Showing posts with label ਮਿੰਟੂ ਬਰਾੜ. Show all posts
Showing posts with label ਮਿੰਟੂ ਬਰਾੜ. Show all posts

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ……… ਅਭੁੱਲ ਯਾਦਾਂ / ਮਿੰਟੂ ਬਰਾੜ


ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।

ਠੱਗ ਜੀ……… ਲੇਖ / ਮਿੰਟੂ ਬਰਾੜ

ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ ‘ਠੱਗ ਜੀ’ ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ ਹਾਂ। ਕਿਉਂਕਿ ਅੱਜ ਦੀ ਦੁਨੀਆਂ ਧਨ ਵਾਲੇ ਧਨਵਾਨ ਦਾ ਸਤਿਕਾਰ ਕਰਦੀ ਹੈ। ਮੈਨੂੰ ਅੱਜ ਤੱਕ ਕੋਈ ਠੱਗ ਗ਼ੁਰਬਤ ਵਿਚ ਲਬਰੇਜ਼ ਨਹੀਂ ਮਿਲਿਆ। ਧਨਵਾਨ ਬੰਦੇ ਨੂੰ ਜੀ ਜੀ ਕਰਨਾ ਹੀ ਅੱਜ ਕੱਲ੍ਹ ਦੁਨੀਆਂਦਾਰੀ ਹੈ। ਸੋ ਮਿੱਤਰੋ, ਇਸ ਦੁਨੀਆਂ ’ਚ ਰਹਿੰਦਿਆਂ ਹੋਇਆਂ ਦੁਨੀਆਂਦਾਰੀ ਨਾ ਨਿਭਾ ਕੇ ਮੈਂ ਆਪਣੇ ਸਿਰ ‘ਤੇ ਜਿਹੜੇ ਚਾਰ ਵਾਲ ਬਚੇ ਨੇ, ਉਹ ਤਾਂ ਨਹੀਂ ਝੜਵਾਉਣੇ!

ਸਭ ਤੋਂ ਪਹਿਲਾਂ ਅੱਜ ਦੇ ਮੁੱਦੇ ਦੀ ਗੱਲ ਕਰਦਿਆਂ ਠੱਗ ਸ਼ਬਦ ਬਾਰੇ ਵਿਚਾਰ ਕਰਦੇ ਹਾਂ। “ਠੱਗ” ਸ਼ਬਦ ਦੇ ਮਾਇਣੇ ਦੱਸਣ ਦੀ ਤਾਂ ਲੋੜ ਨਹੀਂ, ਬੱਸ ਇੰਨਾ ਕੁ ਕਹਿ ਸਕਦੇ ਹਾਂ ਕਿ ਇਹ ਹਿੰਦੀ ਪੰਜਾਬੀ ਦਾ ਸ਼ਬਦ ਅੰਗਰੇਜ਼ੀ ਭਾਸ਼ਾ ਨਾਲ 1810 ਦੇ ਕਰੀਬ ਠੱਗੀ ਮਾਰ ਕੇ ਘੁਸਪੈਠ ਕਰ ਗਿਆ ਸੀ ਤੇ 1839 ਆਉਂਦੇ ਆਉਂਦੇ ਅੰਗਰੇਜ਼ਾਂ ਤੋਂ ਵੀ ਮਾਨਤਾ ਲੈ ਗਿਆ ਸੀ। ਸੋ, ਜਿਵੇਂ ਅੱਜ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਭਾਸ਼ਾ ’ਚ ਅੰਗਰੇਜ਼ੀ ਦੀ ਘੁਸਪੈਠ ਤੋਂ ਦੁਖੀ ਹਨ, ਉਨ੍ਹਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ਤਕਰੀਬਨ ਪੱਚੀ ਸੌ ਦੇ ਕਰੀਬ ਹਿੰਦੀ ਪੰਜਾਬੀ ਭਾਸ਼ਾ ਦੇ ਸ਼ਬਦ ਅੰਗਰੇਜ਼ੀ ਵਿਚ ਆਪਣੀ ਮਾਨਤਾ ਕਰਵਾ ਚੁੱਕੇ ਹਨ। ਇਹ ਇਕ ਵੱਖਰਾ ਵਿਸ਼ਾ ਹੈ, ਕਿਸੇ ਹੋਰ ਵਕਤ ਵਿਸਤਾਰ ਕਰਾਂਗੇ। ਹੁਣ ‘ਠੱਗ ਜੀ’ ਦੇ ਪਿਛੋਕੜ ਤੇ ਝਾਤ ਮਾਰਦੇ ਹਾਂ।

ਪੰਜਾਬੀ ਫ਼ਿਲਮ ''ਅੱਜ ਦੇ ਰਾਂਝੇ'' ਮੇਰੀ ਨਜ਼ਰੇ.......... ਫਿਲਮ ਰਿਲੀਜ਼ / ਮਿੰਟੂ ਬਰਾੜ, ਐਡੀਲੇਡ (ਆਸਟ੍ਰੇਲੀਆ)

ਦੋਸਤੋ! ਅੱਜ ਥੋੜ੍ਹੀ ਦੇਰ ਪਹਿਲਾਂ ਐਡੀਲੇਡ ਵਿਖੇ ਮਨਪ੍ਰੀਤ ਗਿੱਲ ਦੇ ਸੱਦੇ 'ਤੇ ਨਵੀਂ ਪੰਜਾਬੀ ਫ਼ਿਲਮ ''ਅੱਜ ਦੇ ਰਾਂਝੇ" ਦਾ ਪ੍ਰੀਮੀਅਰ ਦੇਖਣ ਦਾ ਮੌਕਾ ਮਿਲਿਆ। ਕਈ ਦਿਨਾਂ ਤੋਂ ਫ਼ਿਲਮ ਦਾ ਪ੍ਰਚਾਰ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਫ਼ਿਲਮ ਨਾਲ ਜੁੜੇ ਬਹੁਤ ਸਾਰੇ ਲੋਕ ਮੂੰਹ ਮੱਥੇ ਲੱਗਦੇ ਸਨ, ਸੋ ਇਕ ਅਣਮਨੇ ਜਿਹੇ ਮਨ ਨਾਲ ਮੈਂ ਵੀ ਇਸ ਫ਼ਿਲਮ ਦਾ ਪ੍ਰਚਾਰ ਕਰ ਰਿਹਾ ਸੀ। ਪਰ ਦਿਲ ਦੇ ਕਿਸੇ ਕੋਨੇ 'ਚ ਇਕ ਧੜਕੂ ਜਿਹਾ ਸੀ ਕਿ ਕਿਤੇ ਕੱਲ੍ਹ ਨੂੰ ਕਿਸੇ ਗੱਲ ਤੇ ਨੀਵਾਂ ਨਾ ਝਾਕਣਾ ਪਵੇ। ਪਰ ਕਹਿੰਦੇ ਹੁੰਦੇ ਹਨ ਕਿ ਬਿਨਾਂ ਦੇਖੇ ਤੁਸੀ ਲਾਗਤਾ ਤਾਂ ਲਾ ਸਕਦੇ ਹੋ ਪਰ ਸੱਚ ਨਹੀਂ ਬਿਆਨ ਕਰ ਸਕਦੇ।

ਸੋ ਦੋਸਤੋ! ਹੁਣ ਜਦੋਂ ਫ਼ਿਲਮ ਦੇਖ ਲਈ ਹੈ ਤਾਂ ਹੁਣ ਕੋਈ ਡਰ ਨਹੀਂ ਇਸ ਨੂੰ ਚੰਗਾ ਮਾੜਾ ਕਹਿਣ ਦਾ। ਸੋ ਜ਼ਿਆਦਾ ਗੱਲਾਂ ਕਰਨ ਨਾਲੋਂ ਇਕ ਗੱਲ 'ਚ ਹੀ ਮੁਕਾ ਦਿੰਦਾ ਹਾਂ ਕਿ ਮੈਂ ਇਸ ਫ਼ਿਲਮ ਨੂੰ ਦਸ ਵਿਚੋਂ ਨੋਂ ਨੰਬਰ ਦੇਵਾਂਗਾ। ਇਕ ਨੰਬਰ ਇਸ ਲਈ ਕੱਟ ਲਿਆ ਕਿਉਂਕਿ ਇਸ ਦੁਨੀਆਂ 'ਚ ਕੁਝ ਵੀ ਸੰਪੂਰਨ ਨਹੀਂ ਹੈ। ਸੋ ਲੋਕ ਲੱਜੋਂ ਇਕ ਪੁਆਇੰਟ ਕੱਟ ਲਿਆ ਜੀ ਨਹੀਂ ਤਾਂ ਕਮੀ ਕਿਸੇ ਪੱਖ ਤੋਂ ਦਿਖਾਈ ਨਹੀਂ ਦਿੱਤੀ।

ਗ੍ਰਿਫ਼ਥ ਖੇਡਾਂ ਮੇਰੀ ਨਜ਼ਰੇ........... ਖੇਡ ਮੇਲਾ / ਮਿੰਟੂ ਬਰਾੜ

ਭਾਵੇਂ ਮੈਨੂੰ ਆਸਟ੍ਰੇਲੀਆ ਆਏ ਨੂੰ ਪੂਰੇ ਪੰਜ ਵਰ੍ਹੇ ਬੀਤ ਗਏ ਹਨ ਅਤੇ ਪੈਰ ਚੱਕਰ ਹੋਣ ਕਾਰਨ ਇਸੇ ਦੌਰਾਨ ਤਕਰੀਬਨ ਸਾਰਾ ਆਸਟ੍ਰੇਲੀਆ ਗਾਹ ਮਾਰਿਆ, ਪਰ ਪੰਜਾਬੀ ਵਸੋਂ ਵਾਲੇ ਚਾਰ ਆਸਟ੍ਰੇਲਿਆਈ ਪੇਂਡੂ ਇਲਾਕੇ ਹਾਲੇ ਵੀ ਮੇਰੀ ਪਹੁੰਚ ਤੋਂ ਦੂਰ ਹੀ ਸਨ। ਜਿਨ੍ਹਾਂ ਵਿਚ ਗ੍ਰਿਫ਼ਥ, ਸ਼ੈਪਰਟਨ, ਵੂਲਗੂਲਗਾ ਅਤੇ ਕੇਨਜ਼ ਦਾ ਨਾਂ ਜ਼ਿਕਰਯੋਗ ਹੈ। ਸੋ, ਘੁਮੱਕੜ ਕਿਸਮ ਦੇ ਬੰਦੇ ਲਈ ਇਹ ਇਕ ਚੀਸ ਹੀ ਸੀ ਕਿ ਹਾਲੇ ਤੱਕ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਹੋ ਰਹੀਆਂ, ਗ੍ਰਿਫ਼ਥ ਦੀਆਂ ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਚ ਕਾਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਸਬੱਬ ਬਣ ਗਿਆ ਤੇ ਅਸੀਂ ਵੀ ਐਡੀਲੇਡ ਤੋਂ ਤਕਰੀਬਨ 850 ਕਿੱਲੋਮੀਟਰ ਦਾ ਸਫ਼ਰ ਸੜਕ ਰਾਹੀਂ ਕਰ ਕੇ ਖੇਡਾਂ ਦੇ ਪਹਿਲੇ ਦਿਨ ਦੀ ਤੜਕਸਾਰ ਗ੍ਰਿਫ਼ਥ ਦੀ ਧਰਤੀ ਨੂੰ ਜਾ ਛੋਹਿਆ।

ਐਡੀਲੇਡ ਵਿਖੇ ਹਰਭਜਨ ਮਾਨ ਤੇ ਗੁਰਪ੍ਰੀਤ ਘੁੱਗੀ ਦੇ ਸ਼ੋਅ ਦਾ ਪੋਸਟਰ ਤੇ ਟਿਕਟਾਂ ਜਾਰੀ.......... ਮਿੰਟੂ ਬਰਾੜ

ਐਡੀਲੇਡ : ਪੰਜਾਬੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਤੇ ਹਾਸਿਆਂ ਦੇ ਬਾਦਸ਼ਾਹ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਵਿਖੇ ਹੋ ਰਹੇ ਸ਼ੋਆਂ ਦੀ ਲੜੀ ਦੇ ਮੱਦੇ ਨਜ਼ਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ, ਟਿਕਟਾਂ ਤੇ ਪੋਸਟਰ ਜਾਰੀ ਕੀਤੇ ਗਏ । ਇਸ ਮੌਕੇ ‘ਤੇ ਸ਼ੋਅ ਦੇ ਪ੍ਰਬੰਧਕਾਂ ਮਨਦੀਪ ਭੁੱਲਰ, ਕੁਲਵਿੰਦਰ ਤਤਲਾ ਤੇ ਵਿਪਨਦੀਪ ਤੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਗੁਰਪਿੰਦਰ ਮਾਨ, ਸੁਖਚੈਨ ਗਰੇਵਾਲ, ਮਨਜਿੰਦਰ ਸਿੰਘ ਤੇ ਜਸਪ੍ਰੀਤ ਸ਼ੇਰਗਿੱਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।

ਜਿ਼ਕਰਯੋਗ ਹੈ ਕਿ 17 ਜੂਨ, ਐਤਵਾਰ ਵਾਲੇ ਦਿਨ ਹੋਣ ਵਾਲੇ ਇਸ ਸ਼ੋਅ ਲਈ ਐਡੀਲੇਡ ਤੋਂ ਬਿਨਾਂ ਆਸਪਾਸ ਦੇ ਕਰੀਬ ਢਾਈ-ਤਿੰਨ ਸੌ ਕਿਲੋਮੀਟਰ ਦੂਰ ਤੱਕ ਵਿਚਰ ਰਹੇ ਪੰਜਾਬੀ ਪਰਿਵਾਰਾਂ ‘ਚ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸ਼ੋਅ ਦੇ ਪ੍ਰਬੰਧਕਾਂ ਨੇ ਵਾਅਦਾ ਕੀਤਾ ਕਿ ਪਰਿਵਾਰਾਂ ਦੇ ਇਸ ਉਤਸ਼ਾਹ ਨੂੰ ਮੱਦੇ ਨਜ਼ਰ ਰੱਖਦਿਆਂ, ਇਸ ਸ਼ੋਅ ਨੂੰ ਪੂਰੀ ਤਰ੍ਹਾਂ ਪਰਿਵਾਰਿਕ ਮਾਹੌਲ ਪ੍ਰਦਾਨ ਕੀਤਾ ਜਾਏਗਾ ਤੇ ਸਕਿਉਰਟੀ ਦਾ ਪੂਰਾ ਪੂਰਾ ਇੰਤਜ਼ਾਮ ਰਹੇਗਾ । ਪ੍ਰਬੰਧਕਾਂ ਨੇ ਸਭ ਦਰਸ਼ਕਾਂ ਨੂੰ ਸ਼ੋਅ ‘ਚ ਸਮੇਂ ਸਿਰ ਪੁੱਜਣ ਦੀ ਵਿਸ਼ੇਸ਼ ਬੇਨਤੀ ਕੀਤੀ ਕਿਉਂ ਜੋ ਸ਼ੋਅ ਠੀਕ ਦਿੱਤੇ ਗਏ ਸਮੇਂ ਸ਼ਾਮ ਦੇ 6:30 ਵਜੇ ਸ਼ੁਰੂ ਹੋ ਜਾਵੇਗਾ । ਇਸ ਸ਼ੋਅ ਦੇ ਸੰਬੰਧ ‘ਚ ਟਿਕਟਾਂ ਤੇ ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 0430 025 482, 0433 047 005 ਜਾਂ 0425 245 911 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

****

ਖੁਸ਼ਆਮਦੀਦ ਵੀਰ ਭੰਗੂ……… ਲੇਖ / ਮਿੰਟੂ ਬਰਾੜ

ਪੰਜਾਬ ਦੇ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਪੰਜਾਬੀ ਗਾਇਕੀ ਵਿਚ ਆਪਣੀ ਮਧੁਰ ਆਵਾਜ਼ ਦਾ ਰਸ ਘੋਲਿਆ ਹੈ ਅਤੇ ਘੋਲ ਰਹੇ ਹਨ। ਇਨ੍ਹਾਂ ਗਾਇਕਾਂ ਦੇ ਗੀਤਾਂ ਵਿਚ ਪੰਜਾਬ ਦੇ ਬਹੁ-ਪੱਖੀ ਵਿਰਸੇ ਦੀਆਂ ਪਰਤਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਖੋਲ੍ਹਿਆ ਗਿਆ ਹੈ। ਇਹ ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਸਾਂਝੇ ਪਰਿਵਾਰਾਂ ਵਿਚ ਮਾਣਿਆ ਜਾਂਦਾ ਹੈ। ਅਜਿਹੇ ਗੀਤ ਸਾਡੀ ਮਾਣ ਕਰਨ ਯੋਗ ਵਿਰਾਸਤ ਹਨ।

ਇਸ ਦੇ ਉਲਟ ਇਸ ਤਸਵੀਰ ਦਾ ਇਕ ਦੂਸਰਾ ਪਾਸਾ ਵੀ ਹੈ। ਇਹ ਪਾਸਾ ਗਾਇਕੀ ਦੇ ਨਾਂ 'ਤੇ ਕਲੰਕ ਵਰਗਾ ਹੈ। ਬੀਤੇ ਦਹਾਕੇ ਤੋਂ ਤਾਂ ਪੰਜਾਬੀ ਗਾਇਕੀ ਵਿਚ ਬੁਣਿਆ ਜਾ ਰਿਹਾ ਸ਼ੋਰ, ਸਾਡੇ ਰਿਸ਼ਤੇ ਭੰਨ ਰਿਹਾ ਹੈ। ਗੱਡੇ, ਰੇਹੜੀਆਂ ਨੂੰ ਸਟੇਜ ਬਣਾ ਕੇ ਤੂੰਬੀਆਂ, ਅਲਗੋਜਿਆਂ ਨਾਲ ਗਾਉਣ ਵਾਲੇ ਸਾਡੇ ਮਰਹੂਮ ਗਾਇਕਾਂ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ ਦਾ ਸਮਾਂ ਬਹੁਤ ਪਿੱਛੇ ਰਹਿ ਗਿਆ ਹੈ। ਵੀਡੀਓਗ੍ਰਾਫੀ ਦੇ ਇਸ ਯੁੱਗ ਵਿਚ ਜਿਥੇ ਗਾਇਕੀ ਹਾਈ-ਟੈਕ ਹੋਈ ਹੈ, ਉਥੇ ਸ਼ੋਰ ਬਣੇ ਸੰਗੀਤ ਵਿਚ ਗਾਇਕੀ, ਵੇਖਣ ਦੀ ਚੀਜ਼ ਬਣ ਕੇ ਰਹਿ ਗਈ ਹੈ। ਭਾਰੀ ਮਾਤਰਾ ਵਿਚ ਅਜੋਕੀ ਪੰਜਾਬੀ ਗਾਇਕੀ ਪੌਪ ਸੰਗੀਤ ਬਣਕੇ ਰਹਿ ਗਈ ਹੈ । ਗੀਤਾਂ ਦੇ ਮੁਖੜੇ ਅਤੇ ਵੀਡੀਓ ਫਿਲਮਾਂਕਣ ਹਰ ਦਰਸ਼ਕ/ਸਰੋਤੇ ਨੂੰ ਲਾਲ ਬੱਤੀ ਚੌਂਕ ਵਿਚ ਲਿਜਾ ਖੜ੍ਹਦੇ ਹਨ, ਜਿਸ ਦੇ ਦੁਆਲਿਓ ਮਾਰੀਆਂ ਗਈਆਂ ਕਦਰਾਂ ਦੀ ਬੋਅ ਆ ਰਹੀ ਹੁੰਦੀ ਹੈ। ਅਜਿਹੇ ਗੀਤ ਗਾਏ ਜਾ ਰਹੇ ਹਨ, ਜਿਨ੍ਹਾਂ ਨੂੰ ਗੀਤ ਕਹਿਣਾ ਵੀ ਗੀਤਾਂ ਦਾ ਅਪਮਾਨ ਹੈ, ਜਿਨ੍ਹਾਂ ਦੇ ਵਿਚ ਸਾਡੀਆਂ ਬਾਲੜੀਆਂ ਤੋਂ ਲੈ ਕੇ ਬਜ਼ੁਰਗ ਮਾਂਵਾਂ ਤੱਕ ਦਾ ਚੀਰ-ਹਰਨ ਕੀਤਾ ਗਿਆ ਹੈ, ਸਮੁੱਚੀ ਨਾਰੀ ਦਾ ਅਪਮਾਨ ਕੀਤਾ ਗਿਆ ਹੈ। ਜੇ ਗੀਤ ਲੜਾਈਆਂ, ਨਸ਼ਿਆਂ ਲਈ ਪ੍ਰੇਰਦੇ ਹਨ, ਸਾਡੀ ਜਵਾਨੀ ਨੂੰ ਵਿਭਾਚਾਰ ਦੇ ਖਾਰੇ ਸਮੁੰਦਰਾਂ ਵਿਚ ਡਬੋਣ ਦਾ ਕਾਰਨ ਬਣਦੇ ਹਨ, ਨਸ਼ਿਆਂ ਅਤੇ ਨੰਗੇਜ਼ ਦੀ ਵਡਿਆਈ ਕਰਦੇ ਹਨ, ਅਣਚਾਹੀਆਂ ਮੁਹੱਬਤਾਂ ਲਈ ਪ੍ਰੇਰਕ ਸਾਡੀ ਜਵਾਨੀ ਨੂੰ ਸਿੱਖਿਆ ਵਿਚੋਂ ਕੱਢਣ ਦਾ ਕਾਰਨ ਬਣ ਰਹੇ ਹਨ ਤਾਂ ਇਹ ਨੋਟ ਕਰਨਾ ਬਣਦਾ ਹੈ ਕਿ ਸਾਡੇ ਲੇਖਕ ਅਤੇ ਗਾਇਕ, ਗੰਦਗੀ 'ਤੇ ਪਏ ਪੈਸੇ ਨੂੰ ਉਠਾ ਕੇ, ਆਪਣੇ ਆਪ ਨੂੰ ਲਬੇੜਦੇ ਹੋਏ, ਪੰਜਾਬ ਦੀ ਧਰਤੀ ਨਾਲ ਧ੍ਰੋਹ ਕਰ ਰਹੇ ਹਨ। ਉਕਤ ਦੇ ਸੰਦਰਭ ਵਿਚ ਬਹੁਤ ਜ਼ਿਆਦਾ ਲੋੜ ਹੈ ਲੇਖਣੀ, ਗਾਇਕੀ ਅਤੇ ਸਰੋਤਿਆਂ/ਦਰਸ਼ਕਾਂ ਦੇ ਪੱਧਰ 'ਤੇ ਮੋੜਾ ਕੱਟਣ ਦੀ।
 

ਬੇਬਾਕ ਤੇ ਫ਼ੱਕਰ ਲੇਖਕ ਸੀ ‘ਗੁਰਮੇਲ ਸਰਾ’……… ਸ਼ਰਧਾਂਜਲੀ / ਮਿੰਟੂ ਬਰਾੜ

ਆਪਣੇ ਉਸਤਾਦ ਨੂੰ ਸ਼ਰਧਾਂਜਲੀ
ਗੁਰਬਾਣੀ ਦਾ ਫੁਰਮਾਨ ਹੈ, “ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ” । ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ ‘ਗੁਰਮੇਲ ਸਰਾ’ ਨੂੰ “ਸੀ” ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।

ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ?  ਮੇਰੇ ਜ਼ਿਹਨ ’ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।

ਫੇਸ ਬੁੱਕ ਦੇ ਡਾਕੀਏ………… ਲੇਖ / ਮਿੰਟੂ ਬਰਾੜ

ਆਧੁਨਿਕਤਾ ਦੇ ਇਸ ਦੌਰ ’ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ ’ਚ ਕਿਤੇ ਅਸੀਂ ਪਛੜ ਹੀ ਨਾ ਜਾਈਏ। ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿੱਤਾ ਤਾਂ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਹਰਲਾ ਤੁਹਾਨੂੰ ਡੰਗਰ ਸਮਝਣ ਲੱਗ ਜਾਂਦਾ ਹੈ। ਉਹ ਸੋਚਦਾ ਕਿ ਪਤਾ ਨਹੀਂ ਇਹ ਕਿਹੜੇ ਜਹਾਨ ’ਚ ਰਹਿੰਦਾ ਹੈ ! ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਤਾਂ ਬਿਸਤਰੇ ਚੋਂ ਉੱਠ ਕੇ ਲੈਪਟਾਪ ਦਾ ਬਟਨ ਦੱਬਣ ਤੋ ਸ਼ੁਰੂ ਹੁੰਦੀ ਹੈ। ਫੇਰ ਦਾਤਣ ਕੁਰਲੇ ਵੱਲ ਨੂੰ ਜਾਈਦਾ ਹੈ ਤੇ ਸੋਚ ਇਹੀ ਹੁੰਦੀ ਹੈ ਕਿ ਆਉਂਦੇ ਨੂੰ ਲੈਪਟਾਪ ਖੁੱਲ੍ਹ ਕੇ ਤਿਆਰ ਹੋਵੇ, ਕਿਤੇ ਕੋਈ ਵਕਤ ਬਰਬਾਦ ਨਾ ਹੋ ਜਾਵੇ।

ਸਰਬੱਤ ਦੇ ਭਲੇ ਲਈ ਸਰਬੱਤ ਵੱਲੋਂ ਖ਼ੂਨ ਦਾਨ……… ਮਿੰਟੂ ਬਰਾੜ

ਐਡੀਲੇਡ : ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਹੜਾ ਕਿ ਆਸਟ੍ਰੇਲੀਆ ਭਰ ਵਿਚ ਇੱਕੋ ਦਿਨ ਸਰਬੱਤ ਦੇ ਭਲੇ ਅਤੇ ਸਿੱਖ ਸ਼ਹੀਦਾਂ ਦੀ ਯਾਦ ‘ਚ ਲਗਾਏ ਗਏ ਕੈਂਪਾਂ ਦਾ ਇੱਕ ਹਿੱਸਾ ਸੀ।ਸੰਯੋਗਵਸ ਕੈਂਪ ਦੇ ਦੂਜੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਸੀ। ਇਸ ਚੰਗੇ ਮੌਕੇ ਤੇ ਸੰਗਤਾਂ ਖ਼ੂਨਦਾਨ ਕਰਨ ‘ਚ ਬੜੀਆਂ ਉਤਸ਼ਾਹਿਤ ਦਿਖਾਈ ਦਿੱਤੀਆਂ। ਕੈਂਪ ਦੀ ਸ਼ੁਰੂਆਤ ਗਿਆਨੀ ਬਲਜੀਤ ਸਿੰਘ ਹੋਰਾਂ ਵੱਲੋਂ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਹੋਈ। ਇਸ ਕੈਂਪ ਦੀ ਖ਼ਾਸ ਗਲ ਇਹ ਰਹੀ ਕਿ ਵਿਦੇਸ਼ ਦੇ ਰੁਝੇਵਿਆਂ ਭਰੇ ਜੀਵਨ ਚੋਂ ਵਕਤ ਕੱਢ ਕੇ ਆਸ ਤੋਂ ਵੱਧ ਲੋਕਾਂ ਨੇ ਖ਼ੂਨ ਦਾਨ ਕਰ ਕੇ ਜਿੱਥੇ ਮਾਨਵਤਾ ਪ੍ਰਤੀ ਆਪਣੀ ਜ਼ੁੰਮੇਵਾਰੀ ਦਿਖਾਈ ਉੱਥੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤਿਆਂ।ਸਿੱਖ ਕੌਮ ਦਾ ਸਰਬੱਤ ਦੇ ਭਲੇ ਬਾਰੇ ਸੋਚਣ ਦਾ ਸੁਨੇਹਾ ਦੂਜੇ ਭਾਈਚਾਰਿਆਂ ਵਿਚ ਦੇਣ ਦੀ ਵੀ ਕੋਸ਼ਿਸ਼ ਕੀਤੀ। ਜਿਸ ਵਿਚ ਵੱਡੀ ਸਫਲਤਾ ਵੀ ਮਿਲੀ। 

ਚਮਤਕਾਰ ਕੋ ਨਮਸਕਾਰ........ ਲੇਖ / ਮਿੰਟੂ ਬਰਾੜ

ਦੋਸਤੋ! ਅੱਜ ਦੀਵਾਲ਼ੀ ਦੀ ਰਾਤ ਹੈ, ਕੋਈ ਦੀਵੇ ਜਗਾ ਰਿਹਾ ਤੇ ਕੋਈ ਪਟਾਕੇ ਚਲਾ ਰਿਹਾ। ਸਾਡਾ ਅੰਦਰਲਾ ਲੇਖਕ ਕਹਿੰਦਾ ਕਿ ਕੀ ਹੋਇਆ ਤੂੰ ਵਿਦੇਸ਼ 'ਚ ਬੈਠਾ। ਤੂੰ ਦੀਵੇ ਨਹੀਂ ਤਾਂ ਆਪਣਾ ਆਪ ਮਚਾ ਲੈ! ਕੀ ਪਤਾ ਤੇਰੇ ਮੱਚਣ ਦੇ ਇਸ ਚਾਨਣ ਨਾਲ ਕਿਸੇ ਦਾ ਹਨੇਰਾ ਦੂਰ ਹੋ ਜਾਵੇ। ਸ਼ਾਇਦ ਕੋਈ ਠੇਡਾ ਖਾਣ ਤੋਂ ਬਚ ਜਾਵੇ। ਸੋ ਅਸੀਂ ਤਾਂ ਫੇਰ ਪਾ ਲਿਆ ਆਪਣੀ ਕਲਮ 'ਚ ਤੇਲ, ਤੇ ਸੀਖ ਘਸਾ ਦਿੱਤੀ ਮੈਡਮ ਮਨਦੀਪ ਕੌਰ ਨੇ। ਹੁਣ ਤੁਸੀਂ ਪੁੱਛੋਗੇ ਕਿ ਇਹ ਮੈਡਮ ਕੀ ਚੀਜ ਹੈ। ਸੋ ਦੋਸਤੋ! ਕਾਹਲ ਨਾ ਕਰੋ ਮਿਲਾਉਣੇ ਹਾਂ ਤੁਹਾਨੂੰ ਵੀ ਮੈਡਮ ਜੀ ਨਾਲ।

ਬਹੁਤ ਚਿਰਾਂ ਤੋਂ ਇਕ ਗੱਲ ਮੇਰੇ ਸੰਘ 'ਚ ਫਸੀ ਪਈ ਸੀ। ਕਈ ਬਾਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਢੁੱਕਵਾਂ ਮਾਹੌਲ ਨਹੀਂ ਬਣਿਆ। ਅੱਜ ਇਸ ਕਾਂਡ ਨੇ ਮਾਹੌਲ ਹੀ ਅਜਿਹਾ ਸਿਰਜ ਦਿਤਾ ਕਿ ਹੁਣ ਨਾ ਚਾਹੁੰਦੇ ਹੋਏ ਵੀ ਲਿਖਣ ਬੈਠ ਗਿਆ। ਲਓ ਜੀ ਪਹਿਲਾਂ ਕਾਂਡ ਸੁਣ ਲਵੋ, ਸੰਘ ਵਾਲੀ ਗੱਲ ਫੇਰ ਕੱਢਦੇ ਹਾਂ;

ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪਰਦੇਸ……… ਲੇਖ / ਮਿੰਟੂ ਬਰਾੜ

ਕਾਫ਼ੀ ਦੇਰ ਬਾਅਦ ਲਿਖਣ ਬੈਠਾ, ਪਰ ਮੁੱਦਾ ਫੇਰ ਉਹੀ ਜਨਮ ਭੂਮੀ ਦਾ, ਫੇਰ ਸੋਚਦਾ ਕਿਉਂ ਲੱਸੀ ਰਿੜਕੀ ਜਾਣਾ? ਬਹੁਤ ਸਾਰੇ ਮੇਰੇ ਕਲਮਕਾਰ ਵੀਰ ਪਿਛਲੇ ਪੈਂਹਠ ਵਰ੍ਹਿਆਂ ਤੋਂ ਕਲਮਾਂ ਘਸਾ-ਘਸਾ ਕੇ ਹੰਭ ਗਏ ਨੇ ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਨਾਲੇ ਮੇਲੇ 'ਚ ਅਮਰੂਦਾਂ ਵਾਲੀ ਰੇਹੜੀ ਨੂੰ ਕੌਣ ਪੁੱਛਦੈ? ਪਰ ਜਦੋਂ ਫੇਰ ਇੰਡੀਆ ਤੋਂ ਆਉਂਦੀਆਂ ਨਿੱਤ ਨਵੀਆਂ-ਨਵੀਆਂ ਖ਼ਬਰਾਂ ਤੇ ਝਾਤ ਮਾਰਦਾ ਹਾਂ ਤਾਂ ਫੇਰ ਅੰਦਰ ਦਾ ਲੇਖਕ ਕਹਿੰਦੈ,

"ਯਾਰ! ਤੂੰ ਆਪਣੀ ਤੁਲਨਾ ਅਮਰੂਦਾਂ ਵਾਲੀ ਰੇਹੜੀ ਨਾਲ ਕਿਉ ਕਰਦਾ? ਤੂੰ ਆਪਣੇ ਪਿੰਡ ਵਾਲੇ ਮੱਸੇ ਚੌਕੀਦਾਰ ਵੱਲ ਦੇਖ, ਜਿਹੜਾ ਸਾਰੀ ਉਮਰ ਦਾ ਰੌਲਾ ਪਾਈ ਜਾਂਦਾ ਕਿ ਭਾਈ ਜਾਗਦੇ ਰਹੋ-ਜਾਗਦੇ ਰਹੋ! ਭਾਵੇਂ ਅੱਧੇ ਤੋਂ ਜ਼ਿਆਦਾ ਪਿੰਡ ਉਹਨੂੰ ਗਾਲ੍ਹਾਂ ਦੇ ਕੇ ਸੌਂ ਜਾਂਦੈ"।

ਸੋ ਦੋਸਤੋ! ਜੋ ਮਰਜ਼ੀ ਸਮਝੋ, ਆਪਾਂ ਤਾਂ ਬਹਿ ਗਏ ਕਾਗ਼ਜ਼ ਤੇ ਭੜਾਸ ਕੱਢਣ, ਕਿਉਂਕਿ ਹੋਰ ਕਿਤੇ ਸਾਡਾ ਵਾਹ ਵੀ ਨਹੀਂ ਚਲਦਾ। ਹੁਣ ਤੁਸੀਂ ਪੁੱਛੋਗੇ ਕਿ ਕਿਹੜੀਆਂ ਖ਼ਬਰਾਂ ਨੇ ਤੈਨੂੰ ਅਪਸੈੱਟ ਕਰ ਦਿੱਤਾ ਤਾਂ ਸੁਣ ਲਵੋ; ਕੱਲ੍ਹ ਜਦੋਂ ਅਮਲ ਜਿਹਾ ਟੁੱਟਿਆ ਤਾਂ ਸੋਚਿਆ ਕਿ ਚਲੋ ਦੋ ਸੂਟੇ ਫੇਸਬੁੱਕ ਦੇ ਹੀ ਲਾ ਲਈਏ। ਮੂਹਰੇ ਇੱਕ ਮਿੱਤਰ ਦੀ ਚੇਤਾਵਨੀ ਦੇਖੀ ''ਜੇ ਤੁਸੀ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ''!  ਮੈਂ ਸਰਸਰੀ ਜਿਹੀ ਝਾਤ ਮਾਰੀ ਤਾਂ ਮੈਨੂੰ ਇਹ ਇੱਕ ਕਹਾਣੀ ਜਿਹੀ ਜਾਪੀ।ਕਮੈਂਟਾਂ ਤੇ ਉੱਡਦੀ ਜਿਹੀ ਨਿਗ੍ਹਾ ਮਾਰਦਿਆਂ ਜਦੋਂ ਆਪਣੇ ਇੱਕ ਕਲਮੀ ਮਿੱਤਰ ਜੋਗਿੰਦਰ ਬਾਠ ਹਾਲੈਂਡ ਵਾਲਿਆਂ ਦਾ ਕਮੈਂਟ ਪੜ੍ਹਿਆ ਤਾਂ ਕੁਝ ਸੁਚੇਤ ਜਿਹਾ ਹੋ ਕੇ ਉਸ ਚੇਤਾਵਨੀ ਨੂੰ ਦੁਬਾਰਾ ਪੜ੍ਹਿਆ ਤੇ ਨਾਲ਼ ਦੀ ਨਾਲ਼ ਮਿਲਾ ਲਿਆ ਫ਼ੋਨ ਬਾਈ ਬਾਠ ਨੂੰ। ਅਗਾਂਹ ਬਾਠ ਸਾਹਿਬ ਵੀ ਭਰੇ-ਪੀਤੇ ਪਏ ਸੀ। ਕਹਿੰਦੇ "ਯਾਰ! ਆਹ ਤੂੰ ਚੰਗਾ ਕੀਤਾ ਛੋਟੇ ਵੀਰ, ਜਿਹੜਾ ਫ਼ੋਨ ਕਰ ਲਿਆ"। ਰਸਮੀ ਗੱਲਾਂ ਤੋਂ ਬਾਅਦ ਜੋ ਕਹਾਣੀ ਉਹਨਾਂ ਦੱਸੀ, ਬਸ! ਉਹ ਸੁਣ ਕੇ ਖਿਆਲਾਂ ਵਿੱਚ ਹੀ ਗੁਆਚ ਗਿਆ।

ਰੌਣਕਾਂ ਲਾਉਣ ‘ਚ ਕਾਮਯਾਬ ਰਿਹਾ “ਰੌਣਕ ਮੇਲਾ”.......... ਮੇਲਾ / ਰਿਸ਼ੀ ਗੁਲਾਟੀ

ਐਡੀਲੇਡ :  ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ ਚਿਰਾਂ ਤੋਂ ਉਡੀਕਿਆ ਜਾ ਰਿਹਾ ਰੌਣਕ ਮੇਲਾ ਆਖਿਰ ਆਪਣੀਆਂ ਸੁਨਿਹਰੀ ਯਾਦਾਂ ਲੋਕਾ ਦੇ ਮਨਾਂ ‘ਚ ਛੱਡਦਾ ਹੋਇਆ ਆਪਣੇ ਮੁਕਾਮ ‘ਤੇ ਪਹੁੰਚਿਆ । ਐਡੀਲੇਡ ਦੇ ਇਤਿਹਾਸ ‘ਚ ਪਹਿਲੀ ਵਾਰ ਨੀਲੀ ਛਤਰੀ ਥੱਲੇ ਕੋਈ ਪੰਜਾਬੀ ਪ੍ਰੋਗਰਾਮ ਕਰਵਾਉਣ ਦਾ ਹੌਸਲਾ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਤੇ ਡਰੀਮ ਵਰਲਡ ਨੇ ਕੀਤਾ । ਭਾਵੇਂ ਮਹਿਕਮਾ ਏ ਮੌਸਮ ਇਸ ਦਿਨ ਵੀ ਬਾਰਿਸ਼ ਹੋਣ ਦੀਆਂ ਭਵਿੱਖਬਾਣੀਆਂ ਕਰ ਰਿਹਾ ਸੀ ਪਰ ਪੰਜਾਬੀਆਂ ਦੇ ਇਸ ਉਤਸ਼ਾਹ ਨੂੰ ਦੇਖਦਿਆਂ ਰੱਬ ਨੇ ਵੀ ਸਾਥ ਦਿੱਤਾ ਤੇ ਬਹੁਤ ਹੀ ਸੁਹਾਵਣੇ ਮੌਸਮ ‘ਚ ਲੋਕਾਂ ਨੇ “ਦੇਸੀ ਰਾਕ ਸਟਾਰਜ਼” ਦੀ ਕਲਾ ਦਾ ਆਨੰਦ ਮਾਣਿਆ । ਇਸ ਪ੍ਰੋਗਰਾਮ ‘ਚ ਗਾਇਕ ਗਿੱਪੀ ਗਰੇਵਾਲ, ਸ਼ੈਰੀ ਮਾਨ, ਗੀਤਾ ਜ਼ੈਲਦਾਰ, ਬੱਬਲ ਰਾਏ ਤੇ ਅਭਿਨੇਤਰੀ ਨੀਰੂ ਬਾਜਵਾ ਨੇ ਆਪਣੇ ਜਲਵੇ ਬਿਖੇਰੇ । ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਪੰਜਾਬ ਦੇ ਮੇਲੇ ਜਿਹਾ ਮਾਹੌਲ ਦੇਣ ਲਈ ਪ੍ਰਬੰਧਕਾਂ ਵੱਲੋਂ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ । ਸਭ ਤੋਂ ਵੱਡੀ ਗੱਲ ਜੋ ਦੇਖਣ ‘ਚ ਆਈ, ਉਹ ਇਹ ਸੀ ਕਿ ਪੰਜਾਬੀਆਂ ਨੇ ਇਸ ਮੇਲੇ ‘ਚ ਲੜਾਈ ਝਗੜੇ ਦੀ ਥਾਂ ਮਨੋਰੰਜਨ ਨੂੰ ਪਹਿਲ ਦਿੱਤੀ ।

ਗੱਜਣਵਾਲਾ ਸੁਖਮਿੰਦਰ ਦੀ ਐਡੀਲੇਡ ਵਿਖੇ ਰੂ ਬ ਰੂ

ਐਡੀਲੇਡ (ਬਿਊਰੋ) : ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੱਜਣਵਾਲਾ ਸੁਖਮਿੰਦਰ ਪਿਛਲੇ ਦਿਨੀਂ ਐਡੀਲੇਡ ਦੇ ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਵਿਖੇ ਪੰਜਾਬੀ ਪਾਠਕਾਂ/ਸਰੋਤਿਆਂ ਦੇ ਰੂ ਬ ਰੂ ਹੋਏ । ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਉਹ ਕਰੀਬ ਬਾਰਾਂ ਸਾਲ ਪੰਜਾਬੀ ਦੇ ਇੱਕੋ ਅਖ਼ਬਾਰ ਲਈ ਕਾਲਮ ਲਿਖਦੇ ਰਹੇ । ਗੱਜਣਵਾਲਾ ਚਾਹੇ ਦਿੱਲੀ ਬੈਂਕ ਦੀ ਨੌਕਰੀ ਕਰਦੇ ਰਹੇ ਪਰ ਉਨ੍ਹਾਂ ਦੀ ਕਲਮ ਪੰਜਾਬੀ ਸੱਭਿਆਚਾਰ, ਪੇਂਡੂ ਬੋਲੀ, ਵਿਰਸੇ ਦੇ ਬੇਹੱਦ ਨੇੜ ਦੀ ਹੋ ਕੇ ਲੰਘਦੀ ਹੈ । ਸਰੋਤਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਤੇ ਵਿਦੇਸ਼ੀਂ ਵੱਸਦੇ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ । ਇਸ ਲਈ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ । ਇਸ ਮੌਕੇ ‘ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਿਦੇਸ਼ ‘ਚ ਮਾਂ ਬੋਲੀ ਪੰਜਾਬੀ ਦੀ ਸੇਵਾ ਤੇ ਪ੍ਰਫੁੱਲਤਾ ਲਈ ਅਜਿਹੇ ਉਪਰਾਲੇ ਕਰਨ ਲਈ ਵਚਨਬੱਧ ਹੈ ।

ਮੈਨੂੰ ਕੀ?.......... ਲੇਖ / ਮਿੰਟੂ ਬਰਾੜ


"ਮੈਨੂੰ ਕੀ" ਇਹ ਦੇਖਣ ਨੂੰ ਸਿਰਫ਼ ਦੋ ਸ਼ਬਦ ਲਗਦੇ ਹਨ। ਪਰ ਅਸਲ 'ਚ ਇਹਨਾਂ ਦੋ ਸ਼ਬਦਾਂ ਵਿਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹ ਇਕ ਘਰ ਤਾਂ ਕਿ ਪੂਰਾ ਮੁਲਕ ਤਬਾਹ ਕਰ ਸਕਦੀ ਹੈ। ਸੋਚਣ ਦੀ ਗਲ ਹੈ ਕਿ ਜੇ "ਮੈਨੂੰ ਕੀ" ਐਨੀ ਖ਼ਤਰਨਾਕ ਚੀਜ਼ ਹੈ ਤਾਂ ਫੇਰ ਕੋਈ ਇਸ ਦਾ ਕੁਝ ਕਰਦਾ ਕਿਉਂ ਨਹੀਂ? ਜੇਕਰ ਇਹੀ ਚਰਚਾ ਕਿਸੇ ਨਾਲ਼ ਕੀਤੀ ਜਾਏ ਕਿ ਇਹ ਦੋ ਸ਼ਬਦ ਦੇਸ਼ ਬਰਬਾਦ ਕਰ ਰਹੇ ਹਨ ਤਾਂ ਮੂਹਰਲੇ ਬੰਦੇ ਦਾ ਇਹੀ ਜਵਾਬ ਹੋਵੇਗਾ ਕਿ ਜਦੋਂ ਸਾਰਿਆਂ ਦਾ ਹੀ ਆਵਾ ਊਤਿਆ ਪਿਆ ਹੈ ਤਾਂ ਕੋਈ ਇਕੱਲਾ ਕੀ ਕਰ ਸਕਦਾ ਹੈ । ਸੋ "ਮੈਨੂੰ ਕੀ" ਜੋ ਹੋਈ ਜਾਂਦਾ, ਹੋਈ ਜਾਵੇ ਸਾਡੀ ਤਾਂ ਬਾਹਲ਼ੀ ਨਿੱਬੜ ਗਈ ਥੋੜ੍ਹੀ ਰਹਿ ਗਈ। ਇਹ ਗੱਲ ਖ਼ਾਸ ਕਰ ਮੇਰੀ ਜਨਮ ਭੂਮੀ ਯਾਨੀ ਕਿ ਹਿੰਦੁਸਤਾਨ ਨੂੰ ਸਹਿਜੇ-ਸਹਿਜੇ ਨਿਗਲ਼ ਰਹੀ ਹੈ। ਸ਼ੁਕਰ ਹੈ ! ਹਾਲੇ ਇਸ ਦਾ ਪ੍ਰਕੋਪ ਮੇਰੀ ਕਰਮ ਭੂਮੀ ਆਸਟ੍ਰੇਲੀਆ ਤੇ ਨਹੀਂ ਪਿਆ। 

ਭਿੰਦਰ ਜਲਾਲਾਬਾਦੀ ਦੀ ਕਿਤਾਬ “ਬਣਵਾਸ ਬਾਕੀ ਹੈ” ਆਸਟ੍ਰੇਲੀਆ ‘ਚ ਲੋਕ ਅਰਪਿਤ


ਐਡੀਲੇਡ (ਬਿਓਰੋ) : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਇੱਕ ਭਰਵੇਂ ਸਮਾਗਮ ਦੌਰਾਨ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਪੰਜਾਬੀ ਕਹਾਣੀਕਾਰਾ ਭਿੰਦਰ ਜਲਾਲਾਬਾਦੀ ਦੇ ਕਹਾਣੀ ਸੰਗ੍ਰਹਿ “ਬਣਵਾਸ ਬਾਕੀ ਹੈ” ਨੂੰ ਲੋਕ ਅਰਪਣ ਕੀਤਾ ਗਿਆ।ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਦੇ ਡਾਇਰੈਕਟਰ ਬਿੱਕਰ ਸਿੰਘ ਬਰਾੜ ਵੱਲੋਂ ਆਪਣੇ ਕਰ ਕਮਲਾਂ ਨਾਲ ਇਸ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ‘ਤੇ ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਵੱਲੋਂ ਆਏ ਹੋਏ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ। ਕਿਤਾਬ ਰਿਲੀਜ਼ ਮੌਕੇ ਬੋਲਦਿਆਂ ਬਿੱਕਰ ਸਿੰਘ ਬਰਾੜ ਨੇ ਕਿਹਾ ਕਿ ਆਪਣੀ ਉਮਰ ਦਾ ਇਕ ਲੰਮਾ ਹਿੱਸਾ ਵਿਦੇਸ਼ ਗੁਜਾਰਨ ਦੇ ਬਾਵਜੂਦ ਵੀ ਜੋ ਪੰਜਾਬੀਅਤ ਦੀ ਮਹਿਕ ਭਿੰਦਰ ਦੀਆਂ ਕਹਾਣੀਆਂ ਵਿੱਚ ਆਉਂਦੀ ਹੈ ਉਹ

24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਖ਼ਾਲਸਾਈ ਜਲਾਲ ਨਾਲ਼ ਤੇ ਸਮਾਪਤੀ ਪੰਜਾਬੀ ਧਮਾਲ ਨਾਲ਼



ਐਡੀਲੇਡ (ਮਿੰਟੂ ਬਰਾੜ/ਰਿਸ਼ੀ ਗੁਲਾਟੀ): ਗੁਰੂ ਨਾਨਕ ਸੁਸਾਇਟੀ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਦੀ ਯੋਗ ਰਹਿਨੁਮਾਈ ਹੇਠ 24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਮਾਪਤੀ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਹੋਈ, ਜੋ ਕਿ 22 ਅਪ੍ਰੈਲ ਤੋਂ ਚੱਲ ਰਹੀਆਂ ਸਨ। ਖੇਡਾਂ ਦੀ ਸ਼ੁਰੂਆਤ ਆਸਟ੍ਰੇਲੀਅਨ ੳਤੇ ਭਾਰਤੀ ਰਾਸ਼ਟਰ ਗਾਣ ਨਾਲ਼ ਹੋਈ। ਇਸ ਉਪਰੰਤ ਗਿਆਨੀ ਪੁਸ਼ਪਿੰਦਰ ਸਿੰਘ ਚਾਹਲ ਦੁਆਰਾ ਅਰਦਾਸ ਤੇ ਬੱਚਿਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ‘ਤੇ ਖੇਡਾਂ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਣਯੋਗ ਮਾਇਕ ਰੈਨ, ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਸਾਸ਼ਾ ਰੈਨ ਤੇ ਮਲਟੀ ਕਲਚਰਲ ਮਨਿਸਟਰ ਮਾਣਯੋਗ ਗ੍ਰੇਸ ਪ੍ਰੋਟੋਲੇਸੀ ਵੱਲੋਂ ਖੇਡਾਂ ਦੀ ਰਿਵਾਇਤੀ ਸ਼ੁਰੂਆਤ ਕੀਤੀ ਅਤੇ ਵੀਹ ਹਜ਼ਾਰ ਡਾਲਰ ਨਕਦ ਅਤੇ ਵੀਹ ਹਜ਼ਾਰ ਡਾਲਰ ਦੀ ਅਸਿੱਧੇ ਰੂਪ ਚ ਮਦਦ ਦੀ ਘੋਸ਼ਣਾ ਕਰਨ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਈਆਂ ਹੋਈਆਂ ਸਾਰੀਆਂ ਟੀਮਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ।

ਆਸਟ੍ਰੇਲੀਆ 'ਚ ਭੰਗ ਭੁੱਜਦੀ.......... ਲੇਖ / ਮਿੰਟੂ ਬਰਾੜ


ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਲਿਖੇ ਅਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਲੋਂ ਗਾਏ ਇਕ ਗੀਤ "ਜੋੜਾਂ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ, ਪਿੰਡ ਵਿੱਚ ਭੰਗ ਭੁੱਜਦੀ ਪਿੰਡੋਂ ਬਾਹਰਲੀ ਸੜਕ ਉਤੇ ਠੇਕਾ" ਅੱਜ ਵੀ ਜਦੋਂ ਸੁਣਦਾ ਹਾਂ ਤਾਂ ਇੰਝ ਲਗਦਾ ਹੈ, ਜਿਵੇਂ ਇਹ ਸਾਰੀਆਂ ਗੱਲਾਂ ਮਰਾੜਾਂ ਵਾਲੇ ਮਾਨ ਨੇ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਲਾ ਲਾ ਕੇ ਲਿਖੀਆਂ ਹੋਣੀਆਂ । ਚਲੋ ! ਜੋ ਵੀ ਹੈ, ਪਰ ਅੱਜ ਦੇ ਇਸ ਲੇਖ 'ਚ ਕੁਝ ਇਹੋ ਜਿਹੇ ਸੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸੁਣ ਕੇ ਆਪਣੇ ਆਪ ਨੂੰ ਪੰਜਾਬੀ ਕਹਿਣ ਚ ਕੋਈ ਮਾਣ ਜਿਹਾ ਮਹਿਸੂਸ ਨਹੀਂ ਹੋਣਾ।

ਪਤਾ ਨਹੀਂ ਕਿਉਂ..........ਨਜ਼ਮ/ਕਵਿਤਾ / ਮਿੰਟੂ ਬਰਾੜ

ਅਜ ਫੇਰ ਦਿਲ ਉਦਾਸ ਹੈ,
ਪਤਾ ਨਹੀਂ ਕਿਉਂ?

ਮਨ ਅੰਦਰੋਂ ਅੰਦਰੀਂ,
ਰੋ ਰਿਹਾ,
ਪਤਾ ਨਹੀਂ ਕਿਉਂ?

ਉੱਤੋਂ ਤੇਜ ਤੇ ਵਿਚੋਂ,
ਕਮਜ਼ੋਰ ਹੋ ਰਿਹਾਂ,
ਪਤਾ ਨਹੀਂ ਕਿਉਂ?

'ਫੇਸ ਬੁੱਕ ਛਡਾਓ ਕੈਂਪ'........... ਲੇਖ / ਮਿੰਟੂ ਬਰਾੜ, ਐਡੀਲੇਡ (ਆਸਟ੍ਰੇਲੀਆ)

ਬਾਬਾ ਆਦਮ ਤੋਂ ਲੈ ਕੇ ਹੁਣ ਤਕ ਵਕਤ ਤੋਂ ਅਗਾਂਹ ਦੀ ਸੋਚਣਾ ਇਨਸਾਨੀ ਫ਼ਿਤਰਤ ਰਹੀ ਹੈ। ਆਧੁਨਿਕਤਾ ਦਾ ਜੋ ਨਜ਼ਾਰਾ ਅੱਜ ਅਸੀਂ ਚਖ ਰਹੇ ਹਾਂ ਇਹ ਉਸੇ ਫ਼ਿਤਰਤ ਦਾ ਹੀ ਨਤੀਜਾ ਹੈ। ਸੋਚ ਕੇ ਦੇਖੋ, ਜੇ ਇਨਸਾਨੀ ਸੋਚ ਅਜਿਹੀ ਨਾ ਹੁੰਦੀ ਤਾਂ ਅਸੀਂ ਹਾਲੇ ਘਾਹ-ਫੂਸ ਹੀ ਖਾ ਰਹੇ ਹੁੰਦੇ। ਇਸ ਸੋਚ ਨੇ ਜਿੱਥੇ ਇਕ ਪਾਸੇ ਸਾਨੂੰ ਤੜਕੇ ਲਾ ਕੇ ਖਾਣ, ਤਹਿਜ਼ੀਬ ਨਾਲ਼ ਪਹਿਨਣ ਤੇ ਠਾਠ ਨਾਲ਼ ਰਹਿਣ ਦੀ ਜਾਚ ਸਿਖਾਈ ਹੈ, ਉੱਥੇ ਸਾਰੀ ਦੁਨੀਆ ਨੂੰ ਸਮੇਟ ਕੇ ਸਾਡੀ ਜੇਬ ਵਿੱਚ ਵੀ ਪਾ ਦਿੱਤਾ ਹੈ। ਪਰ ਦੂਜੇ ਪਾਸੇ ਇਸ ਲਈ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ ਉਹ ਵੀ ਸ਼ਬਦਾਂ ਵਿੱਚ ਆਉਣ ਵਾਲੀ ਨਹੀਂ ਹੈ। ਇਸ ਆਧੁਨਿਕਤਾ ਨਾਲ ਜੋ ਕੁਝ ਅਸੀਂ ਪਾਇਆ, ਉਹ ਤਾਂ ਜੱਗ ਜ਼ਾਹਰ ਹੈ ਹੀ, ਪਰ ਜੋ ਅਸੀਂ ਖੋਇਆ ਉਸ ਬਾਰੇ ਜਾਣਦੇ ਹੋਏ ਵੀ ਜਾਣਨਾ ਨਹੀਂ ਚਾਹੁੰਦੇ। ਭਾਵੇਂ ਮੈਂ ਵੀ ਇਸ ਆਧੁਨਿਕਤਾ ਦਾ ਸ਼ਿਕਾਰ ਹਾਂ ਅਤੇ ਦਿਲੋਂ ਇਸ ਨੂੰ ਬੁਰਾ ਵੀ ਨਹੀਂ ਮੰਨਦਾ। ਪਰ ਜਦੋਂ ਇਸ ਆਧੁਨਿਕਤਾ ਦਾ ਦੂਜਾ ਪਾਸਾ ਦੇਖਦਾ ਹਾਂ ਤਾਂ ਇਹੀ ਸੋਚ ਮਨ ਵਿੱਚ ਆਉਂਦੀ ਹੈ ਕਿ ਸਮੇਂ ਨਾਲ ਬਦਲਾਓ ਤਾਂ ਕੁਦਰਤ ਦਾ ਅਸੂਲ ਅਤੇ ਵਕਤ ਦੀ ਲੋੜ ਹੁੰਦਾ ਹੈ। ਪਰ ਜੇ ਇਹ ਸਭ ਕੁੱਝ ਇੱਕ ਲਿਮਿਟ 'ਚ ਰਹਿ ਕੇ ਹੁੰਦਾ ਤਾਂ ਜਿਆਦਾ ਚੰਗਾ ਸੀ।

ਮੇਰਾ ਇਹ ਲੇਖ ਲਿਖਣ ਦੇ ਸਬੱਬ ਦਾ ਕਾਰਨ ਸੁਣ ਲਵੋ; ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਮਾਤਾ ਜੀ ਮੇਰੇ ਕੋਲ ਐਡੀਲੇਡ ਆਏ ਹੋਏ ਹਨ। ਮੈਲਬਾਰਨ ਰਹਿੰਦਾ ਮੇਰਾ ਭਾਣਜਾ ਮਾਨਵ ਆਪਣੀ ਨਾਨੀ ਨੂੰ ਮਿਲਣ ਦੋ ਦਿਨਾਂ ਲਈ ਐਡੀਲੇਡ ਆਇਆ। ਜਦੋਂ ਮੈਂ ਐਡੀਲੇਡ ਵਿੱਚ ਲੱਗੇ ਇਕ ਖ਼ੂਨਦਾਨ ਕੈਂਪ ਵਿੱਚੋਂ ਘਰ ਆਇਆ ਤਾਂ ਇਕ ਸੋਫ਼ੇ ਤੇ ਮੇਰਾ ਬੇਟਾ ਅਨਮੋਲ ਤੇ ਦੂਜੇ ਤੇ ਭਾਣਜਾ ਮਾਨਵ ਆਪੋ ਆਪਣੇ ਲੈਪਟਾਪ ਉੱਤੇ ਮਗਨ ਹੋਏ ਬੈਠੇ ਸਨ। ਮੈਨੂੰ ਦੇਖ ਕੇ ਮਾਨਵ ਕਹਿੰਦਾ ਮਾਮਾ ਜੀ ਇੰਡੀਆ ਤਾਂ ਤੁਹਾਡਾ ਸਹਾਰਾ ਕਲੱਬ ਖ਼ੂਨਦਾਨ ਦੇ ਨਾਲ ਨਾਲ ਨਸ਼ੇ ਛਡਾਊ ਕੈਂਪ ਵੀ ਲਾਉਂਦਾ ਹੁੰਦਾ ਸੀ, ਇਥੇ ਅਜ ਕਲ ਕੀ ਚੱਲ ਰਿਹਾ? ਉਸ ਦੇ ਲੈਪਟਾਪ ਤੇ ਫੇਸ ਬੁੱਕ ਦੇ ਖੁਲ੍ਹੇ ਪੇਜ ਨੂੰ ਦੇਖ ਕੇ ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿ ਬੇਟਾ ਹੁਣ ਤਾਂ ਨਸ਼ੇ ਵੀ ਬਦਲ ਗਏ ਹਨ ਤੇ ਕੈਂਪ ਵੀ ਬਦਲਣੇ ਪੈਣੇ ਹਨ। ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ''ਫੇਸ ਬੁੱਕ ਛਡਾਓ ਕੈਂਪ'' ਲੱਗੇ ਦੇਖੋਗੇ। ਮੂਹਰੋਂ ਉਹ ਕਹਿੰਦਾ ਮਾਮਾ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਕੈਂਪ 'ਚ ਭਰਤੀ ਕਰਵਾਉਣਾ ਪਉ! ਮੈਂ ਕਿਹਾ, ਤਾਂ ਹੀ ਤਾਂ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਮੇਰੇ ਜਿਹਾ ਬੰਦਾ, ਜਿਸ ਨੂੰ ਕਦੇ ਚਾਹ ਦੀ ਭਲ੍ਹ ਨਹੀਂ ਸੀ ਆਈ, ਪਰ ਅਜ-ਕਲ ਜੇ ਫੇਸ ਬੁੱਕ, ਟਵਿਟਰ ਜਾਂ ਫੇਰ ਆਰਕੁਟ ਨੂੰ ਦਿਨ ਚ ਪੰਜ-ਸਤ ਬਾਰ ਖੋਲ੍ਹ ਕੇ ਨਾਂ ਵੇਖ ਲਵਾਂ ਤਾਂ ਸਰੀਰ ਨੂੰ ਤੋੜ ਜਿਹੀ ਲੱਗੀ ਰਹਿੰਦੀ ਹੈ।
ਕਹਿੰਦੇ ਹਨ ਕਿ ਹੱਦ ਚ ਰਹਿ ਕੇ ਕੀਤਾ ਨਸ਼ਾ ਦਵਾਈ ਦਾ ਕੰਮ ਕਰਦਾ ਹੈ। ਪਰ ਜਦੋਂ ਕਿਸੇ ਨਸ਼ੇ ਦੀ ਵਰਤੋਂ ਬੇਹਿਸਾਬ ਹੋਣ ਲਗ ਪਏ ਤਾਂ ਉਹ ਨਸ਼ੇ ਕਰਨ ਵਾਲੇ ਦੇ ਨਾਲ ਨਾਲ ਉਸ ਦੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੁੱਢ ਕਦੀਮੀ ਨਸ਼ੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹੇ ਹਨ। ਸਾਡਾ ਸਮਾਜ ਇਸ ਖ਼ਿਲਾਫ਼ ਲੜਾਈ ਵੀ ਲੜਦਾ ਰਿਹਾ ਹੈ ਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੇਲੇ ਵੇਲੇ ਸਿਰ ਨਸ਼ਾ ਛਡਾਓ ਕੈਂਪ ਲੱਗਾ ਕੇ ਇਹਨਾਂ ਨਸ਼ਿਆਂ ਤੋਂ ਨਸ਼ੇੜੀਆਂ ਦਾ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਪਰ ਹੁਣ ਤਾਂ ਗੰਗਾ ਉਲਟ ਵਗ ਪਈ ਹੈ। ਅੱਗੇ ਅਨਪੜ੍ਹ ਲੋਕ ਹੀ ਨਸ਼ਿਆਂ ਦੇ ਸ਼ਿਕਾਰ ਹੁੰਦੇ ਸਨ 'ਤੇ ਪੜ੍ਹੇ ਲਿਖੇ ਲੋਕ ਕੈਂਪ ਲਾ ਕੇ ਜਾਂ ਸਮਝਾ ਬੁਝਾ ਕੇ ਨਸ਼ੇ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ। ਹੁਣ ਤਾਂ ਡਾਕਟਰ ਹੀ ਮਰੀਜ਼ ਬਣ ਗਏ ਹਨ, ਇਲਾਜ ਕੋਣ ਕਰੂ ? 
ਫੇਸ ਬੁੱਕ ਦਾ ਸ਼ਿਕਾਰ ਚੜ੍ਹਦੀ ਜਵਾਨੀ ਦੇ ਨਾਲ ਨਾਲ ਵੱਡੇ-ਵੱਡੇ ਫ਼ਨਕਾਰ, ਲੀਡਰ, ਕ੍ਰਿਕਟਰ, ਬਿਜ਼ਨਸਮੈਨ, ਘਰੇਲੂ ਗ੍ਰਹਿਣੀਆਂ ਤੋਂ ਲੈ ਕੇ ਪੇਂਡੂ ਲੋਕ ਤਕ ਵੀ ਹੋ ਗਏ ਹਨ। ਹੁਣ ਦੇਖੋ ! ਇਹ ਵੱਡੇ ਲੋਕ ਤਾਂ ਇਸ ਦਾ ਖ਼ੂਬ ਫ਼ਾਇਦਾ ਉਠਾ ਰਹੇ ਹਨ। ਕੋਈ ਆਪਣਾ ਫੈਨ ਸਰਕਲ ਵਧਾ ਰਿਹਾ, ਕੋਈ ਆਪਣਾ ਬਿਜਨੈੱਸ ਤੇ ਕੋਈ ਜਨਤਕ ਆਧਾਰ । ਜੇ ਕੋਈ ਕੁੱਝ ਗੁਆ ਰਿਹਾ ਹੈ ਤਾਂ ਉਹ ਹੈ; ਸਾਡਾ ਨੌਜਵਾਨ ਵਰਗ! ਜਿਸ ਵਿੱਚੋਂ ਅਸੀਂ ਆਪਣੇ ਆਉਣ ਵਾਲੇ ਕੱਲ੍ਹ ਦੇ ਦਰਸ਼ਨ ਕਰ ਰਹੇ ਹਾਂ। ਸਾਡਾ ਕੱਲ੍ਹ ਤਾਂ ਅੱਜ ਸ਼ੇਰੋ-ਸ਼ਾਇਰੀ ਵਿੱਚ ਮਸਤ ਹੈ। ਹਾਂ ! ਇਕ ਗਲ ਜਰੂਰ ਦੇਖਣ ਨੂੰ ਮਿਲੀ ਹੈ, ਉਹ ਇਹ ਕਿ ਅਜ ਫੇਸ ਬੁੱਕ ਨੇ ਘਰ ਘਰ ਗਾਲਬ ਪੈਦਾ ਕਰ ਦਿੱਤੇ ਹਨ। ਭਾਵੇਂ ਇਕ ਉਸਾਰੂ ਸਮਾਜ ਦੀ ਸਿਰਜਣਾ ਲਈ ਵੇਲ਼ੇ-ਵੇਲ਼ੇ ਸਿਰ ਗਾਲਬ ਪੈਦਾ ਹੋਣੇ ਵੀ ਲਾਜ਼ਮੀ ਹਨ। ਪਰ ਜੇ ਸਾਰੇ ਹੀ ਗਾਲਬ ਬਣ ਗਏ ਤਾਂ ਅਸੀਂ ਅਬਦੁਲ ਕਲਾਮ ਤੇ ਮਨਮੋਹਨ ਸਿੰਘ ਕਿੱਥੋਂ ਲਿਆਵਾਂਗੇ। ਹੋਰ ਸੁਣ ਲਵੋ; ਕਈ ਤਾਂ ਮੇਰੇ ਜਿਹੇ ਫੇਸਬੁੱਕ 'ਤੇ ਹੋਰ ਸ਼ਾਇਰਾਂ ਦੇ ਸ਼ੇਅਰ ਆਪਣੇ ਨਾਮ ਕਰਕੇ ਵਾਹ-ਵਾਹ ਖੱਟ ਲੈਂਦੇ ਹਨ 'ਤੇ ਕਈ ਤ੍ਰਿਲੋਕ ਸਿੰਘ ਜੱਜ ਵਰਗੇ ਆਪਣੀ ਕਲਾ ਦਾ ਘਾਣ ਹੁੰਦਾ ਦੇਖਣ ਜੋਗੇ ਰਹਿ ਜਾਂਦੇ ਹਨ।
ਹੁਣ ਸਾਡੇ ਪੰਜਾਬੀ ਗੀਤਕਾਰਾਂ ਦੀ ਵੀ ਸੁਣ ਲਵੋ। ਇਹਨਾਂ ਦੇ ਵੀ ਵਾਰੇ ਵਾਰੇ ਜਾਈਏ, ਜਿਹੜੇ ਸਦਾ ਹੀ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਦੇ ਹਨ। ਜਦੋਂ ਮਰਜ਼ੀ ਪੰਜਾਬੀ ਟੀ.ਵੀ. ਚੈਨਲ ਚਲਾ ਕੇ ਦੇਖ ਲਵੋ, ਹਰ ਦੂਜੇ ਤੀਜੇ ਗਾਣੇ ਚ ਫੇਸ ਬੁੱਕ ਦਾ ਜ਼ਿਕਰ ਆ ਹੀ ਜਾਂਦਾ ਹੈ। ਆਵੇ ਵੀ ਕਿਉਂ ਨਾ, ਜਦੋਂ ਸਾਰੀ ਦੁਨੀਆਂ ਤਰੱਕੀ ਕਰ ਰਹੀ ਹੈ ਤਾਂ ਇਹ ਪਿੱਛੇ ਕਿਉਂ ਰਹਿਣ । ਇਨ੍ਹਾਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਕੋਈ ''ਸਹੀ ਦਿਸ਼ਾ'' ਵੀ ਤਾਂ ਦੇਣੀ ਹੁੰਦੀ ਹੈ । ਕੱਲ੍ਹ ਹੀ ਟੀ.ਵੀ. ਤੇ ਇਕ ਗੀਤ ਵੱਜ ਰਿਹਾ ਸੀ ਕਿ 'ਮੁੰਡਾ ਫੇਸ ਬੁੱਕ ਉੱਤੇ ਫਿਰਦਾ ਪਟੋਲੇ ਭਾਲਦਾ'। ਹੁਣ ਤੁਸੀਂ ਦੱਸੋ ਜੇ ਇਹ ਗੀਤਕਾਰ ਵੀਰ ਗੀਤ ਨਾ ਲਿਖਦੇ ਤੇ ਇਹ ਗਾਇਕ ਵੀਰ ਨਾ ਗਾਉਂਦੇ ਤਾਂ ਸਾਡੇ ਪੇਂਡੂ ਮੁੰਡਿਆਂ ਨੂੰ ਕੀ ਪਤਾ ਲੱਗਣਾ ਸੀ ਕਿ ਫੇਸ ਬੁੱਕ ਤੇ ਵੀ ਪਟੋਲੇ ਮਿਲ ਜਾਂਦੇ ਹਨ। ਉਹਨਾਂ ਦਾ ਤਾਂ ਅਨਜਾਣ ਪੁਣੇ ਚ ਹੀ ਨੁਕਸਾਨ ਹੋ ਜਾਣਾ ਸੀ ਤੇ ਸ਼ਾਇਦ ਇਸ ਗੀਤ ਦੀ ਅਣਹੋਂਦ 'ਚ ਸੱਭਿਆਚਾਰ ਤੇ ਸਾਹਿਤ ਦੀ ਸੇਵਾ ਦਾ ਇੱਕ ਪੰਨਾ ਵੀ ਘੱਟ ਰਹਿ ਜਾਣਾ ਸੀ।
ਲਗਦੇ ਹੱਥ ਮੇਰੇ ਇਕ ਮਿੱਤਰ ਦੀ ਸੁਣ ਲਵੋ। ਬਚਪਨ ਤੋਂ ਹੀ ਕੁੱਝ ਵੱਖਰੇ ਸੁਭਾਅ ਦਾ ਮਾਲਕ ਮੇਰਾ ਇਹ ਦੋਸਤ ਸਦਾ ਹੀ ਮੂਹਰੇ ਚੱਲਣ 'ਚ ਵਿਸ਼ਵਾਸ ਕਰਦਾ ਸੀ। ਭਾਵੇਂ ਉਹ ਪੜ੍ਹਾਈ ਹੁੰਦੀ ਤੇ ਭਾਵੇਂ ਐੱਨ.ਸੀ.ਸੀ. ਜਾਂ ਕੋਈ ਖੇਡ ਉਹ ਸਾਡੇ ਤੋਂ ਦੋ ਕਦਮ ਮੂਹਰੇ ਹੀ ਰਿਹਾ । ਪਰ ਪਿਛਲੇ ਸਾਲ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਯਾਰ ਇੰਟਰਨੈੱਟ ਲਗਵਾ ਲੈ, ਕੋਈ ਦੁਨੀਆਦਾਰੀ ਲਈ ਵੀ ਵਕਤ ਕੱਢ ਲਿਆ ਕਰ, ਸਾਰਾ ਦਿਨ ਕਬੀਲਦਾਰੀ ਚ ਹੀ ਫਸਿਆ ਰਹਿਣਾ। ਮੈਂ ਉਸ ਨੂੰ ਇਹ ਮੱਤਾਂ ਦਿੰਦਾ ਆਪਣਾ ਬਚਪਨ ਦਾ ਕਰਜ਼ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੁਣ ਅਸੀਂ ਉਹ ਨਹੀਂ ਰਹਿ ਗਏ ਜਿਹੜੇ ਹਰ ਖੇਤਰ ਚ ਰਣਜੀਤ ਸਿੰਘ ਤੋਂ ਪਿੱਛੇ ਰਹਿ ਜਾਂਦੇ ਸੀ । ਮੇਰੀਆਂ ਇਹਨਾਂ ਗੱਲਾਂ ਨੇ ਫੇਰ ਉਸ ਅੰਦਰਲਾ ਕੁਝ ਕਰ ਗੁਜ਼ਰਨ ਦਾ ਜਜ਼ਬਾ ਜਗਾ ਦਿਤਾ। ਦੂਜੇ ਦਿਨ ਹੀ ਰਣਜੀਤ ਸਿਓਂ ਨੇ ਕਰ ਦਿਤਾ ਨੈੱਟ ਅਪਲਾਈ ਤੇ ਅਸੀਂ ਚੌੜੇ ਹੋ ਕੇ ਉਸ ਨੂੰ ਨੈੱਟ ਦਾ ਊੜਾ ਆੜਾ ਸਿਖਾਉਣ ਲਗ ਪਏ। ਕੁੱਝ ਕੁ ਦਿਨਾਂ ਬਾਅਦ ਜਦੋਂ ਮੈਂ ਮੁੜ ਆਸਟ੍ਰੇਲੀਆ ਆ ਗਿਆ ਤਾਂ ਮੇਰੀ ਫੇਰ ਫੂਕ ਜਿਹੀ ਨਿਕਲ ਗਈ ਜਦੋਂ ਮੈਂ ਰਣਜੀਤ ਸਿੰਘ ਨੂੰ ਫੇਰ ਆਪਣੇ ਨਾਲੋਂ ਦੋ ਕਦਮ ਮੂਹਰੇ ਖੜਾ ਦੇਖਿਆ। ਹੋਇਆ ਕੀ ਕਿ ਹੁਣ ਹਰ ਰੋਜ਼ ਉਸ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦੈ ਕਿਉਂਂਕਿ ਜਨਾਬ ਹੋਰੀਂ ਤੜਕੇ ਨਿਰਣੇ ਕਾਲਜੇ ਆ ਕੰਪਿਊਟਰ 'ਤੇ ਬਹਿੰਦੇ ਨੇ ਤੇ ਫੇਸ ਬੁੱਕ ਤੇ ਸਾਰਿਆਂ ਨੂੰ ਸੰਵਾ ਕੇ ਪੈਂਦੇ ਹਨ। ਇਕ ਦਿਨ ਜਦ ਮੈਂ ਉਸ ਨੂੰ ਕਿਹਾ ਕਿ ਚੰਗਾ ਯਾਰ ''ਗੁੱਡ ਨਾਈਟ'' ! ਹੁਣ ਤਾਂ ਸਾਡੇ ਰਾਤ ਹੋ ਗਈਂ, ਤੜਕੇ ਜੌਬ 'ਤੇ ਵੀ ਜਾਣੈ, ਇਸ ਲਈ ਕੱਲ ਮਿਲਾਂਗੇ ! ਉਹ ਕਹਿੰਦਾ ਬਸ ਦਸ ਕੁ ਮਿੰਟ ਰੁਕ ਜਾ ਏਨੇ ਨੂੰ ਅਮਰੀਕਾ ਚ ਦਿਨ ਚੜ੍ਹ ਜਾਊ ਤਾਂ ਉਥੋਂ ਦਾ ਕੋਈ 'ਸਖਾ-ਮਿੱਤਰ' ਆਨ ਲਾਈਨ ਆ ਜਾਊ! 
ਆਧੁਨਿਕਤਾ ਦਾ ਇਕ ਹੋਰ ਨਜ਼ਾਰਾ ਸੁਣ ਲਓ। ਜਦੋਂ ਦੀ ਮੋਬਾਈਲ ਕ੍ਰਾਂਤੀ ਆਈ ਹੈ ਉਦੋਂ ਤੋਂ ਜੇ ਕੁੱਝ ਸਭ ਤੋਂ ਸੌਖਾ ਹੋਇਆ ਹੈ ਤਾਂ ਉਹ ਹੈ ਆਸ਼ਕੀ। ਭਾਵੇਂ ਆਸ਼ਕੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਅੱਜ ਜਿੰਨੀ ਸੌਖੀ ਕਦੇ ਹੈ ਹੀ ਨਹੀਂ ਸੀ। ਪਹਿਲਾਂ ਚਿੱਠੀ ਤਾਂ ਲਿਖ ਲੈਂਦੇ ਸੀ ਪਰ ਉਹ ਟਿਕਾਣੇ ਤੇ ਪਹੁੰਚਾਉਣ ਲਈ ਕਈ-ਕਈ ਦਿਨ ਲੱਗ ਜਾਂਦੇ । ਕਈ ਵਾਰੀ ਤਾਂ ਚਿੱਠੀ ਜੇਬ ਵਿੱਚ ਪਈ-ਪਈ ਹੀ ਮੁੜ੍ਹਕੇ ਨਾਲ ਪਾਟ ਜਾਂਦੀ, ਕਿਉਂ ਜੋ 'ਕੱਲੇ ਨੂੰ 'ਕੱਲੀ ਨਾ ਟੱਕਰਦੀ। ਆਧੁਨਿਕ ਜਾਂ ਇੰਝ ਕਹਿ ਲਵੋ ਕਿ ਮਾਡਰਨ ਸਮੇਂ 'ਚ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਵਿਸਥਾਰ 'ਚ ਜਾਣ ਦੀ ਬਜਾਏ, ਆਪ ਜੀ ਨਾਲ਼ ਇੱਕ ਵਾਕਿਆ ਸਾਂਝਾ ਕਰਦਾ ਹਾਂ। ਪੰਜਾਬ ਗਿਆ, ਇੱਕ ਦਿਨ ਮੈਂ ਆਪਣੇ ਪਿੰਡ ਤਾਏ ਦੇ ਪੁੱਤ ਨੂੰ ਮਿਲਣ ਗਿਆ ਤਾਂ ਟੱਬਰ-ਟੀਰ ਦੀ ਸੁੱਖ-ਸਾਂਦ ਕਰਦਿਆਂ ਉਹ ਕਹਿੰਦਾ ਹੋਰ ਤਾਂ ਸਭ ਠੀਕ ਹੈ ਪਰ ਤੇਰੇ ਭਤੀਜ ਨੂੰ ਰਾਤ ਨੂੰ ਸੁੱਤੇ ਪਏ ਨੂੰ ਬੋਲਣ ਦੀ ਬਿਮਾਰੀ ਆ। ਹੈਰਾਨ ਹੁੰਦਿਆਂ ਮੈਂ ਉਸਨੂੰ ਕੁਝ ਸਵਾਲ ਪੁੱਛੇ ਤਾਂ ਅੰਦਾਜਾ ਹੋ ਗਿਆ ਕਿ 1960 ਤੋਂ ਪਹਿਲਾਂ ਜੰਮਿਆ ਮੇਰਾ ਇਹ ਵੀਰ ਕੀ ਜਾਣੇ ਮੋਬਾਈਲ ਪਲਾਨ ਬਾਰੇ ਕਿ ਦਸ ਵਜੇ ਤੋਂ ਬਾਅਦ ਫ੍ਰੀ ਕਾਲਾਂ ਕਿਵੇਂ ਨੌਜਵਾਨਾਂ ਨੂੰ ਸੁੱਤੇ ਪਏ ਬੋਲਣ ਲਾ ਦਿੰਦੀਆਂ ਹਨ? ਮੈਂ ਇਸ ਕਸੂਤੀ ਬਿਮਾਰੀ ਦਾ ਦਿਲਾਸਾ ਦਿੰਦਿਆਂ ਆਪਣੇ ਵੱਡੇ ਭਾਈ ਨੂੰ ਕਿਹਾ ਕਿ ਸ਼ੁਕਰ ਹੈ ਇਹ ਇਕੱਲਾ ਬੋਲਦਾ ਹੀ ਆ, ਨਹੀਂ ਤਾਂ ਅੱਜ ਕਲ ਦੀ ਪੀੜ੍ਹੀ ਅੱਧੀ ਰਾਤ ਨੂੰ ਨੀਂਦ 'ਚ ਤੁਰ ਵੀ ਪੈਂਦੀ ਆ।
ਮੇਰਾ ਆਪਣੇ ਵੀਰ ਨੂੰ 1960 ਤੋਂ ਪਹਿਲਾਂ ਜੰਮਿਆ ਲਿਖਣਾ ਦਾ ਕਾਰਨ ਇਹ ਹੈ ਕਿ ਜੋ ਗੱਲਾਂ ਅੱਜ ਵਾਪਰ ਰਹੀਆਂ ਉਹ ਸੱਠਵਿਆਂ ਦੇ ਦਹਾਕੇ ਤੋਂ ਪਹਿਲਾਂ ਜੰਮਿਆਂ ਦੇ ਹਿਸਾਬ ਕਿਤਾਬ ਤੋਂ ਬਾਹਰ ਦੀਆਂ ਹਨ ਤੇ ਜੋ ਕੁੱਝ ਉਹਨਾਂ ਨੇ ਭੋਗਿਆ ਅੱਜ ਦੀ ਨੌਜਵਾਨ ਪੀੜ੍ਹੀ ਉਸ ਤੋਂ ਅਨਜਾਣ ਹੈ। 1960 ਤੋਂ ਪਹਿਲਾਂ ਜੰਮੇ ਲੋਕਾਂ ਲਈ ਮੇਰੀ ਅਜਿਹੀ ਸੋਚ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਜੋਗਵਸ ਮੈਂ ਉਸ ਸਮੇਂ ਦਾ ਹਾਣੀ ਹਾਂ, ਜਿਸ ਨੇ ਗੱਡਿਆਂ ਤੋਂ ਲੈ ਕੇ ਗੱਡੀਆਂ ਤੱਕ, ਸਲੇਟਾਂ ਤੇ ਫੱਟੀਆਂ ਤੋਂ ਆਈ ਪੈਡ ਤੱਕ, ਭਾਫ਼ ਵਾਲੇ ਇੰਜਣਾਂ ਤੋਂ ਮੈਟਰੋ ਟ੍ਰੇਨ ਤੱਕ, ਬਾਜ਼ੀਗਰਾਂ ਵੱਲੋਂ ਪਾਈ ਜਾਂਦੀ ਬਾਜੀ ਤੋਂ ਅੱਜ ਕਲ ਦੇ ਸਟੰਟ ਸ਼ੋਅ ਤਕ, ਪਿੰਡ ਦੇ ਕੱਲਰਾਂ ਵਿੱਚ ਲਗਦੀਆਂ ਤੀਆਂ ਤੋਂ ਪੱਬਾਂ ਵਿੱਚ ਪੈਂਦੇ ਧਮਾਲਾਂ ਤਕ, ਗੁੱਲੀ-ਡੰਡੇ ਤੋਂ ਲੈ ਕੇ ਪਲੇਅ ਸਟੇਸ਼ਨ ਤੱਕ, ਡਾਕ ਖਾਨੇ 'ਚ ਟਿੱਕ-ਟਿੱਕ ਕਰਕੇ ਆਉਂਦੀ ਤਾਰ ਤੋਂ ਇਨਸਟੰਟ ਮੈਸਜ਼ ਤੱਕ, ਬਰੰਗ ਚਿੱਠੀਆਂ ਤੋਂ ਈ-ਮੇਲ ਤੱਕ, ਊਠਾਂ ਨਾਲ ਗਾਹ ਗਾਹੁਣ ਤੋਂ ਲੈ ਕੇ ਕੰਬਾਈਨਾਂ ਤਕ, ਤੁਕ-ਤੁਕ ਵਾਲੇ ਇੰਜਣਾਂ ਤੋਂ ਲੈ ਕੇ ਟਰਬੋ ਇੰਜਣਾਂ ਤੱਕ, ਭੱਠੀ ਤੋਂ ਭੁਨਾਏ ਦਾਣੇ ਤੇ ਘਰਦੇ ਬਣੇ ਮਰੁੰਡਿਆਂ ਤੋਂ ਲੈ ਕੇ ਪੀਜ਼ਾ ਬਰਗਰਾਂ ਤੱਕ, ਹਲਟਾਂ ਨਾਲ ਪਾਣੀ ਲਾਉਣ ਤੋਂ ਲੈ ਕੇ ਸੰਬਰਸੀਬਲ ਮੋਟਰਾਂ ਤੱਕ, ਹਰਕੁਲੀਸ ਦੇ ਸਾਈਕਲ ਤੋਂ ਲੈ ਕੇ ਹੋਂਡਾ ਦੇ ਚਾਰ ਸਿਲੰਡਰ ਮੋਟਰ ਬਾਇਕ ਤੱਕ, ਮਰਫੀ ਦੇ ਰੇਡੀਓ ਤੋਂ ਲੈ ਕੇ ਡਿਜੀਟਲ ਰੇਡੀਓ ਤੱਕ, ਬਲੈਕ ਐਂਡ ਵਾਈਟ ਟੀ.ਵੀ. ਤੋਂ ਲੈ ਕੇ ਐੱਲ.ਸੀ.ਡੀ. ਅਤੇ ਲਿੱਡ ਟੀ.ਵੀ. ਤੱਕ, ਇਕੱਲੇ ਦੂਰਦਰਸ਼ਨ ਤੋਂ ਲੈ ਕੇ ਸੈਂਕੜੇ ਪੇਅ ਟੀ.ਵੀ. ਤੱਕ, ਪੱਥਰ ਦੇ ਤਵੇ (ਐੱਲ.ਪੀ. ਰਿਕਾਰਡ) ਤੇ ਵੀ.ਸੀ.ਆਰ. ਤੋਂ ਲੈ ਕੇ ਬਲ਼ੂ ਰੇ ਡਿਸਕ ਤੱਕ, ਦਾ ਵਕਤ ਹੰਢਾਇਆ ਹੈ।
ਇਹ ਦੋ ਯੁਗਾਂ ਨੂੰ ਮਾਣਨ ਦਾ ਸੁਭਾਗ ਬਸ 1960 ਤੋਂ ਲੈ ਕੇ 1980 ਤਕ ਦੇ ਵਕਤ 'ਚ ਜਨਮ ਲੈਣ ਵਾਲਿਆਂ ਦੇ ਹਿੱਸੇ ਹੀ ਆਇਆ ਹੈ। ਕਿਉਂਕਿ ਜਿਨ੍ਹਾਂ ਦਾ ਜਨਮ 1960 ਤੋਂ ਪਹਿਲਾਂ ਦਾ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਹਾਈਟੈਕ ਜ਼ਮਾਨਾ ਸਮਝੋਂ ਬਾਹਰ ਹੈ। ਭਾਵੇਂ ਉਹ ਇਸ ਜ਼ਮਾਨੇ ਵਿੱਚ ਵਿਚਰ ਤਾਂ ਰਹੇ ਹਨ ਪਰ ਉਹਨਾਂ ਨੂੰ ਇਹ ਚੀਜ਼ਾਂ ਦੇਖਣਾ ਤੇ ਵਰਤਣਾ ਇਕ ਮਜਬੂਰੀ ਜਿਹੀ ਲੱਗਦਾ ਹੈ। ਉਦਾਹਰਣ ਦੇ ਤੌਰ ਤੇ ਜੇ ਕੋਈ ਪੁਰਾਣਾ ਬੰਦਾ ਮੋਬਾਈਲ ਵਰਤ ਵੀ ਰਿਹਾ ਹੈ ਤਾਂ ਉਹ ਉਸ ਦੇ ਗਿਣਤੀ ਦੇ ਬਟਨ ਦੱਬਣ ਹੀ ਜਾਣਦਾ ਕਿ ਕਿਵੇਂ ਕਿਸੇ ਦਾ ਫ਼ੋਨ ਸੁਣੀਦਾ ਤੇ ਕਿਵੇਂ ਕਰੀ ਦਾ ਹੈ। ਉਸ ਨੂੰ 3ਗ ਜਾਂ 4ਗ ਆਦਿ ਤੱਕ ਕੋਈ ਵਾ ਵਾਸਤਾ ਨਹੀਂ ਹੁੰਦਾ। ਦੂਜਾ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਲੋਕਾਂ ਨੂੰ ਹਾਲੇ ਉਹੀ ਪੁਰਾਣਾ ਕਲਚਰ ਹੀ ਚੰਗਾ ਲਗਦਾ ਹੈ। ਜਿਹੜੇ ਲੋਕੀ ਇਸ ਦੁਨੀਆਂ ਤੇ 1960 ਤੋਂ ਬਾਅਦ ਆਏ ਹਨ, ਉਹਨਾਂ ਜਦੋਂ ਨੂੰ ਸੂਰਤ ਸੰਭਾਲੀ ਉਦੋਂ ਨੂੰ ਗੱਡਿਆਂ ਦਾ ਦੌਰ ਬੀਤੇ ਸਮੇਂ ਦੀ ਗਲ ਹੋ ਚੁੱਕਿਆ ਸੀ। ਸੋ ਉਹ ਕੀ ਜਾਣਨ ਕੀ ਆਥਣ ਵੇਲੇ ਕਿਸੇ ਖੇਤੋਂ ਆਉਂਦੇ ਊਠ ਦੇ ਲੱਦੇ ਵਿੱਚੋਂ ਗੰਨਾ ਖਿੱਚ ਕੇ ਚੂਪਣ ਦਾ ਕੀ ਸੁਆਦ ਹੁੰਦਾ ਸੀ। ਸੋ 1960 ਤੋਂ 1980 ਵਿਚਾਲੇ ਜਨਮ ਲੈਣ ਵਾਲਿਆਂ ਦੇ ਹਿੱਸੇ ਦੋ ਯੁੱਗ ਭੋਗਣ ਨੂੰ ਮਿਲੇ ਹਨ। ਇਹਨਾਂ ਕਰਮਾਂ ਵਾਲਿਆਂ ਵਿੱਚ ਮੇਰਾ ਵੀ ਨਾਂ ਆਉਂਦਾ ਹੈ।
ਅਸਲੀ ਮੁੱਦੇ 'ਤੇ ਆਉਂਦੇ ਹਾਂ ਕਿ ਇਸ ਆਧੁਨਿਕਤਾ ਨਾਲ ਅਸੀਂ ਇਹੋ ਜਿਹਾ ਕੀ ਗੁਆ ਲਿਆ ਹੈ, ਜਿਸ ਬਾਰੇ ਚਿੰਤਾ ਕਰੀਏ? ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਵਾਰੀ ਵਕਤ ਦੀ, ਭਾਵੇਂ ਅਜ ਅਸੀਂ ਲੱਖ ਐਡਵਾਂਸ ਹੋ ਗਏ ਹੋਈਏ, ਭਾਵੇਂ ਦਿਨਾਂ ਦਾ ਕੰਮ ਹੁਣ ਕੁੱਝ ਮਿੰਟਾਂ ਵਿੱਚ ਹੋ ਜਾਂਦਾ ਹੋਵੇ। ਪਰ ਫੇਰ ਵੀ ਪਤਾ ਨਹੀਂ ਕਿਉਂ ਅੱਜ ਕਿਸੇ ਕੋਲ ਵੀ ਵਕਤ ਨਹੀਂ ਹੈ। ਭਾਵੇਂ ਇਹ ਸਿਧਾਂਤਕ ਤੌਰ ਤੇ ਗਲ ਹਾਸੋਹੀਣੀ ਲਗਦੀ ਹੈ ਕਿ ਸਦੀਆਂ ਤੋਂ ਦਿਨ 24 ਘੰਟੇ ਦਾ ਹੀ ਚਲਿਆ ਆ ਰਿਹਾ, ਫੇਰ ਹੁਣ ਸਾਡੇ ਕੋਲ ਵਕਤ ਕਿਉਂ ਨਹੀਂ ਹੈ? ਕਦੇ ਉਹ ਵੀ ਯੁੱਗ ਸੀ ਜਦੋਂ ਘਰ ਆਇਆ ਪ੍ਰਾਹੁਣਾ ਪਤਾ ਨਹੀਂ ਕਿੰਨੇ ਕਿੰਨੇ ਦਿਨ ਬਿਨਾਂ ਕਿਸੇ ਕੰਮ ਦੇ ਟਿਕਿਆ ਰਹਿੰਦਾ ਸੀ ਤੇ ਇੱਧਰ ਅਜ ਦੇ ਪ੍ਰਾਹੁਣੇ ਦੀ ਸੁਣ ਲਵੋ ਪਹਿਲੀ ਗਲ ਤਾਂ ਬਿਨਾਂ ਕਿਸੇ ਕੰਮ ਕਾਜ ਦੇ ਕੋਈ ਕਿਸੇ ਦੇ ਜਾਂਦਾ ਹੀ ਨਹੀਂ। ਜੇ ਕਿਸੇ ਮਜਬੂਰੀ ਵਸ ਕਿਸੇ ਦੇ ਘਰ ਜਾਣਾ ਵੀ ਪੈ ਜਾਵੇ ਤਾਂ ਆਉਣ ਤੋਂ ਪਹਿਲਾਂ ਜਾਣ ਦੀਆਂ ਗੱਲਾਂ ਹੋਣ ਲਗ ਪੈਂਦੀਆਂ ਹਨ, ਜੇ ਮਹਿਮਾਨ ਕਾਹਲ ਨਾ ਦਿਖਾਵੇ ਤਾਂ ਮੇਜ਼ਬਾਨ ਆਪਣੀਆਂ ਮਜਬੂਰੀਆਂ ਸੁਣਾਉਣ ਲਗ ਪੈਂਦਾ ਹੈ। ਚਲੋ ਮੰਨ ਲੈਂਦੇ ਹਾਂ ਕੋਈ ਕਿਸੇ ਦੇ ਘਰ ਦੋ ਘੰਟੇ ਆ ਵੀ ਗਿਆ ਤਾਂ ਤੁਸੀ ਉਸ ਦੋ ਘੰਟਿਆਂ ਦਾ ਲੇਖਾ ਜੋਖਾ ਨੋਟ ਕਰ ਕੇ ਦੇਖ ਲਓ, ਉਸ ਵਕਤ ਦੌਰਾਨ ਕਿੰਨਾ ਚਿਰ ਉਹ ਮਾਨਸਿਕ ਤੌਰ ਤੇ ਆਪਣੇ ਮੇਜ਼ਬਾਨ ਦੇ ਘਰ ਹਾਜ਼ਰ ਸੀ? ਇਕੱਲਾ ਸਰੀਰ ਹੀ ਹਾਜ਼ਰ ਹੁੰਦਾ ਹੈ ਕਿਉਂਕਿ ਦਿਮਾਗ਼ ਤਾਂ ਹੱਥ ਚ ਫੜੇ ਮੋਬਾਈਲ ਚ ਅਟਕਿਆ ਪਿਆ ਹੁੰਦਾ ਹੈ।
ਅੱਗੇ ਵਿਆਹ ਮੰਗਣੇ ਤੇ ਮਹੀਨਾ ਭਰ ਰੌਣਕਾਂ ਲਗਦੀਆਂ ਸਨ। ਨਾਨਕਾ ਮੇਲ ਟਰੰਕ ਭਰ ਭਰ ਕੇ ਲਿਆਉਂਦਾ ਸੀ ਪਰ ਅੱਜ ਕਲ 11 ਵਜੇ ਜੰਞ ਆਉਂਦੀ ਹੈ 'ਤੇ ਨਾਨਕਿਆਂ ਦੇ ਹਾਲੇ ਮੋਬਾਈਲ ਹੀ ਆਉਂਦੇ ਹਨ ਕਿ ਜੇ ਜੰਞ ਆ ਗਈ ਤਾਂ ਅਸੀਂ ਵੀ ਆ ਜਾਂਦੇ ਆਂ! ਇਹ ਤਾਂ ਚਲੋ ਫੇਰ ਵੀ ਹਜ਼ਮ ਹੋਣ ਵਾਲੀ ਗਲ ਹੈ। ਹੱਦ ਤਾਂ ਉਸ ਵਕਤ ਹੋ ਜਾਂਦੀ ਹੈ ਜਦੋਂ ਵਿਆਹ ਜਿਹੇ ਪਵਿੱਤਰ ਰਿਸ਼ਤੇ ਵੀ ਅੱਜ ਕਲ ਆਨ ਲਾਈਨ ਹੀ ਨੇਪਰੇ ਚੜ੍ਹ ਜਾਂਦੇ ਹਨ।
ਇਹ ਤਾਂ ਕੁਝ ਕੁ ਹੀ ਉਦਾਹਰਣਾਂ ਹਨ। ਤੁਸੀ ਆਪਣੇ ਆਲੇ ਦੁਆਲੇ ਜਦੋਂ ਮਰਜ਼ੀ ਝਾਤ ਮਾਰ ਕੇ ਵੇਖ ਲਿਉ, ਚਲਦੀ ਬੱਸ ਹੋਵੇ ਜਾਂ ਗੱਡੀ, ਹਰ ਇੱਕ ਦਾ ਬਸ ਸਰੀਰ ਹੀ ਸਫ਼ਰ ਕਰ ਰਿਹਾ ਹੁੰਦਾ ਹੈ। ਚੇਤਨਾ ਤਾਂ ਕਿਤੇ ਹੋਰ ਹੀ ਘੁੰਮਣ ਘੇਰੀਆਂ ਵਿੱਚ ਭਟਕਦੀ ਫਿਰਦੀ ਹੁੰਦੀ ਹੈ। ਤਾਂ ਹੀਂ ਤਾਂ ਪਿਛਲੇ ਯੁੱਗ 'ਚ ਗੱਡੇ ਤੇ ਚੜ੍ਹ ਕੇ ਵੀ ਝੂਟਾ ਆ ਜਾਂਦਾ ਸੀ ਜੋ ਅਜ ਕਲ ਬਹੁ-ਲੱਖੀਆਂ ਗੱਡੀਆਂ ਤੇ ਨਹੀਂ ਆਉਂਦਾ। ਇਸ ਦਾ ਸਿੱਧਾ ਤੇ ਸਾਫ਼ ਸੁਥਰਾ ਇਕ ਹੀ ਕਾਰਨ ਹੈ ਕਿ ਝੂਟਿਆਂ ਦਾ ਆਨੰਦ ਕਦੇ ਸਰੀਰਾਂ ਨੂੰ ਨਹੀਂ ਆਉਂਦਾ ਇਹ ਤਾਂ ਅੰਦਰਲੀ ਰੂਹ ਹੀ ਮਾਣ ਸਕਦੀ ਹੈ, ਜੋ ਅੱਜ ਦੇ ਇਸ ਮਸ਼ੀਨੀ ਇਨਸਾਨ ਦੇ ਆਪਣੇ ਵਸ ਵਿੱਚ ਨਹੀਂ ਰਹੀ।
ਦੂਜਾ ਨੰਬਰ ਸਕੂਨ ਦਾ ਆਉਂਦਾ ਹੈ। ਇਸ ਗਲ ਤੋਂ ਸ਼ਾਇਦ ਹੀ ਕੋਈ ਮੁਨਕਰ ਹੋਵੇਗਾ ਕਿ ਜੋ ਸਕੂਨ ਪੁਰਾਣੇ ਯੁੱਗ 'ਚ ਮਿਲਦਾ ਸੀ ਉਹ ਅੱਜ ਕਲ ਕਿਤੇ ਦੇਖਣ ਨੂੰ ਨਹੀਂ ਮਿਲਦਾ। ਮੇਰੇ ਹਾਲੇ ਯਾਦ ਹੈ ਉਹ ਦਿਨ ਜਦੋਂ ਬਚਪਨ ਦੇ ਇਕ ਮਿੱਤਰ ਦੇ ਵਿਦੇਸ਼ ਚਲੇ ਜਾਣ ਪਿਛੋਂ ਉਸ ਨੂੰ ਚਿੱਠੀ ਪਾਉਣੀ! ਜੋ ਵੀਹ ਦਿਨਾਂ ਚ ਉਸ ਨੂੰ ਮਿਲਣੀ ਤੇ ਉਸ ਦਾ ਜਵਾਬ ਆਉਂਦੇ ਆਉਂਦੇ ਦੋ ਮਹੀਨੇ ਲੰਘ ਜਾਣੇ। ਪਰ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਉਹ ਚਿੱਠੀ ਪੜ੍ਹ ਕੇ ਜੋ ਸਕੂਨ ਮਿਲਦਾ ਸੀ ਉਹ ਹੁਣ ਕਦੇ ਮਿੰਟਾਂ ਸਕਿੰਟਾਂ ਵਿੱਚ ਮਿਲਦੀ ਈ ਮੇਲ ਨਾਲ ਨਹੀਂ ਮਿਲਦਾ।
ਇਸ ਹਾਈਟੈਕ ਜ਼ਮਾਨੇ ਵਿੱਚ ਘਰਾਂ ਦੀ ਥਾਂ ਮਕਾਨਾਂ ਨੇ ਲੈ ਲਈ ਹੈ। ਅੱਗੇ ਘਰਾਂ ਵਿੱਚੋਂ ਜੋ ਕਿਲਕਾਰੀਆਂ ਗੂੰਜਦੀਆਂ ਸਨ, ਉਹ ਹੁਣ ਕਿਧਰੇ ਗ਼ਾਇਬ ਹੋ ਗਈਆਂ ਹਨ। ਅੱਗੇ ਘਰ ਵਿੱਚ ਜਿੰਨੇ ਜੀਅ ਹੁੰਦੇ ਸਨ, ਉਹ ਸਾਰੇ ਦੇ ਸਾਰੇ ਇਕੱਠੇ ਬਹਿੰਦੇ ਹੁੰਦੇ ਸੀ। ਅੱਜ ਦੇ ਮਕਾਨਾਂ ਵਿੱਚ ਹਰ ਕੋਈ ਆਪੋ ਆਪਣੇ ਕਮਰੇ ਵਿੱਚ ਬੈਠਾ ਭਾਵੇਂ ਨੈੱਟ ਰਾਹੀਂ ਦੁਨੀਆਂ ਭਰ ਨਾਲ ਜੁੜਿਆ ਹੋਵੇ, ਪਰ ਆਪਣੇ ਪਰਿਵਾਰ ਵਿੱਚ ਇਕ ਦੂਜੇ ਤੋਂ ਕੋਹਾਂ ਦੂਰ ਹੁੰਦੇ ਹਨ। ਅੱਜ ਕਲ ਘਰ ਦਾ ਇਕ ਜੀਅ ਫੇਸ ਬੁੱਕ ਤੇ ਹੁੰਦਾ, ਦੂਜਾ ਆਰਕੁਟ 'ਤੇ ਤੀਜਾ ਯਾਹੂ ਤੇ ਦੁਨੀਆਂ ਭਰ ਦੀਆਂ ਸੈਰਾਂ ਕਰ ਰਹੇ ਹੁੰਦੇ ਹਨ। ਟੱਬਰ ਦੇ ਰਹਿੰਦੇ ਖੂੰਹਦੇ ਜੀਅ ਟੈਲੀਵਿਜ਼ਨ ਨੇ ਸਾਂਭੇ ਹੁੰਦੇ ਹਨ। ਅੱਜ ਕਲ ਦੇ ਨਿਆਣੇ ਮੈਦਾਨੀ ਖੇਡਾਂ ਨਾਲੋਂ ਪਲੇਅ ਸਟੇਸ਼ਨ ਨੂੰ ਪਹਿਲ ਦਿੰਦੇ ਹਨ। ਹੁਣ ਤਾਂ ਆਲਮ ਇਹ ਹੈ ਕਿ ਸਰੀਰਕ ਕਸਰਤ ਵੀ ਵੀ-ਫ਼ਿੱਟ ਜਿਹੀਆਂ ਖੇਡਾਂ ਨਾਲ ਟੀ.ਵੀ. ਮੂਹਰੇ ਬਹਿ ਕੇ ਹੀ ਕਰ ਲੈਂਦੇ ਹਨ ।
ਜਿਥੇ ਇਸ ਆਧੁਨਿਕਤਾ ਨੇ ਸਾਨੂੰ ਆਰਾਮ ਪਸੰਦ ਬਣਾ ਦਿਤਾ ਹੈ ਉੱਥੇ ਅਸੀਂ ਹੁਣ ਇਸ ਆਧੁਨਿਕਤਾ ਤੇ ਇੰਨਾ ਕੁ ਨਿਰਭਰ ਹੋ ਗਏ ਹਾਂ ਕਿ ਬਿਨਾਂ ਆਧੁਨਿਕ ਯੰਤਰਾਂ ਦੇ ਅਪਾਹਿਜਤਾ ਜਿਹੀ ਮਹਿਸੂਸ ਹੁੰਦੀ ਹੈ। ਕੋਈ ਯੁੱਗ ਸੀ ਡੇਢਾ ਤੇ ਢਾਈਆ ਦੇ ਪਹਾੜੇ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਬਿਨਾਂ ਕੈਲਕੂਲੇਟਰ ਦੇ ਮਜਾਲ ਕੀ ਹੈ ਕਿ ਅਸੀਂ ਅੱਠੋਂ ਨੌਂਈਂ ਬਹੱਤਰ ਦਸ ਸਕੀਏ। ਪਹਿਲਾਂ ਸਾਰੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਦੇ ਫ਼ੋਨ ਨੰਬਰ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਸੁਣ ਲਵੋ ਇੱਕ ਦਿਨ ਮੇਰੇ ਮੋਬਾਈਲ ਦੀ ਸਕਰੀਨ ਟੁੱਟ ਗਈ ਤੇ ਮੈਨੂੰ ਆਪਣੇ ਘਰੇ ਫ਼ੋਨ ਕਰਨ ਲਈ ਵੀਹ ਮਿੰਟ ਸੋਚਣਾ ਪਿਆ। ਇਹ ਅਪਾਹਿਜਤਾ ਨਹੀਂ ਤਾਂ ਹੋਰ ਕੀ ਹੈ? 
ਦੋਸਤੋ! ਬਸ ਬਹੁਤ ਨਿਭਾ ਦਿਤਾ ਫਰਜ਼ ਆਪਣਾ ਲਿਖਾਰੀ ਹੋਣ ਦਾ! ਬਹੁਤ ਨਫ਼ੇ ਨੁਕਸਾਨ ਗਿਣਾ ਦਿੱਤੇ ਆਧੁਨਿਕਤਾ ਦੇ! ਪਰ ਯਾਰ ਅਸਲੀ ਦਿਲ ਦੀ ਗਲ ਦਸਾਂ? ਇਸ ਆਧੁਨਿਕਤਾ ਦਾ ਆਨੰਦ ਮਾਨਣ ਦਾ ਆਨੰਦ ਆਪਣਾ ਹੀ ਹੈ । ਕੰਪਿਊਟਰ 'ਤੇ ਬੈਠੀਏ ਤਾਂ ਸਕਿੰਟਾਂ 'ਚ ਦੁਨੀਆਂ ਦੀ ਸੈਰ ਕਰ ਲਈਦੀ ਹੈ । ਜੇਕਰ ਫੇਸ ਬੁੱਕ ਦੀ ਗੱਲ ਕਰੀਏ ਤਾਂ ਬਾਈ ਯਾਰ ! ਸਾਲੀ ਫੇਸ ਬੁੱਕ ਹੈ ਤਾਂ ਵਧੀਆ ਚੀਜ, ਜੀ ਜਿਹਾ ਲਵਾਈ ਰੱਖਦੀ ਆ। ਕੋਈ ਨਾ ਜੇ ਪਾਣੀ ਪੁਲਾਂ ਦੇ ਉੱਤੋਂ ਦੀ ਵਗਦਾ ਦਿਸਿਆ ਤਾਂ ਆਪਾਂ ਵੀ ਹੋ ਜਾਵਾਂਗੇ ''ਫੇਸ ਬੁੱਕ ਛਡਾਓ ਕੈਂਪ'' ਚ ਦਾਖ਼ਲ! ਫ਼ਿਲਹਾਲ ਤਾਂ ਯਾਰ ਮੈਨੂੰ ਵੀ ਜੁਆਇਨ ਕਰ ਲਿਉ! ਉਂਝ ਤਾਂ ਆਪਣੀ ਇਕ ਦੋ ਨੰਬਰ ਦੀ ਆਈ.ਡੀ. ਵੀ ਹੈਗੀ, ਪਰ ਤੁਸੀ ਮੈਨੂੰ 'ਮਿੰਟੂ ਬਰਾੜ' ਵਾਲੇ ਅਕਾਉਂਟ ਤੇ ਹੀ ਐਡ ਕਰ ਲਿਉ । ਚੰਗਾ ਫਿਰ, ਰੱਬ ਰਾਖਾ। 
****
mintubrar@gmail.com


ਗੁਰਦਾਸ ਮਾਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ ਨਾਲ ਗੁਰਦਾਸ ਮਾਨ ਤੇ ਪੰਜਾਬੀਆਂ ਦਾ ਸਿਰ ਝੁਕਿਆ ......... ਲੇਖ / ਮਿੰਟੂ ਬਰਾੜ


ਉਮੀਦ ਹੈ ਕਿ ਅੱਜ ਦੀ ਇਸ ਖ਼ਬਰ ਨਾਲ ਗੁਰਦਾਸ ਮਾਨ ਅਤੇ ਪੰਜਾਬੀਆਂ ਦਾ ਸਿਰ ਹੋਰ ਝੁਕੇਗਾ। ਹੁਣ ਤੁਸੀਂ ਕਹੋਗੇ ਕਿ ਭਲਾ ਸਨਮਾਨ ਮਿਲਣ ਨਾਲ਼ ਕਦੇ ਸਿਰ ਝੁਕਦੇ ਹੁੰਦੇ ਨੇ ? ਸਨਮਾਨ ਨਾਲ਼ ਤਾਂ ਸਿਰ ਫ਼ਖ਼ਰ ਨਾਲ ਉਠਦੇ ਹੁੰਦੇ ਹਨ। ਦੋਸਤੋ ! ਤੁਸੀਂ ਵੀ ਸੱਚੇ ਹੋ ਪਰ ਗੁਰਦਾਸ ਮਾਨ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਉਸ ਰੁੱਖ ਵਰਗਾ ਇਨਸਾਨ ਹੈ ਜਿਸ ਨੂੰ ਜਿਵੇਂ ਜਿਵੇਂ ਫਲ ਪਈ ਜਾਂਦਾ, ਉਹ ਉਵੇਂ-ਉਵੇਂ ਹੋਰ ਝੁਕੀ ਜਾਂਦਾ ਹੈ। ਰਹੀ ਗਲ ਪੰਜਾਬੀਆਂ ਦੇ ਸਿਰ ਨੀਵੇਂ ਹੋਣ ਦੀ ਤਾਂ ਇਸ ਵਿੱਚ ਦੋ-ਰਾਏ ਹੋਣੀ ਹੀ ਨਹੀਂ ਚਾਹੀਦੀ ਕਿ ਗੁਰਦਾਸ ਮਾਨ ਨੇ ਮਾਣ ਵਧਾਇਆ ਪੰਜਾਬੀਅਤ ਦਾ ਤੇ ਉਸ ਦਾ ਮਾਣ ਕਰ ਰਹੀ ਹੈ ਇਕ ਵਿਦੇਸ਼ੀ ਯੂਨੀਵਰਸਿਟੀ!


''ਚਿਰਾਂ ਤੋਂ'' ਉਡੀਕੀ ਜਾ ਰਹੀ ਇਹ ਖ਼ਬਰ ਆਖਿਰ ਅੱਜ ਸਾਹਮਣੇ ਆ ਹੀ ਗਈ, ਜਦੋਂ ਇਕ ਵਿਦੇਸ਼ੀ ਯੂਨੀਵਰਸਿਟੀ ਨੇ ਗੁਰਦਾਸ ਮਾਨ ਦੀ ਹੁਣ ਤਕ ਦੀ ਘਾਲਣਾ ਦਾ ਮੁੱਲ ਪਾ ਕੇ ਉਸ ਨੂੰ ਡਾਕਟਰੇਟ ਦੀ ਉਪਾਧੀ ਨਾਲ ਸਨਮਾਨ ਦੇਣ ਦਾ ਐਲਾਨ ਕਰ ਦਿਤਾ। ਮੇਰਾ ਇਥੇ ''ਚਿਰਾਂ ਤੋਂ'' ਲਿਖਣ ਦਾ ਮਕਸਦ ਇਹ ਹੈ ਕਿ ਹਰ ਕੋਈ ਇਹੀ ਸੋਚਦਾ ਸੀ ਕਿ ਪਤਾ ਨਹੀ ਗੁਰਦਾਸ ਮਾਨ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਹਾਲੇ ਹੋਰ ਕੀ ਕਰਨਾ ਪਵੇਗਾ? ਕਿਉਂ ਨਹੀਂ ਕੋਈ ਉਸ ਦੀ ਤੀਹਾਂ ਵਰ੍ਹਿਆਂ ਦੀ ਮਿਹਨਤ ਦਾ ਮੁੱਲ ਪਾ ਰਿਹਾ? ਭਾਵੇਂ ਗੁਰਦਾਸ ਮਾਨ ਆਪਣੇ ਸਰੋਤਿਆਂ ਦੇ ਪਿਆਰ ਤੋਂ ਵੱਡੀ ਕੋਈ ਉਪਾਧੀ ਆਪਣੇ ਲਈ ਨਹੀਂ ਮੰਨਦਾ। ਭਾਵੇਂ ਅਣਗਿਣਤ ਸਰੋਤਿਆਂ ਦਾ ਪਿਆਰ ਉਸਨੂੰ ਮਿਲ ਰਿਹਾ ਹੋਵੇ, ਫਿਰ ਵੀ ਦੁਨੀਆਂਦਾਰੀ ਦੀ ਇਕ ਰੀਤ ਰਹੀ ਹੈ ਕਿ ਜੇ ਕੋਈ ਥੋੜ੍ਹਾ ਬਹੁਤ ਵੀ ਕੁਝ ਚੰਗਾ ਕਰਦਾ ਹੈ ਤਾਂ ਉਸ ਨੂੰ ਬਣਦਾ ਮਾਣ ਸਨਮਾਨ ਦਿਤਾ ਜਾਂਦਾ ਹੈ। ਪਰ ਗੁਰਦਾਸ ਮਾਨ ਦੇ ਮਾਮਲੇ ਵਿੱਚ ਪਤਾ ਨਹੀਂ ਕਿਉਂ ਅਸੀਂ ਸਾਲਾਂ ਤੋਂ ਅੱਖਾਂ ਮੀਟੀ ਬੈਠੇ ਹਾਂ।


ਹਰ ਗਲ ਦੇ ਦੋ ਪਹਿਲੂ ਹੁੰਦੇ ਹਨ । ਕੁੱਝ ਲੋਕ ਇਕ ਪਹਿਲੂ ਦਾ ਸਾਥ ਦਿੰਦੇ ਹਨ ਤੇ ਕੁੱਝ ਦੂਜੇ ਦਾ। ਪਰ ਗੁਰਦਾਸ ਮਾਨ ਦੇ ਮਾਮਲੇ ਵਿੱਚ ਜ਼ਿਆਦਾਤਰ ਲੋਕ ਹਾਂ ਪੱਖੀ ਹੀ ਹਨ, ਕਿਉਂ ਜੋ ਉਸਨੇ ਆਪਣੇ ਇਸ ਲੰਮੇ ਦੌਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਦਾਇਰਿਆਂ ਵਿੱਚੋਂ ਕੱਢ ਕੇ ਬਹੁਤ ਉੱਚੇ ਮੁਕਾਮ ਤੇ ਪਹੁੰਚਾਇਆ ਹੈ। ਇਸ ਕੰਮ ਵਿੱਚ ਉਸ ਨੇ ਕਦੇ ਸਸਤੀ ਸ਼ੋਹਰਤ ਦਾ ਸਹਾਰਾ ਨਹੀਂ ਲਿਆ। ਲੋਕਾਂ ਦਾ ਮੰਨਣਾ ਹੈ ਕਿ ਅੱਜ ਨਹੀਂ, 10ਵਰ੍ਹੇ ਪਹਿਲਾਂ ਹੀ ਉਹ ਡਾਕਟਰੇਟ ਦੀ ਤੇ ਪੰਜ ਵਰ੍ਹੇ ਪਹਿਲਾਂ ਹੀ ਉਹ ਪਦਮ ਸ਼੍ਰੀ ਜਿਹੇ ਵਿਕਾਰੀ ਐਵਾਰਡ ਦਾ ਹੱਕਦਾਰ ਸੀ। ਪਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਹੋਰ ਤਾਂ ਬਹੁਤ ਕੁਝ ਦਿਸਦਾ ਰਿਹਾ ਪਰ ਕਦੇ ਗੁਰਦਾਸ ਮਾਨ ਨਹੀਂ ਦਿਸਿਆ ਪਤਾ ਨਹੀਂ ਕਿਉਂ?

ਦੂਜਾ ਪੱਖ ਦੇਖਣ ਵਾਲੀਆ ਦੀ ਦਲੀਲ ਸੁਣ ਲਵੋ; ਉਹ ਕਹਿੰਦੇ ਆ ਵੀਰ ਉਸ ਦੇ ਕੜਾ ਲੋਟ ਆ ਗਿਆ। ਕਾਹਦੀ ਸੇਵਾ ਕਰਦਾ ਇਹ ਤਾਂ ਉਸ ਦਾ ਕਮਾਈ ਦਾ ਸਾਧਨ ਹੈ। ਨੋਟਾਂ ਚ ਖੇਡਦਾ। ਬਿਲਕੁਲ ਸੱਚ ਹੈ ਇਹਨਾਂ ਦੀਆਂ ਗੱਲਾਂ ਵੀ ਪਰ ਇਸ ਸੋਚ ਤੋਂ ਜੇ ਕੁਝ ਉੱਚਾ ਉਠ ਕੇ ਦੇਖੀਏ ਤਾਂ ਤੇ ਹੁਣ ਤਕ ਹੋਏ ਪੰਜਾਬੀ ਦੇ ਗੀਤਕਾਰਾਂ ਤੇ ਗਾਇਕਾਂ ਵੱਲ ਝਾਤ ਮਾਰ ਕੇ ਦੇਖੋ ਉਹਨਾਂ ਕੀ ਕੀਤਾ? ਸ਼ੋਹਰਤ ਤੇ ਪੈਸਾ ਤਾਂ ਬਹੁਤਿਆਂ ਨੇ ਊਲ ਜਲੂਲ ਲਿਖ-ਗਾ ਕੇ ਵੀ ਕਮਾਇਆ। ਬਹੁਤ ਥੋੜ੍ਹੇ ਅਜਿਹੇ ਮਾਈ ਦੇ ਲਾਲ ਹੋਏ ਹਨ, ਜਿਨ੍ਹਾਂ ਇਹ ਸੇਵਾ ਪੰਜ ਦਸ ਵਰ੍ਹੇ ਤੋਂ ਜ਼ਿਆਦਾ ਨਿਭਾਈ ਹੋਵੇ, ਨਹੀਂ ਤਾਂ ਚਾਰ ਕੁ ਦਿਨਾਂ ਬਾਅਦ ਭਾਲ਼ੇ ਨਹੀਂ ਥਿਆਏ। ਦੂਜੇ ਪਹਿਲੂ ਦੇ ਲੋਕਾਂ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਉਹਨਾਂ ਲਈ ਤਾਂ ਬੱਸ ਭਗਤ ਕਬੀਰ ਜੀ ਦੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਦਰਜ ਇਕ ਸਲੋਕ ''ਐਸੇ ਲੋਗਨ ਸਿਉ ਕਿਆ ਕਹੀਐ'' ਦੇ ਕੁੱਝ ਅੰਸ਼ ਹੀ ਕਾਫ਼ੀ ਹਨ;

ਆਪਿ ਨ ਦੇਹਿ ਚੁਰੂ ਭਰਿ ਪਾਨੀ। ਤਿਹ ਨਿੰਦਹਿ ਜਿਹ ਗੰਗਾ ਆਨੀ ।੨।

ਕਿਸੇ ਲਿਖਾਰੀ ਕੋਲ ਗੁਰਦਾਸ ਮਾਨ ਬਾਰੇ ਨਵਾਂ ਲਿਖਣ ਲਈ ਹੁਣ ਕੁਝ ਖ਼ਾਸ ਨਹੀਂ ਕਿਉਂਕਿ ਉਸ ਦੇ ਪ੍ਰਸੰਸਕ ਉਸ ਬਾਰੇ ਸਭ ਕੁਝ ਜਾਣਦੇ ਹੀ ਹਨ। ਫੇਰ ਵੀ ਕੁੱਝ ਗੱਲਾਂ ਆਪ ਜੀ ਨਾਲ ਸਾਂਝੀਆ ਕਰਨੀਆਂ ਚਾਹੁੰਦਾ ਹਾਂ। ਗੱਲ ਅੱਸੀ ਦੇ ਦਹਾਕੇ ਦੀ ਹੈ, ਜਦੋਂ ਹਾਲੇ ਗੁਰਦਾਸ ਮਾਨ ਦਾ ਕੋਈ ਰਿਕਾਰਡ ਨਹੀਂ ਸੀ ਆਇਆ। ਮੈਂ ਕਾਲਾਂਵਾਲੀ ਮੰਡੀ ਦੇ ਸਕੂਲ ਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ। ਉਸ ਵਕਤ ਮਨੋਰੰਜਨ ਦੇ ਨਾਂ ਤੇ ਅਖਾੜੇ ਬੜੇ ਪ੍ਰਚਲਤ ਸਨ । ਖਾਂਦੇ-ਪੀਂਦੇ ਘਰ ਆਪਣੇ ਮੁੰਡੇ ਦੇ ਵਿਆਹ 'ਚ ਕਿਸੇ ਨਾ ਕਿਸੇ ਗਾਇਕ ਦਾ ਖੁੱਲ੍ਹਾ ਅਖਾੜਾ ਲਗਵਾਉਂਦੇ ਤੇ ਉਸ ਗਾਇਕ ਨੂੰ ਸੁਣਨ ਲਈ ਦੂਰੋਂ ਦੂਰੋਂ ਲੋਕ ਤੁਰ ਕੇ, ਸਾਈਕਲਾਂ ਤੇ ਜਾਂ ਫੇਰ ਟਰਾਲੀਆਂ ਭਰ ਭਰ ਕੇ ਅਖਾੜਾ ਸੁਣਨ ਨੂੰ ਪਹੁੰਚਦੇ। ਅਸੀਂ ਵੀ ਦੋ-ਦੋ ਮਹੀਨੇ ਪਹਿਲਾਂ ਹੀ ਸਕੂਲ ਚੋਂ ਭੱਜਣ ਦੀਆਂ ਵਿਓਂਤਾਂ ਬਣਾਉਂਦੇ ਰਹਿੰਦੇ ਸੀ। ਇਕ ਵਾਰੀ ਸਾਡੇ ਹੱਥ ਇਹ ਖ਼ਬਰ ਲੱਗੀ ਕਿ ਤੇਜ ਰਾਮ ਸੇਠ ਦਾ ਇਕ ਮੁੰਡਾ ਜੋ ਕਿ ਪੜ੍ਹ ਲਿਖ ਕੇ ਅਫ਼ਸਰ ਲਗ ਗਿਆ ਸੀ, ਦੇ ਵਿਆਹ 'ਚ ਅਖਾੜਾ ਉਹਨਾਂ ਦੀ ਰੂੰ ਵਾਲੀ ਫੈਕਟਰੀ 'ਚ ਲੱਗੇਗਾ। ਇਸ ਵਾਰ ਸਾਡੇ ਸਾਹਮਣੇ ਦੋ ਸਮੱਸਿਆਵਾਂ ਸਨ। ਇਕ ਤਾਂ ਉਹੀ ਪੁਰਾਣੀ ਸਕੂਲ 'ਚੋਂ ਭੱਜਣ ਦੀ ਤੇ ਦੂਜੀ ਨਿਵੇਕਲੀ ਸਮੱਸਿਆ ਸੇਠਾਂ ਦੀ ਫੈਕਟਰੀ ਸੀ । ਅਸੀਂ ਹੁਣ ਤਕ ਜ਼ਿਆਦਾਤਰ ਅਖਾੜੇ ਜੱਟਾਂ ਦੇ ਵਿਆਹਾਂ ਵਿੱਚ ਕੱਲਰਾਂ 'ਚ ਲੱਗੇ ਹੀ ਦੇਖੇ ਸਨ। ਸਾਡੇ ਹਲਕੇ 'ਚ ਪਹਿਲੀ ਵਾਰ ਕੋਈ ਸੇਠ ਅਖਾੜਾ ਲਗਵਾ ਰਿਹਾ ਸੀ। ਇਹਨਾਂ ਦੀ ਰੂੰ ਵਾਲੀ ਫੈਕਟਰੀ ਦੀਆਂ ਕੰਧਾ ਟੱਪਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸੇ ਜ਼ਮਾਨੇ 'ਚ ਸੇਠ ਤੇਜ ਰਾਮ ਸਾਡੇ ਬਜ਼ੁਰਗਾਂ ਕੋਲ ਮੁਨੀਮੀ ਕਰਦਾ ਹੁੰਦਾ ਸੀ ਤੇ ਅੱਜ ਕਲ ਸਾਡਾ ਆੜ੍ਹਤੀਆ ਸੀ। ਸੋ ਇਸੇ ਕਰਕੇ ਪੱਕੀ ਗੱਲ ਦਾ ਪਤਾ ਲਾਉਣ ਮੇਰੀ ਜਿੰਮੇਵਾਰੀ ਲਾਈ ਗਈ ਕਿ ਕੀਹਦਾ ਅਖਾੜਾ ਲਗ ਰਿਹਾ ਤੇ ਅੰਦਰ ਜਾਣ ਦੇਣਗੇ ਕੇ ਨਹੀਂ? ਪਰ ਮੈਂ ਇਸ ਮਾਮਲੇ ਚ ਕੁਝ ਜਿਆਦਾ ਨਾ ਕਰ ਸਕਿਆ। ਭਾਵੇਂ ਘਰੇ ਵਿਆਹ ਦਾ ਕਾਰਡ ਵੀ ਆਇਆ ਹੋਇਆ ਸੀ। ਪਰ ਉਸ ਵਕਤ ਜੁਆਕਾਂ ਚ ਅੱਜ ਜਿਹੀ ਹਿੰਮਤ ਕਿੱਥੇ ਹੁੰਦੀ ਸੀ ਕਿ ਆਪਣੇ ਬਜ਼ੁਰਗਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ। ਚਲੋ ਜੀ ! ਉਹ ਦਿਨ ਵੀ ਆ ਗਿਆ ਤੇ ਅਸੀਂ ਵੀ ਸਮਾਜਿਕ ਵਾਲੇ ਮਾਸਟਰ ਅਜਮੇਰ ਸਿੰਘ ਕਿੰਗਰੇ ਨੂੰ ਸਕੂਲ 'ਚੋਂ ਝਕਾਨੀ ਦੇ ਕੇ ਭੱਜ ਨਿਕਲੇ । ਸੇਠਾਂ ਦੀ ਫੈਕਟਰੀ ਤੇ ਸਾਡੇ ਸਕੂਲ ਵਿੱਚ ਦੋ ਮੀਲ ਦੀ ਦੂਰੀ ਸੀ। ਅਖਾੜਾ ਦੇਖਣ ਦਾ ਚਾਅ ਭਜਾਈ ਜਾਂਦਾ ਸੀ। ਜਦੋਂ ਅਸੀਂ ਮਸਾਂ ਪੰਜ ਕੁ ਸੌ ਗਜ਼ ਦੂਰ ਹੋਵਾਂਗੇ ਤਾਂ ਚਾਰ-ਪੰਜ ਜਣੇ ਮੁੜੇ ਆਉਣ ਤੇ ਸਾਨੂੰ ਕਹਿੰਦੇ; ''ਓਏ ਕਿਉਂ ਸਾਹੋ-ਸਾਹੀ ਹੋਈ ਜਾਂਦੇ ਹੋ, ਇਥੇ ਕੋਈ 'ਖਾੜਾ'ਖ਼ੂੜਾ ਨਹੀਂ ਲੱਗਿਆ, ਇਥੇ ਤਾਂ ਖੁੱਲ੍ਹੀ ਪੈਂਟ ਵਾਲਾ ਕਰਾੜ ਜਿਆ ਡਫਲੀ ਫੜ ਕੇ ਨੱਚੀ ਜਾਂਦਾ।'' ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸਾਡੀ ਵੀ ਫੂਕ ਜਿਹੀ ਨਿਕਲ ਗਈ। ਕਿਉਂਕਿ ਉਸ ਜ਼ਮਾਨੇ ਚ ਜੇਕਰ ਕੋਈ ਜ਼ਨਾਨੀ ਗਾਇਕਾ ਨਹੀਂ ਤਾਂ ਉਹ ਕਾਹਦਾ ਅਖਾੜਾ!

ਭਰੇ ਜਿਹੇ ਮਨ ਨਾਲ ਅਸੀਂ ਉਣੇ ਪੈਰੀਂ ਪੁੱਠੇ ਮੁੜ ਪਏ। ਪਰ ਆਥਣੇ ਜਦੋਂ ਮੈਂ ਘਰ ਗਿਆ ਤਾਂ ਮੇਰੇ ਤਾਏ ਦਾ ਪੁੱਤ ਨਾਇਬ ਸਿਓਂ ਜਿਹੜਾ ਕਿ ਸਾਡੇ ਬਜ਼ੁਰਗਾਂ ਨਾਲ ਉਹ ਸਾਰਾ ਅਖਾੜਾ ਦੇਖ ਕੇ ਆਇਆ ਸੀ। ਮੈਨੂੰ ਨਾਲੇ ਤਾਂ ਟੀਸ-ਟੀਸ ਕਰੀ ਜਾਵੇ, ਨਾਲੇ ਕਹੇ ਤੂੰ ਤਾਂ ਕਦੇ ਸੁਪਨੇ ਚ ਵੀ ਇਹੋ ਜਿਹਾ 'ਖਾੜਾ ਨਹੀਂ ਦੇਖਿਆ ਹੋਣਾ। ਬਚਪਣਾ ਹੋਣ ਕਾਰਨ ਮੇਰੇ ਦਿਲ ਨੂੰ ਪਤਾ ਕਿ ਮੈਂ ਉਸ ਰਾਤ ਕਿੰਨਾ ਔਖਾ ਸੀ। ਉਸ ਰਾਤ ਨੂੰ ਸਾਡੇ ਬਾਬਾ ਜੀ ਦੀਆਂ ਕਹਾਣੀਆਂ ਚ ਵੀ ਉਸੇ ਕਲਾਕਾਰ ਦੀ ਗੱਲਾਂ ਜਿਆਦਾ ਸਨ। ਬਾਰ ਬਾਰ ਬਾਬਾ ਜੀ ਉਸ ਦੇ ਇਕ ਗੀਤ ਦੀਆਂ ਦੋ ਲਾਈਨਾਂ ਦੁਹਰਾ ਰਹੇ ਸਨ ਤੇ ਕਹਿ ਰਹੇ ਸਨ ''ਯਾਰ ! ਆਹ ਪੜ੍ਹਾਕੂ ਜਿਹੇ ਮੁੰਡੇ ਦੀ ਸੋਚ ਬੜੀ ਉੱਚੀ ਆ; ਗਾਉਂਦਾ-ਗਾਉਂਦਾ ਸਾਡੇ ਵੱਲ ਇਸ਼ਾਰਾ ਕਰਕੇ ਕਹਿ ਗਿਆ ਕਿ ''ਮਾਹੀ ਵਾਸਤੇ ਜੋੜ ਲੈ ਦਾਜ ਆਪਣਾ ਖ਼ਾਲੀ ਹੱਥ ਨਿਕੰਮੀਏ ਜਾਏਂਗੀ ਤੂੰ'' ਬਾਬਾ ਜੀ ਕਹਿਣ ''ਯਾਰ ! ਅੱਜ ਸੱਚੀਂ ਅਹਿਸਾਸ ਹੋ ਰਿਹਾ ਕਿ ਅਸੀਂ ਐਵੇਂ ਉਮਰ ਨੰਬਰਦਾਰੀਆਂ ਚ ਲੰਘਾ ਲਈ, ਅਗਾਂਹ ਜਾ ਕੇ ਰੱਬ ਨੂੰ ਕਿਹੜਾ ਮੂੰਹ ਦਿਖਾਵਾਂਗੇ'' ਉਸ ਵਕਤ ਸਾਡੀ ਜੁਆਕਾਂ ਵਾਲੀ ਸੋਚ ਤੋਂ ਇਹ ਗੱਲਾਂ ਪਰਾਂ ਦੀਆਂ ਸਨ। ਪਰ ਬਾਬਾ ਜੀ ਜਿਹੜੇ ਕਿ ਜ਼ਿਆਦਾਤਰ ਸਿਆਸਤ ਤੇ ਚੌਧਰਾਂ ਦੀਆਂ ਗੱਲਾਂ ਕਰਦੇ ਹੁੰਦੇ ਸਨ, ਅੱਜ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਮੂੰਹੋਂ ਸਾਨੂੰ ਚੰਗੀਆਂ ਲੱਗ ਰਹੀਆਂ ਸਨ। ਮੈਂ ਬਾਬਾ ਜੀ ਨੂੰ ਬਾਪੂ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਸਾਡੇ ਭਾ ਦੀ ਉਸ ਵਕਤ ਜੋ ਵੀ ਅਖਾੜੇ ਲਾਉਣ ਆਉਂਦਾ ਹੁੰਦਾ ਸੀ, ਉਹ ਲੁਧਿਆਣੇ ਦਾ ਹੁੰਦਾ ਸੀ। ਸੋ ਮੈਂ ਬਾਪੂ ਜੀ ਨੂੰ ਪੁੱਛ ਲਿਆ ਬਾਪੂ ਜੀ ਲੁਧਿਆਣੇ ਤਾਂ ਇਹ ਰੋਜ਼ ਹੀ 'ਖਾੜੇ ਲਾਉਂਦੇ ਹੋਣਗੇ? ਹੁਣ ਜਦੋਂ ਤੁਸੀ ਜ਼ਮੀਨ ਵਾਲੀ ਤਰੀਕ ਤੇ ਗਏ ਤਾਂ ਮੈਨੂੰ ਵੀ ਨਾਲ ਲੈ ਜਾਇਓ। ਮੂਹਰੋਂ ਬਾਪੂ ਜੀ ਕਹਿੰਦੇ ਨਹੀਂ ਯਾਰ ਮੈਂ ਖ਼ੁਸ਼ੀ ਰਾਮ ਤੋਂ ਪੁੱਛਿਆ ਸੀ ਉਹ ਕਹਿੰਦਾ ਸੀ ਇਹ ਮੁੰਡਾ ਤਾਂ ਨਸਵਾਰਾਂ ਵਾਲੇ ਗਿਦੜਬੇਹੇ ਦਾ ਹੈ ।

ਇਸ ਲੇਖ 'ਚ ਮੇਰਾ ਇਹ ਹੱਡ ਬੀਤੇ ਵਾਕੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹ ਦਰਸਾਉਣਾ ਹੈ ਕਿ ਗੁਰਦਾਸ ਮਾਨ ਭਾਵੇਂ ਵਕਤ ਨਾਲ ਅੱਜ ਬਹੁਤ ਪਰਪੱਕ ਹੋ ਗਿਆ ਹੈ, ਪਰ ਉਹ ਆਪਣੇ ਸ਼ੁਰੂਆਤ ਦੇ ਦੌਰ ਤੋਂ ਹੀ ਬਹੁਤ ਉੱਚੀ ਸੋਚ ਦਾ ਮਾਲਕ ਸੀ। ਉਸ ਦੇ ਸ਼ੁਰੂਆਤੀ ਦੌਰ ਦਾ ਕੋਈ ਗੀਤ ਸੁਣ ਕੇ ਦੇਖ ਲਵੋ, ਉਸਦੇ ਗੀਤਾਂ 'ਚ ਕਿਸੇ ਰੱਬੀ ਸੁਨੇਹੇ ਦੀ ਝਲਕ ਆਮ ਲੋਕਾਂ ਤੱਕ ਸੌਖੀ ਭਾਸ਼ਾ 'ਚ ਪਹੁੰਚਦੀ ਨਜ਼ਰ ਆਏਗੀ।ਦੂਜੀ ਇਹ ਕਿ ਉਹ ਹਵਾ ਦੇ ਉਲਟ ਚੱਲ ਕੇ ਸਥਾਪਿਤ ਹੋਇਆ ਹੈ। ਉਸ ਵਕਤ ਦੁਗਣਿਆਂ ਦਾ ਦੌਰ ਸੀ। ਇਥੋਂ ਤਕ ਕੇ ਕਲੀਆਂ ਦੇ ਬਾਦਸ਼ਾਹ ਕਹਾਉਣ ਵਾਲੇ ਕੁਲਦੀਪ ਮਾਣਕ ਨੂੰ ਵੀ ਅਖਾੜਾ ਲਾਉਣ ਲਈ ਕਿਸੇ ਗਾਇਕਾ ਦਾ ਸਹਾਰਾ ਲੈਣਾ ਪੈਂਦਾ ਸੀ।

ਗੱਲ ਜਿਥੋਂ ਤੋਰੀ ਸੀ ਉੱਥੇ ਹੀ ਆਉਂਦੇ ਹਾਂ ਕਿ ਕੀ ਕੋਈ ਇਹ ਦੱਸ ਸਕਦਾ ਹੈ ਕਿ ਕਿਸੇ ਸਨਮਾਨ ਨੂੰ ਹਾਸਿਲ ਕਰਨ ਲਈ ਕੀ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ? ਕਿਸੇ ਕੋਲ ਇਸ ਗਲ ਦਾ ਜਵਾਬ ਨਹੀਂ ਹੈ। ਕਿਉਂਕਿ ਇਹੋ ਜਿਹਾ ਪੈਮਾਨਾ ਸਾਡੇ ਕੋਲ ਹੈ ਹੀ ਨਹੀਂ। ਸਾਡੀ ਤਕੜੀ ਤਾਂ ਵੱਖਰੇ ਢੰਗ ਨਾਲ ਤੋਲਦੀ ਹੈ ਤੇ ਉਸ ਢੰਗ ਬਾਰੇ ਸਾਰੇ ਬਖ਼ੂਬੀ ਜਾਣਦੇ ਹੀ ਹਨ। ਇਥੇ ਕਾਗ਼ਜ਼ ਕਾਲੇ ਕਰਨ ਦੀ ਕੋਈ ਲੋੜ ਨਹੀਂ ਹੈ। ਵੱਖਰਾ ਢੰਗ ਹੋਣ ਕਰਕੇ ਤਾਂ ਕਦੇ ਸਾਡੀਆਂ ਯੂਨੀਵਰਸਿਟੀਆਂ ਨੂੰ ਇਹ ਖ਼ਿਆਲ ਹੀ ਨਹੀਂ ਆਇਆ ਕਿ ਇਕ ਗੁਰਦਾਸ ਮਾਨ ਨਾਮ ਦਾ ਇਨਸਾਨ ਵੀ ਕਾਫ਼ੀ ਲੰਮੇ ਸਮੇਂ ਤੋਂ ਆਪਣਾ ਫਰਜ਼ ਨਿਭਾ ਰਿਹਾ ਹੈ । ਫ਼ਰਕ ਬੱਸ ਇੰਨਾ ਕੁ ਹੈ ਕਿ ਇਸ ਨੇ ਆਪਣਾ ਫਰਜ਼ ਨਿਭਾ ਕੇ ਅਹਿਸਾਨ ਨਹੀਂ ਜਤਾਇਆ। ਤਾਂ ਹੀ ਸਮੇਂ ਦੀਆਂ ਸਰਕਾਰਾਂ ਤੇ ਸਾਡੇ ਉੱਚ ਅਦਾਰਿਆਂ ਦੇ ਨਜ਼ਰੀਂ ਨਹੀਂ ਪਿਆ। ਅੱਜ ਤਕ ਉਸ ਇਨਸਾਨ ਦੇ ਮੂੰਹੋਂ ਇਹੋ ਜਿਹਾ ਗਿਲਾ ਵੀ ਸੁਣਨ ਨੂੰ ਨਹੀਂ ਮਿਲਿਆ। ਜੇ ਕਦੇ ਕਿਸੇ ਨੇ ਉਸ ਨੂੰ ਇਹੋ ਜਿਹਾ ਸਵਾਲ ਕਰ ਵੀ ਦਿਤਾ ਤਾਂ ਉਸ ਦਾ ਇਕੋ ਹੀ ਜਵਾਬ ਹੁੰਦਾ ਕਿ ਕੌਣ ਕਹਿੰਦਾ ਮੈਨੂੰ ਕੁਝ ਮਿਲਿਆ ਨਹੀਂ ? ਮੇਰੇ ਤੇ ਤਾਂ ਉਸ ਸੱਚੇ ਦੀਆਂ ਰਹਿਮਤਾਂ ਦਾ ਮੀਂਹ ਵਰ੍ਹ ਰਿਹਾ । ਉਸ ਦੇ ਇਕ ਗੀਤ ਦੇ ਬੋਲ ਵੀ ਇਹੀ ਦਰਸਾ ਰਹੇ ਹਨ; ''ਭੱਜੀ ਫਿਰੇ ਦੁਨੀਆ ਤਾਂ ਭੱਜੀ ਰਹਿਣ ਦੇ, ਸਾਡੀ ਜਿਥੇ ਲੱਗੀ ਏ ਲੱਗੀ ਰਹਿਣ ਦੇ'' ਉਹ ਅੱਜ ਜਿਸ ਮੁਕਾਮ ਤੇ ਹੈ, ਉੱਥੇ ਸਨਮਾਨਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਬੇਗਾਨੇ ਮੁਲਕ ਦੀ ਬੇਗਾਨੀ ਭਾਸ਼ਾ ਦੀ ਯੂਨੀਵਰਸਿਟੀ ਤਾਂ ਇਹ ਮੰਨਦੀ ਹੈ ਕਿ ਇਸ ਇਨਸਾਨ ਨੇ ਪੰਜਾਬੀ ਬੋਲੀ ਲਈ ਇਹੋ ਜਿਹਾ ਕੰਮ ਕੀਤਾ ਹੈ ਜਿਸ ਲਈ ਉਸ ਨੂੰ ਡਾਕਟਰੇਟ ਦੀ ਉਪਾਧੀ ਦੇਣੀ ਬਣਦੀ ਹੈ। ਪਰ ਜਿਨ੍ਹਾਂ ਦੀ ਇਹ ਭਾਸ਼ਾ ਹੈ ਉਹ ਕਹਿੰਦੇ ਆ ਐਡਾ ਕਿਹੜਾ ਇਸ ਨੇ ਪਹਾੜੋਂ ਪੱਥਰ ਲਿਆ ਦਿਤਾ?

ਇਥੇ ਇਕ ਹੋਰ ਵਿਚਾਰਨਯੋਗ ਪਹਿਲੂ ਇਹ ਹੈ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਹੈ, ਵਕਤ।ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਨੂੰ ਆਪਣਾ ਵਕਤ ਦਿੰਦੇ ਹੋ ਤਾਂ ਤੁਸੀ ਉਸ ਨੂੰ ਆਪਣੀ ਬਹੁਮੁੱਲੀ ਜ਼ਿੰਦਗੀ ਦਾ ਇਕ ਹਿੱਸਾ ਦੇ ਰਹੇ ਹੁੰਦੇ ਹੋ, ਜੋ ਤੁਸੀਂ ਦੁਬਾਰਾ ਵਰਤ ਨਹੀਂ ਸਕਦੇ। ਸੋ ਗੁਰਦਾਸ ਮਾਨ ਦੇ ਸਨਮਾਨ ਵੱਲ ਧਿਆਨ ਨਾ ਜਾਣ ਦਾ ਇਕ ਕਾਰਨ ਇਹ ਵੀ ਹੈ ਕਿਉਂਕਿ ਸਾਡੇ ਸਿਆਸਤਦਾਨਾਂ ਕੋਲ ਤਾਂ ਆਪਣੀ ਕੁਰਸੀ ਬਚਾਉਣ ਤੋਂ ਵਿਹਲ ਨਹੀਂ ਤੇ ਸਾਡੇ ਉੱਚ ਅਦਾਰੇ ਸਿਆਸਤਦਾਨਾਂ ਨੂੰ ਸਲਾਮ ਕਰਨ ਵਿੱਚ ਮਸ਼ਗੂਲ ਹਨ। ਜੇ ਉਹ ਇੰਝ ਨਹੀਂ ਕਰਦੇ ਤਾਂ ਉਹਨਾਂ ਦਾ ਆਪਣਾ ਸਨਮਾਨ ਖੁਸ ਜਾਊ।ਫਿਰ ਦੱਸੋ ਉਹਨਾਂ ਨੇ ਕਿਸੇ ਦੇ ਸਨਮਾਨ ਤੋਂ ਕੀ ਟਿੰਡੀਆਂ ਲੈਣੀਆਂ?

ਅਖੀਰ ਵਿੱਚ ਮੈਂ ਤਾਂ ਇੰਗਲੈਂਡ ਦੀ ਉਸ ਯੂਨੀਵਰਸਿਟੀ ਦਾ ਬਹੁਤ ਧੰਨਵਾਦੀ ਹਾਂ। ਧੰਨਵਾਦੀ ਇਸ ਲਈ ਨਹੀਂ ਕਿ ਉਸ ਨੇ ਪੰਜਾਬੀਆਂ ਦੇ ਮਾਨ ਨੂੰ ਮਾਣ ਬਖ਼ਸ਼ਿਆ। ਮੈਂ ਤਾਂ ਇਸ ਲਈ ਧੰਨਵਾਦੀ ਹਾਂ ਜਿਸ ਨੇ ਸਾਡੇ ਪੰਜਾਬੀਆਂ ਦੀ ਜ਼ਮੀਰ ਨੂੰ ਹਲੂਣਾ ਦਿਤਾ। ਹੋ ਸਕਦਾ ਇਸ ਹਲੂਣੇ ਨਾਲ ਸਾਡੀ ਸੁੱਤੀ ਜ਼ਮੀਰ ਜਾਗ ਪਵੇ ਤੇ ਅਸੀਂ ਵੀ ਕਿਸੇ ਦੀ ਕਦਰ ਪਾ ਸਕੀਏ।

****