Showing posts with label ਗਿਆਨੀ ਸੰਤੋਖ ਸਿੰਘ. Show all posts
Showing posts with label ਗਿਆਨੀ ਸੰਤੋਖ ਸਿੰਘ. Show all posts

ਗੱਲ ਚੱਲੀ ਗੁਰਮੁਖੀ ਵਿਚ ਤਿੰਨ ਹੋਰ ਚਿੰਨ੍ਹਾਂ ਦੀ……… ਲੇਖ / ਗਿਆਨੀ ਸੰਤੋਖ ਸਿੰਘ

ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ ਸ਼ਬਦ ਸੀ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ ਜਦੋਂ ਅੰਤਰੇ ਵਿਚ ਇਹ ਤੁਕ ਆਈ, “ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ਤਾਂ ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂਊਰਧ ਲਫ਼ਜ਼ ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇਸਾਂ ਦੀਆਂ ਦੋ ਮਾਤਰਾਂ ਵਿਚ ਬੋਲਣਾ ਸੀ ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦਆਰਟ ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ਊਰਧ ਨੂੰ ਬੋਲਣਾ ਹੈ ਅਰਥਾਤ ਅਤੇ ਦੇ ਵਿਚਕਾਰਲੇ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂਆਰਟ ਸ਼ਬਦ ਵਿਚ ਬੋਲਣੀ ਹੈ; ਏਥੇ ਵੀ ਨੂੰ ਉਸ ਵਾਂਙ ਹੀ ਬੋਲਣਾ ਹੈ ਹੋਰ ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ
ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ ਮਨੁਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ

ਪਟਿਆਲੇ ਆਉਣਾ ਤੇ ਸਾਹਿਤਕ ਸੰਸਾਰ ਨਾਲ਼ ਸੰਪਰਕ.......... .......... ਅਭੁੱਲ ਯਾਦਾਂ / ਗਿਆਨੀ ਸੰਤੋਖ ਸਿੰਘ


ਜਾਗੇ ਸ਼ੌਕ ਦੀ ਪੂਰਤੀ ਹਿਤ, ਭਾਈਆ ਜੀ ਦੇ ਰਸੂਖ਼ ਸਦਕਾ, ਮੈ ਪਟਿਆਲੇ ਦੀ ਬਦਲੀ ਕਰਵਾ ਕੇ ਆ ਗਿਆ। ਮੇਰੇ ਵਰਗੇ ਵਾਸਤੇ ਪਟਿਆਲਾ ਹਰ ਤਰ੍ਹਾਂ ਦੀ ਪੜ੍ਹਾਈ ਵਾਸਤੇ ਸਭ ਤੋਂ ਵਧੀਆ ਸਥਾਨ ਸੀ। ਏਥੇ ਸਰਕਾਰੀ ਸੰਸਥਾ, 'ਗੌਰਮੈਟ ਇੰਸਟੀਚਿਊਟ ਫਾਰ ਓਰੀਐਂਟਲ ਐਂਡ ਮੌਡਰਨ ਇੰਡੀਅਨ ਲੈਂਗੁਏਜਜ਼' ਵਿਚ ਦਾਖਲ ਹੋ ਕੇ, ਬਹੁ ਪੱਖੀ ਵਿੱਦਿਆ ਹਾਸਲ ਕੀਤੀ। ਇਸ ਸੰਸਥਾ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਜੀਤ ਕੌਰ ਸਨ ਜੋ ਕਿ ਪੰਜਾਬੀ ਵਿਭਾਗ ਦੇ ਇੰਚਾਰਜ ਵੀ ਸਨ। ਉਹਨਾਂ ਨੇ ਸਾਨੂੰ ਸਾਹਿਤ ਪੜ੍ਹਨ ਦੀ ਜਾਚ ਦੱਸੀ ਤੇ ਨਾਲ਼ ਚੇਟਕ ਵੀ ਲਾਈ। ਉਹ ਆਪ ਸਾਹਿਤ ਦੇ ਚੰਗੇ ਪਾਠਕ ਸਨ।
ਇਸ ਤੋਂ ਇਲਾਵਾ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਹੀ ਅਖ਼ਬਾਰਾਂ ਪੜ੍ਹਨ ਦੀ ਲਲ੍ਹਕ ਤੇ ਸਮੇ ਸਮੇ ਵਿਦਵਾਨਾਂ ਤੇ ਸਾਹਿਤਕਾਰਾਂ ਦੇ, ਪਬਲਿਕ ਲਾਇਬ੍ਰੇਰੀ ਵਿਚ ਹੋਣ ਵਾਲ਼ੇ ਸਮਾਗਮਾਂ ਨੂੰ ਸੁਣਨ ਦਾ ਅਵਸਰ ਵੀ ਪ੍ਰਾਪਤ ਹੁੰਦਾ ਰਿਹਾ। ਕਈ ਸਮਾਗਮਾਂ ਵਿਚੋਂ ਇਕ ਦਾ ਏਥੇ ਜ਼ਿਕਰ ਕਰ ਦੇਣਾ ਪਾਠਕ ਠੀਕ ਹੀ ਸਮਝਣਗੇ। ਪਬਲਿਕ ਲਾਇਬ੍ਰੇਰੀ ਵਿਚ 'ਕਾਂਗਰਸ ਫਾਰ ਸੋਸਲਿਸ਼ਟ ਫ਼ੋਰਮ' ਵੱਲੋਂ, ਦੇਸ ਵਿਚ ਸੋਸ਼ਲਿਜ਼ਮ ਲਾਗੂ ਕਰਨ ਲਈ ਵਿਚਾਰਾਂ ਕਰਨ ਵਾਸਤੇ ਜਲਸਾ ਹੋ ਰਿਹਾ ਸੀ। ਪ੍ਰਧਾਨਗੀ ਉਸ ਸਮੇ ਦੇ ਪੰਜਾਬ ਅਸੈਂਬਲੀ ਦੇ ਸਪੀਕਰ ਸ੍ਰੀ ਹਰਬੰਸ ਲਾਲ ਜੀ ਕਰ ਰਹੇ ਸਨ ਤੇ ਮੁਖ ਬੁਲਾਰੇ, ਕਾਂਗਰਸ ਦੇ ਤਤਕਾਲੀ ਮੀਤ ਪ੍ਰਧਾਨ ਗਿ. ਜ਼ੈਲ ਸਿੰਘ ਜੀ ਸਨ। ਓਦੋਂ ਅਜੇ ਪੰਜਾਬ ਦੀ ਵੰਡ ਨਹੀ ਸੀ ਹੋਈ। ਗਿਆਨੀ ਜੀ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਸੋਸ਼ਲਿਜ਼ਮ ਲਾਗੂ ਕਰਨ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਮਜ਼ਹਬ ਹੈ। ਆਪਣਾ ਤਜੱਰਬਾ ਬਿਆਨ ਉਹਨਾਂ ਨੇ ਇਉਂ ਕੀਤਾ:

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਗਿਆਨੀ ਸੰਤੋਖ ਸਿੰਘ



ਪਿਆਰੇ ਰਿਸ਼ੀ ਜੀ,


 ਹੁਣੇ ਹੀ ਤੁਹਾਨੂੰ ਕੁਝ ਲਿਖਣ ਲਈ ‘ਸ਼ਬਦ ਸਾਂਝ’ ਖੋਹਲਿਆ ਤਾਂ ਇਹ ਪ੍ਰੇਮ ਜੀ ਵਾਲ਼ੀ ਸੋਗਮਈ ਖ਼ਬਰ ਹੀ ਸਭ ਤੋਂ ਪਹਿਲਾਂ ਦਿਸੀ। “ਇਹੁ ਸੰਸਾਰ ਸਭ ਆਵਣ ਜਾਣਾ” ਗੁਰਬਾਣੀ ਦਾ ਫੁਰਮਾਨ ਹੈ। ਇਸ ਬਾਰੇ ਅਸੀਂ ਕੁਝ ਨਹੀ ਕਰ ਸਕਦੇ। ਕੁਲ ਗੁਰੂ ਵਸ਼ਿਸ਼ਟ ਜੀ ਨੇ ਦਸਰਥ ਪੁੱਤਰ ਭਰਤ ਨੂੰ ਸੋਗ ਗ੍ਰਸਤ ਵੇਖ ਕੇ ਇਉਂ ਆਖਿਆ ਸੀ:

ਸੁਨੋ ਭਰਤ ਭਾਵੀ ਪ੍ਰਬਲ, ਬਿਲਖ ਕਹਿਓ ਮੁਨੀ ਰਾਜ।
ਧਨ ਨਿਰਧਨ ਜੀਵਨ ਮਰਨ, ਜਸ ਅਪਜਸ ਬਿਧਿ ਹਾਥ।

ਗੁਰਮੁਖੀ ਲਿਖਤ ਵਿਚ ਆ ਵੜੀ ਬੇਲੋੜੀ ਬਿੰਦੀ……… ਲੇਖ / ਗਿ. ਸੰਤੋਖ ਸਿੰਘ


ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘਟੋ ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਜ ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਯੱਖਣਾ ਪੁੱਟਦੀ ਹੈ।


ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ ਇਸ ਲਈ ਇਸ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕਢ ਕੇ ਕਾਰਜ ਸਾਰ ਲਿਆ; ਜਿਵੇਂ:

ਸ਼ ਖ਼ ਗ਼ ਜ਼ ਫ਼
ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ ਲ਼ ਬਣਾ ਕੇ ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ ੍ਹ ਪਾ ਕੇ ਲਿਖਣ ਦੀ ਗ਼ਲਤ ਜਿਦ ਕਰਦੇ ਹਨ।
ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਲੋੜ ਪਈ ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ। ਸੋ ਜੇ ਇਹ ਬਿੰਦੀ ਨਾ ਵੀ ਵਰਤੀ ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ।
ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ ਵਧ ਤੋਂ ਵਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ ‘ਮਹਾਨ ਕਾਰਜ’ ਵਿਚ ਦੂਜਿਆਂ ਨੂੰ ਪਛਾੜਨ ਦਾ ਇਹ ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਸਕੂਲਾਂ ਦੇ ਪੰਜਾਬੀ ਦੇ ਟੀਚਰ ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ, “ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।“
ਦੱਸੋ ਭਈ:
ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼,
ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਜ਼ਲਵਾ, 
ਰਿਫ਼ਿਊਜ਼ੀ, ਹਜ਼ਮ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, 
ਵਾਲ਼ੇ ਚੰਗੇ ਭਲੇ ਜ ਦੇ ਪੈਰ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ!
ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯਨੂੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਉਪਰ ਸਾਰਿਆਂ ਦੀ ਸੰਮਤੀ ਨਹੀ ਹੋ ਸਕੀ ਤੇ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ ਇਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ ਨਾਲ਼ ਏਥੇ ਸਿਡਨੀ ਵਿਚ ਵੀ ਲੈ ਆਇਆ। ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵਧ ਮੈ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਕਾਹਲ਼ੀ ਵਿਚ ਲੇਖਕ ਨੇ ਲਿਖ ਦਿਤਾ ਉਸ ਦੀ ਪ੍ਰਰੂਫ਼ ਰੀਡਿੰਗ ਕਰਕੇ, ਕਿਸੇ ਨੇ ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ। ਇਹ ਉਸ ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਇਹੋ ਹਾਲ ਹੈ।
ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ।

