ਹੇ ਮਾਂ ਜਾਂ ਹੇਮਾਂ........... ਕਹਾਣੀ / ਰਮੇਸ਼ ਸੇਠੀ ਬਾਦਲ

ਸੱਚੀਂ ਲਿਖਣ ਵਿਚ ਬੜਾ ਅਜੀਬ ਲੱਗਦਾ ਹੈ ਕਿ ਤੁਸੀਂ ਹੇ ਮਾਂ ਤੋਂ ਹੇਮਾਂ ਕਿਵੇਂ ਹੋ ਗਏ । ਮੈਂ ਤਾਂ ਤੁਹਾਨੂੰ ਆਪਣੀ ਮਾਂ ਹੀ ਸਮਝਦਾ ਸੀ। ਮਾਂ ਨਹੀਂ ਮਾਂ ਤੋਂ ਵੀ ਵੱਧ ਜਿਸ ਨੇ ਆਪਣੀ ਢਿੱਡ ਦੀ ਜੰਮੀ ਮੈੱ ਸੌਂਪ ਦਿੱਤੀ ਤੇ ਮੇਰਾ ਜੀਵਨ ਸੰਵਾਰ ਦਿੱਤਾ । ਪਰ ਮੇਰਾ ਇਹ ਸਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਜਿਸ ਤਰ੍ਹਾਂ ਹੇਮਾਂ ਨੇ ਪ੍ਰਕਾਸ਼ ਕੌਰ ਦੀ ਗ੍ਰਹਿਸਤੀ ਵਿਚ ਪ੍ਰਵੇਸ਼ ਕਰਕੇ ਉਸਨੂੰ ਪਿੱਛੇ ਧੱਕ ਦਿੱਤਾ ਤੇ ਪਰਿਵਾਰ ਨੂੰ ਨਮੋਸ਼ੀ ਦਿੱਤੀ, ਤੁਸੀਂ ਵੀ ਮੇਰੇ ਨਾਲ ਇਉਂ ਕੀਤਾ। ਮੇਰਾ ਘਰ ਬਾਰ ਵਸਾਉਣਾ ਤੁਹਾਡੀ ਡਿਊਟੀ ਸੀ ਪਰ ਤੁਸੀਂ ਤਾਂ ਮੇਰੇ ਨਾਲ ਪਤਾ ਨਹੀਂ ਕੀ ਦੁਸ਼ਮਣੀ ਕੱਢੀ ਤੇ ਪੁਰਾ ਵੱਸਿਆ ਵਸਾਇਆ ਘਰ ਬਾਰ ਤੋੜ ਦਿੱਤਾ।
ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਘਰ ਵਿਚ ਬੇਲੋੜੀ ਦਖਲ ਅੰਦਾਜੀ ਕਰਦੇ ਰਹੇ। ਮੇਰੇ ਹਰ ਮਸਲੇ ਵਿਚ ਤੁਹਾਡੇ ਪਰਿਵਾਰ ਦੀ ਹੀ ਚਲਦੀ ਰਹੀ। ਮੰਨਿਆ ਕਿ ਤੁਹਾਡਾ ਆਪਣੀ ਧੀ ਨਾਲ ਪਿਆਰ ਸੀ। ਉਹ ਤਾਂ ਹਰ ਇੱਕ ਮਾਂ-ਬਾਪ ਦਾ ਹੁੰਦਾ ਹੈ। ਪਰ ਤੁਸੀਂ ਆਪਣੀ ਧੀ ਨੂੰ ਗਲਤ ਸ਼ਹਿ ਦੇ ਕੇ ਮੇਰੇ ਖਿਲਾਫ਼ ਭੜਕਾਉਂਦੇ ਰਹੇ । ਮੇਰੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਆਪਣੇ ਘਰ ਦੀ ਮਾਣ ਮਰਿਆਦਾ ਉਲੰਘਦੇ ਰਹੇ।

