ਅੰਤਲੇ ਸਾਹਾਂ ਤੱਕ ਜੀਵਨ ਨੂੰ ਮਾਨਣ ਦੀ ਰੀਝ
ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਵਿੱਚ ਡਾ: ਸਾਧੂ ਸਿੰਘ ਹਮਦਰਦ, ਪਿੰ: ਤਖਤ ਸਿੰਘ, ਜਨਾਬ ਦੀਪਕ ਜੈਤੋਈ ਆਦਿ ਦਾ ਵਿਸ਼ੇਸ਼ ਹੱਥ ਹੈ। ਜਿਵੇਂ ਜਿਵੇਂ ਪੰਜਾਬੀ ਕਵਿਤਾ ਵਿੱਚ ਅਧੁਨਿਕਤਾ ਨੇ ਪ੍ਰਵੇਸ਼ ਕੀਤਾ, ਤਿਵੇਂ ਤਿਵੇਂ ਪੰਜਾਬੀ ਗ਼ਜ਼ਲ ਵਿੱਚ ਵੀ ਤਬਦੀਲੀ ਆਈ। ਹਮਦਰਦ, ਜੈਤੋਈ ਧੜੇ ਨੇ ਗ਼ਜ਼ਲ ਵਿੱਚ ਪੁਰਾਤਨ ਵਿਸ਼ੇ ਤੇ ਉਰਦੂ ਸ਼ਬਦਾਵਲੀ ਦਾ ਖਹਿੜਾ ਨਹੀਂ ਸੀ ਛੱਡਿਆ ਜਦੋਂ ਕਿ ਅਧੁਨਿਕ ਸ਼ਾਇਰਾਂ ਪਿੰ: ਤਖਤ ਸਿੰਘ, ਡਾ: ਜਗਤਾਰ, ਡਾ: ਰਣਧੀਰ ਸਿੰਘ ਚੰਦ, ਡਾ: ਐਸ ਤਰਸੇਮ ਆਦਿ ਸ਼ਾਇਰਾਂ ਨੇ ਗ਼ਜ਼ਲ ਨੂੰ ਸਮਾਜ ਦੇ ਵਿਸ਼ਾਲ ਕੈਨਵਸ ਤੇ ਫੈਲਾਅ ਦਿੱਤਾ। ਇਨ੍ਹਾ ਗ਼ਜ਼ਲਕਾਰਾਂ ਨੇ ਜਿੱਥੇ ਸਮਾਂ ਵਿਹਾ ਚੁੱਕੀ ਉਰਦੂ ਸ਼ਬਦਾਵਲੀ ਦਾ ਤਿਆਗ ਕਰਕੇ ਲੋਕ-ਬੋਲੀ ਪੰਜਾਬੀ ਨੂੰ ਸ਼ਾਇਰੀ ਵਿੱਚ ਸਤਕਾਰਿਤ ਥਾਂ ਦਿੱਤੀ ਉੱਥੇ ਮਨੁਖੀ ਮਨ ਤੇ ਪਏ ਹਰ ਸਮੂਹਿਕ ਪ੍ਰਭਾਵ ਅਤੇ ਅਧੁਨਿਕ ਸੰਵੇਦਨਾ ਦਾ ਪ੍ਰਤੀਕਾਤਮਿਕ ਪ੍ਰਗਟਾਅ ਆਪਣੀਆਂ ਗ਼ਜ਼ਲਾਂ ਵਿੱਚ ਕੀਤਾ।



