"ਸ਼ਬਦ ਸਾਂਝ" ਦਾ ਇਹ ਅੰਕ ਸਾਡੇ ਹਰਮਨ ਪਿਆਰੇ
ਡਾ.ਅਸ਼ੋਕ ਦੀ ਯਾਦ ਨੂੰ ਸਮਰਪਿਤ ਹੈ
ਜੋ ਮਿਤੀ 10.08.09 ਨੂੰ ਸਦੀਵੀ ਵਿਛੋੜਾ ਦੇ ਗਏ



ਫ਼ਰੀਦਾ ਦਰਿਆ ਕੰਢੈ ਬਗਲਾ ਬੈਠਾ ਕੇਲ ਕਰੇ
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ।।
-- ਬਾਬਾ ਸ਼ੇਖ਼ ਫ਼ਰੀਦ ਜੀ ।


ਕਲਾਮ ਬਾਬਾ ਬੁੱਲ੍ਹੇ ਸ਼ਾਹ ਜੀ

ਇਕ ਹੱਸ ਹੱਸ ਗੱਲਾਂ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ
ਕਹੋ ਫੁੱਲ ਬਸੰਤੀ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਨਾਤ੍ਹੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ
ਭਾ ਲਈਏ ਹਾਰ ਸਿ਼ੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਕਮਲ਼ੀ ਕੀਤੀ ਦੂਤੀਆਂ, ਦੁੱਖ ਘੇਰ ਚੁਫੇਰੇ ਲੀਤੀਆਂ
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਬੁੱਲ੍ਹਾ ਸ਼ੁਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ਼ ਲਾਇਆ
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ




ਡਾ. ਅਸ਼ੋਕ ਕੁਮਾਰ



“ਮਰ ਕੇ ਵੀ ਜ਼ਰਖੇ਼ਜ਼ ਦਿਲਾਂ ਦੀ ਮਿੱਟੀ ਦੇ ਵਿਚ ਉੱਗ ਪਿਆ ਹਾਂ
ਭੋਰਾ ਸੱਚ ਨਹੀਂ ਹੈ ਮੇਰੀ ਮੌਤ ਦੀਆਂ ਅਫ਼ਵਾਹਾਂ ਅੰਦਰ “
--ਜਸਵਿੰਦਰ

ਸੀ ਤੈਨੂੰ ਕਾਹਲ਼ ਵਗਣੇ ਦੀ......... ਗ਼ਜ਼ਲ / ਰਾਜਿੰਦਰਜੀਤ

ਸੀ ਤੈਨੂੰ ਕਾਹਲ਼ ਵਗਣੇ ਦੀ ਤੇਰਾ ਨੇੜੇ ਕਿਨਾਰਾ ਸੀ
ਤੇ ਸਾਡੇ ਕੋਲ ਤੈਨੂੰ ਦੇਣ ਲਈ ਇੱਕ ਹੰਝ ਖਾਰਾ ਸੀ

ਭਰੇ ਅੰਬਰ ਦੇ ਵਿੱਚੋਂ ਟੁੱਟਦਾ ਤਾਂ ਹੋਰ ਗੱਲ ਹੁੰਦੀ
ਤੂੰ ਜਿਸ ਅੰਬਰ ‘ਚੋਂ ਟੁੱਟਿਆ ਓਸ ਵਿੱਚ ਇੱਕੋ ਹੀ ਤਾਰਾ ਸੀ


ਕਦੇ ਰੋਵਾਂ ਤਾਂ ਮੈਂ ਮੁਸਕਾਨ ਤੇਰੀ ਯਾਦ ਕਰਦਾ ਹਾਂ
ਖਿੜੀ ਮੁਸਕਾਨ ਦੇ ਵਰਗਾ ਹੀ ਤੂੰ ਸਾਰੇ ਦਾ ਸਾਰਾ ਸੀ

ਤੇਰਾ ਜੋਬਨ ਦੀ ਰੁੱਤੇ ਜਾਣ ਦਾ ਏਹੋ ਸਬੱਬ ਹੋਣੈਂ
ਤੂੰ ਬਣਨਾ ਚਮਕਦਾ ਤਾਰਾ ਜਾਂ ਕੋਈ ਫੁੱਲ ਪਿਆਰਾ ਸੀ

ਅਚਾਨਕ ਤੁਰਦਿਆਂ ਤੂੰ ਅਪਣੀਆਂ ਰਾਹਾਂ ਬਦਲ ਲਈਆਂ
ਤੇਰੇ ਅੰਦਰ ਦਿਸ਼ਾਵਾਂ ਛੋਹਣ ਦਾ ਇੱਕ ਚਾਅ ਕੁਆਰਾ ਸੀ ।।

ਸਿ਼ਅਰ.......... ਚੋਣਵੇਂ ਸਿ਼ਅਰ / ਰਣਬੀਰ ਕੌਰ

ਰਹਿਨੇ ਕੋ ਸਦਾ ਜਗਤ ਮੇਂ ਆਤਾ ਨਹੀਂ ਕੋਈ
ਪਰ ਤੁਮ ਜੈਸੇ ਗਏ ਹੋ ਵੈਸੇ ਭੀ ਜਾਤਾ ਨਹੀਂ ਕੋਈ
-- ਅਗਿਆਤ

ਬੜਾ ਮੁਸ਼ਕਿਲ ਸੀ ਵਿਛੋੜਾ ਤੇਰਾ ਪਰ ਜਰ ਰਿਹਾ ਹਾਂ ਮੈਂ
ਜਿੱਦਾਂ ਸੀ ਤੂੰ ਆਖਦਾ ਓਦਾਂ ਕਰ ਰਿਹਾ ਹਾਂ ਮੈਂ

-- ਰਮਨਪ੍ਰੀਤ

ਹਿਜਰ ਵਿਚ ਵੀ ਹਸਦਿਆਂ ਹੀ ਕੱਟ ਰਹੇ ਹਾਂ ਜਿ਼ੰਦਗੀ
ਜੀਣ ਦਾ ਇਹ ਭੇਦ ਦੱਸਣ ਵਾਲਿ਼ਆ ਤੂੰ ਖੁਸ਼ ਰਹੇਂ
-- ਤਰਸੇਮ ਸਫ਼ਰੀ

ਇਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ
ਉਹ ਚਲੇ ਗਏ ਗੱਲਾਂ ਅਜੀਬ ਕਰਕੇ
ਵਫ਼ਾ ਨੂੰ ਉਸਦੀ ਮੈਂ ਕੀ ਨਾਮ ਦੇਵਾਂ
ਖੁ਼ਦ ਦੂਰ ਹੋ ਗਏ ਮੈਨੂੰ ਕਰੀਬ ਕਰਕੇ
-- ਅਗਿਆਤ

ਤੜਪਦੀ ਤਰਬ ਮੇਰੀ ਸੁਰ ਲਈ ਫ਼ਨਕਾਰ ਤੋਂ ਪਿੱਛੋਂ
ਕਿਵੇਂ ਬੈਠਾਂ ਮੈਂ ਚੁਪ ਦੀ ਗੋਦ ਵਿਚ ਟੁਣਕਾਰ ਤੋਂ ਪਿੱਛੋਂ
-- ਸੁਨੀਲ ਚੰਦਿਆਣਵੀ

ਕੁਝ ਇਸ ਤਰ੍ਹਾਂ ਹਾਂ ਲੰਮੀਆਂ ਔੜਾਂ 'ਚ ਜੀ ਰਹੇ
ਅਪਣੇ ਲਹੂ 'ਚੋਂ ਚੂਲੀ਼ਆਂ ਭਰ ਭਰ ਕੇ ਪੀ ਰਹੇ
-- ਜਸਵਿੰਦਰ

ਦਫ਼ਨ ਹੋ ਕੇ ਵੀ ਉਹ ਬੇਚੈਨ ਹੈ ਲੋਕਾਂ ‘ਚ ਆ ਬਹਿੰਦੈ
ਅਜੇ ਸੱਥਾਂ ‘ਚ ਲੱਗਦੀ ਹਾਜ਼ਰੀ ਉਸ ਗੈ਼ਰਹਾਜ਼ਰ ਦੀ
--ਜਸਵਿੰਦਰ

ਆਹਾਂ ਨੂੰ ਰੋਜ਼ ਪੈਂਦੀਆਂ ਖਾਦਾਂ ਨੂੰ ਕੀ ਕਰਾਂ
ਤੇਰੇ ਬਗ਼ੈਰ ਤੇਰੀਆਂ ਯਾਦਾਂ ਨੂੰ ਕੀ ਕਰਾਂ
-- ਡਾ. ਗੁਰਚਰਨ ਸਿੰਘ

ਤੇਰੇ ਜਾਣ ਮਗਰੋਂ ਤੇਰੀ ਯਾਦ ਆਈ
ਕਿ ਨੈਣਾਂ ਨੇ ਸਾਵਣ ਵਰ੍ਹਾਏ ਬੜੇ ਨੇ
-- ਆਰ.ਐੱਸ. ਫ਼ਰਾਜ਼

ਮੌਤ ਨੂੰ ਚੇਤੇ ਰੱਖ ਕੇ ਜਿਉਂਦੈ ਜੀਵਨ ਦਾ ਪਲ ਪਲ ਮਾਣੇ
ਜੀਵਨ ਵਿਚ ਕੁਝ ਅਰਥ ਹੈ ਭਰਦਾ ਏਦਾਂ ਦਾ ਸੁੱਚਾ ਬੰਦਾ


ਵਿਛੋੜੇ 'ਚ ਤੇਰੇ ਸਿਸਕਦੇ ਮੈਂ ਦਿਲ ਨੂੰ,
ਵਰਾਉਂਦਾ ਬੜਾ ਹਾਂ ਵਰਾਇਆ ਨਾ ਜਾਵੇ
ਕਲੇ਼ਜੇ 'ਚ ਜੋ ਉਠ ਰਿਹਾ ਦਰਦ ਮੇਰੇ
ਦਬਾਉਂਦਾ ਬੜਾ ਹਾਂ ਦਬਾਇਆ ਨਾ ਜਾਵੇ
-- ਨਕਸ਼ ਵਰਿਆਣਵੀ

ਯਾਦ ਇਸ ਦਿਲ ਨੂੰ ਤਿਰਾ ਚਿਹਰਾ ਰਹੇਗਾ ਉਮਰ ਭਰ
ਆਪਣੇ ਵਿਚਕਾਰ ਇਕ ਰਿਸ਼ਤਾ ਰਹੇਗਾ ਉਮਰ ਭਰ
-- ਗੁਰਦਿਆਲ ਰੌਸ਼ਨ

ਮਸ਼ਾਲਾਂ ਬਾਲ਼ਦੇ ਰਹਿਣਾ, ਵਕਤ ਸੰਭਾਲ਼ਦੇ ਰਹਿਣਾ
ਮੇਰੀ ਜਯੋਤੀ 'ਚੋਂ ਮੇਰੀ ਰੌਸ਼ਨੀ ਨੂੰ ਭਾਲ਼ਦੇ ਰਹਿਣਾ
-- ਸੁਨੀਲ ਚੰਦਿਆਣਵੀ

ਯਾਦਾਂ ਵਫ਼ਾ ਦੀ ਕੈਦ ਵਿਚ ਆਸਾਂ ਜਲਾਵਤਨ
ਕੀ ਕੀ ਅਸਾਂ ਮੁਸੀਬਤਾਂ ਝੱਲੀਆਂ ਤੇਰੇ ਬਗੈ਼ਰ
-- ਬਿਸ਼ਨ ਸਿੰਘ ਉਪਾਸ਼ਕ

ਮਰ ਜਾਵਾਂ ਜਾਂ ਰਹਿ ਜਾਵਾਂ ਡਰ ਇਸ ਦਾ ਨਹੀਂ
ਹਰ ਹਾਲਤ ਮੈਂ ਉਲਝਾਂਗਾ ਮੁਸ਼ਕਿਲ ਦੇ ਨਾਲ਼
-- ਸਤਪਾਲ

ਅਸੀਂ ਟੁੱਟਦੇ ਸਿਤਾਰੇ ਵਾਂਗ ਬੇਸ਼ੱਕ ਪਲ ਗੁਜ਼ਾਰਾਂਗੇ
ਪਰ ਐਨਾ ਫ਼ਖ਼ਰ ਹੈ ਕਿ ਮਰਨ ਤਕ ਚਾਨਣ ਖਿਲਾਰਾਂਗੇ
-- ਪਾਲ ਗੁਰਦਾਸਪੁਰੀ

ਤੂੰ ਹੁਣ ਆਵੇਂ ਜਾ ਫਿਰ ਆਵੇਂ ਇਹ ਤੇਰੇ ਤੇ ਮੁਨੱਸਰ ਹੈ
ਤੂੰ ਪਾਵੇਂਗਾ ਤੇਰੇ ਲਈ ਤੜਫਦਾ ਤੇ ਭਟਕਦਾ ਮੈਨੂੰ
ਜਦੋਂ ਦੇਖਾਂ ਮੈਂ ਤੈਨੂੰ ਜੀਣ ਦਾ ਅੰਦਾਜ਼ ਭੁੱਲ ਜਾਵਾਂ
ਸਭੇ ਰੰਗਾਂ ‘ਚ ਤੇਰਾ ਅਕਸ ਰਹਿੰਦਾ ਚਿਤਰਦਾ ਮੈਨੂੰ
-- ਸ.ਚ.


ਜਿ਼ੰਦਗੀ ਨੂੰ ਮੌਤ ਦਾ ਬਸ ਆਸਰਾ ਰਹਿ ਜਾਏਗਾ
ਤੂੰ ਗਿਆ ਤਾਂ ਜਿ਼ੰਦਗੀ ਵਿਚ ਕੀ ਭਲਾ ਰਹਿ ਜਾਏਗਾ
-- ਮਹਿੰਦਰ ਦੀਵਾਨਾ

ਘੌਂਸਲੇ ਮੇਂ ਏਕ ਪਰਿੰਦਾ ਥਾ, ਫੌਤ ਹੋ ਗਿਆ
ਆਂਖੇਂ ਖੁਲੀ ਥੀਂ, ਆਂਖੋਂ ਮੇਂ ਅੰਬਰ ਕਾ ਖ਼ਾਬ ਥਾ
-- ਅਗਿਆਤ

ਰਫ਼ਤਾ ਰਫ਼ਤਾ ਅਗਨ ਦਾ ਸਾਗਰ ਹੈ ਤਰਨਾ ਆ ਗਿਆ
ਹੁਣ ਅਸਾਨੂੰ ਪਤਝੜਾਂ ਦਾ ਸਿਤਮ ਜਰਨਾ ਆ ਗਿਆ
-- ਸਰਬਜੀਤ ਕੌਰ ਸੰਧਾਵਾਲੀਆ

ਜਾਹ ਤੇਰੇ ਤੋਂ ਬਾਗ਼ੀ ਸਾਂ ਬਾਗੀ਼ ਹੀ ਰਹਿਣੈ
ਇਸ ਤੋਂ ਵੱਧ ਕੀ ਰੱਬਾ ਸੂਲ਼ੀ ਚਾੜ੍ਹ ਲਵੇਂਗਾ
ਜਾਨ ਅਸਾਡੀ ਦਾ ਟੁਕੜਾ ਤੂੰ ਸਾਥੋਂ ਖੋਹਿਆ
ਇਸ ਤੋਂ ਵੱਧ ਕੀ ਸਾਡਾ ਹੋਰ ਵਿਗਾੜ ਲਵੇਂਗਾ
-- ਸ. ਚ.





ਇੱਕ ਦੀਪਕ ਜਿਸ ਨੂੰ ਹਨ੍ਹੇਰਾ ਨਿਗਲ਼ ਗਿਆ.......... ਲੇਖ਼ / ਸੁਨੀਲ ਚੰਦਿਆਣਵੀ

ਇਹ ਕੋਈ ਵੇਲ਼ਾ ਸੀ ਉਸ ਦੇ ਜਾਣ ਦਾ...??? ਅਜੇ ਤਾਂ ਉਸਦੀ ਨਵ ਵਿਆਹੁਤਾ ਦੇ ਚੂੜੇ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ... ਅਜੇ ਤਾਂ ਉਸਦੀ ਮਹਿੰਦੀ ਦੀ ਖੁਸ਼ਬੋ ਨਹੀਂ ਸੀ ਮੁੱਕੀ... ਉਸਦੇ ਚਾਵਾਂ ਸੱਧਰਾਂ ਦੀ ਗਠੜੀ ਨਹੀਂ ਸੀ ਖੁੱਲ੍ਹੀ... ਅਜੇ ਤਾਂ ਉਸ ਨਵ-ਵਿਆਹੁਤਾ ਨੇ ਉਸਨੂੰ ਜੀਅ ਭਰ ਕੇ ਤੱਕਿਆ ਵੀ ਨਹੀਂ ਸੀ। ਅਜੇ ਤਾਂ ਉਸ ਦੇ ਵਿਆਹ ਦੇ ਚਾਵਾਂ ਤੇ ਖੁਸ਼ੀਆਂ ਵੀ ਨਹੀਂ ਸਨ ਮੁੱਕੀਆਂ...ਅਜੇ ਤਾਂ ਮਾਂ-ਬਾਪ ਨੇ ਸਜਾਏ ਸੁਪਨਿਆਂ ਦੇ ਵਿਹੜੇ ਕਦਮ ਵੀ ਨਹੀਂ ਸੀ ਧਰਿਆ... ਅਜੇ ਤਾਂ ਪਰਿਵਾਰ ਦੀਆਂ ਆਸਾਂ ਦੇ ਇਸ ਬੂਟੇ ਨੇ ਛਾਂ ਦੇਣੀ ਸ਼ਰੂ ਕਰਨੀ ਸੀ... ਅਜੇ ਤਾਂ ਦਾਦੀ ਨੇ ਉਸ ‘ਚੋਂ ਆਪਣੀਆਂ ਜਵਾਨੀ ‘ਚ ਗੁਆਚੀਆਂ ਖੁਸ਼ਆਂ ਲੱਭਣੀਆਂ ਸਨ... ਅਜੇ ਤਾਂ ਭਰਾਵਾਂ ਨੇ ਉਸ ‘ਚੋਂ ਅਪਣੇ ਭਵਿੱਖ ਦੇ ਨਜ਼ਾਰੇ ਤੱਕਣੇ ਸਨ...ਅਜੇ ਤਾਂ ਸਮਾਜ ਨੂੰ ਉਸ ਨੇ ਬੜਾ ਕੁਝ ਦੇਣਾ ਸੀ... ਅਜੇ ਤਾਂ ਪਿੰਡ ਵਾਸੀਆਂ ਦਾ ਸੀਨਾ ਮਾਣ ਨਾਲ਼ ਹੋਰ ਫੁੱਲਣਾ ਸੀ... ਅਜੇ ਤਾਂ ਪਤਾ ਨਹੀਂ ਹੋਰ ਕਿੰਨੇ ਹੀ ਬਿਖਰੇ ਘਰਾਂ ਨੂੰ ਉਸਨੇ ਰੌਣਕ ਬਖ਼ਸ਼ਣੀ ਸੀ... ਅਜੇ ਤਾਂ ਪਤਾ ਨਹੀਂ ਕਿੰਨੇ ਹੀ ਖੁ਼ਦਕਸ਼ੀ ਕਰਨ ਜਾ ਰਹਿਆਂ ਨੂੰ ਉਸਨੇ ਜਿ਼ੰਦਗੀ ਦੇ ਜਸ਼ਨ ਬਖਸ਼ਣੇ ਸਨ...ਅਜੇ ਤਾਂ ਉਸਨੇ ਸਾਇੰਸ ਦੇ ਅੰਬਰ ‘ਤੇ ਸਿਤਾਰਾ ਬਣ ਦੇਸ਼ ਵਿਦੇਸ਼ ‘ਚ ਧਰੂ ਵਾਂਗ ਚਮਕਣਾ ਸੀ... ਅਜੇ ਤਾਂ ਇਸ ਲਾਟ ਨੇ ਭਾਂਬੜ ਬਣ ਫਿ਼ਜ਼ਾ ਨੂੰ ਰੁਸ਼ਨਾਉਣਾ ਅਤੇ ਗਰਮਾਉਣਾ ਸੀ... ਅਜੇ ਤਾਂ ਪਤਾ ਨਹੀਂ ਇਸ ਭਰ ਵਗਦੇ ਦਰਿਆ ਨੇ ਕਿੰਨੇ ਹੀ ਥਲਾਂ ਨੂੰ ਤਰ ਕਰਨਾ ਸੀ, ਕਿੰਨੇ ਜੀਵਾਂ ਦੀ ਪਿਆਸ ਬੁਝਾਉਣੀ ਸੀ, ਕਿੰਨੀਆਂ ਨਜ਼ਰਾਂ ਨੂੰ ਸਕੂਨ ਦੇਣਾ ਸੀ, ਤੇ ਕਿੰਨੇ ਦਿਲਾਂ ਨੂੰ ਹੁਲਾਸ ਦੇਣਾ ਸੀ, ਤੇ ਕਿੰਨੇ ਹੋਰ ਦਰਿਆ ਪੈਦਾ ਕਰਨੇ ਸਨ ਤੇ ਕਿੰਨੀ ਵਿਸ਼ਾਲਤਾ ਹਾਸਲ ਕਰਨੀ ਸੀ, ਤੇ... ਤੇ....
ਭਾਵੇਂ ਪਤੈ ਕਿ ਉਹ ਮੁਸਕੁਰਾਹਟ ਫਿਰ ਨਹੀਂ ਮਾਣੀ ਜਾਣੀ, ਪਰ ਨਜ਼ਰ ਬੇਤਾਬ ਹੈ ... ਭਾਵੇਂ ਪਤੈ ਕਿ ਉਹ ਰਸੀਲੇ ਬੋਲ ਹੁਣ ਨਹੀਂ ਮਿਲਣੇ ਸੁਣਨ ਨੂੰ, ਪਰ ਕੰਨ ਬੇਚੈਨ ਨੇ … ਭਾਵੇਂ ਪਤੈ ਕਿ ਉੇਹ ਨਿੱਘ ਤੇ ਖਿੱਚ ਭਰੀ ਗਲਵਕੜੀ ਫਿਰ ਕਦੇ ਨਹੀਂ ਮਿਲਣੀ, ਪਰ ਬਾਹਾਂ ਤਾਂਘ ‘ਚ ਨੇ… ਭਾਵੇਂ ਪਤੈ ਕਿ ਉਹ ਦਿਲ ‘ਚ ਤਰੰਗ ਪੈਦਾ ਕਰਨ ਵਾਲ਼ੀ ਹੱਥ ਘੁੱਟਣੀ ਨਹੀਂ ਮਿਲਣੀ,ਪਰ ਹੱਥ ਤਰਸਦੇ ਨੇ…ਭਾਵੇਂ ਪਤੈ ਕਿ ਉਹ ਮਸਤ ਤੇ ਦਿਲ ਟੁੰਬਣੀ ਤੋਰ ਨਹੀਂ ਦਿਸਣੀ, ਪਰ ਰਾਹ ਉਤਸੁਕਤ ਨੇ…ਭਾਵੇਂ ਪਤੈ ਕਿ ਉਹ ਹਾਸੇ ਦੀ ਟੁਣਕਾਰ ਤੇ ਬੋਲਾਂ ਦੀ ਮਹਿਕ ਨਹੀਂ ਮਿਲਣੀ, ਮਹਿਫਿ਼ਲਾਂ ਇੰਤਜ਼ਾਰ ‘ਚ ਨੇ… ਭਾਵੇਂ ਪਤੈ ਕਿ ਉਸਦੀ ਮਸਤੀ, ਹਾਸਾ, ਰੌਣਕ ਨਹੀਂ ਮਿਲਣੀ ਪਰ ਘਰ ਦੀਆਂ ਕੰਧਾਂ ਤਾਂਘਦੀਆਂ ਨੇ… ਭਾਵੇਂ ਪਤੈ ਕਿ ਉਸ ਹੁਣ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਪਰ ਜ਼ਹਿਨ ‘ਚ ਵਾਰ ਸਵਾਲ ਉਠਦੇ ਨੇ…ਭਾਵੇਂ ਪਤੈ ਕਿ ਉਸ ਕਦੇ ਫੋਨ ਅਟੈਂਡ ਨਹੀਂ ਕਰਨਾ,ਪਰ ਵਾਰ ਵਾਰ ਹੱਥ ਫੋਨ ਵੱਲ ਜਾ ਰਹੇ ਨੇ… ਭਾਵੇਂ ਪਤੈ ਕਿ ਉਸ ਦਾ ਆਉਣਾ ਝੂਠ ਹੈ, ਪਰ ਜ਼ੁਬਾਨ ਨਿੱਤ ਵਾਜ ਮਾਰੇ ਬਿਨਾ ਨਹੀਂ ਰਹਿੰਦੀ…
ਜਿ਼ੰਦਗੀ ਨੂੰ ਮਾਣਨ ਦਾ ਚਾਅ ਉਸਦੇ ਰੋਮ-ਰੋਮ ਵਿਚ ਰਕਸ ਕਰਦਾ ਸੀ। ਹਰ ਦਿਨ, ਹਰ ਪਲ ਉਸ ਲਈ ਤਾਜ਼ਾ,ਨਵਾਂ ਤੇ ਉਤਸ਼ਾਹ ਭਰਪੂਰ ਸੀ। ਮਨੁੱਖਤਾ ਲਈ ਉਸ ਅੰਦਰ ਅਥਾਹ ਪਿਆਰ ਦਾ ਚਸ਼ਮਾ ਨਿਰੰਤਰ ਭਰ-ਭਰ ਵਗਦਾ ਸੀ। ਬਨਸਪਤੀ ਅਤੇ ਆਲ਼ੇ-ਦੁਆਲ਼ੇ ਪ੍ਰਤੀ ਉਸ ਅੰਦਰ ਬੜਾ ਮੋਹ ਸੀ, ਤੇਹ ਸੀ। ਵਗਦੀ ਪੌਣ ਚੜ੍ਹਦਾ-ਡੁੱਬਦਾ ਸੂਰਜ, ਬਰਸਾਤ ਦੀ ਕਿਣਮਿਣ, ਚਹਿਚਹਾਉਂਦੇ ਪੰਛੀ, ਲਹਿਰਾਉਂਦੀਆਂ ਫਸਲਾਂ, ਪੰਛੀਆਂ ਦੀਆਂ ਡਾਰਾਂ, ਚਲਦੇ ਖੂਹ ਦੀ ਟਿਕਟਿਕ, ਬੱਚਿਆਂ ਦੇ ਹਾਸੇ, ਚੀਕਾਂ, ਨੱਚਣਾ, ਮਸਤੀ, ਪਾਣੀ ਦਾ ਵਗਣਾ, ਅਜਨਬੀਆਂ ਦਾ ਮਿਲਣਾ, ਰਾਤ ਦਾ ਹਨ੍ਹੇਰਾ, ਦਿਨ ਦਾ ਚਾਨਣ, ਧੁੱਪ-ਛਾਂ, ਵਾਹੇ ਜਾਂਦੇ ਖੇਤ ਦੀ ਮਿੱਟੀ ਦੀ ਖੁ਼ਸ਼ਬੋ ਉਸਨੂੰ ਅਚੇਤ ਜਾਂ ਸੁਚੇਤ ਰੂਪ ਵਿਚ ਆਕਰਸਿ਼ਤ ਕਰਦੇ, ਰੋਮਾਂਚਿਤ ਕਰਦੇ ਤੇ ਉਸ ਅੰਦਰ ਇਕ ਅਜੀਬ ਹੁਲਾਸ ਪੈਦਾ ਕਰਦੇ ਸਨ। ਕੁਦਰਤ ਦੀ ਹਰ ਕਰੀਏਸ਼ਨ ਉਸ ਨੂੰ ਅਦਭੁੱਤ ਲਗਦੀ ਤੇ ਆਪਣੇ ਵੱਲ ਨੂੰ ਖਿੱਚਦੀ।
ਉਹ ਇਕ ਅਜਿਹਾ ਵਪਾਰੀ ਜੋ ਕੁਦਰਤ ਦੇ ਹਰ ਜ਼ੱਰੇ ਚੋਂ ਕੁਝ ਨਾ ਕੁਝ ਲੈਂਦਾ ਅਤੇ ਹਰ ਜੀਵ ਅਤੇ ਬਨਸਪਤੀ ਨੂੰ ਕੁਝ ਨਾ ਕੁਝ ਦੇਣਾ ਲੋਚਦਾ। ਹਰ ਚਿਹਰੇ ਤੇ ਰੌਣਕ ਚਾਹੁੰਦਾ ਤੇ ਹਰ ਉਦਾਸ ਚਿਹਰਾ ਉਸਨੂੰ ਸੋਚਣ ਲਈ ਮਜਬੂਰ ਕਰ ਜਾਂਦਾ ਤੇ ਉਹ ਉਸਦਾ ਸਹਾਰਾ ਬਣਨ ਲਈ ਤੜਪ ਉਠਦਾ। ਉਦਾਸ ਖੜ੍ਹੇ ਬ੍ਰਿਖ ਵੀ ਉਸ ਨੂੰ ਤੜਫਾ ਜਾਂਦੇ। ਉਹ ਤਾਂ ਕਣ-ਕਣ ਨੂੰ ਹੱਸਦਾ, ਨੱਚਦਾ ਦੇਖਣਾ ਚਾਹੁੰਦਾ, ਉਹ ਤਾਂ ਚਾਰੇ ਪਾਸੇ ਸੁੰਦਰਤਾ ਹੀ ਸੁੰਦਰਤਾ ਵੇਖਣਾ ਲੋਚਦਾ... । ਜੀਵਨ ਦਾ ਬਹੁਤ ਹਿੱਸਾ ਉਸਨੇ ਚੁਫੇਰੇ ਨੂੰ ਅਤੇ ਲੋਕਾਈ ਨੂੰ ਹੋਰ ਸੁੰਦਰ ਬਣਾਉਣ ਹਿਤ ਲਗਾਇਆ ਵੀ...।
ਉਹ ਜਿਸ ਨੂੰ ਵੀ ਮਿਲਿਆ ਉਸਦੇ ਹੀ ਹਿਰਦੇ ਤੇ ਗਹਿਰੀ ਛਾਪ ਛੱਡਦਾ ਗਿਆ। ਉਹ ਜਿੱਥੇ ਜਿੱਥੇ ਗਿਆ ਤੇ ਜਿੱਥੇ ਜਿੱਥੇ ਰਿਹਾ ਅਨੇਕਾਂ ਹੀ ਗਹਿਰੀਆਂ ਦੋਸਤੀਆਂ ਦੇ ਮਹਿਲ ਉਸਾਰ ਆਇਆ, ਰਿਸ਼ਤੇ ਮੋਹ ਵਾਲ ੇਪਰਿਵਾਰਿਕ ਤੇ ਸਦੀਵੀ ਬਣਾ ਆਇਆ। ਅਨੇਕਾਂ ਸ਼ਹਿਰਾਂ ਵਿਚ ਉਸਦੇ ਅਨੇਕਾਂ ਜਾਨੋਂ ਪਿਆਰੇ ਦੋਸਤ ਉਸਨੂੰ ਦਿਲ ਜਾਨ ਤੋਂ ਚਾਹੁਣ ਵਾਲੇ਼ ਹਨ। ਬਹੁਤ ਸਾਰੇ ਦੋਸਤ ਅਤੇ ਬਹੁਤ ਹੋਰ ਲੋਕ ਉਸਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ। ਹਰ ਇਕ ਦੀ ਜਿੰ਼ਦਗੀ ਨੂੰ ਸ਼ਾਨਦਾਰ ਦੇਖਣ ਦੀ ਇੱਛਾ ਰੱਖਣ ਵਾਲ਼ਾ ਇਹ ਸ਼ਖਸ ਸੱਭ ਨੂੰ ਦਿਲੋਂ ਸੁਝਾਅ ਦਿੰਦਾ ਸੀ।
ਹਰ ਇਕ ਦੀ ਖੁਸੀ਼ ਅਤੇ ਹਰ ਇਕ ਦਾ ਭਲਾ ਚਾਹੁਣ ਵਾਲ਼ਾ ਇਹ ਸ਼ਖਸ ਜੋ ਲੋਕਾਈ ਸਮਾਜ ਅਤੇ ਦੇਸ਼ ਦੇ ਭਲੇ ਲਈ ਉਤਾਵਲਾ ਸੀ। ਜਿਸਨੇ ਕੈਂਸਰ ਵਰਗੀ ਬੀਮਾਰੀ ਤੇ ਖੋਜ ਕੀਤੀ ਅਤੇ ਆਉਣ ਵਾਲ਼ੇ ਦਿਨਾਂ ਵਿਚ ਸਾਇੰਸ ਅਤੇ ਸਮਾਜ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣਾ ਸੀ, ਇਸ ਗੰਦੇ ਸਿਸਟਮ ਦੀ ਭੇਟ ਚੜ੍ਹ ਗਿਆ ਤੇ ਮਾਮੂਲੀ ਸ਼ਰਾਬੀਆਂ ਹਥੋਂ ਸੜਕ ਦੁਰਘਟਨਾ ਵਿਚ ਆਪਣੀ ਬੇਸ਼ਕੀਮਤੀ ਜਾਨ ਗੁਆ ਬੈਠਾ।
ਉਸਦੀ ਯਾਦ ਵਾਰ ਵਾਰ ਅੱਖਾਂ ਨੂੰ ਨਮ ਕਰ ਜਾਂਦੀ ਹੈ। ਵਾਰ ਵਾਰ ਦਿਲ ਤੜਪ ਉਠਦਾ ਹੈ ਉਸਨੂੰ ਘੜੀ ਭਰ ਦੇਖਣ ਨੂੰ। ਜਿਸ ਨਾਲ਼ ਗੱਲ ਕੀਤੇ ਬਿਨਾ ਦਿਹਾੜੀ ਨਹੀਂ ਸੀ ਲੰਘਦੀ ਹੁਣ ਉਮਰ ਲੰਘਾਉਣੀ ਪੈ ਰਹੀ ਹੈ। ਮੇਰੇ ਵਾਂਗ ਪਤਾ ਨਹੀਂ ਕਿੰਨੇ ਕੁ ਸੱਜਣ ਉਸ ਤੇ ਨਿਰਭਰ ਹੋ ਚੁੱਕੇ ਹੋਣਗੇ। ਚੜ੍ਹਦਾ ਸੂਰਜ ਉਸ ਦੀ ਯਾਦ ਦਿਲਾਉਂਦਾ ਏ, ਗਹਿਰੀ ਰਾਤ ਉਸ ਦਾ ਚੇਤਾ ਦਿਵਾਉਂਦੀ ਏ। ਉਸਦੀ ਯਾਦ ਸਾਡੇ ਕਦਮਾਂ ਨੂੰ ਤੇਜ਼ ਕਰੇਗੀ... ਉਸਦੀ ਯਾਦ ਸੋਚਾਂ ਵਿਚ ਉਜਾਲਾ ਭਰਦੀ ਰਹੇਗੀ...ਉਸਦੀ ਯਾਦ ਜਿ਼ੰਦਗੀ ਵਿਚ ਉਤਸ਼ਾਹ ਤੇ ਜਿ਼ੰਦਾਦਿਲੀ ਭਰਦੀ ਰਹੇਗੀ...ਉਸਦੀ ਯਾਦ ਪਲ ਪਲ ਸਾਡੇ ਨਾਲ਼ ਰਹੇਗੀ... ਉਸਦੀ ਯਾਦ ਅਮਰ ਰਹੇਗੀ... ਸਾਡਾ ਇਹ ਲਾਡਲਾ ਸਾਡੇ ਦਿਲਾਂ ਵਿਚ ਜਿ਼ੰਦਾ ਹੈ...ਹਮੇਸ਼ਾ ਲਈ ਅਮਰ ਹੈ...

ਰੁਬਾਈਆਂ

ਹੁਣ ਤਾਂ ਜਾਮ ਹਿਜਰ ਦਾ ਪੀਣਾ ਪੈ ਗਿਆ ਏ
ਜ਼ਖ਼ਮ ਜਿਗਰ ਦਾ ਆਪੇ ਸੀਣਾ ਪੈ ਗਿਆ ਏ
ਜਿਸ ਦੇ ਬਿਨਾਂ ਸੁਨੀਲ ਰਿਹਾ ਨਾ ਇਕ ਪਲ ਵੀ
ਉਸ ਦੇ ਬਿਨ ਉਮਰਾਂ ਲਈ ਜੀਣਾ ਪੈ ਗਿਆ ਏ

--ਸੁਨੀਲ ਚੰਦਿਆਣਵੀ

ਔਕੜਾਂ ਦੇ ਸਾਹਮਣੇ ਵੀ ਗੁਣਗੁਣਾਉਂਦਾ ਤੁਰ ਗਿਆ
ਉਜੜਿਆਂ ਰਾਹਾਂ ‘ਚ ਵੀ ਮਹਿਕਾਂ ਖਿੰਡਾਉਂਦਾ ਤੁਰ ਗਿਆ
ਕੀ ਪਤਾ ਸੀ ਜਿ਼ੰਦਗੀ ਨੇ ਨਾ ਨਿਭਾਉਣੀ ਓਸ ਨਾਲ਼
ਜਿ਼ੰਦਗੀ ਦੇ ਗੀਤ ਹੋਰਾਂ ਨੂੰ ਸੁਣਾਉਂਦਾ ਤੁਰ ਗਿਆ
--ਸੁਨੀਲ ਚੰਦਿਆਣਵੀ

ਦਿਨ ਗੁਜ਼ਰੇ, ਮਹੀਨੇ ਗੁਜ਼ਰੇ, ਗੁਜ਼ਰ ਜਾਣਗੇ ਸਾਲ
ਨਾ ਪਿੱਛੇ ਮੁੜਕੇ ਤੱਕਿਆ, ਨਾ ਕੀਤਾ ਸਾਡਾ ਖਿਆਲ
ਕਿਹੜੇ ਰਾਹ ‘ਚੋਂ ਲੱਭੀਏ ਤੈਨੂੰ, ਸਾਨੂੰ ਸਮਝ ਨਾ ਆਵੇ
ਤੂੰ ਕੀ ਜਾਣੇ, ਬਿਨ ਤੇਰੇ, ਸਾਡਾ ਜੀਣਾ ਹੋਇਆ ਮੁਹਾਲ
--ਨਿਰਮੋਹੀ ਫ਼ਰੀਦਕੋਟੀ

ਐ ਅਸ਼ੋਕ, ਕਿਸ ਦਿਸ਼ਾ ਟੁਰ ਗਿਉਂ, ਸਭਨਾਂ ਵਿਚ ਮੋਹ ਪਾ ਕੇ।
ਲੋਕ –ਸੇਵਾ ਦੀ ਚੇਟਕ ਲਾ ਕੇ, ਸਭ ਨੂੰ ਮੀਤ ਬਣਾ ਕੇ।
ਤੇਰੀ ਹਿੰਮਤ ਅਤੇ ਵਿਦਵਤਾ, ਹਰ ਇਕ ਨੂੰ ਭਰਮਾਉਂਦੀ,
‘ਨਵਰਾਹੀ’ ਸਭ ਸਾਕ ਸਬੰਧੀ, ਵਿਲਕਣ ‘ਲਾਲ’ ਗੁਆ ਕੇ
--ਨਵਰਾਹੀ ਘੁਗਿਆਣਵੀ

ਸੁਬਕ, ਸੁਸ਼ੀਲ ਅਤੇ ਅਤਿ ਨਾਜ਼ੁਕ, ਹੋਣਹਾਰ, ਮਸਤਾਨੀ।
ਕੀਕਣ ਸਹੇ ਵਿਛੋੜਾ ਤੇਰਾ, ਅੱਲੜ੍ਹ ਅਹਿਲ ਜਵਾਨੀ।
ਕਲਕੱਤੇ ਦੀ ਜੰਮੀ ਜਾਈ, ‘ਸ਼ਾਉਲੀ’ ਪਿਆਰ ਵਿਗੁੱਤੀ,
‘ਨਵਰਾਹੀ’ ਜਿਸ ਪੱਲੇ ਕੇਵਲ, ਤੇਰੀ ਯਾਦ ਨਿਸ਼ਾਨੀ।
--ਨਵਰਾਹੀ ਘੁਗਿਆਣਵੀ


ਇਕ ਕਲੀ ਜੋ ਖਿੜਨ ਤੋਂ ਪਹਿਲਾਂ ਮਸਲ ਦਿੱਤੀ ਗਈ.......... ਲੇਖ਼ / ਗੁਰਦਿਆਲ ਭੱਟੀ

ਕਾਲ਼ਜੇ ‘ਚੋਂ ਰੱਗ ਭਰਿਆ ਗਿਆ ਜਦੋਂ ਵੀਰ ਅਸ਼ੋਕ ਦੀ ਮੌਤ ਦੀ ਖ਼ਬਰ ਸੁਣੀ। ਅਸੋ਼ਕ ਭਾਵੇਂ ਡੀ.ਟੀ.ਐਫ. ਅਤੇ ਡੀ.ਈ.ਐਫ. ਦੇ ਸਰਗਰਮ ਵਰਕਰ ਅਤੇ ਕਵੀ ਸੁਨੀਲ ਚੰਦਿਆਣਵੀ ਦੇ ਛੋਟੇ ਵੀਰ ਸਨ । ਪਰ ਆਪਣੇ ਸੁਭਾਅ ਸਦਕਾ ਉਹ ਸੁਨੀਲ ਨਾਲੋ਼ ਵੀ ਵੱਧ ਆਪਣਾ ਲੱਗਦਾ ਸੀ। ਅਤਿਅੰਤ ਪਛੜੇ ਇਲਾਕੇ ਅਤੇ ਸਾਧਾਰਨ ਪਰਿਵਾਰ ਵਿਚੋਂ ਪੈਦਾ ਹੋ ਕੇ ਅਸ਼ੋਕ ਨੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਬਲਾਚੌਰ ਤਹਿਸੀਲ ਦੇ ਪਿੰਡ ਚੰਦਿਆਣੀ ਕਲਾਂ ਵਿਖੇ ਰਿਟਾਇਰਡ ਸੂਬੇਦਾਰ ਸ਼੍ਰੀ ਆਤਮਾ ਰਾਮ ਦੇ ਘਰ ਮਾਤਾ ਪਰਕਾਸ਼ ਦੇਵੀ ਦੀ ਕੁੱਖੋਂ 27.01.1977 ਨੂੰ ਜਨਮ ਲਿਆ। ਅਸ਼ੋਕ ਚਾਰ ਭੈਣਾਂ ਭਰਾਵਾਂ ਵਿਚੋਂ ਸੱਭ ਤੋਂ ਛੋਟਾ ਸੀ। ਉਸਨੇ ਪ੍ਰਾਇਮਰੀ ਤੱਕ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ । +2 ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ਼ ਤੋਂ ਅਤੇ ਬੀ.ਐਸ.ਸੀ. ਸਾਇੰਸ ਕਾਲਜ ਜਗਰਾਓਂ ਤੋਂ ਪ੍ਰਾਪਤ ਕੀਤੀ। ਉਸ ਨੇ ਐਮ.ਐਸ.ਸੀ. ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਤੋਂ ਕੀਤੀ । ਇਸ ਤੋਂ ਬਾਦ ਅਸ਼ੋਕ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪੀ.ਐਚ.ਡੀ (ਬਾਇਓ ਫਿਜਿ਼ਕਸ) ਕੀਤੀ। ਆਪਣੀ ਪੀ.ਐਚ.ਡੀ. ਦੌਰਾਨ ਕਲਕੱਤੇ ਦੀ ਇਕ ਸੁਹਿਰਦ ਲੜਕੀ ਸ਼ਾਉਲੀ ਨਾਲ ਜਿ਼ੰਦਗੀ ਦੀ ਸਾਂਝ ਸਥਾਪਤ ਕਰਨ ਦਾ ਫੈਸਲਾ ਕਰ ਲਿਆ। ਅਸ਼ੋਕ ਅਤੇ ਸ਼ਾਉਲੀ ਦਾ ਇਹ ਫੈਸਲਾ ਅਪਣੇ ਆਪ ਵਿਚ ਇਕ ਇਨਕਲਾਬੀ ਕਦਮ ਹੈ। ਆਪਣੀਆਂ ਸਾਰੀਆਂ ਗੈਰ ਵਿਗਿਆਨਕ ਅਤੇ ਗੈ਼ਰ ਸਮਾਜਿਕ ਸੀਮਾਵਾਂ ਨੂੰ ਤੋੜਦੇ ਹੋਏ ਸਿਰਫ ਆਪਸੀ ਸਮਝ ਦੇ ਆਧਾਰ ‘ਤੇ ਹੋਏ ਇਸ ਫੈਸਲੇ ਨੂੰ ਇਨਕਲਾਬੀ ਹੀ ਆਖਿਆ ਜਾ ਸਕਦਾ ਹੈ। ਸ਼ਾਉਲੀ ਇਕ ਗਜ਼ਟਿਡ ਅਫ਼ਸਰ ਦੀ ਧੀ ਹੋਣ ਦੇ ਬਾਵਜੂਦ ਅਸ਼ੋਕ ਵਰਗੇ ਸੁਹਿਰਦ ਅਤੇ ਈਮਾਨਦਾਰ ਮਨੁੱਖ ਦੀ ਜੀਵਨ ਸਾਥਣ ਬਣ ਗਈ ।
ਪਰ ਦਿਲ ਉਦੋਂ ਸੁੰਨ ਹੋ ਗਿਆ ਜਦੋ ਇਸ ਜੋੜੇ ਦੀ ਜਿ਼ੰਦਗੀ ਨੂੰ ਇਸ ਜ਼ਾਲਿਮ ਵਿਵਸਥਾ ਨੇ ਪੂਰ ਨਾ ਚੜ੍ਹਨ ਦਿੱਤਾ। 9 ਅਗਸਤ ਦੀ ਸ਼ਾਮ ਨੂੰ ਅਸ਼ੋਕ ਬਲਾਚੌਰ ਤੋਂ ਵਾਪਿਸ ਪਿੰਡ ਆ ਰਿਹਾ ਸੀ ਤਾਂ ਟਾਟਾ ਸੂਮੋ ‘ਤੇ ਸਵਾਰ ਤਿੰਨ ਦਰਿੰਦਿਆਂ ਨੇ ਸਾਡਾ ਇਹ ਹੀਰਾ ਦਰੜ ਦਿੱਤਾ । ਇਹ ਦਰਿੰਦੇ ਸਾਰੇ ਦਿਨ ਦੇ ਸ਼ਰਾਬੀ ਫਿਰਦੇ ਸਨ ਅਤੇ ਪਹਿਲਾਂ ਵੀ ਕਈਆਂ ਨਾਲ਼ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਸੀ। ਮੌਕਾ ਦੇਖਣ ਤੇ ਪਤਾ ਲੱਗਦਾ ਹੈ ਕਿ ਅਸ਼ੋਕ ਬਿਲਕੁਲ ਖੱਬੇ ਜਾ ਕੇ ਸੜਕ ਤੋਂ ਥੱਲੇ ਉਤਰ ਗਿਆ ਪਰ ਇਨ੍ਹਾਂ ਆਦਮਖੋਰਾਂ ਨੇ ਉਥੇ ਜਾ ਕੇ ਵੀ ਉਸਨੂੰ ਨਾ ਬਖਸਿ਼ਆ। ਇਸ ਮਨਹੂਸ ਖ਼ਬਰ ਨੇ ਸਾਰੇ ਇਲਾਕੇ ਨੂੰ ਸੁੰਨ ਕਰ ਦਿੱਤਾ । ਪਰਿਵਾਰ ਦੀਆਂ ਆਸਾਂ ਦਾ ਬੂਟਾ ਕੁਚਲ ਦਿੱਤਾ। ਸੁਨੀਲ ਚੰਦਿਆਣਵੀ ਜਿਸਨੇ ਅਸ਼ੋਕ ਨੂੰ ਅਪਣੀ ਜਿ਼ੰਦਗੀ ਦਾ ਉਦੇਸ਼ ਹੀ ਬਣਾ ਲਿਆ ਸੀ, ਦੀ ਜਿ਼ੰਦਗੀ ਉਦੇਸ਼ ਰਹਿਤ ਬਣ ਗਈ। ਅਸ਼ੋਕ ਸਾਰੇ ਭੈਣਾਂ ਭਰਾਵਾਂ, ਦੋਸਤਾਂ-ਮਿੱਤਰਾਂ ਨੂੰ ਦੁੱਖ ਦੇ ਡੂੰਘੇ ਸਮੁੰਦਰ ਵਿਚ ਸੁੱਟ ਗਿਆ। ਸ਼ਾਉਲੀ ਦੀਆਂ ਉਮੀਦਾਂ ਦਾ ਮਹਿਲ ਖੰਡਰ ਬਣ ਗਿਆ। ਸ਼ਾਉਲੀ ਨੂੰ ਆਪਣੀ ਜਿ਼ੰਦਗੀ ਨੂੰ ਦੁਬਾਰਾ ਸੁ਼ਰੂ ਕਰਨ ਲਈ ਉਸ ਹੌਸਲੇ ਦੀ ਲੋੜ ਪਵੇਗੀ ਜਿਸ ਹੌਸਲੇ ਨਾਲ਼ ਉਨ੍ਹਾਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਸੁਪਨਿਆਂ ਲਈ ਜਿਉਣਾ ਪਏਗਾ ਜੋ ਇਕੱਠਿਆਂ ਨੇ ਲਏ ਸਨ ।
18 ਅਗਸਤ ਨੂੰ ਅਸ਼ੋਕ ਦੀ ਅੰਤਿਮ ਅਰਦਾਸ ਵਿਚ ਹਜ਼ਾਰਾਂ ਮਨੁੱਖਾਂ ਦਾ ਇਕੱਠ ਉਸਦੇ ਇਕ ਸਮਾਜਿਕ ਮਨੁੱਖ ਹੋਣ ਦੀ ਸ਼ਾਹਦੀ ਭਰਦਾ ਸੀ। ਉਸਦੀ ਅੰਤਿਮ ਅਰਦਾਸ ਵਿਚ ਅੰਤਰ-ਰਾਸ਼ਟਰੀ ਭੰਗੜਾ ਕੋਚ ਸ. ਗੁਰਚਰਨ ਸਿੰਘ (ਫ਼ਰੀਦਕੋੇਟ) ਨੇ ਦੱਸਿਆ ਕਿ ਅਸ਼ੋਕ ਵਿਚ ਬੰਦੇ ਨੂੰ ਮੋਹ ਲੈਣ ਦੀ ਅਥਾਹ ਸਮਰਥਾ ਸੀ। ਉਨ੍ਹਾਂ ਦੱਸਿਆ ਕਿ ਅਸ਼ੋਕ ਨੇ ਕੰਢੀ ਏਰੀਏ ਦੇ ਗਰੀਬ ਬੱਚਿਆਂ ਲਈ ਇਕ ਵਿਦਿਅਕ ਸੁਸਾਇਟੀ ਬਣਾਈ ਸੀ। ਅਸ਼ੋਕ ਨੇ ਇਕ ਖੂਨਦਾਨ ਸੁਸਾਇਟੀ ਵੀ ਬਣਾਈ ਸੀ ਜਿਥੇ ਹਰ ਵਰਗ ਦੇ ਖੁਨ ਮਿਲਣ ਦੀ ਵਿਵਸਥਾ ਕਰ ਰਿਹਾ ਸੀ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਸਾਥੀ ਭੁਪਿੰਦਰ ਸਿੰਘ ਵੜੈਚ ਨੇ ਅਸ਼ੋਕ ਨੂੰ ਸ਼ਰਧਾਂਜਲੀ ਅਰਪਨ ਕਰਦੇ ਹੋਏ ਦੱਸਿਆ ਕਿ ਅਸ਼ੋਕ ਸਾਡਾ ‘ਆਪਣਾ’ ਹੋਣ ਕਰਕੇ ਅਸੀਂ ਦੁੱਖ ਦੇ ਸਮੁੰਦਰ ਵਿਚ ਡੁੱਬੇ ਹੋਏ ਹਾਂ । ਪਰ ਸੈਂਕੜੇ ਅਜਿਹੇ ਹੀਰੋ ਇਹ ਜ਼ਾਲਿਮ ਢਾਂਚਾ ਸਾਥੋਂ ਰੋਜ਼ਾਨਾ ਖੋਹ ਰਿਹਾ ਹੈ। ਇਥੇ ਹਰ ਰੋਜ਼ ਹਜ਼ਾਰਾਂ ਦਰਿੰਦੇ ਬਿਨਾਂ ਲੋੜ ਤੋਂ ਸਿਰਫ਼ ਐਸ਼ ਪ੍ਰਸਤੀ ਲਈ ਮੋਟਰ ਕਾਰਾਂ ਭਜਾਈ ਫਿਰਦੇ ਹਨ। ਉਨ੍ਹਾਂ ਅਸ਼ੋਕ ਦੇ ਕਾਤਲਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਥੋਂ ਦੀ ਪੁਲਿਸ ਦੋਸੀ਼ਆਂ ਨੂੰ ਫੜਨ ਵਿਚ ਆਨਾਕਾਨੀ ਕਰ ਰਹੀ ਹੈ। ਇੱਥੋਂ ਦੇ ਭ੍ਰਿਸ਼ਟ ਰਾਜਨੀਤਕ ਆਗੂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਅਸ਼ੋਕ ਦੇ ਕਾਤਲਾਂ ਵਾਂਗ ਹੀ ਹਰ ਥਾਂ ਕਾਤਲਾਂ ਦੀ ਮੱਦਦ ਕਰਦੇ ਹਨ। ਸਾਥੀ ਵੜੈਚ ਨੇ ਕਿਹਾ ਕਿ ਅਸ਼ੋਕ ਦੀ ਮੌਤ ਨੂੰ ਸਿਰਫ਼ ਭਾਣਾ ਜਾਂ ਸਵਾਸਾਂ ਦੀ ਪੂੰਜੀ ਨਹੀਂ ਮੰਨਿਆ ਜਾ ਸਕਦਾ। ਇਹ ਸਾਧਾਰਨ ਮੌਤ ਨਹੀਂ ਸਗੋਂ ਲੁਟੇਰੇ ਢਾਂਚੇ ਵਲੋਂ ਕੀਤਾ ਗਿਆ ਇਕ ‘ਕਤਲ’ ਹੈ। ਸਾਥੀ ਵੜੈਚ ਨੈ ਦੱਸਿਆ ਕਿ 12 ਸਤੰਬਰ ਨੂੰ ਅਸ਼ੋਕ ਨੇ ਜਰਮਨੀ ਜਾਣਾ ਸੀ ਜਿਥੇ ਉਸਨੇ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਸਬੰਧੀ ਕਾਨਫਰੰਸ ‘ਤੇ ਉਸਨੇ ਆਪਣਾ ਖੋਜ ਪੱਤਰ ਪੜ੍ਹਨਾ ਸੀ। ਅਸ਼ੋਕ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਸਨੂੰ ਯੂ.ਐਸ. ਤੋਂ ਅਜਿਹਾ ਹੀ ਇਕ ਬੁਲਾਵਾ ਆਇਆ ਸੀ। ਉਨ੍ਹਾਂ ਸੱਦਾ ਦਿੱਤਾ ਕਿ ਅਸ਼ੋਕ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਆਉ ਇਕੱਠੇ ਹੋਈਏ ਅਤੇ ਇਸ ਜ਼ਾਲਿਮ ਢਾਂਚੇ ਨੂੰ ਬਦਲੀਏ।