ਤੁਹਾਡੀ ਦਖਲਅੰਦਾਜੀ ਮੇਰੇ ਪਰਿਵਾਰ  ਵਿਚ ਸਦਾ ਰਹੀ । ਤੁਹਾਡਾ ਲੜਕਾ ਅਕਸਰ ਤੁਹਾਡੇ ਦੁਆਰਾ ਸਿਖਾਇਆ ਪੜ੍ਹਾਇਆ ਮੇਰੇ ਘਰੇ ਆਉਂਦਾ ਤੇ ਮੇਰੇ ਨਾਲ ਬੁਰਾ ਸਲੂਕ ਕਰਦਾ । ਮੈਂ ਚੁੱਪ ਰਿਹਾ, ਕਿਉਂਕਿ ਮੈਂ ਆਪਣੇ ਪਰਿਵਾਰ ਨੂੰ ਨਹੀਂ ਸੀ ਤੋੜਨਾ ਚਾਹੁੰਦਾ। ਘਰ ਦੀ ਮਾਣ ਮਰਿਆਦਾ ਨੂੰ ਛਿੱਕੇ ਟੰਗਕੇ ਵੀ ਮੈਂ ਤੁਹਾਡੇ ਧੱਕੇ ਬਰਦਾਸ਼ਤ ਕਰਦਾ ਰਿਹਾ ਕਿਉਂਕਿ ਮੈਂ ਆਪਣੇ ਘਰ ਚਲਾਉਣਾ ਚਾਹੂੰਦਾ ਸੀ।

ਮੰਨਿਆ ਕਿ ਮੇਰੀ ਮਾਂ ਤੁਹਾਡੀ ਧੀ ਦੀ ਸੱਸ ਸੀ। ਉਸਦੇ ਵੀ ਅਰਮਾਨ ਸਨ । ਹੋ ਸਕਦਾ ਹੈ ਕਿ ਕਦੇ-ਕਦੇ ਤੁਹਾਡੀ ਧੀ ਨੂੰ ਕਿਸੇ ਗੱਲ ‘ਤੇ ਮੰਦਾ ਚੰਗਾ ਬੋਲਦੀ ਹੋਵੇ । ਕਦੇ ਉਸ ਤੋਂ ਘਰ ਦੇ ਹਾਲਾਤਾਂ ਮੁਤਾਬਿਕ ਉਸ ਦੀ ਕੋਈ ਰੀਝ ਨਾ ਪੂਰੀ ਹੋਵੇ ਜਾਂ ਕਦੇ ਉਸਨੇ ਘਰ ਦੀ ਕਿਸੇ ਜ਼ਰੂਰਤ ਦਾ ਉਸ ਕੋਲੇ ਜਿ਼ਕਰ ਕਰ ਦਿੱਤਾ ਹੋਵੇ । ਪਰੰਤੂ ਉਸ ਨੇ ਕਦੇ ਵੀ ਨਹੀਂ ਚਾਹਿਆ ਕਿ ਮੇਰਾ ਘਰ ਟੁੱਟੇ । ਨਾ ਹੀ ਉਸ ਨੇ ਕਦੇ ਮੇਰਾ ਘਰ ਤੋੜਨ ਦੀ ਕੋਸਿ਼ਸ਼ ਕੀਤੀ । ਉਹ ਸਦਾ ਆਪਣੀਆਂ ਕਮਜ਼ੋਰੀਆਂ ਨੂੰ ਲੈ ਕੇ ਝੂਰਦੀ ਰਹੀ। ਉਸ ਦੀ ਇਕੋ ਹੀ ਇੱਛਾ ਸੀ ਕਿ ਉਸ ਦੇ ਬੇਟੇ ਦਾ ਘਰ ਵੱਸਦਾ ਰਹੇ । ਉਹ ਆਪਣੀ ਨੂੰਹ ਰਾਣੀ ਦੀਆਂ ਮੰਦੀਆਂ ਚੰਗੀਆਂ ਸੁਣ ਕੇ ਵੀ ਚੁੱਪ ਰਹੀ ਕਿ ਉਸਦੇ ਬੇਟੇ ਦੀ ਗ੍ਰਹਿਸਤੀ ਨੂੰ ਆਂਚ ਨਾ ਆਵੇ । ਕਦੇ-ਕਦੇ ਉਹ ਅਕਸਰ ਕਹਿ ਦਿੰਦੀ ਕਿ ਬੇਟਾ ਜੇ ਤੁਹਾਡੀ ਕਾਟੋ ਕਲੇਸ਼ ਦੀ ਵਜ੍ਹਾ ਮੈਂ ਹਾਂ ਤਾਂ ਮੈਂ ਕਿਤੇ ਹੋਰ ਚਲੀ ਜਾਂਦੀ ਹਾਂ। ਤੁਸੀਂ ਮੇਰੇ ਕਰਕੇ ਆਪਣੀ ਗ੍ਰਹਿਸਤੀ ਨੂੰ ਕਮਜ਼ੋਰ ਨਾ ਕਰੋ। ਪਰ ਤੁਸੀਂ ਤਾਂ ਮੋਬਾਇਲ ਦਾ ਸਹਾਰਾ ਲੈ ਕੇ ਮੇਰੇ ਪਰਿਵਾਰ ਦੀ ਹਰ ਗੱਲ ਚ ਦਖਲਅੰਦਾਜ਼ੀ ਕਰਦੇ ਰਹੇ ਤੇ ਮੇਰੀ ਪਤਨੀ ਨੂੰ ਮੇਰੇ ਹੀ ਖਿਲਾਫ਼ ਭੜਕਾਉਂਦੇ ਰਹੇ। ਹੁਣ ਤਾਂ ਤੁਹਾਡੇ ਹੱਥ ਵਿਚ ਫੜ੍ਹਿਆ ਮੋਬਾਇਲ ਫੋਨ ਵੀ ਇਉਂ ਲੱਗਦੈ, ਜਿਵੇਂ ਬਰਾਕ ਉਬਾਮਾ ਦੇ ਹੱਥ ਵਿਚ ਪਰਮਾਣੂ ਬੰਬ ਦਾ ਰਿਮੋਟ ਫੜਿਆ ਹੋਵੇ। ਜਦੋਂ ਦਿਲ ਕੀਤਾ ਦੁਨੀਆਂ ਨੂੰ ਨਸ਼ਟ ਕਰ ਦਿੱਤਾ ਪਰ ਉਸਨੇ ਤਾਂ ਕਦੇ ਅਜਿਹਾ ਨਹੀਂ ਕੀਤਾ । ਪਰੰਤੂ ਤੁਸੀਂ ਤਾਂ ਮੇਰੀ ਦੁਨੀਆਂ ਹੀ ਖਤਮ ਕਰ ਦਿੱਤੀ ।

