Showing posts with label ਰੂ ਬ ਰੂ. Show all posts
Showing posts with label ਰੂ ਬ ਰੂ. Show all posts

ਡਾ. ਜਗਵਿੰਦਰ ਜੋਧਾ ਨਾਲ਼ ਹੋਇਆ ਰੂ-ਬ-ਰੂ

ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਸਥਾਨਕ ਅਫ਼ਸਰ ਕਲੱਬ, ਫ਼ਰੀਦਕੋਟ ਵਿਖੇ ਨਵੀਂ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਵਿੰਦਰ ਜੋਧਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਡਾ. ਜਗਵਿੰਦਰ ਜੋਧਾ, ਸ. ਇੰਦਰਜੀਤ ਸਿੰਘ ਖਾਲਸਾ, ਚੇਅਰਮੈਨ ਬਾਬਾ ਫ਼ਰੀਦ ਸੰਸਥਾਵਾਂ, ਫ਼ੋਰਮ ਦੇ ਸਰਪ੍ਰਸਤ ਪ੍ਰੋ. ਸਾਧੂ ਸਿੰਘ, ਸ਼ਾਇਰਾ ਨੀਤੂ ਅਰੋੜਾ, ਸ੍ਰੀਮਤੀ ਮੁਖਤਿਆਰ ਕੌਰ ਰਿਟਾ, ਬੀ.ਪੀ.ਈ.ਓ. ਲੋਕ ਗਾਇਕ ਹਰਿੰਦਰ ਸੰਧੂ, ਪ੍ਰਿੰ. ਸੁਖਜਿੰਦਰ ਸਿੰਘ ਬਰਾੜ
ਸੁਸ਼ੋਭਿਤ ਸਨ। ਸਮਾਗਮ ਦੇ ਆਗਾਜ਼ ਵਿਚ ਗ਼ਜ਼ਲ ਗਾਇਕ ਵਿਜੈ ਦੇਵਗਨ ਨੇ ਅਪਣੀ ਸੁਰਮਈ, ਸੋਜਮਈ ਖ਼ੂਬਸੂਰਤ ਆਵਾਜ਼ ਨਾਲ਼ ਡਾ. ਜੋਧਾ ਦੀਆਂ ਗ਼ਜ਼ਲਾਂ ਦੇ ਗਾਇਨ ਕਰਕੇ ਕੰਨ ਰਸ ਪੈਦਾ ਕਰ ਦਿੱਤਾ।  ਫ਼ੋਰਮ ਵਲੋਂ ਜਸਵੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ। ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਫ਼ੋਰਮ ਦੀ ਰਿਪੋਰਟ ਪੜ੍ਹਦਿਆਂ ਡਾ. ਜੋਧਾ ਦੀ ਸ਼ਖ਼ਸੀਅਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ਼ਾਇਰਾ ਨੀਤੂ ਅਰੋੜਾ ਨੂੰ ਡਾ. ਜੋਧਾ ਦੀ ਜਾਣ ਪਛਾਣ ਕਰਾਉੰਦਿਆਂ ਜੋਧਾ ਨੂੰ ਬੇਬਾਕ, ਬੇਰੋਕ ਤੇ ਅਜੋਕੇ ਸਿਸਟਮ ‘ਚ ਫਿਟ ਨਾ ਹੋਣ ਵਾਲ਼ਾ ਤੇ ਵਹਿਣ ਦੇ ਖਿਲਾਫ਼ ਵਗਣ ਵਾਲ਼ਾ ਵਿਆਕਤੀ ਕਿਹਾ। ਮੰਚ ਸੰਚਾਲਨ ਕਰਦਿਆਂ
ਨੌਜਵਾਨ ਸ਼ਾਇਰ ਮਨਜੀਤ ਪੁਰੀ ਨੇ ਡਾ. ਜੋਧਾ ਨੂੰ ਹਾਜ਼ਰੀਨ ਦੇ ਰੂ-ਬ-ਰੂ ਹੋਣ ਦਾ ਸੱਦਾ ਦਿੱਤਾ। ਡਾ. ਜੋਧਾ ਨੇ ਸ੍ਰੋਤਿਆਂ ਨਾਲ਼ ਆਪਣੇ ਵਿਆਕਤੀਤਵ ਅਤੇ ਅਪਣੀ ਸ਼ਾਇਰੀ ਦੇ ਸਾਂਝ ਪੁਆਦਿਆਂ ਕਿਹਾ ਕਿ ਸ਼ਾਇਰੀ ਉਸ ਲਈ ਕੋਈ ਮਨੋਰੰਜਨ ਨਹੀਂ ਸਗੋਂ ਉਸਦੇ ਜੀਵਨ ਵਿਚਲੇ ਖੱਪੇ ( ਗੈਪਸ) ਭਰਨ ਦਾ ਸਾਧਨ ਹੈ। ਇਹ ਸ਼ਾਇਰੀ ਉਸ ਅੰਦਰ ਸਥਾਪਤੀ ਦੇ ਵਿਰੁੱਧ ਖੜ੍ਹਾ ਹੋਣ ਦੀ ਹਿੰਮਤ ਹੈ। ਪੰਜਾਬ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਜਿਹਨਾਂ  ਵਿਚ ਨਕਸਲਵਾੜੀ ਲਹਿਰ, 1984 ਤੋਂ 1992 ਤੱਕ ਹੰਢਾਏ ਪੰਜਾਬ ਸੰਤਾਪ ਤੇ ਫਿਰ ਸਮਕਾਲੀ ਦੌਰ ਵਿਚ ਲੋਕ ਵਿਰੋਧੀ ਸਥਾਪਤੀ ਉਸਦੀ ਸ਼ਾਇਰੀ ਲਈ ਅਧਾਰ ਬਣਦੇ ਰਹੇ। ਉਹ ਨਿਰੰਤਰ ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਕਰ ਰਿਹਾ ਹੈ ਅਤੇ ਕਰਦਾ ਰਹੇਗਾ।  ਇਸ ਉਪਰੰਤ ਡਾ. ਜੋਧਾ ਨੇ ਆਪਣੀਆਂ  ਖ਼ੂਬਸੂਰਤ  ਤੇ  ਮਿਆਰੀ ਗ਼ਜ਼ਲਾਂ ਪੇਸ਼ ਕਰਕੇ ਸ੍ਰੋਤਿਆਂ ਨੂੰ ਨਿਹਾਲ ਕਰ ਦਿੱਤਾ। ਗੁਰਦਿਆਲ ਭੱਟੀ, ਮਨਜੀਤ ਪੁਰੀ, ਚੰਨਾ ਰਾਣੀਵਾਲੀਆ, ਜਸਵੀਰ ਸਿੰਘ, ਕੰਵਰਜੀਤ ਸਿੱਧੂ, ਸਿ਼ਵਚਰਨ ਨੇ ਡਾ. ਜੋਧਾ ਨੂੰ ਉਨ੍ਹਾਂ ਦੀ ਸਾਹਿਤ ਸਿਰਜਣ ਪ੍ਰਕ੍ਰਿਆ ਸਬੰਧੀ ਸਵਾਲ ਵੀ ਕੀਤੇ ਜਿਨ੍ਹਾਂ ਦੇ ਉਨ੍ਹਾਂ ਨੇ ਤਸੱਲੀਬਖਸ਼ ਤੇ ਬੜੇ ਅੱਛੇ ਅੰਦਾਜ਼ ਵਿਚ ਜਵਾਬ ਦਿੱਤੇ।

ਉੱਘੇ ਸਿੱਖ ਵਿਦਵਾਨ ਹਰਪਾਲ ਸਿੰਘ ਪੰਨੂੰ ਹੋਏ ਐਡੀਲੇਡ ਵਾਸੀਆਂ ਦੇ ਰੂ ਬ ਰੂ……… ਰੂ ਬ ਰੂ / ਕਰਨ ਬਰਾੜ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਅਤੇ ਹਰਮਨ ਰੇਡੀਓ ਵੱਲੋਂ ਇੰਪੀਰੀਅਲ ਕਾਲਜ ਆਫ ਟ੍ਰੇਡਰਜ਼ ਵਿਖੇ ਉਘੇ ਸਿੱਖ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਦਰਸ਼ਕਾਂ ਦੇ ਰੂ ਬ ਰੂ ਤੇ ਸਨਮਾਨਿਤ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚੱਲੇ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਡਾਕਟਰ ਹਰਪਾਲ ਸਿੰਘ ਪੰਨੂੰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਰਿਸਰਚ ਭਰਪੂਰ ਲੇਖਣੀ ਨੂੰ ਸਲੂਟ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਸੋਸੀਏਸ਼ਨ ਦੇ ਖ਼ਜ਼ਾਨਚੀ ਬਖਸ਼ਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਉਪਰੰਤ ਲੋਕਲ ਸ਼ਾਇਰਾਂ ਅਤੇ ਫ਼ਨਕਾਰਾਂ ਨੇ ਆਪਣੀਆਂ ਨਜ਼ਮਾਂ ਤੇ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ, ਜਿੰਨਾ ਵਿੱਚ ਵੀਰ ਭੰਗੂ, ਸ਼ਿਵਦੀਪ, ਕਰਨ ਬਰਾੜ, ਦਿਲਪ੍ਰੀਤ ਗਿੱਲ ਅਤੇ ਰਮਨਦੀਪ ਕੌਰ ਆਦਿ ਸ਼ਾਮਿਲ ਸਨ। 

ਬਲਬੀਰ ਸਿੰਘ ਮੋਮੀ ਵਿਦਿਆਰਥੀਆਂ ਦੇ ਰੂ-ਬ-ਰੂ……… ਰੂ ਬ ਰੂ / ਨਿਸ਼ਾਨ ਸਿੰਘ ਰਾਠੌਰ

ਕੁਰੂਕਸ਼ੇਤਰ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਨੇਡਾ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਮੋਮੀ ਨੂੰ ਵਿਭਾਗ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਵਿਭਿੰਨ ਜ਼ਿਲ੍ਹਿਆਂ ਦੇ ਸਾਹਿਤਕਾਰ, ਵਿਦਿਆਰਥੀ ਅਤੇ ਵਿਦਵਾਨ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ ਨੇ ਕੀਤੀ। ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਸੀਨੀਅਰ ਪ੍ਰੋਫ਼ੈਸਰ ਡਾ. ਰਜਿੰਦਰ ਸਿੰਘ ਭੱਟੀ ਨੇ ਆਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡਾ. ਬਲਵਿੰਦਰ ਸਿੰਘ ਥਿੰਦ ਨੇ ਬਲਬੀਰ ਸਿੰਘ ਮੋਮੀ ਦੇ ਸਾਹਿਤਕ ਸਫ਼ਰ ਤੇ ਖੋਜ-ਪੱਤਰ ਪੜ੍ਹਿਆ। ਕਨੇਡਾ ਤੋਂ ਆਏ ਬਲਬੀਰ ਸਿੰਘ ਮੋਮੀ ਨੇ ਆਪਣੇ ਜੀਵਨ ਅਤੇ ਸਾਹਿਤਿਕ ਸਫ਼ਰ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਪੰਜਾਬੀ ਗਾਇਕ ਅਮਰਿੰਦਰ ਗਿੱਲ, ਫਿ਼ਰੋਜ਼ ਖ਼ਾਨ ਤੇ ਕਮਲ ਗਰੇਵਾਲ ਇੰਪੀਰਿਅਲ ਕਾਲਜ ਆਫ਼ ਟਰੇਡਜ਼ ਐਡੀਲੇਡ ਵਿਖੇ .......... ਰੂ ਬ ਰੂ / ਕਰਨ ਬਰਾੜ

ਇੰਪੀਰਿਅਲ ਕਾਲੇਜ ਆਫ਼ ਟਰੇਡਜ਼ ਐਡੀਲੇਡ ਵਿਖੇ ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਹੋਰਾਂ ਦਾ ਵਿਦਿਆਰਥੀਆਂ ਨਾਲ ਰੂਬਰੂ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਅਮਰਿੰਦਰ ਗਿੱਲ ਦੇ ਗਾਏ ਹੋਏ ਗੀਤਾਂ ਤੇ ਡਾਂਸ ਪੇਸ਼ ਕਰ ਕੇ ਸਮੇਂ ਦਾ ਰੰਗ ਬੰਨ੍ਹ ਦਿੱਤਾ । ਆਏ ਹੋਏ ਕਲਾਕਾਰਾਂ ਨੇ ਆਪਣੀ ਦਿਲਕਸ਼ ਅਵਾਜ਼ ‘ਚ ਸੁਰੀਲੇ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ । ਅਮਰਿੰਦਰ ਗਿੱਲ ਹੋਰਾਂ ਦਾ ਕਾਲਜ ਆਓਣਾ ਹੋਰ ਵੀ ਸਾਰਥਕ ਹੋ ਗਿਆ ਕਿਓਂਕਿ ਅਮਰਿੰਦਰ ਗਿੱਲ ਖੁਦ ਵੀ ਅਗਰੀਕਲਚਰ ਵਿਸ਼ੇ ਦੇ ਮਾਹਰ ਹਨ ਅਤੇ ਇੰਪੀਰਿਅਲ ਕਾਲਜ ਵੀ ਪੂਰੇ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐਡਵਾਂਸ ਡਿਪਲੋਮਾ ਆਫ਼ ਹਾਰਟੀਕਲਚਰ (ਬਾਗਬਾਨੀ ) ਦੀ ਸਿਖਿਆ ਦੇਣ ਵਾਲਾ ਇੱਕੋ ਇਕ ਪ੍ਰਾਈਵੇਟ ਕਾਲਜ ਹੈ । 

ਐਡੀਲੇਡ ’ਚ ਉੱਘੇ ਰੰਗ ਕਰਮੀ ‘ਕਰਮਜੀਤ ਅਨਮੋਲ’ ਤੇ ‘ਰਵਿੰਦਰ ਮੰਡ’ ਦੀ ਰੂ ਬ ਰੂ……… ਰੂ ਬ ਰੂ / ਜੌਲੀ ਗਰਗ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਏ.ਏ.ਆਈ.ਸੀ. ਕਾਲਜ ਵਿਚ ਉੱਘੇ ਰੰਗਕਰਮੀ ਕਰਮਜੀਤ ਅਨਮੋਲ ਅਤੇ ਰਵਿੰਦਰ ਮੰਡ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚਲਿਆ ਇਹ ਸਮਾਗਮ ਕਈ ਰੂਪ ਧਾਰਨ ਕਰ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸੁਆਗਤੀ ਭਾਸ਼ਣ ਨਾਲ ਹੋਈ। ਜਿਸ ਵਿਚ ਉਨ੍ਹਾਂ ਸਾਊਥ ਆਸਟ੍ਰੇਲੀਆ ਵਿਖੇ ਪੰਜਾਬੀ ਅਤੇ ਪੰਜਾਬੀਅਤ ਲਈ ਹੋ ਰਹੇ ਉਪਰਾਲਿਆਂ ਤੇ ਤਸੱਲੀ ਪ੍ਰਗਟਾਈ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਬਖਸ਼ਿੰਦਰ ਸਿੰਘ ਨੇ ਆਪਣੀਆਂ ਨਜ਼ਮਾਂ ਦੇ ਨਾਲ ਨਾਲ ਪ੍ਰੋਗਰਾਮ ਦੇ ਸੂਤਰਧਾਰ ਦੀ ਭੂਮਿਕਾ ਬਾਖ਼ੂਬੀ ਨਿਭਾਈ।ਇਸ ਤੋਂ ਬਾਅਦ ਲੋਕਲ ਸ਼ਾਇਰਾਂ ਤੇ ਫ਼ਨਕਾਰਾਂ, ਜਿੰਨਾਂ ਵਿਚ ਮਨਪ੍ਰੀਤ ਸਿੰਘ ਗਿੱਲ, ਦਵਿੰਦਰ ਧਾਲੀਵਾਲ, ਕਰਨ ਬਰਾੜ, ਵੀਰ ਭੰਗੂ, ਕਮਲ ਸੰਧੂ, ਲਾਲੀ ਗੁਰਨਾ, ਗੁਰਵਿੰਦਰ ਸਿੰਘ, ਸੁਖਦੀਪ ਬਰਾੜ, ਰਾਜ ਕੁਮਾਰ ਸ਼ਰਮਾ, ਰਮਨਪ੍ਰੀਤ ਕੌਰ ਅਤੇ ਰਾਜੀਵ ਕੁਮਾਰ ਆਦਿ ਸ਼ਾਮਲ ਹਨ, ਨੇ ਆਪਣੇ ਫ਼ਨ ਦਾ ਮੁਜ਼ਾਹਿਰਾ ਕੀਤਾ ਅਤੇ ਮਹਿਮਾਨਾਂ ਤੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਵਕਤ ਇਕ ਵਾਰ ਤਾਂ ਇਹ ਸਮਾਗਮ ਰੂਬਰੂ ਘੱਟ ਤੇ ਕਵੀ ਦਰਬਾਰ ਜ਼ਿਆਦਾ ਲੱਗਣ ਲੱਗ ਪਿਆ ਸੀ। 

ਗੱਜਣਵਾਲਾ ਸੁਖਮਿੰਦਰ ਦੀ ਐਡੀਲੇਡ ਵਿਖੇ ਰੂ ਬ ਰੂ

ਐਡੀਲੇਡ (ਬਿਊਰੋ) : ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੱਜਣਵਾਲਾ ਸੁਖਮਿੰਦਰ ਪਿਛਲੇ ਦਿਨੀਂ ਐਡੀਲੇਡ ਦੇ ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਵਿਖੇ ਪੰਜਾਬੀ ਪਾਠਕਾਂ/ਸਰੋਤਿਆਂ ਦੇ ਰੂ ਬ ਰੂ ਹੋਏ । ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਉਹ ਕਰੀਬ ਬਾਰਾਂ ਸਾਲ ਪੰਜਾਬੀ ਦੇ ਇੱਕੋ ਅਖ਼ਬਾਰ ਲਈ ਕਾਲਮ ਲਿਖਦੇ ਰਹੇ । ਗੱਜਣਵਾਲਾ ਚਾਹੇ ਦਿੱਲੀ ਬੈਂਕ ਦੀ ਨੌਕਰੀ ਕਰਦੇ ਰਹੇ ਪਰ ਉਨ੍ਹਾਂ ਦੀ ਕਲਮ ਪੰਜਾਬੀ ਸੱਭਿਆਚਾਰ, ਪੇਂਡੂ ਬੋਲੀ, ਵਿਰਸੇ ਦੇ ਬੇਹੱਦ ਨੇੜ ਦੀ ਹੋ ਕੇ ਲੰਘਦੀ ਹੈ । ਸਰੋਤਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਤੇ ਵਿਦੇਸ਼ੀਂ ਵੱਸਦੇ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ । ਇਸ ਲਈ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ । ਇਸ ਮੌਕੇ ‘ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਿਦੇਸ਼ ‘ਚ ਮਾਂ ਬੋਲੀ ਪੰਜਾਬੀ ਦੀ ਸੇਵਾ ਤੇ ਪ੍ਰਫੁੱਲਤਾ ਲਈ ਅਜਿਹੇ ਉਪਰਾਲੇ ਕਰਨ ਲਈ ਵਚਨਬੱਧ ਹੈ ।