ਦੁਰਘਟਨਾਵਾਂ ਤੇ ਜਜ਼ਬਾਤ.......... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਅਚਾਨਕ ਮੈਨੂੰ ਆਸਟ੍ਰੇਲੀਆ ਦੇ ਟ੍ਰੈਫਿਕ ਦੇ ਨਿਯਮ ਬੜੇ ਪਿਆਰੇ ਜਾਪਣ ਲੱਗ ਪਏ ਨੇ । ਹੁਣ ਤੱਕ ਇਸੇ ਲਈ ਅੰਦਰੋ-ਅੰਦਰੀ ਕੁੜਦਾ ਰਿਹਾ ਕਿ 1000 ਡਾਲਰ ਭਾਵ ਕਰੀਬ ਪੈਂਤੀ-ਚਾਲੀ ਹਜ਼ਾਰ ਰੁਪਏ ਕੇਵਲ ਕਾਰ ਚਲਾਉਣ ਦੀ ਟ੍ਰੇਨਿੰਗ ਆਦਿ ਤੇ ਖ਼ਰਚ ਕਰਨ ਦੇ ਬਾਵਜੂਦ ਮੇਰਾ ਲਾਇਸੈਂਸ ਨਹੀਂ ਬਣਿਆ । ਏਨਾ ਕੁ ਸਖ਼ਤ ਕਾਨੂੰਨ ਹੈ ਕਿ ਜ਼ਰਾ ਜਿੰਨੀ ਗਲਤੀ ਹੋਣ ਤੇ ਟਿਕਟ (ਜੁਰਮਾਨਾ ਪਰਚੀ) ਘਰ ਆ ਜਾਂਦੀ ਹੈ । ਦੁਰਘਟਨਾਵਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਗਿਣਤੀ ‘ਚ ਹੀ ਨਹੀਂ ਆਉਂਦੀ । ਦਸਾਂ ਮਹੀਨਿਆਂ ‘ਚ ਇੱਕ ਵੀ ਅਜਿਹੀ ਦੁਰਘਟਨਾ ਬਾਰੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਦੀ ਮੌਤ ਹੋਈ ਹੋਵੇ । ਅਜਿਹਾ ਨਹੀਂ ਹੈ ਕਿ ਹਰ ਜਗ੍ਹਾ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਮਹਿਕਮੇ ਦੇ ਅਫ਼ਸਰ ਮੌਜੂਦ ਰਹਿੰਦੇ ਹੋਣ, ਆਮ ਜਨਤਾ ਹੀ ਆਪਣਾ ਇਤਨਾ ਕੁ ਫ਼ਰਜ਼ ਸਮਝਦੀ ਹੈ ਕਿ ਕਿਸੇ ਨੂੰ ਕੋਈ ਸਿ਼ਕਾਇਤ ਦਾ ਮੌਕਾ ਨਹੀਂ ਮਿਲਦਾ । ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਵਤਨ ‘ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ । ਪੰਜਾਬ ‘ਚ ਰਹਿੰਦਿਆਂ ਇਹ ਵੀ ਪਤਾ ਨਹੀਂ ਸੀ ਕਿ ਫਰੀਦਕੋਟੋਂ ਲੁਧਿਆਣੇ ਜਾਂ ਬਠਿੰਡੇ ਜਾਣ ਲਈ ਕਿੰਨੀ ਸਪੀਡ ਤੇ ਜਾਣਾ ਚਾਹੀਦਾ ਹੈ । ਹੁਣ ਵੀ ਨਹੀਂ ਪਤਾ, ਕਿਉਂ ਜੋ ਕਿਸੇ ਵੀ ਸੜਕ ਤੇ ਸਪੀਡ ਦੇ ਬੋਰਡ ਹੀ ਨਹੀਂ ਲੱਗੇ ਹੋਏ । ਕੋਈ ਪਤਾ ਨਹੀਂ ਸੜਕ ਤੇ ਚੱਲਦਿਆਂ ਕਦੋਂ ਕਿਹੜੇ ਪਾਸਿਓਂ ਕੀ ਸਾਹਮਣੇ ਆ ਜਾਵੇ । ਲਾਇਸੈਂਸ ਬਨਵਾਉਣ ਲਈ ਸੰਬੰਧਿਤ ਦਫ਼ਤਰ ਵੀ ਜਾਣ ਦੀ ਲੋੜ ਨਹੀਂ ਜਾਪਦੀ । ਹਰ ਸ਼ਹਿਰ ‘ਚ ਏਜੰਟ ਮੌਜੂਦ ਨੇ, ਸੌ-ਦੋ ਸੌ ਰੁਪਏ ਫਾਲਤੂ ਦਿਓ ਚਾਹੇ “ਰਾਕਟ” ਦਾ ਲਾਇਸੈਂਸ ਬਣਵਾ ਲਓ । ਪੰਦਰਾਂ-ਸੋਲਾਂ ਸਾਲਾਂ ਦੇ ਛੋਹਰ ਸਕੂਟਰ-ਮੋਟਰ ਸਾਇਕਲ ਚਲਾਈ ਫਿਰਦੇ ਨੇ, ਪਿੰਡਾਂ ‘ਚ ਟਰੈਕਟਰ ਘੁਕਾਈ ਫਿਰਦੇ ਨੇ । “ਟਾਰਗੈਟ” ਪੂਰੇ ਕਰਨ ਲਈ ਸਕੂਟਰ-ਮੋਟਰ ਸਾਇਕਲਾਂ ਦੇ ਚਲਾਨ ਕੱਟਣ ਲਈ ਹਰ ਗਲੀ ਦੀ ਨੁੱਕੜ ਤੇ ਅੱਠ ਜਣੇ ਖੜ੍ਹ ਜਾਂਦੇ ਨੇ । ਮੋਟਰਾਂ ਵਾਲੇ ਸਰਦਾਰਾਂ ਜਾਂ ਸ਼ਾਹੂਕਾਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ । ਟਰੱਕ-ਟਰਾਲੀਆਂ ਓਵਰ ਲੋਡ, ਕੀ ਸਾਰੀ ਸੜਕ ਘੇਰੀ ਜਾਂਦੀ ਟਰਾਲੀ ਜਾਂ ਟਰੱਕ ਕਿਸੇ ਨੂੰ ਨਜ਼ਰ ਨਹੀਂ ਆਉਂਦਾ ? ਇਹ ਨਹੀਂ ਕਿ ਇਨ੍ਹਾਂ ਗੱਲਾਂ ਜਾਂ ਬੇ-ਨਿਯਮੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ, ਰੌਲਾ ਤਾਂ ਬਿੱਲੀ ਦੇ ਗਲ਼ ਟੱਲੀ ਬੰਨਣ ਦਾ ਹੈ, ਕੌਣ ਬੰਨੇ ? ਜਾਪਦਾ ਹੈ, ਹਮਾਮ ‘ਚ ਸਾਰੇ ਨੰਗੇ ਨੇ ।

ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ.......... ਗੀਤ / ਸੁਨੀਲ ਚੰਦਿਆਣਵੀ

ਤਾਰਿਆਂ ਦੀ ਲੋਏ ਲੋਏ
ਸਿੰਜੇ ਜਾਂਦੇ ਚੰਨਾ ਕੋਏ
ਹਾਲ ਸਾਡਾ ਪੁੱਛੇ ਕੋਈ ਨਾ
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ

ਸਾਡੇ ਨਾਵੇਂ ਲਾ ਤੂੰ ਗਿਐਂ ਨੇਰ੍ਹੀਆਂ ਵੇ ਰਾਤਾਂ ਚੰਨਾ

ਦੱਸਿਆ ਨਾ ਸਾਡਾ ਵੇ ਕਸੂਰ ।
ਠੰਢੀਆਂ ਰਾਤਾਂ ਦੇ ਵਿਚ ਬਿਰਹੋਂ ਦੀ ਭੱਠੀ ਉੱਤੇ
ਭੁੱਜਦਾ ਏ ਮੁਖੜੇ ਦਾ ਨੂਰ ।
ਜੁ਼ਲਫਾਂ ਸੰਵਾਰੀਆਂ ਨੇ,
ਤੇਰੇ ਲਈ ਸਿ਼ੰਗਾਰੀਆ ਨੇ ,
ਤਾਹਨੇ ਦੇਣ ਦੱਸ ਕੀ ਕਰਾਂ,,,
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ.....

ਤੇਰੇ ਲਾਰਿਆਂ ਨਾਲ਼ ਕਿੰਨਾ ਦਿਲ ਸਮਝਾਵਾਂ ਭੈੜਾ
ਰਾਹਾਂ ਵੱਲੀਂ ਤੱਕਦਾ ਰਹੇ ।
ਗ਼ਮਾਂ ਦੇ ਅੰਗਾਰਿਆਂ ਤੋਂ ਡਰਦਾ ਬੜਾ ਏ ਸਾਨੂੰ
ਬੋਲ ਤੇ ਕੁਬੋਲ ਕਹੇ ।
ਮੇਰੇ ਨੈਣਾਂ ਵਿਚ ‘ਡੀਕਾਂ ,
ਕੰਧਾਂ ਉੱਤੇ ਮਾਰਾਂ ਲੀਕਾਂ,
ਕੋਠੇ ਤੋਂ ਉਡਾਵਾਂ ਕਦੇ ਕਾਂ,,,
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ......

ਤੇਰੇ ਬਿਨਾਂ ਚੰਦਿਆਣੀ ਪਿੰਡ ‘ਚ ‘ਅਸ਼ੋਕ’ ਕਿਸੇ
ਪੌਣ ਨਾਲ਼ ਠੰਢ ਨਾ ਪਵੇ ।
ਛੇੜ ਛੇੜ ਲੰਘਦੀ ਏ ਪੁਰੇ ਦੀ ਹਵਾ ਵੇ ਜਿਵੇਂ
ਭੈੜੀ ਕੋਈ ਬਦਲਾ ਲਵੇ ।
ਬੜੇ ਹੀ ਸਤਾਏ ਆਂ ਵੇ ,
ਦਿਨਾਂ ਦੇ ਹਰਾਏ ਆਂ ਵੇ ,
ਆ ਜਾ ਜਿੰਦ ਰਾਹਾਂ ‘ਚ ਧਰਾਂ,,,
ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਂ……

ਮਹਿਫਿ਼ਲਾਂ ਨੂੰ ਕੀ ਕਰਾਂ.......... ਗ਼ਜ਼ਲ / ਸੁਨੀਲ ਚੰਦਿਆਣਵੀ

ਤੂੰ ਨਹੀਂ, ਤਾਂ ਮੈਂ ਖ਼ੁਦਾਈ ਤੋਹਫਿਆਂ ਨੂੰ ਕੀ ਕਰਾਂ
ਬਿਨ ਤੇਰੇ ਜੋ ਸਜਦੀਆਂ ਨੇ ਮਹਿਫਿ਼ਲਾਂ ਨੂੰ ਕੀ ਕਰਾਂ

ਤੂੰ ਹਰਿਕ ਦੇ ਪੂੰਝ ਅੱਥਰੂ ਹੱਸਣਾ ਦਿੱਤਾ ਸਿਖਾ
ਬਾਝ ਤੇਰੇ ਛਣਕਦੇ ਜੋ ਹਾਸਿਆਂ ਨੂੰ ਕੀ ਕਰਾਂ


ਤੂੰ ਮਿਰੇ ਰਾਹਾਂ ‘ਚ ਬਣ ਕੇ ਦੀਪ ਜਗਿਆ ਸੀ ਉਦੋਂ
ਬਿਨ ਤਿਰੇ ਸੁੰਨੇ ਪਏ ਜੋ ਰਸਤਿਆਂ ਨੂੰ ਕੀ ਕਰਾਂ

ਆਖਦਾ ਸੈਂ ਮਾਣਨਾ ਹੈ ਜਿਉਂਦਿਆਂ ਹੀ ਸੁਰਗ ਨੂੰ
ਤੂੰ ਮਿਰੇ ਅੰਦਰ ਭਰੇ ਜੋ ਜਜ਼ਬਿਆਂ ਨੂੰ ਕੀ ਕਰਾਂ

ਤੂੰ ਉਚਾਈ ਛੂਹ ਲਵੇਂ ਤੇ ਦਰਦ ਲੋਕਾਂ ਦਾ ਚੁਗੇਂ
ਜੋ ਰਿਹਾ ਹਾਂ ਪਾਲ਼ਦਾ ਮੈਂ ਹਸਰਤਾਂ ਨੂੰ ਕੀ ਕਰਾਂ

ਢਾਲ਼ ਬਣਿਆ ਤੂੰ, ਮਿਰੇ ‘ਤੇ ਵਾਰ ਹੋਇਆ ਜਦ ਕਦੇ
ਦੇਖ ਕੱਲਾ ਘੇਰਦੇ ਜੋ ਨਸ਼ਤਰਾਂ ਨੂੰ ਕੀ ਕਰਾਂ

ਦੋਸਤੀ ਦੀ ਸ਼ਾਨ ਸੀ ਤੂੰ ਅਪਣਿਆਂ ਦਾ ਮਾਣ ਸੀ
ਨਿੱਘ ਨਾ ਤੇਰੇ ਜਿਹਾ ਮੈਂ ਚਿਹਰਿਆਂ ਨੂੰ ਕੀ ਕਰਾਂ

ਵੇ ਟੁੱਟਿਆ ਤਾਰਿਆ.......... ਗੀਤ / ਨਿਰਮੋਹੀ ਫ਼ਰੀਦਕੋਟੀ

ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
ਸਾਡੇ ਦਿਲਾਂ ‘ਚ ਤੂੰ ਆਬਾਦ, ਵੇ ਟੁੱਟਿਆ ਤਾਰਿਆ

ਉੱਚੀ-ਸੁੱਚੀ ਸੋਚ ਸੀ ਤੇਰੀ
ਰਸਤੇ ਦੇ ਵਿਚ ਕਰ ਗਿਆ ਢੇਰੀ
ਹਾਇ! ਤੈਨੂੰ ਇਕ ਜੱਲਾਦ, ਵੇ ਟੁੱਟਿਆ ਤਾਰਿਆ

ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਤੂੰ ਸੈਂ ਸੱਭ ਦਾ ਸਾਥੀ ਸੰਗੀ
ਤੂੰ ਇਕ ਹਸਤੀ ਸੈਂ ਬਹੁ-ਰੰਗੀ
ਸੈਂ ਮਿੱਠਾ ਵਾਂਗ ਕਮਾਦ,ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਰੋਂਦਿਆਂ ਤਾਈਂ ਤੂੰ ਹਸਾਇਆ
ਡਿੱਗਿਆਂ ਤਾਈਂ ਤੂੰ ਉਠਾਇਆ
ਹੱਲ ਕੀਤੇ ਵਾਦ-ਵਿਵਾਦ, ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਤੂੰ ਤਾਂ ਹਾਲੇ ਲੋਅ ਵੰਡਣੀ ਸੀ
ਜਿ਼ੰਦਗੀ ਦੀ ਖੁਸ਼ਬੋ ਵੰਡਣੀ ਸੀ
ਨਾ ਪੂਰੀ ਹੋਈ ਮੁਰਾਦ, ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ




ਤੇਰੇ ਤੁਰ ਜਾਣ ਦੇ ਮਗਰੋਂ.......... ਗ਼ਜ਼ਲ / ਸੁਰਿੰਦਰਪ੍ਰੀਤ ਘਣੀਆਂ

ਮੇਰੀ ਹਾਲਤ ਬੁਰੀ ਹੋਈ ਤੇਰੇ ਤੁਰ ਜਾਣ ਦੇ ਮਗਰੋਂ
ਕਿਤੇ ਮਿਲਦੀ ਨਹੀਂ ਢੋਈ ਤੇਰੇ ਤੁਰ ਜਾਣ ਦੇ ਮਗਰੋਂ

ਤੂੰ ਹੀ ਹਮਦਰਦ ਸੀ ਮੇਰਾ ਸੁਣਾਵਾਂ ਦਰਦ ਮੈਂ ਕਿਸਨੂੰ
ਬਣੇ ਹਮਦਰਦ ਨਾ ਕੋਈ ਤੇਰੇ ਤੁਰ ਜਾਣ ਦੇ ਮਗਰੋਂ


ਤੇਰਾ ਮੁੱਖ ਦੇਖ ਕੇ ਸੱਜਣਾ ਅਸੀਂ ਜਿਉਂਦੇ ਸਾਂ ਦੁਨੀਆਂ ‘ਤੇ
ਤਮੰਨਾ ਜੀਣ ਦੀ ਮੋਈ ਤੇਰੇ ਤੁਰ ਜਾਣ ਦੇ ਮਗਰੋਂ

ਨਿਸ਼ਾਨੀ ਦੇ ਗਿਆਂ ਜਿਹੜੀ ਮੈਂ ਜੀਵਾਂ ਦੇਖ ਕੇ ਉਸਨੂੰ
ਮੇਰਾ ਨਾ ਇਸ ਤੋਂ ਬਿਨ ਕੋਈ ਤੇਰੇ ਤੁਰ ਜਾਣ ਦੇ ਮਗਰੋਂ

ਤੇਰੇ ਤੁਰ ਜਾਣ ਦੀ ਗਾਥਾ ਸੁਣਾਈ ਜਿਸ ਬਸ਼ਰ ਨੂੰ ਮੈਂ
ਰਿਹਾ ਰੋਂਦਾ ਸਦਾ ਸੋਈ ਤੇਰੇ ਤੁਰ ਜਾਣ ਦੇ ਮਗਰੋਂ

ਬੜਾ ਰੋਇਆ ਸੀ ਇਹ ਅੰਬਰ ਸਿਤਾਰੇ ਵੀ ਵਿਲਕਦੇ ਸਨ
ਇਹ ਛਮਛਮ ਧਰਤ ਵੀ ਰੋਈ ਤੇਰੇ ਤੁਰ ਜਾਣ ਦੇ ਮਗਰੋਂ

ਤੇਰੇ ਆ ਜਾਣ ਤੇ ਸੱਜਣਾ ਚੁਫੇਰੇ ਨੂਰ ਵਰ੍ਹਦਾ ਸੀ
ਹਨ੍ਹੇਰੀ ਰਾਤ ਹੁਣ ਹੋਈ ਤੇਰੇ ਤੁਰ ਜਾਣ ਦੇ ਮਗਰੋਂ

ਅਸੀਂ ਹੋਈ ਨਹੀਂ ਦੇਖੀ ਕਿਸੇ ਦੇ ਨਾਲ਼ ਵੀ ਐਸੀ
ਅਸਾਂ ਦੇ ਨਾਲ਼ ਜੋ ਹੋਈ ਤੇਰੇ ਤੁਰ ਜਾਣ ਦੇ ਮਗਰੋਂ




ਉਦਾਸੀ.......... ਗ਼ਜ਼ਲ / ਜਸਵਿੰਦਰ

ਚੂੜੇ ਕਲੀਰੇ ਵਾਲ਼ੀਆਂ ਬਾਹਵਾਂ ਉਦਾਸ ਨੇ...

ਧੁੱਪਾਂ ਉਦਾਸ ਨੇ ਕਿਤੇ ਛਾਂਵਾਂ ਉਦਾਸ ਨੇ
ਬੇਗ਼ਮਪੁਰੇ ਨੂੰ ਜਾਂਦੀਆਂ ਰਾਹਵਾਂ ਉਦਾਸ ਨੇ

ਚੂੜੇ ਕਲੀਰੇ ਵਾਲ਼ੀਆਂ ਬਾਹਵਾਂ ਉਦਾਸ ਨੇ
ਸਿਹਰੇ ਉਦਾਸ ਨੇ ਕਿਤੇ ਲਾਵਾਂ ਉਦਾਸ ਨੇ


ਫੜ ਵੀ ਸਕਾਂਗੇ ਜਾਂ ਨਹੀਂ ਉਡਦੀ ਸੁਗੰਧ ਨੂੰ
ਕੁਝ ਸਿਆਣਿਆਂ ਲੋਕਾਂ ਦੀਆਂ ਰਾਵਾਂ ਉਦਾਸ ਨੇ

ਕੋਈ ਇਨ੍ਹਾਂ ਨੂੰ ਦੇ ਦਵੇ ਖੁਸ਼ੀਆਂ ਦੇ ਚਾਰ ਪਲ
ਗ਼ਜ਼ਲਾਂ ਉਦਾਸ ਨੇ ਤੇ ਕਵਿਤਾਵਾਂ ਉਦਾਸ ਨੇ

ਜਨਣੀ ਮਿਰੀ ਤੇ ਦੂਸਰੀ ਬੋਲੀ ਇਹ ਸ਼ਰਬਤੀ
ਅਜਕਲ੍ਹ ਇਹ ਦੋਵੇਂ ਮੇਰੀਆਂ ਮਾਵਾਂ ਉਦਾਸ ਨੇ

ਫਿਰਨੀ, ਪਹੀ, ਹਰਿਕ ਗਲ਼ੀ, ਹੱਟੀਆਂ ਤੇ ਭੱਠੀਆਂ
ਮੇਰੇ ਗਰਾਂ ਇਹ ਸਾਰੀਆਂ ਥਾਵਾਂ ਉਦਾਸ ਨੇ



ਆ ਬਹੁੜ ਮਹਿਰਮਾ ਵੇ.......... ਗੀਤ / ਸੁਨੀਲ ਚੰਦਿਆਣਵੀ

ਆ ਬਹੁੜ ਮਹਿਰਮਾ ਵੇ ਤੱਕ ਲੈ ਜਿੰਦ ਵਿਯੋਗਣ ਹੋਈ
ਸਾਨੂੰ ਹਸਦਿਆਂ ਹਸਦਿਆਂ ਨੂੰ ਵੇ ਤੂੰ ਰੋਗ ਲਾ ਗਿਐਂ ਕੋਈ

ਤੇਰੇ ਬਾਝੋਂ ਸਾਰੇ ਪਿੰਡ ਦੀਆਂ ਤੱਕੀਆਂ ਸੁੰਨੀਆ ਗਲ਼ੀਆਂ ਵੇ
ਕਿਹੜੇ ਰਾਹੋਂ ਤੂੰ ਆਵੇਂਗਾ ਤੇਰੀਆਂ ਰਾਹਾਂ ਮੱਲੀਆਂ ਵੇ
ਜੀਹਦੇ ਨਾਲ਼ ਗੱਲ ਕਰੀਏ ਯਾਦ ਵਿਚ ਹਉਕੇ ਭਰਦਾ ਸੋਈ...


ਤੇਰਾ ਹੱਸਦਾ ਹੱਸਦਾ ਚਿਹਰਾ ਸੱਜਣਾ ਕਿਵੇਂ ਭੁਲਾਵਾਂ ਮੈਂ
ਤੂੰ ਨਾ ਭਰੇਂ ਹੁੰਘਾਰਾ ਕੋਈ ਤੈਨੂੰ ਰੋਜ਼ ਬੁਲਾਵਾਂ ਮੈਂ
ਫੋਟੋ ਤੇਰੀ ਰੱਖ ਮੂਹਰੇ ਵੇ ਜਾਵਾਂ ਹਰ ਪਲ ਸੱਜਣਾ ਰੋਈ...

ਤੇਰੇ ਬਾਝੋਂ ਦੱਸ ਜਾ ਕੀਹਨੂੰ ਦਿਲ ਦਾ ਹਾਲ ਸੁਣਾਵਾਂ ਵੇ
ਵਾਰੀ ਵਾਰੀ ਫੋਨ ਉਠਾ ਕੇ ਤੇਰਾ ਨੰਬਰ ਲਾਵਾਂ ਵੇ
ਬਿਨ ਹਾਲ ਸੁਣਾਇਆਂ ਵੇ ਕਦੇ ਨਾ ਲੰਘਿਆ ਸੀ ਦਿਨ ਕੋਈ..

ਚੰਦਿਆਣੀ ਵਿਚ ਤੇਰੇ ਬਾਝੋਂ ਹਰ ਦਿਲ ਸੋਗੀ ਸੋਗੀ ਏ
ਤੈਥੋਂ ਦੂਰੀ ਨੇ ਕਰ ਦਿੱਤਾ ਇਹ ਦਿਲ ਚੰਦਰਾ ਰੋਗੀ ਏ
ਨਾ ਨੈਣੀਂ ਨੀਂਦ ਪਵੇ ਨਾ ਹੀ ਮਿਲਦੀ ਕਿਧਰੇ ਢੋਈ....
ਆ ਬਹੁੜ ਮਹਿਰਮਾ ਵੇ ਤੱਕ ਲੈ ਜਿੰਦ ਵਿਯੋਗਣ ਹੋਈ



ਤੇਰੀ ਯਾਦ ਬਥੇਰੀ ਆਉਂਦੀ.......... ਗੀਤ / ਮਿੰਟਾ ਚਮੇਲੀ

ਵੇ ਸਾਨੂੰ ਛੱਡ ਕੇ ਵਿੱਚ ਹਨ੍ਹੇਰੇ
ਕਿੱਥੇ ਲਾ ਕੇ ਬਹਿ ਗਿਓਂ ਡੇਰੇ
ਤਰਸਣ ਨੈਣ ਦਰਸ਼ ਨੂੰ ਤੇਰੇ
ਸਾਨੂੰ ਕਿਉਂ ਤੜਫਾਉਂਦਾ ਏਂ
ਤੇਰੀ ਯਾਦ ਬਥੇਰੀ ਆਉਂਦੀ ਏ, ਪਰ ਤੂੰ ਨਾ ਆਉਂਦਾ ਏਂ....


ਤੈਨੂੰ ਮਾਂ ਤੇ ਤਰਸ ਨਾ ਆਇਆ
ਚੁੱਕ ਬਾਪੂ ਨੇ ਗੋਦ ਖਿਡਾਇਆ
ਸੱਭ ਨੇ ਕਿੰਨਾ ਹੋਊ ਹਸਾਇਆ
ਉਨ੍ਹਾਂ ਨੂੰ ਕਿਉਂ ਰਵਾਉਂਦਾ ਏਂ
ਤੇਰੀ ਯਾਦ ਬਥੇਰੀ ਆਉਂਦੀ ਏ, ਪਰ ਤੂੰ ਨਾ ਆਉਂਦਾ ਏਂ....

ਟੁੱਟੀਆਂ ਵੀਰਾਂ ਦੀਆਂ ਨੇ ਬਾਹਾਂ
ਹੋ ਕੇ ਝੱਲੀ ਤੱਕਦੀ ਰਾਹਾਂ
ਜਿਹੜੀ ਵਸਦੀ ਸੀ ਵਿਚ ਸਾਹਾਂ
ਸਤੀ ਨੂੰ ਹੋਰ ਸਤਾਉਂਦਾ ਏਂ
ਤੇਰੀ ਯਾਦ ਬਥੇਰੀ ਆਉਂਦੀ ਏ, ਪਰ ਤੂੰ ਨਾ ਆਉਂਦਾ ਏਂ....

ਕਹਿੰਦੇ ‘ਮਿੰਟਿਆ’ ਮੰਨ ਲੈ ਭਾਣਾ
ਉਥੇ ਗਿਐਂ ਜਿਥੋਂ ਨਹੀਂ ਆਉਣਾ
ਤਾਰਾ ਬਣ ਗਿਆ ਹੋਊ ਨਿਮਾਣਾ
ਤੂੰ ਹੁਣ ਕਿੱਥੋਂ ਚਾਹੁੰਦਾ ਏਂ
ਤੇਰੀ ਯਾਦ ਬਥੇਰੀ ਆਉਂਦੀ ਏ, ਪਰ ਤੂੰ ਨਾ ਆਉਂਦਾ ਏਂ....

ਤੇਰੇ ਬਿਨਾ ਸੁੰਨੀ ਦੁਨੀਆਂ.......... ਗੀਤ / ਪਰਵੀਨ

ਤੂੰ ਤਾਂ ਚਾਹੁੰਦਾ ਸੈਂ ਹਰਿਕ ਘਰੇ ਰੌਣਕਾਂ
ਹਰ ਚਿਹਰਾ ਹੋਵੇ ਖਿੜਿਆ, ਹੀਰਿਆ
ਤੇਰੇ ਬਿਨਾ ਸੁੰਨੀ ਦੁਨੀਆਂ ਓ ਮੇਰੇ ਵੀਰਿਆ

ਖੋਜ ਕੀਤੀ ਜੜ੍ਹੋਂ ਕੈਂਸਰ ਮੁਕਾਉਣ ਦੀ ਤੂੰ

ਲੇਖੇ ਕੀਮਤੀ ਵਕਤ ਲਾ ਗਿਆ
ਕੈਂਸਰ ਮਰੀਜ਼ ਤੇਰਾ ਕਾਲ ਬਣ ਆ ਗਿਆ

ਤੂੰ ਤਾਂ ਕਹਿੰਦਾ ਸੈਂ ਵੀਰ ਸੱਭ ਮੇਰੇ
ਸੁਣ ਕਿਸਮਤ ਹਾਰਿਆ, ਤਾਰਿਆ
ਕਾਹਦਾ ਤੈਥੋਂ ਬਦਲਾ ਲਿਆ ਓ ਜੀਹਨੇ ਮਾਰਿਆ

ਜੀਹਨੂੰ ਮਿਲਿਆ ਤੂੰ ਓਹਦਾ ਹੋ ਕੇ ਰਹਿ ਗਿਆ
ਹਰ ਕੋਈ ਸਿਫਤ ਕਰੇ ਓ ਚੰਗਿਆ
ਰਸਤੇ ਉਦਾਸ ਹੋ ਗਏ ਤੂੰ ਜਿਥੋਂ ਲੰਘਿਆ

ਵੀਰ ਹੁੰਦੇ ਨੇ ਵੀਰਾਂ ਦੀਆਂ ਬਾਹਵਾਂ
ਤੇਰੀਆਂ ਚੜ੍ਹਾਈਆਂ ਦੇਖ ਸੀਨੇ ਤਣ ਗਏ
ਤੇਰੇ ਬਿਨਾ ਵੀਰਿਆ ਓ ਜਿ਼ੰਦਾ ਲਾਸ਼ ਬਣ ਗਏ

ਦੁਖ ਅੰਮੜੀ ਦੇ ਸੁਣਦਾ ਸੈਂ ਸੋਹਣਿਆ
ਵੇ ਬਾਪੂ ਨੂੰ ਸਹਾਰਾ ਤੂੰ ਹਮੇਸ਼ਾ ਲੱਗਣਾ
ਤੇਰੇ ਜਿਹਾ ਸਰਵਣ ਪੁੱਤ ਨਹੀਂਓਂ ਲੱਭਣਾ


ਮੇਰੀ ਮੌਤ ‘ਤੇ ਨਾ ਰੋਇਓ.......... ਗੀਤ / ਸੰਤ ਰਾਮ ਉਦਾਸੀ

ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ

ਮੇਰੀ ਵੀ ਜਿ਼ੰਦਗੀ ਕੀ ? ਇਕ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ਕ ਨਾ ਲਾਇਓ


ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲ਼ੇਗਾ ਸੂਰਜ ਕਣ ਕਣ ਮੇਰਾ ਜਲ਼ਾਇਓ

ਵਲਗਣ ‘ਚ ਕੈਦ ਹੋਣਾ ਮੇਰੇ ਨਹੀਂ ਮੁਆਫਿ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ ‘ਤੇ ਹੀ ਜਲ਼ਾਇਓ

ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ

ਬਣ ਕੇ ਬਹਾਰ ਮਿਲ.......... ਗ਼ਜ਼ਲ / ਜਸਵਿੰਦਰ

ਮੌਸਮ ਨਾ-ਸਾਜ਼ਗਾਰ ਹੈ ਬਣ ਕੇ ਬਹਾਰ ਮਿਲ
ਹਰ ਪਲ ਹੀ ਸੋਗਵਾਰ ਹੈ ਦਿਲ ਦੇ ਕਰਾਰ ਮਿਲ

ਦਿਲ ਦੇ ਕਵਾੜ ਖੋਲ੍ਹ ਕੇ ਰੱਖੇ ਮੈਂ ਦੇਰ ਤੋਂ
ਤੇਰਾ ਹੀ ਇੰਤਜ਼ਾਰ ਹੈ ਹੁਣ ਵਾਰ ਵਾਰ ਮਿਲ


ਮੇਰੇ ਨਿਮਾਣੇ ਗੀਤ ਦੀ ਤੇਰੇ ਸੁਰਾਂ ਬਗ਼ੈਰ
ਬਸ ਉਮਰ ਘੜੀਆਂ ਚਾਰ ਹੈ ਬਣ ਕੇ ਸਿਤਾਰ ਮਿਲ

ਤੇਰੇ ਹੁੰਗਾਰੇ ਵਾਸਤੇ ਸਤਰਾਂ ਵੈਰਾਗੀਆਂ
ਹਰ ਸ਼ਬਦ ਬੇਕਰਾਰ ਹੈ ਖ਼ਤ ਮਿਲਣਸਾਰ ਮਿਲ

ਸਾਰੇ ਹੀ ਦਰ ਜੇ ਬੰਦ ਨੇ ਬਣ ਕੇ ਹਵਾ ਤੂੰ ਆ
ਰਾਹਾਂ ‘ਚ ਜੇ ਦੀਵਾਰ ਹੈ ਬਾਹਾਂ ਪਸਾਰ ਮਿਲ


ਕਹਿਰ ਗੁਜ਼ਾਰ ਗਿਆ.......... ਗੀਤ / ਰਾਕੇਸ਼ ਵਰਮਾਂ

ਹਾਦਸਿਆਂ ਦੇ ਨਾਲ਼ ਪਰੁੱਚੀ ਜਿ਼ੰਦਗੀ ਵਿਚ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਅੱਖਾਂ ਦਾ ਸੀ ਤੂੰ ਤਾਰਾ ਜਿਹਨਾਂ ਮਾਪਿਆਂ ਦਾ
ਬਣਨਾ ਸੀ ਤੂੰ ਸਹਾਰਾ ਜਿਹਨਾਂ ਬੁਢਾਪਿਆਂ ਦਾ
ਮੋਢੇ ਉਹਨਾਂ ਦੇ ਧਰ ਅਰਥੀ ਦਾ ਭਾਰ ਗਿਆ

ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਹੱਥੀਂ ਬੂਟਾ ਜਿਹੜੇ ਵੀਰਨਾਂ ਲਾਇਆ ਸੀ
ਨਾਲ਼ ਦੰਮਾਂ ਦੇ ਸਿੰਜ ਪਰਵਾਨ ਚੜ੍ਹਾਇਆ ਸੀ
ਛੱਡ ਉਹਨਾਂ ਵੀਰਾਂ ਨੂੰ ਅੱਧ ਵਿਚਕਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਬਾਲ ਭਾਬੀਆਂ ਦੇ ਤੂੰ ਰਿਹਾ ਖਿਡਾਉਂਦਾ ਸੀ
ਚੁੱਕ ਕੰਧੇੜੀ ਪਿੰਡ ਦੀ ਗੇੜੀ ਲਾਉਂਦਾ ਸੀ
ਰੋਂਦੇ ਬਾਲ ਜੋ ਗੋਦੀ ਵਿੱਚੋਂ ਉਤਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਇਕ ਸੋਹਲ ਜਿਹੀ ਮੁਟਿਆਰ ਜੋ ਤੂੰ ਪਰਨਾਈ ਸੀ
ਪਾ ਰੰਗਲਾ ਚੂੜਾ ਲੜ ਤੇਰੇ ਲੱਗ ਆਈ ਸੀ
ਓਸ ਨਾਰ ਨੂੰ ਜਿਉਂਦੇ ਜੀਅ ਤੂੰ ਮਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਤੇਰੇ ਜਾਣ ਦਾ ਸਭ ਨੇ ਸੋਗ ਮਨਾਇਆ ਏ
ਜਿਸ ਖ਼ਬਰ ਸੁਣੀ ਗੱਚ ਉਸ ਦਾ ਭਰ ਆਇਆ ਏ
ਯਾਦ ਕਰੇਂਦੇ ਰੋਂਦੇ ਛੱਡ ਜੋ ਯਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਤੂੰ ਨਹੀਂ ਹੋਣਾ.......... ਨਜ਼ਮ/ਕਵਿਤਾ / ਦਵਿੰਦਰ ਚੰਦਿਆਣਵੀ

ਕੰਡੇ ਵੀ ਹੋਣੇ
ਦਰਦ ਵੀ ਹੋਣਾ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਫੁੱਲ ਵੀ ਖਿੰਡਣੇ

ਮਹਿਕਾਂ ਵੀ ਹੋਣੀਆਂ
ਦਿਨ ਲੰਘ ਗਏ
ਰੁੱਤਾਂ ਵੀ ਲੰਘਣਗੀਆਂ
ਮੌਸਮ ਆਉਣਗੇ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਜੇਠ ਦੇ ਦੁਪਿਹਰੇ
ਸਿਵਿਆਂ ਦੀ ਅੱਗ ਵਾਂਗ ਬਲਣਗੇ
ਪੋਹ ਦੀਆਂ ਰਾਤਾਂ
ਰੋਮ-ਰੋਮ ਵਿੱਚ ਰਚਣਗੀਆਂ
ਲਮਹਾ-ਲਮਹਾ ਸਤਾਉਣਗੀਆਂ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਸਾਵਣ ਦੀਆਂ ਘਟਾਵਾਂ
ਮੌਤ ਦੀ ਬੱਦ੍ਹਲੀ ਬਣਨਗੀਆਂ
ਆਸਾਂ ਦੇ ਦੀਵੇ
ਹਨ੍ਹੇਰੀ ਦੀ ਬੁੱਕਲ ਵਿੱਚ ਸਮਾ ਜਾਣਗੇ
ਕੋਸਿ਼ਸ਼ ਜਾਰੀ ਐ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਮਾਂ ਦੀਆਂ ਸਰਲੀਆਂ
ਪਿਉ ਦੀਆਂ ਧਾਹਾਂ
ਭੈਣਾਂ ਦੀਆਂ ਸਿਸਕੀਆਂ
ਕਦੇ ਨਾ ਖ਼ਤਮ ਹੋਣਗੀਆਂ,
ਰਾਹਾਂ ਤਰਸਣਗੀਆਂ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਸਮਸ਼ਾਨ ਚ' ਉਡਦੀ ਰਾਖ਼ ਵਾਂਗ
ਅਕਸ ਗਵਾਚ ਜਾਵੇਗਾ,
ਤੇਰੀ ਸੋਚ
ਤੇਰੀਆਂ ਉਚਾਈਆਂ
ਨਹੀਂ ਭੁੱਲਣਗੀਆਂ
ਭਾਵੇਂ ਮੌਤ ਦੀ ਬੁੱਕਲ
ਵਿੱਚ ਸਮੋ ਜਾਈਏ
ਉਡੀਕ ਰਹੇਗੀ
ਹਰ ਪਲ
ਯਾਦਾਂ ਦੀਆਂ ਨਸਾਂ ਵਿੱਚ
ਰੱਤ ਬਣ ਕੇ
ਬਿਰਹੋਂ ਦਾ ਜ਼ਹਿਰ ਵਗਦਾ ਐ
ਸੋਚਾਂ ਬਲਣਗੀਆਂ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....


