Showing posts with label ਸ਼ਮਸ਼ੇਰ ਸਿੰਘ ਸੰਧੂ. Show all posts
Showing posts with label ਸ਼ਮਸ਼ੇਰ ਸਿੰਘ ਸੰਧੂ. Show all posts

ਯਾਦਾਂ ਦੀ ਵਾਛੜ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਫਿਰ ਯਾਦਾਂ ਦੀ  ਵਾਛੜ ਆਈ  ਨੈਣ ਮਿਰੇ ਨੇ  ਸਿੱਲ੍ਹੇ  ਸਿੱਲ੍ਹੇ
ਦਿਲ  ਮੇਰੇ ਦੇ   ਕੰਧਾਂ ਕੋਠੇ   ਜਾਪਣ ਥਿੜਕੇ  ਹਿੱਲ੍ਹੇ ਹਿੱਲ੍ਹੇ।

ਯਾਦ ਤਿਰੀ ਵੀ  ਤੇਰੇ ਵਰਗੀ  ਆਉਂਦੀ ਆਣ  ਰੁਲਾਵੇ ਮੈਨੂੰ
ਤੁਰਗੀ ਹੀਰ  ਸਿਆਲਾਂ ਵਾਲੀ  ਫਿਰਦਾ ਰਾਂਝਾ  ਟਿੱਲੇ ਟਿੱਲੇ।

ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ  ਮਨ ਨੂੰ  ਜੋ ਵੀ  ਪਾਵਾਂ  ਹੋ ਜਾਂਦੇ ਸਭ  ਢਿੱਲੇ ਢਿੱਲੇ।

ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ  ਗਿਆਂ  ਨਾ ਢਾਰਸ  ਦੇਵਣ  ਪੱਕੇ ਜਾਪਣ  ਕੱਚੇ ਪਿੱਲੇ।

ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਸੋਚਦੇ ਹੀ ਰਹਿ ਗਏ ਤੂੰ  ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ  ਬਾਝ ਤੇਰੇ  ਮਿਲ ਸਕੇਗਾ  ਨਾ ਨਿਘਾਸ।

ਚੀਰਕੇ  ਪੱਥਰ  ਜਹੇ  ਟੀਂਡੇ  ਹੈ ਖਿੜਦੀ  ਜਾਂ ਕਪਾਸ
ਵੇਲਣੇ ਤੇ  ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।

ਵੇਲ   ਵੇਲਣ  ਤੁੰਬ  ਤੂੰਬੇ   ਤੱਕਲੇ  ਤੇ  ਫਿਰ  ਚੜ੍ਹੇ
ਰਾਂਗਲੀ  ਚਰਖੀ  ਤੇ ਨੱਚੇ  ਤੰਦ  ਤਾਣੀ  ਦੇ ਲਿਬਾਸ।

ਚਰਖਿਆਂ ਦੀ  ਘੂਕ ਉੱਤੇ  ਗੀਤ  ਗਾਵੇ  ਜਦ  ਕੁੜੀ
ਯਾਦ ਮਾਹੀ  ਦੀ ਸਤਾਵੇ  ਕਰ ਗਿਆ ਹੈ  ਜੋ ਅਵਾਸ।

ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ

ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।

ਬਾਹਰ ਲਿਆ ਤੂੰ ਨਗ਼ਮੇਂ  ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ

ਗ਼ਜ਼ਲਾਂ ਤੇ  ਗੀਤ  ਮੇਰੇ  ਹੌਕੇ  ਨੇ  ਮੇਰੇ  ਦਿਲ ਦੇ
ਗਿਣਤੀ ਗਣਾ  ਗਣਾਂ ਦੀ  ਐਂਵੇਂ ਨਾ ਬਣ ਪਤੰਦਰ।

ਜੋਗੀ  ਤਿਆਗ  ਕਰਦੇ  ਦੁਨੀਆਂ, ਹਰੇਕ  ਸ਼ੈ  ਦਾ
ਮਨ ਤੇ ਰਹੇ  ਨਾ ਕਾਬੂ  ਕਾਹਦਾ ਤੂੰ  ਹੈਂ ਮਛੰਦਰ।

ਗਿਆਨੀ ਸੋਹਣ ਸਿੰਘ ਸੀਤਲ.......... ਸ਼ਬਦ ਚਿਤਰ / ਸ਼ਮਸ਼ੇਰ ਸਿੰਘ ਸੰਧੂ (ਪ੍ਰੋ.)


ਇਹ 1946 ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਂ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ 5-7 ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ 1 ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀਂ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇ ਇਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੁਹੜੀ ਸੀ ਤੇ ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ। ਸੀਤਲ ਹੋਰਾਂ ਨੇ 1936 ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀ। ਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨ। ਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀ। ਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:

"1936 ਈ. ਦਾ ਸਤਾਈ ਵਿਸਾਖ ਦਾ ਦਿਨ... ਸਾਡੇ ਪਿੰਡ ਤੋਂ ਦਸ ਬਾਰਾਂ ਮੀਲ ਦੂਰ ਪਿੰਡ 'ਰੱਤੋਕੇ' ਵਿਚ 'ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ' ਦਾ ਗੁਰਦੁਆਰਾ ਹੈ। ਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ। 'ਸਿੱਖ ਰਾਜ ਕਿਵੇਂ ਗਿਆ' ਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾ। ਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏ। ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, "ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀ।" ਖੁਸ਼ੀਆਂ ਦੇ ਪੰਧ ਨੇੜੇ। ਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇ। ਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀ। ਸਾਥੋਂ ਪਹਿਲਾਂ ਦੋ ਚੋਟੀ ਦਿਆਂ ਜਥਿਆਂ ਨੇ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, "ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?" ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, "ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ।"

ਆਪੇ ਉਗਾ ਨ ਤੋੜੀਂ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ


ਆਪੇ  ਉਗਾ  ਨ  ਤੋੜੀਂ,  ਬੇਦਰਦ  ਬਣ ਕੇ  ਮਾਲੀ
ਵਿਛੜਣ  ਦੀ  ਪੀੜ  ਕੀਕਣ,  ਦੱਸੇਗੀ ਤੈਨੂੰ ਡਾਲੀ।

ਐ  ਵਕਤ  ਹੋਰ ਰੁਕ ਜਾ, ਸੱਜਣ  ਮਿਰਾ  ਜਗਾ ਨਾ
ਮੁਖੜਾ  ਨਿਹਾਰ  ਲਾਂ  ਮੈਂ,  ਥੋੜਾ  ਉਡੀਕ  ਹਾਲੀ।

ਯਾਦਾਂ  ਦੇ  ਨਕਸ਼  ਡੂੰਘੇ, ਸਮਿਆਂ  ਨੇ ਕੀ  ਮਿਟਾਣੇ
ਨੈਣਾਂ  ਦੇ  ਨੀਰ  ਤਾਰੂ,   ਹੋਣੇ  ਕਦੀ  ਨ  ਖਾਲੀ।

ਨਵੇਂ ਸਾਲ ਦੀ ਵਧਾਈ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ

ਲੈਣੀ ਖ਼ਬਰ ਹੈ ਬਣਦੀ ਫਿਰ ਦੋਸਤਾਂ ਦੇ ਹਾਲ ਦੀ
ਏਸੇ ਲਈ ਮੈਂ ਚਾਹਾਂ ਦੇਣੀ ਵਧਾਈ ਸਾਲ ਦੀ।

ਡੁੱਲੇ ਨਾ ਖ਼ੂਨ ਕਿਧਰੇ ਐਸਾ ਇਹ ਸਾਲ ਆਵੇ
ਰਲਕੇ ਨਸੀਬ ਹੋਵੇ ਹੋਲੀ ਸਦਾ ਗੁਲਾਲ ਦੀ।

ਤਾਜਰ ਜੋ ਮੌਤ ਦੇ ਨੇ ਵੇਚਣ ਬਰੂਦ ਨਿਸਦਿਨ
ਕਦਤਕ ਤੜ੍ਹੀ ਹੈ ਰਹਿਣੀ ਔਣੀ ਘੜੀ ਜ਼ਵਾਲਦੀ।

ਲੋਕਾਂ ਨੂੰ ਸਾਹ ਸੁਖਾਲਾ ਲੈਣਾ ਨਸੀਬ ਹੋਵੇ
ਅਪਣੀ ਕਮਾਕੇ ਖਾਵਣ ਰੋਟੀ ਸਭੋ ਹਲਾਲ ਦੀ।

ਥਰਕੇ ਤੇ ਥਰ ਥਰਾਵੇ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ (ਕੈਨੇਡਾ)

ਥਰਕੇ ਤੇ ਥਰ ਥਰਾਵੇ ਦਿਲ ਦਾ ਅਜੀਬ ਪਾਰਾ
ਮੇਰੀ ਇਹ ਬੇਬਸੀ ਹੈ ਲਿਖਣੇ ਖਿਆਲ ਯਾਰਾ।

ਵਹਿੰਦਾ ਹੀ ਮੈਂ ਤੇ ਜਾਵਾਂ ਛੱਲਾਂ ਦੇ ਨਾਲ ਜਾਣੋ
ਆਪੇ ਹੀ ਵਹਿ ਤੁਰੇ ਜਦ ਸੋਚਾਂ ਦੀ ਗੰਗ ਧਾਰਾ।

ਨਿਰਮਲ ਮਲੂਕ ਸੁਪਨੇ ਸ਼ਬਦਾਂ ਦੇ ਪਹਿਣ ਵਸਤਰ
ਦਿਲ ਨੂੰ ਨੇ ਆਣ ਲਾਉਂਦੇ ਕੈਸਾ ਹੁਸੀਨ ਲਾਰਾ।

ਸੁਰ ਤਾਲ ਦੀ ਸਿਆਣੀ ਗ਼ਜ਼ਲਾਂ ਦੀ ਇਹ ਸੁਆਣੀ
ਐਸਾ ਹੈ ਆਣ ਕਰਦੀ ਜਾਦੂ ਇਹ ਟੂਣੇ ਹਾਰਾ।

ਜਲਵਾ ਅਜੀਬ ਤਾਰੀ ਹੋਂਦਾ ਹੈ ਫਿਰ ਸੁਤਾ ਤੇ
ਆਪੇ ਬਣੇ ਇਹ ਕਸ਼ਤੀ ਆਪੇ ਬਣੇ ਕਿਨਾਰਾ।

ਜੀਵਨ ਦੇ ਰਸ ਮਿਲੇ ਜੋ ਅਪਣੀ ਜ਼ਬਾਨ* ਵਿੱਚੋਂ
ਤਾਂਹੀ ਉਤਾਰ ਸਕਿਆਂ ਅਪਣਾ ਮੈਂ ਕਰਜ਼ ਸਾਰਾ।

ਜੀਵਨ ਦੀ ਤਰਬ ਛੇੜੇ ਖ਼ੁਸ਼ੀਆਂ ਤੇ ਗ਼ਮ ਜੋ ਮੇਰੇ
ਆਪੇ ਫੜਾ ਨੇ ਦੇਂਦੇ ਮੈਨੂੰ ਤੇ ਕਲਮ ਯਾਰਾ।

ਛਮਛਮ ਨੇ ਆਣ ਵਰ੍ਹਦੇ ਬਰਖਾ ਦੇ ਵਾਂਗ ਯਾਰੋ
ਗ਼ਜ਼ਲਾਂ ਤੇ ਗੀਤ ਆਪੇ ਕਰਦੇ ਨੇ ਆ ਉਤਾਰਾ।

ਬਖਸ਼ੀ ਇਨ੍ਹਾਂ ਜਵਾਨੀ ਸੁਪਨੇ ਸਕਾਰ ਕੀਤੇ
ਮੁੜਕੇ ਜਵਾਨ ਹੋਇਆ ਸੰਧੂ ਜਿਵੇਂ ਦੁਬਾਰਾ।
****
*ਪੰਜਾਬੀ

ਸ਼ਮਸ਼ੇਰ ਸਿੰਘ ਸੰਧੂ (ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ) ਨੇ 65 ਸਾਲ ਦੇ ਹੋਣ ਪਿਛੋਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਅਤੇ ਹੁਣ ਤਕ ਹੇਠ ਲਿਖੀਆਂ ਪੁਸਤਕਾਂ ਪਾਠਕਾਂ ਦੀ ਨਜ਼ਰ ਕਰ ਚੁਕਾ ਹੈ

1- ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003 ਕੈਲਗਰੀ
2- ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005 ਕੈਲਗਰੀ
3- ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006 ਕੈਲਗਰੀ
4- ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007 ਕੈਲਗਰੀ
5- ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007 ਕੈਲਗਰੀ
6- ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008 ਕੈਲਗਰੀ
7- ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009 ਚੰਡੀਗੜ੍ਹ
8- ਕਲਾਮੇਂ ਸਬਾ ਕੇ ਤੀਨ ਰੰਗ–ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09 ਕੈਲਗਰੀ
9- ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) (ਛਪਾਈ ਅਧੀਨ)