ਤੁਹਾਡੀ ਚੱਕਪੱਟ ਨੇ ਤਾਂ ਮੇਰੇ ਤੋਂ ਮੇਰੀ ਨੰਨ੍ਹੀ ਬੱਚੀ ਵੀ ਖੋਹ ਲਈ । ਉਹ ਬੱਚੀ ਜਿਸ ਦੇ ਜਨਮ ਤੇ ਸਾਡਾ ਘਰ ਵੀ ਖੁਸ਼ੀਆਂ ਨਾਲ ਭਰ ਗਿਆ ਸੀ ਤੇ ਉਹ ਸਾਡੇ ਘਰ ਦੀ ਪਰੀ ਸੀ। ਤੁਸੀਂ ਧਮਕੀਆਂ ਤੇ ਡਰਾਵੇ ਦੇ ਕੇ ਮੇਰੇ ਤੋਂ ਉਹਨਾਂ ਕਾਗਜ਼ਾਂ ਤੇ ਦਸਤਖ਼ਤ ਕਰਵਾ ਲਏ । ਜੋ ਮੇਰੇ ਲਈ ਪਰਿਵਾਰਿਕ ਆਤਮਹੱਤਿਆ ਸੀ। ਪਤਾ ਨਹੀਂ ਤੁਸੀਂ ਕੀ ਸੋਚ ਕੇ ਮੰਨ ਲਿਆ ਕਿ ਹੁਣ ਤੁਹਾਡੀ ਧੀ ਪੇਕੇ ਘਰ ਹੀ ਸੁਖੀ ਰਹੇਗੀ ਤੇ ਮੈਂ ਬਰਬਾਦ ਹੋ ਜਾਵਾਂਗਾ । ਤੁਹਾਡੀ ਤਾਨਾਸ਼ਾਹੀ ਤੇ ਮੇਰੀ ਮਾਂ ਤੇ ਭੈਣ ਦੇ ਅੱਥਰੂਆਂ ਦਾ ਕੋਈ ਅਸਰ ਨਾ ਹੋਇਆ।

ਮੈਂ ਕਈ ਵਾਰੀ ਸੋਚਦਾ ਹਾਂ ਕਿ ਮੈਂ ਕੀ ਗੁਨਾਹ ਕੀਤਾ ਹੈ ਜੋ ਤੁਸੀਂ ਮੇਰਾ ਇਤਨਾ ਨੁਕਸਾਨ ਕੀਤਾ। ਫਿਰ ਆਤਮਾ ਕਹਿੰਦੀ ਹੈ ਭੋਲਿਆ ਉਹਨਾਂ ਨੇ ਤੇਰਾ ਤਾਂ ਘਰ ਪੱਟਿਆ ਹੀ ਹੈ ਆਪਣੇ ਪੈਰ ਵਿਚ ਵੀ ਕੁਹਾੜੀ ਮਾਰੀ ਹੈ । ਨੁਕਸਾਨ ਤਾਂ ਤੁਹਾਡਾ ਵੀ ਹੋਇਆ ਹੈ ਪਰ ਤੁਹਾਡੇ ਅਹਿਮ ਅੱਗੇ ਇਹ ਨਜ਼ਰ ਨਹੀਂ ਆਉਂਦਾ । ਮਾਂ ਪਿਉ ਤਾਂ ਬੱਚਿਆਂ ਦੇ ਘਰ ਵਸਾਉਂਦੇ ਹਨ, ਤੁਸੀਂ ਵੀ ਉਹਨਾਂ ਪਰਿਵਾਰਾਂ ਵਿਚ ਸ਼ਾਮਲ ਹੋ ਗਏ, ਜੋ ਆਪਣੇ ਹੱਥੀਂ ਆਪਣੇ ਬੱਚਿਆਂ ਦਾ ਘਰ ਪੱਟਦੇ ਹਨ।

ਚਲੋ ਕੋਈ ਨਹੀਂ। ਕਦੇ ਤਾਂ ਤੁਸੀਂ ਆਪਣੀਆਂ ਕੀਤੀਆਂ ਦੀ ਸਜ਼ਾ ਭੁਗਤੋਗੇ। ਤੁਹਾਨੂੰ ਇਸ ਜੱਗ ਤੇ ਤਾਂ ਕੀ ਅਗਲੇ ਜਹਾਨ ਵਿਚ ਵੀ ਚੈਨ ਨਹੀਂ ਮਿਲੇਗਾ । ਜੇ ਤੁਸੀਂ ਮੇਰੀ ਕਚਹਿਰੀ ਵਿਚ ਪੇਸ਼ ਹੋਏ ਤਾਂ... !! ਤਮਾਮ ਗਵਾਹਾਂ ਤੇ ਸਬੂਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਅਦਾਲਤ ਮੁਲਜ਼ਮਾਂ ਹੇਮਾਂ ਨੂੰ ਦੋਸ਼ੀ ਕਰਾਰ ਦਿੰਦੀ ਹੈ ਤੇ ਮੁਲਜ਼ਮਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਤਾਂ ਸਾਰੀ  ਉਮਰ ਆਪਣੇ ਬੱਚਿਆਂ ਤੋਂ ਜੁਦਾ ਰਹੇਗੀ ਤੇ ਪਰਮਾਤਮਾ ਨੂੰ ਵੀ ਗੁਜਾਰਿਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਅਗਲੇ ਜਨਮ ਵਿਚ ਇਕ ਨਿਸੰਤਾਨ ਔਰਤ ਬਣਾਇਆ ਜਾਵੇ, ਕਿਉਂਕਿ ਇਸ ਜਨਮ ਵਿਚ ਇਸ ਨੇ ਆਪਣੀ ਹੀ ਔਲਾਦ ਨੂੰ ਜਿਉਂਦੇ ਜੀਅ ਮਾਰਿਆ ਹੈ ਤੇ ਇਹ ਆਪਣੇ ਬੱਚਿਆਂ ਦਾ ਪਰਿਵਾਰ ਤੋੜਨ ਦੀ ਦੋਸ਼ੀ ਹੈ।

ਆਪਣਾ ਫੈਸਲਾ ਸੁਨਾਉਣ ਤੋਂ ਬਾਅਦ ਜਿਉਂ ਹੀ ਉਸਨੇ ਦਸਤਖਤ ਕਰਕੇ ਪੈੱਨ ਦੀ ਨਿੱਬ ਤੋੜੀ ਤਾਂ ਉਸ ਦੀ ਅੱਖ ਖੁੱਲ ਗਈ । ਉਸ ਨੂੰ ਜਾਗ ਆ ਗਈ । ਉਸ ਨੇ ਦੇਖਿਆ ਕਿ ਉਹ ਪਸੀਨੋ ਪਸੀਨੀ ਹੈ। ਉਸ ਦਾ ਚਿਹਰਾ ਅੱਥਰੂਆਂ ਨਾਲ ਭਿੱਜ ਗਿਆ।

****

No comments: