Showing posts with label ਰਾਜਬੀਰ ਕੌਰ ਸੇਖੋਂ. Show all posts
Showing posts with label ਰਾਜਬੀਰ ਕੌਰ ਸੇਖੋਂ. Show all posts

ਧੀਆਂ ਧਿਆਣੀਆਂ ਕਿਉਂ ਮਰ ਜਾਣੀਆਂ.......... ਲੇਖ / ਰਾਜਬੀਰ ਕੌਰ ਸੇਖੋਂ, ਕੈਲੀਫੋਰਨੀਆ

ਮਰਦ ਨੂੰ ਰਵਾਇਤਨ ਸਮਾਜ ਦਾ ਉਚ ਅਤੇ ਖਾਸ ਵਰਗ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਕਈ ਧਰਮਾਂ ਅਨੁਸਾਰ ਸਵਰਗ ਦੇ ਦੁਆਰ ਕੇਵਲ ਮਰਦਾਂ ਲਈ ਹੀ ਖੁੱਲ੍ਹਦੇ ਹਨ। ਜੇ ਕਿਸੇ ਇਸਤਰੀ ਨੇ ਪਰਮਾਤਮਾ ਦੇ ਰਾਹ ਤੁਰਨਾ ਹੋਵੇ ਤਾਂ ਉਸ ਲਈ ਮਰਦ ਦੇ ਰੂਪ ਵਿਚ ਜਨਮ ਲੈਣਾ ਜ਼ਰੂਰੀ ਹੈ ਤਾਂ ਹੀ ਉਹ ਮੁਕਤੀ ਪਾ ਸਕਦੀ ਹੈ। ਜਿੱਥੇ ਰੱਬ ਨੇ ਸਰੀਰਕ ਤੌਰ ‘ਤੇ ਮਰਦਾਂ ਨੂੰ ਕਈ ਆਜ਼ਾਦੀਆਂ ਬਖਸ਼ੀਆਂ ਹਨ, ਉਥੇ ਸਮਾਜਿਕ ਪੱਧਰ ‘ਤੇ ਵੀ ਉਨ੍ਹਾਂ ਨੂੰ ਵੱਧ ਖੁੱਲ੍ਹ ਹਾਸਲ ਹੈ। ਰਾਜਨੀਤੀ, ਸਮਾਜ ਅਤੇ ਆਰਥਕ ਪ੍ਰਬੰਧ ਵਿਚ ਮਰਦ ਹੀ ਪ੍ਰਧਾਨ ਰਿਹਾ ਹੈ। ਦੂਜੇ ਬੰਨੇ ਔਰਤ ਦੇ ਪੱਲੇ ਮੁੱਢ ਕਦੀਮ ਤੋਂ ਹੀ ਫਰਜ਼ ਵਧੇਰੇ ਤੇ ਹੱਕ ਘੱਟ ਪਏ ਹਨ, ਬੰਦਿਸ਼ਾਂ ਵਧੇਰੇ ਤੇ ਆਜ਼ਾਦੀ ਘੱਟ ਮਿਲੀ ਹੈ। ਔਰਤ ਅੰਦਰ ਪਿਆਰ ਅਤੇ ਤਿਆਗ ਮਰਦ ਨਾਲੋਂ ਸੈਂਕੜੇ ਗੁਣਾਂ ਵੱਧ ਹੈ। ਨਰਮਦਿਲੀ ਅਤੇ ਜਜ਼ਬਾਤੀ ਹੋਣਾ ਔਰਤ ਦਾ ਕੁਦਰਤੀ ਸੁਭਾਅ ਹੈ।

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਿਵਾਰ ਅਤੇ ਸਮਾਜ ਵਿਚ ਮਰਦ ਅਤੇ ਔਰਤ ਦੋਵੇਂ ਆਪੋ-ਆਪਣੇ ਕਿਰਦਾਰ ਨਿਭਾਉਂਦੇ ਹਨ। ਜੇ ਮਰਦ ਇਮਾਰਤ ਉਸਾਰਦਾ ਹੈ ਤਾਂ ਔਰਤ ਉਸ ਨੂੰ ਘਰ ਬਣਾਉਂਦੀ ਹੈ, ਮਰਦ ਕਮਾਉਂਦਾ ਹੈ ਤਾਂ ਔਰਤ ਆਪਣੀ ਸਿਆਣਪ ਸਦਕਾ ਉਸ ਕਮਾਈ ‘ਚ ਬਰਕਤ ਪਾਉਂਦੀ ਹੈ, ਜੇ ਮਰਦ ਧਰਮ ਜਾਂ ਵਿਚਾਰਧਾਰਾ ਸਿਰਜਦਾ ਹੈ ਤਾਂ ਔਰਤ ਉਸ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਂਦੀ ਹੈ। ਜੇ ਮਰਦ ਆਰਥਿਕ ਅਤੇ ਸਮਾਜਿਕ ਮਾਲਕੀ ਮਾਣਦਾ ਹੈ ਤਾਂ ‘ਮਾਂ’ ਦੇ ਰੂਪ ਵਿਚ ਦੂਜਾ ਰੱਬ ਔਰਤ ਹੀ ਹੈ। ਇਨ੍ਹਾਂ ਦੋਹਾਂ ਦੇ ਸਹੀ ਤਾਲਮੇਲ ਸਦਕਾ ਹੀ ਦੁਨੀਆਂ ਦਾ ਨਿਜਾਮ ਚਲਦਾ ਹੈ। ਪਰ ਕਿਉਂ ਕੁਦਰਤ ਦੇ ਇਸ ਨਿਜਾਮ ‘ਤੇ ਮਨੁੱਖ ਖ਼ੁਸ਼ ਨਹੀਂ? ਕਿਉਂ ਹਿੱਸੇ ਆਏ ਹੱਕ ਅਤੇ ਫਰਜ਼ ਤਸੱਲੀਬਖ਼ਸ਼ ਨਹੀਂ? ਕਿਉਂ ਦਿਨੋਂ ਦਿਨ ਸਮਾਜ ਵਿਚੋਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ? ਜੇ ਕੁਦਰਤ ਨੇ ਦੋਹਾਂ ਨੂੰ ਆਪੋ-ਆਪਣੇ ਖੇਤਰ ਦਿੱਤੇ ਹਨ ਤਾਂ ਕਿਉਂ ਮਨੁੱਖ ਉਸ ਨੂੰ ਬਦਲਣ ਦਾ ਇਛੁੱਕ ਹੈ।

ਸੁੰਦਰਤਾ ਮੁਕਾਬਲੇ ਕਿ ਸੱਭਿਆਚਾਰ ਦਾ ਨਿਘਾਰ.......... ਲੇਖ / ਰਾਜਬੀਰ ਕੌਰ ਸੇਖੋਂ, ਕੈਲੀਫੋਰਨੀਆਂ

ਸੁਹੱਪਣ ਔਰਤ ਨੂੰ ਕੁਦਰਤ ਵੱਲੋਂ ਬਖਸਿ਼ਆ ਇਕ ਬੜਾ ਹੀ ਖੂਬਸੂਰਤ ਤੋਹਫ਼ਾ ਹੈ। ਸ਼ਾਇਦ ਹੀ ਹੁਣ ਤੱਕ ਔਰਤ ਦੀ ਖੂਬਸੂਰਤੀ ਦੇ ਮੁਕਾਬਲੇ ਕਿਸੇ ਹੋਰ ਵਿਸ਼ੇ ਤੇ ਇੰਨੀਆਂ ਗਜ਼ਲ਼ਾਂ, ਕਵਿਤਾਵਾਂ ਜਾਂ ਕਿੱਸੇ-ਕਹਾਣੀਆਂ ਲਿਖੀਆਂ ਗਈਆਂ ਹੋਣ। ਵੱਖ-ਵੱਖ ਲਿਖਾਰੀਆਂ, ਕਵੀਆਂ ਤੇ ਚਿੱਤਰਕਾਰਾਂ ਨੇ ਔਰਤ ਦੇ ਏਸ ਖੂਬਸੂਰਤ ਪੱਖ ਨੂੰ ਬੜੇ ਹੀ ਸੁਚੱਜੇ  ਢੰਗ  ਨਾਲ ਆਪੋ ਆਪਣੇ ਪੱਧਰ ਤੇ ਪੇਸ਼ ਕੀਤਾ ਹੈ। ਏਥੋਂ ਤੱਕ ਕਿ ਇਤਿਹਾਸ ਵਿੱਚ ਵਿਚਰੀਆਂ  ਕਈ ਔਰਤਾਂ ਜਿਵੇਂ ਰਾਣੀ ਪਦਮਣੀ, ਹੀਰ, ਸਾਹਿਬਾਂ, ਸੋਹਣੀ ਵਰਗੇ ਨਾ ਕੇਵਲ ਆਪਣੀ ਖੂਬਸੂਰਤੀ ਲਈ ਹੁਣ ਤੱਕ ਮਿਸਾਲ ਵਜੋਂ ਗਿਣੇ ਜਾਂਦੇ ਹਨ। ਖਾਸਕਰ ਪੰਜਾਬਣ ਨੂੰ ਤਾਂ ਰੱਬ ਨੇ ਖੁੱਲ੍ਹੇ ਦਿਲ ਨਾਲ ਏਸ ਤੋਹਫੇ ਨਾਲ ਨਿਵਾਜਿਆ ਹੈ। ਖੁੱਲੇ ਖਾਣ ਪੀਣ ਤੇ ਸੋਹਣੀ ਆਬੋ ਹਵਾ ਸਦਕਾ ਲੰਮ ਸਲੰਮੇ ਕੱਦ, ਦਿਲ ਖਿਚਵੇਂ ਨਕਸ਼, ਭਰਵੇਂ ਸਰੀਰ, ਕੂਕਦੀ ਅਵਾਜ਼ ਤੇ ਸੋਹਣੀ ਫਬਤ ਹਰ ਕਿਸੇ ਦਾ ਦਿਲ ਬਦੋ ਬਦੀ ਮੋਹ ਲੈਂਦੀ ਹੈ। ਪੰਜਾਬ ਦੀ ਏਸ ਧੀ ਕੋਲ ਸੂਰਤ ਤੋਂ ਇਲਾਵਾ ਸੀਰਤ ਦਾ ਵਿਸੇ਼ਸ਼ ਗੁਣ ਵੀ ਹੈ। ਸਾਰੇ ਘਰ ਦੀ ਕਬੀਲਦਾਰੀ ਆਪਣੇ ਮੋਢਿਆਂ ਤੇ ਚੁੱਕ, ਚੁੱਲੇ ਚੌਂਕੇ ਤੋਂ ਇਲਾਵਾ ਆਪਸੀ ਮੇਲ ਮਿਲਾਪ, ਹਰ ਆਏ ਗਏ ਦਾ ਖੁੱਲਾ ਸਵਾਗਤ, ਮਾਂ, ਧੀ, ਭੈਣ, ਭਰਜਾਈ ਤੇ ਪਤਨੀ ਦੇ ਵੱਖ-ਵੱਖ ਕਿਰਦਾਰਾਂ ‘ਚ ਉਹ ਪੂਰੀ ਉਤਰਦੀ ਹੈ। ਸਾਦਗੀ, ਸ਼ਰਮ ਤੇ ਹਲੀਮੀ ਉਸਦੇ ਗਹਿਣੇ ਹਨ। ਉਹ ਗਿੱਧਿਆਂ ਦੀ ਰਾਣੀ ਬਣ ਪੈਲ਼ਾਂ ਪਾਉਂਦੀ ਹੈ ਤੇ ਕਦੇ ਹਾਣ ਦੀਆਂ ਨਾਲ ਗਾਉਂਦੀ ਅੰਬਰੀ ਕੂਕਦੀ ਸੁਣਾਈ ਦਿੰਦੀ ਹੈ। ਮੋਰਨੀਆਂ ਵਰਗੀ ਤੋਰ, ਖਿੜ ਖਿੜਾਉਂਦਾ ਹਾਸਾ, ਦਗ਼-ਦਗ਼ ਕਰਦੇ ਚਿਹਰੇ, ਕਾਲੇ ਸ਼ਾਹ ਲੰਮੇ ਵਾਲ਼ ਕਿਸੇ ਖਿਤਾਬ ਜਾਂ ਤਾਰੀਫ਼ ਦੇ ਮੁਹਤਾਜ ਨਹੀਂ।