ਸ਼ਿਵ ਕੁਮਾਰ ਬਟਾਲਵੀ........... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ


ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ (ਪਾਕਿਸਤਾਨ), ਵਿਖੇ ਤਹਿਸੀਲਦਾਰ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ । 1947 ਦੀ ਵੰਡ ਸਮੇਂ ਇਹ ਪਰਿਵਾਰ ਬਟਾਲਾ (ਗੁਰਦਾਸਪੁਰ) ਵਿਖੇ ਆ ਵਸਿਆ । ਇਥੇ ਇਸ ਦੇ ਪਿਤਾ ਨੂੰ ਪਟਵਾਰੀ ਵਜੋਂ ਕੰਮ ਕਰਨਾ ਪਿਆ। ਦਸਵੀਂ ਕਰਨ ਪਿਛੋਂ 1953 ਵਿਚ ਬਟਾਲਾ, ਕਾਦੀਆਂ, ਨਾਭਾ ਤੋਂ ਸਿਵਲ ਇੰਜਨੀਅਰਿੰਗ ਤੱਕ ਦੀ ਪੜਾਈ ਕੀਤੀ।

ਸਭ ਤੋਂ ਛੋਟੀ ਉਮਰ ਵਿਚ 1967 ਨੂੰ ਉਸ ਨੂੰ ਸਾਹਿਤ ਅਕੈਡਮੀ ਐਵਾਰਡ , 1965 ‘ਚ ਛਪੀ ਕਿਤਾਬ “ਲੂਣਾ” ਲਈ ਮਿਲਿਆ । ਪਹਿਲੀ ਛਪੀ ਕਿਤਾਬ “ਪੀੜਾਂ ਦਾ ਪਰਾਗਾ” (1960) ਨੇ ਹੀ ਉਸ ਦੀ ਹਾਜ਼ਰੀ ਪੰਜਾਬੀ ਜਗਤ ਵਿਚ ਲਵਾ ਦਿੱਤੀ ਸੀ।  5 ਫਰਵਰੀ 1967 ਨੂੰ ਅਰੁਣਾ ਨਾਲ ਸ਼ਾਦੀ ਹੋਈ, ਜਿਸ ਤੋਂ ਆਪ ਦੇ ਘਰ ਦੋ ਬੱਚੇ ਮਿਹਰਬਾਨ (1968), ਅਤੇ ਪੂਜਾ (1969) ਨੂੰ ਹੋਏ। 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਪੀ ਆਰ ਓ ਵਜੋਂ ਨੌਕਰੀ ਮਿਲਣ ਕਰਕੇ ਰਿਹਾਇਸ਼ ਚੰਡੀਗੜ੍ਹ ਰੱਖ ਲਈ ।

ਉਹ ਕਵੀ ਤੋਂ ਇਲਾਵਾ ਵਾਰਤਕ ਅਤੇ ਪਲੇਅ ਲੇਖਕ ਵੀ ਸੀ । ਸ਼ਿਵ ਨੂੰ ਕਿਸੇ ਨੇ ਰੁਮਾਂਸਵਾਦੀ, ਦਰਦ ਇ ਦਿਲ ਦਾ ਮਰੀਜ, ਬ੍ਰਿਹੋਂ ਦਾ ਸੁਲਤਾਨ ਆਦਿ ਕਿਹਾ ਪਰ ਉਹ ਆਪਣੀ ਹੀ ਲੋਰ ਵਿਚ ਲਿਖਦਾ ਚਲਾ ਗਿਆ । ਕਿਸੇ ਅਲੋਚਨਾ ਦੀ ਉਸ ਨੇ ਚਿੰਤਾ ਨਹੀਂ ਸੀ ਮੰਨੀ। ਫਿਰ ਵੀ ਅਲੋਚਨਾ ਦਾ ਜਵਾਬ ਉਸ ਨੇ ਬਲਵੰਤ ਗਾਰਗੀ ਦੀ ਰਚਨਾ “ਸੁਰਮੇ ਵਾਲੀ ਅੱਖ” ਦਾ ਜਿ਼ਕਰ ਕਰਦਿਆਂ ਦਿਤਾ। ਉਸ ਨੇ “ਪੀੜਾਂ ਦਾ ਪਰਾਗਾ” (1960), “ਮੈਨੂੰ ਵਿਦਾ ਕਰੋ” (1963), “ਗਜਲ ਤੇ ਗੀਤ”, “ਆਰਤੀ” (1971), “ਲਾਜਵੰਤੀ” (1961), “ਆਟੇ ਦੀਆਂ ਚਿੜੀਆਂ” (1962), “ਲੂਣਾਂ” (1965), “ਮੈ ਤੇ ਮੈੂ” (1970), “ਦਰਦਮੰਦਾਂ ਦੀਆਂ ਆਹੀਂ” ਲਿਖੀਆਂ।  

ਮਈ 1972 ਵਿਚ ਇੰਗਲੈਂਡ ਰਹਿੰਦੇ ਡਾ।ਗੋਪਾਲਪੁਰੀ,ਅਤੇ ਕੈਲਾਸ਼ ਪੁਰੀ ਦੇ ਬੁਲਾਵੇ ਤੇ ਉਹ ਇੰਗਲੈਂਡ ਗਿਆ, ਪੰਜਾਬੀਆਂ ਨੇ ਬਹੁਤ ਮਾਣ ਦਿਤਾ। ਪੁਰੀ ਪਰਿਵਾਰ ਨੇ ਕਵੈਂਟਰੀ ਵਿਚ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ।  ਵਾਪਸ ਆ ਕੇ ਉਨ੍ਹਾਂ ਦੀ ਤਬੀਅਤ ਖ਼ਰਾਬ ਰਹਿਣ ਲੱਗ ਪਈ । 6 ਮਈ 1973 ਦੀ ਸਵੇਰ ਨੂੰ ਆਖਰੀ ਸਾਹ ਲਿਆ। (ਕੁਝ 7 ਮਈ ਲਿਖਦੇ ਹਨ, ਪਰ ਇਹ ਦਿਨ ਅੰਤਿਮ ਰਸਮਾਂ ਸੰਸਕਾਰ ਆਦਿ ਦਾ ਦਿਨ ਸੀ)  ਇਸ ਬ੍ਰਿਹੋਂ ਦੇ ਕਵੀ, ਪੀੜਾਂ ਦੇ ਸੁਲਤਾਨ ਨੇ ਉਮਰ ਦੇ ਸਿਰਫ 36 ਮੌਸਮ ਹੰਢਾਏ। ਜਿਥੇ ਨਾਮਵਰ ਗਾਇਕਾਂ ਨੇ ਉਹਦੇ ਗੀਤ ਗਾਏ, ਉਥੇ ਉਸਦੀਆਂ ਕਿਤਾਬਾਂ ਦੇ ਸੰਗ੍ਰਹਿ ਵੀ ਛਪੇ । ਦਿਲ ਦਾ ਬਾਦਸਾਹ ਸਿ਼ਵ ਪੰਜਾਬੀਆਂ ਦੇ ਦਿਲਾਂ ਦਾ ਅੱਜ ਵੀ ਰਾਜਾ ਹੈ ਤੇ ਕੱਲ ਵੀ ਰਹੇਗਾ । 

****

No comments: