ਜੇ ਸੋਨੂੰ ਆਪਣਾ ਫੇਸ ਬੁਕ ਪੇਜ਼ ਵੇਖ ਲੈਂਦਾ........... ਲੇਖ / ਜੋਗਿੰਦਰ ਬਾਠ ਹੌਲੈਂਡ

ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ, ਚਾੜ੍ਹੇ ਤੋੜ ਨਾ ਉਸ ਖੁਦਾ ਕਾਜੀ
ਜਿੰਨਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰ ਤਿਨਾਂ ਦੇ ਵੱਡੇ ਗੁਨਾਂਹ ਕਾਜੀ਼।  ਵਾਰਸ਼ ਸ਼ਾਹ
 
ਉੱਪਰ ਦਿੱਤਾ ਹੈਡਿੰਗ  ਨਵਾਂ ਜ਼ਮਾਨਾ ਅਖ਼ਬਾਰ ਦੀ ਇੱਕ ‘ਡੱਬੀ ਬੰਦ’ ਖ਼ਬਰ ਦਾ ਸਿਰਲੇਖ ਹੈ। ਖ਼ਬਰ ਕਹਿੰਦੀ ਹੈ ਜੇ ਸੋਨੂੰ ਕੁਝ ਘੰਟੇ ਪਹਿਲਾਂ ਆਪਣਾਂ ਫੇਸਬੁੱਕ ਅਕਾਊਂਟ ਵੇਖ ਲੈਂਦਾ ਤਾਂ ਅੱਜ ਜਿੰਦਾ ਹੁੰਦਾ.... । ਅਸਲ ਕਹਾਣੀ ਇਹ ਹੈ ਸੋਨੂੰ ਨਾਂ ਦਾ ਮੁੰਡਾ ਜੋ ਕਿਸੇ ਦੂਸਰੀ ਜਾਤੀ ਦੀ ਕੁੜੀ ਨੂੰ ਪਿਆਰ ਕਰਦਾ ਸੀ ਤੇ ਹੁਣ ਹੁਸਿ਼ਆਰਪੁਰ ਵਿੱਚ ਹੁਸਿ਼ਆਰ ਨਾ ਹੋਣ ਦੀ ਵਜ੍ਹਾ ਕਾਰਨ ਕਤਲ ਹੋ ਗਿਆ। ਉਹ ਬਚ ਸਕਦਾ ਸੀ ਜੇ ਉਹ ਆਪਣਾ ਫੇਸਬੁੱਕ ਖਾਤਾ ਵੇਖ ਲੈਂਦਾ ਤਾਂ... । ਫੇਸਬੁੱਕ ਤੇ ਕੁੜੀ ਨੇ ਅਪਣੇ ਪ੍ਰੇਮੀ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਮੇਰੇ ਭਰਾ ਮੇਰੀ ਖਾਤਰ ਤੈਨੂੰ ਕਤਲ ਕਰਨ ਲਈ ਤੇਰੇ ਵੱਲ ਨੂੰ ਤੁਰ ਪਏ ਹਨ। ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਪਣੇ ਪ੍ਰੇਮੀ ਨਾਲ ਸੰਪਰਕ ਨਾ ਹੋਣ ਦੀ ਵਜ੍ਹਾ ਕਾਰਨ ਕੁੜੀ ਨੇ ਸੋਨੂੰ ਦੇ ਦੋਸਤ ਮੱਖਣ ਸਿੰਘ ਨੂੰ ਵੀ ਸੁਨੇਹਾ ਭੇਜਿਆ। ਜਦੋਂ ਕੁੜੀ ਦਾ ਕੋਈ ਚਾਰਾ ਨਾ ਚੱਲਿਆ ਤਾਂ ਅਖੀਰ ਵਿੱਚ ਉਸ ਨੇ ਅਪਣੇ ਦੋਸਤ ਦੀ ਫੇਸਬੁੱਕ ‘ਤੇ ਸੁਨੇਹਾ ਵੀ ਛੱਡਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ। ਪਰ ਅਫਸੋਸ ਹੁਣ ਗੋਲੀ ਪਸਤੌਲ ਵਿੱਚੋ ਨਿਕਲ ਚੁੱਕੀ ਹੈ। ਸੋਨੂੰ ਕਤਲ ਹੋ ਗਿਆ ਹੈ । ਕੁੜੀ ਦਾ ਪਰਿਵਾਰ ਇਸ ਕਤਲ ਦੇ ਪਾਪ ਬਨਾਮ ਜ਼ੁਰਮ ਵਿੱਚ ਸਾਰੀ ਉਮਰ ਤਿਲ ਤਿਲ ਹੋ ਕਚਿਹਰੀਆਂ ਜੇਲ੍ਹਾਂ ਵਿੱਚ ਕਤਲ ਹੋਵੇਗਾ ।

ਪਿਛਲੇ ਸਮੇਂ ਵਿੱਚ ਦੇਸ਼ ਭਰ ਦੇ ਅਖ਼ਬਾਰਾਂ ਦੇ ਪਹਿਲੇ ਸਫਿਆਂ ੳਪਰ ਇੱਕ ‘ਤੇ ਹੀ ਮਹੱਤਵ ਪੂਰਵ ਫੈਸਲੇ ਦੀ ਖ਼ਬਰ ਛਪੀ ਸੀ। ਦੇਸ਼ ਦੀ ‘ਵਾਕਿਆ ਹੀ ਇਸ ਕੇਸ ਵਿੱਚ’ ਮਾਨਯੋਗ ਅਦਾਲਤ ਵੱਲੋ ਹਰਿਆਣੇ ਦੇ ਇੱਕ ਪਿੰਡ ਦੇ ਖਾਪ ਪੰਚਾਇਤ (ਭਾਈਚਾਰੇ ਦੀ ਪੰਚਾਇਤ) ਦੇ ਮੁਖੀ ਨੁੰ ਉਮਰ ਕੈਦ ਅਤੇ ਪੰਜਾਂ ਹੋਰਾਂ ਮੁਜਰਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਪੰਜਾਂ ‘ਤੇ ਦੋਸ਼ ਇਹ ਸੀ ਕਿ ਇਨ੍ਹਾਂ ਨੇ ਪੰਚਾਇਤ ਦੇ ਮੁਖੀ ਦੇ ਇੱਕ ਫੈਸਲੇ ਮੁਤਾਬਕ ‘ਕੋਰੋੜਾ’ ਪਿੰਡ ਦੇ ਰਹਿਣ ਵਾਲੇ ਤੇ ਇੱਕ ਹੀ ਗੋਤ ਵਿੱਚ ਵਿਆਹ ਕਰਵਾਉਣ ਵਾਲੇ ਉਨੀ ਸਾਲਾ ਬਬਲੀ ਅਤੇ ਤੇਈ ਸਾਲਾ ਮਨੋਜ, ਜਿੰਨਾਂ ਨੇ ਚੰਡੀਗੜ ਦੀ ਅਦਾਲਤ ਵਿੱਚ ਦੇਸ਼ ਦੇ ਕਾਨੂੰਨ ਮੁਤਾਬਕ ਕਾਨੂੰਨੀ ਵਿਆਹ ਵੀ ਕਰਵਾਇਆ ਹੋਇਆ ਸੀ, ਨੂੰ ਅਗਵਾਹ ਕਰਕੇ ਕਤਲ ਕਰ ਦਿੱਤਾ ਸੀ। ਅਜੇ ਇਸ ਫੈਸਲੇ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਉਸੇ ਦਿਨ ਪੱਟੀ ਤੋਂ ਇੱਕ ਹੋਰ ਮਨਹੂਸ ਖ਼ਬਰ ਆ ਗਈ। ਉਥੇ ਇੱਕ ਕੁੜੀ ਅਤੇ ਮੁੰਡੇ ਨੂੰ ਬਾਰਵੀਂ ਦੇ ਪੇਪਰ ਦੇਣ ਆਇਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੁੜੀਆਂ ਦੇ ਇੱਕ ਸਕੂਲ ਵਿੱਚ ਬਹੁਤ ਹੀ ਨੇੜਿਓਂ ਸਿਰਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਨੂੰ ਪੰਜਾਬੀ ਵਿੱਚ ਅੱਖਾਂ ਵਿੱਚ ਅੱਖਾਂ ਪਾ ਕੇ ਤੇ ਅਹਿਸਾਸ ਕਰਵਾ ਕੇ ਕੀਤਾ ਕਤਲ ਵੀ ਕਿਹਾ ਜਾ ਸਕਦਾ ਹੈ। ਇਨ੍ਹਾਂ ਦੋਹਾਂ ਦਾ ਵੀ ਉਹੋ ਹੀ ਕਸੂਰ ਸੀ ਕਿ ਇਨ੍ਹਾਂ ਨੇ ਵੀ ਮਾਪਿਆਂ ਤੇ ਰਿਸ਼ਤੇਦਾਰਾਂ ਦੀ ਰਜ਼ਾਮੰਦੀ ਤੋਂ ਬਗੈਰ ਅਦਾਲਤ ਵਿੱਚ ਜਾ ਕੇ ਕਾਨੂੰਨੀ ਵਿਆਹ ਕਰਵਾਇਆ ਸੀ। ਇਸ ਦੇਸ਼ ਦੇ ਕਾਨੂੰਨ ਮੁਤਾਬਕ ਵਿਆਹੀ ਜੋੜੀ ਨੂੰ ਪੁਲੀਸ ਦੇ ਗੰਨਮੈਨ ਵੀ ਮਿਲੇ ਹੋਏ ਸਨ। ਉਹ ਵੀ ਉਸ ਸਮਂੇ ਲੜਕੀ ਅਤੇ ਲੜਕੇ ਦੀ ਹਿਫਾ਼ਜਤ ਵਾਸਤੇ ਉਨ੍ਹਾਂ ਦੇ ਨਾਲ ਹੀ ਸਨ। ਵੇਖਣ ਵਾਲੇ ਇਹ ਵੀ ਦੱਸਦੇ ਹਨ ਜੇਕਰ ਗੰਨਮੈਨ ਵੀ ਸਾਹਮਣਿਉਂ ਕਾਤਲਾਂ ਉਪਰ ਗੋਲੀਆਂ ਚਲਾਉਣ ਲੱਗ ਪੈਂਦੇ ਤਾਂ ਸਕੂਲ ਵਿੱਚ ਪੇਪਰ ਦੇਣ ਆਈਆਂ ਹੋਰਾਂ ਘਰਾਂ ਦੀਆਂ ਕੰਜਕਾਂ ਦਾ ਵੀ ਗੁੱਗਾ ਪੂਜਿਆ ਜਾਣਾ ਸੀ ਅਤੇ ਕਈਂ ਘਰੀਂ ਸੱਥਰ ਵਿਛ ਜਾਣੇ ਸਨ। ਫਿਰ ਦਿੱਲੀ ਵਿੱਚ ਕੁਲਦੀਪ, ਮੋਨਿਕਾ ਅਤੇ ਮੋਨਿਕਾ ਦੀ ਚਚੇਰੀ ਭੈਣ ਨਾਲ ਵੀ ਉਹੋ ਕਹਿਰ ਵਾਪਰ ਗਿਆ ਸੀ। ਪਿਛਲੇ ਸਾਲ ਸੰਗਰੂਰ ਜਿਲ੍ਹੇ ਵਿੱਚ ਇੱਕ ਪ੍ਰੇਮੀ ਜੋੜੇ ਨੇ ਪੁਲੀਸ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਹੀ ਜੱਟਾਂ ਦਾ ਪ੍ਰਚਲਤ ਮਹੁਰਾ ‘ਸਲਫ਼ਾਸ ਦੀ ਗੋਲੀਆਂ’ ਜੋ ਉਹ ਕਿਸੇ ਅਣਹੋਣੀ ਦੇ ਡਰੋਂ ਔਖੇ ਵੇਲੇ ਲਈ ਆਪਣੇ ਨਾਲ ਹੀ ਬੰਨੀ ਫਿਰਦੇ ਸਨ, ਛਕ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਸੀ। ਕਿਉਂਕਿ ਪਿੰਡ ਦੀ ਪੰਚਾਇਤ ਨੇ ਪੁਲੀਸ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਵਾਅਦਾ ਕਰ ਕੇ ਹੀ ਉਨ੍ਹਾਂ ਨੂੰ ਠਾਣੇ ਪੇਸ਼ ਕਰਵਾਇਆ ਸੀ ਤੇ ਮਗਰੋ ਪੰਚਾਇਤ ਆਪਣੇ ਵਾਅਦੇ ਤੋਂ ਮੁਕਰ ਗਈ ਸੀ। ਪ੍ਰੇਮੀ ਜੋੜੇ ਨੇ ਆਪਣੇ ਆਪ ਨੂੰ ਕੁੜਿੱਕੀ ਵਿੱਚ ਫਸਿਆ ਵੇਖ ਹੀ ਆਤਮ ਹੱਤਿਆ ਵਾਲਾ ਇਹ ਕਦਮ ਚੁੱਕਿਆ ਸੀ। ਮੇਰੇ ਆਪਣੇ ਬਾਪ ਦੇ ਮਿੱਤਰ ਨੇ ਆਪਣੀ ਜਵਾਨ ਧੀ ਨੂੰ ਪਹਿਲਾਂ ਤਾਂ ਜਾਤ ਬਰਾਦਰੀ ਦਾ ਵਾਸਤਾ ਪਾ ਕੇ ਸਮਝਾਉਣ ਦੀ ਕੋਸਿ਼ਸ ਕੀਤੀ, ਜੋ ਚੰਡੀਗੜ੍ਹ ਦੀ ਕਿਸੇ ਯੂਨੀਵਰਸਟੀ ਪੜ੍ਹਦੀ ਸੀ ਤੇ ਕਿਸੇ ਗੈਰ ਜਾਤ ਦੇ ਮੁੰਡੇ ਨਾਲ ਪਿਆਰ ਪਾ ਬੈਠੀ ਸੀ । ਪਰ ਜਵਾਨ ਕੁੜੀ ਆਪਣੇ ਆਪ ਸਹੇੜੇ ਪਿਆਰ ਤੋਂ ਰਤਾ ਵੀ ਨਹੀਂ ਥਿੜਕੀ। ਫਿਰ ਉਸ ਪਿਉ ਨੇ ਧੀ ਨੂੰ ਪਿੰਡ ਲੈ ਆਂਦਾ, ਪਿਉ ਦਾਦੇ ਤੇ ਖਾਨਦਾਨ ਦੀ ਇੱਜ਼ਤ ਦਾ ਵਾਸਤਾ ਪਾ, ਧੀ ਦੇ ਪੈਰਾਂ ਉਪਰ ਪੱਗ ਵੀ ਰੱਖੀ। ਪਰ ਕੁੜੀ ਆਪਣੇ ਫੈਸਲੇ ਤੇ ਅਡੋਲ ਰਹੀ। ਕੋਈ ਚਾਰਾ ਨਾ ਚਲਦਾ ਵੇਖ ਕੇ ਉਸ ਨੇ ਆਪਣੇ ਹੱਥੀਂ ਹੀ ਲਾਡਾਂ ਪਿਆਰਾਂ ਨਾਲ ਪਾਲੀ, ਆਪਣੀ ਸਕੀ ਧੀ ਦਾ ਕਤਲ ਕਰ ਦਿੱਤਾ ਸੀ। ਪਿੰਡੋਂ ਖ਼ਬਰਾਂ ਆਉਦੀਆਂ ਹਨ, ਦੋ ਕੁੜੀਆਂ ਆਪਣੀ ਮਰਜ਼ੀ ਨਾਲ ਅਦਾਲਤੀ ਵਿਆਹ ਕਰਵਾ ਕੇ ਭੱਜ ਗਈਆਂ ਹਨ। ਦੋ ਤਿੰਨ ਵਿਆਹੀਆਂ ਵਰ੍ਹੀਆਂ ਬਾਲ ਬੱਚਿਆਂ ਵਾਲੀਆਂ ਔਰਤਾਂ ਵੀ ਆਪਣੇ ਵਿਆਹੋਂ ਬਾਹਰੇ ਪ੍ਰੇਮ ਸੰਬੰਧ ਹੰਢਾਉਂਦੀਆਂ ਫਿਰਦੀਆਂ ਹਨ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਆਂਢ ਗੁਆਂਢ ਸ਼ਰਮ ਦੇ ਮਾਰੇ ਹੱਥਾਂ ਤੇ ਦੰਦੀਆਂ ਵੱਢਦੇ ਫਿਰਦੇ ਹਨ। ਕੱਲ੍ਹ ਕਲੋਤਰ ਨੂੰ ਜੇ ਕੋਈ ਭਾਣਾ ਵਰਤ ਗਿਆ ਤਾਂ ਇਹ ਵੀ ਕੋਈ ਜੱਗੋ ਤੇਰਵੀਂ ਨਹੀਂ ਹੋਣ ਲੱਗੀ ।

ਮੇਰੇ ਮੁਲਕ ਹੌਲੈਂਡ ਵਿੱਚ ਤੁਰਕੀ ਤੋਂ ਆਏ ਦੋ ਮਿੱਤਰ ਪਰਿਵਾਰ ਇੱਕਠੇ ਰਹਿੰਦੇ ਸਨ। ਇੱਕ ਪਰਿਵਾਰ ਦੀ ਔਰਤ ਦੇ ਨਜਾਇਜ਼ ਸਬੰਧ ਦੂਸਰੇ ਪਰਿਵਾਰ ਦੇ ਮਰਦ ਨਾਲ ਬਣ ਗਏ। ਪਤਾ ਲੱਗਣ ਤੇ ਔਰਤ ਦੇ ਪਤੀ ਨੇ ਉਸ ਨੂੰ ਇਸ ਤੋਂ ਹੌੜਨ ਦੀ ਕੋਸਿ਼ਸ਼ ਕੀਤੀ। ਉਸ ਦਾ ਧਿਆਨ ਪਾਸੇ ਪਾਉਣ ਲਈ ਉਹ ਉਸ ਨੂੰ ਆਪਣੇ ਮੂਲ ਦੇਸ਼ ਤੁਰਕੀ ਵੀ ਛੁੱਟੀਆਂ ‘ਤੇ ਲੈ ਕੇ ਗਿਆ। ਉਥੇ ਵੀ ਔਰਤ ਦੇ ਭੈਣਾਂ ਭਰਾਵਾਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਸਮਝਾਉਣ ਦੀ ਕੋਸਿ਼ਸ ਕੀਤੀ। ਉਹ ਹਾਂ ਕਰਕੇ ਵਾਪਸ ਆ ਕੇ ਫਿਰ ਉਸੇ ਰਾਹੇ ਪੈ ਤੁਰੀ। ਇਸ ਗੱਲ ਦੀ ਮਰਦ ਅਤੇ ਔਰਤ ਫੈਮਲੀ ਮੈਂਬਰਾਂ ਨੇ ਬਹੁਤ ਨਮੋਸ਼ੀ ਮਹਿਸੂਸ ਕੀਤੀ। ਚਾਰੇ ਬੰਨੇ ਕੋਈ ਚਾਰਾ ਨਾ ਚਲਦਾ ਵੇਖ ਕੇ ਟੱਬਰ ਨੇ ਇਸ ਖਾਤੂਨ ਨੂੰ ਸਬਕ ਸਿਖਾਉਣ ਦੀ ਸਕੀਮ ਬਣਾਈ। ਉਨ੍ਹਾਂ ਆਪ ਪਿੱਛੇ ਰਹਿ ਕੇ ਇੱਕ ਭਾੜੇ ਦੇ ਕਾਤਲ ਤੋਂ ਸੁਪਾਰੀ ਦੇ ਕੇ ਉਸ ਔਰਤ ਦਾ ਕਤਲ ਉਸ ਦੇ ਬੱਚਿਆਂ ਦੀਆਂ ਅੱਖਾਂ ਸਾਹਮਣੇ ਕਰਵਾਇਆ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਇਹ ਅੱਖੀਂ ਵੇਖਿਆ ਸਬਕ ਯਾਦ ਰੱਖੇ। ਪੰਜਾਬੀ ਲੇਖਕ ਹਰਜੀਤ ਅਟਵਾਲ ਦਾ ਨਾਵਲ ‘ਸਾਉਥਾਲ’ ਵੀ ਉਸ ਦੇ ਪਾਤਰ ਸਾਧੂ ਸਿੰਘ ਵੱਲੋ ਸ਼ਰੇ-ਬਜ਼ਾਰ ਆਪਣੀ ਧੀ ਦਾ ਕਿਰਪਾਨ ਨਾਲ ਕੀਤੇ ਕਤਲ ਦੁਆਲੇ ਘੁੰਮਦਾ ਹੈ। ਕਿੳਂਕਿ ਸਾਧੂ ਸਿੰਘ ਦੀ ਧੀ ਦੇ ਪ੍ਰੇਮ ਸਬੰਧ ਕਿਸੇ ਪਾਕਿਸਤਾਨੀ ਮੁੰਡੇ ਨਾਲ ਬਣ ਜਾਂਦੇ ਹਨ। ਬਲਦੇਵ ਸਿੰਘ ਦਾ ‘ਅੰਨਦਾਤਾ’ ਵੀ ਨਾਇਕ ਦੀ ਭੈਣ ਦੇ ਘਰੋਂ ਉਧਲ ਜਾਣ ਦੀ ਸਮੱਸਿਆ ਦੁਆਲੇ ਹੀ ਘੁੰਮਦਾ ਹੈ। ਪੰਜਾਬ ਵਿੱਚ ਲੋਕਗਾਥਾ ਬਣੇ ਸੁੱਚੇ ਸੁਰਮੇ ਦੇ ਕਿੱਸੇ ਨੂੰ ਕੌਣ ਨਹੀਂ ਜਾਣਦਾ ? ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਤੇ ਕੁਲਦੀਪ ਮਾਣਕ ਅੱਜ ਤੱਕ ਇਸ ਕਿੱਸੇ ਦੀ ਕਮਾਈ ਖਾਈ ਜਾਂਦੇ ਹਨ। ਇਥੇ ਇੰਟਰਨੈੱਟ ਉੱਪਰ ਇੱਕ ਫਿਲਮ ਦੇਖੀ ਜਾ ਸਕਦੀ ਹੈ। ਇਰਾਕ ਦੇ ਇੱਕ ਪਿੰਡ ਵਿੱਚ ਇੱਕ ਸੋਲਾਂ ਸਾਲ ਦੀ ਕੁੜੀ ਨੂੰ ਹਜੂਮ ਪੱਥਰ ਮਾਰ ਮਾਰ ਕੇ ਮਾਰ ਰਿਹਾ ਹੈ। ਕਸੂਰ ਉਸ ਦਾ ਇਹ ਹੈ ਕੁੜੀ ਕੁਰਦ ਹੈ ਅਤੇ ਜਿਸ ਮੁੰਡੇ ਨਾਲ ਉਸ ਦੇ ਪ੍ਰੇਮ ਸਬੰਧ ਸਨ ਉਹ ਇਰਾਕੀ ਹੈ ਜੋ ਕੁਰਦ ਭਾਈਚਾਰੇ ਨੂੰ ਮੰਜ਼ੂਰ ਨਹੀਂ ਹੈ। ਹਰਿਆਣੇ ਦੀ ਖਾਪ ਪੰਚਾਇਤ ਵਾਂਗ ਹੀ ਸ਼ਰੀਅਤ ਦੀ ਅਦਾਲਤ ਨੇ ਉਸ ਨੂੰ ਪੱਥਰ ਮਾਰ ਮਾਰ ਕੇ ਸ਼ਰੇ ਬਜ਼ਾਰ ਕਤਲ ਕਰਨ ਦਾ ਹੁਕਮ ਦਿੱਤਾ ਹੈ। ਇਰਾਨ ਵਿੱਚ ਦੋ ਲੜਕਿਆਂ ਨੂੰ ਇਸ ਕਰਕੇ ਮੱਧਯੁਗੀ ਤਰੀਕੇ ਵਾਂਗ ਸ਼ਰੇਆਂਮ ਲੋਕਾਂ ਸਾਹਮਣੇ ਫ਼ਾਂਸੀ ਤੇ ਕਈ ਦਿਨ ਟੰਗ ਛੱਡਿਆ ਸੀ, ਕਿੳਂਕਿ ਉਹ ਹਮਜਿਨਸੀ ਸਨ। ਇਰਾਕੀ ਡਿਕਟੇਟਰ ਸੱਦਾਮ ਹੁਸੈਨ ਨੇ ਆਪਣੇ ਦੋਵੇਂ ਜਵਾਈ ਸੀਰੀਆ ਤੋਂ ਵਾਪਸ ਬੁਲਾ ਕੇ ਇੱਜ਼ਤ ਦੇ ਨਾਂ ‘ਤੇ ਕਤਲ ਕਰਵਾ ਦਿੱਤੇ ਸਨ। ਅਮਰੀਕੀ ਫੁੱਟਬਾਲ ਖਿਡਾਰੀ ਓ. ਜੇ. ਸਿਮਸਨ ਵੱਲੋ ਆਪਣੀ ਗੋਰੀ ਪਤਨੀ ਦੇ ਕਤਲ ਵਾਲਾ ਚਰਚਿਤ ਕੇਸ ਵੀ ਇਸੇ ਹੀ ਜੁੰਮਰੇ ਵਿੱਚ ਹੀ ਆਉਂਦਾ ਹੈ। ਬੇਸੱ਼ਕ ਉਹ ਸਬੂਤਾਂ ਦੀ ਘਾਟ ਖੁਣੋਂ ਬਰੀ ਹੋ ਗਿਆ ਸੀ। ਪੰਜਾਬ ਵਿੱਚ ਵੀ ਇੱਕ ਵੱਡੇ ਵੱਕਾਰ ਵਾਲੇ ਧਾਰਮਿਕ ਡੇਰੇ ਦੀ ਮੁੱਖੀ ਉੱਪਰ ਆਪਣੀ ਸਕੀ ਧੀ ਨੂੰ ਕਤਲ ਕਰਵਾਉਣ ਦੇ ਦੋਸ਼ਾਂ ਵਾਲੇ ਬਹੁ-ਚਰਚਿਤ ਕੇਸ ਵਿੱਚ ਡੇਰੇ ਦੀ ਮਸ਼ਹੂਰ ਬੀਬੀ ਨੁੰ ਪੰਜ ਸਾਲ ਦੀ ਕੈਦ ਹੋ ਚੁੱਕੀ ਹੈ। ਭੂਤਕਾਲ ਵਿੱਚ ਪੰਜਾਬੀ ਦਾ ਇੱਕ ਵੱਡੇ ਨਾਮਣੇ ਵਾਲਾ ਲੇਖਕ ਵੀ ਇਹੋ ਜਿਹੇ ਦੋਸ਼ਾਂ ਵਿੱਚ ਘਿਰਿਆ ਰਿਹਾ ਹੈ। ਪੂਰੇ ਸੰਸਾਰ ਵਿੱਚ ਇਸ ਤਰ੍ਹਾਂ ਦੇ (ਐਮਨੈਸ਼ਟੀ ਇੰਟਰਨੈਸ਼ਨਲ ਨਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਣੀ ਅੰਤਰਰਾਸ਼ਟਰੀ ਸੰਸਥਾ ਦੇ ਇੱਕ ਅੰਦਾਜੇ਼ ਮੁਤਾਬਕ) ਦਸ ਹਜ਼ਾਰ ਕਤਲ ਹਰ ਸਾਲ ਹੁੰਦੇ ਹਨ। ਦੋ ਹਜ਼ਾਰ ਦੋ ਵਿੱਚ ਇਕੱਲੇ ਪਾਕਿਸਤਾਨ ਦੇ ਸੂਬੇ ਸਿੰਧ ਵਿੱਚ ਹੀ 245 ਔਰਤਾਂ ਅਤੇ 137 ਮਰਦ ਇਸ ਇੱਜ਼ਤ ਦੀ ਦੇਵੀ ਦੀ ਬਲੀ ਚਾੜ੍ਹ ਦਿੱਤੇ ਗਏ ਸਨ। ਇਸ ਪਾਕ-ਪਵਿੱਤਰ ਮੁਲਕ ਵਿੱਚ 1994 ਤੋਂ ਲੈ ਕੇ ਹੁਣ ਤੱਕ ਪੰਜ ਹਜ਼ਾਰ ਔਰਤਾਂ ਦੇ ਚਿਹਰਿਆਂ ਉਪਰ ਤੇਜ਼ਾਬ ਸੁੱਟ ਕੇ ਸ਼ਕਲੋਂ ਬੱਦ-ਸ਼ਕਲ ਕਰਕੇ ਮਰਦਾਂ ਨੇ ਆਪਣੀ ਸੁੱਕੀ ਹੋਈ ਇੱਜ਼ਤ ਫਿਰ ਹਰੀ ਕੀਤੀ ਸੀ। ਇਰਾਕ ਵਿੱਚ 81 ਔਰਤਾਂ ਨੇ ਆਪਣੀ ਸ਼ਰਮ ਧੋਣ ਲਈ ਮਨੁੱਖੀ ਬੰਬ ਬਣਨਾ ਮੰਜੂਰ ਕੀਤਾ ਸੀ। ਸ਼ਰਮ ਕੀ ਸੀ, ਇਰਾਕ ਜੰਗ ਦੌਰਾਨ ਉਨ੍ਹਾਂ ਨਾਲ ਬਲਾਤਕਾਰ ਹੋਇਆ ਸੀ ।

ਆਖਿਰ ਕੀ ਹੈ ਇਹ ਇੱਜਤ ਮਾਣ ਤੇ ਹੌਨਰ ਕਿਲਿੰਗ ? 
ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਉਦੋਂ ਉਹ ਵੀ ਜੰਗਲੀ ਜਾਨਵਰਾਂ ਵਾਂਗ ਸਾਰਾ ਦਿਨ ਭੋਜਨ ਦੀ ਭਾਲ ਵਿੱਚ ਜੰਗਲੀ ਭਾਉਂਦਾ ਫਿਰਦਾ ਸੀ, ਜਿੱਥੇ ਉਸ ਨੂੰ ਰਾਤ ਪੈਂਦੀ ਸੀ, ਦਰੱਖਤ ਤੇ ਚੜ੍ਹ ਕੇ ਸੌਂ ਛੱਡਦਾ ਸੀ। ਜਿੱਥੇ ਮਾਦਾ ਉਸ ਨੂੰ ਟੱਕਰਦੀ ਸੀ ਭੁੱਖ ਤ੍ਰੇਹ ਵਾਂਗ ਸਰੀਰਕ ਲੋੜ ਮੁਤਾਬਕ ਉਸ ਨਾਲ ਜਾਨਵਰਾਂ ਵਾਂਗ ਹੀ ਸੰਭੋਗ ਕਰ ਕੇ ਆਪਣਾ ਵੰਸ਼ ਅੱਗੇ ਵਧਾਉਂਦਾ ਤੁਰਿਆ ਜਾਂਦਾ ਸੀ। ਭੋਜਨ ਦੀ ਲੋੜ ਹੀ ਸਾਰਾ ਦਿਨ ਉਸ ਨੂੰ ਦੱਬੀ ਫਿਰਦੀ ਸੀ। ਫਿਰ ਹੌਲੀ ਹੌਲੀ ਮਨੁੱਖ ਸਿਆਣਾ ਹੋਣ ਲੱਗਿਆ ਤੇ ਉਹ ਝੁੰਡਾਂ ਵਿੱਚ ਰਹਿਣ ਲੱਗਾ। ਉਹ ਸਿ਼ਕਾਰੀ ਤੋਂ ਕਿਸਾਨ ਬਣਦਾ ਬਣਦਾ ਪਿੰਡਾਂ, ਸ਼ਹਿਰਾਂ, ਕਸਬਿਆਂ ਯਾਨੀ ਕਿ ਪੱਕੇ ਟਿਕਾਣਿਆਂ ਉਪਰ ਵੱਸਣ ਲੱਗ ਪਿਆ। ਸਰੀਰਕ ਤਕੜਾਈ ਦੇ ਨਾਲ ਨਾਲ ਹਥਿਆਰਾਂ, ਜਾਇਦਾਦ ਅਤੇ ਭੋਜਨ ਦੀ ਜ਼ਖੀਰੇਬਾਜੀ ਨੇ ਇੱਕ ਆਮ ਮਨੁੱਖ ਅਤੇ ਸਾਧਨ ਵਾਲੇ ਮਨੁੱਖਾਂ ਵਿੱਚ ਫ਼ਰਕ ਪਾਉਣਾ ਸ਼ੁਰੂ ਕਰ ਦਿੱਤਾ। ਜ਼ੋਰਾਵਰਾਂ ਵੱਲੋਂ ਆਪਣੇ ਇਸ ਫਰਕ ਨੂੰ ਸਦੀਵੀ ਪੱਕਾ ਕਰਨ ਲਈ ਕਰੜੇ-ਕਾਨੂੰਨ ਬਣਨ ਲੱਗੇ। ਹਰ ਝੁੰਡ, ਹਰ ਕਬੀਲੇ ਦੇ ਸਰਦਾਰਾਂ ਨੇ ਆਪੋ ਆਪਣੇ ਸੁੱਖ ਅਤੇ ਆਮ ਲੋਕਾਂ ਨੂੰ ਡੰਗਰਾਂ ਵਾਂਗ ਆਪਣੇ ਹੱਕ ਵਿੱਚ ਭੁਗਤਾਉਣ ਲਈ ‘ਤਕੜੇ ਦਾ ਸੱਤੀ ਵੀਹੀ ਸੌ’ ਵਰਗੇ ਕਾਨੂੰਨ ਅਤੇ ਗਜ਼ ਬਣਾਉਣੇ ਸ਼ੂਰੁ ਕੀਤੇ। ਆਮ ਬੰਦੇ ਦੀ ਸੁਤੰਤਰ ਸੋਚ ਨੂੰ ਜੰਦਰਾ ਮਾਰ ਕੇ ਹਿਫ਼ਾਜ਼ਤ ਦੇ ਨਾਂ ਤੇ ਇੱਜੜ ਦੀ ਮਾਨਸਿਕਤਾ ਤੇ ਭੈਅ ਉਨ੍ਹਾਂ ਦੇ ਸਿਰਾਂ ‘ਚ ਭਰਨਾ ਸ਼ੂਰੁ ਕੀਤਾ। ਪਰਜਾ ਰਾਜੇ ਦੀ ਜਇਦਾਦ ਅਤੇ ਟੱਬਰ ਘਰ ਦੇ ਮੁਖੀ ਦੀ ਜਇਦਾਦ। ਰਾਜੇ ਦਾ ਫੈਸਲਾ - ਪਰਜਾ ਦਾ ਫੈਸਲਾ, ਮੁਖੀ ਦਾ ਫੈਸਲਾ - ਟੱਬਰ ਦੇ ਹਰ ਜੀ ਦਾ ਫੈਸਲਾ।  ਫਿਰ ਬੰਦਾ ਆਪਣੇ ਲਈ ਘੱਟ ਅਤੇ ਉਸ ਗਜ਼ ਦੇ ਇੰਚ ਇੰਚ ਦੇ ਸਦਾ ਲਈ ਮੇਚ ਰਹਿਣ ਲਈ ਜਿਉਣ ਲੱਗਾ। ਹੁਣ ਹਾਲਾਤ ‘ਆਪੇ ਫਾਹਥੜੀਏ ਤੈਨੂੰ ਕੌਣ ਛੁਡਾਵੇ’ ਵਾਲੇ ਬਣੇ ਪਏ ਹਨ। ਵਾਰਸ਼ ਸ਼ਾਹ ਇਸ ਨੂੰ ਆਪਣੇ ਤਰੀਕੇ ਨਾਲ ਇੳਂ ਸਮਝਾਉਂਦਾ ਹੈ :
 
ਔਲਾਦ ਜੇਹੜੀ ਕਹੇ ਨਾ ਕਦੇ ਲੱਗੇ, ਮਾਪੇ ਉਸ ਨੁੰ ਮਾਰ ਮੁਕਾਉਂਦੇ ਨੀ।
ਜਦੋਂ ਕਹਿਰ ਤੇ ਆੳਂਦੇ ਬਾਪ ਜਾਲਮ, ਬੰਨ ਬੇਟੀਆਂ ਭੋਰੇ ‘ਚ ਪਾੳਂਦੇ ਨੀ
ਏਸ ਵਕਤ ਥੀਂ ਜ ਨਾ ਮੁੜੀ ਮੋਈਏ, ਤੇਰਾ ਖੂਨ ਹੁਣ ਤੁਰੰਤ ਵਹਾਉਂਦੇ ਨੀ।
ਵਾਰਸ਼ਸ਼ਾਹ ਜੇ ਮਾਰੀਏ ਬਦਾ ਤਾਈ, ਜੁੰਮੇ ਖੂਨ ਨਾ ਦੇਵਨੇ ਆੳਂਦੇ ਨੀ।
 
ਆਖਿਰ ਉਹ ਕਿਹੜੀ ਚੀਜ਼ ਹੈ ਜੋ ਇੱਕ ਪਰਿਵਾਰ ਨੂੰ ਇਹ ਫੈਸਲਾ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਉਹ ਆਪਣੇ ਜਾਨ ਤੋਂ ਵੀ ਪਿਆਰੇ ਘਰ ਦੇ ਜੀ ਧੀ, ਪੁੱਤ, ਮਿੱਤਰ ਪਿਆਰੇ ਨੂੰ ਆਪਣੇ ਹੱਥੀ ਹੀ ਟੱਬਰ ਦੀ ਇੱਜ਼ਤ ਆਬਰੂ ਨੂੰ ਮੁੱਖ ਰੱਖ ਕੇ ਕਤਲ ਕਰ ਦੇਵੇ। ਇੱਜ਼ਤ, ਮਾਣ, ਸਤਿਕਾਰ, ਇਹ ਤਿੰਨ ਲਫਜ਼ ਕਿਸੇ ਮਨੁੱਖੀ ਜੀਵ ਦੀ ਕਿਸ ਤਰਾਂ ਬਲੀ ਲੈ ਲੈਂਦੇ ਹਨ ? ਮਾਹਰਾਂ ਦੀ ਰਾਏ ਹੈ ਕਿ ਟੱਬਰ ਵੱਲੋਂ ਕੀਤਾ ਗਿਆ ਕਤਲ ਉਸ ਪਰਿਵਾਰ ਦੇ ਸਮਾਜੀ ਰੁਤਬੇ ਨੂੰ ਮੁਰੰਮਤ ਕਰਨ ਲਈ ਚੁੱਕਿਆ ਗਿਆ ਇੱਕ ਬਹੁਤ ਹੀ ਦੁੱਖਦਾਈ ਕਦਮ ਹੁੰਦਾ ਹੈ। ਸਮਾਜਿਕ ਤਾਣਾ-ਪੇਟਾ ਏਨਾ ਗੁੰਝਲਦਾਰ ਹੈ ਕਿ ਨਾ ਦਿਸਦਿਆਂ ਹੋਇਆਂ ਵੀ ਹਜ਼ਾਰਾਂ ਅੱਖਾਂ ਤੁਹਾਡੇ ਉੱਪਰ ਹਰ ਵੇਲੇ ਨਜ਼ਰਾਂ ਰੱਖ ਰਹੀਆਂ ਹੁੰਦੀਆ ਹਨ। ਜ਼ਰਾ ਜਿੰਨਾਂ ਵੀ ਤੁਸੀਂ ਜਿਸ ਸਮਾਜ ਵਿੱਚ ਰਹਿੰਦੇ ਹੋ, ਉਸ ਦੇ ਬਣਾਏ ਗਜ਼ ਤੋਂ ਛੋਟੇ ਜਾਂ ਵੱਡੇ ਹੋਵੋ ਤਾਂ ਉਹ ਸਮਾਜ ਤੁਹਾਨੂੰ ਆਪਣੇ ‘ਚੋਂ ਖਾਰਜ ਕਰਨ, ਹੁੱਕਾ ਪਾਣੀ ਬੰਦ ਕਰਨ ਤੋਂ ਲੈ ਕੇ ਤੁਹਾਨੂੰ ਆਤਮ ਹੱਤਿਆ ਕਰਨ ਜਾਂ ਆਪਣੇ ਹੀ ਕਿਸੇ ਮਿੱਤਰ ਪਿਆਰੇ ਦੀ ਹੱਤਿਆ ਕਰਨ ਲਈ ਮਜ਼ਬੂਰ ਕਰ ਦੇਵੇਗਾ। ਕਿਉਂਕਿ ਕਬੀਲਾ ਜਾ ਗਰੁੱਪ-ਕਲਚਰ ਵਿੱਚ ਇੱਕਲੇ ਆਦਮੀ ਦਾ ਆਪਣਾ ਕੋਈ ਵਜੂਦ ਹੀ ਨਹੀਂ ਹੁੰਦਾ। ਜਿੰਨਾ ਚਿਰ ਇਸ ਗਰੁੱਪ-ਕਲਚਰ ਦੇ ਗਜ਼ ਮੁਤਾਬਕ ਇਸ ਵਿੱਚ ਰਹਿਣ ਵਾਲੇ ਲੋਕ ਗਰੁੱਪ ਦੀ ਇੱਛਾ ਮੁਤਾਬਕ ਜਿੳਂੁਦੇ ਹਨ ਤਾ ਇਹ ਕਲਚਰ ਉਸ ਨੂੰ ਸਮਾਜੀ ਸੁਰੱਖਿਆ ਅਤੇ ਸ਼ਰਣ ਪ੍ਰਦਾਨ ਕਰਦਾ ਹੈ। ਰਾਜੇ ਤੋਂ ਲੈ ਕੇ ਕਿਸੇ ਟੱਬਰ ਦੇ ਮੋਢੀ ਤੱਕ ਦੀ ਇੱਜ਼ਤ ਸਾਰੀ ਪਰਜਾ ਅਤੇ ਮੋਢੀ ਦੇ ਘਰ ਦੇ ਜੀਆਂ ਉੱਪਰ ਲਾਗੂ ਹੁੰਦੀ ਹੈ। ਜਦੋਂ ਘਰ ਦਾ ਕੋਈ ਜੀਅ ਇਸ ਕਬੀਲੇ ਜਾਂ ਗਰੁੱਪ-ਕਲਚਰ ਦੀ ਬਣਾਈ ਲੀਹ ਤੋਂ ਪਾਸੇ ਚਲਦਾ ਹੈ, ਬੇਸ਼ਕ ਘਰ ਦੇ ਮੈਂਬਰਾਂ ਨੂੰ ਸਾਰਾ ਇਲਮ ਵੀ ਹੋਵੇ, ਕੋਈ ਖਾਸ ਗੱਲ ਨਹੀਂ ਹੁੰਦੀ। ਪੁਆੜਾ ਉਦੋਂ ਪੈਂਦਾ ਹੈ, ਜਦੋਂ ਇਹ ਗੱਲ ਬਾਹਰ ਗਲੀਆਂ, ਬਜ਼ਾਰਾਂ ਜਾਂ ਪਰ੍ਹਿਆਂ ਪੰਚਾਇਤਾਂ ਵਿੱਚ ਪਹੁੰਚਦੀ ਹੈ। ਫਿਰ ਕੈਦੋਂ ਲੰਗੇ ਵਰਗੇ ਕਿਰਦਾਰ ਸਰਗਰਮ ਹੋ ਜਾਂਦੇ ਹਨ। ਘਰ ਦੇ ਮੋਢੀ ਨੂੰ ਪਰ੍ਹਿਆਂ ਪੰਚਾਇਤਾਂ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ। ਉਸ ਦਾ ਜਨਤਕ ਥਾਵਾਂ, ਸਮਾਜੀ ਇਕੱਠਾਂ, ਸੜਕਾਂ, ਹੱਟੀ ਭੱਠੀ ‘ਤੇ ਬੈਠਣਾ ਉਠਣਾ ਤਾਹਨਿਆਂ ਮਿਹਣਿਆਂ ਨਾਲ ਦੁੱਭਰ ਕਰ ਦਿੱਤਾ ਜਾਂਦਾ ਹੈ। ਕਈ ਮੁਲਕਾਂ ਵਿੱਚ ਉਸ ਘਰ ਦੀਆਂ ਕੰਧਾਂ ‘ਤੇ ਚਿੱਕੜ ਨਾਲ ਨਿਸ਼ਾਨ ਲਾ ਦਿੱਤੇ ਜਾਂਦੇ ਹਨ। ਗਲੀਆਂ ਬਜ਼ਾਰਾਂ ਵਿੱਚ ਘਰ ਦੇ ਜੀਆਂ ਦੇ ਮੂੰਹਾਂ ਉਪਰ ਥੁੱਕਿਆ ਤੱਕ ਜਾਂਦਾ ਹੈ। ਚਾਹ ਘਰਾਂ ਦੇ ਕਾਰਿੰਦੇ ਉਨ੍ਹਾਂ ਨੂੰ ਚਾਹ ਵਰਤਾਉਣੀ ਆਪਣੀ ਅਤੇ ਆਪਣੇ ਸਮਾਜ ਦੀ ਬੇਇੱਜ਼ਤੀ ਸਮਝਦੇ ਹਨ। ਤਹਿ ਕੀਤੇ ਮੰਗਣੇ ਵਿਆਹਾਂ ਦੇ ਰਿਸ਼ਤੇ ਟੁੱਟ ਜਾਂਦੇ ਹਨ। ਯਾਨਿ ਕਿ ਕਬੀਲਾ ਸਮਾਜ ਉਸ ਟੱਬਰ ਨੂੰ ਬਿਲਕੁਲ ਅਲੱਗ ਥਲੱਗ ਕਰ ਕੇ ਰੱਖ ਦਿੰਦਾ ਹੈ। ਹੁਣ ਘਰ ਦੇ ਮੋਢੀ ਕੋਲ ਸਿਰਫ਼ ਦੋ ਹੀ ਰਾਹ ਹੁੰਦੇ ਹਨ ਜਾਂ ਤਾਂ ਟੱਬਰ ਰਾਤ ਬਰਾਤੇ ਆਪਣੀ ਟਿੰਡ ਫਾਹੁੜੀ ਚੁੱਕ ਕੇ ਕਿਸੇ ਹੋਰ ਥਾਂ ਤੁਰਦਾ ਬਣੇ ਜਾਂ ਫਿਰ ਉਸ ਬਾਗੀ ਕਾਲੀ ਭੇਡ ਨੂੰ ਸਮਝਾ ਬੁਝਾ ਕੇ ਮੁੱਖ ਧਾਰਾ, ਯਾਨਿ ਕਿ ਭਾਈਚਾਰੇ ਦੇ ਗਜ਼ ਦੇ ਮੇਚ ਲਿਆਦਾ ਜਾਵੇ। ਇਥੇ ਪੀੜਤ ਟੱਬਰ ਨੂੰ ਆਪਣੇ ਹੀ ਘਰ ਦੇ ਜੀਅ ਨਾਲ ਕਈ ਕਿਸਮ ਦੀ ਸਿਆਸਤ ਖੇਡਣੀ ਪੈਂਦੀ ਹੈ। ਪਹਿਲਾਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ। ਘਰ ਦੀ ਇੱਜ਼ਤ, ਮਾਣ, ਸਤਿਕਾਰ, ਨੱਕ ਤੇ ਲੋਕ ਕੀ ਆਖਣਗੇ ਵਰਗੇ ਵਾਸਤੇ ਪਾਏ ਜਾਂਦੇ ਹਨ। ਜੇ ਕਾਲੀ ਭੇਡ ਫਿਰ ਵੀ ਆਪਣੀ ਜਿ਼ੱਦ ਤੇ ਅੜੀ ਰਹੇ ਤਾਂ ਮਾਪਿਆਂ ਵੱਲੋ ਉਸ ਨੂੰ ਡਰਾਉਣ ਧਮਕਾਉਣ ਦੀ ਕੋਸਿ਼ਸ ਕੀਤੀ ਜਾਂਦੀ ਹੈ। ਇਸ ਸਥਿਤੀ ਨੂੰ ਵਾਰਸ਼ ਸ਼ਾਹ ਫਿਰ ਆਪਣੇ ਕਲਾਮ ਵਿੱਚ ਇਉਂ ਬਿਆਨ ਕਰਦਾ ਹੈ।
 
ਚੂਚਕ ਆਖਦਾ ਲਾਡੀਆਂ ਪਾਲੀਆਂ ਈ, ਕੇਹਾ ਫਾਇਦਾ ਏਸ ਤੋਂ ਲੋੜੀਏ ਨੀ।
ਇਹ ਚਾ ਚਾਕ ਤੋਂ ਹੋੜੀ ਨਾ ਰਹੇ, ਮੂਲੇ ਅਸੀ ਸਭ ਕਬੀਲੜਾ ਹੋੜੀਏ ਨੀ।
ਇਹਦੇ ਡੱਕਰੇ ਛੁਰੀ ਦੇ ਨਾਲ ਕਰੀਏ, ਖੂਹ ਡੂੰਘੜੇ ਦੇ ਵਿੱਚ ਬੋੜੀਏ ਨੀ।
ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਟੋਨੀ ਨਾਲ ਗੂੜੇੜਨੀ ਤੋੜੀਏ ਨੀ।
ਇਹਦਾ ਦਾਤਰੀ ਨਾਲ ਚਾ ਢਿੱਡ ਪਾੜੋ, ਸੂਈਆਂ ਅੱਖੀਂਆਂ ਦੇ ਵਿੱਚ ਲੋੜੀਏ ਨੀ।
ਸੁੰਝੀ ਚਾਕ ਤੋਂ ਇਸ ਨਾ ਮੁੜੇ ਮੁਲੇਂ, ਅਸੀ ਵਰਜੀਏ ਤੇ ਨਿਤ ਲੋੜੀਏ ਨੀ।
ਉਹਦੇ ਜੀਉ ਤੇ ਇੱਕ ਨਾ ਆੳਂਦੀ ਏ, ਭਾਵੇ ਲੱਖ ਨਸੀਹਤਾਂ ਟੋਰੀਏ ਨੀ।
ਵਾਰਸ ਸ਼ਾਹ ਫਟੇ ਨਹੀਂ ਮੂੰਹ ਮਿਲਦੇ, ਦਿਲ ਮੋਤੀ ਤੇ ਕੱਚ ਦੇ ਜੋੜੀਏ ਨੀ।
 
ਜੇ ਫਿਰ ਵੀ ਸਹੇ ਦੀਆਂ ਤਿੰਨ ਲੱਤਾਂ ਹੀ ਰਹਿਣ ਤਾਂ ਉਸ ਉਪਰ ਬੰਦਿਸ਼ਾਂ ਲਾਈਆਂ ਜਾਂਦੀਆਂ ਹਨ। ਇਸ ਸਾਰੇ ਡਰਾਮੇ ਦੀ ਚਰਮ ਸੀਮਾ ਇਹ ਹੁੰਦੀ ਹੈ ਕਿ ਕਾਲੀ ਭੇਡ ਕੋਲ ਵੀ ਦੋ ਹੀ ਰਾਹ ਬਚਦੇ ਹਨ ਜਾਂ ਤਾਂ ਉਹ ਘਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਵੇ ਜਾਂ ਘਰੋ ਭੱਜ ਕੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵੇ। ਜੇਕਰ ਕਾਲੀ ਭੇਡ ਆਤਮ ਹੱਤਿਆ ਕਰ ਲਵੇ ਤਾਂ ਵੀ ਟੱਬਰ ਦਾ ਮਾਣ ਸਨਮਾਨ ਸਮਾਜ ਵਿੱਚ ਬਰਕਰਾਰ ਹੋ ਜਾਂਦਾ ਹੈ। ਕਬੀਲਾ ਭਾਈਚਾਰਾ ਉਸ ਦੁਖੀ ਟੱਬਰ ਨਾਲ ਹਮਦਰਦੀ ਵੀ ਰੱਖਦਾ ਹੈ ਅਤੇ ਉਸ ਨੂੰ ਮੁਆਫ਼ ਵੀ ਕਰ ਦੇਂਦਾ ਹੈ। ਜੇ ਉਹ ਘਰੋਂ ਭੱਜ ਜਾਵੇ ਤਾਂ ਗੱਲ ਚੌਰਾਹੇ ਵਿੱਚ ਆ ਜਾਂਦੀ ਹੈ ਫਿਰ ਉਸ ਟੱਬਰ ਦਾ ਜਿਉਣਾ ਹੋਰ ਵੀ ਮੁਹਾਲ ਹੋ ਜਾਂਦਾ ਹੈ। ਹੁਣ ਟੱਬਰ ਕੋਲ ਇੱਕੋ ਹੀ ਰਾਹ ਬਚਦਾ ਹੈ, ਜੇ ਉਸ ਨੇ ਉਥੇ ਹੀ ਵੱਸਣਾ ਹੈ ਤਾਂ ਉਸ ਕਾਲੀ ਭੇਡ ਨੂੰ ਆਪ ਲੱਭ ਕੇ ਆਪਣੀ ਗਵਾਚੀ ਹੋਈ ਸਾਖ ਬਹਾਲ ਕਰਨ ਲਈ ਉਸ ਦਾ ਨਾ ਚਾਹੁੰਦੇ ਹੋਏ ਵੀ ਦਿਲ ਤੇ ਪੱਥਰ ਰੱਖ ਕੇ ਆਪਣੇ ਹੱਥੀ ਐਲਾਨੀਆ ਕਤਲ ਕਰੇ। ਜੇ ਟੱਬਰ ਕੁਝ ਵੀ ਨਹੀ ਕਰੇਗਾ ਤਾਂ ਸਮਾਜ ਉਸ ਟੱਬਰ ਦੀਆਂ ਔਰਤਾਂ ਨੂੰ ਦੇਹ- ਵਪਾਰ ਕਰਨ ਵਾਲੀਆਂ ਰੰਡੀਆਂ ਗਰਦਾਨ ਦੇਵੇਗਾ ਤੇ ਮਰਦਾਂ ਨੂੰ ਗਾਹਕ ਲਿਆਉਣ ਵਾਲੇ, ਉਨ੍ਹਾਂ ਦੇ ਦੱਲੇ। ਵੱਖੋ ਵੱਖ ਸਮਾਜਾਂ ਦੇ ਇਖਲਾਕੀ ਜੁਰਮਾਂ ਨੂੰ ਮਿਣਨ ਵਾਲੇ ਗਜ਼ ਵੀ ਵੱਖੋ ਵੱਖ ਹੁੰਦੇ ਹਨ। ਠੱਗੀ, ਚੋਰੀ ਚਕਾਰੀ, ਹੇਰਾਫੇਰੀ, ਹਮਜਿਨਸੀ, ਵੇਸਵਾਗਿਰੀ, ਕਬੀਲੇ ਜਾਂ ਜਾਤ ਗੋਤ ਤੋਂ ਬਾਹਰੇ ਜਿਨਸੀ ਸੰਬੰਧ ਇਸ ਗਜ਼ ਦੀ ਜੱਦ ਵਿੱਚ ਆਉਂਦੇ ਹਨ। ਸਭ ਤੋਂ ਭਿਆਨਕ ਜ਼ੁਰਮ ਜਾਤ ਗੋਤ ਜਾਂ ਕਬੀਲੇ ਤੋਂ ਬਾਹਰਲੇ ਜਿਨਸੀ ਸਬੰਧਾਂ ਨੂੰ ਗਿਣਿਆ ਜਾਂਦਾ ਹੈ। ਤੱਤ ਸਾਰ ਵਿੱਚ ਇਸ ਦਾ ਮਨੋਵਿਗਆਨਕ ਕਾਰਨ ਇਹ ਲੱਗਦਾ ਹੈ ਆਪਣੇ ਜੱਦੀ ਵੰਸ਼ ਅਤੇ ਜਾਇਦਾਦ ਦਾ ਅਸਲੀ ਵਾਰਸ ਆਪਣਾ ਅਸਲ ਤੇ ਖਾਲਸ ਖੂਨ ਹੀ ਹੋਣਾ ਚਾਹੀਦਾ ਹੈ। ਇੱਕ ਮਾਂ ਨੂੰ ਜੰਮਿਆ ਬੱਚਾ ਪ੍ਰਤੱਖ ਉਸ ਮਾਂ ਦਾ ਹੀ ਬੱਚਾ ਹੁੰਦਾ ਹੈ ਪਰ ਇੱਕ ਪਿਉ ਨੂੰ, ਕਿ ਇਹ ਉਸ ਦੀ ਹੀ ਅਸਲੀ ਔਲਾਦ ਹੈ ਯਕੀਨ ਕਰਨਾ ਪੈਂਦਾ ਹੈ। ਇਸ ਕਰਕੇ ਇੱਕ ਮਰਦ ਇੳਂ ਸੋਚਦਾ ਹੈ ਜੇ ਕਰ ਉਸ ਦੇ ਘਰ ਜੰਮਿਆ ਧੀ ਪੁੱਤ ਉਸ ਦਾ ਅਸਲੀ ਖੂਨ ਹੈ ਤਾਂ ਕੁਦਰਤੀ ਹੀ ਬਿਮਾਰੀ ਠਿਮਾਰੀ ਅਤੇ ਬੁਢਾਪੇ ਵਿੱਚ ਉਸ ਦੀ ਸੇਵਾ ਕਰੇਗਾ ਕਿਉਂਕਿ ਪਿਉ ਦਾਦੇ ਦੇ ਵੰਸ਼ ਨੂੰ ਉਸ ਖਾਨਦਾਨ ਦਾ ਅਸਲੀ ਖੂਨ ਹੀ ਅੱਗੇ ਲਿਜਾ ਸਕਦਾ ਹੈ। ਇਸ ਕਰਕੇ ਖਾਨਦਾਨ ਦੀ ਜਾਇਦਾਦ ਦਾ ਅਸਲੀ ਵਾਰਸ ਵੀ ਅਸਲੀ ਹਲਾਲ ਖੂਨ ਹੀ ਹੋਣਾਂ ਚਾਹੀਦਾ ਹੈ। ਜੇਕਰ ਉਹ ਹਰਾਮ ਦਾ ਹੋਵੇਗਾ ਤਾਂ ਫਿਰ ਵੰਸ਼ ਦੀ ਅਸਲੀ ਜੜ੍ਹ ਕਿਵੇਂ ਅੱਗੇ ਵੱਧੇਗੀ ?
 
ਆਮ ਕਰਕੇ ਸੋਚਿਆ ਜਾਂਦਾ ਹੈ ਕਿ ਸਿਰਫ਼ ਕੁੜੀਆਂ ਹੀ ਕਿਸੇ ਟੱਬਰ ਦੀ ਨਮੋਸ਼ੀ ਦਾ ਕਾਰਨ ਬਣਦੀਆਂ ਹਨ। ਪੰਜਾਬ ਵਿੱਚ ਤਾਂ ਮਾਵਾਂ ਵੱਲੋ ਧੀਆਂ ਨੂੰ ਇਹ ਨਸੀਹਤਾਂ ਵੀ ਦਿੱਤੀਆਂ ਜਾਂਦੀਆਂ ਹਨ ‘ਧੀਏ ਕਿਸੇ ਖੂਹ ਟੋਭੇ ਵਿੱਚ ਡੁੱਬ ਕੇ ਮਰ ਜਾਵੀਂ, ਪਰ ਆਪਣੇ ਬਾਪ ਦਾਦੇ ਦੀ ਪੱਗ ਦੇ ਛਮਲੇ ਨੂੰ ਦਾਗ ਨਾ ਲਾਵੀਂ’। ਕੁਝ ਸਮਾਜਾਂ ਵਿੱਚ ਜੇਕਰ ਉਨ੍ਹਾਂ ਦੀ ਧੀ ਦੇ ਕਿਤੇ ਬਾਹਰ ਜਿਨਸੀ ਸੰਬੰਧ ਹਨ ਐਨਾ ਮਾੜਾ ਨਹੀਂ ਸਮਝਿਆ ਜਾਂਦਾ ਜਿੰਨਾਂ ਕਿ ਉਨ੍ਹਾਂ ਦੇ ਮੁੰਡੇ ਦਾ ਹਮਜਿਨਸੀ ਹੋਣਾ। ਇੱਜ਼ਤ, ਮਾਣ ਸਨਮਾਨ ਲਈ ਕੀਤੇ ਜਾਂਦੇ ਕਤਲਾਂ ਵਿੱਚ ਸੰਸਾਰ ਦੇ ਬਹੁਤ ਸਾਰੇ ਸਮਾਜਾਂ ਵਿੱਚ ਨਰ ਜਾਂ ਮਾਦਾ ਦਾ ਫ਼ਰਕ ਨਹੀਂ ਵੇਖਿਆ ਜਾਂਦਾ । ਵੇਖਿਆ ਇਹ ਜਾਂਦਾ ਹੈ ਕਿ ਟੱਬਰ ਦਾ ਕਿਹੜਾ ਜੀਅ ਘਰ ਦੀ ਨਮੋਸ਼ੀ ਦਾ ਕਾਰਨ ਬਣਦਾ ਹੈ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇੱਜ਼ਤ ਦੇ ਨਾਂ ਤੇ ਕੀਤੇ ਜਾਂਦੇ ਕਤਲਾਂ ਦੀ ਸਜ਼ਾ ਬਹੁਤ ਘੱਟ ਹੈ । ਸਗੋ ਪੰਜਾਬ ਦੀ ਲੋਕਗਾਥਾ ਦੇ ਨਾਇਕ ਸੁੱਚੇ ਸੁਰਮੇ ਵਾਂਗ ਉਸ ਕਾਤਲ ਨੂੰ ਇੱਜਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਉਸ ਦੀਆਂ ਵਾਰਾਂ ਗਾਈਆਂ ਜਾਂਦੀਆ ਹਨ। ਇਹ ਵੀ ਜਰੂਰੀ ਨਹੀਂ ਕਿ ਸਿਰਫ਼ ਮੁਸਲਮਾਨ ਸੰਸਾਰ ਵਿੱਚ ਹੀ ਇਹੋ ਜਿਹੇ ਕਤਲ ਹੁੰਦੇ ਹਨ। ਮੋਰਾਕੋ ਵਰਗੇ ਸਿਰੇ ਦੇ ਇਸਲਾਮੀ ਮੁਲਕ ਵਿੱਚ ਇਹੋ ਜਿਹੇ ਕਤਲ ਬਿਲਕੁੱਲ ਨਹੀਂ ਹੁੰਦੇ। ਅਸਲ ਵਿੱਚ ਇਹ ਵਰਤਾਰਾ ਉਥੇ ਹੀ ਚੱਲਦਾ ਹੈ ਜਿੱਥੇ ਸਮਾਜ ਅਜੇ ਜਗੀਰੂ ਰੁਚੀਆਂ ਅਤੇ ਅਨਪੜ੍ਹਤਾ ਤੋਂ ਛੁਟਕਾਰਾ ਨਹੀਂ ਪਾ ਸਕਿਆ। ਇਹੋ ਜਿਹੇ ਕਤਲਾਂ ਦਾ ਪਸਾਰਾ ਤੁਰਕੀ ਤੋ ਲੈ ਕੇ ਹਿੰਦੋਸਤਾਨ ਤੱਕ, ਈਜਿਪਟ, ਅਫਰੀਕਾ, ਸਾਊਥ ਯੂਰਪ ਦੇ ਦੇਸ਼ਾਂ ਵਿੱਚ ਵੀ ਇੱਜ਼ਤ ਦੇ ਨਾਂ ਤੇ ਕਤਲ ਲਗਾਤਾਰ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਸਧਾਰਨ ਕਤਲ ਕੇਸ ਅਤੇ ਇੱਜ਼ਤ ਦੇ ਨਾਂ ‘ਤੇ ਕੀਤੇ ਕਤਲ ਦੀ ਸਜ਼ਾ ਵਿੱਚ ਬਹੁਤ ਫ਼ਰਕ ਹੈ। ਜਿਵੇਂ ਕਿ ਤੁਰਕੀ, ਜੋਰਡਨ, ਈਜਿਪਟ, ਸੀਰੀਆ ਆਦਿ। ਜਦੋਂ ਦਾ ਤੁਰਕੀ ਯੂਰਪੀਅਨ ਯੂਨੀਅਨ ਲਈ ਨਾਮ-ਜੱਦ ਹੋਇਆ ਹੈ ਤਾਂ ਯੂਰਪੀਅਨ ਯੂਨੀਅਨ ਦੇ ਦਬਾਅ ਥੱਲੇ ਉਸ ਨੂੰ ਇੱਜ਼ਤ ਲਈ ਕੀਤੇ ਕਤਲ ਅਤੇ ਦੂਸਰੇ ਸਧਾਰਨ ਕਤਲ ਦੇ ਬਰਾਬਰ ਦੀ ਸਜ਼ਾ ਉਮਰ ਕੈਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪਰ ਇਸ ਨਾਲ ਇਨ੍ਹਾਂ ਸਮਾਜਾਂ ਨੂੰ ਕੋਈ ਫ਼ਰਕ ਨਹੀਂ ਪੈਦਾ। ਜਦੋਂ ਦਾ ਤੁਰਕੀ ਵਿੱਚ ਇਹ ਨਖੇੜੇ ਵਾਲਾ ਕਾਨੂੰਨ ਯੂਨੀਅਨ ਦੇ ਦਬਾਅ ਥੱਲੇ ਬਦਲਣਾ ਪਿਆ ਹੈ, ਉਥੇ ਹੁਣ ਅਖੌਤੀ ਦੋਸ਼ੀਆਂ ਵੱਲੋ ਆਤਮ ਹੱਤਿਆਵਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ। ਜਿਨਾਂ ਲੋਕਾਂ ਨੂੰ ਪਹਿਲਾਂ ਇਹੋ ਜਿਹੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਅਦਾਲਤਾਂ ਵੱਲੋਂ ਦਿੱਤੀ ਜਾਂਦੀ ਸੀ, ਹੁਣ ਉਸ ਦੇ ਟੱਬਰ ਦੇ ਲੋਕ ਹੀ ਉਸ ਕਾਲੀ ਭੇਡ ਉੱਪਰ ਐਸਾ ਕੜਵੱਚ ਚਾੜ੍ਹਦੇ ਹਨ ਕਿ ਦੋਸ਼ੀ ਐਨਾ ਸਮਾਜਿਕ ਦਬਾਉ ਨਾ ਝੱਲਦੇ ਹੋਏ ਖੁਦ ਹੀ ਆਤਮ ਹੱਤਿਆ ਕਰਨ ਦੇ ਰਾਹੇ ਪੈ ਜਾਂਦਾ ਹੈ।        
‘ਔਨਰ’ ਸ਼ਬਦ ਦੇ ਮਾਇਨੇ ਲੱਭਣ ਲਈ ਮੈਂ ਦੋ ਡਿਕਸ਼ਨਰੀਆਂ ਖੋਲ੍ਹ ਕੇ ਪੜ੍ਹੀਆਂ ਹਨ। ਇਸ ਸ਼ਬਦ ਦਾ ਮਤਲਬ ਹੈ ਇੱਜ਼ਤ, ਮਾਣ ਸਤਕਾਰ। ਹੌਲੈਂਡ ਦੇ ਗੋਰੇ ਬਸਿੰ਼ਦਿਆਂ ਵਿੱਚ ਇਹੋ ਜਿਹੇ ਔਨਰ ਕਤਲ ਬਿਲਕੁਲ ਨਹੀਂ ਹੁੰਦੇ ਪਰ ਬਾਹਰੋ ਆਏ ਇਥੇ ਵੱਸੇ ਪਰਵਾਸੀਆਂ ਵਿੱਚ ਇਹ ਰੁਝਾਨ ਅਜੇ ਵੀ ਜਾਰੀ ਹੈ। 2009 ਵਿੱਚ ਇਸ ਕਿਸਮ ਦੇ 138 ਕੇਸ ਰਜਿਸਟਰ ਕੀਤੇ ਗਏ ਸਨ, ਜਿਸ ਵਿੱਚ ਕੁੱਟ ਮਾਰ ਸਮਾਜੀ ਬਾਈਕਾਟ, ਇਰਾਦਾ ਕਤਲ ਇਥੋ ਤੱਕ ਪੰਦਰਾਂ ਪ੍ਰਤੀਸ਼ਤ ਸਿੱਧੇ ਕਤਲ ਸਨ। 1985 ਤੋਂ ਲੈ ਕੇ 2005 ਤੱਕ ਕੁੱਲ 300 ਇਹੋ ਜਿਹੇ ਕੇਸ ਪੁਲਿਸ ਕੋਲ ਦਰਜ ਹੋਏ ਸਨ। ਸਰਕਾਰ ਨੇ ਇਸ ਮਸਲੇ ਨੂੰ ਉਦੋ ਤੋਂ ਹੀ ਬਹੁਤ ਗੰਭੀਰਤਾ ਨਾਲ ਲਿਆ ਹੈ। ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਇਹੋ ਜਿਹੀ ਸਮੱਸਿਆ ਨਾਲ ਨਿਪਟਣ ਲਈ 87 ਮੀਲੀਅਨ ਯੂਰੋ ਰਿਜ਼ਰਵ ਰੱਖੇ ਹਨ। ਘਰੇਲੂ ਹਿੰਸਾ, ਕੁੱਟ ਮਾਰ ਅਤੇ ਮੌਤ ਦੇ ਡਰੋ ਘਰੋਂ ਭੱਜਿਆਂ ਲਈ ਹਿਫ਼ਾਜ਼ਤੀ ਘਰ ਬਣਾਏ ਹਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਪ੍ਰੋਗਰਾਮ ਬਣਾਏ ਹਨ।
ਕੀ ਆਉਣ ਵਾਲੇ ਸਮੇਂ ਵਿੱਚ ਇੱਜ਼ਤ ਦੇ ਨਾਂ ਤੇ ਕੀਤੇ ਜਾਂਦੇ ਕਤਲਾਂ ਦੀ ਗਿਣਤੀ ਵਧੇਗੀ ?
ਯੂਰਪ ਵਿੱਚ ਤਾਂ ਆਉਣ ਵਾਲੇ ਵੀਹ ਪੰਚੀ ਸਾਲਾਂ ਵਿੱਚ ਇਹੋ ਜਿਹੇ ਕਤਲਾਂ ਦਾ ਸਿਲਸਿਲਾ ਬਿੱਲਕੁਲ ਖਤਮ ਹੋ ਜਾਵੇਗਾ, ਕਿਉਂਕਿ ਇਹ ਰੁਝਾਨ ਖਾਸ ਕਰਕੇ ਕੇ ਸਿਰਫ਼ ਪ੍ਰਵਾਸੀਆਂ ਵਿੱਚ ਹੀ ਹੈ, ਜਿੰਨ੍ਹਾਂ ਦੀ ਹੁਣ ਤੀਜੀ ਪੀੜ੍ਹੀ ਚੱਲ ਰਹੀ ਹੈ ਤੇ ਨਵੀਂ ਇਮੀਗ੍ਰੇਸ਼ਨ ਦੀਆਂ ਅਸਲੋਂ ਹੀ ਇੱਥੇ ਝੀਥਾਂ ਬੰਦ ਕਰ ਦਿੱਤੀਆਂ ਗਈਆਂ ਹਨ। ਖਾਸ ਕਰਕੇ ਅਨਪੜ੍ਹ ਅਤੇ ਗੈਰ ਹੁਨਰੀ ਲੋਕਾਂ ਦੀ। ਇੱਥੋ ਦੀ ਜੰਮੀ ਪਲੀ ਵਿਦੇਸ਼ੀਆਂ ਦੀ ਨਵੀ ਪੀੜ੍ਹੀ ਇਹੋ ਜਿਹੀ ਘਟੀਆ ਦੁਕੀਆਨੂਸੀ ਵਿੱਚ ਬਿਲਕੁਲ ਯਕੀਨ ਨਹੀਂ ਰੱਖਦੀ। ਔਰਤ ਦੀ ਅਖੌਤੀ ਸਰੀਰਕ ਪਵਿੱਤਰਤਾ ਅਤੇ ਕੰਜ-ਕਵਾਰਾਪਣ ਇਥੇ ਕੋਈ ਮਾਇਨਾ ਨਹੀਂ ਰਖਵਾਉਦਾਂ। ਵਿਆਹ ਤੋਂ ਪਹਿਲਾ ਇਥੇ ਇੱਕ ਦੂਸਰੇ ਨੂੰ ਜਾਨਣ ਵਾਸਤੇ ਲੋਕ ਸਾਲਾਂ ਬੱਧੀ ਇਕੱਠੇ ਵੀ ਰਹੀ ਜਾਂਦੇ ਹਨ। ਬੱਚੇ ਵੀ ਪੈਦਾ ਹੋਈ ਜਾਂਦੇ ਹਨ। ਵਿਆਹ ਦੀ ਸਨਦ ਇਥੇ ਜ਼ਰੂਰੀ ਨਹੀਂ ਹੈ। ਇੱਕ ਔਰਤ ਦੇ ਤਿੰਨ ਤਿੰਨ ਬੱਚਿਆਂ ਦੇ ਵੱਖੋ ਵੱਖਰੇ ਤਿੰਨ ਬਾਪ ਹਨ ਤੇ ਇੱਕ ਬਾਪ ਦੇ ਚਾਰ ਚਾਰ ਔਰਤਾਂ ਤੋਂ ਵੱਖੋ ਵੱਖ ਨਿਆਣੇ ਹਨ। ਪੱਛਮੀ ਸੰਸਾਰ ਨੂੰ ਇਸ ਗਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪੰਜਾਬ ਵਿੱਚ ਵੀ ਇਹੋ ਜਿਹੇ ਕਤਲਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿੱਚ ਬਹੁਤ ਘੱਟ ਜਾਵੇਗੀ ਕਿਉਂਕਿ ਸਾਂਝੇ ਟੱਬਰਾਂ ਦਾ ਟੁੱਟਣਾ ਲਗਾਤਾਰ ਜਾਰੀ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋਣ ਕਰਕੇ ਸਮਾਜਿਕ ਦਬਾਅ ਵੀ ਲੋਕਾਂ ਤੋਂ ਘਟਦਾ ਜਾਂਦਾ ਹੈ। ਇੱਕ ਇੱਕ ਦੋ ਦੋ ਸਰਫ਼ੇ ਦੇ ਨਿਆਣੇ ਹਨ। ਲੋਕ ਹੁਣ ਪਹਿਲਾਂ ਵਾਂਗ ਨਹੀਂ ਸੋਚਦੇ, ਲੋਕ ਹੁਣ ਆਪਣੀਆਂ ਧੀਆਂ ਨੂੰ ਵੀ ਬਾਹਰ ਵਿਦੇਸ਼ਾਂ ਵਿੱਚ ਵਿੱਦਿਆ ਹਾਸਲ ਕਰਨ ਲਈ ਧੜਾਧੜ ਭੇਜ ਰਹੇ ਹਨ। ਜ਼ਾਹਿਰ ਹੈ ਕਿ ਆਉਣ ਵਾਲੇ ਸਮਂੇ ਵਿੱਚ ਪ੍ਰੇਮ ਅਤੇ ਅੰਤਰਜਾਤੀ ਵਿਆਹਾਂ ਵਿੱਚ ਵਾਧਾ ਹੋਵੇਗਾ। ਯਾਨੀ ਕਿ ਜਦੋ ਸਾਰੇ ਹੀ ਇਸ ਹਮਾਮ ਵਿੱਚ ਨੰਗੇ ਹੋਣਗੇ ਤਾਂ ਕੌਣ ਕਿਸੇ ਨੂੰ ਆਖੇਗਾ ਕਿ ‘ਰਾਣੀਏ ਅੱਗਾ ਢੱਕ’। ਭਾਰਤ ਦੇ ਉਚਤਮ-ਨਿਆਇਲੇ ਦਾ ਪਿਛਲੇ ਦਿੱਨੀ ਇਹ ਟਿੱਪਣੀ ਕਰਨਾ ਕਿ ਦੋ ਬਾਲਗ ਲੋਕ ਆਪਣੀ ਮਰਜ਼ੀ ਨਾਲ ਬਿਨਾਂ ਸ਼ਾਦੀ-ਵਿਆਹ ਕੀਤਿਆਂ ਵੀ ਇੱਕਠੇ ਰਹਿ ਸਕਦੇ ਹਨ। ਇਹ ਹੱਕ ਉਨ੍ਹਾਂ ਦਾ ਸੰਵਿਧਾਨ ਦੀ ਇੱਕਵੀ ਧਾਰਾ ਮੁਤਾਬਕ ਸੁਰੱਖਿਅਤ ਹੈ ਅਤੇ ਹਰਿਆਣੇ ਦਾ ਉਪਰ ਬਿਆਨਿਆ ਇਤਿਹਾਸਕ ਫੈਸਲਾ, ਪੰਜਾਂ ਬੰਦਿਆਂ ਨੂੰ ਫਾਂਸੀ ਤੇ ਇੱਕ ਨੂੰ ਉਮਰ ਕੈਦ ਵੀ ਇਸ ਬੰਦੇ ਖਾਣੀ ਇੱਜ਼ਤ ਦੀ ਦੇਵੀ ਦਾ ਲੱਕ ਤੋੜੇਗਾ।

****

No comments: