ਜਦ ਹਰ ਮਨੁੱਖ ਸਾਦਾਪਨ ਅਖਿਤਿਆਰ ਕਰੇਗਾ ਤਾਂ ਉਸ ਦਿਨ ਸਤਿਯੁਗ ਆ ਜਾਵੇਗਾ.......... ਲੇਖ / ਰਤਨ ਰੀਹਲ (ਡਾ.)

ਬਾਬਾ ਫ਼ਰੀਦ ਅਨੁਸਾਰ ‘ਮੈਂ’ ਹਉਮੈ ਵਾਲਾ ਸ਼ਬਦ ਹੈ। ਸਿਰਫ਼ ਸਰਗੁਣ ਹੀ ‘ਮੈਂ’ ਅਖਵਾ ਸਕਦਾ ਹੈ। ਸਰਗੁਣ ਪ੍ਰਮਾਤਮਾ ਹੈ। ਕਈ ਵਾਰ ਆਪਣੇ ਆਪ ਨੂੰ ‘ਮੈਂ’ ਕਹਿੰਦਿਆਂ ਸੁਣ ਕੇ ਭਰਮ ਪੈ ਜਾਂਦਾ ਹੈ ਕਿ ਮੈਂ ਤਾਂ ਨਿਰਗੁਣ ਹਾਂ। ਪ੍ਰਮਾਤਮਾ ਕਿਵੇਂ ਹੋ ਸਕਦਾ ਹਾਂ? ਸਿੱਖੀ ਦਰਸ਼ਨ ਅਨੁਸਾਰ ਜਦ ਮੈਂ ਸੋਚਦਾ ਹਾਂ ਕਿ ਮੇਰੇ ਵਿੱਚ ਵੀ ਪ੍ਰਮਾਤਮਾ ਦੀ ਜੋਤ ਹੈ ਤਾਂ ਮੈਂ ਪ੍ਰਮਾਤਮਾ ਕਿਉਂ ਨਹੀਂ ਹਾਂ? ਫਿਰ ਸੋਚਦਾ ਹਾਂ ਕਿ ਮੇਰੀ ਆਤਮਾ ਝੂਠ ਫ਼ਰੇਬ, ਕਾਮ, ਕ੍ਰੋਧ, ਲੋਭ, ਮੁਹ ਅਤੇ ਹੰਕਾਰ ਨਾਲ ਪਲੀਤ ਹੋਣ ਕਰਕੇ ਪ੍ਰਮਾਤਮਾ ਨਹੀਂ ਹੈ। ਸੱਤਵੇਂ ਦਹਾਕੇ ਵਿੱਚ ਸੋਚਿਆਂ ਕਰਦਾ ਸਾਂ ਕਿ ਕੋਈ ਸਰਵ-ਸ਼ਕਤੀਮਾਨ ਹੈ ਜਿਹੜਾ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਸੋਵੀਅਤ ਯੂਨੀਅਨ ਅਤੇ ਯੂਨਾਈਟਿਡ ਸਟੇਟ ਆਫ਼ ਅਮਰੀਕਾ ਨੂੰ ਬਰੋ-ਬਰਾਬਰ ਤਾਕਤ ਵੰਡ ਰਿਹਾ ਹੈ। ਜਦ ਹੁਣ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਰਹਿ ਗਈ ਹੈ ਤਾਂ ਮੇਰਾ ‘ਮੈਂ’ ਸ਼ਬਦ ਵਿੱਚੋਂ ਵਿਸ਼ਵਾਸ਼ ਮਨਫ਼ੀ ਹੋ ਗਿਆ ਹੈ। ਆਪਣੀ ਕਹਾਣੀਆਂ ਦੀ ਪੁਸਤਕ ‘ਆਟੇ ਦਾ ਬੋਰਾ’ ਵਿੱਚ ਸੰਨ 1982 ਵਿੱਚ ਲਿਖਿਆ ਸੀ ਕਿ ਦੁਨੀਆਂ ਵਿੱਚੋਂ ਸੋਵੀਅਤ ਯੂਨੀਅਨ ਦੀ ਤਾਕਤ ਇੱਕ ਦਿਨ ਖ਼ਤਮ ਹੋ ਜਾਵੇਗੀ ਅਤੇ ਮੇਰੇ ਦਿੱਤੇ ਸਮੇਂ ਦੇ ਵਿੱਚ ਵਿੱਚ ਹੀ ਅਜਿਹਾ ਵਾਪਰ ਗਿਆ ਹੈ। ਇਹ ਮੇਰਾ ਅਗੰਮੀ ਵਾਕ ਨਹੀਂ ਸੀ ਸਗੋਂ ਦੁਨੀਆਂ ਵਿੱਚ ਚੱਲ ਰਹੇ ਰਾਜਨੀਤਕ ਢਾਂਚੇ ਨੂੰ ਘੋਖ਼ਦਿਆਂ ਇਹ ਵਿਚਾਰ ਮੇਰੇ ਮਨ ਵਿੱਚ ਆਏ ਸਨ। ਇਸ ਗੱਲ ਦਾ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਕਿ ਪ੍ਰਮਾਤਮਾ ਇੱਕ ਹੀ ਹੈ ਜਿਹੜਾ ਇਸ ਦੁਨੀਆਂ ਨੂੰ ਚਲਾਉਦਾ ਹੈ। ਜੇਕਰ ਪ੍ਰਮਾਤਮਾ ਸਮੁੱਚੇ ਰੂਪ ਵਿੱਚ ਆਪ ਸਰਵ-ਸ਼ਕਤੀਵਾਨ ਹੁੰਦਾ ਤਾਂ ਸਾਰਾ ਜੱਗ ਧਰਮ ਦੇ ਰਸਤੇ ਉਪਰ ਚਲਣ ਵਾਲਾ ਹੁੰਦਾ ਕਿਉਂਕਿ ਪ੍ਰਮਾਤਮਾ ਸ਼ਬਦ ਦਾ ਇਹ ਪ੍ਰਯੋਜਨ ਹੈ। ਇਸ ਕਰਕੇ ਮਨੁੱਖ ਦੇ ਹਿਰਦੇ ਅੰਦਰ ਕਾਮ ਕ੍ਰੋਧ ਲੋਭ ਮੁਹ ਅਤੇ ਹੰਕਾਰ ਵਸਾਉਣ ਵਾਲੀ ਵੀ ਕੋਈ ਸ਼ਕਤੀ ਪ੍ਰਮਾਤਮਾ ਦੀ ਸ਼ਕਤੀ ਨੂੰ ਵੰਗਾਰਦੀ ਹੈ ਕਿਉਂਕਿ ਪ੍ਰਮਾਤਮਾ ਮਨੁੱਖ ਦੇ ਹਿਰਦੇ ਨੂੰ ਸ਼ੁਧ ਰੱਖਣ ਵਿੱਚ ਨਾਕਾਮਯਾਬ ਹੈ। ਮੇਰੀ ਪੁਸਤਕ ‘ਪ੍ਰਗੀਤਕ ਕਾਵਿ’ ਜਿਹੜੀ ਵਲੈਤ ਵਿੱਚ ਛਪ ਚੁੱਕੀ ਹੈ। ਉਸਦੇ ਪੰਨਾ ਨੰਬਰ 56 ਉਤੇ ਮੇਰੇ ਵਿਚਾਰ ਦਰਜ ਹਨ।

ਰੀਤ ‘ਤੇ ਵਿਪਰੀਤ ਵਿਧੀਆਂ
ਤਾਕਤ ਪਕੜ੍ਹਦੀਆਂ ਹਨ ।
ਜੇ ਰੱਬ ਸੱਤ ਹੈ
ਤਾਂ ਸ਼ੈਤਾਨ ਨੂੰ
ਮੇਟਣੋ ਅਸਮਰੱਥ ਹੈ ।
ਪਰ ਜੇ ਰੱਬੀ ਤਾਕਤ
ਸ਼ੈਤਾਨ ਨੂੰ
ਲਲਕਾਰਨ ਦਾ ਤੱਥ ਹੈ ।
ਇਹ ਲੀਲਾ ਨਹੀਂ
ਰੱਬ ਦਾ
ਸਰਵ-ਸ਼ਕਤੀਮਾਨ
ਨਾ ਹੋਣ ਵਾਲੀ
ਗੱਲ-ਕੱਥ ਹੈ ।

ਇਸ ਕਰਕੇ ਮੇਰਾ ‘ਮੈਂ’ ਸ਼ਬਦ ਵਿੱਚੋਂ ਵਿਸ਼ਵਾਸ਼ ਉਠ ਗਿਆ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਪਰ ਕਿਸੇ ਇੱਕ ਧਰਮ ਵਿੱਚ ਮੇਰਾ ਅੰਧ-ਵਿਸ਼ਵਾਸ਼ ਨਹੀਂ ਹੈ। ਸਾਰੇ ਧਰਮ ਕਹਿੰਦੇ ਹਨ ਕਿ ਉਨ੍ਹਾਂ ਦੇ ਧਰਮ ਨੂੰ ਅਪਣਾ ਕੇ ਹੀ ਮੁਕਤੀ ਮਿਲ ਸਕਦੀ ਹੈ। ਮੁਕਤੀ ਵਾਲੀ ਗੱਲ ਤਾਂ ਸਪੱਸ਼ਟ ਹੈ ਕਿ ਜੇਕਰ ਤੁਸੀਂ ਸਾਦਾ ਰਹੋਂਗੇ ਤਾਂ ਤੁਹਾਨੂੰ ਆਪਣੇ ਜੀਵਨ ਪਰਵਾਹ ਵਾਸਤੇ ਬਹੁਤੀ ਮਾਇਆਂ ਦੀ ਲੋੜ ਨਹੀਂ ਪਏਗੀ। ਬਹੁਤੀ ਮਾਇਆ ਦੀ ਲੋੜ ਨਾ ਹੋਣ ਕਰਕੇ ਤੁਹਾਡੇ ਜੀਵਨ ਵਿੱਚ ਆਈ ਨੱਠ ਭੱਜ ਖ਼ਤਮ ਹੋ ਜਾਵੇਗੀ। ਤੁਸੀਂ ਸੱਚ ਦੇ ਰਸਤੇ ਉਪਰ ਚੱਲ ਸਕਦੇ ਹੋ। ਮਾਇਆ ਦੀ ਨਾ ਲੋੜ ਹੋਣ ਕਰਕੇ ਤੁਸੀਂ ਕਈ ਖੁਦ ਸੁਹੇੜੇ ਹੋਏ ਸੰਸਾਰਕ ਰੁਝੇਵਿਆਂ ਤੋਂ ਮੁਕਤੀ ਪਾ ਸਕੋਂਗੇ। ਇਹੋ ਹੀ ਦਰਅਸਲ ਇੱਕ ਮੁਕਤੀ ਹੈ। ਚੰਗੇ ਕਰਮ ਕਰਨ ਨਾਲ ਮਨੁੱਖ ਕਈ ਝਮੇਲਿਆਂ ਵਿੱਚ ਨਹੀਂ ਫ਼ਸਦਾ। ਕਿਸੇ ਪਾਠ ਜਾਂ ਕਰਮ ਕਾਂਡਾਂ ਦੇ ਕਰਨ ਨਾਲ ਕਿਸੇ ਨੂੰ ਕੋਈ ਮੁਕਤੀ ਨਹੀਂ ਮਿਲਦੀ। ਮੈਂ ਕਈ ਵਾਰ ਸੋਚਦਾ ਹਾਂ ਕਿ ਕਈ ਧਾਰਮਿਕ ਮਨੁੱਖ ਸਾਰੀ ਸਾਰੀ ਦਿਹਾੜੀ ਪੂਜਾ ਪਾਠ ਕਰਨ ਵਿੱਚ ਮਗ਼ਨ ਰਹਿੰਦੇ ਹਨ। ਉਹ ਆਪਣੇ ਜੀਵਨ ਦੇ ਕੀਮਤੀ ਪੱਲ ਅਜਾਂਈ ਗੁਆ ਰਹੇ ਹਨ। ਕਈ ਸ਼ਰਧਾਲੂ ਜਿਹੜੇ ਪਾਠ ਨਿੱਤ ਮੁੜ ਮੁੜ ਕਰਦੇ ਹਨ ਤਾਂ ਮੈਨੂੰ ਉਨ੍ਹਾਂ ਦੀ ਯਾਦ ਸ਼ਕਤੀ ਉਪਰ ਇਹ ਸ਼ੱਕ ਹੋਣ ਲੱਗਦਾ ਹੈ ਕਿ ਉਹ ਕਿਸੇ ਸਿਧਾਂਤ ਨੂੰ ਇੱਕ ਵਾਰ ਪੜ੍ਹ ਕੇ ਯਾਦ ਨਹੀਂ ਰੱਖ ਸਕਦੇ। ਬਚਪਨ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਅਤੇ ਕਈ ਹੋਰ ਦੁਨੀਆਂ ਦੀਆਂ ਧਾਰਮਿਕ ਪੁਸਤਕਾਂ ਨੂੰ ਉਤਨਾ ਚਿਰ ਪੜ੍ਹਿਆ ਸੀ ਜਿੰਨਾਂ ਚਿਰ ਉਨ੍ਹਾਂ ਧਾਰਮਿਕ ਪੁਸਤਕਾਂ ਦੇ ਸਾਰੇ ਸਿਧਾਂਤ ਮੇਰੇ ਮਨ ਵਿੱਚ ਵਸ ਨਹੀਂ ਗਏ। ਹੁਣ ਮੈਂ ਉਨ੍ਹਾਂ ਨੂੰ ਨਿੱਤ ਨਹੀਂ ਪੜ੍ਹਦਾ ਸਗੋਂ ਆਪਣੇ ਜੀਵਨ ਨੂੰ ਉਨ੍ਹਾਂ ਸਿਧਾਂਤਾ ਉਪਰ ਚਲਾਉਦਾ ਹਾਂ। ਅਤੀਤ ਦੇ ਧੁਰ ਤੱਕ ਜਦ ਮੈਂ ਚਲੇ ਜਾਂਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਸਚਾਈ ਉਪਰ ਚਲਾਉਦਾ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਦੁਨੀਆਂ ਦੇ ਪਹਿਲੇ ਮਨੁੱਖ ਨੇ ਜਦ ਕਿਸੇ ਦੂਜੇ ਮਨੁੱਖ ਨਾਲ ਛੱਲ ਕੀਤਾ ਹੋਵੇਗਾ ਤਾਂ ਦੂਜੇ ਮਨੁੱਖ ਨੇ ਜਵਾਬ ਵਿੱਚ ਛੱਲ ਜ਼ਰੂਰ ਕਮਾਇਆ ਸੀ। ਇਸੇ ਤਰ੍ਹਾਂ ਇਹ ਛੱਲ ਕਮਾਉਣ ਦਾ ਸਿਲਸਿਲਾ ਦਿਨੋਂ ਦਿਨ ਵੱਧਦਾ ਗਿਆ। ਇਸ ਛੱਲ ਫਰੇਬ ਨੂੰ ਮਿਟਾਉਣ ਵਾਸਤੇ ਹਰ ਮਨੁੱਖ ਨੂੰ ਨਿਰਛਲ ਹੋਣ ਤੋਂ ਬਾਅਦ ਉਨ੍ਹਾਂ ਹੀ ਸਮਾਂ ਲੱਗੇਗਾ ਜਿੰਨਾਂ ਸਮਾਂ ਅੱਜ ਤੱਕ ਵੱਧਣ ਵਿੱਚ ਲੱਗਾ ਹੈ। ਭਾਵੇਂ ਵਿਰੋਧੀ ਭਾਵਨਾਵਾਂ ਬਿਨ੍ਹਾਂ ਇਸ ਦੁਨੀਆਂ ਵਿੱਚ ਵਿਚਰਨਾਂ ਔਖਾ ਹੈ ਪਰ ਸਾਦਾ ਜੀਵਨ ਰੱਖਣ ਵਾਲੇ ਨੂੰ ਵਿਰੋਧੀ ਭਾਵਨਾਵਾਂ ਦੀ ਲੋੜ ਹੀ ਨਹੀਂ ਪੈਂਦੀ। ਜਦ ਹਰ ਮਨੁੱਖ ਸਾਦਾਪਨ ਅਖਿਤਿਆਰ ਕਰੇਗਾ ਅਤੇ ਆਪਣੇ ਮਨ ਵਿੱਚੋਂ ਬਦਲਾ ਭਾਵਨਾ ਨੂੰ ਖ਼ਤਮ ਕਰ ਲਏਗਾ ਤਾਂ ਉਸ ਦਿਨ ਸਤਿਯੁਗ ਆ ਜਾਵੇਗਾ। ਮੈਂ ਇਸ ਵਿਚਾਰ ਦਾ ਵੀ ਕਾਇਲ ਹਾਂ ਕਿ ਜੇਕਰ ਦੁਨੀਆਂ ਵਿੱਚ ਧਰਮਾਂ ਦੀ ਹੋਂਦ ਨਾ ਹੁੰਦੀ ਤਾਂ ਦੁਨੀਆਂ ਇੱਕ ਅੱਗ ਦਾ ਗੋਲਾ ਹੁੰਦੀ। ਇਹ ਸਿਧਾਂਤ ਮੇਰੀ ਪੁਸਤਕ ‘ਵਲੈਤੀ ਦਰਪਨ’ ਵਿੱਚ ਪੜ੍ਹਿਆ ਜਾ ਸਕਦਾ ਹੈ। ਭਾਵੇਂ ਕੋਈ ਕਿਸੇ ਵੀ ਉਮਰ ਵਿੱਚ ਮਰ ਸਕਦਾ ਹੈ ਪਰ ਮਨੁੱਖ ਦੀ ਮੌਤ ਮਸ਼ੀਨਰੀ ਦੇ ਪੁਰਜੇ ਦੇ ਘਸਣ ਵਾਂਗ ਹੈ। ਪ੍ਰਗੀਤਕ ਕਾਵਿ ਪੁਸਤਕ ਨਾ ਛਾਪਣ ਦਾ ਕਾਰਨ ਏਹੀ ਹੈ ਕਿ ਆਸਤਕ ਸਰਾਪ ਦੇ ਕੇ ਆਖਣਗੇ ਕਿ ਇਹ ਇਤਨਾ ਹੰਕਾਰ ਗਿਆ ਸੀ ਕਿ ਰੱਬ ਦੀ ਹੋਂਦ ਨੂੰ ਵੀ ਨਹੀਂ ਸੀ ਮੰਨਦਾ, ਇਸੇ ਕਰਕੇ ਇਸ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਇਸ ਕਾਰਜ ਖੇਤਰ ਤੋਂ ਥੋੜਾ ਉਪਰ ਹਾਂ ਅਤੇ ਰੱਬ ਦੀ ਹੋਂਦ ਬਾਰੇ ਮੇਰਾ ਵਿਚਾਰ ਹੈ।

    ਰਤਨ  ਕਪਟਿਆ  ਦੀਨ  ਹੈ,
    ਆਪਣਾ ਆਪੇ ਸਾਂਭ ਈਮਾਨ।
    ਜੋ  ਆਦਿ  ਜੁਗਾਦੋਂ ਮੰਨਿਆ,
    ਮਰ  ਗਿਆ  ਉਹ  ਭਗਵਾਨ।    ਪ੍ਰਗੀਤਕ ਕਾਵਿ ਪੰਨਾ 8

ਬਚਪਨ ਵਿੱਚ ਮੇਰਾ ਸੰਪਰਕ ਆਜ਼ਾਦੀ ਘੁਲਾਟੀਏ ਮੁਨਸ਼ਾ ਸਿੰਘ ‘ਦੁਖੀ’ ਨਾਲ ਹੋ ਗਿਆ ਸੀ। ਉਨ੍ਹਾਂ ਪਿੰਗਲ ਅਤੇ ਅਰੂਜ਼ ਦੀ ਵਿਦਿਆ ਖੂਬ ਪੜ੍ਹਾਈ। ਮੈਂ ਤੁੱਕ ਬੰਦੀ ਕਰਨ ਵਿੱਚ ਤਾਂ ਮਾਹਰ ਹੋ ਗਿਆ ਸਾਂ ਪਰ ਕਿਸ ਵਿਸ਼ੇ ਉਪਰ ਲਿਖਾਂ, ਉਨ੍ਹਾਂ ਦੇ ਸਮਝਾਉਣ ਉਪਰ ਵੀ ਇਹ ਸਮਝ ਨਾ ਪਈ। ਗਰਮੀਆਂ ਦੀਆਂ ਛੁੱਟੀਆਂ ਵਾਸਤੇ ਅਧਿਆਪਕਾਂ ਵਲੋਂ ਹੁਕਮ ਹੁੰਦਾ ਸੀ ਕਿ ਸੌ ਸਫ਼ਾ ਘਰੋਂ ਲਿਖ ਕੇ ਸਕੂਲ ਖੁਲ੍ਹਣ ਦੇ ਪਹਿਲੇ ਦਿਨ ਲਿਆਉਣਾ ਹੈ। ਆਪਣੇ ਹੀ ਪਿੰਡ ਦੇ ਅਸੀਂ ਤਿੰਨ ਚਾਰ ਜਮਾਤੀ ਆਪਣੇ ਲਿਖੇ ਹੋਏ ਪੰਨੇ ਇੱਕ ਦੂਜੇ ਨੂੰ ਸੁਣਾਉਦੇ ਹੁੰਦੇ ਸੀ। ਇੱਕ ਦਿਨ ਮੇਰੇ ਵਲੋਂ ਲਿਖੀ ਆਪਣੇ ਹੀ ਪਿੰਡ ਦੇ ਇੱਕ ਅਮਲੀ ਦੀ ਕਹਾਣੀ ਸਾਰਿਆਂ ਨੂੰ ਬਹੁਤ ਪਸੰਦ ਆਈ। ਪਹਿਲੀਆਂ ਵਿੱਚ ਉਸਦੀ ਘਰਵਾਲੀ ਆਪ ਡੋਡੇ ਮਲ ਕੇ ਦਿੰਦੀ ਸੀ ਅਤੇ ਸਮਾਂ ਪੈਣ ਤੇ ਉਹ ਸ਼ਾਮਲਾਟ ਵਿੱਚ ਇੱਕ ਕੁਲੀ ਵਿੱਚ ਇੱਕਲਾ ਰਹਿੰਦਾ ਸੀ। ਜਿਵੇਂ ਲੋਕ ਉਸਨੂੰ ਕਹਿੰਦੇ ਸਨ ਕਿ ਅਮਲ ਖਾਣ ਕਾਰਨ ਉਹ ਨਿਪੁੰਸਕ ਹੋ ਗਿਆ ਹੈ। ਮੈਂ ਵੀ ਕਹਾਣੀ ਦਾ ਅੰਤ ਕੁਝ ਐਸਾ ਹੀ ਕੀਤਾ ਸੀ। ਇਸ ਯਥਾਰਥ ਨੂੰ ਮੈਂ ਵੀ ਕਈ ਵਾਰ ਪੜ੍ਹਿਆ ਤਾਂ ਮਨ ਸੁਆਦ ਸੁਆਦ ਜਿਹਾ ਹੋ ਜਾਂਦਾ ਸੀ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇਹ ਸਮਝ ਲੱਗ ਗਈ ਕਿ ਗੈਰ ਕੁਦਰਤੀ ਵਿਹਾਰਾਂ ਨੂੰ ਕੁਦਰਤ ਦੇ ਅਸੂਲਾਂ ਵਿੱਚ ਢਾਲਣ ਹਿੱਤ ਲਿਖੀ ਹੀ ਚੰਗੀ ਰਚਨਾ ਹੋ ਸਕਦੀ ਹੈ। ਮਨੁੱਖ ਦੀ ਮਨੁੱਖ ਪ੍ਰਤਿ ਸਹਾਨਭੂਤੀ ਵਾਲਾ ਸੰਕਲਪ ਹੀ ਪੱਕੀ ਬਾਣੀ ਹੈ। ਲੋਕਾਂ ਦੀਆਂ ਗੈਰ-ਕੁਦਰਤੀ ਗਲਤੀਆਂ ਦਾ ਵਿਸ਼ਲੇਸ਼ਣ ਹੀ ਚੰਗੀ ਰਚਨਾ ਹੁੰਦੀ ਹੈ। ਸਮਾਜਿਕ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਨੀ ਅਤੇ ਸਮੇਂ ਅਨੁਸਾਰ ਰੀਤੀ ਰਿਵਾਜਾਂ ਵਿੱਚ ਬਦਲਾਓ ਲਿਆਉਣਾ ਹੀ ਇੱਕ ਚੰਗੇ ਲੇਖਕ ਦਾ ਫ਼ਰਜ਼ ਹੁੰਦਾ ਹੈ। ਕਿਸੇ ਸਮਾਜ ਜਾਂ ਸੱਭਿਆਚਾਰ ਨੂੰ ਗੰਧਲਾ ਕਰਨਾ ਇੱਕ ਮੂਰਖਤਾ ਹੁੰਦੀ ਹੈ ਅਤੇ ਲੇਖਕ ਲਈ ਉਹ ਸਰੋਤ ਬਣ ਜਾਂਦੇ ਹਨ।

ਪ੍ਰਵਾਨੀਆਂ  ਤਾਂ ਹੋ ਗਈਆਂ ਨੇ, ਬੜੀਆਂ ਹੁਣ ਪੁਰਾਣੀਆਂ ਗੱਲਾਂ।
ਬੜੀਆਂ ਉਹ ਪੁਰਾਣੀਆਂ ਗੱਲਾਂ, ਗਈਆਂ ਬਣ ਕਹਾਣੀਆਂ ਗੱਲਾਂ।
ਸੱਚੀ ਗੱਲ ਸਿਅਣਿਆਂ ਆਖੀ,ਮੂਰਖ ਤੋਂ ਮੱਤ ਕਹਿਣ ਹੈ ਆਉਦੀ,
    ਨਾ ਬੱਚਾ ‘ਤੇ ਨਾ ਹੀ ਮੂਰਖ ਬੰਦਾ, ਕਰਦਾ ਕਦੇ ਸਿਆਣੀਆਂ ਗੱਲਾਂ।  ਪ੍ਰਗੀਤਕ ਕਾਵਿ ਪੰਨਾ 170

ਛੇਵੇਂ ਦਹਾਕੇ ਵਿੱਚ ਜਦ ਮੈਂ ਇੰਗਲਿਸ਼ ਲਿਟਰੇਚਰ ਦਾ ‘ਏ’ ਲੈਵਲ ਕਰਨ ਲੱਗਾ ਤਾਂ ਇੰਗਲਿਸ਼ ਕਵਿਤਾ, ਕਹਾਣੀ ਅਤੇ ਨਾਵਲ ਪੜ੍ਹਨ ਵਿੱਚ ਮੇਰੀ ਰੁਚੀ ਹੋਈ। ਜਦ ਮੈਂ ਵਿਲੀਅਮ ਸ਼ੇਕਸਪੀਅਰ ਦੇ ਨਾਟਕਾਂ ਦਾ ਅਧਿਐਨ ਇੱਕ ਸਬਜੈਕਟ ਵਲੋਂ ਕੀਤਾ ਤਾਂ ਜਿਵੇਂ ਕਹਿੰਦੇ ਹੁੰਦੇ ਹਨ ਕਿ ਸਹਿਜ ਨਾਲ ਹੀ ਰੱਬ ਮਿਲ ਜਾਂਦਾ ਹੈ, ਠੀਕ ਇਸ ਤਰ੍ਹਾਂ ਮੈਨੂੰ ਅਨੇਕਾਂ ਵਿਸ਼ੇ ਲਿਖਣ ਲਈ ਮਿਲੇ। ਵਿਲੀਅਮ ਸ਼ੇਕਸਪੀਅਰ ਨੇ ਉਨ੍ਹਾਂ ਸਾਰੀਆਂ ਥਾਵਾਂ ਦਾ ਯਥਾਰਥ ਲਿਖਿਆ ਜਿਥੇ ਵੀ ਉਸਨੇ ਕੰਮ ਕੀਤਾ ਅਤੇ ਮੈਂ ਵਲੈਤ ਵਿੱਚ ਰਹਿੰਦੇ ਪ੍ਰਵਾਸੀਆਂ ਦੀਆਂ ਗਤੀ ਵਿਧੀਆਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। ਮੇਰੇ ਸਿਰਜੇ ਨਾਵਲਾਂ ਵਿੱਚ ਇੱਕ ਪੂਰਾ ਸਮਾਜ ਹੈ। ਕਹਾਣੀਆਂ ਦੇ ਵਿਸ਼ੇ ਪੱਛਮ ਵਿੱਚ ਪ੍ਰਵਾਸੀਆਂ ਦੇ ਜੀਵਨ ਨੂੰ ਆ ਰਹੀਆਂ ਚਣੌਤੀਆਂ ਹਨ। ਨਾਟਕਾ ਦਾ ਵਿਸ਼ਾ ਰਾਜਨੀਤਕ ਹੁੰਦਾ ਹੈ। ਮੇਰਾ ਇੱਕ ਨਾਟਕ ‘ਪੰਜਾਬੀਅਤ’ ਹੈ ਅਤੇ ਦੂਜਾ ਨਾਟਕ ‘ਕਿਸ ਉਦਮ ਤੇ ਰਾਜ ਮਿਲੈ’ ਹੈ ਅਤੇ ਇੱਕ ਨਾਟਕ ‘ਭਰਾ ਮਾਰੂ ਜੰਗ ਹੈ। ‘ਕਿਸ ਉਦਮ ਤੇ ਰਾਜ ਮਿਲੈ’ ਨਾਟਕ ਇੰਗਲੈਂਡ ਦੇ ਹਰ ਵੱਡੇ ਸ਼ਹਿਰ ਵਿੱਚ ਹਜ਼ਾਰਾਂ ਹੀ ਦਰਸ਼ਕਾਂ ਸਾਹਮਣੇ ਖੇਡਿਆ ਗਿਆ ਸੀ। ‘ਇਹ ਨਾਟਕ ਸੰਨ 1985 ਵਿੱਚ ਵਲੈਤ ਦੇ ਇੱਕ ਹਫ਼ਤਾਵਾਰੀ ਅਖ਼ਬਾਰ ਵਿੱਚ ਲੜੀਵਾਰ ਛਪਿਆ ਵੀ ਸੀ।  ਇਹ ਨਜ਼ਾਰੇ ਵੇਖ ਕੇ ਮੈਨੂੰ ਥੋੜਾ ਭਰਮ ਹੋ ਗਿਆ ਸੀ ਕਿ ਮੈਂ ਜੋ ਲਿਖਣਾ ਚਾਹੁੰਦਾ ਹਾਂ ਪਾਠਕ ਉਸਨੂੰ ਪਸੰਦ ਵੀ ਕਰਦੇ ਹਨ। ਵਲੈਤ ਦੀ ਰੁਝੇਵੇਂ ਭਰੀ ਜਿ਼ੰਦਗੀ ਤੋਂ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਕਿਸੇ ਕੋਲ ਵੀ ਪੁਸਤਕ ਪੜ੍ਹਨ ਦਾ ਸਮਾਂ ਨਹੀਂ ਹੈ। ਇਸੇ ਕਰਕੇ ਮੈਂ ਆਪਣੀਆਂ ਰਚਨਾਵਾਂ ਨੂੰ ਫਿਲਮਾਇਆ। ‘ਮੈਤਰੀ ਭਾਵ’ ਮੇਰੀ ਇਕਾਂਗੀਆਂ ਦੀ ਪੁਸਤਕ ਹੈ ਜਿਸ ਵਿੱਚ ਅੱਠ ਇਕਾਂਗੀ ਹਨ। ਇਹ ਸਾਰੇ ਇਕਾਂਗੀ ਫਿਲਮਾਏ ਗਏ ਹਨ ਅਤੇ ਇੰਗਲੈਂਡ ਵਿੱਚ ਕੇਬਲ ਟੀ ਵੀ ਉਪਰ ਪ੍ਰਸਾਰਤ ਵੀ ਹੋ ਚੁੱਕੇ ਹਨ। ਇਨ੍ਹਾਂ ਇਕਾਂਗੀਆਂ ਦਾ ਮੈਂ ਆਪ ਹੀ ਨਿਰਦੇਸ਼ਕ ਹਾਂ। ਕਈ ਇਕਾਂਗੀਆਂ ਵਿੱਚ ਮੇਰਾ ਆਪਣਾ ਹੀ ਅਭਿਨਯ ਹੈ। ਇਨ੍ਹਾਂ ਇਕਾਂਗੀਆਂ ਵਿੱਚ ਪਰਿਵਾਰਕ ਉਲਝਣਾਂ ਨੂੰ ਦਰਸਾਉਦਾ ਹਾਂ। ਕਵਿਤਾਵਾਂ ਵਿੱਚ ਮੇਰਾ ਆਪਣਾ ਦਰਸ਼ਨ ਹੁੰਦਾ ਹੈ। ਮੇਰੇ ਲੇਖਾਂ ਵਿੱਚ ਪ੍ਰਚਲਤ ਸਮੱਸਿਆਵਾਂ ਦਾ ਵਰਨਣ ਹੁੰਦਾ ਹੈ। ਪ੍ਰਵਾਸੀਆਂ ਦੀਆਂ ਪ੍ਰਚਲਤ ਸਮੱਸਿਆਵਾਂ ਬਾਰੇ ਮੇਰੇ ਲੇਖ ਹਰ ਹਫ਼ਤੇ ਪੂਰਾ ਡੇਢ ਸਾਲ ਵਲੈਤ ਦੇ ਇੱਕ ਹਫ਼ਤਾਵਾਰੀ ਅਖ਼ਬਾਰ ਵਿੱਚ ਛਪਦੇ ਰਹੇ ਹਨ। ਮਹਾਂਕਾਵਿ ਵਿੱਚ ਅੰਤਰ-ਜਾਤੀ ਵਿਆਹਾਂ ਦੇ ਨਾਕਾਮਯਾਬ ਹੋਣ ਦੇ ਕਾਰਨ ਜਿਵੇਂ ਵੱਖੋ ਵੱਖਰਾ ਧਾਰਮਿਕ ਵਿਸ਼ਵਾਸ਼, ਵੱਖਰੀਆਂ ਸਮਾਜਕ ਰੀਤੀ ਰਿਵਾਜ ਅਤੇ ਵੱਖਰਾ ਮਾਨਸਿਕ ਮਹੌਲ ਹੀ ਦਰਸਾਇਆ ਹੈ। ਮਹਾਂਕਾਵਿ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਆਰਥਿਕ, ਸਾਹਿਤਕ, ਵਪਾਰਕ, ਵਿਦਿਅਕ, ਰਾਜਨੀਤਕ ਅਤੇ ਨੌਕਰੀਆਂ ਵਿੱਚ ਹੋਈਆਂ ਪਰਾਪਤੀਆਂ ਦਾ ਵੀ ਵਰਨਣ ਹੈ। ਸਤਾਰਵੀਂ ਸਦੀ ਦੇ ਸਕਾਟਿਸ਼ ਕਵੀ ‘ਰਾਬਰਟ ਬਰਨਜ਼’ ਦੀਆਂ ਮਸ਼ਹੂਰ ਕਵਿਤਾਵਾਂ  ਨੂੰ ਵੀ ਲਿੱਪੀ-ਅੰਤਰ ਕਰਕੇ ਕਵਿਤਾਵਾਂ ਦੀ ਪੁਸਤਕ ਵੀ ਛਾਪੀ ਹੈ। ਜਿਸ ਦੀ ਚਰਚਾ ਸਕਾਟਲੈਂਡ ਦੇ ਨੈਸ਼ਨਲ ਰੇਡੀਓ ਉਤੇ ਬਹੁਤ ਹੋਈ ਸੀ ਅਤੇ ਸਕਾਟਲੈਂਡ ਦੀ ਨੈਸ਼ਨਲ ਲਾਇਬਰੇਰੀ ਵਿੱਚ ਰੀਕਾਰਡ ਕਰਕੇ ਸਾਂਭੀ ਹੋਈ ਹੈ ਜਿਹੜੀ ਸੌ ਸਾਲ ਤੱਕ ਸਾਂਭੀ ਜਾਣੀ ਹੈ। ਮੇਰੇ ਸਮੁੱਚੇ ਰਚਨਾਤਮਿਕ ਕਾਰਜ ਵਿੱਚ ਦਬਾਈ ਜਾ ਰਹੀ ਔਰਤ ਨੂੰ ਮਰਦ ਦੇ ਬਰਾਬਰ ਕਰਨਾ ਹੁੰਦਾ ਹੈ ਅਤੇ ਮਰਦ ਤੋਂ ਉਪਰ ਉਠੀ ਹੋਈ ਔਰਤ ਨੂੰ ਦਬਾ ਕੇ ਮਰਦ ਦੇ ਮੇਚ ਦੀ ਇਸ ਕਰਕੇ ਕਰਦਾਂ ਹਾਂ ਤਾਂ ਕਿ ਉਹ ਆਪਣੇ ਪਤੀ ਦਾ ਪਿਆਰ ਲੈ ਕੇ ਜੀਵਨ ਦੇ ਪਲਾਂ ਨੂੰ ਰੁਮਾਂਟਿਕ ਬਣਾ ਸਕੇ ਕਿਉਂਕਿ ਮਰਦ ਦਾ ਸਤਿਕਾਰ ਕਰਨਾ ਕੁਦਰਤੀ ਤੌਰ ਉਪਰ ਔਰਤ ਦੀ ਬੇਵਸੀ ਅਤੇ ਕਮਜ਼ੋਰੀ ਹੈ। ਆਪਣੀਆਂ ਰਚਨਾਵਾਂ ਰਾਹੀਂ ਇੱਕ ਉਹ ਸਮਾਜ ਸਿਰਜਦਾਂ ਹਾਂ ਜਿਹੜਾ ਪੱਛਮ ਦੀਆਂ ਕਾਮ-ਗ੍ਰਸਤ ਗਤੀ ਵਿਧੀਆਂ ਅਤੇ ਪੂਰਬੀ ਸਮਾਜ ਵਿੱਚ ਦਬਾਈ ਜਾ ਰਹੀ ਔਰਤ ਵਾਲੇ ਸਿਧਾਂਤ ਨੂੰ ਨਿਕਾਰਦਾ ਹੈ। ਮਰਦ ਔਰਤ ਨੂੰ ਬਰਾਬਰ ਦਾ ਦਰਜਾ ਦਿੰਦਾ ਹਾਂ। ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ ਅਤੇ ਪਰਿਵਾਰਕ ਅਖੰਡਤਾ ਨੂੰ ਤਰਜੀਹ ਦਿੰਦਾ ਹਾਂ।

