‘ਤੇ ਰਾਵਣ ਅਜੇ ਵੀ ਜਿੰਦਾ ਹੈ......... ਲੇਖ / ਰਿਸ਼ੀ ਗੁਲਾਟੀ


ਚਲੋ ਜੀ ! ਦੁਸਹਿਰਾ ਨਿੱਕਲ ਗਿਆ । ਦੀਵਾਲੀ ਦੀ ਇੰਤਜ਼ਾਰ ਬੜੀ ਬੇਸਬਰੀ ਨਾਲ਼ ਸ਼ੁਰੂ ਹੋ ਚੁੱਕੀ ਹੈ । ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਇੱਕ ਵਾਰ ਮੁੜ ਮਨਾ ਲਿਆ । ਦੁਸਹਿਰਾ ਕਮੇਟੀਆਂ ਨੇ ਬੜੀ ਮਿਹਨਤ ਕੀਤੀ, ਹਰ ਸਾਲ ਹੀ ਕਰਦੀਆਂ ਨੇ... ਮਿਹਨਤ ਸਫ਼ਲ ਹੋਈ । ਦੁਸਹਿਰਾ ਕਮੇਟੀਆਂ ਨੇ ਆਪਣੇ ਆਪਣੇ ਸ਼ਹਿਰਾਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਸੱਦਾ ਪੱਤਰ ਭੇਜੇ ਹੋਣਗੇ ਤੇ ਉਨ੍ਹਾਂ ਸਿ਼ਰਕਤ ਵੀ ਕੀਤੀ ਹੋਏਗੀ । ਇਹ ਨਹੀਂ ਕਿ ਸ਼੍ਰੀ ਫਲਾਣਾ ਰਾਮ ਜਾਂ ਸ੍ਰ. ਫਲਾਣਾ ਸਿੰਘ ਨੂੰ ਦਿਲੀ ਸੱਦਾ ਪੱਤਰ ਭੇਜੇ ਗਏ ਹੋਣਗੇ, ਬਲਕਿ ਆਯੋਜਕਾਂ ਨੇ ਤਾਂ ਮੋਢਿਆਂ ਤੇ ਲੱਗੇ ਸਟਾਰਾਂ ਤੇ ਅਹੁਦਿਆਂ ਨੂੰ ਆਪਣੇ ਭਵਿੱਖ ਨੂੰ ਮੱਦੇ-ਨਜ਼ਰ ਰੱਖਦਿਆਂ ਸੱਦਾ ਪੱਤਰ ਸਣੇ ਸਲੂਟ ਭੇਜੇ ਹੋਣਗੇ । ਸੱਦਾ ਪੱਤਰ ਦੇਣ ਲਈ ਇੱਕ ਦੂਜੇ ਦੇ ਮੋਢੇ ਉੱਤੋਂ ਦੀ ਅੱਡੀਆਂ ਚੁੱਕ ਚੁੱਕ ਕੇ ਮਾਲਕ ਸਾਹਿਬ ਨੂੰ ਆਪਣੇ ਚਿਹਰੇ ਦੀ ਝਲਕ ਪਵਾਉਣ ਦੀ ਕੋਸਿ਼ਸ਼ਾਂ ਵੀ ਕੀਤੀਆਂ ਹੋਣਗੀਆਂ ਤੇ ਸਰਕਾਰੀ ਬਿਸਕੁਟਾਂ ਨਾਲ਼ ਚਾਹ ਪੀਂਦਿਆਂ ਅਫ਼ਸਰ ਦੇ ਲੰਡੂ ਜਿਹੇ ਮਜ਼ਾਕ ਜਾਂ ਚੁਟਕਲੇ ‘ਤੇ ਬੇਵਜ੍ਹਾ ਦੰਦੀਆਂ ਵੀ ਕੱਢੀਆਂ ਹੋਣਗੀਆਂ । ਦੁਸਹਿਰਾ ਗਰਾਊਂਡ ‘ਚ ਉਸਤਰੇ ਨਾਲ਼ ਤਾਜ਼ੇ ਤਾਜ਼ੇ ਰਗੜੇ ਮੂੰਹਾਂ ‘ਦੇ ਨਾਲ਼ ਸਿਰ ‘ਤੇ ਕੇਸਰੀ ਜਾਂ ਹਰੇ ਰੰਗ ਦੀ ਤੁਰਲੇ ਵਾਲੀ ਪੱਗ ਟਿਕਾਈ ਹੋਈ ਹੋਵੇਗੀ ਤੇ ਹੱਟੀ ਦੀ ਗੱਦੀ ਉੱਪਰ ਲਗਾਉਣ ਲਈ “ਮਾਲਕ ਸਾਹਿਬ” ਨਾਲ਼ ਫੋਟੋ ਵੀ ਖਿਚਵਾਈ ਹੋਵੇਗੀ । ਜੀ ਹਾਂ ! ਬਿਲਕੁੱਲ... ਮਾਲਕ ਸਾਹਿਬਾਂ ਨਾਲ਼ ਬੇ-ਤਕੱਲਫ਼ ਹੋਣ ਦੇ ਅਜਿਹੇ ਮੌਕੇ ਹੱਥੋਂ ਅਜਾਂਈ ਹੀ ਨਹੀਂ ਗੁਆਉਣੇ ਚਾਹੀਦੇ । ਇਸ ਤੋਂ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਉੱਚੀ ਆਵਾਜ਼ ‘ਚ ਸਪੀਕਰ ਲਗਾ ਕੇ ਝਾਕੀਆਂ ਕੱਢਣ ਦੇ ਨਾਮ ‘ਤੇ ਸ਼ਾਂਤੀ ਪਸੰਦ ਲੋਕਾਂ, ਪੜ੍ਹਣ ਵਾਲੇ ਵਿਦਿਆਰਥੀਆਂ, ਬਜ਼ੁਰਗਾਂ ਅਤੇ ਬਿਮਾਰਾਂ ‘ਤੇ ਮਾਨਸਿਕ ਅੱਤਿਆਚਾਰ ਵੀ ਕੀਤਾ ਗਿਆ ਹੋਵੇਗਾ ।

ਤਜ਼ਰਬੇ ਜਰਮਨ ਦੇ......... ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ

ਅਕਲ, ਖ਼ੁਰਾਕ ਅਤੇ ਫਿ਼ਲੌਸਫ਼ੀ ਵਿਚ ਦੁਨੀਆਂ ਦਾ ਮੂਰਖ਼ ਤੋਂ ਮੂਰਖ਼ ਇਨਸਾਨ ਵੀ ਆਪਣੇ ਆਪ ਨੂੰ ਕੁੱਲ ਵੈਦ-ਧਨੰਤਰਾਂ ਨਾਲੋਂ ਸਿਆਣਾ ਅਤੇ ਬੇਹਤਰ ਸਮਝਦਾ ਹੈ। ਆਪਣੀ ਅਕਲ ਅਤੇ ਦੂਸਰੇ ਦੇ ਗਿਲਾਸ ਵਿਚ ਪੈੱਗ ਹਮੇਸ਼ਾ ਹੀ ਵੱਡਾ ਨਜ਼ਰ ਆਉਂਦਾ ਹੈ। ਬਹੁਤਿਆਂ ਨੂੰ ਖਲਕਤ ਤੇ ਸਦੀਵੀ ਰੰਜ ਤੇ ਗਿਲਾ ਰਹਿੰਦਾ ਹੈ ਕਿ ਲੋਕ ਉਸ ਦੀ  ਕੀਮਤੀ ਤੇ ਮੁਫਤੀ ਦਿੱਤੀ ਮੱਤ ਤੋਂ ਫ਼ਾਇਦਾ ਕਿਉਂ ਨਹੀਂ ਉਠਾਉਂਦੇ ਬਰਸ਼ਤੇ ਕਿ ਉਨ੍ਹਾਂ ਦੇ ਆਈਡੀਏ ਤੇ ਸਲਾਹਾਂ ਸ਼ੇਖਚਿੱਲੀ ਨੂੰ ਮਾਤ ਹੀ ਕਿਉਂ ਨਾ ਪਾਉਂਦੇ ਹੋਣ? ਮੂਰਖ਼ ਤੋਂ ਮੂਰਖ਼ ਇਨਸਾਨ ਵੀ ਦੋ ਲੜਦਿਆਂ ਨੂੰ ਸਮਝਾਉਣ ਅਤੇ ਆਪਣੇ ਵੱਡਮੁਲੇ ਵਿਚਾਰ ਦੇਣ ਚ ਮਾਰ ਨਹੀਂ ਖਾਂਦਾ, ਬੇਸ਼ੱਕ ਉਸਦੇ ਵਿਚਾਰ ਚੰਗੇ ਭਲਿਆਂ ਨੂੰ ਜੇਲ੍ਹ ਚ ਕਰਵਾਉਣ ਵਾਲੇ ਹੀ ਕਿਉਂ ਨਾ ਹੋਣ । ਕਿਸੇ ਵੇਲੇ ਇਸੇ ਤਰ੍ਹਾਂ ਦੇ ਹੀ ਇੱਕ ਮਹਾਂਪੁਰਸ਼ ਨਾਲ ਮੇਰਾ ਵੀ ਵਾਹ ਪੈ ਗਿਆ ਸੀ। ਉਦੋਂ ਮੈਂ ਜਰਮਨ ਵਿਚ ਨਵਾਂ ਨਵਾਂ ਹੀ ਆਇਆ ਸਾਂ। ਮੁਆਫ਼ ਕਰਨਾ ! ਸੌਰੀ !! ਆਇਆ ਤਾਂ ਮੈਂ ਇਉਂ ਲਿਖ ਦਿੱਤਾ ਜਿਸ ਤਰ੍ਹਾਂ ਜਰਮਨ ਦੇ ਚਾਂਸਲਰ ਹੈਲਮਟ ਕੋਹਲ ਨੇ ਮੈਨੂੰ ਈਸਟ ਜਰਮਨ ਤੇ ਵੈਸਟ ਜਰਮਨ ਨੂੰ ਇਕੱਠਾ ਕਰਨ ਦੇ ਮਸਲੇ ਉੱਪਰ ਸਲਾਹ ਮਸ਼ਵਰਾ ਲੈਣ ਲਈ ਉਚੇਚਾ ਸੱਦਿਆ ਹੁੰਦੈ । ਖੈਰ ! ਇਹ ਮੇਰਾ ਜਾਤੀ ਮਾਮਲਾ ਹੈ ਕਿਤੇ ਫਿਰ ਸਹੀ। ਇਸ ਵਕਤ ਮੈਂ ਸਿਰਫ ਆਪਣੇ ਯਾਰ ਰੇਵਤੀ ਰਮਨ ਜੋਸ਼ੀ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਜੋਸ਼ੀ ਸਾਹਿਬ ਦਾ ਹੁਲੀਆ ਨਾਂ ਦੇ ਬਿਲਕੁਲ ਦੋ ਸੌ ਪਰਸੈਂਟ ਉਲਟ ਸੀ। ਮੂੰਹ ਇਸ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਡਾਲਡਾ ਘਿਉ ਦੇ ਪਲਾਸਟਕ ਦੇ ਡੱਬੇ ਨੂੰ ਇਕ ਪਾਸਿਓਂ ਖਾਸਾ ਸੇਕ ਲੱਗਿਆ ਹੁੰਦੈ । ਸਿਰ ਅੱਧਾ ਗੰਜਾ ਇਉਂ ਲਗਦਾ ਸੀ, ਜਿਸ ਤਰ੍ਹਾਂ ਰਾਤ ਨੂੰ ਕੋਈ ਕਿਸੇ ਦੇ ਸਿੱਧੇ ਕੀਤੇ ਪੱਠਿਆਂ ਦੇ ਟੱਕ ਚੋਂ ਚੋਰੀ ਛਟਾਲਾ (ਬਰਸੀਨ) ਵੱਢ ਕੇ ਲੈ ਗਿਆ ਹੋਵੇ । ਮੈਂ, ਜੋਸ਼ੀ ਸਾਹਿਬ ਤੇ ਸਾਡੇ ਚਾਰ  ਹੋਰ ਨਵੇਂ ਆਏ ਸਾਥੀਆਂ ਨੂੰ ਸ਼ੋਸ਼ਲ ਵਾਲਿਆਂ ਨੇ ਇੱਕੋ ਹੀ ਕਮਰਾ ਅਲਾਟ ਕਰ ਦਿੱਤਾ ਸੀ। ਜਿਸ ਵਿੱਚ ਪੱਥਰ ਦੇ ਕੋਲਿਆਂ ਦਾ ਹਾਈਸੂਨ ਤੇ ਇੱਕ ਸਾਝਾਂ ਬਿਜਲੀ ਦਾ ਚੁੱਲ੍ਹਾ ਸੀ। ਜੰਗਲਪਾਣੀ ਲਈ ਸਾਰੀ ਹੇਮ ਵਿੱਚ ਇੱਕ ਸਾਂਝੀ ਸੱਠਾਂ ਬੰਦਿਆਂ ਲਈ ਪੰਜ ਬੈਠਣ ਵਾਲੀਆਂ ਸੀਟਾਂ ਵਾਲੀ ਨੱਕ ਸਾੜਦੀ, ਬਦਬੂ ਮਾਰਦੀ ਸੰਡਾਸਯਾਨਿ ਕਿ ਹਾਜਤ ਕਰਨ ਵਾਲੀ ਜਗ੍ਹਾ ਸੀ। ਜਿਸ ਵਿੱਚ ਪੰਜਾਬ ਦੇ ਗਿੱਝੇ ਲੋਕ ਪੱਬਾਂ ਭਾਰ ਬਹਿ ਕੇ ਹੀ ਆਪਣਾ ਕੰਮ ਨਬੇੜਦੇ ਸਨ। ਇਸ ਤਰ੍ਹਾਂ ਦੇ ਪ੍ਰਯੋਗ ਕਰਦਿਆਂ ਚਰਵੰਜਾ ਪ੍ਰਤੀਸ਼ਤ ਅਲਕੋਹਲ ਵਾਲੀ ਐਲ ਡੀਮਾਰਕੀਟ ਦੀ ਪੌਟ ਰੰਮ ਪੀਣ ਵਾਲਿਆਂ ਨੇ ਕਈ ਵਾਰੀ ਆਪਣੇ ਕਸੂਤੇ ਥਾਵਾਂ ਤੇ ਸੱਟਾਂ ਵੀ ਲਵਾਈਆਂ ਸਨ। ਜਿੱਥੇ ਗੰਦ ਪਾਉਣਾ ਤਾਂ ਸਾਡਾ ਪੌਣਾਂ ਸੈਂਕੜਾਂ ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦਾ ਜੱਦੀ ਹੱਕ ਸੀ ਤੇ ਸਫ਼ਾਈ ਲਈ ਦੋਸ਼ ਹਮੇਸ਼ਾ ਹਾਊਸ ਮਾਸਟਰ ਨੂੰ ਹੀ ਦਿੱਤਾ ਜਾਂਦਾ ਸੀ। 

ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪਰਦੇਸ……… ਲੇਖ / ਮਿੰਟੂ ਬਰਾੜ

ਕਾਫ਼ੀ ਦੇਰ ਬਾਅਦ ਲਿਖਣ ਬੈਠਾ, ਪਰ ਮੁੱਦਾ ਫੇਰ ਉਹੀ ਜਨਮ ਭੂਮੀ ਦਾ, ਫੇਰ ਸੋਚਦਾ ਕਿਉਂ ਲੱਸੀ ਰਿੜਕੀ ਜਾਣਾ? ਬਹੁਤ ਸਾਰੇ ਮੇਰੇ ਕਲਮਕਾਰ ਵੀਰ ਪਿਛਲੇ ਪੈਂਹਠ ਵਰ੍ਹਿਆਂ ਤੋਂ ਕਲਮਾਂ ਘਸਾ-ਘਸਾ ਕੇ ਹੰਭ ਗਏ ਨੇ ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਨਾਲੇ ਮੇਲੇ 'ਚ ਅਮਰੂਦਾਂ ਵਾਲੀ ਰੇਹੜੀ ਨੂੰ ਕੌਣ ਪੁੱਛਦੈ? ਪਰ ਜਦੋਂ ਫੇਰ ਇੰਡੀਆ ਤੋਂ ਆਉਂਦੀਆਂ ਨਿੱਤ ਨਵੀਆਂ-ਨਵੀਆਂ ਖ਼ਬਰਾਂ ਤੇ ਝਾਤ ਮਾਰਦਾ ਹਾਂ ਤਾਂ ਫੇਰ ਅੰਦਰ ਦਾ ਲੇਖਕ ਕਹਿੰਦੈ,

"ਯਾਰ! ਤੂੰ ਆਪਣੀ ਤੁਲਨਾ ਅਮਰੂਦਾਂ ਵਾਲੀ ਰੇਹੜੀ ਨਾਲ ਕਿਉ ਕਰਦਾ? ਤੂੰ ਆਪਣੇ ਪਿੰਡ ਵਾਲੇ ਮੱਸੇ ਚੌਕੀਦਾਰ ਵੱਲ ਦੇਖ, ਜਿਹੜਾ ਸਾਰੀ ਉਮਰ ਦਾ ਰੌਲਾ ਪਾਈ ਜਾਂਦਾ ਕਿ ਭਾਈ ਜਾਗਦੇ ਰਹੋ-ਜਾਗਦੇ ਰਹੋ! ਭਾਵੇਂ ਅੱਧੇ ਤੋਂ ਜ਼ਿਆਦਾ ਪਿੰਡ ਉਹਨੂੰ ਗਾਲ੍ਹਾਂ ਦੇ ਕੇ ਸੌਂ ਜਾਂਦੈ"।

ਸੋ ਦੋਸਤੋ! ਜੋ ਮਰਜ਼ੀ ਸਮਝੋ, ਆਪਾਂ ਤਾਂ ਬਹਿ ਗਏ ਕਾਗ਼ਜ਼ ਤੇ ਭੜਾਸ ਕੱਢਣ, ਕਿਉਂਕਿ ਹੋਰ ਕਿਤੇ ਸਾਡਾ ਵਾਹ ਵੀ ਨਹੀਂ ਚਲਦਾ। ਹੁਣ ਤੁਸੀਂ ਪੁੱਛੋਗੇ ਕਿ ਕਿਹੜੀਆਂ ਖ਼ਬਰਾਂ ਨੇ ਤੈਨੂੰ ਅਪਸੈੱਟ ਕਰ ਦਿੱਤਾ ਤਾਂ ਸੁਣ ਲਵੋ; ਕੱਲ੍ਹ ਜਦੋਂ ਅਮਲ ਜਿਹਾ ਟੁੱਟਿਆ ਤਾਂ ਸੋਚਿਆ ਕਿ ਚਲੋ ਦੋ ਸੂਟੇ ਫੇਸਬੁੱਕ ਦੇ ਹੀ ਲਾ ਲਈਏ। ਮੂਹਰੇ ਇੱਕ ਮਿੱਤਰ ਦੀ ਚੇਤਾਵਨੀ ਦੇਖੀ ''ਜੇ ਤੁਸੀ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ''!  ਮੈਂ ਸਰਸਰੀ ਜਿਹੀ ਝਾਤ ਮਾਰੀ ਤਾਂ ਮੈਨੂੰ ਇਹ ਇੱਕ ਕਹਾਣੀ ਜਿਹੀ ਜਾਪੀ।ਕਮੈਂਟਾਂ ਤੇ ਉੱਡਦੀ ਜਿਹੀ ਨਿਗ੍ਹਾ ਮਾਰਦਿਆਂ ਜਦੋਂ ਆਪਣੇ ਇੱਕ ਕਲਮੀ ਮਿੱਤਰ ਜੋਗਿੰਦਰ ਬਾਠ ਹਾਲੈਂਡ ਵਾਲਿਆਂ ਦਾ ਕਮੈਂਟ ਪੜ੍ਹਿਆ ਤਾਂ ਕੁਝ ਸੁਚੇਤ ਜਿਹਾ ਹੋ ਕੇ ਉਸ ਚੇਤਾਵਨੀ ਨੂੰ ਦੁਬਾਰਾ ਪੜ੍ਹਿਆ ਤੇ ਨਾਲ਼ ਦੀ ਨਾਲ਼ ਮਿਲਾ ਲਿਆ ਫ਼ੋਨ ਬਾਈ ਬਾਠ ਨੂੰ। ਅਗਾਂਹ ਬਾਠ ਸਾਹਿਬ ਵੀ ਭਰੇ-ਪੀਤੇ ਪਏ ਸੀ। ਕਹਿੰਦੇ "ਯਾਰ! ਆਹ ਤੂੰ ਚੰਗਾ ਕੀਤਾ ਛੋਟੇ ਵੀਰ, ਜਿਹੜਾ ਫ਼ੋਨ ਕਰ ਲਿਆ"। ਰਸਮੀ ਗੱਲਾਂ ਤੋਂ ਬਾਅਦ ਜੋ ਕਹਾਣੀ ਉਹਨਾਂ ਦੱਸੀ, ਬਸ! ਉਹ ਸੁਣ ਕੇ ਖਿਆਲਾਂ ਵਿੱਚ ਹੀ ਗੁਆਚ ਗਿਆ।

ਮੰਜਾ ਤੇ ਨਵਾਰੀ ਪਲੰਘ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਟੁਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਦਿਸਦੇ ਤਾਰੇ

ਹੁਣ ਤਾਂ ਸੌਣ ਲਈ ਪਲਾਈ ਦੇ ਬਣੇ ਹੋਏ ਬੈੱਡ ਜਾਂ ਲੋਹੇ ਦੇ ਮੰਜੇ ਬਣ ਗਏ  ਹਨ ਪਰ ਕਿਸੇ ਵੇਲੇ ਵਾਣ ਦੇ ਮੰਜੇ ਅਤੇ ਨਵਾਰੀ ਪਲੰਘ ਹੋਇਆ ਕਰਦੇ ਸਨ । ਮੰਜੇ ਅਤੇ ਪਲੰਘ ਦੀ ਬਣਤਰ ਬੇਸ਼ੱਕ ਇੱਕੋ ਇੱਕੋ ਜਿਹੀ ਸੀ ਪਰ ਪਲੰਘ ਦਾ ਰੁਤਬਾ ਉੱਚਾ ਹੁੰਦਾ ਸੀ ਅਤੇ ਮੰਜਾ ਜਿਆਦਾ ਵਰਤੋਂ ਵਿੱਚ ਹੋਣ ਕਰਕੇ ਵੀ ਰੁਤਬੇ ਵਿੱਚ ਨੀਵਾਂ ਹੀ ਰਿਹਾ ਹੈ । ਕਿਸੇ ਆਏ ਗਏ ਤੇ ਪਲੰਘ ਨੂੰ ਤਰਜੀਹ ਦਿੱਤੀ ਜਾਂਦੀ ਸੀ ਜਦੋਂ ਕਿ ਘਰੇ਼ਲੂ ਕੰਮਾਂ ਕਾਰਾਂ ਜਾਂ ਵਰਤੋਂ ਲਈ ਮੰਜਾ ਹੀ ਪ੍ਰਧਾਨ ਸੀ । ਪਰ ਦਾਜ ਵਿੱਚ ਜਿਆਦਾਤਰ ਨਵਾਰੀ ਪਲੰਗ ਜਾਂ ਸੂਤੜੀ ਦੇ ਬੁਣੇ ਹੋਏ ਮੰਜਿਆਂ ਨੂੰ ਦਿੱਤਾ ਜਾਂਦਾ ਸੀ । ਵਾਣ ਦਾ ਮੰਜਾ ਸਿਰਫ਼ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਸੀ । ਸੋਹਣੇ ਬਣਾਏ ਹੋਏ ਸੂਤੜੀ ਦੇ ਮੰਜੇ ਜਾਂ ਪਲੰਘ ਆਮ ਤੌਰ ਤੇ ਘਰ ਦੀ ਬੈਠਕ ਵਿੱਚ ਡਾਹੇ ਜਾਂਦੇ ਸੀ ਜਿਸ ਨੂੰ ਆਏ ਗਏ ਪ੍ਰਾਹੁਣਿਆਂ ਲਈ ਵਰਤਿਆ ਜਾਂਦਾ ਸੀ । ਸੋਹਣੀ ਕਢਾਈਦਾਰ ਚਾਦਰ ਵਾਲਾ ਬਿਸਤਰਾ ਵਿਛਾ ਕੇ ਇਨਾਂ ਨੂੰ ਸਜਾਇਆ ਜਾਂਦਾ ਸੀ ।