ਵਿਛੜ ਗਿਆਂ ਦੀਆਂ ਯਾਦਾਂ.......... ਗੀਤ / ਸੇਵਕ ਬਰਾੜ ਖੋਖਰ

ਮਾਂ ਨੂੰ ਪੁੱਤ ਦਾ ਦੁੱਖ ਮਾਰਜੇ
ਕਾਲ ਪਏ ਤੋਂ ਭੁੱਖ ਮਾਰਜੇ
ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ


ਜੋਟੀ ਟੁੱਟਦੀ ਯਾਰ ਮਰੇ ਤੋਂ ਕੰਤ ਮਰੇ ਤੋਂ ਚੂੜਾ
ਇਕ ਦੂਜੇ ਬਿਨ ਆਸ਼ਕ ਮਰਦੇ ਪਿਆਰ ਜੇ ਹੋਵੇ ਗੂੜ੍ਹਾ
ਦੰਗਿਆਂ ਦੇ ਵਿਚ ਪਬਲਿਕ ਮਰਦੀ ਹੁੰਦੀਆਂ ਜਦੋਂ ਫ਼ਸਾਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ

ਭਾਈ ਮਰੇ ਤੋਂ ਤਾਕਤ ਮਰਦੀ ਛਾਂ ਮਰਦੀ ਮਾਂ ਮਰਿਆਂ
ਭੈਣ ਮਰੇ ਤਾਂ ਰੱਖੜੀ ਦਾ ਦਿਨ ਲੰਘਦਾ ਹੌਂਕੇ ਭਰਿਆਂ
ਮਾਪੇ ਮਰ ਜਾਣ ਬਿਨ ਮੋਇਆਂ ਜੇ ਮਾੜੀਆਂ ਹੋਣ ਔਲਾਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ

ਮਰੇ ਜਵਾਨੀ ਇਸ਼ਕ ਕਰੇ ਤੋਂ ਇਸ਼ਕ ਨੂੰ ਮਾਰੇ ਧੋਖਾ
ਮਾੜੇ ਜੱਟ ਨੂੰ ਵਿਆਜ ਮਾਰਜੇ ਫਸਲ ਨੂੰ ਮਾਰੇ ਸੋਕਾ
ਪਿੰਡ ਖੋਖਰ ਵਿਚ ਸੇਵਕ ਮੰਗਦਾ ਚੰਗੀਆਂ ਰੋਜ਼ ਮੁਰਾਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ



ਤੇਰੇ ਜਾਣ ਮਗਰੋਂ.......... ਗੀਤ / ਸੁਖਚਰਨਜੀਤ ਕੌਰ ਗਿੱਲ

ਅਸੀਂ ਬੁੱਕ ਬੁੱਕ ਰੋਏ ਤੇਰੇ ਜਾਣ ਮਗਰੋਂ
ਵੇ ਹੰਝੂ ਜਾਣ ਨਾ ਲਕੋਏ ਤੇਰੇ ਜਾਣ ਮਗਰੋਂ

ਸਾਡੀ ਪੁੰਨਿਆ ਵੀ ਮੱਸਿਆ ਦੀ ਬਣ ਜਾਂਦੀ ਰਾਤ
ਚੇਤੇ ਕਰਕੇ ਵੇ ਜਾਂਦੀ ਵਾਰੀ ਵਾਲ਼ੀ ਮੁਲਾਕਾਤ
ਬੂਹੇ ਪਲਕਾਂ ਦੇ ਢੋਏ ਤੇਰੇ ਜਾਣ ਮਗਰੋਂ,
ਵੇ ਅਸੀਂ ਬੁੱਕ ਬੁੱਕ ਰੋਏ...............


ਸਾਡੀ ਧੁੱਪ ਵੀ ਉਦਾਸ ਸਾਡੀ ਛਾਂ ਵੀ ਉਦਾਸ
ਹਾਏ ਵੇ! ਬੋਲਦਾ ਬਨੇਰੇ ਉਤੇ ਕਾਂ ਵੀ ਉਦਾਸ
ਟੋਟੇ ਸੱਧਰਾਂ ਦੇ ਹੋਏ ਤੇਰੇ ਜਾਣ ਮਗਰੋਂ,
ਵੇ ਅਸੀਂ ਬੁੱਕ ਬੁੱਕ ਰੋਏ..............

ਬੂਹੇ ਬਾਰੀਆਂ ਵੀ ਪਾਉਂਦੇ ਚੰਨਾ ਤੇਰੀ ਹੀ ਕਹਾਣੀ
ਅੱਖਾਂ ਰੁੰਨੀਆਂ ਵੇ ਰੋਂਦੀਆਂ ਦਾ ਸੁੱਕ ਗਿਆ ਪਾਣੀ
ਅਸੀਂ ਜੀਂਵਦੇ ਨਾ ਮੋਏ ਤੇਰੇ ਜਾਣ ਮਗਰੋਂ
ਵੇ ਅਸੀਂ ਬੁੱਕ ਬੁੱਕ ਰੋਏ ਤੇਰੇ ਜਾਣ ਮਗਰੋਂ
ਵੇ ਹੰਝੂ ਜਾਣ ਨਾ ਲੁਕੋਏ ਤੇਰੇ ਜਾਣ ਮਗਰੋਂ.......

ਤੇਰਾ ਇੰਤਜ਼ਾਰ ਹੈ..... ਗ਼ਜ਼ਲ / ਹਰੀ ਸਿੰਘ ਮੋਹੀ

ਸੁਪਨਾ ਹੈ ਕਿ ਸੱਚ ਹੈ, ਨਾ ਖ਼ਬਰ ਹੈ ਨਾ ਸਾਰ ਹੈ
ਤੂੰ ਸਾਹਮਣੇ ਹੈ ਫਿਰ ਵੀ ਤੇਰਾ ਇੰਤਜ਼ਾਰ ਹੈ

ਆਉਣਾ ਹੈ ਨਾ ਆਏਂਗਾ ਮੈਂ ਸੱਭ ਜਾਣਦਾਂ ਫਿਰ ਵੀ
ਤੇਰੀ ਉਡੀਕ ਰਾਤ ਦਿਨੇ ਬਰਕਰਾਰ ਹੈ


ਮੇਰੇ ਲਈ ਨਾ ਆ ਤੂੰ ਗੁਜ਼ਰ ਕਰ ਲਵਾਂਗਾ ਮੈਂ
ਮੌਸਮ ਤੇਰੇ ਬਗੈ਼ਰ ਬਹੁਤ ਸੋਗਵਾਰ ਹੈ

ਕੇਡੀ ਹੈ ਇਹ ਕਸਕ ਤੇਰੇ ਵਿਛੜਨ ਦੀ ਦਿਨ ਢਲ਼ੇ
ਕੁਝ ਦਿਲ ਦੇ ਏਸ ਪਾਰ ਹੈ ਕੁਝ ਓਸ ਪਾਰ ਹੈ

ਮੈਂ ਹੀ ਨਾ ਕਿੱਧਰੇ ਸੋਖ਼ ਲਵਾਂ ਉਸ ਦੇ ਸਾਰੇ ਰੰਗ
ਪੱਲਾ ਬਚਾ ਕੇ ਇਸ ਤਰ੍ਹਾਂ ਗੁਜ਼ਰੀ ਬਹਾਰ ਹੈ


ਨੀਰ ਨੈਣਾਂ ਵਿੱਚ ਰੁਕਦਾ ਨਹੀਂ.......... ਨਜ਼ਮ/ਕਵਿਤਾ / ਦਰਸ਼ਨ ਭੰਵਰਾ

ਇੱਕ ਲਮਹਾ ਏਹੋ ਜਿਹਾ ਗੁਜ਼ਰ ਗਿਆ,
ਮੇਰਾ ਪੱਲ ਵਿੱਚ ਸੱਭ ਕੁੱਝ ਉੱਜੜ ਗਿਆ॥
ਮੇਰੇ ਨੀਰ ਨੈਣਾਂ ਵਿੱਚ ਰੁੱਕਦਾ ਨਹੀਂ,
ਮੇਰਾ ਪੋਟਾ-ਪੋਟਾ ਉੱਧੜ ਗਿਆ॥
ਮੇਰੇ ਨੀਰ ਨੈਣਾਂ..........


ਤੇਰਾ ਸੁਹਣਾ ਮੁੱਖੜਾ ਵੇਖਣ ਨੂੰ,
‘ਇਹ” ਦਰ ਤੇ ਲਾ ਕੇ ਰੱਖੀਆਂ ਨੇ।
ਨਾ ਨੀਂਦਰ ਸਾਨੂੰ ਆਉਂਦੀ ਏ ,
ਇਹ ਭੋਰਾ ਵੀ ਨਾ ਥੱਕੀਆਂ ਨੇ॥
ਅਸੀਂ ਕੀ ਸਮਝਾਈਏ ਇਹਨਾਂ ਨੂੰ,
ਵੇ ਆਉਣ ਨੂੰ ਤੂੰ ਹੀ ਮੁੱਕਰ ਗਿਆ।
ਮੇਰੇ ਨੀਰ ਨੈਂਣਾਂ..........

ਆ ਕਿਧਰੋਂ ਵੀ ਹੁਣ ਆ ਜਾ ਤੂੰ
ਤੈਨੂੰ ਸੀਨੇ ਨਾਲ ਲਗਾ ਲਾਂ ਮੈਂ।
ਗੱਲਾਂ ਦਿਲ ਵਿੱਚ ਜਿੰਨੀਆਂ ਬਚੀਆਂ ਨੇ,
ਇੱਕ ਵਾਰੀ ਬੈਠ ਮੁਕਾ ਲਾਂ ਮੈਂ॥
ਤੇਰਾ ਸਾਥ ਦਿਲੇਰੀ ਦੇਂਦਾ ਸੀ,
ਹੁਣ ਦਿਲ ਮੇਰਾ ਇਹ ਸੁਕੜ ਗਿਆ।
ਮੇਰੇ ਨੀਰ ਨੈਣਾਂ..........

ਪਲ-ਪਲ ਯਾਦ ਸਤਾਵੇ ਤੇਰੀ ,
ਹਰ ਪਲ ਤੇਰੀਆਂ ਸੋਚਾਂ ਨੇ।
ਦਿਲ ਧਾਹਾਂ ਮਾਰ ਕੇ ਰੋਂਦਾ ਏ,
ਇਹ ਗਹਿਰੀਆਂ ਬਹੁਤ ਖਰੋਚਾਂ ਨੇ॥
ਉਹ ਵਕਤ ਭੁਲਾਇਆਂ ਭੁੱਲਦਾ ਨਹੀਂ,
ਤੇਰੇ ਨਾਲ ਵਕਤ ਜੋ ਗੁਜ਼ਰ ਗਿਆ।
ਮੇਰੇ ਨੀਰ ਨੈਣਾਂ..........

ਲੱਖ ਲਾਹਣਤਾਂ ਉਨ੍ਹਾਂ ਸ਼ਰਾਬੀਆਂ ਨੂੰ,
ਜੋ ਏਨਾ ਕਹਿਰ ਗੁਜ਼ਾਰ ਗਏ ।
ਫੁੱਲਾਂ ਜਿਹੀ ਕੋਮਲ ਜਿੰਦਗੀ ਨੂੰ,
ਅਪਣੀ ਗਲਤੀ ਦੀ ਬਲ਼ੀ ਚਾੜ੍ਹ ਗਏ॥
ਭੰਮਰੇ ਨੂੰ ਵਕਤ ਉਹ ਭੁਲਣਾਂ ਨਹੀਂ,
ਤੇਰੇ ਨਾਲ ਜੋ ਹੱਸ ਕੇ ਗੁਜ਼ਰ ਗਿਆ।
ਮੇਰੇ ਨੀਰ ਨੈਣਾਂ..........

ਭੰਮਰਾ ਤਾਂ ਬਿਲਕੁੱਲ ਪਾਸੇ ਸੀ,
ਪਰ ਵਕਤ ਨੇ ਐਸਾ ਮੋੜ ਲਿਆ।
ਤੂੰ ਮਿੱਠੀਆਂ-ਮਿੱਠੀਆਂ ਗੱਲਾਂ ਨਾਲ਼,
ਉਹਨੂੰ ਅਪਣੇ ਨਾਲ਼ ਹੀ ਜੋੜ ਲਿਆ॥
ਉਹ ਬਹੁਤ ਸੁਹਾਣਾ ਪਲ ਸੱਜਣਾ ,
ਪਲ ਵਿੱਚ ਪਤਾ ਨਹੀਂ ਕਿੱਧਰ ਗਿਆ।
ਮੇਰੇ ਨੀਰ ਨੈਣਾਂ ਵਿੱਚ ਰੁੱਕਦਾ ਨਈਂ ,
ਮੇਰਾ ਪੋਟਾ-ਪੋਟਾ ਉੱਧੜ ਗਿਆ..........

ਅੰਮਾਂ ਜਾਏ ਵੀਰ ਬਿਨਾਂ........ ਗੀਤ / ਸੁਖਚਰਨਜੀਤ ਕੌਰ ਗਿੱਲ

ਜਿਹੜਾ ਭਾਈਆਂ ਬਿਨਾਂ ਖ਼ਾਕ ਯਾਰੋ ਛਾਣਦਾ
ਜਿਵੇਂ ਹੁੰਦਾ ਨਾ ਵਜੂਦ ਕੋਈ ਕਮਾਨ ਦਾ,
ਵੇ ਚੱਲਦੇ ਤੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ਜਿਹਾ ਲੱਗਦਾ ਏ,
ਅੰਮਾ ਜਾਏ ਵੀਰ ਬਿਨਾਂ


ਵੀਰਾ ਤੁਰ ਗਿਓਂ ਸੁੰਨਾ ਜੱਗ ਕਰਕੇ
ਦਿਨ ਕੱਟਦਾ ਮੈਂ ਹਉਕੇ ਭਰ ਭਰ ਕੇ
ਜੋਤ ਅੰਮੜੀ ਦੇ ਨੈਣਾਂ ਵਾਲ਼ੀ ਬੁਝ ਗਈ
ਤੇਰੀ ਤਸਵੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ................

ਹੋਈਆਂ ਕੱਠੀਆਂ ਨਾ ਯਾਰਾਂ ਦੀਆਂ ਢਾਣੀਆਂ
ਹੁਣ ਬੀਤੇ ਦੀਆਂ ਬਣੀਆਂ ਕਹਾਣੀਆਂ
ਕਦੇ ਲੱਭਦੇ ਨਾ ਲਾਲ ਗੁਆਚੇ,
ਵੇ ਲਿਖੀ ਤਕਦੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ................

ਹੋਈਆਂ ਤੇਰੇ ਬਿਨਾਂ ਸੁੰਨੀਆਂ ਹਵੇਲੀਆਂ
ਰੋਣ ਖੇਤਾਂ ਵਿਚ ਤੂਤਾਂ ਦੀਆਂ ਗੇਲੀਆਂ
ਸਹੁੰ ਰੱਬ ਦੀ ਲਹੂ ਦੇ ਰੋਵਾਂ ਅੱਥਰੂ,
ਸੁੱਕ ਚੁੱਕੇ ਨੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ...............