ਰਾਜਨੀਤੀ ਵਿੱਚ ਰੁੱਚੀ ਤਾਂ ਜ਼ਰੂਰ ਹੈ ਪਰ ਅਮਲੀ ਤੌਰ ਉਪਰ ਕਰਮਸ਼ੀਲ ਨਹੀਂ ਹਾਂ। ਬਚਪਨ ਵਿੱਚ ਜਿ਼ਲਾ ਜਲੰਧਰ ਦੀ ਨੌਜੁਆਨ ਸਭਾ ਦਾ ਪ੍ਰਧਾਨ ਰਿਹਾਂ ਹਾਂ। ਸੰਨ 57/58 ਵਿੱਚ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਉਣੀਆਂ, ਦਰੱਖਤਾਂ ਹੇਠਾਂ ਖੂਹਾਂ ਅਤੇ ਖੂਹੀਆਂ ਉਪਰ ਉਚੀਆਂ ਛੱਤਾਂ ਪਵਾਉਣੀਆਂ ਅਤੇ ਪਿੰਡ ਵਿੱਚ ਬਿਜਲੀ ਦੇ ਕਨਿੱਕਸ਼ਨ ਲਵਾਉਣ ਦਾ ਬੀੜਾ ਚੁੱਕਿਆ ਸੀ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋਇਆ। ਉਨ੍ਹਾਂ ਦਿਨਾ ਵਿੱਚ ਮੈਂ ਫੁਲਵਾੜੀ ਗਿਆਨੀ ਕਾਲਜ ਵਿੱਚ ਗਿਆਨੀ ਹੀਰਾ ਸਿੰਘ ਦਰਦ ਦੇ ਚਰਨਾ ਵਿੱਚ ਬੈਠਾ ਸੀ ਅਤੇ ਦੇਸ਼ ਭਗਤ ਯਾਦਾਂ ਦੇ ਦੋ ਹੀ ਕਮਰੇ ਹੁੰਦੇ ਸਨ ਜਿਨ੍ਹਾਂ ਦੇ ਦਰਵਾਜ਼ੇ ਨਹੀਂ ਸਨ ਹੁੰਦੇ, ਉਨ੍ਹਾਂ ਕਮਰਿਆਂ ਵਿੱਚ ਮੈਂ ਅਤੇ ਅਰਜਨ ਸਿੰਘ ਗੜਗਜ ਇੱਕਠੇ ਰਹਿੰਦੇ ਹੁੰਦੇ ਸੀ। ਅਰਜਨ ਸਿੰਘ ਗੜਗਜ ਦੀ ਪੁਸਤਕ ਵਿੱਚ ‘ਪੈਨ’ ਦੀ ਕਹਾਣੀ ਮੇਰੀ ਹੱਡ-ਬੀਤੀ ਹੈ। ਅਰਜਨ ਸਿੰਘ ਗੜਗਜ ਕਿਹਾ ਕਰਦਾ ਸੀ ਕਿ ‘ਰੀਹਲ’ ਲੋਕ ਭਲਾਈ ਦਾ ਥੋੜਾ ਹੋਰ ਕੰਮ ਕਰ ਤਾਂ ਤੇਰੇ ਪਿੰਡ ਵਿੱਚ ਤੇਰਾ ਬੁੱਤ ਲਵਾ ਦੇਵਾਂਗਾ। ਜੇਕਰ ਮੈਂ ਇੰਡੀਆ ਰਹਿੰਦਾ ਤਾਂ ਮੈਂ ਲੇਖਕ ਨਾ ਹੁੰਦਾ ਕੋਈ ਨੇਤਾ ਹੁੰਦਾ ਅਤੇ ਮਨੁੱਖਤਾ ਦੀ ਸੇਵਾ ਦੀ ਥਾਵੇਂ ਜੰਤਾਂ ਨੂੰ ਭਰਮ ਭੁਲੇਖਿਆਂ ਵਿੱਚ ਪਾਈ ਰੱਖਦਾ। ਭਾਰਤ ਦੀ ਰਾਜਨੀਤੀ ਬਾਰੇ ਤਾਂ ਮੈਂ ਕੋਈ ਭਵਿੱਖ ਬਾਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਸਮਝਦਾ ਹਾਂ ਕਿ ਲੋਕ ਅਜੇ ਨੇਤਾਵਾਂ ਦੀਆਂ ਚਾਲਾਂ ਸਮਝਣ ਦੇ ਯੋਗ ਨਹੀਂ ਹੋਏ। ਮੇਰੀ ਇੱਕ ਕਹਾਣੀ ‘ਨੇਤਾ ਦੀ ਸੋਚ’ ਇਹੋ ਗੱਲ ਦਸਦੀ ਹੈ ਕਿ ਜਿੰਨਾਂ ਚਿਰ ਭਾਰਤ ਦਾ ਹਰ ਵਾਸੀ ਨੇਤਾ ਵਾਲੀ ਸੋਚ ਨਹੀਂ ਧਾਰਨ ਕਰਦਾ ਓਨਾਂ ਚਿਰ ਸਹੀ ਨੇਤਾ ਦੇ ਚੁਣੇ ਜਾਣਾ ਅਸੰਭਵ ਹੈ। ਵਿਸ਼ਵ ਪੱਧਰ ਉਪਰ ਰਾਜਨੀਤੀ ਬਾਰੇ ਮੈਂ ਆਪਣੇ ਵਿਚਾਰ ਆਪਣੇ ਲੇਖਾਂ ਰਾਹੀ ਲਿਖੇ ਹਨ। ਮੇਰੀ ਪੁਸਤਕ ‘ਰੌਲਾ ਰੱਪਾ’ ਵਿੱਚ ਲਿਖਿਆ ਹੈ ਕਿ ਇਸਲਾਮਕ ਲੋਕੀ ਰਾਜੇ ਉਪਰ ਛੱਡ ਦਿੰਦੇ ਹਨ ਕਿ ਉਹ ਮੁਸਲਮਾਨ ਧਰਮ ਨੂੰ ਦੁਨੀਆਂ ਉਪਰ ਪ੍ਰਸਾਰਨ ਵਾਲਾ ਹੈ ਪਰ ਪੱਛਮੀ ਦੇਸ਼ਾਂ ਦੇ ਨੇਤਾ ਗਣਤੰਤਰ ਰਾਜ ਅਰਬ ਦੇਸ਼ਾਂ ਵਿੱਚ ਸਥਾਪਤ ਕਰਨਾ ਚਹੁੰਦੇ ਹਨ। ਇਰਾਕ ਦੀ ਜੰਗ ਜਿੱਤਣ ਮਗਰੋਂ ਬਸਤੀਵਾਦੀ ਸਰਕਾਰਾਂ ਨੇ ਸ਼ੀਆਂ ਅਤੇ ਸੁੰਨੀ ਮੁਸਲਮਾਨਾਂ ਦਾ ਆਪਸ ਵਿੱਚੀ ਭੇੜ ਕਰਵਾ ਦਿੱਤਾ ਹੈ। ਬਸਰਾ ਵਿੱਚ ਬ੍ਰਿਟਿਸ਼ ਫੌਜਾਂ ਦਾ ਕਬਜਾਂ ਹੋਣ ਬਾਅਦ ਉਨ੍ਹਾਂ ਸ਼ੀਆ ਵਿਸ਼ਵਾਸ਼ੀ ਨੂੰ ਖੁਲ੍ਹ ਦੇ ਕੇ ਸੁੰਨੀ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਉਪਰ ਹਮਲੇ ਕਰਨ ਦਿੱਤੇ ਅਤੇ ਫਿਰ ਸੁੰਨੀ ਮੁਸਲਮਾਨ ਸ਼ੀਆ ਦੇ ਧਰਮ ਅਸਥਾਨਾਂ ਉਪਰ ਹਮਲੇ ਕਰਨ ਲੱਗ ਪਏ। ਇਸ ਵਿਦਰੋਹ ਨਾਲ ਬਸਤੀਵਾਦੀ ਦੇਸ਼ਾਂ ਨੂੰ ਆਪ ਲੜਾਈ ਨਾ ਕਰਨ ਦੀ ਰਾਹਤ ਮਿਲੀ ਹੈ ਅਤੇ ਹੋਣ ਸਾਰਾ ਮਿਡਲ ਈਸਟ ਇਸ ਅੱਗ ਦੀ ਲਪੇਟ ਵਿੱਚ ਆ ਗਿਆ ਹੈ। ਜਿਨ੍ਹਾਂ ਮੁਲਕਾਂ ਉਪਰ ਸੁੰਨੀ ਬਾਦਸ਼ਾਹੀ ਹੈ ਤਾਂ ਸ਼ੀਆ ਲੋਕ ਆਰਥਿਕ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਵਿਰੁੱਧ ਲਾਮਬੰਦ ਹੋ ਜਾਂਦੇ ਹਨ ਅਤੇ ਸ਼ੀਆਂ ਬਾਦਸ਼ਾਹੀ ਵਿੱਚ ਇਹੋ ਸਮੱਸਿਆ ਨੂੰ ਸੁੰਨੀ ਮੁਸਲਮਾਨ ਅਪਨਾਉਂਦੇ ਹਨ। ਇਸ ਤੋਂ ਉਲਟ ਫਰਾਂਸ ਦੇ ਸਾਬਕਾ ਪ੍ਰਧਾਨ ‘ਡੀ ਗਾਇਲ’ ਜਿੰਨਾਂ ਚਿਰ ਜਿਊਂਦਾ ਰਿਹਾ ਉਸਨੇ ਵਲੈਤੀਆਂ ਨੂੰ ਯੂਰਪ ਦੀ ਮੈਂਬਰਸਿ਼ਪ ਨਹੀਂ ਲੈਣ ਦਿੱਤੀ। ਉਸਦਾ ਵਿਚਾਰ ਸੀ ਜਿਸ ਦਿਨ ਵਲੈਤੀਏ ਯੂਰਪ ਦੇ ਮੈਂਬਰ ਬਣ ਜਾਣੇ ਹਨ ਤਾਂ ਇਨ੍ਹਾਂ ਨੇ ਆਪਣਾ ਘਸਮਾਨ ਪਾ ਦੇਣਾ ਹੈ। ਉਹੀ ਗੱਲ ਹੋਈ ਰਸ਼ੀਆ ਸੰਘ ਦੇ ਟੁੱਟਣ ਬਾਅਦ ਵਲੈਤ ਵੀ ਯੂਰਪ ਦਾ ਮੈਂਬਰ ਬਣ ਗਿਆ। ਵਲੈਤ ਦੇ ਸਾਬਕਾ ਪ੍ਰਧਾਨ ਮੰਤਰੀ ‘ਟੋਨੀ ਬਲੇਅਰ’ ਨੇ ਯੂਰਪ ਦੇ ਨੇਤਾਵਾਂ ਨੂੰ ਯੁਰਪ ਦੇ ਹੋਰ ਦੇਸ਼ਾਂ ਨੂੰ ਮੈਂਬਰਸਿ਼ਪ ਦੇਣ ਦਾ ਸੁਝਾ ਇਸ ਕਰਕੇ ਦਿੱਤਾ ਕਿ ਜੇ ਯੂਰਪ ਹੋਰ ਯੂਰਪੀਅਨ ਦੇਸ਼ਾਂ ਨੂੰ ਨਾਲ ਨਹੀਂ ਮਿਲਾਏਗਾ ਤਾਂ ਅਮਰੀਕਾ ਦੁਨੀਆਂ ਦੀ ਵੱਡੀ ਤਾਕਤ ਬਣ ਕੇ ਸਾਨੂੰ ਸਾਰਿਆਂ ਨੂੰ ਹੜੱਪ ਜਾਏਗੀ। ਇਸੇ ਨੀਤੀ ਨੂੰ ਅਪਨਾਉਦਿਆਂ ਪੰਜ ਯੂਰਪੀ ਦੇਸ਼ਾਂ ਦੇ ਇਕੱਠ ਤੋਂ ਹੁਣ ਇਹ ਸੰਘ 25 ਦੇਸ਼ਾਂ ਦਾ ਹੋ ਗਿਆ ਹੈ ਅਤੇ ਅਮਰੀਕਾ ਨੂੰ ਲਲਕਾਰਨ ਦੀ ਸ਼ਕਤੀ ਵੀ ਰੱਖਦਾ ਹੈ।

ਭਰੂਣ ਹੱਤਿਆ ਦੇ ਕਾਰਨਾ ਬਾਰੇ ਸੋਚਦਾ ਰਹਿੰਦਾ ਹਾਂ ਕਿ ਇਹ ਇਕ ਸਮਾਜਕ ਪ੍ਰਦੂਸ਼ਣ ਹੈ। ਇਸ ਪ੍ਰਦੂਸ਼ਣ ਬਾਰੇ ਬਹੁਤ ਸਾਰੇ ਲੇਖਕ ਅਤੇ ਪੰਜਾਬ ਵਿੱਚ ਰਾਜਸੀ ਨੇਤਾਵਾਂ ਨੇ ਇੱਕ ਮੁੱਦਾ ਬਣਾਇਆ ਹੋਇਆ ਹੈ। ਜੇਕਰ ਸਰਕਾਰ ਚਾਹੇ ਤਾਂ ਇਸ ਫੈਲੀ ਹੋਈ ਬਿਮਾਰੀ ਦਾ ਇਲਾਜ ਕਰ ਸਕਦੀ ਹੈ ਪਰ ਉਨ੍ਹਾਂ ਦਾ ਤਾਂ ਇਹ ਇਕ ਰਾਜਸੀ ਹੱਥ-ਕੰਡਾ ਹੈ। ਜੇਕਰ ਔਰਤ ਨਾ ਹੁੰਦੀ ਤਾਂ ਇਹ ਜਗਤ ਵੀ ਨਾ ਹੁੰਦਾ। ਧੀਆਂ ਦੀ ਭਰੂਣ ਹੱਤਿਆ ਕਰਨਾ ਇਸ ਜਗਤ ਨੂੰ ਕਿਸੇ ਰੁੱਖ ਦੇ ਛਾਂਗਣ ਦੇ ਬਰਾਬਰ ਹੈ। ਲੋਕ ਗਰਭ ਵਿੱਚ ਧੀਆਂ ਕਿਉਂ ਮਾਰਦੇ ਹਨ? ਇਸ ਦਾ ਮੁੱਖ ਕਾਰਨ ਧੀਆਂ ਨੂੰ ਦਾਜ ਦੇਣ ਦੀ ਰੀਤ ਹੈ। ਅਮੀਰ ਲੋਕ ਤਾਂ ਅਜਿਹਾ ਕਰ ਸਕਦੇ ਹਨ ਤਾਂ ਗਰੀਬ ਲੋਕ ਭਰੂਣ ਹੱਤਿਆ ਦਾ ਸਹਾਰਾ ਲੈਂਦੇ ਹਨ। ਦਾਜ ਦੀ ਪ੍ਰਥਾ ਨੂੰ ਤੋੜਨਾ ਅਤੇ ਲੋਕਾਂ ਦਾ ਪੜ੍ਹੇ ਲਿਖੇ ਹੋਣਾ ਹੀ ਇਸ ਸਮੱਸਿਆ ਦਾ ਹੱਲ ਹੈ। ਕਿਉਂਕਿ ਵਿਆਹੀ ਔਰਤ ਬਗ਼ਾਨੇ ਘਰ ਜਾਂਦੀ ਹੈ। ਕਈ ਲੋਕ ਔਰਤ ਦੇ ਪ੍ਰਕਾਰਜ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਸਿਰ ਪਿਆ ਵਾਧੂ ਬੋਝ ਸਮਝਦੇ ਹਨ ਅਤੇ ਆਪਣੀ ਪੀੜ੍ਹੀ ਨੂੰ ਅੱਗੇ ਨਾ ਵਧਾਉਣ ਦੀ ਸੋਚਦੇ ਹੋਏ, ਪੈਸਿਆਂ ਦੀ ਮੰਗ ਕਰਦੇ ਹਨ। ਇਹ ਔਰਤ ਦੀ ਤ੍ਰਾਸਦੀ ਹੈ। ਜਿਸ ਪ੍ਰਤਿ ਸਮਾਜ ਨੂੰ ਵਿਦਿਤ ਕਰਨ ਦੀ ਲੋੜ ਹੈ।

ਜਦ ਮੈਂ ਆਪਣੇ ਅਤੀਤ ਬਾਰੇ ਸੋਚਣ ਲਗਦਾ ਹਾਂ ਤਾਂ ਯਾਦ ਆਉਦਾ ਹੈ ਕਿ ਮੈਨੂੰ ਪੁਸਤਕਾਂ ਪੜ੍ਹਨ ਦੀ ਲਗਨ ਮੇਰੀ ਲਿਖਣ ਦੀ ਰੁੱਚੀ ਹੈ। ਸਮੱਸਿਆਵਾਂ ਤਾਂ ਲਿਖਣ ਵਾਸਤੇ ਬਹੁਤ ਮਿਲ ਜਾਂਦੀਆਂ ਹਨ ਪਰ ਉਨ੍ਹਾਂ ਸਮੱਸਿਆਵਾਂ ਨੂੰ ਕਿਸੇ ਕਲਾ ਰਾਹੀਂ ਅਭਿਵਿਅਕਤ ਕਰਨ ਵਾਸਤੇ ਬਿਨ੍ਹਾਂ ਪੜ੍ਹਾਈ ਤੋਂ ਤਕਨੀਕ ਪੱਲੇ ਨਹੀਂ ਪੈ ਸਕਦੀ। ਮੇਰੀ ਇਹ ਲਿਖਣ ਦੀ ਰੁੱਚੀ ਮੇਰਾ ਸਮਾਜਕ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਅਕੀਦਾ ਹੈ। ਮੈਂ ਹਾਜ਼ਰ-ਜਵਾਬੀ ਨਹੀਂ ਹਾਂ। ਬਚਪਨ ਵਿੱਚ ਮੈਥੋਂ ਇੱਕ ਦਮ ਜਵਾਬ ਦੇਣ ਕਰਕੇ ਕਈ ਗਲਤੀਆਂ ਹੋ ਜਾਂਦੀਆਂ ਸਨ ਜਿਨ੍ਹਾਂ ਤਾਈਂ ਮੈਂ ਮਗਰੋਂ ਆਪ ਹੀ ਮਹਿਸੂਸ ਕਰਦਾ ਸੀ। ਹੁਣ ਆਦਤ ਹੀ ਪੈ ਗਈ ਹੈ ਜਦ ਕਿਸੇ ਨਾਲ ਵਾਰਤਾਲਾਪ ਕਰਦਾ ਹੋਵਾਂ ਤਾਂ ਸੋਚ ਕੇ ਜਵਾਬ ਦਿੰਦਾ ਹਾਂ। ਵਾਰਤਾਲਾਪ ਕਰਦਿਆਂ ਜਿਨ੍ਹਾਂ ਗੱਲਾਂ ਦਾ ਮੈਂ ਜਵਾਬ ਨਹੀਂ ਦੇ ਸਕਿਆਂ ਹੁੰਦਾ, ਉਨ੍ਹਾਂ ਗੱਲਾਂ ਨੂੰ ਮੈਂ ਕਿਸੇ ਨਾ ਕਿਸੇ ਤਕਨੀਕ ਰਾਹੀਂ ਲਿਖ ਦਿੰਦਾ ਹਾਂ। ਚੰਗੀ ਲਿਖਤ ਨੂੰ ਲੋਕ ਲੇਖਕ ਦੀ ਮੌਤ ਤੋਂ ਬਾਅਦ ਵੀ ਪੜ੍ਹਦੇ ਹਨ। ਮੈਂ ਆਪਣੀ ਮੌਤ ਤੋਂ ਬਾਅਦ ਵੀ ਜੀਊਂਦਾ ਰਹਿਣ ਦੀ ਇੱਛਾ ਕਾਰਨ ਵੀ ਮੇਰੀ ਚੰਗਾ ਸਾਹਿਤ ਰਚਣ ਦੀ ਰੁੱਚੀ ਰਹਿੰਦੀ ਹੈ। ਸੰਨ 1983 ਵਿੱਚ ਮੇਰਾ ਮੇਲ ਇੱਕ ਮੈਡਮ ਨਾਲ ਹੋਇਆ। ਉਹ ਮੇਰੀਆਂ ਲਿਖਤਾਂ ਨੂੰ ਇੰਝ ਗੁਹ ਨਾਲ ਵੇਖਦੀ ਅਤੇ ਪੜ੍ਹਦੀ ਮੈਨੂੰ ਇੰਝ ਲਗਦੀ ਜਿਵੇਂ ਉਹ ਮੈਨੂੰ ਪਿਆਰ ਕਰਦੀ ਹੈ। ਅਸੀਂ ਦੁਨੀਆਂ ਦੀ ਇਸ ਭੀੜ ਵਿੱਚ ਗੁੰਮ ਹੋਏ ਕਦੇ ਫਿਰ ਨਹੀਂ ਮਿਲੇ। ਉਸ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਕਰਕੇ ਵੀ ਮੈਂ ਲਿਖਦਾ ਹੈ ਕਿ ਉਸ ਵਾਂਗ ਮੇਰੀਆਂ ਲਿਖਤਾਂ ਨੂੰ ਹੋਰ ਵੀ ਕਈ ਪਿਆਰ ਅਤੇ ਸਤਿਕਾਰ ਕਰਨ ਵਾਲੇ ਹੋਣਗੇ। ਮੇਰਾ ਯਕੀਨ ਹੈ ਕਿ ਲਿਖੇ ਹੋਏ ‘ਸ਼ਬਦ’ ਸਫ਼ਰ ਕਰਦੇ ਹਨ ਅਤੇ ਕਦੇ ਵੀ ਮੇਰੀ ਕੋਈ ਲਿਖਤ ਉਸ ਤੱਕ ਉਪੜ ਹੀ ਜਾਏਗੀ। ਮੈਂ ਆਪਣੇ ਅਜਿਹੇ ਅਕੀਦਿਆਂ ਨੂੰ ਮੁੱਖ ਰੱਖ ਕੇ ਚੰਗਾ ਸਾਹਿਤ ਸਿਰਜਣ ਵਾਸਤੇ ਕਦੇ ਅਵੇਸਲਾਪਨ ਨਹੀਂ ਵਿਖਾਲਦਾ। ਮੇਰੇ ਲਿਖਣ ਦੇ ਸਰੋਤਾਂ ਵਿੱਚੋਂ ਮੇਰੀ ਘਰਵਾਲੀ ਵੀ ਇੱਕ ਪ੍ਰਮੁੱਖ ਸਰੋਤ ਹੈ। ਮੇਰੀ ਇਕਾਂਗੀਆਂ ਦੀ ਪੁਸਤਕ ‘ਮੈਤਰੀ ਭਾਵ’ ਵਿੱਚ ਪਰਿਵਾਰਕ ਉਲਝਣਾ ਦੇ ਵਿਸਿ਼ਆਂ ਅੰਦਰ ਮੇਰੀ ਘਰਵਾਲੀ ਦਾ ਹੀ ਚਰਿਤਰ ਹੈ।

ਮੈਂ ਸੰਨ 1958 ਵਿੱਚ ਉਹ ਹਰ ਪੁਸਤਕ ਪੜ੍ਹ ਚੁੱਕਾ ਸੀ ਜਿਹੜੀ ਪੰਜਾਬੀ ਵਿੱਚ ਛਪ ਚੁੱਕੀ ਸੀ। ਇਹ ਪੁਸਤਕਾਂ ਕੁਝ ਕੁ ਤਾਂ ਮੈਂ ਸਕੂਲਾਂ ਕਾਲਜਾਂ ਅਤੇ ਯੂਨੀਵਰਸਿੱਟੀਆਂ ਦੀਆਂ ਲਾਇਬਰੇਰੀਆਂ ਵਿੱਚ ਪੜ੍ਹੀਆਂ ਸਨ। ਕੁਝ ਮੁੱਲ ਲਈਆਂ ਸਨ ਅਤੇ ਕੁਝ ਕੁ ਆਪਣੇ ਦੋਸਤਾਂ ਮਿਤ੍ਰਾਂ ਦੀਆਂ ਸਿ਼ਲਫਾਂ ਉਪਰ ਪਈਆਂ ਪੜ੍ਹੀਆਂ ਸਨ। ਵਲੈਤ ਵਿੱਚ ਪੰਜਾਬੀ ਦੀਆਂ ਪੁਸਤਕਾਂ ਪੜ੍ਹਨ ਵਾਸਤੇ ਵੀ ਲਾਇਬਰੇਰੀਆਂ ਹੀ ਕੰਮ ਆਈਆਂ ਹਨ। ਵਲੈਤ ਵਿੱਚ ਜਿ਼ਆਦਾ ਪੁਸਤਕਾਂ ਅੰਗਰੇਜ਼ੀ ਸਾਹਿਤ ਬਾਰੇ ਹੀ ਪੜ੍ਹੀਆਂ ਹਨ। ਕੁਝ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਪੁਸਤਕਾਂ ਰੈਫ਼ਰੈਂਸ ਵਾਸਤੇ ਮੇਰੀ ਨਿੱਜੀ ਲਾਇਬਰੇਰੀ ਵਿੱਚ ਵੀ ਪਈਆਂ ਹਨ। ਵਰਤਮਾਨ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਲੇਖਕਾਂ ਨਾਲ ਮੇਰਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਵਲੈਤ ਦੇ ਪੰਜਾਬੀ ਵਿੱਚ ਲਿਖਣ ਵਾਲੇ ਸਾਰੇ ਲੇਖਕਾਂ ਨਾਲ ਗੋਸ਼ਟੀ ਕਰ ਚੁੱਕਾਂ ਹਾਂ। ਅੰਗਰੇਜ਼ੀ ਲੇਖਕਾਂ ਦੀਆਂ ਮਹਿਫ਼ਲਾਂ ਅਤੇ ਸਮਾਗ਼ਮਾਂ ਵਿੱਚ ਸਿਰਫ਼ ਜਾਂਦਾ ਹੀ ਨਹੀਂ ਸਗੋਂ ਆਪਣਾ ਪੱਖ ਵੀ ਰੱਖਦਾ ਹਾਂ। ਯੂ ਕੇ ਦੇ ਮਿਡਲੈਂਡ ਇਲਾਕੇ ਤੋਂ ਲੈ ਕੇ ਨਾਰਥ ਤੱਕ ਕੌਂਸਲਾਂ ਵਲੋਂ ਕਰਵਾਏ ਜਾਂਦੇ ‘ਆਰਟ-ਫੇਅਰ’ ਵਿੱਚ ਸਿ਼ਰਕਤ ਕਰਦਾ ਹਾਂ। ਕੋਈ ਅੱਸੀ ਕੁ ਸਫ਼ੇ ਦੀ ਅੰਗਰੇਜ਼ੀ ਵਿੱਚ ਕਵਿਤਾਵਾਂ ਦੀ ਇੱਕ ਪੁਸਤਕ ‘ਸਿਟੀਜ਼ ਅਫਲੋਟ’ ਵਲੈਤ ਵਿੱਚ ਹੀ ਆਪ ਹੀ ਛਾਪੀ ਹੈ।

ਧੀਆਂ ਪੁੱਤਾਂ ਦੀ ਗੱਲ ਕਰਾਂ ਤਾਂ ਮੇਰੀਆਂ ਦੋ ਧੀਆਂ ਵਕੀਲ ਹਨ ਅਤੇ ਉਨ੍ਹਾਂ ਦੇ ਪਤੀ ਯੂਨਵਰਸਿੱਟੀਆਂ ਵਿੱਚ ਪਰਾ-ਅਧਿਆਪਕ ਹਨ। ਦੋ ਲੜਕੇ ਹਨ। ਪੜ੍ਹੇ ਲਿਖੇ ਹਨ। ਧੀਆਂ ਪੁੱਤ ਆਪੋ ਆਪਣੀਆਂ ਨੌਕਰੀਆਂ ਉਪਰ ਮੈਥੋਂ ਦੂਰ ਰਹਿੰਦੇ ਹਨ।

ਮੈਂ ਵਿਹਲਾ ਰਹਿ ਨਹੀਂ ਸਕਦਾ
ਵਿੱਚੋਂ ਵਿੱਚ ਤੜ੍ਹਪ ਰਿਹਾ
ਘਰ ਵਾਲੀ ਨਾਲ ਝੜਪ ਰਿਹਾ
ਉਹ ਕਹਿ ਦੇਵੇ ਆਪਣੇ ਪੁੱਤ ਨੂੰ
ਆਪਣੇ ਬੱਚਿਆਂ ਨੂੰ
ਸਾਡੇ ਕੋਲ ਛੱਡ ਜਾਵੇ 
ਅਸੀਂ ਕਰਾਂਗੇ ਸਾਂਭ ਸੰਭਾਲ
ਵਿਕਸਤ ਦੇਸ਼ ਵਿੱਚ ਹੋ ਜਾਏਗੀ
ਉਨ੍ਹਾਂ ਨੂੰ ਸੁਖਾਲ
ਫਿਰ ਇੱਕ ਖਿਆਲ
ਮਾਰੂਥਲ ਤ੍ਰਿਸ਼ਨਾ ਬਣ ਜਾਵੇ
ਉਹ ਕਿਵੇਂ ਛੱਡ ਜਾਣਗੇ
ਆਪਣੀ ਸੰਤਾਨ ਨੂੰ
ਪਿਆਰੀ ਹੁੰਦੀ ਹਰ ਇਨਸਾਨ ਨੂੰ
ਜਿਵੇਂ ਮੈਨੂੰ ਉਵੇਂ ਹੀ ਸੀ ਉਹਨੂੰ
ਕਿਵੇਂ ਤੜਫਦਾ ਹੋਏਗਾ ਮੇਰਾ ਬਾਪ
ਘਰ ਛੱਡ
ਆ ਵਸਿਆ ਪ੍ਰਦੇਸ
ਮੈਂ ਜਦ ਆਪ              ਪ੍ਰਗੀਤਕ ਕਾਵਿ ਪੰਨਾ 49

ਮੈਂ ਆਪਣੇ ਬਾਪ ਨੂੰ ਪਰਿਵਾਰ ਪਾਲਣ ਵਾਸਤੇ ਸਖ਼ਤ ਮਿਹਨਤ ਕਰਦਿਆਂ ਵੇਖਿਆ ਤਾਂ ਮੇਰਾ ਅਕੀਦਾ ਹੋ ਗਿਆ ਕਿ ਮੈਂ ਵਲੈਤ ਪਹੁੰਚ ਕੇ ਉਨ੍ਹਾਂ ਨੂੰ ਪੈਸੇ ਵਲੋਂ ਤੰਗੀ ਨਹੀਂ ਆਉਣ ਦੇਵਾਂਗਾ। ਜਿੰਨਾਂ ਚਿਰ ਉਹ ਜੀਊਂਦੇ ਰਹੇ ਮੈਂ ਅਜਿਹਾ ਹੀ ਕੀਤਾ। ਇਸ ਦੇ ਨਾਲ ਨਾਲ ਮੇਰਾ ਇਹ ਵੀ ਫੈਸਲਾ ਸੀ ਕਿ ਮੈਂ ਆਪਣੀ ਔਲਾਦ ਉਪਰ ਬੋਝ ਨਹੀਂ ਬਣਾਂਗਾ। ਆਪਣੇ ਬਾਪ ਵਾਂਗ ਮੈਂ ਆਪਣਾ ਕਰਜਾ ਉਨ੍ਹਾਂ ਸਿਰ ਨਹੀਂ ਛੱਡ ਕੇ ਮਰਾਂਗਾ। ਹੁਣ ਜਦ ਉਹ ‘ਫਾਦਰਜ਼-ਡੇ’ ਉਪਰ ਕੁਝ ਤੋਹਫ਼ੇ ਲੈ ਕੇ ਆਉਂਦੇ ਹਨ ਤਾਂ ਮੈਂ ਅੱਗ-ਭਬੂਕਾ ਹੋ ਜਾਂਦਾ ਹਾਂ ਅਤੇ ਮੇਰੇ ਵਾਸਤੇ ਲਿਆਂਦੇ ਤੋਹਫ਼ੇ ਬੱਚੇ ਆਪਣੀ ਮਾਂ ਕੋਲ ਛੱਡ ਜਾਂਦੇ ਹਨ। ਇਸ ਵਿੱਚ ਮੇਰਾ ਉਹ ਇਹ  ਰੁੱਖਾਪਨ ਨਹੀਂ ਸਮਝਦੇ ਸਗੋਂ ਉਹ ਜਾਣ ਗਏ ਹਨ ਕਿ ਮੈਂ ਉਨ੍ਹਾਂ ਸਿਰ ਬੋਝ ਨਹੀਂ ਬਣਨਾ ਚਹੁੰਦਾ। ਇਸ ਤਰ੍ਹਾਂ ਕਰਨ ਨਾਲ ਮੇਰੇ ਮਨ ਨੂੰ ਤਸੱਲੀ ਹੁੰਦੀ ਹੈ ਕਿ ਮੈਂ ਉਨ੍ਹਾਂ ਉਪਰ ਭਾਰ ਨਹੀਂ ਬਣਾਂਗਾ। ਮੈਂ ਸਿਆਣਿਆਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਉਹ ਲੋਕ ਮੂਰਖ ਹੁੰਦੇ ਹਨ ਜਿਹੜੇ ਆਪਣੀ ਘਰਵਾਲੀ ਦੀ ਸਿਫ਼ਤ ਲੋਕਾਂ ਸਾਹਮਣੇ ਕਰਦੇ ਹਨ। ਮੈਂ ਇਸ ਕਹਾਵਤ ਦੇ ਉਲਟ ਸੋਚਦਾ ਹਾਂ। ਮੇਰੀ ਘਰਵਾਲੀ ਵੀ ਜੋ ਮੈਂ ਕਹਿੰਦਾ ਹਾਂ ਉਹ ਉਲਟ ਹੀ ਕਰਦੀ ਹੈ। ਉਦਾਹਰਣ ਦੇ ਤੌਰ ਉਪਰ ਜਿਸ ਦਿਨ ਮੈਂ ਰੋਟੀ ਖਾਣੀ ਹੁੰਦੀ ਹੈ ਤਾਂ ਮੈਂ ਕਹਿੰਦਾ ਹੁੰਦਾ ਹਾਂ ਕਿ ਅੱਜ ਪਰੌਠੇ ਖਾਣ ਨੂੰ ਜੀਅ ਕਰਦਾ ਅਤੇ ਇਸ ਦੇ ਉਲਟ ਜਿਸ ਦਿਨ ਪਰੌਠੇ ਖਾਣ ਨੂੰ ਜੀਅ ਕਰੇ ਤਾਂ ਕਹਿ ਦਿੰਦਾਂ ਹਾਂ ਕਿ ਠੰਡੇ ਮੁਲਕ ਵਿੱਚ ਘਿਉ ਨਹੀਂ ਪਚਦਾ ਅੱਜ ਰੋਟੀ ਹੀ ਖਾਣੀ ਹੈ ਤਾਂ ਘਿਉ ਵਿੱਚ ਤਲੇ ਹੋਏ ਪਰੌਠਿਆਂ ਦੀ ਮਹਿਕ ਨਾਸਾਂ ਵਿੱਚ ਫ਼ੈਲ ਜਾਂਦੀ ਹੈ। ਮੇਰੀ ਘਰਵਾਲੀ ਸ਼ਰੀਕੇ ਵਿੱਚ ਰੀਤਾਂ ਰਸਮਾਂ ਨੂੰ ਦਸਣ ਵਾਲੀ ਸਭ ਤੋਂ ਮੁਹਰੀ ਹੋਣ ਵਾਲੀ ਜ਼ਨਾਨੀ ਹੈ। ਜਦ ਕਦੇ ਮੈਂ ਸਮਾਜ ਜਾਂ ਕਿਸੇ ਪਰਿਵਾਰਕ ਰੀਤ ਬਾਰੇ ਕੁਝ ਲਿਖਣਾ ਹੁੰਦਾ ਹੈ ਤਾਂ ਮੈਂ ਆਪਣੀ ਘਰਵਾਲੀ ਨੂੰ ਪੁਛਦਾ ਹਾਂ, ਭਾਵ ਸਮਾਜਕ ‘ਕੁਟੇਸ਼ਨਾਂ’ ਨਾਲ ਭਰੀ ਹੋਈ ਡਿਕਸ਼ਨਰੀ ਨੂੰ ਵਰਤਦਾ ਹਾਂ। ਜਦ ਕਦੇ ਵੀ ਮੇਰਾ ਮਨ ਚਾਹਵੇ ਕਿ ਮੈਂ ਉਸ ਨੂੰ ਆਪਣਾ ਲਿਖਿਆ ਕੁਝ ਸੁਣਾਵਾਂ ਤਾਂ ਉਹ ਆਖ ਦਿੰਦੀ ਹੈ, ‘ਮੈਨੂੰ ਪਤਾ, ਮੇਰੀਆਂ ਗੱਲਾਂ ਹੀ ਲਿਖੀਆਂ ਹੋਈਆਂ ਹਨ।’ ਇਹ ਸੁਣ ਕੇ ਮੈਂ ਬੁੱਲਾਂ ਵਿੱਚ ਮੁਸਕਰਾਉਂਦਾ ਹਾਂ। ਮੈਨੂੰ ਮੁਸਕਰਾਉਂਦੇ ਨੂੰ ਤੱਕ ਕੇ ਪੁੱਛਦੀ ਹੈ ਕਿ ਹਾਸਾ ਕਿਹੜੀ ਗੱਲ ਤੋਂ ਆਉਂਦਾ ਹੈ? ਉਸਦੇ ਇਸ ਪ੍ਰਸ਼ਨ ਵਿੱਚ ਮੈਨੂੰ ਲਗਦਾ ਕਿ ਉਹ ਮੇਰੀ ਲਿਖਣ ਵਾਲੀ ਆਦਤ ਦਾ ਬੁਰਾ ਨਹੀਂ ਮਨਾਉਦੀ। ਵਲੈਤ ਵਿੱਚ ਰੁਝੇਵੇਂ ਬਹੁਤ ਹਨ। ਜਦ ਕਦੇ ਲਿਖਦਾ ਲਿਖਦਾ ਪੇਪਰ ਪੈਨ ਛੱਡ ਕੇ ਚਲਾ ਜਾਂਦਾ ਹਾਂ ਤਾਂ ਉਹ ਮੇਰੇ ਲਿਖੇ ਹੋਏ ਪੰਨਿਆਂ ਨੂੰ ਟਰੰਕ ਵਿੱਚ ਪਏ ਆਪਣੇ ਨਵੇਂ ਸੂਟਾਂ ਦੀਆਂ ਤੈਹਾਂ ਵਿੱਚ ਰੱਖ ਲੈਂਦੀ ਹੈ। ਜਦ ਮੈਂ ਪੁੱਛਦਾਂ ਹਾਂ ਤਾਂ ਕਹਿੰਦੀ ਹੈ, ‘ਮੈਂ ਤੇਰਾ ਪੇਪਰ ਕਦੇ ਸੁੱਟਦੀ ਨਹੀਂ ਹੁੰਦੀ। ਇਥੇ ਕਿਤੇ ਪਿਆ ਹੋਣਾ! ਲੱਭ ਪਏਗਾ। ਐਵੇਂ ਤੜਫ਼ੀ ਨਾ ਜਾ।’ ਜਦ ਕਦੇ ਕਾਰ ਵਿਹਾਰ ਵੇਲੇ ਉਹ ਆਪਣੇ ਸੂਟਾਂ ਨੂੰ ਇਧਰ ਉਧਰ ਫਰੋਲਦੀ ਹੋਵੇ ਤਾਂ ਉਹ ਪੇਪਰ ਸੂਟਾਂ ਦੀਆਂ ਤੈਹਾਂ ਵਿੱਚੋਂ ਕੱਢ ਕੇ ਮੈਨੂੰ ਬੜੇ ਰੋਹਬ ਨਾਲ ਆਖਦੀ ਹੈ, ‘ਲੈ ਆਪਣੇ ਪੇਪਰ, ਸਾਰਾ ਪਿੰਡ ਸਿਰ ਚੁੱਕਿਆ ਹੋਇਆ ਸੀ, ਮੈਂ ਕਿਹਾ ਸੀ ਨਾ ਕਿ ਇਥੇ ਕਿਤੇ ਪਏ ਹੋਣੇ ਆਂ। ਮਾੜੀ ਜਿਹੀ ਗੁਆਚੀ ਚੀਜ਼ ਉਪਰ ਉਪਰਲੀਆਂ ਥੱਲੇ ਕਰ ਦਿੰਦੇ ਹੋ।’

ਹਰ ਇੱਕ ਸੂਝਵਾਨ ਚਾਹੁੰਦਾ ਹੈ ਕਿ ਲੋਕ ਉਸ ਵਾਂਗ ਸੋਝੀ ਰੱਖਣ। ਮੇਰੀ ਵੀ ਇਹੋ ਤਮੰਨਾ ਇਸ ਕਰਕੇ ਸੀ ਕਿ ਮੈਂ ਪ੍ਰਵਾਸੀ ਪੰਜਾਬੀ ਪਰਿਵਾਰਾਂ ਦੇ ਵਲੈਤ ਵਿੱਚ ਪਹਿਲੇ ਦੌਰ ਦੇ ਪੁੱਜਣ ਵਾਲਿਆਂ ਵਿੱਚੋਂ ਇੱਕ ਸੀ। ਉਸ ਸਮੇਂ ਗੁਲਾਮੀ ਦਾ ਪ੍ਰਭਾਵ ਰੱਖਣ ਵਾਲੇ ਸਾਰੇ ਪ੍ਰਵਾਸੀ ਆਪਣੇ ਸੰਪਰਕ ਵਿੱਚ ਆਏ ਗੋਰੇ ਲੋਕਾਂ ਨੂੰ ਹਰ ਕੰਮ ਵਿੱਚ ਤਰਜੀਹ ਦਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਆਮ ਪ੍ਰਵਾਸੀ ਨੂੰ ਸਮਝਾਉਣਾ ਕਿ ਇਹ ਮੁਲਕ ਇਸ ਤਰ੍ਹਾਂ ਹੈ, ਜਿਵੇਂ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਹਨ ਕਿਉਂਕਿ ਵਲੈਤ ਵਿੱਚ ਕੋਈ ਵੀ ਏਥੇ ਦਾ ਜੰਮਪਲ ਨਹੀਂ ਰਹਿੰਦਾ। ਸਭ ਦੇ ਸਭ ਏਥੇ ਆਣ ਵਸੇ ਪ੍ਰਵਾਸੀਆਂ ਦੀ ਹੀ ਔਲਾਦ ਹਨ। ਇਸ ਮੁਲਕ ਵਿੱਚ ਸਾਰੇ ਪ੍ਰਵਾਸੀ ਸੱਤ ਸਮੁੰਦਰ ਪਾਰ ਕਰਕੇ ਆਏ ਹੋਏ ਸਨ। ਮੇਰੇ ਜੀਵਨ ਕਾਲ ਵਿੱਚ ਸੈਂਕੜੇ ਨੇਤਾ ਪ੍ਰਵਾਸੀਆਂ ਨੂੰ ਸੇਧ ਦੇਣ ਵਾਲੇ ਪ੍ਰਗਟ ਹੋਏ ਅਤੇ ਮੇਰੀ ਨੇਤਾ ਬਣਨ ਦੀ ਇੱਛਾ ਨੂੰ ਦਬਾ ਗਏ। ਮੈਂ ਆਪਣੇ ਆਪ ਨੂੰ ਆਪਣੇ ਅਕੀਦੇ ਵਿੱਚ ਕਾਮਯਾਬ ਹੋਣ ਵਾਸਤੇ ਤਿਆਰ ਕਰਦਾ ਰਹਿੰਦਾ ਹਾਂ। ਰੀਟਾਇਰਡ ਹੋ ਕੇ, 150 ਹਜ਼ਾਰ ਪੰਂਡ ਖਰਚ ਕੇ ਪੰਜਾਬੀ ਪ੍ਰਵਾਸੀਆਂ ਦੀ ਸਹਾਇਤਾ ਵਾਸਤੇ ਇੱਕ ਕੇਂਦਰ ਸਥਾਪਤ ਕਰ ਦਿੱਤਾ ਹੈ। ਹੁਣ ਆਪਣੇ ਆਪ ਨੂੰ ਪ੍ਰਵਾਸੀਆਂ ਦੇ ਨੇਤਾ ਅਖਵਾਉਣ ਵਾਲੇ ਵੀ ਮੈਨੂੰ ਆਪਣਾ ਨੇਤਾ ਸਮਝਦੇ ਹਨ ਕਿਉਂਕਿ ਮੈਂ ਪੰਜਾਬੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਹਰ ਢੰਗ ਨਾਲ ਨਿਪਟਾਉਣ ਵਾਸਤੇ ਇਸ ਕੇਂਦਰ ਵਿੱਚ ਤੱਤਪਰ ਰਹਿੰਦਾ ਹਾਂ।

ਅਸੀਂ ਗੁਰਬਾਣੀ ਨੂੰ ਇਸ ਕਰਕੇ ਮਹਤੱਤਾ ਦਿੰਦੇ ਹਾਂ ਕਿਉਂਕਿ ਗੁਰਬਾਣੀ ਦੇ ਸਿਧਾਂਤਾ ਉਪਰ ਚਲ ਕੇ ਮਨੁੱਖ ਆਪਣੇ ਜੀਵਨ ਨੂੰ ਸਵੱਸਥ ਬਣਾ ਸਕਦਾ ਹੈ ਅਤੇ ਸਵੱਸਥ ਜੀਵਨ ਹੀ ਸਹੀ ਸ਼ਬਦਾਂ ਵਿੱਚ ਮਨੁੱਖਤਾ ਹੈ। ਮੈਂ ਉਨ੍ਹਾਂ ਰਚਨਾਵਾਂ ਨੂੰ ਕਲਾਤਮਿਕ ਰਚਨਾ ਨਹੀਂ ਸਮਝਦਾ ਜਿਹੜੀ ਰਚਨਾ ਮਨੁੱਖ ਦੇ ਜੀਵਨ ਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਨਾ ਪਾਵੇ ਉਹ ਕੱਚੀ ਬਾਣੀ ਸਮਝਦਾ ਹਾਂ। ਮੇਰਾ ਇਹ ਵੀ ਅਕੀਦਾ ਹੈ ਕਿ ਹਰ ਲੇਖਕ ਜੋ ਵੀ ਲਿਖਦਾ ਹੈ ਉਹ ਆਪਣੇ ਆਪ ਵਿੱਚ ਇੱਕ ਕਲਾ ਹੈ। ਭਾਵੇਂ ਉਹ ਲਿਖਤ ਉਚੀ ਮੱਤ ਰੱਖਣ ਵਾਲੇ ਦੇ ਮੇਚ ਨਾ ਆਵੇ ਪਰ ਜਿਹੜੇ ਲੋਕ ਉਸ ਮਿਆਰ ਤੋਂ ਨੀਵਾਂ ਸੋਚਦੇ ਹਨ ਉਨ੍ਹਾਂ ਵਾਸਤੇ ਉਹ ਰਚਨਾ ਬਹੁਤ ਲਾਭਕਾਰੀ ਹੁੰਦੀ ਹੈ।

ਦੋਸਤਾਂ ਦੇ ਦਾਇਰੇ ਦੀ ਗੱਲ ਕਰੀਏ ਤਾਂ ਮੇਰੇ ਕਿੱਤੇ ਅਨੁਸਾਰ ਨਿੱਤ ਨਵੇਂ ਦੋਸਤ ਬਣਦੇ ਹਨ। ਕਈ ਵਾਰ ਉਹ ਚਲਾਕੀ ਕਰਕੇ ਮੇਰੀ ਭਲਮਾਣਸੀ ਦਾ ਨਜ਼ਾਇਜ ਫਾਇਦਾ ਉਠਾ ਜਾਂਦੇ ਹਨ ਪਰ ਮੈਂ ਉਨ੍ਹਾਂ ਨੂੰ ਮੇਰੇ ਨਾਲ ਕੀਤੇ ਦਗ਼ੇ ਬਾਰੇ ਚਿਤਾਰਦਾ ਨਹੀਂ ਹਾਂ। ਜਦ ਉਹ ਆਪਣੀ ਗਲਤੀ ਸਵੀਕਾਰ ਕਰਕੇ ਆਪਣੇ ਕੋਲ ਪਰਤ ਆਉਂਦਿਆਂ ਨੂੰ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਹ ਕੁਝ ਸਮਝਦਾਰ ਹੋ ਗਏ ਹਨ। ਸਾਹਿਤਕਾਰ ਦੋਸਤ ਬੜਾ ਸਤਿਕਾਰ ਅਤੇ ਪਿਆਰ ਦਿੰਦੇ ਹਨ ਪਰ ਕੁਝ ਕੁ ਅਜਿਹੇ ਵੀ ਈਰਖਾਲੂ ਹਨ ਜਿਹੜੇ ਮੇਰੀ ਹੁੰਦੀ ਸਿਫ਼ਤ ਸਹਿਣ ਨਹੀਂ ਕਰ ਸਕਦੇ। ਮੇਰਾ ਯਕੀਨ ਹੈ ਕਿ ਜੋ ਵੀ ਮੈਂ ਲਿਖਣਾ ਚਹੁੰਦਾ ਹੈ ਜ਼ਾਹਰ ਹੈ ਉਹੀ ਵਿਚਾਰ ਕਿਸੇ ਹੋਰ ਦੇ ਦਿਮਾਗ਼ ਅੰਦਰ ਨਹੀਂ ਹੋ ਸਕਦੇ। ਇਸ ਕਰਕੇ ਮੈਂ ਚੁੱਪ ਕਰਕੇ ਲਿਖੀ ਜਾ ਰਿਹਾ ਹਾਂ। ‘ਕੋਈ ਮਰੇ ਕੋਈ ਜੀਵੇ ਸੁੱਥਰਾ ਘੋਲ ਪਤਾਸੇ ਪੀਵੇ।’

ਸੰਨ ਸੱਠ ਦਾ ਮੈਂ ਵਲੈਤ ਵਿੱਚ ਹਾਂ। ਪੰਜਾਬੀ ਸਾਹਿਤ ਨਾਲ ਮੱਸ ਰੱਖਦਾ ਆਇਆ ਹੋਣ ਕਰਕੇ ਸ਼ਹਿਰ ਦੇ ਲੇਖਕਾਂ ਨੂੰ ਇੱਕਤਰ ਕਰਕੇ ਸੰਨ 1962 ਵਿੱਚ ਪੰਜਾਬੀ ਸਾਹਿਤ ਸਭਾ ਵੁਲਵਰਹੈਂਪਟਨ ਬਣਾਈ। ਪੰਜਾਬੀ ਸਾਹਿਤ ਸਭਾ ਵਲੋਂ ਸੰਨ 1963 ਵਿੱਚ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਣੀ ਸ਼ੁਰੂ ਕੀਤੀ। ਕੁਝ ਸਾਲਾਂ ਬਾਅਦ ਵੁਲਵਰਹੈਂਪਟਨ ਦੀ ਸਥਾਨਕ ਕੌਂਸਲ ਨੇ ਸਕੂਲ ਦੇ ਸਮੇਂ ਤੋਂ ਬਾਅਦ ਪੰਜਾਬੀ ਹਿੰਦੀ, ਗੁਜਰਾਤੀ ਅਤੇ ਬੰਗਲੀ ਜ਼ਬਾਨਾ ਇਸ ਕਰਕੇ ਪੜ੍ਹਾਉਣੀਆਂ ਅਰੰਭ ਦਿੱਤੀਆਂ ਕਿ ਵੁਲਵਰਹੈਂਪਟਨ ‘ਮਲਟੀ-ਕਲਚਰਲ’ ਸ਼ਹਿਰ ਹੈ। ਸੰਨ 1963 ਵਿੱਚ ਹੀ ਇੱਕ ਮੈਗ਼ਜ਼ੀਨ ‘ਅੰਮ੍ਰਿਤ’ ਨਾਮੀ ਅਰੰਭ ਕੀਤਾ। ਪਾਠਕਾਂ ਦੀ ਘਾਟ ਕਾਰਨ ਕੋਈ ਕਾਮਯਾਬੀ ਨਾ ਹੋਈ। ਫਿਰ ਇੱਕ ਸਾਹਿਤਕ ਪਰਚਾ ਉਜਾਲਾ ਛਾਇਆ ਕੀਤਾ। ਇਸ ਦੇ ਇੰਡੀਆਂ ਵਿੱਚ ਪ੍ਰਬੰਧਕ ਸਨ, ਰਵਿੰਦਰ ਰਵੀ (ਕਨੇਡਾ), ਪ੍ਰੋ: ਸੁਖਪਾਲਵੀਰ ਸਿੰਘ ਹਸਰਤ, ਜਸਵੀਰ ਸਿੰਘ ਆਹਲੂਵਾਲੀਆ ਅਤੇ ਇਹ ਪਰਚਾ ਪ੍ਰੋ: ਮੋਹਨ ਸਿੰਘ ਜੀ ਦੇ ਉਦਮਾਂ ਨਾਲ ਛਪਿਆ। ਇਸ ਪਰਚੇ ਨੂੰ ਛਾਇਆ ਕਰਨ ਦਾ ਮੁੱਖ ਉਦੇਸ਼ ਪੰਜਾਬੀ ਸਾਹਿਤ ਦੀ ਆਲੋਚਨਾ ਵਿੱਚ ‘ਪ੍ਰਯੋਗਵਾਦ’ ਦੀ ਵਿਧਾ ਨੂੰ ਚਲਾਉਣਾ ਸੀ। ਪ੍ਰਯੋਗਵਾਦੀ ਕਵਿਤਾਵਾਂ ਦੀ ਇੱਕ ਪੁਸਤਕ ਵੀ ਸੰਪਾਦਤ ਹੋਈ ਸੀ। ਇੰਡੀਆਂ ਤੋਂ ਆਉਣ ਤੋਂ ਪਹਿਲਾਂ ਮੇਰੀ ਉਪ੍ਰੋਕਤ ਟੋਲੀ ਦੇ ਸਹਿਯੋਗ ਨਾਲ ਪ੍ਰਯੋਗਵਾਦ ਬਾਰੇ ਮੁਹਿੰਮ ਛੇੜੀ ਹੋਈ ਸੀ। ਬਹੁਤ ਜਲਦ ਹੀ ਸੰਤ ਸਿੰਘ ਸੇਖੋਂ ਵਲੋਂ ਜਦ ਪ੍ਰਗਤੀਵਾਦ ਬਾਰੇ ਚਰਚਾ ਛੇੜੀ ਤਾਂ ਪ੍ਰਯੋਗਵਾਦ ਦੀ ਮੁਹਿੰਮ ਸੀਤ ਹੋ ਗਈ।

ਹੁਣ ਮੈਂ ਰੀਟਾਇਰਡ ਹਾਂ। ਵਲੈਤ ਵਿੱਚ ਲੋਕੀ ਆਪਣੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਦੀ ਸਾਂਭ ਸੰਭਾਲ ਕਰਦੇ ਦਿਹਾੜੀ ਲਾਉਣ ਨਾਲੋਂ ਵੀ ਮਸਰੂਫ਼ ਹੋ ਜਾਂਦੇ ਹਨ। ਮੇਰੇ ਨਾਲ ਅਜਿਹਾ ਕੁਝ ਨਹੀਂ ਵਾਪਰਦਾ। ਮੈਂ ਜੋ ਪਿਛਲੇ ਪੰਜਾਹ ਸਾਲ ਵਿੱਚ ਰਚਨਾਤਮਕ ਕਾਰਜ ਕੀਤਾ ਸੀ ਉਸੇ ਦੀ ਸਾਂਭ ਸੰਭਾਲ ਵਿੱਚ ਲੱਗਾ ਹੋਇਆਂ ਬਹੁਤ ਰੁਝੇਵੇਂ ਵਿੱਚ ਰਹਿੰਦਾ ਹਾਂ। ਤੁਹਾਨੂੰ ਇਸ ਗੱਲ ਦੀ ਹੈਰਾਨੀ ਹੋਵੇਗੀ ਕਿ ਮੈਂ ਵੱਖੋ ਵੱਖਰੇ ਵਿਸਿ਼ਆਂ ਉਪਰ ਕੋਈ ਇਕੱਤੀ ਪੁਸਤਕਾਂ ਦੀ ਛਪਾਈ ਆਪ ਹੀ ਵਲੈਤ ਵਿੱਚ ਕਰ ਚੁੱਕਾਂ ਹਾਂ। ਅੱਜ ਤੱਕ ਬਹੁਤਾ ਕਰਕੇ ਮੈਂ ਆਪਣੀ ਕੋਈ ਰਚਨਾ ਕਿਸੇ ਅਖ਼ਬਾਰ ਜਾਂ ਮੈਗ਼ਜ਼ੀਨ ਵਿੱਚ ਛਾਪਣ ਵਾਸਤੇ ਨਹੀਂ ਘੱਲੀ। ਇਸਦਾ ਇਹੀ ਕਾਰਨ ਹੈ ਕਿ ਅਖ਼ਬਾਰਾਂ ਅਤੇ ਮੈਗ਼ਜ਼ੀਨ ਮੇਰੀਆਂ ਲੰਮੀਆਂ ਰਚਨਾਵਾਂ ਦੇ ਮੇਚ ਦੇ ਨਹੀਂ ਹੁੰਦੇ। ਹੁਣ ਵਲੈਤ ਦੇ ਇੱਕ ਦੋ ਹਫ਼ਤਾਵਾਰੀ ਅਖ਼ਬਾਰਾਂ ਨੇ ਮੇਰੀਆਂ ਪੁਸਤਕਾਂ ਨੂੰ ਲੜ੍ਹੀਵਾਰ ਛਾਪਣ ਦਾ ਇਰਾਦਾ ਬਣਾਇਆ ਹੋਇਆ। ਮੈਂ ਕੱਛੂ ਚਾਲੇ ਨਿਰੰਤਰ ਲਿਖੀ ਜਾ ਰਿਹਾਂ ਹਾਂ।

ਮਾਨ ਸਨਮਾਨ ਦੀ ਗੱਲ ਕਰੀਏ ਤਾਂ ਮੇਰੇ ਪਾਠਕਾਂ ਵਲੋਂ ਆਏ ਪ੍ਰਸੰਸਾਂ ਪੱਤਰ ਮੇਰੀ ਪ੍ਰਤਿਭਾ ਨੂੰ ਅਰਸ਼ਾਂ ਉਪਰ ਚੜ੍ਹਾਈ ਰਖਦੇ ਹਨ। ਜਿਨ੍ਹਾਂ ਵਿੱਚੋਂ ‘ਰਾਮ ਸਰੂਪ ਅਣਖੀ’ ਜੀ ਮੇਰੇ ਨਾਟਕ ‘ਪੰਜਾਬੀਅਤ’ ਦੇ ਬਹੁਤ ਪ੍ਰਸ਼ੰਸ਼ਕ ਸਨ। ਸਕਾਟਿਸ਼ ਨੈਸ਼ਨਲ ਰੇਡੀਓ, ਸਕਾਟਿਸ਼ ਨੈਸ਼ਨਲ ਲਾਇਬਰੇਰੀ, ਸਕਾਟਿਸ਼ ਪੋਇਟ ਰਾਬਰਟ ਬਰਨਜ਼ ਦੀ ਜਥੇਬੰਦੀ ਅਤੇ ਲਾਰਡ ਇਕਬਾਲ ਸਿੰਘ ਵਲੋਂ ਰਾਸ਼ੀ ਦੇ ਨਾਲ ਨਾਲ ਪ੍ਰਸੰਸਾਂ ਪੱਤਰ ਪ੍ਰਾਪਤ ਹੋਏ ਹਨ। ਗੁਰੂ ਰਵਿਦਾਸ ਜੀ ਦੀ ਬਾਣੀ ਦੀ ਆਲੋਚਨਾਤਮਿਕ ਵਿਆਖਿਆ ਵਾਲੀ ਪੁਸਤਕ ਜਿਹੜੀ ਕੋਈ ਦਸ ਕੁ ਹਜ਼ਾਰ ਕਾਪੀ ਵਿਕ ਚੁੱਕੀ ਹੈ। ਗੁਰੂ ਰਵਿਦਾਸ ਜੀ ਦੇ ਪੈਰੋਕਾਰ ਇਹ ਪੁਸਤਕ ਸਾਰੀ ਦੁਨੀਆਂ ਵਿੱਚ ਬੜੇ ਸਤਿਕਾਰ ਨਾਲ ਪੜ੍ਹਦੇ ਹਨ। ਵੁਲਵਰਹੈ਼ਪਟਨ ਗੁਰੂ ਘਰ ਵਿੱਚ ਹਰ ਵਿਹਾਂਦੜ ਜੋੜੀ ਨੂੰ ਸਰੋਪੇ ਵਜੋਂ ਭੇਂਟ ਵੀ ਕੀਤੀ ਜਾਂਦੀ ਹੇ। ਇਸ ਮਿਲ ਰਹੇ ਸਤਿਕਾਰ ਨਾਲ ਮੈਂ ਬਹੁਤ ਸੰਤੁਸ਼ਟ ਹਾਂ ਕਿ ਮੇਰਾ ਅਕੀਦਾ ਮਰਨ ਤੋਂ ਬਾਅਦ ਦੁਨੀਆਂ ਉਪਰ ਰਹਿਣ ਦਾ ਪੂਰਾ ਹੋ ਗਿਆ ਹੈ। ਮੈਂ ਸਟੇਜੀ ਕਵੀ ਵੀ ਹਾਂ (ਪੜ੍ਹੋ ਵਲੈਤੀ ਦਰਪਨ) ਅਵਤਾਰ ਸਿੰਘ ਅਰਪਨ, ਬਸੰਤ ਸਿੰਘ ਬਸੰਤ, ਤੇਜ ਕੋਟਲੇਵਾਲਾ, ਜੰਡੂਲਿੱਤਰਾਂਵਾਲਾ ਦੇ ਨਾਲ ਅੱਠਵੇ ਦਹਾਕੇ ਵਿੱਚ ਇੱਕ ਜਥੇ ਵਜੋਂ ਵਲੈਤ ਦੇ ਹਰ ਧਾਰਮਿਕ, ਸਾਹਿਤਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਸਮਾਗ਼ਮਾਂ ਉਪਰ ਪੇਸ਼ਾਵਰ ਕਵੀ ਹੋ ਕੇ ਕਵਿਤਾਵਾਂ ਪੜ੍ਹੀਆਂ ਹਨ। ਸੰਸਥਾਵਾਂ ਵਲੋਂ ਰਾਸ਼ੀ ਦੇ ਨਾਲ ਨਾਲ ਸਨਮਾਨ ਪੱਤਰ ਅਤੇ ਕਈ ਤਰ੍ਹਾਂ ਦੇ ਨਿਸ਼ਾਨ ਚਿੰਨ੍ਹ ਵੀ ਪ੍ਰਾਪਤ ਹੋਏ ਹਨ।

ਹਰ ਮਨੁੱਖ ਦੇ ਜੀਵਨ ਵਿੱਚ ਚੰਗੇ ਮਾੜੇ ਤਾਂ ਦਿਨ ਆਉਂਦੇ ਹੀ ਹਨ। ਮੈਂ ਆਪਣੇ ਜੀਵਨ ਨੂੰ ਇੱਕ ਸੰਘਰਸ਼ ਦੇ ਰੂਪ ਵਿੱਚ ਵੇਖਦਾ ਹਾਂ। ਮੇਰਾ ਅਕੀਦਾ ਹੈ ਕਿ ਮਨੁੱਖ ਆਪਣੇ ਇਸ ਸਰੂਪ ਵਿੱਚ ਇੱਕੋ ਵਾਰ ਹੀ ਆਉਦਾ ਹੈ। ਜੇਕਰ ਰੂਹ ਨੂੰ ਦੂਜੀ ਵਾਰ ਮਨੁੱਖੀ ਜਾਮਾ ਨਸੀਬ ਵੀ ਹੁੰਦਾ ਹੈ ਤਾਂ ਉਹ ਪਹਿਲੀ ਪਛਾਣ ਵਾਂਗ ਨਹੀਂ ਮਿਲਦੀ। ਇਸੇ ਕਰਕੇ ਮੈਂ ਇਸ ਜਨਮ ਵਾਲੀ ਆਪਣੀ ਪਛਾਣ ਛੱਡ ਕੇ ਜਾਣਾ ਚਹੁੰਦਾ ਹੋਇਆ ਆਪਣੇ ਇਸ ਜੀਵਨ ਦੇ ਪਲਾਂ ਨੂੰ ਕਿਸੇ ਨਾ ਕਿਸੇ ਉਦਮ ਵਾਸਤੇ ਵਰਤਣਾ ਚਹੁੰਦਾ ਹਾਂ। ਮੇਰਾ ਯਕੀਨ ਹੈ ਇੱਕ ਦਿਨ ਮੇਰੀ ਮੌਤ ਅਵੱਸ਼ ਹੈ। ਮੇਰੇ ਜੀਵਨ ਵਿੱਚ ਆਏ ਮਾੜੇ ਸਮੇਂ ਲਈ ਨਾ ਤਾਂ ਅਰਦਾਸ ਕਰਦਾ ਹਾਂ ਅਤੇ ਨਾ ਹੀ ਕਿਸੇ ਗੱਲੋਂ ਡੋਲਦਾ ਹਾਂ ਸਗੋਂ ਹਰ ਸਮੱਸਿਆ ਦਾ ਸਾਹਮਣਾ ਕਰਕੇ ਹੱਲ ਕਰਦਾ ਹਾਂ। ਚੰਗੇ ਸਮਿਆਂ ਨੂੰ ਵੀ ਮੈਂ ਅਜਾਂਈ ਨਹੀਂ ਜਾਣ ਦਿੰਦਾ। ਮੈਂ ਹਰ ਸਮੇਂ ਸੰਤੁਲਨਤ ਰਹਿੰਦਾਂ ਹਾਂ ਹਰ ਵੇਲੇ ਮੇਰਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਇਹੋ ਇੱਕ ਰਾਜ ਹੈ।

ਜੋ ਦੁੱਖ ਨੂੰ ਦੁੱਖ ਨਾ ਜਾਣੇ,
ਕਦੇ ਨਾ ਦੁਖੀ ਹੋਇ।
ਦੁੱਖ ਨੂੰ ਸੁੱਖ ਜੋ ਸਮਝਦਾ,
ਰਤਨ ਸੁਖੀਆ ਸੋਇ। ਪ੍ਰਗੀਤਕ ਕਾਵਿ ਪੰਨਾ 183

ਜਿਹੜਾ ਮਨੁੱਖ ਸਮੇਂ ਦੇ ਨਾਲ ਚਲਦਾ ਹੈ, ਉਹ ਕਦੇ ਦੁਖੀ ਨਹੀਂ ਹੁੰਦਾ। ਸਮੇਂ ਤੋਂ ਅੱਗੇ ਲੰਘਣਾ ਚਹੁੰਦੇ ਮਨੁੱਖ ਕਿਸੇ ਨਾ ਕਿਸੇ ਕਾਰਨ ਦੁਖੀ ਰਹਿੰਦੇ ਹਨ। ਉਨ੍ਹਾਂ ਦਾ ਮਨ ਅਸ਼ਾਂਤ ਇਸ ਕਰਕੇ ਰਹਿੰਦਾ ਹੈ ਕਿ ਅਪਹੁੰਚ ਨੂੰ ਪਕੜਨਾ ਲੋਚਦੇ ਹਨ।

ਪਹਿਲੀਆਂ ਵਿੱਚ ਮੈਂ ਢਾਈ ਸੌ ਸਫ਼ੇ ਦੀ ਜਿਲਦ ਵਾਲੀ ਕਾਪੀ ਉਪਰ ਹੱਥੀਂ ਲਿਖਦਾ ਹੁੰਦਾ ਸਾਂ ਅਤੇ ਵਰਤਮਾਨ ਵਿੱਚ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਕੰਮਪਿਊਟਰ ਉਪਰ ਚਾੜ੍ਹਦਾਂ ਹਾਂ ਅਤੇ ਛਾਪ ਕੇ ਪੁਸਤਕਾਂ ਦੀਆਂ ਜਿਲਦਾਂ ਵੀ ਆਪੇ ਹੀ ਬੰਨ੍ਹ ਲੈਂਦਾ ਹਾਂ। ਨਾਵਲਾਂ ਕਹਾਣੀਆਂ ਅਤੇ ਨਾਟਕਾਂ ਦੇ ਪਲਾਟਾਂ ਨੂੰ ਮੈਂ ਸਾਲਾਂ ਵੱਧੀ ਆਪਣੇ ਦਿਮਾਗ਼ ਵਿੱਚ ਵਸਾਉਂਦਾ ਰਹਿੰਦਾ ਹਾਂ। ਕਾਂਡਾ ਦੀ ਸੰਯੁਕਤਾ ਵਾਸਤੇ ਜਦ ਸੁਭਾਵਕ ਹੀ ਲਿੰਕ ਬਣ ਜਾਂਦੇ ਹਨ ਤਾਂ ਲਿਖਣਾ ਅਰੰਭ ਕਰ ਦਿੰਦਾਂ ਹਾਂ। ਜਦ ਮੈਂ ਵਿਹਲਾਂ ਹੋਵਾਂ ਤਾਂ ਕੁਝ ਵੀ ਲਿਖ ਨਹੀਂ ਸਕਦਾ ਕਿਉਂਕਿ ਮੈਨੂੰ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਕਮਾਈ ਦਾ ਫਿਕਰ ਹੁੰਦਾ ਹੈ ਪਰ ਜਦ ਮੇਰੀ ਕਮਾਈ ਬਰਾਬਰ ਹੁੰਦੀ ਹੈ ਤਾਂ ਮੈਂ ਲਿਖੀ ਵੀ ਬਰਾਬਰ ਜਾਂਦਾ ਹਾਂ। ਇਸ ਸਮੇਂ ਮੇਰਾ ਰਾਤ ਦਿਨੇ ਲਿਖਦੇ ਰਹਿਣਾ ਮੇਰੀ ਘਰਵਾਲੀ ਨੂੰ ਵੀ ਬਹੁਤਾ ਨਹੀਂ ਸਤਾਉਦਾ। ਕਈ ਕਵਿਤਾਵਾਂ ਮੈਂ ਜਿੰਨੇ ਸਮੇਂ ਵਿੱਚ ਲਿਖੀਆਂ ਹਨ ਉਸ ਤੋਂ ਤਿੰਨ ਗੁਣਾ ਸਮਾਂ ਕਵਿਤਾਵਾਂ ਨੂੰ ਪੜ੍ਹਦਿਆਂ ਲਗਦਾ ਹੈ। ਕਈ ਰਚਨਾਵਾਂ ਮੈਂ ਸੁਪਨੇ ਵਿੱਚ ਲਿਖੀਆਂ ਹਨ ਅਤੇ ਅਜਿਹੀਆਂ ਲਿਖੀਆਂ ਕਵਿਤਾਵਾਂ ਬਹੁਤ ਮਕਬੂਲ ਹੋਈਆਂ ਹਨ। ਕਈ ਵਿਚਾਰ ਜਿਹੜੇ ਕਿਸੇ ਸਮੇਂ ਨੋਟ ਨਹੀਂ ਕੀਤੇ ਗਏ ਤਾਂ ਉਹ ਭੁੱਲ ਹੀ ਜਾਂਦੇ ਹਨ। ਅਜਿਹੇ ਭੁੱਲੇ ਵਿਸਰੇ ਕੀਮਤੀ ਵਿਚਾਰ ਰੁਝੇਵਿਆਂ ਕਾਰਨ ਨਾ ਸਾਂਭੇ ਜਾ ਸਕਣ ਕਾਰਨ ਮਨ ਨੂੰ ਪਛਤਾਵਾ ਹੀ ਰਹਿੰਦਾ ਹੈ ਅਤੇ ਇਸ ਭੁੱਲ ਵਾਸਤੇ ਮੈਂ ਆਪਣੇ ਪਾਪੀ ਢਿੱਡ ਨੂੰ ਕੋਸਦਾ ਹਾਂ।

****

2 comments:

DILJODH said...

ਤੁਹਾਡੀ ਲਿਖਤ ਪੜ ਕੇ ਬੜਾ ਚੰਗਾ ਲੱਗਾ । ਕਿੰਨਾ ਕੁਛ੍ਹ ਆਪਣੇ ਬਾਰੇ ਸਾਫ਼ ਸਾਫ਼ ਲਿਖਿਆ ਹੈ । ਮੈਂ 71 ਸਾਲਾਂ ਦਾ ਹਾਂ ਅਤੇ ਇਸ ਵੇਲੇ ਤੁਹਾਡੀ ਲਿਖਤ ਪੜ ਕੇ ਕਾਫੀ ਗੱਲਾਂ ਸਿਖੀਆਂ ਹਨ ।

Unknown said...

ਬਹੁਤ ਖੂਬਸੂਰਤ ਕਮਾਈ ਹੈ ਜੀ।

ਭੂਪਿੰਦਰ ਨਿਉਯਾਰਕ।