ਸ਼ਰਾਬ.......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਹਾਸਾ ਜਿਹਾ ਆਉਦਾ ਏ,
ਜੇ ਕੋਈ ਮੈਨੂੰ ਕਹਿੰਦਾ ਏ,
ਮੈਂ ਹਾਂ ਬੁਰੀ, ਮੈਂ ਹਾਂ ਖ਼ਰਾਬ,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ!

ਮੈਂ ਕਿਸੇ ਦੇ ਕੋਲ ਨਾ ਜਾਂਦੀ,
ਮੈਂ ਕਿਸੇ ਨੂੰ ਫੜਕੇ ਨਾ ਲਿਆਉਂਦੀ,
ਜਿਸ ਦੀ ਰੂਹ ਪੀਣ ਨੂੰ ਚਾਹੁੰਦੀ,
ਬੱਸ, ਬੋਤਲ ਦੇ ਨਾਲ ਮੇਲ ਕਰਾਉਂਦੀ,
ਦੋ ਘੁੱਟ ਲਾ ਕੇ ਆਪਣੇ ਆਪ ਨੂੰ,
ਸਾਰੇ ਸਮਝਣ ਰਾਜਾ ਨਵਾਬ,
ਤੁਸੀਂ ਠੀਕ ਸੋਚਿਆ ਜਨਾਬ,
ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ !

ਸੁਪਨਾ……… ਗੀਤ / ਸੁਖਜੀਤ ਸਿੰਘ ਪਿੰਕਾ

ਹੋਇਆ ਸਿਫਟ ਤੇ ਯਾਰ ਕੁਵੇਲਾ,
ਨਾ ਲੱਗਾ ਰੋਟੀ ਦਾ ਵੇਲਾ,
ਨਿਕਲਿਆ ਭੁੱਖ ਨਾਲ ਕਾਲਜਾ ਮੇਰਾ,
ਓੁਤੋਂ ਆਵੇ ਨੀਂਦ ਦਾ ਗੇੜਾ,
ਮੈਂ ਭੁੱਖਾ ਸੌਂ ਗਿਆ...

ਸੁੱਤੇ ਨੂੰ ਸੁਪਨਾ ਇੱਕ ਆਇਆ,
ਜਿਵੇਂ ਮਾਂ ਨੇ ਆਣ ਜਗਾਇਆ,
ਮੱਥਾ ਚੁੰਮਿਆ ਸੀਨੇ ਨਾਲ ਲਾਇਆ,
ਮੁੰਹ ਨੂੰ ਦੁੱਧ ਦਾ ਛੱਨਾ ਲਾਇਆ,
ਕਹਿੰਦੀ ਭੁੱਖਾ ਤੇ ਤਿਰਹਾਇਆ,
ਵੇ ਕਿਂਓੁ ਪੁੱਤ ਸੌਂ ਗਿਆ...

ਪਰਦਾ……… ਗੀਤ / ਰਾਜਵੰਤ ਸਿੰਘ ਕੈਨੇਡਾ

ਚੁੱਕ ਪਰਦਾ ਦੇਖ ਚੁਫੇਰੇ ਤੂੰ, ਕਾਹਨੂੰ ਬੈਠਾ ਵਿੱਚ ਹਨੇਰੇ ਤੂੰ
ਇਹ ਪੈਂਡਾ ਤੇਰਾ ਨਾ ਮੁੱਕਣਾ,ਜਿਹੜੇ ਪੈਂਡੇ ਪਿਆ ਲਮੇਰੇ ਤੂੰ

ਤੇਰੇ ਨਾਲ ਨਹੀ ਕੁਛ ਜਾਣਾ ਉਏ, ਦੇਖ ਮੰਨ ਕੇ ੳਹਦਾ ਭਾਣਾ ਉਏ
ਸੱਭ ਉਹਦਾ ਹੀ ਤਾਣਾ ਬਾਣਾ ਉਏ, ਐਵੇਂ ਕਾਹਦੇ ਕਾਜ ਸਹੇੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਤੂੰ ਕਾਹਦਾ ਕਰੇਂ ਗੁਮਾਨ ਮਨਾ, ਇਹ ਝੂਠੀ ਹੈ ਸੱਭ ਸ਼ਾਨ ਮਨਾਂ
ਤੂੰ ਅੰਤ ਜਾਣਾ ਸ਼ਮਸ਼ਾਨ ਮਨਾਂ, ਦਸ ਤੁਰਿਆ ਹੈਂ ਰਾਹ ਕਿਹੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...

ਸਰਵਣ ਪੁੱਤ……… ਗੀਤ / ਬਲਵਿੰਦਰ ਸਿੰਘ ਮੋਹੀ

ਗੀਤ ਜਿੰਨਾ ਦੇ ਸੁਣਕੇ ਅੱਜ ਵੀ ਦਿਲ ਨਾ ਭਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਗੁਰਦਾਸ ਜਿਹੇ ਮਾਂ-ਬੋਲੀ ਦੇ ਪੁੱਤ ਲਾਇਕ ਲੱਭਦੇ ਨਾ,
ਕੁੱਲ ਦੁਨੀਆਂ ਵਿੱਚ ਇਹਦੇ ਵਰਗੇ ਗਾਇਕ ਲੱਭਦੇ ਨਾ,
ਗ਼ੈਰਤ,ਅਣਖ ਜੋ ਗੀਤਾਂ ਵਿੱਚ ਨਾ ਗਹਿਣੇ ਧਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਕਹਿਣ ਸੁਰਿੰਦਰ ਕੌਰ ਨੂੰ ਸਭ ਕੋਇਲ ਪੰਜਾਬ ਦੀ,
ਬੋਲ ਨਰਿੰਦਰ ਬੀਬਾ ਦੇ ਜਿਉਂ ਮਹਿਕ ਗੁਲਾਬ ਦੀ,
ਗੀਤ ਇਹਨਾਂ ਦੇ ਪੌਣਾਂ ਦੇ ਵਿੱਚ ਖੁਸ਼ਬੂ ਭਰਦੇ ਨੇ,
ਸਰਵਣ ਪੁੱਤ ਜੋ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਪਿਆਰ……… ਗੀਤ / ਲੱਖਣ ਮੇਘੀਆਂ

ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ  ਚਾਹੀਦਾ।
            
ਪਹਿਲਾਂ  ਹਰ  ਗੱਲ  ਨੂੰ
ਚਾਹੀਦਾ  ਹੈ   ਤੋਲਣਾ।
ਫਿਰ  ਜਾ ਕੇ  ਚਾਹੀਦਾ
ਸਦਾ  ਉਹਨੂੰ  ਬੋਲਣਾ ।
ਜੋ ਮੁੱਖ ਵਿਚੋਂ  ਬੋਲਿਆ
ਵਿਚਾਰ ਹੋਣਾਂ  ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ  ਚਾਹੀਦਾ।

ਧੀ ਨਹੀ ਵਿਚਾਰੀ……… ਗੀਤ ਮਲਕੀਅਤ ਸੁਹਲ

ਧੀ ਨਹੀ ਵਿਚਾਰੀ ਇਹ  ਹੈ ਫੁੱਲਾਂ ਦੀ ਪਟਾਰੀ।
ਇਹ ਮਾਪਿਆਂ ਦੇ ਘਰੋਂ ਮਾਰ ਜਾਂਦੀ ਹੈ ਉਡਾਰੀ।
               
ਗੋਦੀ ਮਾਂ ਦਾ ਨਿੱਘ, ਕਦੇ ਮਾਣਦੀ  ਸੀ  ਰੱਜ।
ਬਾਪੂ 'ਵਾਜ ਮਾਰੇ, ਦੌੜੀ  ਆਵੇ  ਭੱਜ  ਭੱਜ ।
ਉਹ ਮਲੋ-ਮਲੀ ਗੋਦੀ ਵਿਚ  ਬੈਠੀ ਹਰ ਵਾਰੀ,
ਧੀ ਨਹੀ ਵਿਚਾਰੀ ਇਹ ਹੈ  ਫੁੱਲਾਂ ਦੀ ਪਟਾਰੀ।

ਮੇਰਾ ਪਿੰਡ.......... ਗੀਤ / ਪ੍ਰੀਤ ਸਰਾਂ

ਰਾਤੀਂ ਨੀ ਮੈਂ ਸੁਪਨੇ ਦੇ ਵਿਚ, ਮਾਏ ਪਿੰਡ ਦਾ ਗੇੜਾ ਲਾਇਆ
ਗੁਰਦੁਆਰਾ ਲੰਘ ਕੇ ਅਖੀਰਲੀ ਗਲੀ ਵਿਚ, ਜਦ ਮੇਰਾ ਘਰ ਆਇਆ
ਤਿਪ-ਤਿਪ ਡਿੱਗ ਪਏ ਅੱਥਰੂ ਨੈਣੋਂ, ਨੀ ਮੈਥੋਂ ਹੋਇਆ ਨਾ ਹੋਸ਼ ਸੰਭਾਲ
ਵਰ੍ਹਿਆਂ ਦੇ ਪਿਛੋਂ ਮਿਲੀ ਹਾਏ ਅੰਮੀਏ ਨੀ, ਲਾਵਾਂ ਘੁੱਟ ਕੇ ਸੀਨੇ ਦੇ ਨਾਲ

ਪਿੰਡ ਦੀ ਜੂਹ ਵਿਚ ਵੜਦਿਆਂ ਹੀ ਮੈਂ, ਤੱਕਿਆ ਚਾਰ-ਚੁਫੇਰਾ
ਹਰ ਇੱਕ ਸ਼ੈਅ ਮੈਨੂੰ ਬਦਲੀ ਲੱਗੇ, ਬਦਲਿਆ ਪਿੰਡ ਦਾ ਚਿਹਰਾ
ਬੂਹੇ ਦੇ ਵਿਚ ਖੜੀ ਮੈਂ ਸੋਚਾਂ, ਜਰੂਰ ਬਦਲੀ ਹੋਊ ਘਰ ਦੀ ਨੁਹਾਰ
ਵਰ੍ਹਿਆਂ ਦੇ ਪਿਛੋਂ..........

ਭਾਈ ਮੰਨਾਂ ਸਿਆਂ, ਅਸੀਂ ਤੈਨੂੰ ਯਾਦ ਕਰਦੇ ਹਾਂ.......... ਸ਼ਰਧਾਂਜਲੀ / ਕੇਹਰ ਸ਼ਰੀਫ਼

ਇਨਕਲਾਬ ਦਾ ਸੁੱਚਾ ਗੀਤ – ਭਾਅ ਜੀ ਗੁਰਸ਼ਰਨ ਸਿੰਘ
ਦੁਨੀਆਂ ਉੱਤੇ ਬਹੁਤ ਸਾਰੇ ਲੋਕ ਆਉਂਦੇ ਹਨ ਜਿੰਦਗੀ ਪੂਰੀ ਹੋਣ ਤੋਂ ਬਾਅਦ ਤੁਰ ਜਾਂਦੇ ਹਨ। ਦੋਸਤ ਮਿੱਤਰ ਸਮੇਂ ਬਾਅਦ ਭੁੱਲ-ਭੁਲਾ ਜਾਂਦੇ ਹਨ। ਪਰ ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੀ ਸੂਝ, ਸਿਆਣਪ ਅਤੇ ਲੋਕਾਂ ਲਈ ਜੀਊਣ ਦੀ ਲਗਨ ਕਰਕੇ ਲੋਕਾਂ ਵਾਸਤੇ ਕੀਤੇ  ਆਪਣੇ ਕਾਰਜਾਂ ਨਾਲ ਸਮੇਂ ਦੀ ਹਿੱਕ ਉੱਤੇ ਆਪਣਾ ਨਾਮ ਲਿਖ ਜਾਂਦੇ ਹਨ, ਉਹ ਵਰ੍ਹਿਆਂ ਤੱਕ ਨਹੀਂ, ਸਦੀਆਂ ਤੱਕ ਜੀਊਂਦੇ ਹਨ, ਉਹ ਕਦੇ ਵੀ ਨਹੀਂ ਮਰਦੇ। ਇਹ ਉਹ ਲੋਕ ਹੁੰਦੇ ਹਨ ਜੋ ਆਪਣੀ ਸੋਚ, ਸੂਝ ਤੇ ਸਿਧਾਂਤਕ ਪਕਿਆਈ ਕਰਕੇ ਸੱਚਾਈ, ਇਮਾਨਦਾਰੀ ਅਤੇ ਕੁਰਬਾਨੀ ਭਰਿਆ ਹੱਠ ਪਾਲਦੇ ਹਨ, ਸੱਚ ਵੱਲ ਪੂਰੇ ਮਨ ਨਾਲ ਖੜ੍ਹੇ ਹੋ ਕੇ ਮਨੁੱਖ ਹੋਣ ਦਾ ਫ਼ਰਜ਼ ਪਾਲਦੇ ਹਨ। ਦੁਨੀਆਂ ਦੇ ਹਰ ਭਾਈ ਲਾਲੋ ਦੀ ਬਾਂਹ ਫੜ੍ਹਨ ਦਾ ਜਤਨ ਕਰਦੇ ਹਨ। ਮਜ਼ਲੂਮ ਵੱਲ ਖੜ੍ਹੇ ਹੋ ਕੇ ਹਰ ਜ਼ੁਲਮ ਤੇ ਜ਼ਾਲਮ ਦੋਹਾਂ ਨੂੰ ਲਲਕਾਰਦੇ ਹਨ। ਆਪਣੇ ਲੋਕਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੰਦੇ ਹਨ, ਤਾਂ ਜੋ ਆਪਣੀ ਸੁੱਚੀ ਕਿਰਤ ਦੀ ਲੁੱਟ ਰੋਕੀ ਜਾ ਸਕੇ ਅਤੇ ਜਿ਼ੰਦਗੀ ਨੂੰ ਜੀਊਣਜੋਗ ਤੇ ਮਾਨਣਯੋਗ ਬਣਾਇਆ ਜਾ ਸਕੇ। ਹੋਣਗੇ ਹੋਰ ਵੀ ਪਰ  ਵਿਰਲੇ ਟਾਂਵੇ ਹੀ ਹੁੰਦੇ ਹਨ ਜੋ ਗੁਰਸ਼ਰਨ ਸਿੰਘ ਵਾਂਗ ਲੋਕ ਨਾਇਕ ਬਣਦੇ ਹਨ।

ਇੰਗਲੈਂਡ 'ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ 'ਸਟਰਗਲ ਫ਼ਾਰ ਔਨਰ' ਨਾਲ........... ਪੁਸਤਕ ਰਿਲੀਜ਼ / ਮਨਦੀਪ ਖ਼ੁਰਮੀ ਹਿੰਮਤਪੁਰਾ

ਲੰਡਨ : ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਚ ਆਪਣੀ ਠੇਠ ਸ਼ੈਲੀ ਜ਼ਰੀਏ ਚਰਚਿਤ ਅਤੇ ਵਿਸ਼ਵ ਭਰ ਦੇ ਦਰਜਨ ਤੋਂ ਵਧੇਰੇ ਪੰਜਾਬੀ ਅਖ਼ਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਨਾਵਲ ਛਪਦੇ ਹੋਣ ਦਾ ਮਾਣ ਪ੍ਰਾਪਤ, ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਝੋਲੀ ਇੱਕ ਹੋਰ ਮਾਣ ਪਿਆ ਹੈ ਕਿ ਉਹਨਾਂ ਦੇ ਬਹੁ-ਚਰਚਿਤ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ "ਸਟਰਗਲ ਫ਼ਾਰ ਔਨਰ" ਛਪ ਕੇ ਇੰਗਲੈਂਡ ਵਿਚ ਵਿਕਣ ਲਈ ਆ ਗਿਆ ਹੈ। ਜੱਗੀ ਕੁੱਸਾ ਦਾ ਇਹ ਨਾਵਲ ਲੰਡਨ ਦੀ ਮਸ਼ਹੂਰ ਪਬਲਿਸ਼ਿੰਗ ਫ਼ਰਮ "ਸਟਾਰ ਬੁੱਕਸ ਯੂ.ਕੇ." ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਐੱਸ. ਐੱਨ. ਸੇਵਕ ਦੀ ਅਨੁਵਾਦ ਸਮਰੱਥਾ ਦਾ ਆਨੰਦ ਹੁਣ ਅੰਗਰੇਜ਼ੀ ਪਾਠਕ ਵੀ ਮਾਣ ਸਕਣਗੇ ਕਿ ਜੱਗੀ ਕੁੱਸਾ ਨੇ ਆਪਣੇ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਵਿਚ 1984 ਤੋਂ ਸ਼ੁਰੂ ਹੋ ਕੇ 1995 ਤੱਕ ਦੇ ਪੰਜਾਬ ਦੇ ਕਾਲੇ ਦਿਨਾਂ ਨੂੰ ਕਿਸ ਅੰਦਾਜ਼ ਵਿਚ ਰੂਪਮਾਨ ਕੀਤਾ ਸੀ। ਜੱਗੀ ਕੁੱਸਾ ਦੀ ਲਿਖਣ ਕਲਾ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਲਫ਼ਜ਼ਾਂ ਦੀ ਬੁਣਤੀ ਰਾਹੀਂ ਹੀ ਇੱਕ ਫ਼ਿਲਮ ਵਰਗਾ ਮਾਹੌਲ ਉਸਾਰ ਦਿੰਦਾ ਹੈ। ਵਿਦੇਸ਼ ਵਸਦੇ ਜਿਹੜੇ ਮਾਪੇ ਪੰਜਾਬ ਅਤੇ ਸਿੱਖੀ ਪ੍ਰਤੀ ਆਪਣੇ ਮਨ ਵਿਚ ਦਰਦ ਰੱਖਦੇ ਹਨ, ਅਤੇ ਜਿੰਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨ ਦੇ ਸਮਰੱਥ ਨਹੀਂ ਹਨ, ਉਹਨਾਂ ਨੂੰ ਇਹ ਨਾਵਲ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾਂ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਪੰਜਾਬ ਵਿਚ ਇਹਨਾਂ ਕਾਲੇ ਦਿਨਾਂ ਦੌਰਾਨ ਕੀ ਹੋਇਆ। ਇੱਥੇ ਜ਼ਿਕਰਯੋਗ ਹੈ ਕਿ ਜੱਗੀ ਕੁੱਸਾ ਜੀ ਦਾ ਅਗਲਾ ਨਾਵਲ "ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ" ਵੀ ਅਪ੍ਰੈਲ 2012 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ! ਇਹ ਨਾਵਲ 'ਐਮਾਜ਼ੋਨ' ਕੋਲ ਵੀ ਉਪਲੱਭਦ ਹੈ ਅਤੇ ਨਾਵਲ ਸਿੱਧਾ ਆਰਡਰ ਕਰਨ ਲਈ ਇਸ ਲਿੰਕ 'ਤੇ ਜਾ ਕੇ ਕਰ ਸਕਦੇ ਹੋ:

ਉੁਮਰ ਪਰਖਾਂ ਕਰਨ ‘ਚ ਹੀ ਲੰਘਾਤੀ......... ਵਿਅੰਗ / ਗੱਜਣਵਾਲਾ ਸੁਖਮੰਦਰ

ਧਾਰਮਿਕ ਸੰਸਾਰ  ਵਿੱਚ  ਸਾਰੇ ਹੀ ਦਾਰੂ ਦੇ ਇਸਤੇਮਾਲ ਦੇ ਬਰ-ਖਿਲਾਫ  ਹਨ ਤੇ ਦੁਹਾਈਆਂ ਪਾਉਂਦੇ ਹੋਏ ਕਹਿ  ਰਹੇ ਹਨ ਕਿ ਇਹ ਅਕਲ ਤੇ ਪਰਦਾ ਪਾ ਦਿੰਦੀ ਹੈ ਸਾਰੀਆਂ ਤਬਾਹੀਆਂ ਦਾ ਕਾਰਨ ਇਹ ਹੀ ਹੈ । ਪਰ ਫਿਰ ਵੀ  ਦੁਨੀਆਂ ਇਸ ਪਿਛੇ   ਪਾਗਲ ਹੋਈ ਭੱਜੀ ਫਿਰਦੀ ਹੈ ।

ਸਾਡਾ ਫਰੀਦਕੋਟੀਆ ਮਾਸੜ   ਪੈਂਹਠਾਂ  ਨੂੰ ਅੱਪੜ ਗਿਆ  ਪਰ ਆਥਣ ਵੇਲੇ ਨਾਂਗਾ ਨਹੀਂ ਪੈਣ ਦਿੰਦਾ  ।ਪਤਾ ਨਹੀਂ ਕਿੰਨੇ  ਡਰੱਮ ਕੈਨੀਆ ਖਾਲੀ ਕਰ ਗਿਆ  ਪਰ ਸਬਰ ਨਹੀਂ ਆਇਆ ।ਮੂੰਹ ਮੱਥੇ ਤੋਂ ਐਂ ਲੱਗਦਾ ਜਿਵੇਂ ਬਲਾਕ ਸੰਤੀ ਦਾ ਚੇਅਰਮੈਨ ਰਿਹਾ ਹੁੰਦਾ ।ਦਾਰੂ ਬਾਰੇ ਉਸ ਦੀ ਰਾਏ ਜਿਵੇਂ ਜਿਵੇਂ ਸੁਰਜ ਅੱਗੇ ਵਧਦਾ ਜਾਂਦਾ ਨਾਲ ਦੀ ਨਾਲ ਬਦਲਦੀ ਜਾਂਦੀ ਹੈ।  ਸਵੇਰੇ ਸਵੇਰੇ ਉਸ ਦੀ ਰਾਏ ਹੋਰ ,ਦੁਪੈਹਰ ਵੇਲੇ ਹੋਰ ਤੇ ਫਿਰ ਜਿਉਂ ਜਿਉਂ ਦਿਨ ਢਲਦਾ ਜਾਂਦਾ ਹੈ ਤੇ ਸ਼ਾਮ ਹੋ ਜਾਂਦੀ ਹੈ ਤਾਂ ਉਸਦਾ ਫਲਸਫਾ ਬਦਲਦਾ ਬਦਲਦਾ ਬਦਲ ਹੀ ਜਾਂਦਾ।