀ ‘ਤੇ ਹੁੰਦੇ ਕਦੀ ਭਾਰ ਨਾ
ਨਾ ਹੀ ਇਹਨਾਂ ਨੇ ਲੁੱਟਿਆ ਕੋਈ ਆਲ੍ਹਣਾ
ਦੋਸ਼ ਝੂਠੇ ਲਗਾ ਮੇਰੇ ਰੁੱਖਾਂ ਦੇ ਸਿਰ
ਆਰੇ ਮਾਸੂਮਾਂ ਉੱਤੇ ਰਹੇ ਤਾਣਦੇ

ਉਹਨਾਂ ਸੂਰਜ ਲੁਕੋਇਆ ਹੈ ਅਪਣੇ ਦਰੀਂ
ਲੱਭਦੇ ਫਿਰਦੇ ਨੇ ਇਸਨੂੰ ਉਹ ਸਾਡੇ ਘਰੀਂ
ਲਾਉਂਦੇ ਇਲਜ਼ਾਮ ਅੰਬਰ ਦੇ ਸਿਰ ਤੇ ਕਦੀ
ਪਾਣੀ ਸਾਗਰ ਦਾ ਫਿਰਦੇ ਕਦੀ ਛਾਣਦੇ

ਸਾਡੇ ਖੰਭਾਂ ਤੋਂ ਨੀਵਾਂ ਇਹ ਅਸਮਾਨ ਸੀ
ਸਾਡੀ ਪਰਵਾਜ਼ ਸਾਡੇ ‘ਤੇ ਹੈਰਾਨ ਸੀ
ਕਾਲਾ ਧੂੰਆਂ ਹੈ ਪੌਣਾਂ ਚ ਭਰਿਆ ਤੁਸੀਂ
ਦੁੱਖ ਦੱਸੀਏ ਕੀ ਖਾਬਾਂ ਦੇ ਢਹਿ ਜਾਣਦੇ

ਅੱਗ ਜੰਗਲ ਨੂੰ ਲੱਗੀ ਬੜੀ ਤੇਜ਼ ਸੀ
ਚਾਰੇ ਪਾਸੇ ਵਿਛੀ ਮੌਤ ਦੀ ਸੇਜ਼ ਸੀ
ਦਰਿਆ ਚੁੱਪਚਾਪ ਕੋਲੋਂ ਦੀ ਲੰਘਦਾ ਰਿਹਾ
ਮੌਜ਼ਾਂ ਸਾਗਰ ‘ਤੇ ਬੱਦਲ ਰਹੇ ਮਾਣਦੇ

ਕਤਲ ਕੀਤੇ ਨੇ ਫੁੱਲ ਖਾਬ ਸਾੜੇ ਤੁਸੀਂ
ਹਊਮੇ ਖਾਤਰ ਨੇ ਵਸਦੇ ਉਜਾੜੇ ਤੁਸੀਂ
ਸਾਵੇ ਰੁੱਖਾਂ ਪਰਿੰਦਿਆਂ ਤੇ ਬੋਟਾਂ ‘ਤੇ ਵੀ
ਜ਼ੁਲਮ ਕੀਤੇ ਕਈ ਅੱਗਾਂ ਬਰਸਾਣਦੇ

ਧਰਤ ਹੱਸੇ ਤੇ ਫੁੱਲ ਖਾਬ ਮਹਿਕਣ ਸਦਾ
ਵਸਣ ਨਦੀਆਂ ਪੰਿਰੰਦੇ ਵੀ ਚਹਿਕਣ ਸਦਾ
ਧੁੱਪ ਸਭ ਨੂੰ ਮਿਲੇ ਛਾਂ ਵੀ ਸਭ ਨੂੰ ਮਿਲੇ
ਐਸੇ ਸੁਪਨੇ ਨੇ ਸਭ ਸਾਡੀ ਅੱਖ ਹਾਣਦੇ


ਮੁਫ਼ਤ 'ਚ ਵੋਟ......... ਨਜ਼ਮ/ਕਵਿਤਾ / ਮਿੰਟੂ ਬਰਾੜ

ਅਜ ਆਸਟ੍ਰੇਲੀਆ ਦੀਆਂ ਵੋਟਾਂ ਯਾਰੋ,
ਸਾਡੇ ਸੀਨੇ ਕਰ ਗਈਆਂ ਚੋਟ।

ਸਾਰਾ ਦਿਨ ਅਸੀਂ ਤੱਕਦੇ ਰਹਿ ਗਏ,
ਪਰ ਨਾ ਚੱਲੇ ਇਥੇ ਦਾਰੂ ਪੋਸਤ, ਨਾ ਹੀ ਚਲੇ ਸੋਟ।

ਕਈਆਂ ਕੋਲ ਜਾਕੇ ਅਸੀਂ ਗਲੀਂ ਬਾਤੀਂ,
ਦੱਸਣੀ ਚਾਹੀ ਆਪਣੇ ਦਿਲ ਦੀ ਖੋਟ।

ਸਾਡੇ ਪਿੰਡ ਤਾਂ ਵੋਟਾਂ ਵਾਲੇ ਦਿਨ,
ਚਮਚਿਆਂ ਦੇ ਚੋਲ਼ਿਆਂ ਵਿੱਚ, ਭਰੇ ਹੁੰਦੇ ਸੀ ਨੋਟ।

ਉਡੀਕ-ਉਡੀਕ ਕੇ ਆਥਣ ਹੋ ਗਈ,
ਪਰ ਇਥੇ ਸਾਡੇ, ਨਾ ਕੋਈ ਨੇਤਾ ਆਇਆ ਲੋਟ,

ਨਾ ਕਿਸੇ ਨੇ ਵੋਟ ਪਵਾਉਣ ਲਈ ਸਵਾਰੀ ਭੇਜੀ,
ਨਹੀਂ ਭੱਲਾਂ ਇਹਨਾਂ ਕੋਲੇ, ਕਾਰਾਂ ਦੀ ਕਿ ਸੀ ਤੋਟ?

ਨਾ ਕਿਸੇ ਨੇ ਮੁਫ਼ਤ ਚ ਲੰਗਰ ਚਲਾਇਆ,
ਦੇਖ ਲੋ ਯਾਰੋ ਅਜ ਵੀ ਅਸੀਂ ਘਰੇ ਹੀ ਪਾੜੇ ਰੋਟ।

ਜੁਰਮਾਨਾ ਹਣੋਂ ਤੋਂ ਡਰਦੇ ਯਾਰੋ,
ਪਾਉਣੀ ਪੈ ਗਈ ਬਰਾੜ ਨੂੰ, ਮੁਫ਼ਤੋ-ਮੁਫ਼ਤੀ ਵੋਟ।







ਇਕ ਯਮਲਾ ਜੱਟ ਸੀ... ਲੇਖ / ਨਿਸ਼ਾਨ ਸਿੰਘ ਰਾਠੌਰ


ਅਜੋਕੇ ਪੰਜਾਬੀ ਸੰਗੀਤ ਸੰਸਾਰ ਵਿੱਚ ਨਿੱਤ ਨਵੇਂ ਗਾਇਕ/ਗਾਇਕਾਵਾਂ ਪ੍ਰਵੇਸ਼ ਕਰ ਰਹੇ ਹਨ। ਇਹਨਾਂ ਵਿਚੋਂ ਕੁੱਝ ਸਫ਼ਲਤਾ ਦੀਆਂ ਪੋੜੀਆਂ ਚੜ ਕੇ ਅੰਬਰੀਂ ਉਡਾਰੀਆਂ ਮਾਰਦੇ ਹਨ ਪਰ ਕੁੱਝ ਕਲਾਕਾਰ ਇਕ ਦੋ ਅਸਫ਼ਲ ਕੈਸੇਟਾਂ ਬਾਅਦ ਫਿਰ ਪਹਿਲਾਂ ਵਾਲੀ ਗੁਮਨਾਮੀ ਦੀ ਦੁਨੀਆਂ ਵਿਚ ਹੀ ਗੁਆਚ ਜਾਂਦੇ ਹਨ। ਜਿਨ੍ਹਾਂ ਬਾਰੇ ਆਮ ਸਰੋਤਿਆਂ ਨੂੰ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ। ਜਿਹੜੇ ਗਾਇਕ ਸਫ਼ਲਤਾ ਹਾਸਲ ਕਰਦੇ ਹਨ ਉਹ ਸਰੋਤੇ ਵਰਗ ਲਈ ਕਿਸੇ ਰੋਲ ਮਾਡਲ ਤੋਂ ਘੱਟ ਨਹੀਂ ਹੁੰਦੇ। ਲੋਕ ਉਹਨਾਂ ਦੇ ਪਹਿਰਾਵੇ, ਗੱਲਬਾਤ, ਰਹਿਣ-ਸਹਿਣ, ਖਾਣ-ਪੀਣ ਅਤੇ ਜੀਵਨ ਜਿਊਣ ਦੇ ਢੰਗ ਦੀ ਨਕਲ ਕਰਦੇ ਹਨ। ਉਹਨਾਂ ਵੱਲੋਂ ਕਹੀ ਗਈ ਹਰੇਕ ਗੱਲ ਨੂੰ ਆਮ ਸਰੋਤਾ ਵਰਗ ਸੱਚ ਮੰਨਦਾ ਹੈ ਪਰ ਅਸਲ ਹਕੀਕਤ ਕੁੱਝ ਹੋਰ ਹੁੰਦੀ ਹੈ।

ਪੁਰਾਤਨ ਕਾਲ ਵਿਚ ਜਿਸ ਸਮੇਂ ਪੰਜਾਬੀ ਸੰਗੀਤ ਦੀ ਆਰੰਭਤਾ ਹੋਈ ਤਾਂ ਇਸ ਦਾ ਸੰਬੰਧ ਧਾਰਮਿਕਤਾ/ਅਧਿਆਤਮਕਤਾ ਨਾਲ ਜੋੜਿਆ ਜਾਂਦਾ ਸੀ। ਸਭ ਤੋਂ ਪਹਿਲਾਂ ਨਾਥਾਂ/ਜੋਗੀਆਂ ਨੇ ਪੰਜਾਬੀ ਜੁਬਾਨ ਨੂੰ ਆਪਣੇ ਗੀਤਾਂ/ਬੋਲਾਂ ਰਾਹੀਂ ਲੋਕਾਂ ਤੱਕ ਪਹੁੰਚਾਇਆ। ਇਸ ਸਮੇਂ ਸੰਗੀਤ ਆਮ ਲੋਕਾਂ ਦੀ ਸੋਚ ਅਤੇ ਪਹੁੰਚ ਤੋਂ ਕੋਹਾਂ ਦੂਰ ਸੀ।
ਇਸ ਤੋਂ ਬਾਅਦ ਯੁਗ ਆਇਆ ਗੁਰਮਤਿ ਸੰਗੀਤ ਦਾ, ਜਿਸ ਵਿਚ ਬਾਬੇ ਨਾਨਕ ਨੇ ਲੋਕਾਂ ਨੂੰ ਰੱਬੀ ਗਿਆਨ ਦੇ ਪ੍ਰਕਾਸ਼ ਵਿੱਚ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਜਦੋਂ ਭਾਈ ਮਰਦਾਨਾ ਰਬਾਬ ਛੇੜਦਾ ਅਤੇ ਗੁਰੂ ਨਾਨਕ ਸਾਹਿਬ ਧੁਰ ਤੋਂ ਆਈ ਅਲਾਹੀ ਬਾਣੀ ਨੂੰ ਮਿੱਠੀ ਧੁਨ ਵਿੱਚ ਗਾਉਂਦੇ ਤਾਂ ਸੱਜਣ ਠੱਗ ਵਰਗੇ ਠੱਗ ਵੀ ਸੱਚਮੁਚ ਦੇ ਸੱਜਣ ਪੁਰਸ਼ ਬਣ ਜਾਂਦੇ।
ਬਾਬੇ ਨਾਨਕ ਦੇ ਗੁਰਮਤਿ ਸੰਗੀਤ ਕਾਲ ਤੋਂ ਬਾਅਦ ਪੰਜਾਬੀ ਸੰਗੀਤ ਬੀਰ ਰਸੀ ਵਾਰਾਂ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਦਾ ਸਿੰ਼ਗਾਰ ਬਣਿਆ। ਇਹ ਜੁਗ ਸੀ ਵੈਰੀ ਨੂੰ ਮੂੰਹ ਤੋੜ ਜਵਾਬ ਦੇਣ ਦਾ, ਤੇ ਇਸ ਲਈ ਯੋਧਿਆਂ ਨੂੰ ਤਿਆਰ ਕੀਤਾ ਪੰਜਾਬੀ ਸੰਗੀਤ ਨੇ। ਜਾਲਮਾਂ ਦੇ ਜੁ਼ਲਮ ਦਾ ਮੂੰਹ ਤੋੜ ਜਵਾਬ ਦੇਣ ਲਈ ਸੂਰਮਿਆਂ ਨੂੰ ਤਿਆਰ ਕਰਨ ਲਈ ਪੰਜਾਬੀ ਸੰਗੀਤ ਦੇ ਢੱਡ ਤੇ ਸਾਰੰਗੀ ਨਾਲ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ।
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਤੋਂ ਬਾਅਦ ਪੰਜਾਬੀ ਸੰਗੀਤ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਅਨਮੋਲ ਗਹਿਣਾ ਬਣ ਕੇ। ਕਹਿੰਦੇ ਹਨ ਕਿ, “ਮਹਾਰਾਜਾ ਰਣਜੀਤ ਸਿੰਘ ਜਿੱਥੇ ਗੁਰਬਾਣੀ ਸ਼ਬਦ ਕੀਰਤਨ ਪੂਰੀ ਸ਼ਰਧਾ ਭਾਵਨਾ ਨਾਲ ਸੁਣਿਆ ਕਰਦਾ ਸੀ ਉੱਥੇ ਨਾਲ ਹੀ ਪੰਜਾਬੀ ਸੂਫ਼ੀ ਸੰਗੀਤ ਦਾ ਵੀ ਆਨੰਦ ਮਾਣਦਾ ਸੀ। ਉਸ ਨੇ ਆਪਣੇ ਦਰਬਾਰ ਵਿੱਚ ਚੰਗੇ ਗੱਵੀਏ ਰੱਖੇ ਹੋਏ ਸਨ ਤੇ ਚੰਗਾ ਗਾਉਣ ਵਾਲਿਆਂ ਨੂੰ ਉਹ ਕੀਮਤੀ ਸੁਗਾਤਾਂ ਇਨਾਮ ਵੱਜੋਂ ਦਿੰਦਾ ਹੁੰਦਾ ਸੀ।”
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਬਾਅਦ ਪੰਜਾਬੀ ਸੰਗੀਤ ਪਹੁੰਚਿਆ ਭਾਰਤ ਦੀ ਆਜਾਦੀ ਦੇ ਸੰਗ੍ਰਾਮ ਵਾਲੇ ਪਾਸੇ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ, ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਦੇ ਗੀਤ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਪਗੜੀ ਸੰਭਾਲ ਜੱਟਾ’ ਨੇ ਪੂਰੇ ਦੇਸ਼ ਵਿੱਚ ਇਨਕਲਾਬ ਦੀ ਲਹਿਰ ਪੈਦਾ ਕਰ ਦਿੱਤੀ। ਪੰਜਾਬੀ ਸੰਗੀਤ ਨੇ ਪੰਜਾਬੀਆਂ ਵਿੱਚ ਅਜਿਹਾ ਜੋਸ਼ ਪੈਦਾ ਕੀਤਾ ਕਿ ਅੰਗ੍ਰੇਜ ਹਿੰਦੂਸਤਾਨ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਪਰਤ ਗਏ। ਭਾਰਤ ਆਜਾਦ ਹੋ ਗਿਆ ਤੇ ਇਸ ਤਰ੍ਹਾਂ ਜੰਗੇ-ਏ-ਆਜਾਦੀ ਵਿੱਚ ਪੰਜਾਬੀ ਸੰਗੀਤ ਨੇ ਅਹਿਮ ਯੋਗਦਾਨ ਅਦਾ ਕੀਤਾ।
ਅਜੋਕੀ ਪੰਜਾਬੀ ਗਾਇਕੀ ਦਾ ਆਰੰਭ ਆਜ਼ਾਦੀ ਤੋਂ ਬਾਅਦ ਹੋਇਆ ਜਦੋਂ ਹਿੰਦੂਸਤਾਨ ਅਤੇ ਪੰਜਾਬ 2 ਟੁਕੜਿਆਂ ਵਿਚ ਵੰਡੇ ਗਏ। ਪੰਜਾਬ ਦਾ ਇਕ ਹਿੱਸਾ ਹਿੰਦੂਸਤਾਨ ਵਿਚ ਆ ਗਿਆ ਤੇ ਦੂਜਾ ਪਾਕਿਸਤਾਨ ਵਿੱਚ ਚਲਾ ਗਿਆ। ਪਾਕਿਸਤਾਨੀ ਪੰਜਾਬ ਵਿਚ ਜਿੱਥੇ ਸੂਫ਼ੀ ਕਲਾਮ ਨੂੰ ਗਾਉਣ ਵਾਲੇ ਜਨਾਬ ਨੁਸਰਤ ਫਤਹਿ ਅਲੀ ਖਾਨ, ਗੁਲਾਮ ਅਲੀ ਖਾਨ, ਰੇਸ਼ਮਾ ਵਰਗੇ ਗਾਇਕ ਰਵਾਇਤੀ ਧੁਨਾਂ ਨੂੰ ਸਾਂਭਣ ਵਿੱਚ ਲੱਗ ਪਏ ਉੱਧਰ ਦੂਜੇ ਪਾਸੇ ਭਾਰਤੀ ਪੰਜਾਬ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਬਾਵਾ ਆਦਿ ਵਰਗੇ ਪੰਜਾਬੀ ਲੋਕ ਗਾਇਕ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਗੌਰਵਮਈ ਪਿਛੋਕੜ ਨੂੰ ਆਪਣੀਆਂ ਆਵਾਜਾਂ ਨਾਲ ਸਾਂਭਣ ਵਿੱਚ ਜੁੱਟ ਗਏ।
‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ-ਲਾ ਵੇਹੰਦੀ ਦੁਨੀਆਂ ਸਾਰੀ ਏ’ ਯਮਲੇ ਜੱਟ ਦੇ ਇਹ ਬੋਲ ਜਦੋਂ ਪਿੰਡਾਂ ਵਿੱਚ ਮੰਜਿਆਂ ਨੂੰ ਜੋੜ ਕੇ ਲੱਗੇ ਸਪੀਕਰਾਂ ਵਿੱਚ ਵੱਜਦੇ ਤਾਂ ਸੱਚਮੁੱਚ ਪੰਜਾਬੀ ਸੰਗੀਤ ਵਿਚ ਅਧਿਆਤਮਕਤਾ ਦਾ ਪਸਾਰਾ ਹੁੰਦਾ। ਯਮਲੇ ਜੱਟ ਦੇ ਅਖਾੜੇ ਦੇਖਣ ਲਈ ਪਿੰਡਾਂ ਦੇ ਪਿੰਡ ਜੁੜ ਜਾਂਦੇ ਤੇ ਕੋਈ ਆਪਣੀ ਮਾਂ/ਧੀ/ਭੈਣ ਨੂੰ ਯਮਲੇ ਦੇ ਅਖਾੜੇ ਵਿਚ ਲੈ ਕੇ ਜਾਣ ਤੋਂ ਨਾ ਡਰਦਾ। ਮਾਂਵਾਂ, ਭੈਣਾਂ, ਧੀਆਂ, ਬੱਚੇ ਅਤੇ ਬਜ਼ੁਰਗ ਯਮਲੇ ਜੱਟ ਦੇ ਅਖਾੜੇ ਦੀ ਪਹਿਲੀ ਲਾਈਨ ਵਿਚ ਬੈਠੇ ਹੁੰਦੇ। 
ਪਿੰਡਾਂ ਦੇ ਸਿਆਣੇ/ਬਜੁ਼ਰਗ ਲੋਕ ਕਹਿੰਦੇ ਨੇ ਕਿ “ਯਮਲੇ ਜੱਟ ਕੋਲ ਆਪਣੀ ਕੋਈ ਕਾਰ ਨਹੀਂ ਸੀ।” ਉਸ ਜਮਾਨੇ ਵਿਚ ਮੋਟਰਸਾਈਕਲ ਵੀ ਨਹੀਂ ਸੀ ਹੁੰਦੇ ਪਿੰਡਾਂ ਦੇ ਲੋਕਾਂ ਕੋਲ। ਸੋ ਮੁੱਕਦੀ ਗੱਲ ਆਪਣੇ ਸੰਗੀਤਕ ਸਫ਼ਰ ਦੇ ਸੁ਼ਰੂਆਤੀ ਦਿਨਾਂ ਵਿਚ ਯਮਲਾ ਜੱਟ ਆਪਣੇ ਪਿੰਡੋਂ ਸਾਈਕਲ ਤੇ ਆਸਪਾਸ ਦੇ ਪਿੰਡਾਂ ਵਿਚ ਅਖਾੜੇ ਲਾਉਣ ਜਾਂਦਾ ਹੁੰਦਾ ਸੀ। ਉਹ ਤਾਂ ਸਾਈਕਲ ਤੇ ਚੜ ਕੇ ਹੀ ਮਾਂ ਬੋਲੀ ਦੀ ਇਤਨੀ ਸੇਵਾ ਕਰ ਗਿਆ ਕਿ ਪੰਜਾਬੀ ਮਾਂ ਬੋਲੀ ਅੰਬਰਾਂ ਤੇ ਉਡਾਰੀਆਂ ਮਾਰਨ ਲੱਗੀ ਤੇ ਉਸ ਦੀ ਇਸ ਸੇਵਾ ਬਦਲੇ ਆਉਣ ਵਾਲੀਆਂ ਪੀੜੀਆਂ ਉਸ ਨੂੰ ਹਮੇਸ਼ਾ ਯਾਦ ਰੱਖਣਗੀਆਂ ਪਰ ਅਜੋਕੇ ਗਾਇਕ ਕਾਰਾਂ ਤੇ ਚੜ ਕੇ ਵੀ...?”
ਯਮਲੇ ਨਾਲ ਨਾ ਤਾਂ ਅੱਧ ਨੰਗੀਆਂ ਕੁੜੀਆਂ ਦਾ ਟੋਲਾ ਹੁੰਦਾ ਸੀ ਤੇ ਨਾ ਹੀ ਗੰਦੀ ਤੇ ਅਸ਼ਲੀਲ ਸ਼ਬਦਾਵਲੀ ਵਾਲੇ ਬੋਲ। ਨਾ ਤਾਂ ਉਹ ਸਟੇਜ ਤੇ ਬੰਦਰ ਵਾਂਗ ਟਪੂਸੀਆਂ ਮਾਰਦਾ ਸੀ ਤੇ ਨਾ ਹੀ ਸਾਰੀ ਉੱਮਰ ਉਸ ਨੇ ਪੱਗ ਸਿਰ ਤੋਂ ਲਾਹੀ, ਸਗੋਂ ਸ਼ਾਨ ਨਾਲ ਮਾਵੇ ਵਾਲੀ ਪੱਗ ਤੇ ਤੁਰਲਾ ਛੱਡ ਕੇ ਉਹ ਸਟੇਜ ਤੇ ਚੜਦਾ ਤੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੋਇਆ ਪੂਰਾ ਮੇਲਾ ਲੁੱਟ ਲੈਂਦਾ।
ਯਮਲੇ ਦਾ ਅਖਾੜਾ ਦੇਖਣ ਲੋਕ 20/20 ਮੀਲ ਤੋਂ ਆਪਣੇ ਗੱਡਿਆਂ ਤੇ ਚੜ ਕੇ ਆਉਂਦੇ। ਪਿੰਡਾਂ ਦੇ ਪਿੰਡ ਬਿੰਦਝੱਟ ਵਿਚ ਜੁੜ ਜਾਂਦੇ। ਲੋਕ ਕੋਠਿਆਂ ਦੀਆਂ ਛੱਤਾਂ ਸਵੇਰ ਸਾਰ ਹੀ ਮੱਲ ਲੈਂਦੇ ਕਿ ਅੱਜ ਯਮਲੇ ਨੇ ਅਖਾੜਾ ਲਾਉਣਾ ਏ। ਪਰ ਅੱਜ ਦੇ ਬਹੁਤੇ ਗਾਇਕਾਂ ਨੇ ਜੇ ਕਿਤੇ ‘ਪ੍ਰੋਗਰਾਮ’ ਪੇਸ਼ ਕਰਨਾ ਹੋਵੇ ਤਾਂ ਲੱਖਾਂ ਰੁਪੱਈਏ ਦੀ ਇਤਿਸ਼ਹਾਰਬਾਜੀ ਕਰਕੇ ਵੀ ਖਾਲੀ ਪਈਆਂ ਕੁਰਸੀਆਂ ਸਰੋਤਿਆਂ ਨੂੰ ਤਰਸਦੀਆਂ ਰਹਿੰਦੀਆਂ ਹਨ। 
ਦੂਜੇ ਪਾਸੇ ਜੇਕਰ ਅਜੋਕੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ਵਿਚ ਕੈਸੇਟ ਭਾਵੇਂ ਅਜੇ 2 ਸਾਲ ਬਾਅਦ ਆਉਣੀ ਹੋਵੇ ਕੰਨਾਂ ਵਿੱਚ ਨੱਤੀਆਂ ਤੇ ਭੇਡ ਵਰਗੇ ਵਾਲ ਪਹਿਲਾਂ ਹੀ ਬਣਾਈ ਫਿਰਦੇ ਨੇ ਪੰਜਾਬੀ ਮਾਂ ਬੋਲੀ ਦੇ ਇਹ ‘ਸਰਵਨ ਪੁੱਤਰ।’ ਬਾਪ-ਦਾਦੇ ਦੀਆਂ ਜਮੀਨਾਂ ਵੇਚ ਕੇ ਜਾਂ ਫਿਰ 4 ਸਾਲ ਕਨੇਡਾ-ਅਮਰੀਕਾ ਵਿੱਚ ਲਾ ਕੇ ਪੰਜਾਬੀ ਜੁ਼ਬਾਨ ਦੀ ਸੇਵਾ ਦਾ ਫੁਰਨਾ ਫੁਰਦਾ ਏ ਇਹਨਾਂ ਨੂੰ ਕਿ ਚੱਲੋ ਜੇ ਚੱਲ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ ਹੀ ਸਹੀ।
ਇਸ ਸਮੇਂ ਪੰਜਾਬ ਵਿੱਚ ਜਿਤਨੇ ਗਾਇਕ/ਗਾਇਕਾਵਾਂ ਨੇ ਇਹਨੋਂ ਵਿੱਚੋਂ 90 ਫ਼ੀਸਦੀ ‘ਮਾਂ ਬੋਲੀ ਦੇ ਸੇਵਕਾਂ’ ਨੂੰ ਤਾਂ ਹਾਰਮੋਨਿਯਮ ਦੇ ਸਾ, ਰੇ, ਗਾ, ਮਾ, ਪਾ ਦਾ ਵੀ ਪੂਰਾ ਗਿਆਨ ਨਹੀਂ ਹੋਣਾ ਤੇ ਤੁਰੇ ਨੇ ਬਾਬੇ ਯਮਲੇ ਦੇ ਨਕਸ਼ੇ ਕਦਮਾਂ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ। ਪਤਾ ਨਹੀਂ ਇਹ ਪੰਜਾਬੀ ਜੁਬਾਨ/ਗਾਇਕੀ ਨੂੰ ਵਿਕਾਸ ਵੱਲ ਲੈ ਕੇ ਜਾ ਰਹੇ ਹਨ ਜਾਂ ਵਿਨਾਸ਼ ਵੱਲ...?
ਅੱਜ ਭਾਵੇਂ ਕਿਸੇ ਗਾਇਕ ਦੀਆਂ 20 ਕੈਸੇਟਾਂ ਵੀ ਮਾਰਕੀਟ ਵਿੱਚ ਨਾ ਵਿਕੀਆਂ ਹੋਣ ਪਰ ਗੱਡੀ ਉਹ 10/12 ਲੱਖ ਤੋਂ ਧੱਲੇ ਨਹੀਂ ਰੱਖਦਾ, ਪਰ ਯਮਲਾ ਤਾਂ ਸਾਰੀ ਉੱਮਰ ਸਾਈਕਲ ਤੇ ਹੀ ਗਾਉਂਦਾ ਰਿਹਾ। ਉਹ ਤਾਂ ਸਾਈਕਲ ਤੇ ਵੀ ਗਾ ਕੇ ਲੋਕਾਂ ਤੇ ਮਨਾਂ ਵਿੱਚ ਵਸਿਆ ਬੈਠਾ ਹੈ ਪਰ ਅਜੋਕੇ ਗਾਇਕ ਕਾਰਾਂ ਛੱਡ ਕੇ ਭਾਵੇਂ ਹਵਾਈ ਜਹਾਜ ਤੇ ਕਿਉਂ ਨਾ ਬੈਠ ਕੇ ਗਾਉਣ ਪਰ ਯਮਲੇ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਬਣ ਸਕਦੇ।
ਯਮਲਾ ਤਮਾਮ ਉੱਮਰ ਚਿੱਟੇ ਕੁੜਤੇ ਚਾਦਰੇ’ਚ ਰਿਹਾ ਤੇ ਦਰਵੇਸ਼ ਬਣ ਕੇ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਿਆ ਪਰ ਅੱਜ ਦੇ ਗੱਵੀਏ ਪਾਟੀਆਂ ਜੀਨਸਾਂ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਲਾਇਤੀ ਕਪੜੇ ਪਾ ਕੇ ਵੀ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਢੋਲ ਵਜਾੳਂੁਦੇ ਫਿਰਦੇ ਨੇ ਅਤੇ ਸਸਤੀ ਸੋ਼ਹਰਤ ਖਾਤਰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਹੀਰਾਂ, ਸੱਸੀਆਂ, ਸਹਿਬਾਂ, ਸੋਹਣੀਆਂ ਬਣਾਉਂਦੇ ਫਿਰਦੇ ਨੇ।
ਗੁਰਮੀਤ ਬਾਵਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਦੇ ਮਾਂਵਾਂ ਧੀਆਂ ਦੇ ਰਿਸ਼ਤੇ ਨੂੰ ਸਹੇਲੀਆਂ ਵਾਲਾ ਰਿਸ਼ਤਾ ਬਣਾਇਆ “ਮਾਂਵਾਂ ਤੇ ਧੀਆਂ ਰੱਲ ਬੈਠੀਆਂ ਨੀਂ ਮਾਏਂ” ਪਰ ਅਜੋਕੀ ਗਾਇਕੀ ਜਿੱਥੇ ਮਾਂ ਨੂੰ ਫੱਫੇਕੁੱਟਣੀ / ਪਾਪਣ / ਧੀ ਦੀ ਵੈਰੀ ਬਣਾ ਕੇ ਪੇਸ਼ ਕਰਦੀ ਹੈ ਉੱਥੇ ਦੂਜੇ ਪਾਸੇ ਧੀ ਨੂੰ ਸਿਰਫ਼ ਤੇ ਸਿਰਫ਼ ਮਾਸ਼ੂਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅੱਜ ਦੇ ਗਾਇਕਾਂ ਅਨੁਸਾਰ ਇੱਕ ਕੁੜੀ ਸਿਰਫ਼ ਕਿਸੇ ਦੀ ਮਾਸ਼ੂਕ ਹੋ ਸਕਦੀ ਹੈ ਕਿਸੇ ਦੀ ਭੈਣ, ਮਾਂ ਜਾਂ ਧੀ ਨਹੀਂ।
ਕਿੱਧਰ ਗਿਆ ਪੰਜਾਬੀ ਗਾਇਕੀ ਦਾ ਉਹ ‘ਬਾਬਾ ਬੋਹੜ’ ਜਿਸ ਦੇ ਆਪਣੇ ਪਰਛਾਵੇਂ ਹੇਠ ਕਦੇ ਐਸੀ ਗਾਇਕੀ ਦੀ ਕਲਪਣਾ ਸੀ ਨਹੀਂ ਕੀਤੀ ਹੋਣੀ? ਜੇ ਕਿਤੇ ਅੱਜ ਤੂੰਬੇ ਦੀ ਤਾਰ ਵਾਲਾ ਉਹ ਬਾਪੂ ਮੁੜ ਆਵੇ ਤਾਂ ਸ਼ਾਇਦ ਉਸ ਦਾ ਸਿਰ ਵੀ ਸ਼ਰਮ ਨਾਲ ਝੁੱਕ ਜਾਵੇ ਕਿ ਮੈਂ ਵੀ ਇਸੇ ਪੰਜਾਬੀ ਸੰਗੀਤ ਦਾ ਇੱਕ ਮੈਂਬਰ ਰਿਹਾ ਹਾਂ। ਅੱਜ ਮੇਰੇ ਵੱਲੋਂ ਤੋਰੀ ਇਸ ਆਧੁਨਿਕ ਪੰਜਾਬੀ ਗਾਇਕੀ ਨੂੰ ਮੇਰੇ ਵਾਰਿਸ ਕਿੱਧਰ ਨੂੰ ਲੈ ਕੇ ਜਾ ਰਹੇ ਹਨ? ਰਾਤੋ-ਰਾਤ ਸ਼ੋਹਰਤ ਪਾਉਣ ਦੀ ਲਾਲਸਾ ਵੱਸ ਅਸੀਂ ਆਪਣੀ ਮਾਂਵਾਂ/ਧੀਆਂ/ਭੈਣਾਂ ਨੂੰ ਵੀ ਦਾਅ ਦੇ ਲਾਉਣ ਤੋਂ ਬਾਜ਼ ਨਹੀਂ ਆ ਰਹੇ। 
ਅਜੋਕੇ ਸਮੇਂ ਦੇ ਗਾਇਕ ਸਫ਼ਲਤਾ ਪਾਉਣ ਖਾਤਰ ਬਾਪੂ ਦੀ ਜ਼ਮੀਨ, ਬੇਬੇ ਦੇ ਗਹਿਣੇ, ਕਨੇਡਾ ਅਮਰੀਕਾ ਦੀ ਕਮਾਈ ਪਾਣੀ ਵਾਂਗ ਰੋੜ ਰਹੇ ਹਨ। ਅੱਧ ਨੰਗੀਆਂ ਕੁੜੀਆਂ ਦੇ ਨਾਚ, ਗੰਦੇ ਅਸ਼ਲੀਲ ਗਾਣੇ, ਬੇਹੁਦਾ ਕਪੜੇ ਤੇ ਬਾਂਦਰਾਂ/ਭੇਡਾਂ/ਕੁੱਤਿਆਂ ਵਰਗੇ ਵਾਲ ਬਣਾ ਕੇ ਅਸੀਂ ਪੱਗ ਨੂੰ ਸਿਰੋਂ ਲਾਹ ਕੇ ਪਰਾਂ ਧਰ ਦਿੱਤਾ ਹੈ। ਅਸੀਂ ਸ਼ਹੋਰਤ ਖਾਤਰ ਕਿਸੇ ਨੂੰ ਵੀ ਨਹੀਂ ਬਖਸ਼ ਰਹੇ। ਨਾ ਹੀ ਧਰਮ ਨੂੰ, ਨਾ ਹੀ ਧਰਮ ਪ੍ਰਚਾਰਕਾਂ ਨੂੰ, ਨਾ ਆਪਣੀ ਮਾਂ ਬੋਲੀ ਨੂੰ, ਨਾ ਆਪਣੀਆਂ ਮਾਂਵਾਂ ਨੂੰ, ਨਾ ਭੈਣਾਂ ਨੂੰ, ਨਾ ਧੀਆਂ ਨੂੰ ਅਤੇ ਨਾ ਹੀ ਖੁਦ ਉਸ ਪਰਮਾਤਮਾ ਨੂੰ।
ਅੱਲਾ ਖੈ਼ਰ ਕਰੇ ਜੇ ਕਿਤੇ ਹੱਥ ਵਿੱਚ ਡਾਂਗ ਫੜੀ ਉਹ ਬਾਬਾ ਬੋਹੜ ਮੁੜ ਵਾਪਸ ਆ ਜਾਵੇ ਜਿਸ ਨੇ ਕਦੀ ਗਾਇਆ ਸੀ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ-ਲਾ ਵੇਹੰਦੀ ਦੁਨੀਆਂ ਸਾਰੀ ਏ’ ਤੇ ਇਹਨਾਂ ‘ਮਾਂ ਬੋਲੀ ਦੇ ਸੇਵਕਾਂ’ ਦੇ ਪਾਸੇ ਸੇਕ ਦੇਵੇ ਤੇ ਕਹੇ, “ਉਏ ਕੰਜਰੋ..., ਜਿਸ ਪੰਜਾਬੀ ਸੰਗੀਤ ਵਿੱਚ ਬਾਬੇ ਨਾਨਕ ਦੀ ਮਿੱਠੀ ਬਾਣੀ ਰੂਹਾਨੀਅਤ ਦਾ ਸੰਦੇਸ਼ ਦਿੰਦੀ ਹੈ, ਜਿਸ ਪੰਜਾਬੀ ਸੰਗੀਤ ਵਿੱਚ ਸੂਫ਼ੀ ਫਕੀਰ ਮਨੁੱਖ ਨੂੰ ਜੀਵਨ ਜਿਊਣ ਦਾ ਦਰਸ਼ਨ ਸਮਝਾਉਂਦੇ ਨੇ, ਜਿਸ ਪੰਜਾਬੀ ਸੰਗੀਤ ਵਿੱਚ ਸੂਰਮਿਆਂ ਨੂੰ ਜੋਸ਼ ਦਵਾਇਆ ਜਾਂਦਾ ਹੈ, ਜਿਸ ਪੰਜਾਬੀ ਸੰਗੀਤ ਵਿੱਚ ਮਾਂ ਆਪਣੇ ਪੁੱਤਰ ਨੂੰ ਮਿੱਠੀਆਂ ਲੋਰੀਆਂ ਦੇ ਕੇ ਸੁਵਾਉਂਦੀ ਏ, ਜਿਸ ਪੰਜਾਬੀ ਸੰਗੀਤ ਵਿੱਚ ਸਾਡਾ ਇਤਿਹਾਸ, ਸਾਡਾ ਵਿਰਸਾ, ਸਾਡੀ ਅਣਖ਼, ਸਾਡੀ ਗੈ਼ਰਤ ਨਿੱਘ ਮਾਣ ਰਹੀ ਹੈ ਉਸ ਨੂੰ ਤੁਸੀਂ ਮਿੱਟੀ ਵਿੱਚ ਮਿਲਾ ਰਹੇ ਹੋ।”
“ਠਹਿਰੋ..., ਮੈਂ ਦੱਸਦਾ ਹਾਂ ਤੁਹਾਨੂੰ ਮਾਂ ਬੋਲੀ ਦਾ ਸਤਿਕਾਰ ਕਿੱਦਾਂ ਕਰੀਦਾ ਹੈ? ਉਏ ਕੰਜਰੋ..., ਕੁੱਝ ਤਾਂ ਸ਼ਰਮ ਕਰੋ। ਆਪਣੀ ਮਾਂ ਦੀ ਕਮਾਈ ਨਾ ਖਾਓ। ਆਪਣੀ ਮਾਂ ਨੂੰ ਨਾ ਵੇਚੋ। ਆਪਣੀ ਮਾਂ ਬੋਲੀ ਦਾ ਸੌਦਾ ਨਾ ਕਰੋ। ਇਸ ਕਾਰੇ ਤੋਂ ਵਾਸਾ ਵੱਟ ਲਵੋ, ਜੇਕਰ ਹੁਣ ਵੀ ਤੁਸੀਂ ਨਾ ਸੁਧਰੇ ਤੇ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ..., ਕਦੇ ਮੁਆਫ਼ ਨਹੀਂ ਕਰਨਗੀਆਂ।”

****

ਮੈਂ ਇੱਕ ਪੰਜਾਬੀ ਗੀਤਕਾਰ ਹਾਂ .........ਗੀਤ / ਜਰਨੈਲ ਘੁਮਾਣ

ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ ਵਿੱਚ , ਭਰਦੀ ਰਹਿੰਦੀ ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ , ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ , ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ , ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ’ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ , ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥

ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ ‘ਘੁਮਾਣ’ , ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥


ਦੁੱਖਾਂ ਦਾ ਆਲਣਾ........ ਨਜ਼ਮ/ਕਵਿਤਾ / ਸ਼ੈਲੀ ਅਰੋੜਾ

ਚਿੜੀਆਂ ਵਾਂਗ
ਚਾਹਿਆ ਕਿ ਮੈਂ ਵੀ
ਆਪਣਾ
ਇੱਕ ਆਲਣਾ ਬਣਾਵਾਂ,
ਜਿਸ ਦਾ ਹਰ ਤੀਲਾ
ਰਿਸ਼ਤਿਆਂ ਤੇ
ਪਿਆਰ ਦੇ ਅਹਿਸਾਸ
ਨਾਲ
ਭਰਪੂਰ ਹੋਵੇ,
ਇੱਕ ਲੰਮੀ ਉਡਾਰੀ
ਲਾਉਂਦੀ
ਤੇ ਇੱਕ ਤੀਲਾ
ਲੱਭ ਲਿਆਉਂਦੀ,
ਪਰ ਆਹ ਕੀ ਹਰ ਵਾਰ
ਲੱਭੇ ਤੀਲੇ ਨੇ
ਮੈਨੂੰ ਨਵੀਂ ਹੀ ਚੁਭਨ
ਦਿੱਤੀ,
ਚਾਹਿਆ ਕਿ
ਤੋੜਦੀ ਜਾਵਾਂ,
ਇਹਨਾਂ ਸਹਾਰਿਆਂ ਨੂੰ
ਪਰ ਨਾਲ ਹੀ
ਇੱਕ ਸੱਚਾਈ ਸਾਹਵੇਂ
ਪੈਂਦੀ ਕਿ
ਇਹਨਾ ਕਰਕੇ ਹੀ ਤਾਂ
ਮੇਰੇ ਘਰ ਦਾ
ਵਜੂਦ ਏ, ਮੇਰਾ ਵਜੂਦ ਏ,
ਜੇ ਇਹ ਟੁੱਟ,
ਬਿਖਰ ਗਏ,
ਤਾਂ ਮੇਰੇ ਸਪਨੇ ਵੀ
ਚੂਰ-ਚੂਰ
ਹੋ ਜਾਣਗੇ,
ਹਿੰਮਤ ਕੀਤੀ, ਦੁੱਖ ਸਹੇ,
ਤੇ ਕੋਸ਼ਿਸ਼ ਨਾਲ
ਲੱਗੀ ਰਹੀ।।
ਇਹਨਾਂ ਨਾਕਾਮ ਸਹਾਰਿਆਂ
ਨੂੰ ਖੜਾ ਕਰਨ 'ਚ
ਤੇ ਉਹ ਦਿਨ ਵੀ
ਆਇਆ
ਜਿਸ ਦਿਨ ਪੂਰਾ ਹੋ ਗਿਆ
ਮੇਰਾ
ਦੁੱਖਾਂ ਦਾ ਆਲਣਾ,
ਭਰ ਆਏ
ਅੱਖਾ 'ਚ ਹੰਝੂ,
ਜਿਸਮ ਤੇ ਜ਼ਖਮ
ਤੇ ਦਿਲ 'ਚ ਅਹਿਸਾਸ
ਕਿ ਬਣ ਗਿਆ
ਮੇਰਾ ਘਰ,
ਜੋ ਬਣਿਆ ਤਾਂ ਬਹੁਤ
ਦੁੱਖਾਂ ਦੇ
ਬਾਦ ਸੀ ਪਰ ਹੁਣ
ਸਕੂਨ ਲੈਣ ਦੀ
ਵਾਰੀ ਮੇਰੀ ਸੀ।।
ਤੇ ਮੈਂ ਅੱਖਾ ਮੁੰਦ ਕੇ
ਬੜੇ ਹੀ ਪਿਆਰ ਤੇ
ਸ਼ਾਤੀ ਨਾਲ ਸੌਂ
ਗਈ
ਆਪਣੇ ਦੁੱਖਾਂ
ਦੇ ਆਲਣੇ 'ਚ।।।।।

****

ਅਰਦਾਸ........ ਗ਼ਜ਼ਲ / ਪ੍ਰਮਿੰਦਰ ਸਿੰਘ ਅਜ਼ੀਜ਼


ਕਰਮਾਂ ਦੇ ਵਿਚ ਪੁੰਨ ਦੇ ਜਾਂ ਪਾਪ ਦੇ
ਨਾਮ ਤੇਰਾ ਮੇਰੇ ਦਿਲ ’ਤੇ ਛਾਪ ਦੇ

ਮੈਂ ਕਿਸੇ ਇਨਸਾਨ ਕੋਲੋਂ ਮੰਗਾਂ ਕਿਉਂ
ਦੇਣਾ ਹੈ ਤੂੰ ਜੋ ਵੀ ਮੈਨੂੰ ਆਪ ਦੇ

ਤੇਰਾ ਸੱਚਾ ਰੂਪ ਦਿਸਦੈ ਇਹਨਾਂ ਵਿਚ
ਬੇਸਹਾਰਾ ਬੱਚਿਆਂ ਨੂੰ ਮਾਂ-ਬਾਪ ਦੇ

ਜਾਨਲੇਵਾ ਰੋਗਾਂ ਨੂੰ ਤੂੰ ਦੂਰ ਕਰ
ਬੇਸ਼ੱਕ ਭਾਵੇਂ ਨਿੱਕੇ-ਮੋਟੇ ਤਾਪ ਦੇ

ਪੂਰਾ ਕਰ ਜ਼ਰੂਰਤਾਂ ਨੂੰ ਤੇ ਸਭ ਦੀ
ਚਾਦਰ ਨੂੰ ਤੂੰ ਪੈਰਾਂ ਜਿੰਨਾ ਨਾਪ ਦੇ

ਬਾਕੀ ਸਾਰਾ ਕੁਝ ਦੇ ਦੇ ਸਭ ਦੇ ਸਾਵ੍ਹੇਂ
ਮਿਹਰ ਤੇਰੀ ਤੂੰ ਮੈਨੂੰ ਚੁਪਚਾਪ ਦੇ

ਸੁਬਹਾ ਤੋਂ ’ਅਜ਼ੀਜ਼’ ਨੂੰ ਤੂੰ ਸ਼ਾਮ ਤਕ
ਨਾਂ ਤੇਰੇ ਦਾ ਹਰ ਇਕ ਸਾਹ ਤੇ ਜਾਪ ਦੇ

ਵਿਸਥਾਰ......... ਗ਼ਜ਼ਲ / ਧਰਮਿੰਦਰ ਭੰਗੂ ਕਾਲੇਮਾਜਰਾ

ਆਪਣੇ ਆਪ ਨੂੰ ਸੀਮਤ ਨਾ ਕਰ, ਆਪਣਾ ਕੁਝ ਵਿਸਥਾਰ ਵੀ ਕਰ ।
ਚਰਚਾ -ਚਿੰਤਨ ਠੀਕ ਨੇ ਤੇਰੇ, ਵਕਤ ਮਿਲੇ ਤਾਂ ਪਿਆਰ ਵੀ ਕਰ ।

ਜਿ਼ੰਦਗੀ ਦੀ ਰਫ਼ਤਾਰ ਤੇਜ਼ ਹੈ, ਰੁੱਝਿਆ ਹੋਇਆ ਹੈ ਹਰ ਬੰਦਾ,
ਕਦੇ ਕਦਾਂਈਂ ਆਉਂਦੇ ਜਾਂਦੇ, ਲਿਆ ਸੱਜਣਾਂ ਦੀ ਸਾਰ ਵੀ ਕਰ ।

ਅਕਲ ਬੜੀ ਹੈ, ਦਾਨਿਸ਼ਵਰ ਹੈਂ ; ਘਰ ਅੰਦਰ ਨਾ ਦੀਵੇ ਬਾਲ਼,
ਚਾਨਣ ਲੈ ਕੇ ਬਾਹਰ ਨਿਕਲ਼, ਦੁਨੀਆਂ ਨੂੰ ਸ਼ਰਸ਼ਾਰ ਵੀ ਕਰ ।

ਜਿੱਤਣ ਦਾ ਤੂੰ ਆਦੀ ਬੇਸ਼ੱਕ, ਇਸ਼ਕ 'ਚ ਐਪਰ ਚੱਲਣਾ ਨਾ ਇਹ,
ਇਸ਼ਕ 'ਚ ਜੇਕਰ ਜਿੱਤਣਾ ਚਾਹੇਂ, ਯਾਰ ਤੋਂ ਜਾਇਆ ਹਾਰ ਵੀ ਕਰ ।

ਤੂੰ ਹੈਂ ਭੋਲ਼ਾ, ਭੋਲ਼ੇਪਣ ਵਿੱਚ ਹੋਣਾ ਹੋਰ ਗੁਜ਼ਾਰਾ ਨਹੀਂ ਹੁਣ,
ਦੁਨੀਆਂ ਦੀ ਹਰ ਚਾਲ ਸਮਝਲੈ, ਖੁਦ ਨੂੰ ਕੁਝ ਹੁਸਿ਼ਆਰ ਵੀ ਕਰ ।

****

ਜੁੱਤੀਆਂ.......... ਕਾਵਿ ਵਿਅੰਗ / ਇੰਦਰਜੀਤ ਪੁਰੇਵਾਲ (ਨਿਊਯਾਰਕ)

ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।

ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ,
ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।

ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ,
ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।

ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ,
ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।

ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ,
ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।

ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ,
ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।

ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ,
ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ।

ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ,
ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।

ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ,
ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।

ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ,
ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।

‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ.
ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।

ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ,
ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।

ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ,
ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ।

****

ਆਜ਼ਾਦੀ………ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)

ਆਜ਼ਾਦੀ ਨੂੰ ਮਨਾਉਣਾ ਸਾਡਾ ਸੱਭ ਦਾ ਫਰਜ਼ ਹੈ
ਰਹੇ ਹਾਂ ਗੁਲਾਮ ਗੱਲ ਕਹਿਣ ‘ਚ ਕੀ ਹਰਜ ਹੈ
ਕੱਟੀਆਂ ਨੇ ਉਮਰਾਂ ਜੋ ਜੇਲ੍ਹਾਂ ਦੀਆਂ ਸੀਖਾਂ ਪਿੱਛੇ
ਭੁਲਾਉ ਕੌਣ ਸਮਾਂ ਜਿਹੜਾ ਪੰਨਿਆਂ ‘ਤੇ ਦਰਜ ਹੈ
ਆਜ਼ਾਦੀ ਨੂੰ ਮਨਾਉਣਾ ਹਰ ਭਾਰਤੀ ਦਾ ਫਰਜ਼ ਹੈ।
ਆਏ ਸੀ ਫਿਰੰਗੀ ਬਾਜ ਕੀਤਾ ਦੋ ਸੌ ਸਾਲ ਰਾਜ
ਜਾਣ ਲੱਗੇ ਦੇ ਗਏ ਤੌਹਫ਼ਾ “ਹਿੰਦੁਸਤਾਨੀ ਦਗ਼ਾਬਾਜ਼”
ਪਤਾ ਨੀ ਸਿਆਸਤਾਂ ਨੂੰ ਕਿੱਦਾਂ ਦੀ ਮਰਜ਼ ਹੈ
ਆਜ਼ਾਦੀ ਨੂੰ ਬਚਾਉਣਾ ਸਾਡਾ ਸੱਭ ਦਾ ਫਰਜ਼ ਹੈ।
ਜੰਮੇ ਹਾਂ ਵਤਨ ਲਈ ਤੇ ਮਿਟਾਂ ਗੇ ਵੀ ਦੇਸ਼ ਲਈ
ਤਿਰੰਗੇ ਦੀ ਬੁਲੰਦੀ ਸਾਡੇ ਸਿਰਾਂ ‘ਤੇ ਕਰਜ਼ ਹੈ
ਆਜ਼ਾਦੀ ਨੂੰ ਮਨਾਉਣਾ ‘ਹਰ- ਇੱਕ’ ਦਾ ਫਰਜ਼ ਹੈ।
ਦਿੱਤੀਆਂ ਸ਼ਹਾਦਤਾਂ ਜੋ ਦੇਸ਼ ਲਈ ਬਾਬਿਆਂ ਨੇ
ਤੁਰਾਂ ਗੇ ਉਸ ਰਾਹ ਸਾਡੇ ਖ਼ੂਨ ਵਿੱਚ ਗਰਜ਼ ਹੈ।
ਆਜ਼ਾਦੀ ਨੂੰ ਮਨਾਉਣਾ ਸਾਡਾ ਸੱਭ ਦਾ ਫਰਜ਼ ਹੈ।
ਹਿੰਦੁਸਤਾਨ ਇੱਕ, ਹਿੰਦੁਸਤਾਨੀ ਸਾਰੇ ਇੱਕ ਨੇ
ਵੰਡਿਆ ਜੋ ਏਕਾ ‘ਗੋਰੀ ਸੋਚ’ ਦੀ ਤਰਜ਼ ਹੈ।
“ਤਿਰੰਗੇ” ਨੂੰ ਸਲਾਮੀ ਸਾਡਾ ਸੱਭ ਦਾ ਫਰਜ਼ ਹੈ।

ਦੀਪੂ ਸੁੱਤਾ ਪਿਐ .......... ਕਹਾਣੀ / ਬਲਰਾਜ ਸਿੱਧੂ

ਕਾਰ-ਸਟੀਰੀਉ- ਸਿੱਧੇ-ਸਾਦੇ ਜੱਟ ਬੂਟ ਨੂੰ ਚੜ੍ਹਿਆ ਨਸ਼ਾ ਸਵਾਇਆ।

ਚੀਅਰਜ਼ ਕਹਿ ਕੇ ਪੈੱਗ ਮੇਮ ਦੇ ਪੈੱਗ ਨਾਲ ਟਕਰਾਇਆ।

ਦੋ ਯਾਰਾਂ ਨੇ ਚੁੱਕ ਕਾਰ ਚੋਂ ਆਣ ਦਰਾਂ ਤੇ ਲਾਹਿਆ।
ਦਰ ਤੇ ਆ ਕੇ, ਬੈੱਲ ਵਜਾ ਕੇ, ਠਾਹ ਬੂਹਾ ਖੜਕਾਇਆ,
ਤੂੰ ਕੁੰਡਾ ਖੋਲ੍ਹ ਬਸੰਤਰੀਏ, ਨੀ ਤੇਰਾ ਢੋਲ ਸ਼ਰਾਬੀ ਆਇਆ।

ਅਜਮੇਰ- ਬੱਲੇ ਓਏ ਮਰਾੜਾਂਵਾਲੇ ਬਾਬੂ ਸਿਉਂ ਮਾਨਾ, ਗੀਤ ਲਿਖਣ ਵਾਲੇ ਤਾਂ ਤੂੰ ਵੱਟ ਈ ਕੱਢ ਦਿੰਨੈਂ। -ਹੋ ਬੁਹਾ ਖੋਲ ਬਸੰਤਰੀਏ ਨੀ ਤੇਰਾ। - ਕੁੰਡਾ ਖੋ……….. ਸੱਚ ਕੁੜੀ ਚੋ.. ਘੰਟੀ ਤਾਂ ਵੱਜਣੀ ਨ੍ਹੀਂ। ਦੋ ਮਹੀਨੇ ਹੋ ਗਏ, ਵਿਗੜੀ ਪਈ ਆ। ਸਵਾਰਨ ਦਾ ਟਾਈਮ ਈ ਨ੍ਹੀਂ ਮਿਲਦਾ। ਐਤਕੀ ਜੇ ਸੰਡੇ ਨਾ ਲੱਗਿਆ ਤਾਂ ਆਪ ਦੇਖੂੰ ਖੋਲ੍ਹ ਕੇ। ਮਾਂ ਯਾਵ੍ਹੇ ਮਕੈਨਿਕ ਤਾਂ ਹੱਥ ਲਾਉਣ ਦੇ ਹੀ ਪੰਜਾਹ ਪੌਂਡ ਲੈ ਲੈਂਦੇ ਆ। -ਚਾਬੀ ਵੀ ਖੌਰੇ ਕਿੱਥੇ ਪਾ ਲੀ। ਲੱਭ ਪਈ। ਲੱਭ ਪੀ। ਆਪ ਘਰੇ ਮਗਰੋਂ ਆਈ ਦੈ, ਸਾਲੇ ਬਿੱਲ ਪਹਿਲਾਂ ਆਏ ਪਏ ਹੁੰਦੇ ਨੇ। ਉਹ ਕਿੱਥੇ ਮਰ ਗੀ ਫੇਰੇ ਦੇਣੇ ਦੀਏ। ਕਿਸੇ ਭੋਰੇ-ਭੂਰੇ ਚ ਤਾਂ ਨ੍ਹੀਂ ਉਤਰਗੀ?
ਹਰਿੰਦਰ- ਆਈ ਜੀ। ਮੈਂ ਇੱਥੇ ਉੱਪਰ ਆਂ ਬੈੱਡਰੂਮ ਚ।
ਅਜਮੇਰ- ਥੱਲੇ ਆ ਝੱਟ ਦੇਣੇ। ਉੱਤੇ ਖਬਰ ਨੀਂ ਕਿਹੜੇ ਹੀਰੇ ਦੱਬੇ ਆ, ਹਰ ਵੇਲੇ ਕੋਠੇ ਤੇ ਈ ਚੜੀ ਰਹੂ।
ਹਰਿੰਦਰ- ਸ਼ੱਸ਼ਸ਼ੀਅ। ਹੌਲੀ ਬੋਲੋ, ਦੀਪੂ ਸੁੱਤਾ ਪਿਐ।
ਅਜਮੇਰ- ਕਮਔਨ? ਐਨਾ ਚਿਰ? ਆਂਡਿਆਂ ਤੇ ਬੈਠੀ ਏਂ?
ਹਰਿੰਦਰ- ਪਾਠ ਕਰਦੀ ਆਂ। ਬੱਸ ਅਰਦਾਸ ਰਹਿੰਦੀ ਆ, ਨਿਬੇੜ ਕੇ ਆਉਂਦੀ ਆਂ। ਦਮ ਰੱਖੋ।
ਅਜਮੇਰ- ਆਜਾ? ਨਹੀਂ, ਛਿੱਤਰਾਂ ਨਾਲ ਲਾਹ ਕੇ ਲਿਆਊਂ ਠਾਹਾਂ। -ਜਦੋਂ ਦੇਖੀਏ ਗੁੱਟਕਾ ਚੁੱਕ ਕੇ ਬਹਿ ਜੂ। ਵੱਡੀ ਮੀਰਾ ਬਾਈ।
ਹਰਿੰਦਰ- ਲੈ ਆ ਗੀ, ਚੁੰਘ ਲੈ ਮੇਰਾ ਦੁੱਧ, ਜਿਹੜਾ ਚੁੰਘਣੈ? ਐਡੀ ਛੇਤੀ ਓਦਰ ਗਿਐ ਸੀ ਮੇਰੇ ਬਿਨਾਂ, ਦਰ ਵੜ੍ਹਦਿਆਂ ਨੇਰੀ ਲਿਆ ਤੀ? -ਮਸਾਂ-ਮਸਾਂ ਦੀਪੂ ਨੂੰ ਸਵਾਇਐ, ਜਗਾ ਦੇਣਾ ਸੀ ਨਾ ਹੁਣੇ ਈ?
ਅਜਮੇਰ- ਆਹ ਥੱਲੇ ਸਾਰੀਆਂ ਲਾਈਟਾਂ ਲਾਈਆਂ, ਮੋਤੀ ਪਰੋਣੇ ਸੀ?
ਹਰਿੰਦਰ- ਰਹਿਰਾਸ ਵੇਲੇ ਵਸਦੇ ਘਰ ਚ ਹਨੇਰਾ ਰੱਖਣਾ ਮਾੜਾ ਹੁੰਦੈ।
ਅਜਮੇਰ- ਬਿੱਲ ਤੇਰੇ ਬੁੜ੍ਹੇ ਨੇ ਦੇਣੈ?
ਹਰਿੰਦਰ- ਮੈਂ ਆਉਣਾ ਹੀ ਸੀ ਹੇਠਾਂ, ਦੀਪੂ ਨੂੰ ਸਮਾਉਣ ਗਈ ਸੀ। ਲੋਹੜਾ ਆ ਗਿਐ, ਜੇ ਬੱਤੀ ਜਗਦੀ ਰਹਿ ਗਈ? ਬਿਜ਼ਲੀ ਦੇ ਬਿੱਲ ਦੇਣ ਵੇਲੇ ਥੋਡੀ ਜਾਨ ਨਿਕਲਦੀ ਐ ਤੇ ਜਿਹੜਾ ਸ਼ਰਾਬ ਦੀਆਂ ਬੋਤਲਾਂ ਤੇ ਅੰਨ੍ਹੇਵਾਹ ਫਜ਼ੂਲ ਖਰਚਾ ਕਰਦੇ ਹੋ, ਉਹ ਤਾਂ ਤੁਹਾਡੇ ਚਿੱਤ-ਚੇਤੇ ਨਹੀਂ ਹੋਣਾ? -ਓ ਹੋ, ਤੁਹਾਡੇ ਤੋਂ ਮੁਸ਼ਕ ਕਿੰਨਾ ਆਉਂਦੈ। ਅੱਜ ਫੇਰ ਪੀ ਕੇ ਆ ਗਏ ਹੋਂ? ਕਦੇ ਤਾਂ ਨਾਂਗਾ ਪਾ ਲਿਆ ਕਰੋ? ਰੋਜ਼ ਦਾ ਹੀ ਕੰਮ ਆ ਥੋਡਾ ਤਾਂ ਹੁਣਤੁਸੀਂ ਨ੍ਹੀਂ ਬੰਦੇ ਬਣਨਾ।
ਅਜਮੇਰ- ਕਿਵੇਂ ਬੋਲੀ ਹੋਈ ਗਾਂ ਆਂਗੂੰ ਰੰਭਦੀ ਆ। ਰਿੰਗ ਨਾ ਬੁਹੱਤਾ। ਜਾਬਾਂ ਭੰਨ੍ਹ ਦੂੰ। ਤੇਰੇ ਪਿਉ ਦੀ ਨ੍ਹੀਂ ਪੀਤੀ।
ਹਰਿੰਦਰ- ਖਬਰਦਾਰ! ਮੇਰੇ ਪਿਉ ਨੂੰ ਮੰਦਾ-ਚੰਗਾ ਬੋਲਣ ਦੀ ਲੋੜ੍ਹ ਨ੍ਹੀਂ। ਤੁਸੀਂ ਮੇਰੇ ਨਾਲ ਗੱਲ ਕਰਦੇ ਹੁੰਦੇ ਹੋ ਤਾਂ ਮੇਰੇ ਮਾਪਿਆਂ ਨੂੰ ਵਿੱਚ ਖਿੱਚਣ ਦੀ ਕੋਈ ਜ਼ਰੂਰਤ ਨਹੀਂ, ਮੈਂ ਦੱਸ ਦਿਆਂ।
ਅਜਮੇਰ- ਨਾ ਮੇਰੀ ਕੀ ਲੱਤ ਤੋੜ ਦੇਂਵੇਗੀ?
ਹਰਿੰਦਰ- ਮੈਂ ਕੀ ਤੋੜਨੀ ਆ, ਆਪੇ ਤੜਾ ਲੋਂਗੇ ਜੇ ਆਹੀ ਲੱਛਣ ਰਹੇ ਤਾਂ। ਮੈਨੂੰ ਕੀ ਆ? ਬੋਲੀ ਚੱਲੋ। ਕਰੀ ਜਾਉ ਬਕਵਾਸ? ਤੁਹਾਡਾ ਹੀ ਮੂੰਹ ਗੰਦਾ ਹੁੰਦੈ। ਬਾਬੇ ਦੀ ਬਾਣੀ ਕਹਿੰਦੀ ਆ, ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ। ਫਿੱਕੇ ਫਿੱਕੀ ਸੱਦਿਐ, ਫਿੱਕੋ ਫਿੱਕੀ ਸੋਏ। 
ਅਜਮੇਰ- ਬੁੱਥੀ ਸੰਭਾਲ। ਬਾਅਲੀਆਂ ਮੱਤਾਂ ਨਾ ਦੇ। ਸਾਰਾ ਸੁਆਦ ਈ ਖਰਾਬ ਕਰੀ ਜਾਂਦੀ ਐ। ਸਰਦਾਰਾ ਦੇ ਪੁੱਤ ਪੀਂਦੇ ਹੀ ਹੁੰਦੇ ਨੇ। ਉਹ ਗਾਣਾ ਨ੍ਹੀਂ ਸੁਣਿਆ ਕਦੇ, ਦਿਨੇ ਠੇਕੇ, ਰਾਤ ਨੂੰ ਠਾਣੇ। ਨੀ ਵੈਅਲੀ ਪੁੱਤ ਸਰਦਾਰਾਂ ਦੇ।
ਹਰਿੰਦਰ- ਮੈਂ ਤਾਂ ਕੁੱਝ ਹੋਰ ਹੀ ਸੁਣਿਐ, ਫਿਰਦੇ ਵਜਾਉਂਦੇ ਛੈਣੇ, ਪੁੱਤ ਸਰਦਾਰਾਂ ਦੇ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ।
ਅਜਮੇਰ- ਤੇਰੀ ਮਾਂ ਦੀ.. (ਤੜਾਕ!) ਮੂਹਰੇ ਕਿਮੇਂ ਬੋਲਦੀ ਆ।
ਹਰਿੰਦਰ- ਨਾ ਹੁਣ ਥੱਪੜ ਮਾਰਨ ਦਾ ਕੀ ਕੰਮ ਸੀ? ਮੂੰਹ ਨਾ ਕਹੋ ਜੋ ਕਹਿਣੈ?
ਅਜਮੇਰ- ਟੰਬੇ ਖਾਏਂਗੀ ਚੁੱਪ ਕਰ ਜਾ।
ਹਰਿੰਦਰ- ਨਹੀਂ ਕਰਦੀ। ਲਾ ਲਉ ਜ਼ੋਰ ਜਿਹੜਾ ਲੱਗਦੈ?
ਅਜਮੇਰ- ਖੜ੍ਹ ਜਾ ਮੈਨੂੰ ਪਰਾਣੀ-ਪਰੁਣੀ ਲੱਭ ਲੈਣ ਦੇ ਤੇਰੇ ਛਾਂਗਦਾਂ ਗਿੱਟੇ ਧੌਲ-ਧੱਫਿਆਂ ਨਾਲ ਨ੍ਹੀਂ ਗੱਲ ਬਣਨੀ। ਸਾਰੇ ਸੋਟੇ, ਡਾਂਗਾਂ ਤਾਂ ਪਤਾ ਨਹੀਂ ਕਿੱਥੇ ਲਕੋਏ ਹੋਏ ਨੇ? ਕੋਈ ਨ੍ਹੀਂ, ਛੱਡਦਾ ਮੈਂ ਵੀ ਨ੍ਹੀਂ। -ਚੱਲ ਆਹ ਲੱਕ ਨਾਲ ਬੰਨ੍ਹੀ ਹੋਈ ਲੈਦਰ ਦੀ ਬੈਲਟ ਨਾਲ ਈ ਕਰਦਾਂ ਤੈਨੂੰ ਸੁਹਾਗਾ ਮਾਰੇ ਖੇਤ ਵਰਗੀ ਪੱਧਰ। ਲੈ ਹੁਣ ਬੋਲ ਕੇਰਾਂ, ਲਾਹਾਂ ਤੇਰੀ ਧੌੜੀ?
ਹਰਿੰਦਰ- ਮਾਫ ਕਰਦੋ ਜੀ। ਮਾਰਿਉ ਨਾ। ਚਮੜੇ ਦੀ ਬਾਹਲੀ ਓ ਸੱਟ ਲੱਗਦੀ ਆ। ਪਿਛਲੀ ਵੀਕ ਦੀਆਂ ਲਾਸ਼ਾਂ ਅਜੇ ਤੱਕ ਉਮੇਂ ਖੜ੍ਹੀਆਂ। ਆਹ ਲਉ ਥੋਡੇ ਪੈਰੀ ਪੈਂਨੀ ਆਂ। ਥੋਨੂੰ ਦੀਪੂ ਦੀ ਸੌਂਹ ਐ, ਜੇ ਮਾਰੋਂ! ਹੁਣ ਛੱਡ ਦੋ, ਮੁੜ ਕੇ ਨਹੀਂ ਕੁਸਕਦੀ।
ਅਜਮੇਰ- ਤੂੰ ਸਾਹ ਕੱਢ ਕੇ ਤਾਂ ਦੇਖੀਂ। ਜੇ ਨਾਈਫ ਨਾਲ ਜੀਭ ਨਾ ਵੱਡ ਤੀ ਤਾਂ ਕਹਿ ਦੀਂ। ਹਰ ਵੇਲੇ ਸਾਲੀ ਮਾਰਗਰੇਟ ਥੈਚਰ ਆਂਗੂੰ ਭਾਸ਼ਨ ਦਿੰਦੀ ਰਹੂ। - ਭੱਜ ਕੇ ਕਿੱਧਰ ਨੂੰ ਜਾਂਨੀ ਐਂ?
ਹਰਿੰਦਰ- ਜਾਣਾ ਮੈਂ ਕਿਹੜੀ ਡਿਜ਼ਨੀਲੈਂਡ ਨੂੰ ਆ? ਐਜ਼ ਦੇ ਸੇਅ ਵੂਮਿੰਨ ਸ ਪਲੇਸ ਇੰਨ ਕੀਚਿੰਨ। ਰਸੋਈ ਚ ਵੜਦੀ ਆਂ। ਆਟਾ ਗੁੰਨ੍ਹਾਂ। ਲੰਗਰ ਨ੍ਹੀਂ ਡੱਫਣਾ?
ਅਜਮੇਰ- ਦੂਰਰੱਰਆ! ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਦੁਰੱਅੱਰਰਾਅ।
ਹਰਿੰਦਰ- ਅੱਧੀ ਰਾਤ ਹੋਈ ਆ, ਲਲਕਾਰੇ ਨਾ ਮਾਰੋ। ਇੱਕ ਤਾਂ ਦੀਪੂ ਜਾਗ ਜੂ, ਮਸਾਂ ਸੁਆਇਐ। ਦੂਜਾ ਗੁਆਂਡੀਆਂ ਨੇ ਫੋਨ ਕਰਕੇ ਪੁਲੀਸ ਨੂੰ ਸੱਦ ਲੈਣੈ, ਕਹਿਣਗੇ ਇੰਡੀਅਨ ਸੌਣ ਨ੍ਹੀਂ ਦਿੰਦੇ ਖਰੂਦ ਪਾਉਂਦੇ ਆ।
ਅਜਮੇਰ- ਉਹਨਾਂ ਦੀ ਐਸੀ ਦੀ ਤੈਸੀ, ਪੁਲਸ ਬੁਲਾਉਂਦਿਆਂ ਦੀ। ਫੂਕ ਕੇ ਰੱਖ ਦੂੰ ਸਾਲਿਆਂ ਦਾ ਸਾਰਾ ਲੁੰਗ-ਲਾਣਾ। ਵਿੱਚੇ ਧੀ ਦੇਣੇ ਪੁਲਸੀਆਂ ਦੀ ਰੇਲ ਬਣਾ ਦੂੰ।
ਹਰਿੰਦਰ- ਹੁਣ ਕਿੱਧਰ ਦੀ ਤਿਆਰੀ ਕਰ ਲੀ? -ਬੈਕ ਗਾਰਡਨ ਚ ਕੀ ਕਰਨ ਜਾਣੈ? ਘਰ ਦੇ ਪਿਛਵਾੜੇ ਵਾਲਾ ਬੱਲਬ ਕਿੱਦਣ ਦਾ ਫਿਊਜ਼ ਆ, ਨੇਰੈ ਚ ਅੜ੍ਹਕ ਕੇ ਡਿੱਗ ਪਊਂਗੇ? ਕੋਈ ਸੱਟ-ਫੇਟ ਵੱਜੂ।
ਅਜਮੇਰ- ਹੂਅਰੱਰਾ! ਨਿਕਲੋ ਬਾਹਰ ਉਏ, ਥੋਡੀ ਫਰੰਗੀਆਂ ਦੀ।
ਹਰਿੰਦਰ- ਅੰਦਰ ਚੱਲੋ। ਕੀ ਜਲੂਸ ਕੱਢਣ ਲੱਗੇ ਓ? ਪੀਤੀ ਆ ਤਾਂ ਪਚਾ ਨਹੀਂ ਹੁੰਦੀ? ਖੌਰੂ ਕਿਉਂ ਪਾਉਂਦੇ ਹੋ? ਚਲੋ, ਲੋਕ ਤਮਾਸ਼ਾ ਦੇਖਦੇ ਨੇ।
ਅਜਮੇਰ- ਛੱਡ ਦੇ। ਰੋਕ ਨਾ। ਅੱਜ ਸਾਰੇ ਆਂਡੀ-ਗੁਆਂਡੀ ਮੈਂ ਘੜ ਕੇ ਗਜ਼ ਵਰਗੇ ਕਰ ਦੂੰ। ਅੱਕਾਂ ਦੇ ਭੰਬੂਆਂ ਵਾਂਗੂੰ ਉਡਾ ਦੂੰ ਸਭ ਨੂੰ। ਪੰਜਾਂ-ਦਸਾਂ ਨੂੰ ਹਸਪਤਾਲ ਭਰਤੀ ਕਰਵਾਏ ਬਿਨਾਂ ਨ੍ਹੀਂ ਮੈਂ ਟੱਲਦਾ। ਮੈਂ ਇਹਨਾਂ ਗੋਰਿਆਂ, ਗੂੰਹ ਦੇ ਬੋਰਿਆਂ ਨੂੰ ਹੱਥ ਦਿਖਾ ਦਮਾਂ। ਤੂੰ ਪਰ੍ਹੇ ਖੜ੍ਹ ਕੇ ਗਿਣੀ ਜਾਈਂ ਜਦੋਂ ਐਮਬੂਲੈਂਸਵਾਲੇ ਲਾਸਾਂ ਚੁੱਕਣਗੇ। ਬਾਸਟਰਡ, ਪੁਲਸ ਕਿਮੇਂ ਸੱਦਦੇ ਆ?
ਹਰਿੰਦਰ- ਉਹਨਾਂ ਨੇ ਕਿਹੜਾ ਸੱਦ ਲੀ। ਮੇਰੀ ਹੀ ਜੁਬਾਨ ਨ੍ਹੀਂ ਰਹੀ। ਮੈਂ ਤਾਂ ਉਈਂ ਕਿਹਾ ਸੀ, ਬਈ ਸੱਦ ਸਕਦੇ ਆ। ਚਲੋ ਅੰਦਰ। ਠੰਡ ਦੇਖੋ ਕਿੰਨੀ ਆ। ਕਿਸੇ ਨੇ ਕਿਸੇ ਨੂੰ ਨਹੀਂ ਸੱਦਿਆ।
ਅਜਮੇਰ- ਸੱਦ ਕੇ ਤਾਂ ਦਿਖਾਉਣ। ਅਸੀਂ ਆਪਦੇ ਘਰੇ ਚਾਹੇ ਕੰਜਰੀਆਂ ਨਚਾਈਏ, ਕਿਸੇ ਦੇ ਕੀ ਮਖਿਆਲ ਲੜ੍ਹਦੈ? -ਉਹ ਡੇਵਡਾ, ਜੇ ਹਿੰਮਤ ਆ ਤਾਂ ਨਿਕਲ ਬਾਹਰ ਉਏ। ਆ ਦੇਖ ਤੇਰੀ ਮਾਂ ਦਾ ਖਸਮ ਖੜ੍ਹੈ। ਤੇਰੀ ਵੱਡੇ ਸੂਰਮੇ ਦੀ। -ਦੇਖਿਐ? ਡਰਦਾ ਬਾਹਰ ਨ੍ਹੀਂ ਆਇਆ। ਜਨਾਨੀ ਦੀ ਬੁੱਕਲ ਚ ਲੁੱਕਿਆ ਬੈਠਾ, ਅੰਦਰ ਮੋਕ ਮਾਰੀ ਜਾਂਦਾ ਹੋਣੈ। -ਇਹਨਾਂ ਦੀ ਬਾਰਬੀ(ਬਾਰਬਰਾ) ਦੀ ਮੈਂ ਇੱਕ ਆਰੀ ਪੱਬ ਚ ਬਾਂਹ ਫੜ੍ਹ ਲਈ ਸੀ, ਪੰਜਾਹ ਗੋਰੇ ਖੜ੍ਹੇ ਸੀ ਉਦਣ ਉੱਥੇ। ਮੈਂ ਕੱਲਾ ਈ ਇੰਡੀਅਨ ਸੀ। ਕਿਸੇ ਦੀ ਹਿੰਮਤ ਨਹੀਂ ਸੀ ਪਈ ਮੇਤੋਂ ਉਹਦਾ ਗੁੱਟ ਛੁਡਾਉਣ ਦੀ। ਡੇਵਿਡ ਤਾਂ ਖੜ੍ਹਾ ਥਰ-ਥਰ ਕੰਬੀ ਜਾਂਦਾ ਸੀ। ਆਉ ਬਾਹਰ ਉਏ, ਭੈਣ ਦਿਉ ਕੁੱਤਿਉ ਕਰੋ ਜਵਾਈ ਨਾਲ ਮਿਲਣੀ!
ਹਰਿੰਦਰ- ਮਖਿਆ, ਆਉ ਵੀ ਅੰਦਰ। ਡੰਡ ਨਾ ਪਾਇਆ ਕਰੋ। ਆਪਣੀ ਕੋਈ ਦੁਸ਼ਮਣੀ ਆ ਉਹਨਾਂ ਨਾਲ?
ਅਜਮੇਰ- ਹੈ ਕਿਉਂ ਨ੍ਹੀਂ? ਮੈਂ ਤਾਂ ਜਲਿਆਵਾਲੇ ਬਾਗ ਦਾ ਬਦਲਾ ਲੈਣਾ। ਭਾਜੀ ਪਾ ਕੇ ਇਹ ਅੰਗਰੇਜ਼ ਜਾਣਗੇ ਕਿੱਥੇ? ਮੈਂ ਤਾਂ ਕਰ ਦੂੰ ਇਹਨਾਂ ਦੀ ਨਸਲ ਖਰਾਬ।
ਹਰਿੰਦਰ- ਰਹਿਣ ਦੋ, ਵੱਡੇ ਊਧਮ ਸਿੰਘ ਬਣਦੇ ਆ।
ਅਜਮੇਰ- ਤੇਰਾ ਭਾਈ ਤਾਂ ਨਹੀਂ ਆਉਂਦਾ, ਓ ਬਾਬਰੀਏ (ਬਰਾਬਰਾ) ਤੂੰ ਹੀ ਨਿਕਲਿਆ! ਤੈਥੋਂ ਵਾਰ ਕੇ ਵਿਸਕੀ ਪੀਵਾਂ। ਨੀ, ਇੱਕ ਪਲ ਵਿੱਚ ਸਦੀਆਂ ਜੀਵਾਂ। ਹਾਅਤ!
ਹਰਿੰਦਰ- ਬਥੇਰੇ ਬੱਕਰੇ ਬੁਲਾ ਲਏ। ਬਸ ਕਰੋ। -ਹਾਂ ਆਏਂ ਬੀਬੇ ਬਣ ਕੇ ਆਖੇ ਲੱਗ ਜਿਆ ਕਰੋ। ਵੜ੍ਹ ਚੱਲ ਘਰੇ। -ਹੁਣ ਕੀ ਹੋ ਗਿਐ, ਬਰੈਕਾਂ ਲਾ ਲਈਆਂ?
ਅਜਮੇਰ- ਨਹੀਂ ਬਈ, ਮੈਂ ਤੈਥੋਂ ਪਹਿਲਾਂ ਅੰਦਰ ਨ੍ਹੀਂ ਜਾਣਾ। ਗੋਰਿਆਂ ਦੇ ਕਹਿਣ ਆਂਗੂੰ ਲੇਡੀਜ਼ ਫੱਸਟ।
ਹਰਿੰਦਰ- ਠੀਕ ਐ, ਮੈਂ ਪਹਿਲਾਂ ਵੜ੍ਹਦੀ ਆਂ। ਆਜੋ ਆਜੋ, ਸੰਗੋ ਨਾ। ਲਿਆਉ ਡੋਰ ਬੰਦ ਕਰਕੇ ਜ਼ਿੰਦਾ ਲਾ ਦਇਏ। ਸ਼ਾਬਾਸ਼ ਦੈਟਸ ਮੋਰ ਲਾਇਕ ਇੱਟ।
ਅਜਮੇਰ- ਗੌਰਮੈਂਟ ਜੀ! ਆਹ ਸੋਫਾ ਵਿਹਲਾ ਪਿਐ, ਬਹਿ ਜਾਂ ਏਥੇ?
ਹਰਿੰਦਰ- ਆਹੋ, ਹੋਰ ਬਾਜੇ ਆਲੇ ਸੱਦਾਂ, ਉਹਨਾਂ ਦੇ ਆਇਆਂ ਤੋਂ ਬੈਠੋਂਗੇ? -ਰੋਟੀ ਖਾਣੀ ਆ?
ਅਜਮੇਰ- ਖਾਣੀ ਕਿਉਂ ਨ੍ਹੀਂ? ਮੇਰਾ ਬਰਤ ਰੱਖਿਆ ਵਿਐ?
ਹਰਿੰਦਰ- ਚੰਗਾ ਹਿੱਲਿਓ ਨਾ। ਅਈਥੇ ਹੀ ਬੇਠੇ ਰਹੀਓ। ਮੈਂ ਰੋਟੀ ਲਾਹੁਣ ਲੱਗਦੀ ਆਂ।
ਅਜਮੇਰ- ਨਹੀਂ। ਅੜਕ ਜਾਹ, ਮਾੜਾ ਜਿਹਾ ਡੱਬਾ-ਡੂਬਾ ਲਾ ਲੈਣ ਦੇ।
ਹਰਿੰਦਰ- ਕਸਰ ਆ ਅਜੇ?- ਅੱਗੇ ਈ ਟੱਲੀ ਹੋ ਕੇ ਆਏ ਓ। ਕੀ ਲੋੜ੍ਹ ਸੀ ਘਰ ਆਉੁਣ ਦੀ? ਪੱਬ ਚ ਈ ਰਹਿਣ ਲੱਗ ਜੋ। ਰੱਜੇ ਤਾਂ ਰਹੋਂਗੇ?
ਅਜਮੇਰ- ਜਿੰਨੀ ਪੀਤੀ ਸੀ ਉਹ ਤਾਂ ਲਹਿ ਗਈ ਸਾਉਰੇ ਦੀ, ਬੈਠੀ ਆ ਹਲੇ ਤਾਈਂ। ਇੰਡੀਅਨਾਂ ਦੇ ਪੱਬਾਂ ਦੀ ਬੀਅਰ ਕਾਹਦੀ ਆ? ਪਾਣੀ ਪਾ ਕੇ ਨਿਰੀ ਲੱਸੀ ਈ ਬਣਾਈ ਪਈ ਹੁੰਦੀ ਆ। ਗਲਾਸੀ ਲਾਏ ਬਿਨਾਂ ਨ੍ਹੀਂ ਗੱਲ ਬਣਨੀ। -ਆ ਡਰਾਅ ਚ ਖਾਲੀ ਬੋਤਲ ਕਾਸਨੂੰ ਰੱਖੀ ਪਈ ਆ?
ਹਰਿੰਦਰ- ਮੈਨੂੰ ਕੀ ਪਤੈ? ਮੈਂ ਥੋੜਾ ਪੀਂਦੀ ਆਂ। ਤੁਸੀਂ ਜਾਣੋ, ਥੋਡਾ ਕੰਮ ਜਾਣੇ। -ਮੈਂ ਤੜਕੇ ਦੀ ਉੱਠੀ ਹੋਈ ਆਂ। ਸਵੇਰ ਦੀ ਮੰਜੇ ਨਾਲ ਪਿੱਠ ਲਾ ਕੇ ਨ੍ਹੀਂ ਦੇਖੀ। ਸੌਣੈ ਮੈਂ ਵੀ। ਤੋਰੀ-ਫੁਲਕਾ ਛਕੋ ਤੇ ਪੈਣ ਦੀ ਕਰੋ।
ਅਜਮੇਰ- ਲਾਹ ਲੈ ਫੇਰ। ਗੱਲ ਸੁਣੀ? ਕੁਸ਼ ਨ੍ਹੀਂ ਕੁਸ਼ ਚੱਲ ਇਉਂ ਕਰ ਰਹਿਣ ਦੇ ਰੋਟੀ ਨੂੰ ਭੁੱਖ ਨ੍ਹੀਂਪੱਬ ਚ ਭੁੰਨ੍ਹੇ ਹੋਏ ਸਟੇਕ ਜਿਹੇ ਖਾਹ ਲੇ ਸੀਗੇ।
ਹਰਿੰਦਰ- ਇਸ ਬੰਦੇ ਦੀਆਂ ਵੀ ਸਲਾਹਾਂ ਨ੍ਹੀਂ ਬਣਦੀਆਂ।
ਅਜਮੇਰ- ਚੰਗਾ ਭਾਗਵਾਨੇ ਮੈਂ ਉੱਤੇ ਚੱਲਦਾਂ ਦੀਪੂ ਕੋਲ, ਤੂੰ ਵੀ ਛੇਤੀ ਆਜੀਂ। ਚੁੱਲੇ-ਚੌਂਕੇ ਦਾ ਕੰਮ ਮੁਕਾ ਕੇ।
ਹਰਿੰਦਰ- ਧਿਆਨ ਨਾਲ ਬਚ ਕੇ ਜਾਇਓ।
ਅਜਮੇਰ- ਤੂੰ ਮੈਨੂੰ ਸ਼ਰਾਬੀ ਸਮਝਦੀ ਏਂ?
ਹਰਿੰਦਰ- ਦੇਖਿਐ? ਮੈਂ ਕਿਹਾ ਸੀ ਨਾ? ਲੱਗੇ ਸੀ ਡਿੱਗਣ ਭੰਨ੍ਹ ਦੇਣਾ ਸੀ ਟੀ ਵੀ ਹੁਣੇ ਈ। ਅਜੇ ਤਾਂ ਇਹਦੀਆਂ ਕਿਸਤਾਂ ਵੀ ਨਹੀਂ ਉਤਾਰ ਹੋਈਆਂ। ਸੰਭਲ ਕੇ ਚੜ੍ਹਿਓ ਪੌੜੀਆਂ? ਸਿੱਧੇ ਬੈੱਡਰੂਮ ਚ ਜਾ ਕੇ ਦੀਪੂ ਨਾਲ ਪੈ ਜੀਉ। ਦੇਖ ਕੇ ਪਇਉ, ਮੁੰਡੇ ਦੀ ਲੱਤ-ਬਾਂਹ ਤੇ ਨਾ ਭਾਰ ਦੇ ਦਿਉ। ਮੈਂ ਦਾਲ ਨਾਲ ਦੋ ਬਰੈੱਡਾਂ ਖਾਹ ਕੇ ਥੋਡੇ ਮਗਰੇ ਆਈ।
ਅਜਮੇਰ- ਦੀਪੂ? ਪੁੱਤ ਸੁੱਤਾ ਪਿਐਂ, ਹੈਂ? ਓ ਮੇਰਾ ਲਾਡੀ ਮੇਰਾ ਸੋਨਾ ਮੇਰਾ ਮੋਤੀ ਮੇਰਾ ਹੀਰਾ ਗਹਿਰੀ ਨੀਂਦ ਵਿੱਚ ਲੱਗਦੈ? ਮੈਂ ਤਾਂ ਆਪਦੇ ਦੀਪੂ ਪੁੱਤ ਨਾਲ ਖੇਲਣਾ ਸੀ। ਲਾਡ-ਬਾਡੀਆਂ ਕਰਨੀਆਂ ਸੀ। ਝੂਟੇ-ਮਾਟੇ ਦੇਣੇ ਸੀ। -ਖੈਰ ਕੋਈ ਨ੍ਹੀਂ ਪੁੱਤਰਾ, ਸਵੇਰੇ ਸਹੀ। ਤੈਨੂੰ ਕੱਚੀ ਨੀਂਦੇ ਨ੍ਹੀਂ ਜਗਾਉਣਾ। ਅੱਧੀ ਰਾਤ ਹੋਈ ਪਈ ਆ- ਮੈਂ ਵੀ ਸੌਂ ਜਾਂਨੈ।
ਹਰਿੰਦਰ- (ਲੈ ਖਾਂ! ਮੰਜੇ ਤੇ ਇੰਝ ਮੂਧਾ ਹੋਇਆ ਪਿਐ, ਜਿਵੇਂ ਵੱਢ ਕੇ ਚਰੀ ਦੀ ਭਰੀ ਟਰਾਲੀ ਚ ਸਿੱਟੀ ਹੁੰਦੀ ਹੈ। ਮਸਾਂ-ਮਸਾਂ ਉਡੀਕਦੀ ਨੂੰ ਰਾਤ ਆਉਂਦੀ ਐ ਤੇ ਇਹ ਸਾਹਬ ਬਹਾਦਰ ਘਰੇ ਆਉਂਦੇ ਈ ਪਿੱਠ ਮਰੋੜ ਕੇ ਸੌਂ ਜਾਣਗੇ। ਬੰਦਾ ਕੋਈ ਕਬੀਲਦਾਰੀ ਦੀ ਗੱਲ ਈ ਕਰੇ। ਤੀਵੀਂ ਨਾਲ ਦੁੱਖ-ਸੁੱਖ ਸਾਂਝਾ ਕਰੇ। ਤੜਕੇ ਉੱਠਦਾ ਈ ਘਰੋਂ ਕੰਮ ਤੇ ਚਲਿਆ ਜਾਂਦੈ। ਸਾਰੀ ਦਿਹਾੜੀ ਆਏਂ ਫੋਕੀ ਨਿਕਲ ਜਾਂਦੀ ਆ। ਆਥਣ ਨੂੰ ਉਥੋਂ ਫੈਕਟਰੀਉਂ ਹੱਟਦਾ ਸਿੱਧਾ ਈ ਪੱਬ ਚ ਵੜ੍ਹ ਜਾਂਦੈ। ਰਾਤ ਚਾੜ ਕੇ ਘਰ ਨੂੰ ਆਉਂਦੈ। ਬਿੰਦ ਵਿੱਚ ਦੀ ਘਰਾੜੇ ਮਾਰਨ ਲੱਗ ਜੂ। ਕੀ ਕਰਾਂ? ਗੱਲ ਵੀ ਜ਼ਰੂਰੀ ਐ। ਉਠਾਲ ਲੈਨੀ ਆ। ਠਹਿਰ ਕੇ ਲਾਹ ਲਊ ਨੀਂਦ। ਪੱਬ ਚ ਬੈਠਾ ਤਾਸ਼ ਈ ਕੁੱਟਦਾ ਸੀ, ਕਿਹੜਾ ਹੱਲਟ ਹੱਕਦਾ ਆਇਐ।)
ਅਜਮੇਰ- ਕੀ ਬਿੱਲੀ ਆਂਗੂੰ ਪਰਚਾਂਡੇ ਜਿਹੇ ਮਾਰੀ ਜਾਨੀ ਆ? ਸੌਂ ਲੈਣ ਦੇ?
ਹਰਿੰਦਰ- ਆ ਹਾ! ਦਰ ਵੜ੍ਹਦਿਆਂ ਥੋਨੂੰ ਨੀਂਦ ਆਉਣ ਲੱਗ ਜਾਂਦੀ ਆ, ਪੱਬ ਵਾਲੇ ਚਾਹੇ ਸਾਰੀ ਰਾਤ ਬਹਾਈ ਰੱਖਦੇ, ਹਿੱਲਣ ਦਾ ਨਾਂ ਨ੍ਹੀਂ ਲੈਣਾ ਉਥੋਂ?
ਅਜਮੇਰ- ਤੈਂ ਜਗਾ ਕੇ ਮੈਥੋਂ ਕੀ ਕਸੀਦਾ ਕਢਾਉਣੈ?
ਹਰਿੰਦਰ- ਸੁਣੋ ਜੀ। ਅੱਜ ਮੇਰੇ ਛੋਟੇ ਭਰਾ, ਲੱਖੇ ਦਾ ਫੋਨ ਆਇਆ ਸੀ। ਉਹ ਜਰਮਨ ਤੱਕ ਤਾਂ ਪਹੁੰਚ ਗਿਐ। ਛੇ ਮਹਿਨੇ ਹੋ ਚੱਲੇ ਨੇ ਘਰੋਂ ਬੇਘਰ ਹੋਏ ਨੂੰ। ਕਹਿੰਦਾ ਸੀ, ਭੈਣ ਜੀ ਦੋ ਹਜ਼ਾਰ ਪੌਂਡ ਹੋਰ ਭੇਜ ਦੋ। -ਉਹਨੇ ਕਿਸੇ ਬੰਦੇ ਨਾਲ ਗੱਲ ਕਰੀ ਹੋਈ ਐ, ਜਿਹੜਾ ਉਹਨੂੰ ਆਪਣੀ ਲੌਰੀ ਚ ਲਕੋ ਕੇ ਫੇਅਰੀ ਰਾਹੀਂ ਡੋਬਰ ਤੱਕ ਲੈ ਆਉ। ਅੱਗੋਂ ਇੱਥੇ ਆਏ ਨੂੰ ਆਪਾਂ ਸਾਂਭ ਲਵਾਂਗੇ। ਕਿਸੇ ਤਣ ਪੱਤਣ ਲੱਗ ਜੂ। ਭੁੱਬਾਂ ਮਾਰ-ਮਾਰ ਰੋਂਦਾ ਸੀ। ਅਖੇ, ਕਈ ਦਿਨਾਂ ਦਾ ਭੁੱਖਾਂ। -ਦਿਨ-ਰਾਤ ਹੋਟਲਾਂ ਚ ਭਾਂਡੇ ਮਾਂਜਣੇ ਪੈਂਦੇ ਨੇ।
ਅਜਮੇਰ- ਇੱਥੇ ਆ ਕੇ ਕਿਹੜਾ ਪ੍ਰਧਾਨ ਮੰਤਰੀ ਬਣ ਜੂ। ਅਹੇ ਜਿਹਾ ਦਿਹਾੜੀ-ਦੱਪਾ ਉਹਨੂੰ ਇੱਥੇ ਕਰਨਾ ਪਊ। -ਕੰਨਾਂ ਚੋਂ ਮੈਲ ਕੱਢ ਕੇ ਸੁਣ ਲੈ, ਤੇਰੇ ਭਾਈ ਨੂੰ ਦੇਣ ਲਈ ਮੇਰੇ ਕੋਲ ਤਾਂ ਫੁੱਟੀ ਕੌਡੀ ਨ੍ਹੀਂ। ਮੇਰੀ ਮਸ਼ੀਨ ਲਾਈ ਹੋਈ ਆ ਬਈ ਨੋਟ ਛਾਪ-ਛਾਪ ਦਈ ਚੱਲਾਂ? ਛੇ ਹਜ਼ਾਰ ਪੌਂਡ ਤਾਂ ਪਹਿਲਾਂ ਹੀ ਦਈ ਬੈਠਾਂ।
ਹਰਿੰਦਰ- ਦੇਖ ਲਉ, ਕਿਸੇ ਖੱਲ-ਖੂੰਝੇ ਚ ਹੱਥ-ਪੈਰ ਮਾਰ ਕੇ? ਆਪਣੇ ਬਿਨਾਂ ਉਹਦਾ ਪਰਦੇਸਾਂ ਚ ਕੌਣ ਆ? ਤੁਸੀਂ ਹੀ ਬਾਂਹ ਫੜ੍ਹਨੀ ਆ ਉਹਦੀ।
ਅਜਮੇਰ- ਏਜੰਟਾਂ ਦੇ ਢਹੇ ਮੈਥੋਂ ਪੁੱਛ ਕੇ ਚੜ੍ਹਿਆ ਸੀ? ਇੰਡੀਆ ਚ ਐਸ਼ ਕਰਦੇ ਨੇ ਅੱਡੀਆਂ ਚੁੱਕ ਕੇ ਫਾਹਾ ਲਿਐ। ਉਥੇ ਤਾਂ ਹੱਗਣ ਵੀ ਹੀਰੋ-ਹੌਂਡੇ ਤੇ ਜਾਂਦਾ ਸੀ। ਹੁਣ ਹੋਣ ਦੇ ਔਖਾ, ਤਾਂ ਹੀ ਅਕਲ ਆਊ। ਜਿੰਨੀ ਲੱਗੂ ਸੱਟ, ਓਨੇ ਨਿਕਲਣਗੇ ਵੱਟ।
ਹਰਿੰਦਰ- ਨਾ ਜੀ, ਇੰਝ ਨਾ ਕਹੋ। ਰੱਬ ਦਾ ਵਾਸਤੈ। ਤਰਸ ਖਾਉ ਮੇਰੇ ਵੀਰ ਤੇ।
ਅਜਮੇਰ- ਮੈਂ ਕਹਿਨਾਂ ਉਹ ਮੇਰੇ ਤੇ ਤਰਸ ਖਾਵੇ। -ਮੈਨੂੰ ਤਾਂ ਤੇਰੇ ਮਾਪਿਆਂ ਨੇ ਕੰਗਾਲ ਕਰਕੇ ਰੱਖ ਤਾ। ਖੁਦਾ-ਨਾਖਾਸਤਾ ਜੇ ਕੱਲ੍ਹ ਨੂੰ ਕੋਈ ਬਿਪਤਾ ਆ ਪਵੇ ਤਾਂ ਵਰਤਣ ਨੂੰ ਪੱਲੇ ਇੱਕ ਵੀ ਖੋਟਾ ਸਿੱਕਾ ਨ੍ਹੀਂ ਆਪਣੇ ਕੋਲ।
ਹਰਿੰਦਰ- ਮੈਂ -ਕਹਿੰਦੀ -ਸੀ, ਨਿਆਣੇ ਦੇ ਚਾਈਲਡ-ਬੈਨੀਫਿੱਟ ਦਾ ਬੈਂਕ ਚ ਤਿੰਨ ਹਜ਼ਾਰ ਜਮ੍ਹਾ ਪਿਐ। ਉਹ ਕੱਢਵਾ ਕੇ ਪਾ ਦਿੰਨੇ ਆ। ਲੱਖਾ ਵੀਰਾ ਇੱਥੇ ਆ ਕੇ ਇੱਕ ਨਿੱਕੀ ਪੈਨੀ ਨੀ੍ਹਂ ਰੱਖਦਾ, ਕੰਮ ਕਰਕੇ ਸਾਰੇ ਮੋੜ ਦੂ।
ਅਜਮੇਰ- ਪਹਿਲਾਂ ਪਿਛਲੇ ਤਾਂ ਮੋੜ ਦੇਵੇ। ਸਰਕਾਰ ਮਾਪਿਆਂ ਨੂੰ ਚਾਈਲਡ-ਬੈਨੀਫਿੱਟ ਬੱਚੇ ਦੇ ਖਰਚੇ ਲਈ ਦਿੰਦੀ ਐ ਤੇ ਉਹ ਬੱਚੇ ਉੱਤੇ ਹੀ ਖਰਚ ਹੋਣੇ ਚਾਹੀਦੇ ਨੇ। ਥੋੜੇ-ਥੋੜੇ ਕਰਕੇ ਮੈਂ ਇਸ ਲਈ ਜੋੜਦਾਂ ਬਈ ਦੀਪੂ ਦੇ ਵੱਡੇ ਹੋਏ ਦੇ ਕੰਮ ਆਉਣ। ਕੱਲ੍ਹ ਨੂੰ ਆਪਾਂ ਉਹਦਾ ਵਿਆਹ ਵੀ ਕਰਨੈ, ਕਿ ਨਹੀਂ? ਤੇਰੇ ਡੇਲੇ ਕੱਢ ਦੂੰ ਜੇ ਉਹਨਾਂ ਪੌਂਡਾਂ ਕੰਨੀ ਝਾਕੀ ਏਂ ਤਾਂ। ਮੈਨੂੰ ਥੋਡੇ ਘਰਦਿਆਂ ਦੀ ਸਮਝ ਨ੍ਹੀਂ ਲੱਗਦੀ, ਕੁੜੀਆਂ ਨੂੰ ਦੇਈਦਾ ਹੁੰਦੈ ਕਿ ਲਈਦੈ? ਪਿਛਲੇ ਜਮਾਨਿਆਂ ਵਿੱਚ ਸਿਆਣਿਆਂ ਨੇ ਕੁੜੀ ਦੇ ਘਰ ਦਾ ਪਾਣੀ ਨਾ ਪੀਣਾ। ਪਰ ਇੱਥੇ ਤਾਂ ਉਲਟੀ ਗੰਗਾ ਹੀ ਵਹਿੰਦੀ ਆ। ਤੂੰ ਹਰ ਵੇਲੇ ਪੇਕਿਆ ਦਾ ਟੌਰ ਚੱਕਦੀ ਰਹਿੰਦੀ ਏਂ। ਉਹਨਾਂ ਨੇ ਕਦੇ ਕੁਸ਼ ਕਰਿਐ?
ਹਰਿੰਦਰ- ਹੋਰ ਏਦੂੰ ਪਰ੍ਹੇ ਉਹ ਕੀ ਕਰ ਦੇਣ? ਉਹਨਾਂ ਨੇ ਮੈਨੂੰ ਪਾਲਿਐ-ਪੋਸਿਐ, ਪੜ੍ਹਾਇਐ-ਲਿਖਾਇਆ, ਵਿਆਹਿਐ।
ਅਜਮੇਰ- ਕਿਵੇਂ ਸੰਘ ਪਾੜਦੀ ਐ? ਨੀਵਾਂ ਬੋਲ ਦੀਪੂ ਨਾ ਉੱਠ ਜੇ। ਤੇਰੇ ਮਾਪਿਆਂ ਨੇ ਕੀ ਦੁਨੀਆਂ ਤੋਂ ਅਲਿਹਦਾ ਕਰ ਦਿੱਤੈ? ਸਾਰਾ ਜੱਗ ਇਵੇਂ ਕਰਦੈ।
ਹਰਿੰਦਰ- ਜਾਣੀ ਤੁਸੀਂ ਮੇਰੇ ਭਰਾ ਦੀ ਕੋਈ ਮਦਦ ਨ੍ਹੀਂ ਕਰਨੀ? ਠੀਕ ਆ ਫੇਰ। ਹੁਣ ਗੱਲਾਂ ਈ ਦੋ ਹੋਣਗੀਆਂ, ਜਾਂ ਤਾਂ ਤੁਸੀਂ ਪੌਂਡ ਭੇਜ ਦੋ। ਨਹੀਂ, ਥੋਡੀ ਮੇਰੀ ਸਾਸਰੀਅਕਾਲ ਐ। ਨਾ ਤੁਸੀਂ ਮੇਰੇ ਕੁੱਝ ਲੱਗਦੇ ਓ, ਨਾ ਮੈਂ ਥੋਡੀ। ਖਾਹ ਲਿਓ ਮੈਥੋਂ ਪਰੌਠੇ! ਮੈਂ ਵੀ ਵਾਈਫ ਵਾਲੀ ਕੋਈ ਡਿਊਟੀ ਪੂਰੀ ਨਹੀਂ ਕਰਨੀ! 
ਅਜਮੇਰ- ਮੈਨੂੰ ਦਾਬੇ ਦਿੰਦੀ ਏਂ? ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ। ਜੇ ਮੈਂ ਪੈਸੇ ਦੇ ਕੇ ਸਭ ਕੁੱਝ ਕਰਾਉਣੈ ਤਾਂ ਤੈਥੋਂ ਫੇਰ ਮੈਂ ਬੜੇਵੇਂ ਲੈਣੇ ਆ, ਕੋਈ ਖੋਏ ਦੀ ਬਰਫੀ ਵਰਗੀ ਮੇਮ ਨਾ ਘਰੇ ਰੱਖੂੰ? ਟਿੰਡ-ਫੌਹੜੀ ਚੁੱਕ ਤੇ ਏਸੇ ਵੇਲੇ ਮੇਰੇ ਘਰੋਂ ਨਿਕਲ ਜਾ। ਫੱਕ-ਔਫ! ਉੱਠ ਖੜ੍ਹ? ਆਪਦੇ ਭਰਾ ਕੋਲ ਈ ਤੁਰ ਜਾ। ਵਗ ਜਾ ਵਗ। ਮੈਂ ਕੀ ਕਹਿੰਨਾਂ? ਮੈਂ ਲੜਾਈ ਤੋਂ ਟਲਦਾ ਸੀ ਬਈ ਦੀਪੂ ਸੁੱਤਾ ਪਿਐ। ਪਰ ਲਾਤੋਂ ਕੇ ਭੂਤ ਬਾਤੋਂ ਸੇ ਕਬ ਮਾਨਤੇ ਹੈਂ? ਛਤਰੌਲ ਫੇਰਨਾ ਈ ਪਊ ਤੇਰੇ। ਲਿਆ ਫੇਰ, ਦੇ ਈ ਦਵਾਂ ਤੈਨੂੰ ਦਾਖੂ ਦਾਣਾ। ਹੈਂਅ! ਹੂੰਅ!! ਘਸੁੰਨਾਂ ਨਾਲ ਖੜਕੈਂਤੀ ਕਰਨ ਦਾ ਸੁਆਦ ਨ੍ਹੀਂ ਆਉਂਦਾ। ਗੋਡੇ ਮਾਰ-ਮਾਰ ਠੋਕਦਾਂ ਤੇਰੀ ਕੰਡ। ਗੁੱਝੀ ਸੱਟ ਪਵਾਉਂਦੀ ਆ ਅਸਲੀ ਚੀਕਾਂ!
ਹਰਿੰਦਰ- ਹਾਏ ਹਈ ਮਰਗੀ ਅਈ ਬੀਬੀ ਲੋਕੋ ਵੇ, ਬਚਾ ਲਉ ਕਮਲਾ ਜੱਟ ਆਂਡੇ ਆਂਗੂੰ ਫੈਂਟੀ ਜਾਂਦੈ ਮੈਨੂੰ।
ਅਜ਼ਮੇਰ- ਤੇਰੀ ਮਾਂ ਭੈਣ ਚੋ ਸਾਲੀ ਦੇ ਬਹੁਤੇ ਹੀ ਖੰਭ ਨਿਕਲਦੇ ਆਉਂਦੇ ਨੇ। ਗਾਟਾ ਵੱਢਦੂੰ ਮੈਂ। ਕਿੱਦਣ ਦਾ ਮੂੰਹ ਅਲੀ ਝਾਕਦਾਂ। ਤੇਰਾ ਵੀ ਕਸੂਰ ਨ੍ਹੀਂ। ਚਿਰ ਹੋ ਗਿਆ ਸੀ ਵੱਜੀਆਂ ਨੂੰ। ਤੈਨੂੰ ਤਾਂ ਦੂਏ-ਤੀਏ ਦਿਨ ਡੋਜ਼ ਮਿਲਦੀ ਰਹੇ, ਫੇਰ ਲੋਟ ਰਹਿੰਦੀ ਏਂ। ਤੇਰੀ ਢੂਹੀ ਤੇ ਖਾਜ ਹੁੰਦੀ ਸੀ, ਹੋਰ ਕੁਸ਼ ਨ੍ਹੀਂ। ਜਨਾਨੀ ਨੂੰ ਅੱਖ ਦੀ ਘੂਰ ਬਥੇਰੀ ਹੁੰਦੀ ਐ। ਕਾਹਨੂੰ? ਏਨੀਆਂ ਕੁ ਲੱਤਾਂ-ਮੁੱਕੀਆਂ ਨਾਲ ਤੇਰਾ ਕੀ ਬਣਿਐ? ਜਿਗਰਾ ਰੱਖ, ਹੇਠੋਂ ਸੰਮਾਂ ਆਲੀ ਡਾਂਗ ਸਰੋਂ ਦੇ ਤੇਲ ਚ ਭਿਉਂ ਕੇ ਲਿਆਉਂਨਾਂ ਤੇ ਮੁਰੰਮਤ ਕਰਦਾਂ ਤੇਰੀ। ਰੋਜ਼-ਰੋਜ਼ ਦਾ ਯੱਭ ਮੁਕਾ ਕੇ ਛੱਡੂੰ ਅੱਜ। 
ਹਰਿੰਦਰ- ਹਾੜੇ-ਹਾੜੇ! ਬਖਸ਼ ਦੋ ਜੀ। ਬਸ ਕਰੋ ਹੁਣ ਹੋਰ ਨਾ ਕੁੱਟੋ। ਜਾਨੋਂ ਮਾਰਨੈ ਮੈਨੂੰ? ਗਲਤੀ ਹੋ ਗਈ ਮੈਥੋਂ ਅਣਜਾਣ ਤੋਂ। ਸੌਰੀ-ਸੌਰੀ-ਸੌਰੀ ਜੀ। ਮੁੜ ਕੇ ਨ੍ਹੀਂ ਵੱਧ-ਘੱਟ ਬੋਲਦੀ। ਆਹ ਲਉ, ਥੋਡੇ ਪੈਰੀਂ ਪੈਨੀ ਆਂ। ਜਿਵੇਂ ਕਹੋਂਗੇ, ਉਵੇਂ ਕਰੂੰਗੀ।
ਦੀਪੂ- ਐਂ ਐਂ ਐਂ ਟੈਂਅ ਆਂ ਅੰਊਂ ਉਂਅ ਐ ਐਂ।
ਹਰਿੰਦਰ- ਝਾਕੋ? ਮੁੰਡੇ ਨੂੰ ਜਗਾ ਕੇ ਰੱਖ ਦਿੱਤੈ।
ਅਜਮੇਰ- ਮੈਂ ਕੀ ਕੀਤੈ? ਲੜਾਈ ਤਾਂ ਤੈਂ ਛੇੜੀ ਹੈ।
ਹਰਿੰਦਰ- ਕੀ ਹੋਇਆ ਮੇਰੇ ਪੁੱਤ ਨੂੰ। ਅਲੇ-ਅਲੇ-ਅਲੇ। ਰੋਣ ਕਿਉਂ ਲੱਗ ਪਿਐ। -ਨਾ ਮੇਰੇ ਬਿੱਲੇ ਚੁੱਪ ਕਰ ਜਾ।
ਅਜਮੇਰ- ਲਿਆ ਮੈਂ ਢਿੱਡ ਤੇ ਪਾ ਲੈਂਦਾਂ ਤੇ ਥਾਪੜ ਕੇ ਹੁਣੇ ਸੁਆ ਦਿੰਨੈਂ। -ਹੂੰਅ ਹੂੰਅ ਓਅ ਓਅ।
ਹਰਿੰੰਦਰ- ਮੈਂ ਲੋਰੀ ਸੁਣਾਉਂਦੀ ਆਂ । -ਮੇਰੇ ਬਾਲ ਮੇਰੇ ਲਾਲ, ਸੌਂ ਜਾ ਮੰਮੀ ਨਾਲ ਸੌਂ ਜਾ ਨੀਂਦੀਆ ਰਾਣੀ ਆ ਜਾ ਮੇਰੇ ਲਾਡਲੇ ਨੂੰ ਸੁਆ ਜਾ ਮੇਰੇ ਸੂਰਜ ਮੇਰੇ ਚੰਨ ਮੇਰੀਆਂ ਅੱਖਾਂ ਦੇ ਤਾਰੇ ਮੇਰੇ ਰਾਜ ਦੁਲਾਰੇ ਬੁੜਾਪੇ ਦੇ ਸਹਾਰੇਸੌਂ ਜਾ ਊਂ ਅ।
ਦੀਪੂ- --------------------------।
ਅਜਮੇਰ- ਲਉ ਜੀ ਸੌਂ ਗਿਐ, ਦੀਪੂ। ਐਧਰ ਹੋ, ਕੰਧ ਵੱਲ ਇੱਕ ਪਾਸੇ ਕਰਕੇ ਲਿਟਾ ਦੇਵਾਂ ਪੁੱਤ ਨੂੰ।
ਹਰਿੰਦਰ- (ਜਿੱਥੇ ਮਰਜ਼ੀ ਪਿਆ ਰਹਿ। ਮੈਂ ਤਾਂ ਪਿੱਠ ਕਰਕੇ ਪੈਂਦੀ ਆਂ। ਪਾਪੀਆਂ! ਤੈਨੂੰ ਜ਼ਿੰਦਗੀ ਭਰ ਨਹੀਂ ਬਲਾਉਣਾ। -ਨਿਆਣੇ ਦੇ ਭਵਿੱਖ ਦੀ ਚਿੰਤਾ ਨਾ ਹੁੰਦੀ ਤਾਂ ਡੰਗਰ ਬੰਦੇ ਤੋਂ ਕਦੇ ਨਾ ਐਨੀ ਕਪੱਤ ਕਰਾਉਂਦੀ। ਮੈਨੂੰ ਤਾਂ ਦੀਪੂ ਦਾ ਐ ਬਈ ਇਹਦੀ ਬਿਚਾਰੇ ਦੀ ਜ਼ਿੰਦਗੀ ਰੁਲ ਜੂ। ਮਸ਼ੋਰਾਂ ਵਾਂਗੂੰ ਫਿਰੂ। ਬੱਚੇ ਨੂੰ ਦੋਨਾਂ ਦੀ ਲੋੜ੍ਹ ਐ। ਇਕੱਲੀ ਮਾਂ ਜਾਂ ਇਕੱਲਾ ਪਿਉ, ਜੁਆਕ ਦੀ ਓਨੀ ਵਧੀਆ ਪਰਵਰਿਸ਼ ਨਹੀਂ ਕਰ ਸਕਦੇ, ਜਿੰਨੀ ਅੱਛੀ ਤਰ੍ਹਾਂ ਦੋਨੋਂ ਮੀਆਂ-ਬੀਵੀ ਰਲ੍ਹ ਕੇ ਕਰ ਸਕਦੇ ਹਨ। ਇਸੇ ਲਈ ਤਾਂ ਸਭ ਸਹੀ ਜਾਂਦੀ ਆਂ। ਨਹੀਂ, ਮੈਂ ਫੌਹੜੇ ਖਾਣ ਲਈ ਨ੍ਹੀਂ ਸੀ ਆਈ ਵਲੈਤ ਚ। ਆਏ ਦਿਨ ਛਿੱਤਰ ਖਾਹ-ਖਾਹ ਮੇਰਾ ਪਿੰਡਾ ਥਾਂ-ਥਾਂ ਤੋਂ ਪੱਛਿਆ ਪਿਐ ਇਉਂ ਲੱਗਦੈ ਜਿਵੇਂ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਪ੍ਰਮਾਣੂ ਬੰਬਾਂ ਦੇ ਪਰੀਖਣ ਤੋਂ ਬਾਅਦ ਪੁਖਰਾਨ ਦੀ ਜ਼ਮੀਨ ਦਿੱਸਦੀ ਸੀ। ਇੱਕ ਮੈਂ ਹੀ ਆਂ ਜਿਹੜੀ ਕਹਿਰਾਂ ਦਾ ਜ਼ੁਲਮ ਜਰੀ ਜਾਂਨੀ ਆਂ। ਮੇਰੀ ਥਾਂ ਕੋਈ ਹੋਰ ਹੁੰਦੀ ਤਾਂ ਅਹੇ ਜੇ ਅੜ੍ਹਬ ਬੰਦੇ ਨਾਲ ਇੱਕ ਦਿਨ ਨਾ ਕੱਟਦੀ, ਬੋਰੀ-ਬਿਸਤਰਾ ਚੁੱਕ ਕੇ ਕਿੱਦਣ ਦੀ ਹਵਾ ਹੋ ਜਾਂਦੀ। ਮੇਰੇ ਅਣਮੁੱਲੇ ਰੂਪ ਦਾ ਆਨਾ ਮੁੱਲ ਨ੍ਹੀਂ ਪਿਆ ਏਸ ਘਰ ਚ। ਜਦੋਂ ਮੈਂ ਕਵਾਰੀ ਸੀ, ਉਦੋਂ ਮਰੱਬਿਆਂ ਦੇ ਮਾਲਕ ਮੁੰਡਿਆਂ ਦੇ ਰਿਸ਼ਤੇ ਆਉਂਦੇ ਹੁੰਦੇ ਸੀ ਮੈਨੂੰ। ਲੋਕਾਂ ਨੇ ਤਾਂ ਮੇਰੇ ਪੇਕਿਆਂ ਦੀਆਂ ਦੇਹਲੀਆਂ ਨੀਵੀਂਆਂ ਕਰੀ ਤੀਆਂ ਸੀ ਮੇਰੇ ਸਾਕ ਲਈ। ਮੈਂ ਹੀ ਇੰਗਲੈਂਡ ਦੇ ਲਾਲਚ ਵਿੱਚ ਏਸ ਅਨਪੜ੍ਹ ਅਤੇ ਨੰਗ-ਮੁਲੰਗ ਤੇ ਡੁੱਲ ਗੀ। ਇੰਡੀਆ ਵਿਆਹ ਕਰਾਉਂਦੀ ਤਾਂ ਪੀੜੇ ਤੇ ਰੇਬ ਪਜਾਮੀ ਪਾ ਕੇ ਬੈਠੀ ਹੁਕਮ ਚਲਾਉਂਦੀ। ਰਾਜ ਕਰਦੀ ਰਾਜ। ਬੀਹ ਨੌਕਰ ਮੇਰਾ ਗੋਲਪੁਣਾ ਕਰਨ ਤੇ ਹੁੰਦੇ। ਮੇਰੇ ਨਾਲ ਦੀਆਂ ਪੜ੍ਹ ਕੇ ਮਾਸਟਰਨੀਆਂ ਲੱਗੀਆਂ ਹੋਈਆਂ ਨੇ। ਮੈਂ ਇੱਥੇ ਫੈਕਟਰੀਆਂ ਚ ਮਜ਼ਦੂਰੀਆਂ ਕਰਦੀ ਆਂ। ਮੇਰਾ ਤਾਂ ਉਹ ਹਾਲ ਐ, ਪੱਥਣੀਆਂ ਪਈਆਂ ਪਾਥੀਆਂ ਬੀ ਏ ਪੜ੍ਹ ਕੇ ਕਿਸੇ ਨਾ ਕੰਮ ਆਈ। ਮੈਂ ਤਾਂ ਬੀ ਐੱਡ ਕਰਕੇ ਖੂਹ ਚ ਪਾ ਦਿੱਤੀ। ਇਹ ਆਪ ਅੰਗੂਠਾ ਛਾਪ ਸੀ, ਇਹਨੇ ਮੇਰੀ ਪੜਾਈ ਦੀ ਵੀ ਰਤਾ ਕਦਰ ਨ੍ਹੀਂ ਪਾਈ।)
ਅਜਮੇਰ- (ਮਨਾ ਚੰਗਾ ਭਲਾ ਸਾਰੇ ਇੰਡੀਆ ਵਿਆਹ ਕਰਵਾਉਣ ਤੋਂ ਵਰਜਦੇ ਸੀ। ਬਲਰਾਜ ਸਿੱਧੂ ਨੇ ਵੀ ਬਥੇਰੀਆਂ ਮੱਤਾਂ ਦਿੱਤੀਆਂ ਸੀ। ਸਭ ਕਹਿੰਦੇ ਸੀ ਬਈ ਇੰਡੀਆ ਦੀਆਂ ਕੁੜੀਆਂ ਨੂੰ ਤਾਂ ਪਿੱਛੇ ਦਾ ਹੀ ਰਹਿੰਦੈ। ਸਭ ਹੂੰਝ-ਹੂੰਝ ਮਾਪਿਆਂ ਦੇ ਬੱਬਰ ਚ ਹੀ ਪਾਈ ਜਾਂਦੀਆਂ ਰਹਿੰਦੀਆਂ ਹਨ। ਮੇਰੀ ਅਕਲ ਤੇ ਪਰਦਾ ਪੈ ਗਿਆ ਸੀ। ਸੋਚਿਆ ਸੀ ਇੱਥੇ ਦੀਆਂ ਕੁੜੀਆਂ ਨੂੰ ਕਨਾਨੂੰ ਦਾ ਪਤਾ ਹੁੰਦੈ। ਮਾੜਾ ਜਿਹਾ ਖਹਿਬੜੋ, ਜਦੇ ਹੀ ਧਮਕੀ ਦੇਣ ਲੱਗ ਪੈਂਦੀਆਂ, ਕਹਿਣਗੀਆਂ ਸੱਦਾਂ ਪੁਲੀਸ? ਪੁਲਸ ਤਾਂ ਜਿਵੇਂ ਸਾਲੀਆਂ ਨਾਲੇ ਨਾਲ ਬੰਨ੍ਹੀ ਫਿਰਦੀਆਂ ਹੁੰਦੀਆਂ। ਇੱਟ-ਖੜੱਕੇ ਤੋਂ ਡਰਦੇ ਨੇ ਇੰਡੀਆ ਤੋਂ ਇਹ ਰਕਾਨ ਲਿਆਂਦੀ ਸੀ। ਮੈਂ ਸਮਝਦਾ ਸੀ ਪੰਜਾਬ ਦੀਆਂ ਕੁੜੀਆਂ ਸਾਊ ਹੁੰਦੀਆਂ। ਪਰ ਮਾੜੇ ਕਰਮਾਂ ਨੂੰ ਅਹੇ ਜਿਹੀ ਕੱਬੀ ਤੇ ਕਲੈਹਣੀ ਟੱਕਰੀ ਆ, ਨਿੱਤ ਕਲੇਸ਼ ਰੱਖਦੀ ਆ। ਜਿਹੜੀਆਂ ਵਿਆਹੀਆਂ ਤੀਵੀਂਆਂ ਪੇਕਿਆਂ ਦਾ ਮੋਹ ਨਹੀਂ ਛੱਡਦੀਆਂ, ਉਹ ਮੂਰਖਾਂ, ਆਪ ਤਾਂ ਔਖੀਆਂ ਹੁੰਦੀਆਂ ਹੀ ਹਨ। ਸਗੋਂ ਦੂਜਿਆਂ ਨੂੰ ਵੀ ਤੰਗ ਕਰਦੀਆਂ ਹਨ। ਹਰ ਕੁੜੀ ਨੂੰ ਸ਼ਾਦੀ ਹੋਣਸਾਰ ਆਪਣੇ ਪੇਕੇ ਪਰਿਵਾਰ ਨਾਲੋਂ ਪਿਆਰ ਘਟਾ ਕੇ ਪਤੀ ਦੇ ਟੱਬਰ ਨਾਲ ਰਚਣਾ-ਮਿਚਣਾ ਚਾਹੀਦੈ ਤੇ ਸਾਹੁਰੇ ਘਰ ਨੂੰ ਹੀ ਆਪਣੇ ਅਸਲੀ ਘਰ ਵਜੋਂ ਸਵਿਕਾਰ ਲੈਣਾ ਚਾਹੀਦਾ ਹੈ। ਇਧਰਲੇ ਬੰਦੇ ਜਿਹੜੇ ਇੰਡੀਆ ਵਿਆਹ ਕਰਵਾਉਣ ਜਾਂਦੇ ਨੇ, ਕੁੜੀਆਂ ਵਾਲਿਆਂ ਦਾ ਲੈਣ-ਦੇਣ ਲੈ ਕੇ ਕੰਘਾ ਕਰਕੇ ਰੱਖ ਦਿੰਦੇ ਨੇ। ਮੂੰਹੋਂ ਮੰਗ-ਮੰਗ ਟਰੱਕਾਂ ਦੇ ਟਰੱਕ ਭਰੇ ਲੈਂਦੇ ਨੇ। ਇੱਕ ਮੈਂ ਹਾਂ ਜੀਹਨੇ ਇੱਕ ਰੁਪਈਏ ਵਿੱਚ ਵਿਆਹ ਕਰਵਾਇਆ ਸੀ। ਇਹਦੇ ਮਾਪਿਆਂ ਦੱਲਿਆਂ ਤੋਂ ਡੱਕਾ ਨ੍ਹੀਂ ਲਿਆ। ਉਨ੍ਹਾਂ ਨੂੰ ਤਾਂ ਮੇਰਾ ਏਨੇ ਨਾਲ ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ। ਅੱਜ-ਕੱਲ੍ਹ ਸਭ ਅਹਿਸਾਨਫਰਾਮੋਸ਼ ਨੇ। ਕੋਈ ਨਹੀਂ ਕਿਸੇ ਦਾ ਗੁਣ ਪਾਉਂਦੈ। ਜੇ ਕਿਤੇ ਇੱਥੇ ਇੰਗਲੈਂਡ ਵਿੱਚ ਵਿਆਹ ਕਰਵਾਉਂਦਾ ਤਾਂ ਅਗਲੇ ਨੇ ਸੂਈ ਤੋਂ ਜਹਾਜ਼ ਤੱਕ ਹਰ ਚੀਜ਼ ਕੁੜੀ ਨੂੰ ਦਾਜ ਵਿੱਚ ਦੇਣੀ ਸੀ। ਵਿਆਹ ਕਰਵਾਉਣ ਵੇਲੇ ਮੇਰੀ ਤਾਂ ਮੱਤ ਮਾਰੀ ਗਈ ਸੀ। ਹੱਥੀਂ ਆਪਣੀ ਰੇਖ ਚ ਮੇਖ ਗੱਡ ਬੈਠਾ। ਸ਼ਾਇਦ ਵਿਕਟੋਰੀਆ ਦੀ ਹਾਅ ਲੱਗ ਗਈ ਐ, ਜਿਹੜੀ ਮੈਨੂੰ ਇਹ ਲੜਾਕੀ ਮਿਲੀ ਹੈ। ਜਦੋਂ ਦੀ ਆਈ ਐ, ਘਰ ਨੂੰ ਪਾਨੀਪੱਤ ਦਾ ਮੈਦਾਨ ਈ ਬਣਾਇਆ ਪਿਐ। ਵਿਕਰੋਟਰੀਆਂ ਮੇਰੇ ਤੇ ਬੜਾ ਮਰਦੀ ਹੁੰਦੀ ਸੀ। ਉਹ ਤਾਂ ਮੇਰੀ ਖਾਤਰ ਆਪਣੇ ਮਾਪਿਆਂ ਦਾ ਘਰ ਵੀ ਛੱਡ ਆਈ ਸੀ। ਬੜੀਆਂ ਮਿੰਨਤਾਂ ਕਰੀਆਂ ਮੇਰੀਆਂ ਬਈ ਉਸ ਰੰਨ ਨੇ। ਕਹਿੰਦੀ ਸੀ ਵਿਆਹ ਕਰਵਾ ਲੈ, ਨਹੀਂ ਹੱਥੀਂ ਜਹਿਰ ਦੇ ਦੇ। ਮੈਂ ਹੀ ਨ੍ਹੀਂ ਉਹਨੂੰ ਲੱਤ ਲਾਈ। ਦੇਸੀ ਲਾੜੇ ਅਤੇ ਵਲਾਇਤੀ ਲਾੜੀ ਦੇ ਜਿਹੜੇ ਜੁਆਕ ਹੁੰਦੇ ਨੇ ਉਹ ਇਥੇ ਦੇ ਹੋ ਕੇ ਹੀ ਰਹਿ ਜਾਂਦੇ ਨੇ। ਇੰਡੀਆਂ ਜਾਣ ਲਈ ਉਹਨਾਂ ਵਿੱਚ ਕੋਈ ਖਿੱਚ ਨਹੀਂ ਹੁੰਦੀ। ਇਸੇ ਵਜ੍ਹਾ ਕਰਕੇ ਮੇਮ ਨਾਲ ਸ਼ਾਦੀ ਨਹੀਂ ਸੀ ਕੀਤੀ। ਮੈਂ ਆਪਣੇ ਪੁਰਖਿਆਂ ਦੀ ਧਰਤੀ ਨਾਲੋਂ ਰਿਸ਼ਤਾ ਨਹੀਂ ਸੀ ਤੋੜਨਾ ਚਾਹੁੰਦਾ। ਚੰਗਾ ਰਹਿੰਦਾ ਵਿਕਰੋਟੀਆ ਨਾਲ ਵਿਆਹ ਕਰਵਾ ਲੈਂਦਾ ਤਾਂ, ਦੋਨੋਂ ਜੀਅ ਮੌਜਾਂ ਕਰਦੇ। ਗੋਰੀਆਂ ਦੀ ਸਿਫਤ ਐ ਬਈ ਡੱਕਾ ਨ੍ਹੀਂ ਕਿਸੇ ਨੂੰ ਦਿੰਦੀਆਂ, ਨਾ ਪੇਕਿਆਂ ਨੂੰ, ਨਾ ਸਾਹੁਰਿਆਂ ਨੂੰ। ਆਪ ਕਮਾਉਂਦੀਆਂ ਤੇ ਆਪ ਹੀ ਉਡਾਉਂਦੀਆਂ। ਨਾ ਹੀ ਜਮ੍ਹਾ ਕਰ-ਕਰ ਬੈਂਕਾਂ ਭਰਦੀਆਂ। ਅੰਗਰੇਜ਼ਣਾਂ ਦਾ ਤਾਂ ਸਿੱਧਾ ਹਿਸਾਬ ਹੁੰਦੈ, ਦਾਲ ਰੋਟੀ ਖਾਉ, ਪ੍ਰਭੂ ਕੇ ਗੁਣ ਗਾਉ। ਅਸੀਂ ਏਸ਼ੀਅਨ ਹੀ ਆਪਣੇ ਲਈ ਸਿਰ-ਦਰਦੀਆਂ ਪੈਦਾ ਕਰ ਲੈਂਨੇ ਵਾਂ। ਬੇਸ਼ੱਕ ਮੈਨੂੰ ਅੰਗਰੇਜ਼ੀ ਚੱਜ ਨਾਲ ਨਹੀਂ ਆਉਂਦੀ, ਫੇਰ ਵੀ ਅਸੀਂ ਪੂਰੀ ਗਿੱਟ-ਮਿੱਟ ਕਰ ਲਈ ਦੀ ਸੀ। ਗੋਰੀ ਨਸਲ ਦੀ ਹੋ ਕੇ ਵੀ ਵਿਕਟੋਰੀਆ ਮੁਸਲਮਾਨਣੀਆਂ ਵਾਂਗੂੰ ਬਹੁਤ ਪਿਆਰ ਕਰਦੀ ਹੁੰਦੀ ਸੀ। ਅਜੇ ਤਾਈਂ ਭੁਲਾਇਆਂ ਨ੍ਹੀਂ ਭੁੱਲਦੀ। ਹਾਏ! ਵਿਕੀ (ਵਿਕਟੋਰੀਆ) ਕਿੱਥੇ ਐਂ ਤੂੰ? -ਲੋਕ ਪੁੱਤਾਂ ਦੀ ਦਾਤ ਲਈ ਰੱਬ ਅੱਗੇ ਨੱਕ ਰਗੜਦੇ ਨੇ। ਸਾਨੂੰ ਮਿਹਰਵਾਨ ਹੋ ਕੇ ਪ੍ਰਮਾਤਮਾ ਨੇ ਦੀਪੂ ਦਿੱਤੈ, ਇਹ ਉਹਦਾ ਜੀਵਨ ਬਰਬਾਦ ਕਰਨ ਤੇ ਤੁਲੀ ਹੋਈ ਆ। ਮੈਂ ਸੱਤੇ ਦਿਨ ਕੰਮ ਕਰਕੇ ਹੱਡ ਭੰਨ੍ਹਾਉਂਦਾਂ ਬਈ ਚਾਰ ਛਿੱਲੜ ਜਮ੍ਹਾ ਹੋ ਜਾਣ ਤਾਂ ਕਿ ਬਲੂਰ ਦੀ ਲਾਈਫ ਬਣ ਜੇ। ਪਰ ਇਹਨੇ ਕੁੱਤੀ ਨੇ ਔਲਾਦ ਦੇ ਮੂੰਹ ਦੀ ਬੁਰਕੀ ਖੋਹ ਕੇ ਮਾਪਿਆਂ ਨੂੰ ਰਜਾਉਣ ਤੇ ਲੱਕ ਬੰਨ੍ਹਿਆ ਹੋਇਐ। - ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਆ ਏਸ ਗੰਦੀ ਜਨਾਨੀ ਨੇ। ਝਾਕਣਾ ਨ੍ਹੀਂ ਮੈਂ ਤਾਂ ਹੁਣ ਇਹਦੇ ਮਤਲਵਪ੍ਰਸਤ ਵੱਲ।)
ਕਮਰਾ- (ਤਕੜੇ ਚਿਰ ਤੋਂ ਖਾਸੀ ਦੇਰ ਲਈ ਕੰਨ ਪਾੜਵੀਂ ਖਾਮੋਸ਼ੀ!) 

