Showing posts with label ਪ੍ਰੀਤਮ ਪਰਵਾਜ਼. Show all posts
Showing posts with label ਪ੍ਰੀਤਮ ਪਰਵਾਜ਼. Show all posts

ਪੰਜਾਬੀ ਜ਼ੁਬਾਨ ਦੇ ਸਹੀ ਉਚਾਰਨ ਦੀ ਲੋੜ.......... ਲੇਖ / ਪ੍ਰੀਤਮ ਪਰਵਾਜ਼

ਕਿਸੇ ਵੀ ਭਾਸ਼ਾ ਦੀ ਇਕਸੁਰਤਾ ਇਕਸਾਰਤਾ ਅਤੇ ਸੁੱਧਤਾ ਲਿਆਉਣ ਲਈ ਵਿਆਕਰਨ ਦਾ ਬਹੁਤ ਵੱਡਾ ਯੋਗਦਾਨ ਹੈ। ਵਿਆਕਰਨ ਸਾਡੇ ਲਈ ਨਿਯਮਬੱਧਤਾ ਅਤੇ ਸਪਸ਼ਟਤਾ ਵਾਸਤੇ ਸਹਾਈ ਹੈ। ਵਿਆਕਰਨ ਤੋਂ ਬਿਨਾਂ ਭਾਸ਼ਾ ਅਨੁਸ਼ਾਸਨਹੀਣ, ਬੇਤੁਕੀ ਅਤੇ ਦਿਸ਼ਾਹੀਣ ਹੋ ਕੇ ਰਹਿ ਜਾਂਦੀ ਹੈ।

ਜਿਵੇਂ ਸੰਗੀਤ ਵਿਚ ਸੱਤ ਸੁਰਾਂ ਦੀ ਸਰਗਮ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਤੇ ਰਾਗਾਂ ਦੀ ਉਤਪਤੀ ਅਤੇ ਵਿਕਾਸ ਕੀਤਾ ਜਾਂਦਾ ਹੈ,ਇਵੇਂ ਹੀ ਵਿਆਕਰਨ ਭਾਸ਼ਾ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਬੰਨ੍ਹ ਕੇ ਉਸ ਵਿਚ ਇਕਸਾਰਤਾ ਅਤੇ ਨਿਖਾਰ ਲਿਆਉਂਦੀ ਹੈ। ਪੰਜਾਬੀ ਭਾਸ਼ਾ ਵਿਚ ਪੰਜਾਬੀ ਵਿਆਕਰਨ ਦੀ ਇਕ ਖਾਸ ਮਹਾਨਤਾ ਹੈ। ਖਾਸ ਨਿਯਮਾਂ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੀ ਪੰਜਾਬੀ ਭਾਸ਼ਾ ਦਾ ਠੁੱਕ ਬੰਨਿਆ ਜਾ ਸਕਦਾ ਹੈ।

ਲਿਖਤੀ ਬੋਲੀ ਵਿਚ ਵਿਆਕਰਨ ਨਿਯਮਾਂ ਰਾਹੀਂ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁਧ ਅਤੇ ਸਹੀ ਲਿਖਣ ਵਿਚ ਪ੍ਰਬੀਨਤਾ ਹਾਸਿਲ ਕਰ ਸਕਦੇ ਹਾਂ। ਪਰ ਭਾਸ਼ਾ ਦੀ ਬੋਲਚਾਲ ਦੀ ਸ਼ੁੱਧਤਾ ਨੂੰ ਕਿਵੇਂ ਸ਼ੁੱਧ ਬੋਲ ਸਕਦੇ ਹਾਂ। ਇਹ ਸਮੱਸਿਆ ਬੜੀ ਜਟਿਲ ਹੈ। ਭਾਸ਼ਾ ਵਿਚ ਤਲੱਫ਼ਜ਼ ਜਾਂ ਉਚਾਰਨ ਦੀ ਬਹੁਤ ਵੱਡੀ ਮਹੱਤਤਾ ਹੈ। ਜੇਕਰ ਸ਼ੁੱਧ ਉਚਾਰਣ ਨਹੀਂ ਹੋਵੇਗਾ ਤਾਂ ਅਸੀਂ ਪ੍ਰਭਾਵਹੀਣ ਹੋ ਕੇ ਰਹਿ ਜਾਵਾਂਗੇ। ਆਉਣ ਵਾਲ਼ੀ ਪੀੜ੍ਹੀ ਵਿਚ ਉਚਾਰਣ ਦੀਆਂ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹਨ। ਇਹਨਾਂ ਦਾ ਮੈਂ ਮੋਟੇ ਤੌਰ ਤੇ ਜਿ਼ਕਰ ਕਰਾਂਗਾ।

ਅਜੋਕੇ ਪੰਜਾਬੀ ਉਚਾਰਨ ਦੀ ਜੋ ਸਮੱਸਿਆ ਬਣ ਗਈ ਹੈ ਉਹ ਬੜੀ ਗੁੰਝਲਦਾਰ ਤੇ ਉਲਝਣ ਵਾਲ਼ੀ ਹੈ। ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕ ਅਤੇ ਕਾਲਜਾਂ ਦੇ ਪ੍ਰਾ-ਅਧਿਆਪਕ ਪੰਜਾਬੀ ਦੇ ਗ਼ਲਤ ਉਚਾਰਨ ਵਿਚ ਗ੍ਰਸ ਚੁੱਕੇ ਹਨ। ਜੇਕਰ ਅਧਿਆਪਕ ਵਰਗ ਦਾ ਉਚਾਰਨ ਸ਼ੁੱਧ ਨਹੀਂ ਹੈ ਤਾਂ ਉਹ ਵਿਦਿਆਰਥੀ ਨੂੰ ਕੀ ਸੇਧ ਦੇਵੇਗਾ। ਅਸ਼ੁੱਧ ਉਚਾਰਨ ਪੰਜਾਬੀ ਭਾਸ਼ਾ ਲਈ ਇਕ ਮਾਰੂ ਸੱਟ ਹੈ। ਪੰਜਾਬੀ ਦੇ ਨਵੀਂ ਪੀੜ੍ਹੀ ਦੇ ਕਵੀਆਂ ਅਤੇ ਲੇਖਕਾਂ ਵਿਚ ਵੀ ਸੁ਼ੱਧ ਉਚਾਰਨ ਦੀ ਘਾਟ ਰੜਕ ਰਹੀ ਹੈ।

ਉਰਦੂ ਜ਼ੁਬਾਨ ਦਾ ਸਾਡੇ ਪੰਜਾਬੀ ਸਾਹਿਤ ਵਿਚ ਇਕ ਖ਼ਾਸ ਮੁਕਾਮ ਹੈ। ਇਸ ਮੁਕਾਮ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪੰਜਾਬੀ ਸਾਹਿਤ ਵਿਚ ਬਾਬਾ ਸ਼ੇਖ਼ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਦਮੋਦਰ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਪੀਲੂ, ਹਾਸ਼ਮ, ਮਕਬੂਲ, ਫਜ਼ਲ ਸ਼ਾਹ ਤੇ ਸਯੀਅਦ ਵਾਰਸ ਸ਼ਾਹ ਦਾ ਉਚਾ ਸਥਾਨ ਹੈ। ਇਹਨਾਂ ਸਾਹਿਤਕਾਰਾਂ ਨੇ ਅਪਣੀ ਲਿਖਤ ਵਿਚ ਉਰਦੂ-ਫਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ ਅਤੇ ਸਾਹਿਤ ਦਾ ਖਜ਼ਾਨਾ ਭਰਪੂਰ ਕੀਤਾ ਹੈ। ਉਰਦੂ-ਫਾਰਸੀ ਨੂੰ ਮੁੱਖ ਰੱਖਦਿਆਂ ਸਾਡੇ ਵਿਦਵਾਨਾਂ ਨੇ ਪੰਜਾਬੀ ਵਰਣਮਾਲਾ ਵਿਚ ਕੁਝ ਬਿੰਦੀਆਂ ਵਾਲ਼ੇ ਅੱਖਰਾਂ ਦਾ ਵਾਧਾ ਕੀਤਾ ਹੈ ਤਾਂ ਕਿ ਫਾਰਸੀ ਵਿਚ ਆਏ ਸ਼ਬਦਾਂ ਦਾ ਸ਼ੁੱਧ ਅਤੇ ਸਹੀ ਉਚਾਰਨ ਹੋ ਸਕੇ ਇਹ ਅੱਖਰ ਹਨ- ਸ਼, ਖ਼, ਜ਼, ਗ਼, ਫ਼, ਲ਼ । ਹਜ਼ਾਰਾਂ ਸ਼ਬਦ ਪੰਜਾਬੀ ਨੇ ਫਾਰਸੀ ਵਿਚੋਂ ਹਜ਼ਮ ਕੀਤੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਪੰਜਾਬੀ ਜ਼ੁਬਾਨ ਵਿਚੋਂ ਕਿਵੇਂ ਮਨਫੀ ਕਰ ਸਕਦੇ ਹਾਂ।

ਸਾਡੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੇ ਕਾਇਦੇ ਵਿਚ ਇਹ ਬਿੰਦੀਆਂ ਵਾਲ਼ੇ ਅੱਖਰ ਦਰਜ ਹਨ। ਫਾਰਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਇਹਨਾਂ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਈਆਂ ਗਈਆਂ ਹਨ। ਪ੍ਰੰਤੂ ਅਧਿਆਪਕਜਨ ਇਹਨਾਂ ਅੱਖਰਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ। ਪ੍ਰਾਇਮਰੀ ਤੋਂ ਹਾਈ ਸਕੂਲਾਂ ਅਤੇ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਉਚਾਰਨ ਦੀ ਸ਼ੁੱਧਤਾ ਵੱਲ ਪ੍ਰੇਰਿਆ ਨਹੀਂ ਜਾਂਦਾ। ਏਸੇ ਕਰਕੇ ਬੱਚਿਆਂ ਦਾ ਉਚਾਰਨ ਅਸ਼ੁੱਧ ਅਤੇ ਕੱਚ ਘਰੜ ਰਹਿ ਜਾਂਦਾ ਹੈ। ਭਾਸ਼ਾ ਦੀ ਬੋਲਚਾਲ ਵਿਚ ਇਕ ਠੁੱਕ, ਇਕ ਪ੍ਰਭਾਵ ਖਤਮ ਹੋ ਜਾਂਦਾ ਹੈ।

ਵਿਦਿਆਰਥੀਆਂ ਦੇ ਵਰਗ ਨੂੰ ਇਕ ਪਾਸੇ ਰੱਖਦੇ ਹੋਏ ਮੈਂ ਅਧਿਆਪਕ ਵਰਗ ਬਾਰੇ ਚਰਚਾ ਕਰਾਂਗਾ ਕਿ ਉਹ ਉਚਾਰਨ ਦੀ ਕਿਵੇਂ ਜੱਖਣਾ ਪੁੱਟਦੇ ਹਨ। ਕੁਝ ਉਦਾਹਰਣਾਂ ਦੇਵਾਂਗਾ ਜਿਵੇਂ ਜਿ਼ੰਦਗੀ ਨੂੰ (ਜਿੰਦਗੀ), ਜ਼ਮਾਨਾ ਨੂੰ (ਜਮਾਨਾ), ਜ਼ਮੀਨ ਨੂੰ (ਜਮੀਨ), ਗ਼ੇਰਤ ਨੂੰ (ਗੈਰਤ), ਗ਼ਜ਼ਲ ਨੂੰ (ਗਜਲ), ਬਾਗ਼ ਨੂੰ (ਬਾਗ), ਫ਼ਸਲ ਨੂੰ (ਫਸਲ), ਫ਼ਕੀਰ ਨੂੰ (ਫਕੀਰ), ਜਿ਼ਕਰ ਨੂੰ (ਜਿਕਰ), ਯਾਰੀ ਨੂੰ (ਜਾਰੀ), ਜਾਰੀ ਨੂੰ (ਯਾਰੀ) ਬੋਲਦੇ ਹਨ।

ਇਕ ਹੋਰ ਹਾਸੋਹੀਣਾ ਪੱਖ ਦੇਖੋ ਮਜਬੂਰੀ ਨੂੰ (ਮਜ਼ਬੂਰੀ), ਤਜਰਬਾ ਨੂੰ (ਤਜ਼ਰਬਾ) ਅਤੇ ਹਿਜਰ ਨੂੰ ਹਿਜ਼ਰ ਬੋਲਦੇ ਹਨ।

ਮੈਂ ਇਕ ਮਿਸਾਲ ਹੋਰ ਦਿਆਂਗਾ ਕਿ ਸਾਡਾ ਸ਼ਹਿਰੀ ਵਰਗ ਪੰਜਾਬੀ ਜ਼ੁਬਾਨ ਦਾ ਸੱਤਿਆਨਾਸ਼ ਕਿਵੇਂ ਕਰ ਰਿਹਾ ਹੈ। ਇਹ ਲੋਕ ਨ ਅਤੇ ਣ ਦੀ ਵਰਤੋਂ ਕਿਵੇਂ ਕਰਦੇ ਹਨ। "ਨੀ ਮੀਨਾ! ਤੂੰ ਪਾਨੀ ਪੀਨਾ ਏਂ ਕੂ ਨਹੀਂ ਪੀਨਾ। ਖਾਨਾ ਕਦੋਂ ਖਾਨਾ ਏਂ?" " ਨੀ ਗੀਤਾ! ਮੈਂ ਨਹੀਂ ਹਾਲੀ ਖਾਨਾ। ਮੈਂ ਤਾਂ ਹਾਲੀ ਬਸ ਪਾਨੀ ਹੀ ਪੀਨਾ ਏਂ।"

ਨਵੇਂ ਲੇਖਕ ਅਤੇ ਕਵੀ ਜੋ ਪੰਜਾਬੀ ਜ਼ੁਬਾਨ ਦੀ ਰੂਹ ਪਛਾਣਦੇ ਹਨ, ਦਾ ਉਚਾਰਨ ਕਾਫੀ ਹੱਦ ਤੱਕ ਸ਼ੁੱਧ ਅਤੇ ਸਹੀ ਹੁੰਦਾ ਹੈ। ਜਦੋਂ ਕਵੀ ਕਿਸੇ ਕਵੀ ਦਰਬਾਰ ਵਿਚ ਅਸ਼ੁੱਧ ਭਾਸ਼ਾ ਬੋਲਦਾ ਹੈ ਤਾਂ ਆਪਣਾ ਸਾਰਾ ਪ੍ਰਭਾਵ ਮਨਫ਼ੀ ਕਰ ਲੈਂਦਾ ਹੈ। ਅੱਜ ਕੱਲ੍ਹ ਟੀ.ਵੀ. ਚੈਨਲਾਂ 'ਤੇ ਬਹੁਤ ਹੀ ਅਸ਼ੁੱਧ ਪੰਜਾਬੀ ਬੋਲੀ ਅਤੇ ਲਿਖੀ ਜਾਂਦੀ ਹੈ।

ਪੁਰਾਣੇ ਸਮਿਆਂ ਵਿਚ ਮੌਲਵੀ ਪਾਸੋਂ ਲੋਕ ਉਰਦੂ ਅਤੇ ਫਾਰਸੀ ਦੀ ਤਾਲੀਮ ਹਾਸਿਲ ਕਰਦੇ ਸਨ। ਉਹ ਤਲੱਫ਼ਜ਼ ਜਾਂ ਉਚਾਰਨ ਉਤੇ ਬਹੁਤ ਜ਼ੋਰ ਦਿਆ ਕਰਦੇ ਸਨ। ਭੁੱਲ ਭੁਲੇਖੇ ਜੇ ਕਿਸੇ ਵਿਦਿਆਰਥੀ ਨੇ ਲੇਕਿਨ ਲਫ਼ਜ਼ ਨੂੰ ਲੇਕਨ ਆਖ ਦੇਣਾ ਜਾਂ ਮੁਸ਼ਕਿਲ ਨੂੰ ਮੁਸ਼ਕਲ ਬੋਲ ਦੇਣਾ ਤਾਂ ਉਸੇ ਲਫ਼ਜ਼ ਦੀ ਕਈ ਕਈ ਵਾਰ ਦੁਹਰਾਈ ਕਰਵਾਈ ਜਾਂਦੀ ਸੀ। ਮੈਂ ਆਪਣੇ ਪੰਜਾਬੀ ਪੜ੍ਹਾਉਣ ਦੇ 35 ਸਾਲਾਂ ਸਮੇਂ ਵਿਦਿਆਰਥੀਆਂ ਨੂੰ ਸੁੱਧ ਉਚਾਰਨ ਲਈ ਮਿਹਨਤ ਕਰਵਾਉਂਦਾ ਰਿਹਾ ਹਾਂ। ਕਾਫੀ ਵਿਦਿਆਰਥੀ ਨੂੰ ਇਸ ਪਾਸੇ ਸਫ਼ਲਤਾ ਦਿਵਾਈ ਹੈ। ਇਹ ਵਿਦਿਆਰਥੀ ਅੱਜ ਕੱਲ੍ਹ ਲਿਖਣ ਪ੍ਰਕਿਰਿਆ ਵਿਚ ਯੋਗਦਾਨ ਪਾ ਰਹੇ ਹਨ। ਕੁਲਵਿੰਦਰ ਕੌਰ ਮਠਾਰੂ, ਗੁਲਜ਼ਾਰ ਤਾਹਰਪੁਰੀ, ਸਤਨਾਮ ਦੁੱਗਲ ਅਤੇ ਕਮਲ ਕੇਸਰ ਜਿ਼ਕਰਯੋਗ ਹਨ।

ਮੇਰੇ ਇਹਨਾਂ ਵਿਚਾਰਾਂ ਤੋਂ ਪੰਜਾਬੀ ਪਿਆਰੇ ਅਤੇ ਪੰਜਾਬੀ ਪਾਠਕ ਸ਼ਾਇਦ ਕੁਝ ਸੇਧ ਲੈ ਸਕਣਗੇ ਤੇ ਆਪਣੇ ਜੀਵਨ ਵਿਚ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਬਰਕਰਾਰ ਰੱਖ ਸਕਣਗੇ।

ਐ ਮਾਂ ਬੋਲੀ! ਤੈਨੂੰ ਲੱਖ-ਲੱਖ ਪ੍ਰਣਾਮ।