Showing posts with label ਮਨਜੀਤ ਪੁਰੀ. Show all posts
Showing posts with label ਮਨਜੀਤ ਪੁਰੀ. Show all posts

ਉਹ.......... ਗ਼ਜ਼ਲ਼ / ਮਨਜੀਤ ਪੁਰੀ

ਬਣਾ ਕੇ ਫੁੱਲ ਕਾਗਜ਼ ਦੇ ਮਹਿਕ ਦੀ ਆਸ ਕਰਦਾ ਹੈ।
ਉਹ ਮੁਰਦਾ ਹੋ ਕੇ ਐਵੇਂ ਜੀਣ ਦਾ ਅਭਿਆਸ ਕਰਦਾ ਹੈ।

ਤੁਸੀਂ ਹੋ ਮਖ਼ਮਲੀ ਚੋਲੇ ‘ਚੋਂ ਜਿਸਨੂੰ ਲੱਭਦੇ ਫਿਰਦੇ
ਉਹ ਤਾਂ ਝੁੱਗੀਆਂ ਦੇ ਮੈਲੇ ਵਸਤਰਾਂ ਵਿੱਚ ਵਾਸ ਕਰਦਾ ਹੈ।

ਉਹ ਹੈ ਮਨਸੂਰ ਨਕਲੀ ਤੇ ਉਹਦੀ ਸੂਲੀ ਵੀ ਨਕਲੀ ਹੈ
ਤੇ ਸਾਡੇ ਸਾਹਵੇਂ ਨਕਲੀ ਮਰਨ ਦੀ ਉਹ ਰਾਸ ਕਰਦਾ ਹੈ।

ਹੈ ਅਜੀਬ ਉਹ ਕਿ ਉੱਡਦਿਆਂ ਦੇ ਖੰਭ ਕੱਟ ਦੇਵੇ
ਤੇ ਜੰਮਦੇ ਬੋਟਾਂ ਦੀ ਪਰਵਾਜ਼ ਲਈ ਅਰਦਾਸ ਕਰਦਾ ਹੈ।

ਜ਼ਿੰਦਗੀ......... ਨਜ਼ਮ/ਕਵਿਤਾ / ਮਨਜੀਤ ਪੁਰੀ

ਜ਼ਿੰਦਗੀ
ਮਹਿਜ਼ ਸਾਹਾਂ ਦਾ ਵਗਣਾ ਹੀ ਨਹੀਂ ਹੁੰਦੀ
ਕਦੇ ਕਦੇ
ਪਲ ਦੋ ਪਲ ਸਾਹਾਂ ਦਾ ਰੁਕ ਜਾਣਾ
ਤੇ ਫਿਰ
ਸਾਹਾਂ ‘ਚ ਅੱਗ ਸੁਲਘ ਪੈਣੀ
ਵੀ ਜ਼ਿੰਦਗੀ ਹੈ…

ਜ਼ਿੰਦਗੀ
ਦਰਿਆਵਾਂ ਵਾਂਗ ਵਗਣਾ ਵੀ ਨਹੀਂ ਹੁੰਦੀ
ਅੱਥਰੇ ਦਰਿਆਵਾਂ ਦੇ
ਵਹਿਣ ਪੁੱਠਿਆਂ ਮੋੜ ਦੇਣਾ
ਵੀ ਜ਼ਿੰਦਗੀ ਹੈ…

ਕੱਲ੍ਹ ਦੀ ਪ੍ਰਭਾਤ......... ਗ਼ਜ਼ਲ਼ / ਮਨਜੀਤ ਪੁਰੀ

ਇਹ ਡੁੱਬਦੇ ਸੂਰਜਾਂ ਤੋਂ ਕੱਲ੍ਹ ਦੀ ਪ੍ਰਭਾਤ ਮੰਗ ਲਈਏ।
ਚਲੋ ਜ਼ਹਿਨੀ ਹਨ੍ਹੇਰੇ ਨੂੰ ਕਿਸੇ ਚਾਨਣ ‘ਚ ਰੰਗ ਲਈਏ।

ਅਸੀਂ ਵੀ ਮੁਰਦਿਆਂ ਜਿਸਮਾਂ ‘ਚੋਂ ਤੱਤੀ ਰੱਤ ਲੱਭਦੇ ਹਾਂ,
ਤੇ ਵਹਿੰਦੇ ਖੂਨ ਕੋਲੋਂ ਦੀ ਬਚਾ ਕੇ ਅੱਖ ਲੰਘ ਲਈਏ।

ਉਹ ਲੈ ਕੇ ਕੁਰਸੀਆਂ। ਵੋਟਾਂ ਤੇ ਫੜ ਕੇ ਨੋਟ ਕਹਿ ਉੱਠੇ,
ਚਲੋ ਵਿਹਲੇ ਹਾਂ ਕੋਈ ਮਨਸੂਰ ਹੀ ਸੂਲੀ ‘ਤੇ ਟੰਗ ਲਈਏ।

ਭਗਤ ਸਿੰਘ ਨੂੰ ਯਾਦ ਕਰਦਿਆਂ.......... ਨਜ਼ਮ/ਕਵਿਤਾ / ਮਨਜੀਤ ਪੁਰੀ, ਪੱਖੀ ਕਲਾਂ


ਮਾਫ਼ ਕਰਨਾ
ਅਸੀਂ ਤੈਨੂੰ
ਫਾਂਸੀ ਦੇ ਤਖ਼ਤੇ ਤੋਂ ਅੱਗੇ
ਨਹੀਂ ਸਮਝ ਸਕੇ

ਤੇਰੀਆਂ ਅੱਖਾਂ ‘ਚ
ਡਾਢਿਆਂ ਖਿਲਾਫ਼ ਦਹਿਕਦੀ ਲਾਲੀ
ਤੇਰੀ ਅਣਖ ਦੀ ਪੱਗ ਦਾ ਸ਼ਮਲਾ
ਤੇ ਤੇਰੇ ਹੱਥ ‘ਚ ਫੜੀ
ਮਾਰਕਸ ਦੀ ਕਿਤਾਬ
ਸਾਡੇ ਲਈ
ਟੀ.ਵੀ, ਸਕਰੀਨ ‘ਤੇ
ਕਿਸੇ ਫਿਲਮੀ ਹੀਰੋ ਦੀ
ਇਸ਼ਤਿਹਾਰਬਾਜ਼ੀ ਬਣੀ ਰਹੀ।