Showing posts with label ਰਣਜੀਤ ਅਜ਼ਾਦ ਕਾਂਝਲਾ. Show all posts
Showing posts with label ਰਣਜੀਤ ਅਜ਼ਾਦ ਕਾਂਝਲਾ. Show all posts

ਕਰੋ ਤਰਸ ਕੁਝ........... ਕਾਵਿ ਵਿਅੰਗ / ਰਣਜੀਤ ਆਜ਼ਾਦ ਕਾਂਝਲਾ

ਕਰੋ ਤਰਸ ਕੁਝ ਸਾਡੇ ਪਾੜ੍ਹਿਆਂ 'ਤੇ
'ਵਾਜ ਸਪੀਕਰ ਦੀ ਨੀਵੀਂ ਲਾ ਰੱਖੋ।
ਦਿਹੁੰ ਪੇਪਰਾਂ ਦੇ ਪੜ੍ਹਾਈ 'ਚ ਮਗ੍ਹਨ ਪਾੜੇ
ਮਾਹੌਲ ਪੜ੍ਹਾਈ ਦਾ ਤੁਸੀਂ ਬਣਾ ਰੱਖੋ।
ਤਿੱਖੀ ਆਵਾਜ਼ ਕੰਨਾਂ ਦੇ ਪਾੜ ਪਰਦੇ,

ਭਜਨ-ਬੰਦਗੀ ਦਾ ਗਾਹ ਨਾ ਪਾ ਰੱਖੋ।
ਸਾਡੇ ਮਨਾਂ 'ਚ ਸਦਾ ਹੀ ਰੱਬ ਵਸਦਾ
ਐਵੇਂ ਖ਼ੁਦਾ ਨੂੰ ਚੱਕਰੀਂ ਨਾ ਪਾ ਰੱਖੋ।


ਮੁੱਖ ਤੇਰਾ ਹੈ ਸੱਜਣਾ........... ਗ਼ਜ਼ਲ / ਰਣਜੀਤ ਅਜ਼ਾਦ ਕਾਂਝਲਾ

( ਡਾ. ਅਸੋ਼ਕ ਨੂੰ )

ਮੁੱਖ ਤੇਰਾ ਹੈ ਸੱਜਣਾ ਖੁੱਲ੍ਹੀ ਕਿਤਾਬ ਜਿਹਾ
ਰੋਹਬ ਤੇਰਾ ਹੈ ਪੂਰਾ ਚੰਗੇ ਨਵਾਬ ਜਿਹਾ

ਨੈਣਾਂ ਦੇ ਵਿਚ ਪ੍ਰੀਤ ਦਾ ਸਾਗਰ ਵਹਿ ਰਿਹਾ
ਚਾਂਦੀ ਰੰਗਾ ਪਾਣੀ ਵੇਖ ਚਨਾਬ ਜਿਹਾ


ਹੁਸਨ ਤੇਰੇ ਦੇ ਬਾਰੇ ਹੁਣ ਮੈਂ ਕੀ ਆਖਾਂ
ਮਹਿਕਾਂ ਸੰਗ ਭਰਪੂਰ ਹੈ ਫੁੱਲ ਗੁਲਾਬ ਜਿਹਾ

ਤੇਰੀ ਮਿੱਠੀ ਅਵਾਜ਼ ਨੇ ਪੰਛੀ ਕੀਲ ਲਏ
ਧੁਨੀ ਵਲ਼ੇਵੇਂ ਖਾਂਦੀ ਵੱਜੇ ਰਬਾਬ ਜਿਹਾ

ਟੋਰ ਤੇਰੀ ਨੂੰ ਵੇਖ ਮਿਰਗ ਵੀ ਪਏ ਛਿੱਥੇ
ਫਲ਼ਦੀ ਥਾਂ ਨੂੰ ਜਾਏ ਵਹਿੰਦਾ ਆਬ ਜਿਹਾ

ਪ੍ਰੇਮ ਦੀ ਗੂੜ੍ਹੀ ਨੀਂਦਰ ਭੈੜੀ ਦੱਬ ਬੈਠੀ
ਅੱਖ ਖੋਲ੍ਹਾਂ ਤਾਂ ਸੋਚਾਂ ਕੀ ਏ ਖ਼ਾਬ ਜਿਹਾ

ਢੂੰਡ ਥੱਕੇ ਸਭ ਦੁਨੀਆਂ ਐਸਾ ਮਿਲਿਆ ਨਾ
ਹੁਸਨ ਕਿਤੇ ਨਾ ਡਿੱਠਾ ਤੇਰੇ ਸ਼ਬਾਬ ਜਿਹਾ

ਆਜ਼ਾਦ ਤਿਰੇ ਬਿਨ ਸਾਡੀ ਮਹਿਫਿ਼ਲ ਸੱਖਣੀ ਹੈ
ਤੂੰ ਜਾਪੇਂ ਤਾਂ ਸਾਨੂੰ ਸਦਾ ਜਨਾਬ ਜਿਹਾ


ਵੋਟਾਂ ਦੀ ਨੀਤੀ ਨੇ.......... ਗ਼ਜ਼ਲ / ਰਣਜੀਤ ਅਜ਼ਾਦ ਕਾਂਝਲਾ

ਵੋਟਾਂ ਦੀ ਨੀਤੀ ਨੇ ਘਰ-ਘਰ ਵੰਡਾਂ ਪਾਈਆਂ ਨੇ
ਲੋਕਾਂ ਨੂੰ ਪਾੜ ਭਰਾਵਾਂ ਹੱਥ ਡਾਂਗਾਂ ਫੜਾਈਆਂ ਨੇ

ਦਹੇਜ ਦੇ ਹੱਥੋਂ ਉਜੜੇ ਅਨੇਕਾਂ ਹੀ ਘਰ ਏਥੇ
ਬਿਨ ਕਸੂਰੋਂ ਧੀ-ਭੈਣਾਂ ਮਾਰ ਮੁਕਾਈਆਂ ਨੇ


ਇਸ ਧਰਤ 'ਤੇ ਵਸਦੇ ਵਹਿਸ਼ੀ ਦਰਿੰਦੇ ਬੜੇ
ਭ੍ਰਿਸ਼ਟ ਨੀਤੀ ਨੇ ਹਰ ਥਾਂ ਧੁੰਮਾਂ ਪਾਈਆਂ ਨੇ

ਕਰਦੇ ਕਾਰ ਬਥੇਰੀ ਪਰ ਕਰਜ਼ ਜਿਉਂ ਦਾ ਤਿਉਂ
ਦਸਾਂ ਨਹੁੰਆਂ ਦੀਆਂ ਕਿਰਤਾਂ ਸੱਭ ਘਬਰਾਈਆਂ ਨੇ

ਬੜੇ ਚਾਵਾਂ ਨਾਲ਼ ਪਾਲ਼ੇ ਪੁੱਤਰ ਪਿਆਰੇ ਜੋ
ਮਾਂ ਤੇ ਪਿਉ ਨੂੰ ਵੰਡਿਆ ਉਹਨਾਂ ਭਾਈਆਂ ਨੇ

ਬੌਣੀ ਸੋਚ ਅਜ਼ਾਦ ਅਗੇਰੇ ਵਧਣ ਨਾ ਦੇਂਦੀ
ਤਾਂਹੀ ਤਾਂ ਜਿ਼ੰਦਗੀ ਵਿਚ ਰੋਕਾਂ ਆਈਆਂ ਨੇ