Showing posts with label ਸੁਰਿੰਦਰ ਸੰਗਰ. Show all posts
Showing posts with label ਸੁਰਿੰਦਰ ਸੰਗਰ. Show all posts

ਟੁਰਨਾ ਮੜਕ ਦੇ ਨਾਲ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ

ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ

ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ

ਲੋਕੋ!  ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ
****

ਰੱਬ ਨੂੰ ਗਿਲ਼ਾ......... ਸੁਰਿੰਦਰ ਸੰਗਰ

ਪੰਜ ਦਰਿਆਵਾਂ ਦੀ ਧਰਤੀ-‘ਪੰਜਾਬ‘। ਅੱਜ ਤੋਂ ਕੁਝ ਦਹਾਕੇ ਪਹਿਲਾਂ ਮੇਰੇ ਪੰਜਾਬ ਦਾ ਖੇਤਰ ਬੜਾ ਹੀ ਵਿਸ਼ਾਲ ਸੀ। ਉਹ ਖੇਤ, ਉਹ ਖੂਹ, ਉਹ ਆਬ ਸਭ ਵੰਡੀਆਂ ਨਾਲ ਵੰਡੇ ਗਏ ਅਤੇ ਇਸ ਦਾ ਖੇਤਰ ਕਿਤੇ ਪਿਛਾਂਹ ਜਾ ਪਿਆ। ਸਮਝ ਨਹੀਂ ਆਉਂਦੀ ਕਿ ਇਸ ਦਾ ਜਿੰਮੇਵਾਰ ਕੌਣ ਹੈ। ਜੇਕਰ ਮਨੁੱਖ ਸਿਰਫ ਕਟਪੁਤਲੀ ਹੈ, ਜਿਸ ਨੂੰ ਨਚਾਉਣ ਵਾਲਾ ਉਹ ਰੱਬ ਹੈ ਤਾਂ ਇਸ ਦਾ ਜਿ਼ੰਮੇਵਾਰ ਉਹੀ ਹੈ। ਇਸ ਲਈ ਮੇਰਾ ਗਿਲਾ ਹੈ; ਉਸ ਰੱਬ ਨੂੰ।
ਕਿੰਨਾ ਖੁਸ਼ਹਾਲ ਸੀ ਉਹ ਪੰਜਾਬ ਜਿਸ ਵਿਚ ਹਿੰਦੂ ਅਤੇ ਮੁਸਲਮਾਨ ਰਲ਼-ਮਿਲ਼ ਕੇ ਰਹਿੰਦੇ ਸਨ। ਅਜਿਹੀ ਵਾਅ ਵੱਗੀ ਕਿ ਇਕ ਹੀ ਥਾਲੀ ਵਿਚ ਖਾਣ ਵਾਲੇ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਬੈਠੇ। ਪੰਥ ਖਤਰੇ ਵਿਚ ਹੈ, ਹਿੰਦੂ ਧਰਮ ਨੂੰ ਬਚਾਓ, ਇਸਲਾਮ ਨੂੰ ਢਾਹ ਪੁੱਜ ਰਹੀ ਹੈ ; ਅਜਿਹੇ ਨਾਹਰੇ ਨਿੱਤ ਕੰਨਾ ਵਿਚ ਗੂੰਜਣ ਲੱਗੇ। ਮੈਂ ਪੱਛਣਾ ਚਾਹੁੰਦੀ ਹਾਂ ਧਰਮ ਦੇ ਇਹਨਾਂ ਮੁਦੱਈਆਂ ਤੋਂ ਕਿ ਜੇਕਰ ਜਨਮ ਸਮੇਂ ਹੀ ਇਕ ਹਿੰਦੂ, ਇਕ ਮੁਸਲਮਾਨ ਅਤੇ ਇਕ ਇਸਾਈ ਨੂੰ ਇਕ ਹੀ ਥਾਂ ਤੇ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਕੀ ਕੋਈ ਪਹਿਚਾਨ ਲਵੇਗਾ ਕਿ ਕਿਹੜਾ ਹਿੰਦੂ ਹੈ ? ਕਿਹੜਾ ਮੁਸਲਮਾਨ? ਕਿਹੜਾ ਸਿੱਖ ਅਤੇ ਕਿਹੜਾ ਇਸਾਈ? ਨਹੀਂ ਬਿਲਕੁਲ ਵੀ ਨਹੀਂ।   ਜੇ ਨਹੀਂ, ਤਾਂ ਵੱਡੇ ਹੋਣ ‘ਤੇ ਅਸੀਂ ਉਹਨਾਂ ਨੂੰ ਰਾਮ ਸਿੰਘ, ਰਾਮੂ ਜਾਂ ਰਮੱਈਆ ਵਿਚ ਕਿਉਂ ਬਦਲ ਦਿੰਦੇ ਹਾਂ । ਕੀ ਇਹ ਸਾਡੀ ਨਾਸਮਝੀ ਹੈ? ਜਾਂ ਫਿਰ ਇਹ ਕਿਹਾ ਜਾਵੇ ਕਿ ਉਸ ਰੱਬ ਦਾ ਕਸੂਰ ਜਿਸ ਦੇ ਸਿਰ ਮਨੁੱਖ ਨੂੰ ਸਮਝ ਦੇਣ ਦਾ  ਸਿਹਰਾ ਬੰਨ੍ਹਿਆ ਜਾਂਦਾ ਹੈ।

ਮੁੜ ਨਹੀ ਆਉਂਦਾ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਇਕ ਵਾਰ ਸਮਾਂ ਜੋ ਬੀਤ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਵਿਛੜ ਜੋ ਮੀਤ ਗਿਆ, ਮੁੜ ਨਹੀ ਆਉਂਦਾ।
ਦਿਲ  ਜਿਹੇ  ਸਾਜ਼ ਦੇ ਕੋਮਲ  ਤਾਰ ਨੂੰ ਨਾ ਛੇੜੋ ;
ਇਕ ਵਾਰ ਬਿਖਰ ਜੋ ਗੀਤ ਗਿਆ,ਮੁੜ ਨਹੀ ਆਉਂਦਾ।

ਇਕ ਵਾਰ ਨਿਕਲ ਜੋ ਪੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਜੋ ਪਾਣੀ ਦੂਰ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਰੁੱਖ ਦੇ ਕੋਮਲ ਟਹਿਣ ਨੂੰ ਨਾ ਝਾੜੋ;
ਇਕ ਵਾਰ ਜੋ ਝੜ ਇਹ ਬੂਰ ਗਿਆ, ਮੁੜ ਨਹੀ ਆਉਂਦਾ।

ਆਲ੍ਹਣਾ........... ਨਜ਼ਮ/ਕਵਿਤਾ / ਸੁਰਿੰਦਰ ਸੰਗਰ

ਮਾਂ  ਤੋਂ ਪਰਦੇਸ, ਆਇਆ ਨਾ ਗਿਆ
ਮੈਥੋਂ ਵੀ ਦੇਸ, ਜਾਇਆ ਨਾ ਗਿਆ
ਇਕ ਵਾਰ ਜੋ ਟੁੱਟਿਆ ਸਾਡਾ ਆਲ੍ਹਣਾ
ਕੋਸਿ਼ਸ਼ਾਂ ਦੇ ਬਾਦ ਵੀ, ਬਣਾਇਆ ਨਾ ਗਿਆ

ਨੌਕਰੀ ਦੀ ਭਾਲ ਜੋ, ਲੱਗਾ ਕਰਨ
ਇਕ ਇਕ ਡਾਲਰ ‘ਤੇ, ਲੱਗਾ ਮਰਨ
ਖੂਬ ਡਾਲਰ ਕਮਾ ਕੇ ਕੋਠੀ ਬਣਾ ਲਈ
ਅਮੀਰੀ ਦੇ ਸਮੁੰਦਰ ਵਿਚ, ਲੱਗਾ ਤਰਨ