ਹਰਿੰਦਰ- (ਚੱਲ ਬੀਬੀ ਹਰਿੰਦਰ ਕੁਰੇ! ਜੇ ਇਹ ਹੀਂਡੀ ਆ ਤਾਂ ਤੂੰ ਹੀ ਲਿਫ ਜਾਹ। ਠੰਡਾ ਤੱਤਾ ਸਮੋਣ ਦੀ ਜਾਚ ਸਿੱਖ। ਇਸਤਰੀ ਨੂੰ ਹੀ ਸਿਆਣਪ ਸੋਚਣੀ ਪੈਂਦੀ ਆ ਅਖੀਰ ਨੂੰ। ਸੰਤਾਨ ਖਾਤਰ ਝੱਲ ਲੈ ਚਗੌਂਟੇ, ਹੋਰ ਕੀ ਆ।)
ਅਜਮੇਰ- (ਭਾਈ ਅਜਮੇਰ ਸਿਆਂ! ਤੂੰ ਹੀ ਅਕਲ ਦਾ ਰਾਹ ਫੜ੍ਹ। ਇਹਨੂੰ ਆਕੜਕੰਨੀ ਤੀਵੀਂ ਨੂੰ ਤਾਂ ਤਿਉ ਨਹੀਂ ਆਉਂਦਾ। ਤੂੰ ਕਿਉਂ ਨਿਆਣੀ ਦੀ ਜ਼ਿੰਦਗੀ ਉਜਾੜਣ ਲੱਗਿਐਂ? ਉਹ ਜਾਣੇ! ਔਖਾ-ਸੌਖਾ ਹੋ ਕੇ ਜਿਵੇਂ ਕਹਿੰਦੀ ਆ ਉਵੇਂ ਕਰ ਲੈ।)
ਦੀਪੂ- ਊ ਊ ਐ ਐਂ।
ਅਜਮੇਰ- ਇਹ ਫੇਰ ਕਿਉਂ ਰੋਣ ਲੱਗ ਪਿਐ? ਭੁੱਖਾ ਤਾਂ ਨ੍ਹੀਂ? ਦੁੱਧ ਪਿਲਾਇਆ ਸੀ?
ਹਰਿੰਦਰ- ਹਾਂ ਜੀ, ਰੱਜ ਕੇ ਪਿਆ ਸੀ। ਪਤਾ ਨ੍ਹੀਂ ਕਾਹਤੋਂ ਦੋ ਕੁ ਦਿਨਾਂ ਦਾ ਦੀਪੂ, ਇਉਂ ਹੀ ਰਿਹਾੜ ਜਿਹੀ ਕਰੀ ਜਾਂਦੈ। ਨਾ ਕੁੱਝ ਖਾਂਦੈ, ਨਾ ਪੀਂਦੈ, ਨਾ ਹੀ ਚੱਜ ਨਾਲ ਖੇਡਦਾ-ਖੁਡਦੈ।
ਅਜਮੇਰ- ਜੀ ਪੀ ਤੋਂ ਚੈਕਅੱਪ ਕਰਵਾ ਕੇ ਦਵਾਈ ਲੈਣੀ ਸੀ ਕੋਈ। ਕੁੱਝ ਦੁੱਖਦਾ ਨਾ ਹੋਵੇ।
ਹਰਿੰਦਰ- ਗਈ ਸੀ ਡਾਕਟਰ ਦੇ ਵੀ ਦਾਦਣਾ ਦੇਖ-ਦੁਖ ਕੇ ਕਹਿੰਦਾ, ਕੁਸ਼ ਨ੍ਹੀਂ ਹੋਇਆ। ਇਹ ਤਾਂ ਪਰਫੈਕਟਲੀ ਵੈੱਲ ਆ। -ਜਦੋਂ ਦਾ ਗੁਆਡੀਆਂ ਨੇ ਘਰ ਮੂਵ ਕੀਤੈ, ਦੀਪੂ ਉਦੋਂ ਦਾ ਈ ਉਦਾਸ ਜਿਹਾ ਰਹਿੰਦੈ। ਅੱਗੇ ਤਾਂ ਉਹਨਾਂ ਦੇ ਨਿਆਣਿਆਂ ਨਾਲ ਖੇਡਦਾ ਰਹਿੰਦਾ ਸੀ। ਇੱਲਤਾਂ ਬਹੁਤ ਕਰਦਾ ਸੀ। ਹੁਣ ਇਹਦਾ ਜੀਅ ਨ੍ਹੀਂ ਲੱਗਦੈ। ਗੁੱਸੇ ਨਾਲ ਜੋ ਚੀਜ਼ ਹੱਥ ਚ ਆਉਂਦੀ ਹੈ, ਚਲਾ ਕੇ ਮਾਰਦੈ। ਸ਼ੁਕਰ ਹੋਉ ਜਦ ਸਤੰਬਰ ਚ ਨਰਸਰੀ ਜਾਣ ਲੱਗੂ। ਘਰੇ ਤਾਂ ਕੱਲਾ ਕਰਕੇ ਕੰਧਾਂ-ਕੌਲਿਆਂ ਨਾਲ ਵੱਜਦਾ ਫਿਰਦੈ। ਉਂਝ, ਮੈਂ ਵੀ ਡਾਕਟਰ ਦੇ ਕਹੇ ਨਾਲ ਸਹਿਮਤ ਹਾਂ। ਮੈਨੂੰ ਵੀ ਲੱਗਦੈ ਇਹ ਢਿੱਲਾ-ਮੱਠਾ ਨਹੀਂ, ਸਗੋਂ ਲੋਨਲੀ ਫੀਲ ਕਰਦੈ।
ਅਜਮੇਰ- ਇਹਨੂੰ ਖੇਡਣ ਲਈ ਖੇਡ ਦੇ ਦਿੰਨੇ ਆਂ ਫੇਰ। -ਹੁਣ ਤਾਂ ਗੈਪ ਵੀ ਖਾਸਾ ਹੀ ਪੈ ਗਿਐ।
ਹਰਿੰਦਰ- ਵਾਹੇਗੁਰੂ ਕਹੋ! ਆਪਣੀ ਤਾਂ ਭਾਈ ਬੱਸ ਆ।
ਅਜਮੇਰ- ਇੱਕ ਨਾਲ ਈ। ਇੱਕ ਨਾਲ ਕੀ ਬਣਦੈ?
ਹਰਿੰਦਰ- ਹੋਰ ਪੰਜਾਹ ਚਾਹੀਦੈ ਆ? ਬੰਦੇ ਨੂੰ ਜੰਮਣਾ ਪਵੇ ਫੇਰ ਪਤਾ ਲੱਗੇ। ਇੱਕ ਜੀਅ ਬਹੁਤ ਆ ਹੋਰ ਗਾਹਾਂ ਹਾਕੀ ਦੀ ਟੀਮ ਥੋੜਾ ਬਣਾਉਣੀ ਆ?
ਅਜਮੇਰ- ਘੱਟੋ-ਘੱਟ ਇੱਕ ਤਾਂ ਹੋਰ ਹੋਵੇ। ਸਿਆਣੇ ਕਹਿੰਦੇ ਹੁੰਦੇ ਆ, ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲਕੜੀ। ਕੱਲਾ ਨਾ ਹੋਵੇ ਪੁੱਤ ਜੱਟ ਦਾ। ਕੱਲੇ ਨੂੰ ਤਾਂ ਸ਼ਰੀਕ ਹੀ ਵੱਢ ਦਿੰਦੇ ਆ। ਇੱਕ ਜਣਾ ਕਿਹੜੇ ਕਿਹੜੇ ਪਾਸੇ ਹੋਊ? ਜਿਵੇਂ ਉਹ ਕਵਿਤਾ ਨ੍ਹੀਂ ਇੱਕ:-
ਇੱਕ ਪੁੱਤ ਨਾ ਜਾਈਂ ਰੰਨੇ।
ਲਾਡ ਵਿੱਚ ਨਾ ਆਖਾ ਮੰਨੇ।
ਬਾਹਰ ਜਾਵੇ ਤਾਂ ਮਾਪੇ ਅੰਨ੍ਹੇ।
ਘਰ ਆਵੇ ਤਾਂ ਭਾਂਡੇ ਭੰਨੇ।
ਇੱਕ ਪੁੱਤ ਨਾ ਜਾਈਂ ਰੰਨੇ।
ਇੱਕ ਪੁੱਤ ਨਾ।
ਹਰਿੰਦਰ- ਨਾਂਹ! -ਨਾ!! ਅਜੇ ਨ੍ਹੀਂ। ਹਾਲੇ ਹੱਥ ਤੰਗ ਐ।
ਅਜਮੇਰ- ਉੱਪਰ ਵਾਲਾ ਨਿਆਣੇ ਦਊ ਤਾਂ ਦਾਣੇ ਵੀ ਦਊ। ਬੜ੍ਹਾ ਦਇਆਵਾਨ ਐ ਉਹ, ਕੀੜਿਆਂ ਮਕੌੜਿਆਂ ਨੂੰ ਪੱਥਰਾਂ ਚ ਅੰਨ੍ਹ ਦਿੰਦੈ।
ਹਰਿੰਦਰ- ਨਾ ਬਾਬਾ ਨਾ, ਹੋਰ ਖਰਚੇ ਥੋੜੇ ਨੇ? ਪਹਿਲਾਂ ਚਾਰ ਛਿੱਲੜ ਜੋੜ ਲਈਏ।
ਅਜਮੇਰ- ਜੋੜ ਕੇ ਕਿਹੜਾ ਜਮਾਲੇ ਹੋਰਾਂ ਸ਼ਾਹ ਹੋ ਜਾਣੈ? ਮਿਸ਼ਾਲ ਬਾਲ ਕੇ ਰਾਤ ਕੱਟਾਂਗੇ। -ਭੋਲੀਏ ਹਰੇਕ ਜੀਅ ਵਿਧਮਾਤਾ ਤੋਂ ਆਪਣੇ ਚੰਗੇ-ਮਾੜੇ ਭਾਗ ਲਿਖਾ ਕੇ ਇਸ ਦੁਨੀਆਂ ਚ ਆਉਂਦੈ। ਇੰਨਸਾਨ ਦੇ ਕਰਮਾਂ ਚ ਹੁੰਦੈ ਉਹ ਉਹਨੂੰ ਹਰ ਹਾਲ ਮਿਲ ਕੇ ਰਹਿੰਦੈ। ਏਸ ਮੁਲਖ ਵਿੱਚ ਤਾਂ ਬੱਚਾ ਜੰਮਦਾ ਹੀ ਕਮਾਉਣ ਲੱਗ ਜਾਂਦੈ। -ਕੀ ਖਿਆਲ ਆ?
ਹਰਿੰਦਰ- ਮੈਂ ਕੀ ਕਹਿਣੈ? ਅਫੋਰਡ ਕਰ ਸਕਦੇ ਹੋ ਤਾਂ ਦੇਖ ਲਉ?
ਅਜਮੇਰ- ਦੇਖਣਾ, ਦਿਖਾਉਣਾ ਕੀ ਆ? ਮਿਹਨਤ ਕਰਕੇ ਜੋੜੀ ਬਣਾਉਂਦੇ ਆਂ ਤੇ ਐਤਕੀ ਲੋਹੜੀ ਮਨਾਉਂਦੇ ਆਂ। -ਇੱਕ ਗੱਲ ਤਾਂ ਦੱਸ। ਮੇਰੇ ਆਲੇ-ਦੁਆਲੇ ਕੀ ਕਡਿੰਆਲੀ ਤਾਰ ਦੀ ਵਾੜ ਕਰੀ ਹੋਈ ਆ, ਜਿਹੜਾ ਦੂਰ ਹੋ ਕੇ ਪਈ ਐਂ? ਕੰਜਰਦੀਏ, ਕੋਲ ਨੂੰ ਆਜਾ?
ਹਰਿੰਦਰ- ਆਹੋ, ਅੱਗੇ ਕੁੱਟਣ ਵੇਲੇ ਜੇ ਕੋਈ ਹੱਡੀ-ਪਸਲੀ ਸਾਬਤੀ ਬੱਚ ਗਈ ਐ ਤਾਂ ਉਹ ਵੀ ਤੋੜਣ ਦਾ ਇਰਾਦਾ ਹੋਣੈ? ਸੁਰਮਾ ਬਣਾ ਦੋ ਮੇਰਾ!
ਅਜਮੇਰ- ਮੇਰਾ ਦਿਮਾਗ ਖਰਾਬ ਹੋਇਐ, ਜੋ ਇੰਡੀਆ ਦੇ ਪੁਲਸੀਆਂ ਵਾਂਗੂੰ ਤੈਨੂੰ ਬਿਨਾਂ ਕਸੂਰੋਂ ਕੁੱਟੂੰਗਾ? ਛੱਮਕ-ਛੱਲੋ, ਮੈਂ ਤਾਂ ਪਿਆਰ ਕਰਨ ਲਈ ਸੱਦਦਾਂ।
ਹਰਿੰਦਰ- ਜਾਣਦਿਆ ਕਰੋ, ਕੁਫਰ ਤੋਲਣ ਨੂੰ। ਸ਼ਰਾਬ ਤੋਂ ਛੁੱਟ ਤੁਸੀਂ ਕਿਸੇ ਹੋਰ ਨੂੰ ਪਿਆਰ ਨ੍ਹੀਂ ਕਰਦੇ।
ਅਜਮੇਰ- ਕਰਦਾ ਕਿਉਂ ਨਹੀਂ? ਮੈਨੂੰ ਤਾਂ ਤੇਰਾ ਤਿਉ ਈ ਬਹੁਤ ਆਉਂਦੈ। ਕਹੇਂ ਤਾਂ ਹਨੂੰਮਾਨ ਵਾਂਗੂੰ ਛਾਤੀ ਪਾੜ੍ਹ ਕੇ ਦਿਖਾ ਦਿੰਦਾਂ? -ਐਵੇਂ ਕਵਾਰੀਆਂ ਕੁੜੀਆਂ ਵਾਂਗੂੰ ਨਖਰੇ ਜਿਹੇ ਕਰਕੇ ਬੰਦੇ ਦਾ ਬਹੁਤਾ ਦਿਲ ਨ੍ਹੀਂ ਤੜਫਾਈਦੈ।
ਹਰਿੰਦਰ- ਮੈਂ ਨ੍ਹੀਂ ਤੁਹਾਡੇ ਨੇੜੇ ਆਉਣਾ। ਪਰ੍ਹੇ ਹੋ ਜੋ। ਮੈਂ ਕਿਹਾ ਨਾ, ਹੱਟ ਜੋ। ਮੇਰੇ ਪੱਟਾਂ ਤੇ ਹੱਥ ਨਾ ਫੇਰੋ। ਗੁੱਸੇ ਆਂ ਮੈਂ ਧਾਡੇ ਨਾਲ।
ਅਜਮੇਰ- ਨਾ ਮੇਰੀ ਜਾਨ ਰੁੱਸ ਨਾ। ਮਿੰਨਤ ਕਰਦਾਂ ਤੇਰੀ। ਪੈਰੀਂ ਹੱਥ ਲਵਾ ਲੈ? ਆਹ ਦੇਖ ਤੇਰੇ ਗੋਡੇ ਘੁੱਟਦਾਂ। ਚਾਹੇ ਜਿਵੇਂ ਮਾਸਟਰ ਨਿਆਣਿਆਂ ਨੂੰ ਸਜਾ ਦੇਣ ਲਈ ਕਰਵਾਉਂਦੇ ਹੁੰਦੇ ਨੇ ਉਵੇਂ ਲੱਤਾਂ ਹੇਠ ਦੀ ਕੰਨ ਫੜ੍ਹਾ ਕੇ ਮੁਰਗਾ ਬਣਾ ਲੈ? ਪਰ ਕਿਵੇਂ ਨਾ ਕਿਵੇਂ ਮੰਨ ਜਾ। ਮੇਰੇ ਵਾਸਤੇ ਨਾ ਸਹੀ, ਦੀਪੂ ਦੀ ਖਾਤਰ ਸਹੀ। -ਡਾਰਲਿੰਗ, ਤੇਰੀ ਬੇਰੁਖੀ ਤਾਂ ਮੈਨੂੰ ਕਤਲ ਕਰੀ ਜਾ ਰਹੀ ਹੈ। ਕਿਆ ਮਜ਼ਾ ਬਾਰ-ਬਾਰ ਮਿਲਤਾ ਹੈ ਤੁਮੇ ਹਮ ਸੇ ਰੂਠ ਜਾਨੇ ਮੇ, ਰੂਠਨੇ ਕੋ ਲਗਤੀ ਹੈਂ ਦੋ ਘੜੀਆਂ ਉਮਰ ਕੱਟ ਜਾਏਗੀ ਮਨਾਨੇ ਮੇ।
ਹਰਿੰਦਰ- ਜਿੰਨੇ ਮਰਜ਼ੀ ਡਾਇਲਾਗ ਮਾਰ ਲੋ, ਐਨਾ ਸੁਖਾਲਾ ਮੰਨਣ ਵਾਲੀ ਨ੍ਹੀਂ ਮੈਂ। ਖੂਬ ਸਮਝਦੀ ਆਂ ਮੈਂ ਤੁਹਾਡੀਆਂ ਚਾਲਾਂ, ਦਿਨੇ ਲੜਾਈਆਂ, ਰਾਤ ਨੂੰ ਸੁਲ੍ਹਾ-ਸਫਾਈਆਂ।
ਅਜਮੇਰ- ਪੀਤੀ ਖਾਧੀ ਵਿੱਚ ਆਦਮੀ ਨੂੰ ਪਤਾ ਨਹੀਂ ਲੱਗਦਾ ਹੁੰਦਾ। ਉਂੱਚਾ-ਨੀਵਾਂ ਬੋਲਿਆ ਜਾਂਦੈ। ਤੂੰ ਬੁਰਾ ਨਾ ਮਨਾਇਆ ਕਰ। ਪੁੱਤ ਜੱਟਾਂ ਦੇ ਬੋਲਦੇ ਕੌੜਾ , ਦਿਲਾਂ ਦੇ ਅਸੀਂ ਖੰਡ ਹੀਰੀਏ।
ਹਰਿੰਦਰ- ਮੈਂ ਹੋਰ ਕੀ ਸਿਆਪੇ ਕਰਦੀ ਆਂ? ਆਹੀ ਤਾਂ ਮੈਂ ਕਹਿੰਦੀ ਆਂ, ਜਿੰਨਾ ਚਿਰ ਮੂਤ ਪੀਣਾ ਨ੍ਹੀਂ ਛੱਡਦੇ, ਓਨੀ ਦੇਰ ਮੈਂ ਤੁਹਾਡਾ ਆਪਣੀ ਬੀਹੀ ਚੋਂ ਗੱਡਾ ਨ੍ਹੀਂ ਲੰਘਣ ਦੇਣਾ। -ਕੋਈ ਚੰਗੀ ਚੀਜ਼ ਨ੍ਹੀਂ ਹੈ ਇਹ। ਸ਼ਰਾਬ ਡੈਣ ਤਾਂ ਸ਼ਰਾਬੀ ਨੂੰ ਕਹਿੰਦੀ ਆ, ਪਹਿਲਾਂ ਤੂੰ ਮੈਨੂੰ ਪੀ, ਫੇਰ ਮੈਂ ਤੈਨੂੰ ਪਿਉਂਗੀ। -ਬਚ ਜਾਉ ਜੇ ਬਚ ਹੁੰਦੈ ਤਾਂ।
ਅਜਮੇਰ- ਮੇਰੀ ਮੈਰਲਿਨ ਮੁਨਰੋ, ਤੂੰ ਆਪਣੇ ਨਰਗਸੀ ਨੈਣਾਂ ਚੋਂ ਪਲਾਉਂਦੀ ਰਹੇਂ ਤਾਂ ਮੈਂ ਸ਼ਰਾਬ ਕਾਸ ਨੂੰ ਪੀਣੀ ਆ? ਤੂੰ ਲੜਦੀ-ਝਗੜਦੀ ਐ, ਤਾਂ ਮੈਂ ਦੁੱਖੀ ਹੋਇਆ ਪੀਨਾਂ । ਜੇ ਤੂੰ ਇੱਕ ਵਾਰ ਪਿਆਰ ਨਾਲ ਅੱਖਾਂ ਚ ਅੱਖਾਂ ਪਾ ਕੇ ਕਹੇਂ, ਛੱਡਦੇ ਸੌਫੀਆਂ ਪੀਣੀ ਮੈਂ ਨਾ ਡੀਪਲੋਮੈਟ ਤੋਂ ਘੱਟ ਮਿੱਤਰਾ ਤਾਂ ਮੈਂ ਦਾਰੂ ਵਨੀ ਝਾਕਾਂ ਨਾ। ਤੀਵੀਂਆਂ ਪਿੱਛੇ ਤਾਂ ਮਰਦ ਤਸਬੀਹਾਂ ਸਿੱਟ ਦਿੰਦੇ ਨੇ, ਸ਼ਰਾਬ ਤਾਂ ਚੀਜ਼ ਈ ਕੁੱਝ ਨਹੀਂ। -ਹਾਂ ਸੱਚ, ਮੈਨੂੰ ਕਹਿੰਨੀ ਐਂ, ਪਹਿਲਾਂ ਤੂੰ ਆਪਦੇ ਪੇਕਿਆਂ ਦਾ ਹੇਜ਼ ਛੱਡ? ਜਿਹੜੇ ਲੜਾਈ ਦੀ ਅਸਲੀ ਜੜ੍ਹ ਐ।
ਹਰਿੰਦਰ- ਮੰਨਜ਼ੂਰ ਐ। ਜਿਵੇਂ ਤੁਸੀਂ ਕਹੋਂ ਮੈਂ ਉਮੇ ਕਰੂੰ। ਜਿਦਣ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਸੀ, ਉਦਣੇ ਮਾਪਿਆਂ ਨਾਲੋਂ ਟੁੱਟ ਕੇ ਮੈਂ ਤੁਹਾਡੇ ਨਾਲ ਜੁੜ ਗਈ ਸੀ। ਮਰਦੇ ਦਮ ਤੱਕ ਮੈਂ ਤਾਂ ਥੋਡਿਆਂ ਸਾਹਾਂ ਚ ਸਾਹ ਲੈਣੈ। ਮੈਂ ਬਚਨ ਦਿੰਦੀ ਹਾਂ ਕਿ ਸਾਰੀ ਉਮਰ ਤਨ, ਮਨ, ਧਨ ਨਾਲ ਤੁਹਾਡੀ ਸੇਵਾ ਕਰਕੇ ਤੁਹਾਨੂੰ ਸਦਾ ਖੁਸ਼ ਰੱਖਣ ਦਾ ਯਤਨ ਕਰਾਂਗੀ। ਤੁਹਾਡੀ ਇੱਛਾ ਦੇ ਵਿਰੁੱਧ ਕੋਈ ਐਸਾ ਕੰਮ ਨਹੀਂ ਕਰਾਂਗੀ ਜਿਸ ਨਾਲ ਤੁਹਾਡਾ ਦਿਲ ਦੁੱਖੇ। ਹੁਣ ਤੋਂ ਜੇਕਰ ਕੋਈ ਖੁਨਾਮੀ ਕਰਾਂ ਤਾਂ ਮੈਨੂੰ ਨਿਸ਼ੰਗ ਮਸਾਲਾ ਰਗੜਨ ਵਾਲੇ ਕੁੰਡੇ ਚ ਪਾ ਕੇ ਘੋਟਣੇ ਨਾਲ ਦਰੜ ਦਿਉ। ਮੈਂ ਸੀਅ ਤੱਕ ਨਹੀਂ ਕਰੂੰਗੀ। -ਹੁਣ ਤੁਸੀਂ ਵਾਅਦਾ ਕਰੋ ਕਿ ਮੁੜ ਕੇ ਚੰਦਰੀ ਦਾਰੂ ਨੂੰ ਮੂੰਹ ਨਹੀਂ ਲਾਉਂਦੇ?
ਅਜਮੇਰ- ਲੈ ਫੇਰ, ਹੁਣ ਤਾਂ ਲੜਾਈ ਮੁੱਕ ਗੀ। ਤੂੰ ਵਾਅਦੇ ਦੀ ਗੱਲ ਕਰਦੀ ਐਂ, ਮੈਂ ਅੱਜ ਤੋਂ ਸ਼ਰਾਬ ਨਾ ਪੀਣ ਦੀ ਸਹੁੰ ਪਾਉਂਨਾਂ। ਕਹੇਂ ਤਾਂ ਜਿਹੜੀ ਆਪਣੀ ਰਸੋਈ ਚ ਖਾਲੀ ਬੋਤਲ ਪਈ ਆ, ਉਹ ਵੀ ਭੰਨ੍ਹ ਆਵਾਂ?
ਹਰਿੰਦਰ- ਰਹਿਣ ਦੋ ਐਨੀ ਉਵਰਐਕਟਿੰਗ ਕਰਨ ਦੀ ਕੋਈ ਜ਼ਰੂਰਤ ਨ੍ਹੀਂ। -ਫਿਲਹਾਲ ਤਾਂ ਮੇਰੇ ਰੂਪ ਦੀ ਭਰੀ ਸਰਾਹੀ ਨੂੰ ਡੀਕ ਲਾ ਕੇ ਗੱਟਾਗਟ ਪੀਣ ਦੀ ਕਰੋ।
ਅਜਮੇਰ- ਨਾਭੇ ਆਲੇ ਠੇਕੇ ਦੀਏ ਬੰਦ ਬੋਤਲੇ, ਤੈਨੂੰ ਲਾਹਾਂ ਨਾ ਬੁੱਲ੍ਹਾਂ ਦੇ ਨਾਲ ਲਾ ਕੇ। -ਖਬਨੀ ਕਿਉਂ, ਅੱਜ ਤੂੰ ਮੈਨੂੰ ਹੁਸੀਨ ਬਹੁਤ ਲੱਗਦੀ ਏਂ, ਤੇਰਾ ਪੁਰਨੂਰ ਜਲਵਾ ਔਰ ਮੇਰੀ ਖੁਰਖਾਬ ਬੇਦਾਰੀ। ਯੇ ਆਲਮ ਹੈ, ਦੋ ਆਲਮ ਮੇ ਜੋ, ਆਲਮ ਹੋ ਨਹੀਂ ਸਕਤਾ।
ਹਰਿੰਦਰ- ਉੜਦੂ ਜਈ ਨਾ ਘੋਟੋ ਜੀ, ਪੰਜਾਬੀ ਚ ਸੱਚੋ-ਸੱਚ ਦੱਸੋ ਤੁਹਾਨੂੰ ਮੈਂ ਕਿੰਨੀ ਕੁ ਸੋਹਣੀ ਲੱਗਦੀ ਆਂ?
ਅਜਮੇਰ- ਐਨੀ ਸੋਹਣੀ-ਐਨੀ ਸੋਹਣੀ ਕਿ ਮੇਰਾ ਜੀਅ ਕਰਦੈ, ਤੇਰੇ ਨਾਲ ਦੁਬਾਰਾ ਵਿਆਹ ਕਰਵਾ ਲਵਾਂ।
ਹਰਿੰਦਰ- ਦੱਤ! ਸ਼ੈਤਾਨ ਕਿਸੇ ਥਾਂ ਦੇ। ਪੁਰਾਣੇ ਵਿਆਹ ਨੂੰ ਕੀ ਉੱਲੀ ਲੱਗ ਗਈ ਐ? ਬਦਮਾਸ਼ ਨਾ ਹੋਵੋਂ ਤਾਂ, ਜਨਾਨੀ ਵਡਿਆਉਣੀ ਤਾਂ ਕੋਈ ਤੁਹਾਡੇ ਤੋਂ ਸਿੱਖੇ।
ਅਜ਼ਮੇਰ- ਆਏ-ਹਾਏ! ਮਾਧੁਰੀ ਦੀਕਸ਼ਿਤ ਈ ਬਣੀ ਪਈ ਐਂ ਅੱਜ ਤਾਂ। ਆਹ ਚਾਈਨਾ ਸਿਲਕ ਦਾ ਨਸਵਾਰੀ ਸੂਟ ਮੇਰੀ ਬਿਊਟੀ-ਕੁਈਨ ਦੇ ਪਾਇਆ ਹੋਇਆ ਬੜਾ ਫੱਬਦੈ। ਚਾਨਣ ਵੰਨਾ ਰੰਗ ਤੇਰਾ ਪੁਨਿਆ ਨੂੰ ਪਾਉਂਦਾ ਮਾਤ ਨੀ, ਥੋੜਾ ਜਿਹਾ ਨੇੜੇ ਹੋ ਜਾ ਸਿਨੇ ਚੋਂ ਨਿਕਲੇ ਲਾਟ ਨੀ ।
ਹਰਿੰਦਰ- ਬਾਅਲਾ ਧੱਕਾ ਨਾ ਕਰਿਉ, ਹੈਂ? ਪੀਤੇ ਤੇ ਤਾਂ ਤੁਸੀਂ ਜਾਨਵਰ ਬਣ ਜਾਂਦੇ ਹੋ।
ਅਜਮੇਰ- ਸਿੱਧੀ ਤਰ੍ਹਾਂ ਆ ਜਾ ਲੀਹ ਤੇ ਫੇਰ?
ਹਰਿੰਦਰ- ਸਬਰ ਕਰੋ, ਲੀੜੇ ਪਾੜਨੇ ਆ? ਹੌਲੀ-ਹੌਲੀ ਚੜ੍ਹ ਮਿੱਤਰਾ। ਮੈਂ ਪਤਲੇ ਬਾਂਸ ਦੀ ਪੋਰੀ। ਹਾਏ! ਬੰਦਿਆਂ ਵਾਂਗੂੰ ਪੋਲਾ-ਪੋਲਾ ਨ੍ਹੀਂ ਚੁੰਮ ਸਕਦੇ? ਖਾਣੈ ਮੈਨੂੰ? ਜੈਂਟਲੀ ਕਿੱਸ ਕਰੋ। ਹਈ! ਮੈਂ ਕਹਿੰਨੀ ਆਂ ਦੰਦੀਆਂ ਨਾ ਵੱਢੋਨਾਲਾ ਤੋੜਨੈ? ਖੜੋ-ਖੜੋ-ਖੜੋ!
ਅਜਮੇਰ- ਕਿਉਂ? ਹੁਣ ਕੀ ਹੋ ਗਿਐ?
ਹਰਿੰਦਰ- ਥੱਲੇ ਫਰਸ਼ ਤੇ ਚੱਲਦੇ ਆਂ, ਮੰਜਾ ਚਿੰਕੂ-ਚਿੰਕੂ ਕਰੂ। ਖੜਕੇ ਨਾਲ ਦੀਪੂ ਦੀ ਨੀਂਦ ਖਰਾਬ ਹੋਊ।
ਅਜਮੇਰ- ਠੀਕ ਆ, ਜਿਵੇਂ ਤੇਰੀ ਖੁਸ਼ੀ! ਔਥੇ ਚੱਲ ਭੁੰਜੇ ਰੜੇ ਨੂੰ, ਜਿੱਥੇ ਮੈਂ ਕਾਰਪੈਟ ਤੇ ਸਿਰਹਾਣਾ ਸਿੱਟਿਐ।
ਹਰਿੰਦਰ- ਟਾਇਮ ਵੇਸਟ ਨਾ ਕਰੀ ਜਾਉ, ਫੱਟਾਫਟ ਆਉ। ਨੰਗੇ ਪਿੰਡੇ ਠੰਡ ਲੱਗਦੀ ਆ ਮੈਨੂੰ।
ਅਜਮੇਰ- !!!!!!!!!!!!!!!!!!!!!!!!!
ਹਰਿੰਦਰ- !!!!!!!!!!!!!!!!!!!!!!!!!
ਫਲੋਰ ਬੋਰਡ (ਫਰਸ਼ ਦੇ ਫੱਟੇ)- ਠੱਕ ਠੱਕ ਠੱਕਾ ਠੱਕ
ਅਜਮੇਰ- ਆਹ! ਨਜ਼ਾਰਾ ਆ ਗਿਐ।
ਹਰਿੰਦਰ- ਹੌਲੀ ਫੁੱਲ ਅਰਗੀ ਹੋ ਗਈ ਆਂ ਮੈਂ ਵੀ।
ਅਜਮੇਰ- ਵਾਹ ਬਈ ਵਾਹ! ਤੂੰ ਤਾਂ ਮਿੰਟਾਂ-ਸਕਿੰਟਾਂ ਚ ਈ ਮੈਨੂੰ ਬਹਿਸ਼ਤ ਦੀ ਯਾਤਰਾ ਕਰਵਾ ਦਿੰਦੀ ਏਂ। -ਤੂੰ ਤੇ ਦੀਪੂ ਨਾ ਹੋਵੋਂ ਤਾਂ ਮੈਨੂੰ ਇਹ ਜ਼ਿੰਦਗੀ ਜਿਉਣੀ ਫਜ਼ੂਲ ਤੇ ਬੇਮਤਲਵੀ ਲੱਗੇ।
ਹਰਿੰਦਰ- ਆਹਾ! ਸੱਚੀਂ ਮਜ਼ਾ ਆ ਗਿਐ। ਐਨੀ ਜ਼ਿਆਦਾ ਮੁਹੱਬਤ ਨਾ ਦਿਆ ਕਰੋ ਜਿਹੜੀ ਕਿ ਮੈਂ ਸਾਂਭ ਹੀ ਨਾ ਸਕਾਂ! ਮੈਂ ਰੱਬ ਦਾ ਲੱਖ-ਲੱਖ ਸ਼ੁਕਰ ਗੁਜ਼ਾਰਦੀ ਆਂ ਜਿਸ ਨੇ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ। ਦੀਪੂ ਵਰਗਾ ਪਿਆਰਾ ਪੁੱਤ ਤੇ ਤੁਹਾਡੇ ਵਰਗਾ ਖੂਬਸੁਰਤ ਅਤੇ ਪਿਆਰ ਕਰਨ ਵਾਲਾ ਪਤੀ ਦਿੱਤੈ। ਮੈਨੂੰ ਹੋਰ ਕੀ ਚਾਹੀਦੈ? -ਲਾਇਫ ਇਜ਼ ਟੂ ਸ਼ੋਰਟ ਫਾਰ ਲੱਵ। ਹੁਣ ਤੋਂ ਆਪਾਂ ਰੁਸਿਆ-ਲੜਿਆ ਨਹੀਂ ਕਰਨਾ?
ਅਜਮੇਰ- ਲੈ ਹੈ, ਲੜਨ ਆਪਣੇ ਦੁਸ਼ਮਣ। -ਚੱਲ ਲੀੜੇ ਪਾ ਲਈਏ, ਬੈੱਡ ਤੇ ਲੇਟ ਕੇ ਗੱਲਾਂ ਕਰਾਂਗੇ। -ਆਏਂ ਕਰ, ਤੂੰ ਪਰ੍ਹੇ ਪੈਅ ਜੀਂ, ਮੈਂ ਉਰਲੇ ਪਾਸੇ ਪੈਅ ਜਾਨਾਂ। ਦੀਪੂ ਨੂੰ ਆਪਾਂ ਵਿਚਾਲੇ ਕਰ ਲੈਂਨੇ ਆਂ।
ਹਰਿੰਦਰ- ਔਰਾਈਟ, ਜਿਵੇਂ ਤੁਹਾਡੀ ਮਰਜ਼ੀ। ਦੀਪੂ ਦੇ ਡੈਡੀ, ਤੁਸੀਂ ਕਹਿੰਦੇ ਸੀ ਗੱਲਾਂ ਕਰਨੀਆਂ ਪਲੰਘ ਤੇ ਢੂਹੀ ਲਾਉਂਦਿਆਂ ਹੀ ਮੇਰੀ ਅੱਖ ਤਾਂ ਲੱਗਦੀ ਜਾਂਦੀ ਆ। ਸੁੱਤੀ ਪਈ ਆਂ ਮੈਂ ਤਾਂ। ਤੁਸੀਂ ਜਾਗਦੇ ਹੋ ਕਿ ਸੌਂ ਗਏ?
ਅਜਮੇਰ- ਹਾਂ, ਦੀਪੂ ਦੀ ਮਾਂ, ਮੈਂ ਵੀ ਸਮਝ ਲੈ ਸੌਂ ਗਿਆਂ।
ਦੀਪੂ- ਮੰਮੀ-ਦੈਦੀ ਮੈਨੂੰ ਵੀ ਦੇਥ ਲੋ ਮੈਂ ਵੀ ਛੁੱਤਾ ਪਿਆਂ!
ਅਜਮੇਰ- ਉਏ ਬਦਮਾਸ਼ਾ ਤੂੰ ਅਜੇ ਤੱਕ ਜਾਗਦਾ ਈ ਐ?
ਹਰਿੰਦਰ- ਅਸੀਂ ਤਾਂ ਸਮਝੇ ਸੀ ਦੀਪੂ......... !

****

ਸੀਰੀ......... ਕਹਾਣੀ / ਭਿੰਦਰ ਜਲਾਲਾਬਾਦੀ


ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ 'ਬੇਦਖ਼ਲ' ਕਰਨ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ ਰਹਿ ਗਿਆ। ਸਾਰਾ ਪਿੰਡ ਸਤੰਭ ਸੀ। ਗੁਰਵੰਤ ਸਿੰਘ ਵੱਲੋਂ ਆਪਣੇ ਹੀ ਇਕਲੌਤੇ ਪੁੱਤਰ ਨੂੰ ਬੇਦਖ਼ਲ ਕਰਨਾ ਲੋਕਾਂ ਦੇ ਸੰਘ ਹੇਠੋਂ ਨਹੀਂ ਉੱਤਰ ਰਿਹਾ ਸੀ। ਗੁਰਵੰਤ ਸਿੰਘ ਤਾਂ ਆਪਣੇ 'ਕੱਲੇ-'ਕੱਲੇ ਪੁੱਤਰ 'ਤੇ ਜਾਨ ਵਾਰਦਾ ਸੀ, ਲਹੂ ਡੋਲ੍ਹਦਾ ਸੀ। ਕੁਲਬੀਰ ਦੇ ਇਕ ਬੋਲ 'ਤੇ ਗੁਰਵੰਤ ਸਿੰਘ ਆਪਣੇ ਆਪ ਨੂੰ ਸ਼ਰੇਆਮ ਨਿਲਾਮ ਕਰ ਸਕਦਾ ਸੀ। ਉਹ ਆਪਣੇ ਇਕਲੌਤੇ ਪੁੱਤਰ ਦੇ ਮੂੰਹੋਂ ਨਿਕਲੀ ਗੱਲ ਭੁੰਜੇ ਨਹੀਂ ਡਿੱਗਣ ਦਿੰਦਾ ਸੀ। ਹਰ ਵਾਹ ਲਾ ਕੇ ਪੂਰੀ ਕਰਦਾ ਸੀ।


ਗੁਰਵੰਤ ਦੇ ਵਿਆਹ ਹੋਏ ਨੂੰ ਪੰਦਰਾਂ ਸਾਲ ਬੀਤ ਚੁੱਕੇ ਸਨ। ਪਰ ਰੱਬ ਦੇ ਘਰੋਂ ਉਸ ਨੂੰ ਔਲਾਦ ਦੀ ਬਖ਼ਸਿ਼ਸ਼ ਨਾ ਹੋਈ। ਰੱਬ ਨੂੰ ਮੰਨਣ ਵਾਲਾ ਗੁਰਵੰਤ ਸਿੰਘ ਆਪਣੀ ਜਿ਼ੰਦਗੀ ਵਿਚ ਮਸਤ ਰਿਹਾ। ਲੋਕਾਂ ਨੇ ਉਸ ਨੂੰ 'ਚੈੱਕ-ਅੱਪ' ਕਰਵਾਉਣ ਲਈ ਪ੍ਰੇਰਿਆ। ਪਰ ਉਸ ਨੇ ਕਿਸੇ ਦੀ ਪ੍ਰੇਰਨਾ ਦੀ ਕੋਈ ਪ੍ਰਵਾਹ ਨਾ ਕੀਤੀ। ਬੁੜ੍ਹੀਆਂ ਨੇ ਵੀਹ ਸਾਧਾਂ-ਸੰਤਾਂ ਦੀ ਦੱਸ ਪਾਈ, ਪਰ ਗੁਰਵੰਤ ਸਿੰਘ ਸਾਧਾਂ ਨੂੰ ਵੈਸੇ ਹੀ 'ਬੂਬਨੇ' ਸਮਝਦਾ ਸੀ। ਉਹ ਆਮ ਹੀ ਆਖਦਾ, "ਜਿਹੜੇ ਰੋਟੀ ਖਾਤਰ ਦਰ-ਦਰ ਭੌਂਕਦੇ ਫਿ਼ਰਦੇ ਐ, ਤੁਹਾਨੂੰ ਮੁੰਡਾ ਕਿੱਥੋਂ ਦੇ ਦੇਣਗੇ?" ਗੁਰਵੰਤ ਸਿੰਘ ਦੀ ਘਰਵਾਲੀ ਗੁਰਦੇਵ ਕੌਰ ਵੀ ਰੱਬ ਆਸਰੇ ਹੀ ਤੁਰਨ ਵਾਲੀ ਸੰਤੋਖੀ ਔਰਤ ਸੀ। ਉਸ ਨੇ ਵੀ ਕਿਸੇ ਸਾਧ ਦੇ ਡੇਰੇ ਜਾ ਕੇ ਮੱਥਾ ਨਾ ਰਗੜਿਆ। ਉਹਨਾਂ ਦੋਹਾਂ ਜੀਆਂ ਦੀਆਂ ਤਾਂ ਸੱਚੇ ਰੱਬ 'ਤੇ ਹੀ ਆਸਾਂ ਸਨ। ਦਰ-ਦਰ ਭਟਕਣ ਵਾਲੇ ਦੋਨੋਂ ਹੀ ਨਹੀਂ ਸਨ। ਭੈਣਾਂ ਭਰਾਵਾਂ ਨੇ ਗੁਰਵੰਤ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ। ਪਰ ਉਸ ਨੇ ਫ਼ੇਰ ਨਾ ਪੈਰਾਂ 'ਤੇ ਪਾਣੀ ਪੈਣ ਦਿੱਤਾ, "ਜੇ ਮੇਰੇ ਕਰਮਾਂ 'ਚ ਹੋਊ, ਤਾਂ ਮੈਨੂੰ ਦੇਬੋ ਦੀ ਕੁੱਖੋਂ ਈ ਮਿਲ ਜਾਊ, ਮੈਂ ਕਾਹਨੂੰ ਬਹੁਤੇ ਢਕਵੰਜ ਕਰਾਂ? ਨਾਲੇ ਮੈਂ ਦੇਬੋ ਦਾ ਦਿਲ ਦੁਖੀ ਕਰੂੰ ਤੇ ਨਾਲੇ ਅਗਲੀ ਨੂੰ ਪਰੁੰਨ੍ਹ ਕੇ ਰੱਖ ਦਿਊਂ! ਜੇ ਉਹਦੀ ਕੁੱਖੋਂ ਵੀ ਕੋਈ ਔਲਾਦ ਨਾ ਹੋਈ, ਫ਼ੇਰ ਰੱਬ ਦਾ ਕੀ ਕਰ ਲਵਾਂਗੇ?" ਉਹ ਦੂਜੇ ਵਿਆਹ ਨੂੰ ਵੀ ਲੱਤ ਨਾ ਲਾਉਂਦਾ ਅਤੇ ਸੱਚੇ ਦਾਤੇ ਅੱਗੇ ਹੀ ਅਰਦਾਸਾਂ ਕਰਦਾ।
ਪੂਰੇ ਅਠਾਰਾਂ ਸਾਲ ਬਾਅਦ ਉਸ ਦੀਆਂ ਅਰਦਾਸਾਂ ਦਰਗਾਹ ਪ੍ਰਵਾਨ ਹੋਈਆਂ। ਗੁਰਵੰਤ ਸਿੰਘ ਦੇ ਘਰ 'ਤੇ ਰੱਬ ਦੀ ਮਿਹਰ ਹੋਈ। ਉਹਨਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਕੋਈ ਹੋਰ ਖ਼ੁਸ਼ੀ ਮਨਾਉਣ ਦੀ ਜਗਾਹ ਉਹ ਸਿੱਧਾ ਗੁਰਦੁਆਰੇ ਪਹੁੰਚਿਆ ਅਤੇ ਸ਼ੁਕਰਾਨੇਂ ਦੀ ਅਰਦਾਸ ਕਰਵਾਈ, ਹੁਕਮਨਾਮਾ ਲਿਆ ਅਤੇ ਕਾਕੇ ਦਾ ਨਾਮ 'ਕੱਕੇ' 'ਤੇ ਨਿਕਲਿਆ। ਘਰ ਆ ਕੇ ਉਸ ਨੇ ਪੁੱਤਰ ਦਾ ਨਾਂ 'ਕੁਲਬੀਰ ਸਿੰਘ' ਰੱਖਿਆ। ਲੋਕ ਗੁਰਵੰਤ ਨੂੰ ਵਧਾਈਆਂ ਦਿੰਦੇ ਤਾਂ ਉਹ ਅਹਿਸਾਨ ਵਜੋਂ ਅਸਮਾਨ ਵੱਲ ਮੂੰਹ ਕਰਕੇ ਹੱਥ ਜੋੜ ਦਿੰਦਾ ਅਤੇ ਉਸ ਦਾ ਸ਼ੁਕਰਾਨਾਂ ਕਰਦਾ ਨਾ ਥੱਕਦਾ। 
ਗੁਰਵੰਤ ਸਿੰਘ ਸਿੱਧਾ-ਸਾਦਾ ਬੰਦਾ, ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਨਸਾਨ ਸੀ। ਉਸ ਦੇ ਘਰਵਾਲੀ ਦੇਬੋ ਵੀ ਵਲ-ਫ਼ੇਰ ਵਾਲੀ ਨਹੀਂ ਸੀ। ਕੁਲਬੀਰ ਦੇ ਪੂਰੇ ਇਕ ਸਾਲ ਦਾ ਹੋਣ 'ਤੇ ਗੁਰਵੰਤ ਨੇ ਡੰਡਾਉਤ ਕਰਨ ਵਜੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਰਿਸ਼ਤੇਦਾਰ ਬੁਲਾਏ ਅਤੇ ਭੈਣਾਂ-ਭਾਣਜੀਆਂ ਨੂੰ ਦਾਨ ਪੁੰਨ ਵਜੋਂ ਲੀੜਾ-ਕੱਪੜਾ ਵੀ ਦਿੱਤਾ ਗਿਆ। ਗੁਰਵੰਤ ਸਿੰਘ ਅਤੇ ਗੁਰਦੇਵ ਕੌਰ ਅਤੀਅੰਤ ਖ਼ੁਸ਼ ਸਨ। ਗੁਰਵੰਤ ਕੁਲਬੀਰ ਨੂੰ ਆਪਣੇ ਮੋਢਿਆਂ 'ਤੇ ਚੁੱਕੀ ਰੱਖਦਾ। ਗੁਰਦੁਆਰੇ ਮੱਥਾ ਟਿਕਾਅ ਕੇ ਲਿਆਉਂਦਾ ਅਤੇ ਫ਼ੇਰ ਖੇਤ ਭਲਵਾਨੀ ਗੇੜੀ ਲੁਆਉਂਦਾ। ਆਪ ਦੁੱਧ ਪੀਣ ਨੂੰ ਦਿੰਦਾ ਅਤੇ ਖੇਤ ਵਿਚ ਦੌੜ ਵੀ ਲੁਆਈ ਰੱਖਦਾ, "ਐਵੇਂ ਰਿੱਗਲ ਜਿਹਾ ਨਹੀਂ ਬਣਨਾਂ ਪੁੱਤ! ਡੰਡਾ ਬਣਨੈਂ, ਡੰਡਾ!" ਉਹ ਕੁਲਬੀਰ ਨੂੰ ਥਾਪੜਾ ਦੇ ਕੇ ਕਹਿੰਦਾ। 
ਪੰਜਵੀਂ ਜਮਾਤ ਤੱਕ ਉਹ ਕੁਲਬੀਰ ਨੂੰ ਆਪ ਘੰਧੇੜੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਰਿਹਾ। ਫਿ਼ਰ ਜਦ ਉਹ ਮਿਡਲ ਅਤੇ ਹਾਈ ਸਕੂਲ ਵਿਚ ਦਾਖ਼ਲ ਹੋਇਆ ਤਾਂ ਹੁਣ ਉਸ ਨੂੰ ਬਾਪੂ ਦੇ ਸਕੂਲ ਆਉਣ ’ਤੇ ਸ਼ਰਮ ਆਉਣ ਲੱਗ ਪਈ। ਬਿਰਧ ਬਾਪੂ ਦੀ ਸਣ ਵਰਗੀ ਦਾਹੜੀ ਵੇਖ ਕੇ ਉਸ ਨੂੰ ਲੱਜ ਜਿਹੀ ਆ ਜਾਂਦੀ। 
"ਤੂੰ ਮੇਰੇ ਬੁੱਢੇ ਵਾਰੇ ਜਾ ਕੇ ਹੋਇਐਂ ਕੁਲਬੀਰਿਆ! ਬਾਪੂ ਦੇ ਰਹਿਣ ਸਹਿਣ ਤੋਂ ਸ਼ਰਮ ਨਹੀਂ ਮੰਨੀਦੀ ਹੁੰਦੀ! ਸਭ ਦੁਨੀਆਂ ਨੂੰ ਪਤੈ ਬਈ ਮੈਂ ਤੈਨੂੰ ਕਿੰਨੇ ਤਰਲਿਆਂ ਨਾਲ ਲਿਐ! ਬੁੱਢਾ ਹੋ ਗਿਆ ਸੀ ਮੈਂ ਰੱਬ ਅੱਗੇ ਨੱਕ ਰਗੜਦਾ! ਬੁੱਢੇ ਬਾਪੂ ਦੀ ਸ਼ਰਮ ਨਹੀਂ ਕਰੀਦੀ ਹੁੰਦੀ!" ਪਰ ਕੁਲਬੀਰ ਬਾਹਰਲੇ ਪਿੰਡਾਂ ਤੋਂ ਸਕੂਲ ਆਉਂਦੇ ਮੁੰਡਿਆਂ ਤੋਂ ਬੁੱਢੇ ਅਤੇ ਸਾਦੇ ਬਾਪੂ ਦੀ ਹੋਂਦ ਅਤੇ ਪਹਿਚਾਣ ਛੁਪਾਈ ਰੱਖਦਾ ਸੀ। ਜਦ ਕਦੇ ਰਾਹ ਖਹਿੜੇ ਉਸ ਨੂੰ ਬਾਪੂ ਮਿਲ ਜਾਂਦਾ ਤਾਂ ਉਹ ਸ਼ਰਮਿੰਦਗੀ ਵਜੋਂ ਉਸ ਵੱਲੋਂ ਪਾਸਾ ਹੀ ਵੱਟ ਲੈਂਦਾ। ਇਸ ਗੱਲ ਦਾ ਗੁਰਵੰਤ ਨੂੰ ਅਥਾਹ ਅਫ਼ਸੋਸ ਹੁੰਦਾ ਕਿ ਇੱਕੋ ਇਕ ਪੁੱਤ ਰੱਬ ਤੋਂ ਮਸਾਂ ਨੱਕ ਰਗੜ-ਰਗੜ ਕੇ ਲਿਆ ਸੀ, ਹੁਣ ਮੇਰੇ ਬੁੜ੍ਹਾਪੇ ਕਾਰਨ ਉਹ ਲੋਕਾਂ ਵਿਚ ਵੀ ਮਿਲਣੋਂ ਪਾਸਾ ਵੱਟਦਾ ਹੈ। ਨਮੋਸ਼ੀ ਮੰਨਦਾ ਹੈ। ਪਰ ਇਹ ਗੱਲ ਉਹ ਗੁਰਦੇਵ ਕੌਰ ਤੋਂ ਛੁਪਾਈ ਰੱਖਦਾ। ਉਸ ਨੂੰ ਇਹ ਸੀ ਕਿ ਜਦ ਦੇਬੋ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਉਦਾਸ ਹੋ ਜਾਵੇਗੀ। ਇਹ ਗੱਲ ਉਸ ਦੇ ਮਨ ਵਿਚ ਰੋੜ ਵਾਂਗ ਰੜਕਦੀ ਰਹਿੰਦੀ ਅਤੇ ਉਹ ਬੜੇ ਸਬਰ ਨਾਲ ਜਰਦਾ, "ਅਜੇ ਨਿਆਣਾਂ ਹੈ! ਜਦ ਸਿਆਣਾਂ ਹੋ ਗਿਆ, ਆਪੇ ਸਮਝ ਆਜੂਗੀ ਨਲਾਇਕ ਨੂੰ!" ਉਹ ਆਪਣੇ ਆਪ ਨੂੰ ਉਚੀ ਸਾਰੀ ਆਖਦਾ।
ਸਮਾਂ ਪਾ ਕੇ ਕੁਲਬੀਰ ਫ਼ੌਜ ਵਿਚ ਭਰਤੀ ਹੋ ਗਿਆ। ਉਸ ਦਾ ਵਿਛੋੜਾ ਦੋਹਾਂ ਜੀਆਂ ਨੂੰ ਬਿੱਛੂ ਵਾਂਗ ਡੰਗਦਾ।
"ਜੇ ਉਹਨੂੰ ਸਾਰੀ ਉਮਰ ਹਿੱਕ ਨਾਲ ਲਾਈ ਰੱਖਾਂਗੇ ਤਾਂ ਉਹਦੀ ਜਿੰਦਗੀ ਈ ਤਬਾਹ ਕਰਾਂਗੇ ਦੇਬੋ! ਫ਼ੌਜ 'ਚ ਜਾ ਕੇ ਉਹਨੂੰ ਲੋਕਾਂ 'ਚ ਰਹਿਣਾਂ ਬਹਿਣਾਂ ਤਾਂ ਆਊ? ਇੱਥੇ ਪਿੰਡ 'ਚ ਰਹਿ ਕੇ ਤਾਂ ਆਪਣੇ ਵਰਗਾ ਉਜੱਡ ਈ ਬਣੂੰ! ਫ਼ੇਰ ਆਪਣੇ ਮਰਿਆਂ ਤੋਂ ਆਪਾਂ ਨੂੰ ਈ ਦੋਸ਼ ਦਿਆ ਕਰੂਗਾ, ਬਈ ਮੈਨੂੰ ਬਾਹਰਲੀ ਹਵਾ ਨਹੀਂ ਲੱਗਣ ਦਿੱਤੀ ਮੇਰੇ ਖ਼ੁਦਗਰਜ ਮਾਪਿਆਂ ਨੇ!" ਆਖ ਕੇ ਉਹ ਆਪਣੇ ਆਪ ਨੂੰ ਹੀ ਧਰਵਾਸ ਦੇ ਲੈਂਦਾ। ਪਰ ਦੇਬੋ ਚੁੱਪ ਰਹਿੰਦੀ। 
ਕੁਲਬੀਰ ਦੀ ਬਦਲੀ ਫਿ਼ਰੋਜ਼ਪੁਰ ਦੀ ਹੋ ਗਈ ਅਤੇ ਉਸ ਦੀ ਚਿੱਠੀ ਆਈ ਕਿ ਮੈਨੂੰ ਦਸ ਕਿੱਲੋ ਖੋਆ ਮਾਰ ਕੇ ਕਿਸੇ ਦੇ ਹੱਥ ਭੇਜ ਦਿਓ! ਬਾਪੂ ਤਕਲੀਫ਼ ਨਾ ਕਰੇ, ਕਿਸੇ ਹੋਰ ਹੱਥ ਖੋਆ ਭੇਜ ਦੇਣਾਂ। 
"ਲੈ! ਤਕਲੀਫ਼ ਕਾਹਦੀ ਐ? ਆਹ ਤਾਂ ਫ਼ਰੋਜਪੁਰ ਖੜ੍ਹੈ! ਮੈਂ ਆਪਣੇ ਸ਼ੇਰ ਨੂੰ ਆਪ ਖੋਆ ਮਾਰ ਕੇ ਹੱਥੀਂ ਦੇ ਕੇ ਆਊਂ! ਸਿਆਣੇ ਕਹਿੰਦੇ ਐ, ਹੱਥੀ ਵਣਜ ਪਰਾਈ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ! ਤੂੰ ਖੋਆ ਮਾਰ, ਮੈਂ ਆਪ ਫ਼ੜਾ ਕੇ ਆਊਂ ਮੇਰੇ ਸ਼ੇਰ ਬੱਗੇ ਨੂੰ ਖੋਆ!" 
ਗੁਰਦੇਵ ਕੌਰ ਸਾਰੀ ਰਾਤ ਖੋਆ ਮਾਰਦੀ ਰਹੀ। ਗੁਰਵੰਤ ਦੋ ਕੁ ਘੰਟੇ ਸੌਂ ਲਿਆ ਸੀ।
ਸਵੇਰੇ ਉਹ ਤੁਰ ਕੇ ਹੀ ਅੰਮ੍ਰਿਤਸਰ ਪਹੁੰਚਿਆ ਅਤੇ ਉਥੋਂ ਬੱਸ ਫ਼ੜਕੇ ਫਿ਼ਰੋਜ਼ਪੁਰ ਜਾ ਉੱਤਰਿਆ। ਖੋਏ ਦਾ ਪੀਪਾ ਉਸ ਨੇ ਬੜੇ ਉਤਸ਼ਾਹ ਨਾਲ ਮੋਢਿਆਂ 'ਤੇ ਚੁੱਕਿਆ ਹੋਇਆ ਸੀ। ਇਹ ਖੋਆ ਉਸ ਦੇ ਪੁੱਤ ਨੇ ਖਾਣਾਂ ਸੀ। ਖਾ ਕੇ ਸਰੀਰ ਬਣਾਉਣਾ ਸੀ। ਫ਼ੌਜ ਦੀ ਨੌਕਰੀ ਕਰਨੀ ਸੀ। ਚਾਰ ਪੈਸੇ ਜੋੜ ਕੇ ਉਸ ਦਾ ਵਿਆਹ ਵੀ ਕਰਾਂਗੇ ਤੇ ਫ਼ੇਰ ਮੇਰੇ ਪੋਤੇ ਮੇਰੇ ਮੋਢਿਆਂ 'ਤੇ ਖੇਡਿਆ ਕਰਨਗੇ। ਘਰ ਰੌਣਕ ਲੱਗੀ ਰਿਹਾ ਕਰੇਗੀ। ਕੀ ਹੋ ਗਿਆ ਰੱਬ ਨੇ ਮੈਨੂੰ ਬੁੱਢੇ ਹੋਏ ਨੂੰ ਪੁੱਤ ਦਿੱਤਾ? ਅਜੇ ਤਾਂ ਮੈਂ ਵੀ ਘੋੜ੍ਹੇ ਵਰਗਾ ਤੁਰਿਆ ਫਿ਼ਰਦੈਂ! ਬੁਣਤੀਆਂ ਬੁਣਦਾ ਉਹ ਐਡਰੈੱਸ ਵਾਲੀ ਚਿੱਠੀ ਹੱਥ ਵਿਚ ਫ਼ੜੀ ਲੋਕਾਂ ਨੂੰ ਦਿਖਾਉਂਦਾ ਆਰਮੀ ਦੀ ਛਾਉਣੀਂ ਪਹੁੰਚ ਗਿਆ। 
ਛਾਉਣੀ ਦੇ ਬਾਹਰ ਖੜ੍ਹੇ ਫ਼ੌਜੀਆਂ ਨੂੰ ਉਸ ਨੇ ਕੁਲਬੀਰ ਦਾ ਨਾਂ ਲੈ ਕੇ ਖੋਆ ਲਿਆਉਣ ਬਾਰੇ ਦੱਸਿਆ ਤਾਂ ਕੁਲਬੀਰ ਦੀ ਉਮਰ ਦਾ ਫ਼ੌਜੀ ਜੁਆਨ ਕੁਆਟਰਾਂ ਵੱਲ ਨੂੰ ਚਲਾ ਗਿਆ ਅਤੇ ਕੁਝ ਪਲਾਂ ਵਿਚ ਹੀ ਫ਼ੌਜੀ ਵਰਦੀ ਵਿਚ ਕੱਸਿਆ ਕੁਲਬੀਰ ਆਉਂਦਾ ਦਿਸਿਆ ਤਾਂ ਗੁਰਵੰਤ ਦਾ ਸੀਨਾਂ ਗਜ ਚੌੜਾ ਹੋ ਗਿਆ। 
ਗੁਰਵੰਤ ਨੇ ਖੋਏ ਵਾਲਾ ਪੀਪਾ ਪਾਸੇ ਰੱਖ ਕੇ ਪੁੱਤ ਨੂੰ ਗਲਵਕੜੀ ਜਾ ਪਾਈ। ਉਸ ਦਾ ਕਾਲਜਾ ਠਰ ਗਿਆ। ਜਿਵੇਂ ਰੇਗਿਸਤਾਨ ਵਿਚ ਸੀਤ ਕਣੀਂ ਡਿੱਗਦੀ ਹੈ। ਜੁੱਗੜਿਆਂ ਤੋਂ ਪਿਆਸੇ ਪਪੀਹੇ ਦੇ ਮੁੱਖ ਵਿਚ ਸੁਆਤੀ ਬੂੰਦ ਪੈਣ ਵਾਂਗ! ਪਰ ਕੁਲਬੀਰ ਉਸ ਨੂੰ ਮਿਲਣ ਵਿਚ ਸੰਕੋਚ ਕਰ ਰਿਹਾ ਸੀ। 
"ਯਾਰ ਕਿੰਨੀ ਦੂਰੋਂ ਬੰਦਾ ਖੋਆ ਲੈ ਕੇ ਆਇਐ, ਚਾਹ ਪਾਣੀ ਤਾਂ ਪੁੱਛ ਲੈ!" ਕਿਸੇ ਫ਼ੌਜੀ ਸਾਥੀ ਨੇ ਟਕੋਰ ਮਾਰੀ।
ਕੁਲਬੀਰ ਬਾਪੂ ਨੂੰ ਅੰਦਰ ਲੈ ਗਿਆ। ਉਸ ਨੇ ਆਪਣੇ ਮੂੰਹੋਂ ਇਕ ਵਾਰ ਵੀ "ਬਾਪੂ ਜੀ" ਨਹੀਂ ਕਿਹਾ ਸੀ। ਇਹੀ ਕਾਰਨ ਸੀ ਕਿ ਗੁਰਵੰਤ ਦੀ ਹਿੱਕ ਸੜ ਗਈ ਸੀ ਅਤੇ ਕਾਲਜਾ ਲੂਹਿਆ ਗਿਆ ਸੀ।
ਉਸ ਨੇ ਬਾਪੂ ਨੂੰ ਫ਼ੌਜੀ ਕੰਨਟੀਨ ਵਿਚ ਬੈਠਣ ਦਾ ਰੁੱਖਾ ਜਿਹਾ ਇਸ਼ਾਰਾ ਕੀਤਾ। ਜਿਵੇਂ ਸੱਤ ਬਿਗਾਨਿਆਂ ਨੂੰ ਕਰੀਦਾ ਹੈ! ਬਾਪੂ ਹੋਰ ਅਵਾਜ਼ਾਰ ਹੋ ਗਿਆ। ਉਸ ਦੇ ਅਹਿਸਾਸ ਕਤਲ ਹੋ ਗਏ ਅਤੇ ਜਜ਼ਬਾਤ ਖ਼ੂਨੋਂ-ਖ਼ੂਨ! 
ਇਕ ਫ਼ੌਜੀ ਜੁਆਨ ਚਾਹ ਦਾ ਕੱਪ ਅਤੇ ਗੁਲੂਕੋਜ਼ ਦੇ ਬਿਸਕੁਟ ਗੁਰਵੰਤ ਦੇ ਅੱਗੇ ਰੱਖ ਗਿਆ। 
"ਕੌਣ ਆਇਐ?" ਕੰਨਟੀਨ ਵਿਚ ਇਕ ਪਾਸੇ ਖੜ੍ਹੇ ਫ਼ੌਜੀਆਂ ਨੇ ਕੁਲਬੀਰ ਨੂੰ ਪੁੱਛਿਆ, "ਬਾਪੂ ਜੀ ਆਏ ਐ?"
ਕੁਲਬੀਰ ਦੇ ਮੂੰਹੋਂ "ਮੇਰੇ ਬਾਪੂ ਜੀ" ਸੁਣਨ ਲਈ ਗੁਰਵੰਤ ਦੇ ਕੰਨ ਤਰਸੇ ਪਏ ਸਨ।
"ਸਾਡਾ ਸੀਰੀ ਆਇਐ! ਬਾਪੂ ਜੀ ਤਾਂ ਢਿੱਲੇ ਸੀ, ਆ ਨਹੀਂ ਸਕੇ! ਖੋਆ ਦੇ ਕੇ ਉਹਨਾਂ ਨੇ ਸੀਰੀ ਨੂੰ ਈ ਭੇਜਤਾ!" ਕੁਲਬੀਰ ਦੇ ਮੂੰਹੋਂ ਨਿਕਲੇ ਸ਼ਬਦ ਗੁਰਵੰਤ ਦੀ ਰੂਹ ਵਲੂੰਧਰ ਗਏ ਅਤੇ ਉਹ ਚਾਹ ਅਤੇ ਬਿਸਕੁਟ ਛੱਡ ਕੇ ਆਪਣੇ ਰਸਤੇ ਪੈ ਗਿਆ। ਸਾਰੀ ਉਮਰ ਕਿਸੇ ਬੱਚੇ ਦੇ ਮੂੰਹੋਂ 'ਬਾਪੂ' ਸ਼ਬਦ ਨੂੰ ਤਰਸਦਾ ਗੁਰਵੰਤ ਅੰਦਰੋਂ ਲਹੂ-ਲੁਹਾਣ ਹੋਇਆ ਪਿਆ ਸੀ ਅਤੇ ਉਸ ਦੀ ਆਤਮਾਂ ਵਿਲਕੀ ਜਾ ਰਹੀ ਸੀ। ਘਰੇ ਪਹੁੰਚਣ ਦੀ ਬਜਾਏ ਉਹ ਅਖ਼ਬਾਰ ਦੇ ਦਫ਼ਤਰ ਪਹੁੰਚਿਆ ਅਤੇ 'ਬੇਦਖ਼ਲੀ' ਦਾ ਨੋਟਿਸ ਦੇ ਦਿੱਤਾ।
**** 

ਗੁਰਮੁਖੀ ਲਿਖਤ ਵਿਚ ਆ ਵੜੀ ਬੇਲੋੜੀ ਬਿੰਦੀ……… ਲੇਖ / ਗਿ. ਸੰਤੋਖ ਸਿੰਘ


ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘਟੋ ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਜ ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਯੱਖਣਾ ਪੁੱਟਦੀ ਹੈ।


ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ ਇਸ ਲਈ ਇਸ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕਢ ਕੇ ਕਾਰਜ ਸਾਰ ਲਿਆ; ਜਿਵੇਂ:

ਸ਼ ਖ਼ ਗ਼ ਜ਼ ਫ਼
ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ ਲ਼ ਬਣਾ ਕੇ ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ ੍ਹ ਪਾ ਕੇ ਲਿਖਣ ਦੀ ਗ਼ਲਤ ਜਿਦ ਕਰਦੇ ਹਨ।
ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਲੋੜ ਪਈ ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ। ਸੋ ਜੇ ਇਹ ਬਿੰਦੀ ਨਾ ਵੀ ਵਰਤੀ ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ।
ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ ਵਧ ਤੋਂ ਵਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ ‘ਮਹਾਨ ਕਾਰਜ’ ਵਿਚ ਦੂਜਿਆਂ ਨੂੰ ਪਛਾੜਨ ਦਾ ਇਹ ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਸਕੂਲਾਂ ਦੇ ਪੰਜਾਬੀ ਦੇ ਟੀਚਰ ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ, “ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।“
ਦੱਸੋ ਭਈ:
ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼,
ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਜ਼ਲਵਾ, 
ਰਿਫ਼ਿਊਜ਼ੀ, ਹਜ਼ਮ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, 
ਵਾਲ਼ੇ ਚੰਗੇ ਭਲੇ ਜ ਦੇ ਪੈਰ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ!
ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯਨੂੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਉਪਰ ਸਾਰਿਆਂ ਦੀ ਸੰਮਤੀ ਨਹੀ ਹੋ ਸਕੀ ਤੇ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ ਇਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ ਨਾਲ਼ ਏਥੇ ਸਿਡਨੀ ਵਿਚ ਵੀ ਲੈ ਆਇਆ। ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵਧ ਮੈ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਕਾਹਲ਼ੀ ਵਿਚ ਲੇਖਕ ਨੇ ਲਿਖ ਦਿਤਾ ਉਸ ਦੀ ਪ੍ਰਰੂਫ਼ ਰੀਡਿੰਗ ਕਰਕੇ, ਕਿਸੇ ਨੇ ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ। ਇਹ ਉਸ ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਇਹੋ ਹਾਲ ਹੈ।
ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ।

ਦਰਦ ਦਿਲ ਦਾ.......... ਗ਼ਜ਼ਲ / ਜਸਵੀਰ ਫ਼ਰੀਦਕੋਟ

ਦਰਦ ਦਿਲ ਦਾ ਨਾਂ ਹੋਇਆ ਘੱਟ ਹਾਲੇ,
ਜ਼ਖ਼ਮ ਭਰਿਆ ਹੈ, ਭੁੱਲੀ ਨਾਂ ਸੱਟ ਹਾਲੇ।
ਲੋਕ ਧਰਤ ਤੋਂ ਚੰਨ ਤੀਕ ਜਾ ਆਏ ਨੇ,
ਏ ਅਜੇ ਵੀ ਲਾਉਂਦੇ ਤੋਤੇ ਵਾਂਗੂੰ ਰੱਟ ਹਾਲੇ।
ਚਲਦਾ ਚਲੀਂ ਜੇ ਮੰਜਿ਼ਲ ਸਰ ਕਰਨੀ,
ਬੜੀ ਦੂਰ ਵਾਟ ਮਾਝੀਆ ਤੱਟ ਹਾਲੇ।
ਅਜੇ ਤਾਂ ਤੂਫਾਨਾਂ ਦੀ ਸ਼ੁਰੂਆਤ ਹੀ ਹੈ,
ਮੁਸੀਬਤਾਂ ਆਉਣੀਆਂ ਹੋਰ ਵੀ ਡੱਟ ਹਾਲੇ।
ਪੈਰਾਂ ਦੀ ਬੇੜੀ ਨੂੰ ਵੀ ਕੱਟਾਂਗੇ ਇੱਕ ਦਿਨ,
ਪਹਿਲਾਂ ਜ਼ਹਿਨ ‘ਚ ਬੁਣਿਆ ਜਾਲ ਕੱਟ ਹਾਲੇ।
ਸੋਹਣੀ ਵਾਂਗ ਜੇ ਆਵੇਂ ਚੀਰ ਦਰਿਆਵਾਂ ਨੂੰ,
ਹੈ ਜਿਗਰਾ ਚੀਰ ਖਵਾਂਵਾਂਗਾ ਪੱਟ ਹਾਲੇ।
ਸਮਾਂ ਆਉਣ ਤੇ ਕਰਾਂਗੇ ਜਿ਼ਕਰ“ਜਸਵੀਰ’,
ਸਾਂਭ ਰੱਖ ਸੀਨੇ ਵਿੱਚ ਦੜ੍ਹ ਵੱਟ ਹਾਲੇ।

ਨਾਸਾ ਦੇ ਵਿਗਿਆਨੀਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਦਿੱਤੀ......... ਦਲਵੀਰ ਹਲਵਾਰਵੀ



ਨਿਊਯਾਰਕ-ਦੁਨੀਆਂ ਦਾ ਸਭ ਤੋਂ ਆਧੁਨਿਕ ਸਿੱਖ ਧਰਮ ਨਾਸਾ ਦੇ ਵਿਗਿਆਨੀਆਂ ਦਾ ਪ੍ਰੇਰਨਾ ਸਰੋਤ ਬਣ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਰੂਪ ਨੂੰ ਨਾਸਾ ਦੇ ਵਿਗਿਆਨੀਆਂ ਨੇ ਆਪਣੇ ਵਿਗਿਆਨ ਕੇਂਦਰ ਵਿਚ ਸੁਸ਼ੋਭਿਤ ਕੀਤਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜਿਹੜੇ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਨਾਸਾ ਦੇ ਵਿਗਿਆਨੀਆਂ ਨੇ ਕਰੋੜਾਂ ਡਾਲਰ ਖ਼ਰਚ ਕਰ ਦਿੱਤੇ, ਉਨ੍ਹਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲ ਗਏ। ਸਭ ਤੋਂ ਅਹਿਮ ਸਵਾਲ ਇਹ ਸੀ ਕਿ ਸਾਡਾ ਬ੍ਰਹਿਮੰਡ ਦੀ ਸਿਰਜਣਾ ਕਿਵੇਂ ਹੋਈ ਅਤੇ ਇਸ ਦਾ ਅੰਤ ਕਿਵੇਂ ਹੋਵੇਗਾ? ਜਪੁ ਜੀ ਸਾਹਿਬ ਵਿਚ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮੌਜੂਦ ਹੈ ਕਿ ਬ੍ਰਹਿਮੰਡ ਵਿਚ ਅਣਗਿਣਤ ਗ੍ਰਹਿ ਅਤੇ ਆਕਾਸ਼ ਗੰਗਾਵਾਂ ਹਨ, ਜਿਨ੍ਹਾਂ ਦੀ ਸਿਰਜਣਾ ਅਕਾਲ ਪੁਰਖ ਨੇ ਕੀਤੀ ਹੈ। ਜਦੋਂ ਵੀ ਨਾਸਾ ਵਲੋਂ ਕਿਸੇ ਨਵੇਂ ਗ੍ਰਹਿ ਦੀ ਖੋਜ ਕੀਤੀ ਜਾਂਦੀ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ। ਜਦ ਕਿ ਗੁਰੂ ਨਾਨਕ ਸਾਹਿਬ ਸੈਂਕੜੇ ਸਾਲ ਪਹਿਲਾਂ ਇਹ ਗੱਲ ਕਹਿ ਗਏ ਸਨ। ਗੁਰੂ ਸਾਹਿਬ ਨੇ ਉਹ ਗੱਲਾਂ ਉਸੇ ਸਮੇਂ ਦਸ ਦਿੱਤੀਆਂ ਸਨ, ਜਿਨ੍ਹਾਂ ਦੀ ਖੋਜ ਨਾਸਾ ਦੇ ਵਿਗਿਆਨੀ ਮੌਜੂਦਾ ਸਮੇਂ ਵਿਚ ਕਰ ਰਹੇ ਹਨ।ਗੁਰੂ ਸਾਹਿਬ ਨੇ ਦੱਸਿਆ ਸੀ ਕਿ ਇਕ ਦਿਨ ਸੂਰਜ, ਧਰਤੀ ਅਤੇ ਚੰਨ ਖ਼ਤਮ ਹੋ ਜਾਣਗੇ।ਧਰਤੀ ’ਤੇ ਨਾ ਕੋਈ ਪਹਾੜ ਰਹੇਗਾ ਅਤੇ ਨਾ ਕੋਈ ਸਮੁੰਦਰ, ਜੇ ਕੁੱਝ ਰਹੇਗਾ ਤਾਂ ਉਹ ਹੋਵੇਗਾ ਅਕਾਲ ਪੁਰਖ। ਗੁਰੂ ਸਾਹਿਬ ਦੱਸ ਗਏ ਹਨ ਕਿ ਅਣਗਿਣਤ ਸਾਲਾਂ ਤੱਕ ਹਨੇਰਾ ਛਾਇਆ ਰਹੇਗਾ। ਨਾ ਧਰਤੀ ਹੋਵੇਗੀ ਅਤੇ ਨਾ ਅਕਾਸ਼, ਨਾ ਦਿਨ ਹੋਵੇਗਾ, ਨਾ ਰਾਤ ਬਸ ਪਰਮਾਤਮਾ ਹੋਵੇਗਾ।ਉਸ ਤੋਂ ਬਿਨਾਂ ਹੋਰ ਕੋਈ ਚੀਜ਼ ਸਦੀਵੀ ਨਹੀਂ।ਦੱਸਣਯੋਗ ਹੈ ਕਿ ਸੂਰਜ ਦੀ ਗਰਮੀ ਘਟਣ ਅਤੇ ਰੌਸ਼ਨੀ ਮੱਧਮ ਪੈਣ ਦੇ ਸਿਧਾਂਤ ਕਈ ਵਿਗਿਆਨੀ ਦੱਸਦੇ ਆਏ ਹਨ ਜਦਕਿ ਗੁਰੂ ਸਾਹਿਬ ਨੇ ਕਿਤੇ ਪਹਿਲਾਂ ਇਸ ਬਾਰੇ ਦਸ ਦਿੱਤਾ ਸੀ। ਜਿਸ ਰਫ਼ਤਾਰ ਨਾਲ ਅਸੀਂ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉਸ ਤੋਂ ਧਰਤੀ ਦਾ ਖ਼ਾਤਮਾ ਅਟਲ ਜਾਪਦਾ ਹੈ। ਮੌਜੂਦਾ ਸਮੇਂ ਵਿਚ ਨਾਸਾ ਦੇ ਵਿਗਿਆਨੀ ਗੁਰੂ ਗ੍ਰੰਥ ਸਾਹਿਬ ਦੀ ਹਰ ਸਿਖਿਆ ਨੂੰ ਪੜ੍ਹਨ ਅਤੇ ਸਮਝਣ ਦੇ ਯਤਨ ਵਿਚ ਹਨ।

ਧੰਨਵਾਦ ਸਹਿਤ ਪੰਜਾਬ ਟਾਈਮਜ਼ ਯੂ.ਕੇ ਵਿਚੋਂ



ਦੋ ਮੂੰਹੇਂ.......... ਨਜ਼ਮ/ਕਵਿਤਾ / ਮਿੰਟੂ ਬਰਾੜ

ਬਚ-ਬਚ ਕੇ ਕਈ ਬਾਰੀ ਮੈਂ ਡੂੰਘੇ ਪਾਣੀਓਂ ਲੰਘਿਆ,
ਪਰ ਜਦ ਵੀ ਮੈਨੂੰ ਡੰਗਿਆ, ਦੋ ਮੁੰਹੇ ਡੰਗਿਆ।

ਰਾਹ ਜਾਂਦੇ ਹਰ ਰਾਹੀ ਦੇ, ਜਜ਼ਬਾਤਾਂ ਨਾਲ ਜੁੜ ਜਾਣਾ,
ਭੋਲੇ ਭਾਲੇ ਮੂੰਹਾਂ ਦੀਆਂ ਤਦਬੀਰਾਂ ਵਿੱਚ ਰੁੜ੍ਹ ਜਾਣਾ।

ਵਗਦੇ ਦਰਿਆਵਾਂ ਦਾ ਕਈ ਬਾਰੀ ਮੁੱਖ ਮੋੜ ਦਿੰਦਾ,
ਪਰ ਇਕ ਅੱਖ ਦਾ ਅੱਥਰੂ ਹੀ ਮੈਨੂੰ ਯਾਰੋ ਡੋਬ ਦਿੰਦਾ।

ਹਰ ਰੋਜ ਲੈਂਦੇ ਰਹੇ ਲੋਕੀ ਇਮਤਿਹਾਂ ਮੇਰੀ ਮੁਰੱਵਤ ਦਾ,
ਲੈ ਗਏ ਕਈ ਲਾਹਾ, ਮੇਰੀ ਪਾਕ ਮੁਹੱਬਤ ਦਾ।

ਮੈਨੂੰ ਹਰਾ ਭਰਾ ਰੱਖਣ ਦੀ ਸਦਾ ਜੋ ਹਾਮੀ ਭਰਦੇ ਰਹੇ,
ਅਸਲੋਂ ਉਹੀ ਲੋਕ ਮੇਰੀ ਜੜ੍ਹ ਨੂੰ ਵੱਢਦੇ ਰਹੇ।

ਲੋਕਾਚਾਰੀ ’ਚ ਸਦਾ ਹੀ ਜਿਉਣਾ ਲੋਚਦਾ ਹਾਂ,
ਜਿਉਣ ਨਾ ਦੇਣ ਇਹ ਦੋ ਮੂੰਹੇਂ, ਆਪਾ ਬੋਚਦਾ ਹਾਂ।

ਇਕ ਮੂੰਹੋਂ, ਜੋ ਮੂੰਹ ਤੇ ਕਹਿੰਦੇ ਸਰਫਰਾਜ ਏ ਮਿੰਟੂ ਨੂੰ,
ਦੂਜੇ ਮੂੰਹੋਂ, ਪਿੱਠ ਤੇ ਖ਼ਬਤੀ ਕਹਿਕੇ ਜਾਣ ਨਿਵਾਜ ਏ ਮਿੰਟੂ ਨੂੰ।

ਬਿਨਾਂ ਉਜ਼ਰ ਦੇ ਕਦੇ ਨਾ ਯਾਰੋ, ਇਕ ਮੂੰਹੇ ਡੰਗਿਆ
ਪਰ ਦੋ ਮੂੰਹਾਂ ਕਦੇ ਨਾ ਪਿੱਠ ਪਿੱਛੇ ਬਾਰ ਕਰਨੋ ਸੰਗਿਆ
ਸੋ ਜਦ ਵੀ ਮੈਨੂੰ ਡੰਗਿਆ, ਦੋ ਮੁੰਹੇ ਡੰਗਿਆ।



1. ਤਦਬੀਰਾਂ/ਚਾਲਾਂ, 2. ਮੁਰੱਵਤ/ਭਲਮਾਣਸੀ, 3. ਸਰਫਰਾਜ/ਸਰਬੋਤਮ, 4. ਖ਼ਬਤੀ/ਕਮਲਾ, 5. ਉਜ਼ਰ/ਕਾਰਣ


ਤੰਤੀ ਸਾਜ ; ਪਿਛੋਕੜ,ਰਚਨਾਂ ਅਤੇ ਮਹੱਤਵ........ ਲੇਖ਼ / ਹਰਮਿੰਦਰ ਕੰਗ


ਸਿੱਖ ਧਰਮ ਦਾ ਇਤਿਹਾਸ ਕੋਈ ਬਹੁਤਾ ਪੁਰਾਣਾਂ ਨਹੀਂ।ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ ਜੋ ਵੀ ਘਟਨਾਂਕ੍ਰਮ ਵਾਪਰਿਆ ਹੈ ਉਹ ਕਿਸੇ ਨਾਂ ਕਿਸੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਸਾਡੇ ਦਸਾਂ ਗੁਰੂਆਂ ਨੇਂ ਪੂਰੀ ਜਿੰਦਗੀ ਦੇ ਤਜੁਰਬੇ, ਘਟਨਾਵਾਂ, ਸਮਕਾਲੀ ਹਾਲਾਤਾਂ,ਨਾਮ ਸਿਮਰਨ ਅਤੇ ਨਿੱਜੀ ਅਨੁਭਵਾਂ ਨੂੰ ਗੁਰਬਾਣੀਂ ਦੇ ਰੂਪ ਵਿੱਚ ਆਦਿ ਗ੍ਰੰਥ ਵਿੱਚ ਦਰਜ ਕੀਤਾ ਅਤੇ ਸਮੁੱਚੀ ਕੌਮ ਨੂੰ ਉਪਦੇਸ਼ ਦਿੱਤਾ ਕਿ ਕੋਈ ਵੀ ਇਸ ਬਾਣੀਂ ਨੂੰ ਪੜ੍ਹ ਸਮਝ ਕੇ ਅਤੇ ਇਸ 'ਤੇ ਅਮਲ ਕਰਕੇ ਆਪਣਾਂ ਜੀਵਨ ਤਾਂ ਸਫਲ ਬਣਾ ਹੀ ਸਕਦਾ ਹੈ ਨਾਲ ਹੀ ਮਾਤ ਲੋਕ ਤੋਂ ਮੁਕਤ ਹੋ ਕੇ ਪ੍ਰਮਾਤਮਾਂ ਨਾਲ ਵੀ ਮਿਲਾਪ ਪਾ ਸਕਦਾ ਹੈ।ਬਾਬੇ ਨਾਨਕ ਨੇ ਖੁਦ ਬਾਣੀ ਦੀ ਰਚਨਾਂ ਕੀਤੀ ਅਤੇ ਬਾਣੀ ਪੜ੍ਹਨ ਸੁਣਨ ਦੀ ਰੀਤ ਚਲਾਈ। ਗੁਰੁ ਨਾਨਕ ਇੱਕ ਅਦੁੱਤੀ ਸ਼ਖਸ਼ੀਅਤ ਹੋਣ ਦੇ ਨਾਲ ਨਾਲ ਇੱਕ ਫਿਲਾਸਫਰ ਵੀ ਸਨ ਜੋ ਭਲੀ ਭਾਂਤੀ ਜਾਣਦੇ ਸਨ ਕਿ ਬਾਣੀ ਨੂੰ ਹੋਰ ਵੀ ਇਕਾਗਰਤਾ ਨਾਲ ਵਾਚਿਆ ਜਾ ਸਕਦਾ ਹੈ ਜੇਕਰ ਇਸ ਨਾਲ ਸੰਗੀਤ ਨੂੰ ਜੋੜ ਦਿੱਤਾ ਜਾਵੇ।ਬਾਬੇ ਨਾਨਕ ਨੇਂ ਹੀ ਮੁੱਢਲੇ ਦੌਰ ਵਿੱਚ ਬਾਣੀ ਦਾ ਗਾਇਨ ਕਰਨ ਦੀ ਨਿਰਾਲੀ ਰੀਤ ਆਰੰਭੀ। ਸ਼ਾਇਦ ਇਹੀ ਕਾਰਨ ਹੈ ਕਿ ਆਦਿ ਬੀੜ ਵਿੱਚ ਸਾਰੀ ਬਾਣੀ ਨੂੰ 31 (ਇਕੱਤੀ) ਨਿਰਧਾਰਿਤ ਰਾਗਾਂ ਵਿੱਚ ਦਰਜ ਕੀਤਾ ਗਿਆ ਹੈ। ਬਾਬੇ ਨਾਨਕ ਤੋ ਬਾਅਦ ਵੀ ਸਾਰੇ ਨੌਵਾਂ ਗੁਰੂਆਂ ਨੇ ਵੀ ਇਸੇ ਪ੍ਰਥਾ ਨੂੰ ਅੱਗੇ ਤੋਰਿਆ।ਗੁਰੁ ਨਾਨਕ ਖੁਦ ਬਾਣੀਂ ਦਾ ਗਾਇਨ ਕਰਿਆ ਕਰਦੇ ਸਨ 'ਤੇ ਮਰਦਾਨਾਂ ਰਬਾਬ ਵਜਾਉਦਾ ਅਤੇ ਇਸ ਅਲੌਕਿਕ ਜੁਗਲਬੰਦੀ ਵਿੱਚੋਂ ਇੱਕ ਇਲਾਹੀ ਨਾਦ ਪੈਦਾ ਹੁੰਦਾ ਜੋ ਆਤਮਾਂ ਨੂੰ ਪ੍ਰਮਾਤਮਾਂ ਨਾਲ ਜੋੜਨ ਵਿੱਚ ਸਹਾਈ ਹੁੰਦਾ।ਮਰਦਾਨੇਂ ਨੂੰ ਨਾਨਕ ਨਾਲੋ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।ਰਬਾਬ ਸਾਨੂੰ ਗੁਰੁ ਨਾਨਕ ਨੇਂ ਈਜਾਦ ਕਰ ਕੇ ਦਿੱਤਾ। ਵਿਗਿਆਨਿਕ ਤੱਥ ਵੀ ਕਹਿੰਦੇ ਹਨ ਕਿ ਮਨੁੱਖ ਦੀ ਪ੍ਰਵਿਰਤੀ ਮੁੱਢ ਤੋਂ ਹੀ ਸੰਗੀਤ ਵੱਲ ਰੁਚਿਤ ਰਹੀ ਹੈ।ਸੋ ਅੱਜ ਵੀ ਜਦੋਂ ਅਸੀਂ ਬਾਣੀਂ ਅਤੇ ਸੰਗੀਤ ਦੇ ਸੁਮੇਲ ਨੂੰ ਕੀਰਤਨ ਦੇ ਰੂਪ ਵਿੱਚ ਸ਼ਰਵਣ ਕਰਦੇ ਹਾਂ ਤਾਂ ਸੁਭਾਵਿਕ ਹੀ ਮਨ ਵਿੱਚ ਮਾਨਸਰੋਵਰ ਝੀਲ ਦੇ ਪਾਣੀ ਜਿਹਾ ਟਿਕਾਅ ਪੈਦਾ ਹੁੰਦਾ ਹੈ 'ਤੇ ਇੱਕ ਅਜੀਬ ਕਿਸਮ ਦਾ ਰਸ ਉਪਜਦਾ ਹੈ ਜਿਸ ਨਾਲ ਇਲਾਹੀ ਅਨੰਦ ਮਿਲਦਾ ਹੈ। 

ਜੇਕਰ ਅਸੀਂ ਗੁਰੁ ਗ੍ਰੰਥ ਸਹਿਬ ਜੀ ਦੀ ਰਚਨਾਂ 'ਤੇ ਹੋਰ ਡੁੰਘੇਰੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਦਿ ਬੀੜ ਵਿੱਚ ਦਰਜ ਸਮੁੱਚੀ ਬਾਣੀ ਕਾਵਿਕ ਰੂਪ ਵਿੱਚ ਦਰਜ ਕੀਤੀ ਮਿਲਦੀ ਹੈ।ਇਸ ਵਿੱਚ ਭਿੰਨ ਭਿੰਨ ਕਾਵਿਕ ਰੂਪ ਜਿਵੇਂ ਸ਼ਬਦ, ਵਾਰਾਂ, ਸਲੋਕ, ਪੌੜੀਆਂ, ਅਸ਼ਠਪਦੀਆਂ, ਛੰਦ ਆਦਿ ਸਾਰੇ ਹੀ ਕਵਿਤਾ ਦੇ ਰੂਪ ਹਨ ਜਿੰਨਾਂ ਦਾ ਵਿਸ਼ੇਸ਼ ਤਰੁੰਨਮ ਵਿੱਚ ਗਾਇਨ ਕੀਤਾ ਜਾ ਸਕਦਾ ਹੈ।ਸੋ ਸਾਰੇ ਹੀ ਗੁਰੂ ਸਹਿਬਾਨਾਂ ਨੇ ਜਿੰਨੀ ਬਾਣੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਦਰਜ ਕੀਤੀ,ਉਹ ਸਾਰੀ ਦੀ ਸਾਰੀ ਕਿਸੇ ਨਾਂ ਕਿਸੇ ਨਿਰਧਾਰਤ ਸੁਰ ਵਿੱਚ ਗਾਇਨ ਵੀ ਕੀਤੀ ਜਾ ਸਕਦੀ ਹੈ।ਸੋ ਆਦਿ ਬੀੜ ਵਿੱਚ ਸਮੁੱਚੀ ਬਾਣੀਂ ਨੂੰ ਇਕੱਤੀ ਰਾਗਾਂ ਵਿੱਚ ਦਰਜ ਕੀਤਾ ਗਿਆ ਹੈ। 1430 ਅੰਗਾਂ ਵਿੱਚ ਦਰਜ ਬਾਣੀਂ ਦੇ 2026 ਸ਼ਬਦ, 305 ਅਸ਼ਠਪਦੀਆਂ, 145 ਛੰਦ, 22 ਵਾਰਾਂ, 471 ਪੌੜੀਆਂ ਅਤੇ 664 ਸਲੋਕਾਂ ਨੂੰ ਕੇਵਲ ਪੜ੍ਹਿਆ ਹੀ ਬਲਕਿ ਕੀਰਤਨ ਦੇ ਰੂਪ ਵਿੱਚ ਗਾਇਨ ਵੀ ਕੀਤਾ ਜਾ ਸਕਦਾ ਹੈ।ਇਸੇ ਗੱਲ ਨੂੰ ਜਿਹਨ ਵਿੱਚ ਰੱਖ ਕੇ ਸਾਡੇ ਗੁਰੁ ਸਹਿਬਾਨਾਂ ਨੇ ਸਾਜ ਵੀ ਈਜਾਦ ਕੀਤੇ। ਬਾਬੇ ਨਾਨਕ ਨੇ ਰਬਾਬ, ਸ਼੍ਰੀ ਗੁਰੁ ਅਰਜਨ ਦੇਵ ਜੀ ਨੇਂ ਸਾਰੰਦਾ ਅਤੇ ਜੋੜੀ, ਗੁਰੁ ਹਰਗੋਬਿੰਦ ਜੀ ਨੇ ਸਾਰੰਗੀ, ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇਂ ਤਾਊਸ ਅਤੇ ਦਿਲਰੁਬਾ ਸਾਜ ਆਪਣੇਂ ਹੱਥੀਂ ਬਣਾਏ ਅਤੇ ਬਾਣੀ ਦਾ ਕੀਰਤਨ ਕਰਨ ਦੀ ਪਿਰਤ ਪਾਈ ਤੇ ਲੋਕਾਈ ਨੂੰ ਵੀ ਬਾਣੀਂ ਨੂੰ ਨਿਰਧਾਰਤ ਰਾਗਾਂ ਵਿੱਚ ਗਾਉਣ ਸੁਣਨ ਦਾ ਉਪਦੇਸ਼ ਦਿੱਤਾ। ਇਹਨਾਂ ਸਾਰੇ ਸਾਜਾਂ ਵਿੱਚੋਂ ਗੁਰੁ ਅਰਜਨ ਦੇਵ ਜੀ ਦੁਆਰਾ ਬਣਾਇਆ ਗਿਆ ਸਾਜ ਜੋੜੀ ਇੱਕ ਤਾਲ ਦੇਣ ਵਾਲਾ ਸਾਜ ਹੈ।ਇਸ ਸਾਜ ਦੇ ਅਜੋਕੇ ਰੂਪ ਨੂੰ ਹੁਣ ਅਸੀਂ ਤਬਲਾ ਕਹਿੰਦੇ ਹਾਂ।ਗੁਰੁ ਸਹਿਬਾਨਾਂ ਦੁਆਰਾ ਬਣਾਏ ਗਏ ਬਾਕੀ ਦੇ ਸਾਰੇ ਸਾਜਾਂ ਜਿਵੇਂ ਰਬਾਬ, ਸਰੰਦਾ, ਸਾਰੰਗੀ, ਤਾਊਸ, ਦਿਲਰੁਬਾ ਨੂੰ 'ਤੰਤੀ ਸਾਜ' ਕਿਹਾ ਜਾਂਦਾ ਹੈ।ਇਹ ਸਾਜ ਇੱਕ ਖਾਸ ਧਾਤ ਦੀਆਂ ਤਾਰਾਂ ਅਤੇ ਲੱਕੜ ਦੀ ਸਹਾਇਤਾ ਨਾਲ ਬਣਾਏ ਜਾਂਦੇ ਹਨ।ਵਿਗਿਆਨਿਕ ਤੌਰ ਤੇ ਇਹਨਾਂ ਸਾਜਾਂ ਦੀ ਕਾਰਜਸ਼ੈਲੀ ਨੂੰ ਇਸ ਆਧਾਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਜਦ ਕਿਸੇ ਵਿਸ਼ੇਸ਼ ਧਾਤ ਦੀਆਂ ਤਾਰਾਂ ਨੂੰ ਕਿਸੇ ਖੁੱਲੇ ਮੂੰਹ ਵਾਲੇ ਲੱਕੜ ਦੇ ਬਕਸੇ 'ਤੇ ਕਸ ਕੇ ਛੋਹਿਆ ਜਾਂਦਾ ਹੈ ਤਾਂ ਇਹਨਾਂ ਵਿੱਚ ਕੰਪਨ ਪੈਦਾ ਹੁੰਦਾ ਹੈ ਜੋ ਧੁਨੀ ਦੇ ਰੂਪ ਵਿੱਚ ਸਾਨੂੰ ਸੁਣਾਈ ਦਿੰਦਾ ਹੈ। ਦੇਖਣ ਨੂੰ ਭਾਵੇ ਸਾਰੇ ਤੰਤੀ ਸਾਜ ਇੱਕੋ ਜਿਹੇ ਪ੍ਰਤੀਤ ਹੁੰਦੇ ਹਨ ਪਰ ਇਹਨਾਂ ਦੀ ਰਚਨਾਂ ਅਤੇ ਆਕਾਰ ਇੱਕ ਦੁਜੇ ਤੋਂ ਭਿੰਨ ਹੈ।ਪਹਿਲਾਂ ਹੀ ਵਰਣਨ ਕੀਤਾ ਗਿਆ ਹੈ ਕਿ ਇਹ ਸਾਰੇ ਸਾਜ ਧਾਤ ਦੀਆਂ ਤਾਰਾਂ ਅਤੇ ਲੱਕੜ ਤੋਂ ਬਣੇ ਹੋਏ ਹਨ। ਨਾਨਕਸ਼ਾਹੀ ਰਬਾਬ ਇੱਕ ਅਤੀ ਸੁਰੀਲਾ ਅਤੇ ਮਧੁਰ ਧੁਨ ਪੈਦਾ ਕਰਨ ਵਾਲਾ ਤੰਤੀ ਸਾਜ ਹੈ ਜੋ ਮਨ ਦੀਆਂ ਡੂੰਘੀਆਂ ਅਤੇ ਸੂਖਮ ਭਾਵਨਾਵਾਂ ਨੂੰ ਸਹਿਜੇ ਹੀ ਟੁੰਬ ਸਕਣ ਦੀ ਸਮਰੱਥਾ ਰੱਖਦਾ ਹੈ। ਆਕਾਰ ਵਿੱਚ ਸਰੰਦਾ ਸਾਜ ਰਬਾਬ ਤੋਂ ਥੋੜਾ ਛੋਟਾ ਸਾਜ ਹੈ ਇਸਨੂੰ ਤਾਰਾਂ ਦੇ ਹੀ ਬਣੇ ਗਜ ਨਾਲ ਵਜਾਇਆ ਜਾਂਦਾ ਹੈ। ਪੰਚਮ ਪਾਤਸ਼ਾਹ ਆਪ ਸਰੰਦਾ ਵਜਾ ਕੇ ਇਲਾਹੀ ਕੀਰਤਨ ਕਰਿਆ ਕਰਦੇ ਸਨ। ਸੂਖਮ ਸੰਗੀਤਕ ਸੂਝ ਬੂਝ ਵਾਲੇ ਸ਼੍ਰੀ ਗੁਰੁ ਹਰਗੋਬਿੰਦ ਸਹਿਬ ਜੀ ਨੇ ਸਾਰੰਗੀ ਸਾਜ ਨੂੰ ਗੁਰੁ ਦਰਬਾਰ ਵਿੱਚ ਥਾਂ ਦੇ ਕੇ ਸਦਾ ਲਈ ਇਸ ਸਾਜ ਨੂੰ ਸਿੱਖ ਕੌਮ ਦੀ ਵਿਰਾਸਤ ਦਾ ਹਿੱਸਾ ਬਣਾ ਦਿੱਤਾ। ਤਾਰਾਂ ਦੇ ਹੀ ਬਣੇ ਗਜ ਨਾਲ ਵਜਾਉਣ ਵਾਲੇ ਸਾਰੰਗੀ ਸਾਜ ਨੂੰ ਵੀਰ ਰਸੀ ਧੁਨਾਂ ਵਜਾਉਣ ਲਈ ਉੱਤਮ ਮੰਨਿਆਂ ਜਾਂਦਾ ਹੈ। ਗੁਰੁ ਗ੍ਰੰਥ ਸਹਿਬ ਵਿੱਚ ਦਰਜ 22 ਵਾਰਾਂ ਦਾ ਕੀਰਤਨ ਸਾਰੰਗੀ ਨਾਲ ਹੀ ਉੱਤਮਤਾ ਨਾਲ ਕੀਤਾ ਜਾ ਸਕਦਾ ਹੈ।ਦਸਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣੀ ਅਤੇ ਮਜਲੂਮਾਂ ਦੀ ਰਾਖੀ ਲਈ ਜਿੱਥੇ ਸ਼ਸ਼ਤਰ ਬਖਸ਼ਿਸ਼ ਕੀਤੇ ਉੱਥੇ ਦੋ ਸਾਜ ਵੀ ਖਾਲਸੇ ਨੂੰ ਬਖਸ਼ਿਸ਼ ਕੀਤੇ।ਇਹ ਸਾਜ ਹਨ 'ਤਾਊਸ' ਅਤੇ 'ਦਿਲਰੁਬਾ'।

ਤਾਊਸ ਸਾਜ ਲੱਕੜ ਨੂੰ ਪੰਛੀ ਮੋਰ ਦੀ ਸ਼ਕਲ ਦਾ ਆਕਾਰ ਦੇ ਕੇ ਬਣਾਇਆ ਗਿਆ ਹੈ।ਫਾਰਸੀ ਭਾਸ਼ਾ ਵਿੱਚ ਤਾਊਸ ਮੋਰ ਨੂੰ ਕਿਹਾ ਜਾਂਦਾ ਹੈ।ਇਸ ਸਾਜ ਦੀਆਂ ਤਾਰਾਂ 'ਤੇ ਗਜ ਫੇਰ ਕੇ ਪੈਦਾ ਹੁੰਦੀ ਅਸਮਾਨ ਛੂਹਦੀ ਇਲਾਹੀ ਧੁਨ ਗੁਰ ਸ਼ਬਦ ਦੇ ਅਨੁਕੂਲ ਮੰਨੀਂ ਜਾਂਦੀ ਹੈ।ਤੰਤੀ ਸਾਜ ਤਾਊਸ ਦੀ ਸ਼ਕਲ ਨੂੰ ਬਦਲ ਕੇ ਅਤੇ ਇਸ ਦੇ ਆਕਾਰ ਨੂੰ ਥੋੜਾ੍ਹ ਜਿਹਾ ਛੋਟਾ ਕਰ ਕੇ 'ਦਿਲਰੁਬਾ'ਸਾਜ ਦੀ ਰਚਨਾਂ ਕੀਤੀ ਗਈ।ਇਸ ਸਾਜ ਦੀ ਸੁਰੀਲੀ ਧੁਨ ਗੁਰੂ ਸ਼ਬਦ ਨਾਲ ਜੁੜ ਕੇ ਪ੍ਰਾਣੀ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੀ ਹੈ।ਇਹਨਾਂ ਵਿਰਾਸਤੀ ਸਾਜਾਂ ਨੂੰ ਹੀ ਨਵਾਂ ਰੂਪ ਦੇ ਕੇ ਅੱਜ ਅਨੇਕਾਂ ਹੀ ਅਧੁਨਿਕ ਕਿਸਮ ਦੇ ਸ਼ਾਜ ਬਣਾਏ ਗਏ ਹਨ।


ਸਮਰੱਥਾ ਪ੍ਰਦਾਨ ਕਰਨ ਵਾਲਾ ਹੋਣਾਂ ਚਾਹੀਦਾ ਹੈ 'ਤੇ ਅਜਿਹਾਂ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਮਨ ਇਕਾਗਰ ਹੋ ਕੇ ਅਤੇ ਚੰਚਲਤਾ ਛੱਡ ਕੇ ਗੁਰ ਸ਼ਬਦ ਨਾਲ ਇੱਕ ਸੁਰ ਹੋਵੇ।ਪਰ ਜੇਕਰ ਸੰਗੀਤ ਵਿੱਚ ਹੀ ਅਜਿਹੀ ਚੰਚਲਤਾ ਭਰ ਦਿੱਤੀ ਜਾਵੇ ਤਾਂ ਮਨ ਟਿਕਣ ਦੀ ਬਜਾਏ ਇੱਧਰ ਉੱਧਰ ਦੌੜੇਗਾ।ਗੁਰਬਾਣੀ ਦਾ ਗਾਇਨ ਆਮ ਗਾਇਨ ਨਹੀਂ ਹੈ। ਸੋ ਗੁਰਮਤਿ ਸੰਗੀਤ ਉਹ ਮਧਿਅਮ ਹੁੰਦਾ ਹੈ ਜਿਸ ਦੇ ਜਰੀਏ ਗੁਰੁ ਸ਼ਬਦ ਨੇ ਪ੍ਰਾਣੀ ਦੇ ਮਨ ਦੇ ਧੁਰ ਅੰਦਰ ਤੱਕ ਵਸਣਾਂ ਹੁੰਦਾ ਹੈ।ਕੀਰਤਨ ਦੌਰਾਨ ਗੁਰਸਬਦਾਂ ਦੀ ਪ੍ਰਧਾਨਤਾ ਦਾ ਹੋਣਾਂ ਵੀ ਅਤੀ ਜਰੂਰੀ ਹੋਣਾਂ ਚਾਹੀਦਾ ਹੈ। ਤੰਤੀ ਸਾਜਾਂ ਨਾਲ ਕੀਰਤਨ ਦੌਰਾਨ ਇਸ ਗੱਲ ਨੂੰ ਉਚੇਚੇ ਤੌਰ ਤੇ ਜਿਹਨ ਵਿੱਚ ਰੱਖਿਆ ਜਾਂਦਾ ਹੈ ਕਿ ਸੰਗੀਤ ਸ਼ਬਦ 'ਤੇ ਭਾਰੂ ਨਹੀਂ ਹੋਣ ਦਿੱਤਾ ਜਾਂਦਾ।

ਪ੍ਰਚੱਲਤ ਕੀਰਤਨ ਕਰਨ ਦੇ ਢੰਗਾਂ ਵਿੱਚ ਸਿਰਫ ਇਹੀ ਗੱਲ ਰੜਕਦੀ ਹੈ ਕਿ ਅਧੁਨਿਕ ਸਾਜਾਂ ਨਾਲ ਕੀਤੇ ਗਏ ਕੀਰਤਨ ਦੌਰਾਨ ਸੰਗੀਤ ਸ਼ਬਦਾ ਤੇ ਭਾਰੂ ਹੋ ਜਾਣ ਕਾਰਨ ਬੇਸ਼ੱਕ ਕੰਨ ਰਸ ਤਾਂ ਜਰੂਰ ਮਿਲਦਾ ਹੈ ਪਰ ਅਜਿਹਾ ਕੀਰਤਨ ਸ਼੍ਰਵਣ ਕਰਨ ਸਮੇਂ ਮਨ ਨੂੰ ਬਾਹਰੀ ਵਾਤਾਵਰਣ ਚੋਂ ਕੱਢ ਕੇ ਇਲਾਹੀ ਬਾਣੀਂ ਨਾਲ ਜੋੜਨਾਂ ਮੁਸ਼ਕਿਲ ਹੋ ਜਾਂਦਾ ਹੈ। ਗੁਰੁ ਸ਼ਬਦ ਦੇ ਵੱਖ ਵੱਖ ਸੂਖਮ ਅਨੁਭਵਾਂ ਨੂੰ ਮਨੁੱਖੀ ਮਨ ਦੇ ਧੁਰ ਅੰਦਰ ਤੱਕ ਲੈ ਜਾਣ ਲਈ ਗੁਰੁ ਸ਼ਬਦ ਦੇ ਸੂਖਮ ਅਤੇ ਕੋਮਲ ਅਨੁਭਵਾਂ ਨੂੰ ਪ੍ਰਗਟਾਉਣ ਵਾਲੇ ਤੰਤੀ ਸਾਜਾਂ ਦੀ ਲੋੜ ਮਹਿਸੂਸ ਕਰਦਿਆਂ ਹੀ ਸਾਡੇ ਗੁਰੁ ਸਹਿਬਾਨਾਂ ਨੇ ਇਹ ਤੰਤੀ ਸਾਜ ਸਾਡੀ ਝੋਲੀ ਪਾਏ। ਹੁਣ ਜੇਕਰ ਅਸੀਂ ਇਹਨਾਂ ਸਾਜਾਂ ਨੂੰ ਹੀ ਵਿਸਾਰ ਦੇਵਾਂਗੇ ਤਾਂ ਸ਼ਾਇਦ ਅਸੀ ਗੁਰੁ ਸ਼ਬਦ ਦੇ ਮੂਲ ਉਦੇਸ਼ ਨੂੰ ਵਿਸਥਾਰ ਪੂਰਵਕ ਸਮਝ ਸਕਣ ਤੋਂ ਅਸਮਰੱਥ ਹੋਵਾਂਗੇ। ਆਦਿ ਬੀੜ ਵਿੱਚ ਦਰਜ ਰਾਗਾਂ ਦਾ ਵੀ ਆਪਣਾਂ ਆਪਣਾਂ ਵਿਸ਼ੇਸ਼ ਮਹੱਤਵ ਹੈ।ਇਹਨਾਂ ਰਾਗਾਂ ਵਿੱਚ ਕਿਤੇ ਵੈਰਾਗ ਅਤੇ ਖੁਸ਼ੀ ਦਾ ਅਨੁਭਵ ਹੈ ਕਿਤੇ ਮਿਲਾਪ ਅਤੇ ਵਿਛੋੜੇ ਦੀ ਕਸਕ। ਕਿਤੇ ਭਟਕ ਰਹੇ ਮਨ ਦੀ ਅਵਸਥਾ ਅਤੇ ਕਿਤੇ ਪੂਰਨ ਆਨੰਦ ਦਾ ਅਨੁਭਵ ਹੈ। ਇਹਨਾਂ ਰਾਗਾਂ ਅਤੇ ਸ਼ਬਦ ਦੇ ਰੂਪ ਵਿੱਚ ਇਹਨਾਂ ਵਿੱਚ ਛੁਪਿਆ ਹੋਇਆ ਉਦੇਸ਼ ਸਮਝਣਾ ਕੋਈ ਔਖਾ ਨਹੀ ਬਸ਼ਰਤੇ ਕਿ ਕੋਈ ਗੁਰ ਮਰਿਆਦਾ ਅਨੁਸਾਰ ਸਾਨੂੰ ਸੋਝੀ ਕਰਵਾਉਣ ਵਾਲਾ ਹੋਵੇ। ਹੁਣ ਉਦਾਹਰਣ ਦੇ ਤੌਰ ਤੇ ਹਰ ਰੋਜ ਅਸੀਂ ਗੁਰੁ ਘਰਾਂ ਵਿੱਚ ਆਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਕੀਰਤਨ ਸ਼੍ਰਵਣ ਕਰਦੇ ਹਾਂ। ਪਰ ਕਿੰਨੇਂ ਕੁ ਕੀਰਤਨੀਏ ਹਨ ਜੋ ਪਰਮ ਅਨੰਦ ਦੇਣ ਵਾਲੇ ਆਨੰਦ ਸਹਿਬ ਦਾ ਕੀਰਤਨ ਰਾਮਕਲੀ ਰਾਗ ਵਿੱਚ ਗਾਇਨ ਕਰਦੇ ਹਨ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਬਾਣੀਂ ਨੂੰ ਨਿਸਚਿੱਤ ਕੀਤੇ ਰਾਗਾਂ,ਨਿਸਚਿੱਤ ਕੀਤੇ ਸਮੇਂ ਅਤੇ ਗੁਰੁ ਸਹਿਬਾਨਾਂ ਦੇ ਨਿਸਚਿੱਤ ਕੀਤੇ ਸਾਜਾਂ ਦੁਆਰਾ ਹੀ ਸ਼੍ਰਵਣ ਕਰੀਏ ਤਾਂ ਜੋ ਰਾਗ ਅਤੇ ਸਾਜ ਦੀ ਧੁਨੀ ਦਾ ਅਨੁਭਵ ਗੁਰੂਸ਼ਬਦ ਦੀ ਅੰਦਰੂਨੀਂ ਭਾਵਨਾਂ ਨਾਲ ਇੱਕ ਸੁਰ ਹੋ ਕੇ ਸਾਡੇ ਹਿਰਦਿਆਂ ਵਿੱਚ ਵਾਸ ਕਰੇ।

ਹੁਣ ਬਹੁਤ ਸਾਰੇ ਕੀਰਤਨੀ ਜਥੇ ਤੰਤੀ ਸਾਜਾਂ ਨਾਲ ਕੀਰਤਨ ਕਰਨ ਨੂੰ ਤਰਜੀਹ ਦੇ ਰਹੇ ਹਨ।ਬਹੁਤ ਸਾਰੀਆਂ ਅਕੈਡਮੀਆਂ ਵਿੱਚ ਵੀ ਗੁਰਮਤਿ ਸੰਗੀਤ ਦੀ ਸਿੱਖਿਆ ਲੈ ਰਹੇ ਸਿੱਖਿਆਰਥੀ ਵੀ ਨਾਲ ਨਾਲ ਤੰਤੀ ਸਾਜ ਨੂੰ ਵਜਾਉਣ ਦੀ ਟਰੇਨਿੰਗ ਲੈ ਰਹੇ ਹਨ।ਵਿਦੇਸ਼ਾਂ ਵਿੱਚ ਵੀ ਖਾਸ ਕਰ ਇੰਗਲੈਂਡ ਵਿੱਚ ਕਈ ਗੁਰਮਤਿ ਸੰਗੀਤ ਅਕੈਡਮੀਆਂ ਵਿਸ਼ੇਸ਼ ਤੌਰ 'ਤੇ ਤੰਤੀ ਸਾਜਾਂ ਨਾਲ ਕੀਰਤਨ ਕਰਨ ਦੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਪੰਜਾਬ ਵਿੱਚ ਜਵੱਧੀ ਟਕਸਾਲ ਵਲੋਂ ਅਜਿਹੇ ਉਪਰਾਲੇ ਨਿਰੰਤਰ ਜਾਰੀ ਹਨ। ਇਸੇ ਟਕਸਾਲ ਵਿੱਚੋਂ ਹੀ ਤੰਤੀ ਸਾਜਾਂ ਦੀ ਸਿੱਖਿਆ ਲੈ ਕੇ ਅਨੇਕਾਂ ਜਥੇ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਗੁਰੁ ਸਹਿਬਾਨਾਂ ਦੀ ਤੰਤੀ ਸਾਜਾਂ ਦੀ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨ ਦੀ ਰੀਤ ਨੂੰ ਮੁੜ ਸੁਰਜੀਤ ਕਰਨ ਲਈ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ 'ਤੇ ਹੌਲੀ ਹੌਲੀ ਹੋਰ ਵੀ ਜਿਗਿਆਸੂਆਂ ਨੂੰ ਇਹਨਾਂ ਦੇ ਮਹੱਤਵ ਤੋਂ ਜਾਣੂ ਕਰਵਾ ਰਹੇ ਹਨ।ਅਜਿਹਾ ਹੀ ਯਤਨ ਕੀਤਾ ਹੈ ਮੈਲਬੌਰਨ ਦੇ ਗੁਰੁਦੁਆਰਾ ਕਰੇਗੀਬਰਨ ਦੇ ਮੁੱਖ ਪ੍ਰਬੰਧਕ ਡਾਕਟਰ ਸੰਤੋਖ ਸਿੰਘ ਹੋਰਾਂ ਨੇ। ਇਹਨਾਂ ਨੇ ਤੰਤੀ ਸਾਜਾਂ ਦੁਆਰਾ ਗੁਰੂ ਸ਼ਬਦ ਦਾ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨ ਦੇ ਮਾਹਿਰ ਭਾਈ ਮਨਵੀਰ ਸਿੰਘ ਹੋਰਾਂ ਦੇ ਜਥੇ ਨੂੰ ਪੰਜਾਬ ਤੋਂ ਬੁਲਾ ਕੇ ਤੰਤੀ ਸਾਜਾਂ ਨਾਲ ਕੀਰਤਨ ਰਾਹੀਂ ਸੰਗਤ ਨੂੰ ਗੁਰੁ ਸ਼ਬਦ ਨਾਲ ਜੋੜਨ ਦਾ ਯਤਨ ਆਰੰਭਿਆ ਹੈ ਤੇ ਇਹ ਕਾਰਜ ਸਫਲਤਾ ਪੂਰਵਕ ਚੱਲ ਰਿਹਾ ਹੈ। ਸਾਨੂੰ ਸਾਰਿਆਂ ਨੂੰ ਹੀ ਸਾਡੇ ਗੁਰੁ ਸਹਿਬਾਨਾਂ ਦੀ ਬਖਸ਼ਿਸ਼ ਕੀਤੀ ਵਿਰਾਸਤ ਨਾਲ ਜੁੜਨਾਂ ਚਾਹੀਦਾ ਹੈ। ਸਾਡੇ ਗੁਰੂ ਸਹਿਬਾਨਾਂ ਵਲੋਂ ਬਖਸ਼ਿਸ਼ ਕੀਤੇ ਇਹ ਤੰਤੀ ਸਾਜ ਕਿਤੇ ਵਿਰਾਸਤੀ ਨਿਸ਼ਾਨੀਆਂ ਹੀ ਨਾਂ ਬਣ ਕੇ ਰਹਿ ਜਾਣ।ਸੋ ਸਮੁੱਚੀ ਕੌਮ ਦਾ ਇਹ ਫਰਜ ਬਣਦਾ ਹੈ ਕਿ ਅਸੀ ਗੁਰੂਆਂ ਦੀ ਆਰੰਭੀ ਰੀਤ ਨੂੰ ਸਮਝੀਏ ਅਤੇ ਹੋਰ ਅੱਗੇ ਵਧਾਈਏ। ਸ਼ਬਦ ਅਤੇ ਸੁਰ ਦੇ ਸੁਮੇਲ ਨੂੰ ਗੁਰੂ ਸਹਿਬਾਨਾਂ ਦੇ ਬਚਨਾਂ ਅਤੇ ਆਪਣੇ ਯਤਨਾਂ ਸਦਕਾ ਸਮਝ ਕੇ ਸਮੁੱਚੀ ਲੋਕਾਈ ਦੀ ਭਲਾਈ ਲਈ ਘਾਲਣਾਂ ਘਾਲੀਏ।

ਗੁਰ ਫਤਿਹ।