ਮੇਰਾ ਮੋਬਾਇਲ ਫ਼ੋਨ……… ਲੇਖ / ਗਿਆਨੀ ਸੰਤੋਖ ਸਿੰਘ


2008 ਵਿਚ ਮੈ ਏਧਰ ਓਧਰ ਘੁੰਮਦਾ ਘੁੰਮਾਉਂਦਾ ਯੂਰਪ ਜਾ ਵੜਿਆ। ਬੈਲਜੀਅਮ ਦੀ ਰਾਜਧਾਨੀ ਬਰੱਸਲ ਤੋਂ ਬੱਸ ਤੇ ਰੇਲ ਰਾਹੀਂ ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਪਹੁੰਚ ਗਿਆ। ਇਕ ਸ਼ਾਮ ਨੂੰ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ, ਮਾਸਟਰ ਕਰਨ ਸਿੰਘ ਜੀ, ਮੈਨੂੰ ਆਪਣੀ ਕਾਰ ਵਿਚ, ਲਾਂਗਨਥਾਲ ਤੋਂ ਮੇਰੇ ਭਤੀਜੇ, ਹਰਦੀਪ ਸਿੰਘ ਅਤੇ ਗੁਰਦੀਪ ਸਿੰਘ ਦੇ ਦੋਸਤ, ਸ. ਗੁਰਬੀਰ ਸਿੰਘ ਪਾਸ, ਜ਼ਿਊਰਕ ਸ਼ਹਿਰ ਨੂੰ ਲਿਜਾ ਰਹੇ ਸਨ। ਇਹ ਮਾਸਟਰ ਜੀ ਵੀ ਇਕ ਅਦਭੁਤ ਵਿਅਕਤਿਤਵ ਦੇ ਮਾਲਕ ਨੌਜਵਾਨ ਸੱਜਣ ਹਨ। ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਗਟਾਉਣ ਲਈ ਇਹਨਾਂ ਨੇ ਹਵਾਈ ਜਹਾਜ ਸਕਾਈਜੈਕ ਕਰਕੇ ਪਾਕਿਸਤਾਨ ਖੜਿਆ ਸੀ ਤੇ ਓਥੇ ਇਸ ‘ਗੁਨਾਹ’ ਦੀ ਪੂਰੀ ਸਜਾ ਵਜੋਂ ਕੈਦ ਕੱਟ ਕੇ, ਹੁਣ ਸਵਿਟਜ਼ਰਲੈਂਡ ਦੇ ਸ਼ਹਿਰ. ਜ਼ਿਊਰਕ ਵਿਚ, ਆਪਣੇ ਸਾਥੀਆਂ ਅਤੇ ਪਰਵਾਰ ਨਾਲ਼ ਰਹਿ ਰਹੇ ਹਨ। ਯੂਰਪ ਦੇ ਪ੍ਰਸਿਧ ਕਾਰੋਬਾਰੀ ਅਤੇ ਪੰਥਕ ਸੋਚ ਵਾਲ਼ੇ ਸੱਜਣ, ਸ. ਰਣਜੀਤ ਸਿੰਘ ਜੀ, ਦੇ ਉਦਮ ਨਾਲ਼ ਬਣੇ ਗੁਰਦੁਆਰਾ ਸਾਹਿਬ ਵਿਖੇ, ਮੁਖ ਪ੍ਰਬੰਧਕ ਵਜੋਂ ਸੇਵਾ ਕਰ ਰਹੇ ਹਨ। ਮਾਸਟਰ ਜੀ ਬਚਿਆਂ ਨਾਲ਼ ਬੱਚੇ, ਸਿਆਣਿਆਂ ਨਾਲ਼ ਸਿਆਣੇ, ਹਰ ਵਕਤ ਚੜ੍ਹਦੀਕਲਾ ਵਿਚ ਵਿਚਰਨ ਵਾਲ਼ੇ ਨੌਜਵਾਨ ਹਨ। ਕੈਦਾਂ ਕੱਟ ਕੱਟ ਕੇ ਤੇ ਚੌਥਾਈ ਸਦੀ ਤੋਂ ਵੀ ਵਧ ਸਮਾ ਜਲਾਵਤਨੀ ਦਾ ਕੱਟ ਕੇ, ਦਾਹੜੀ ਦੇ ਵਾਲ਼ ਭਾਵੇਂ ਵਾਹਵਾ ਗਿਣਤੀ ਵਿਚ ਚਿੱਟੇ ਹੋ ਗਏ ਹਨ ਪਰ ਦਿਲ ਕਿਸੇ ਵੀ ਨੌਜਵਾਨ ਨਾਲੋਂ ਵਧ ਚੜ੍ਹਦੀਕਲਾ ਵਾਲ਼ਾ ਹੈ। ਤਿੱਖੇ ਨਕਸ਼, ਗੋਰਾ ਰੰਗ, ਕੱਕੀ ਦਾਹੜੀ, ਹਸੂੰ ਹਸੂੰ ਕਰਦਾ ਮੁਖੜਾ, ਹਰ ਸਮੇ ਦੂਸਰਿਆਂ ਦੀ ਸੇਵਾ ਤੇ ਸਹਾਇਤਾ ਲਈ ਤਤਪਰ, ਸੁਮਧਰ ਕੱਦ ਅਤੇ ਛੋਹਲ਼ੀ ਸ਼ਖ਼ਸੀਅਤ ਦੇ ਮਾਲਕ ਹਨ। ਬੱਚੇ ਤਾਂ ਇਹਨਾਂ ਦੀ ਗੋਦ ਵਿਚ ਬੈਠ ਤੇ ਮੋਢੇ ਲੱਗ ਕੇ ਆਪਣੀ ਮਾਂ ਵਾਂਗ ਹੀ ਸਕੂਨ ਸ਼ਾਇਦ ਮਹਿਸੂਸ ਕਰਦੇ ਹੋਣ! ਮੈ ਬੱਚਿਆਂ ਨੂੰ ਇਹਨਾਂ ਦੇ ਮੋਢਿਆਂ ਨਾਲ਼ ਲੱਗ ਕੇ ਬੇਫਿਕਰਾ ਨਿਘ ਮਾਣਦਿਆਂ ਖ਼ੁਦ ਵੇਖਿਆ ਹੈ। ਜ਼ਿਊਰਕ ਵੱਲ ਕਾਰ ਤੇ ਜਾਂਦਿਆਂ ਰਾਤ ਤਾਂ ਭਾਵੇਂ ਅਜੇ ਪਈ ਨਹੀ ਸੀ ਆਖੀ ਜਾ ਸਕਦੀ ਪਰ ਸੜਕਾਂ ਤੇ ਹਨੇਰਾ ਜਰੂਰ ਸੀ। 120 ਕਿਲੋ ਮੀਟਰ ਦੀ ਰਫ਼ਤਾਰ ਨਾਲ਼ ਕਾਰ ਜਾ ਰਹੀ ਸੀ। ਸੱਜਾ ਹੱਥ ਮਾਸਟਰ ਜੀ ਦਾ ਸਟੇਅਰਿੰਗ ਉਤੇ ਸੀ ਤੇ ਖੱਬੇ ਹੱਥ ਨਾਲ ਇਹਨਾਂ ਨੇ ਮੋਬਾਇਲ ਫੜ ਕੇ, ਖੱਬੇ ਹੀ ਕੰਨ ਨੂੰ ਲਾਇਆ ਹੋਇਆ ਸੀ। ਬੜੀ ਬੇਪਰਵਾਹੀ ਨਾਲ਼, ਮੋਬਾਇਲ ਦੇ ਦੂਜੇ ਸਿਰੇ ਵਾਲ਼ੇ ਵਿਅਕਤੀ ਨਾਲ਼ ਬਚਨ ਬਿਲਾਸ ਕਰ ਰਹੇ ਸਨ। ਇਕ ਨੂੰ ਛੱਡ ਕੇ ਦੂਜੇ ਨਾਲ਼ ਹੱਸ ਹੱਸ ਬੋਲ ਰਹੇ ਸਨ। ਵਿਚ ਵਿਚ ਕਿਸੇ ਹੋਰ ਸੱਜਣ ਵੱਲੋਂ ਆਈ ਰਿੰਗ ਦਾ ਜਵਾਬ ਵੀ ਓਸੇ ਹੀ ਬੇਪਰਵਾਹੀ ਨਾਲ਼ ਦੇ ਰਹੇ ਸਨ। ਬੇਪਰਵਾਹੀ ਵਿਚ ਇਉਂ ਹੀ ਬਚਨ ਕਰ ਰਹੇ ਸਨ ਜਿਵੇਂ ਕਿ ਆਰਾਮ ਨਾਲ਼ ਆਪਣੇ ਘਰ ਦੀ ਬੈਠਕ ਵਿਚ ਵੇਹਲੇ ਬੈਠੇ ਹੋਏ ਹੋਣ। ਇਹਨਾਂ ਦੀ ਅਜਿਹੀ ਕਾਰ ਗੁਜਾਰੀ ਵੇਖ ਵੇਖ ਕੇ ਮੈ ਵਿਚੇ ਵਿਚ ਡਰੀ ਜਾਵਾਂ। ਠੀਕ ਹੈ, ਜਵਾਨੀ ਵਿਚ ਮਨੁਖ ਨੂੰ ਮੌਤ ਦਾ ਡਰ ਬਹੁਤ ਘੱਟ ਹੁੰਦਾ ਹੈ ਕਿਉਂਕਿ ਜਵਾਨੀ ਵਿਚ ਉਸ ਦੇ ਸਾਹਮਣੇ ਹੋਰ ਕਈ ਕਰਨ ਵਾਲ਼ੇ ਕੰਮ ਹੁੰਦੇ ਹਨ। ਮੌਤ ਨਾਲ਼ੋਂ ਕਈ ਗੁਣਾਂ ਵਧ ਉਸ ਨੂੰ ਆਪਣੀ ਪ੍ਰਸਿਧੀ, ਉਨਤੀ, ਇਜ਼ਤ, ਅਣਖ, ਬਹਾਦਰੀ, ਦਾਨਵੀਰਤਾ, ਸੂਰਵੀਰਤਾ, ਪਰਉਪਕਾਰਤਾ ਆਦਿ ਦੇ ਗੁਣ ਵਿਖਾਉਣ ਦਾ ਜ਼ਿਆਦਾ ਫਿਕਰ ਹੁੰਦਾ ਹੈ। ਜਿਵੇਂ ਜਿਵੇਂ ਮਨੁਖ ਦੀ ਉਮਰ ਵਧਦੀ ਜਾਂਦੀ ਹੈ ਤਿਵੇਂ ਤਿਵੇਂ ਉਸ ਨੂੰ, ਸੰਸਾਰ ਦੀ ਅਸਲੀਅਤ ਦਾ ਗਿਆਨ ਹੋਣ ਦੇ ਨਾਲ਼ ਨਾਲ਼, ਮੌਤ ਦਾ ਫਿਕਰ ਵੀ ਵਧਦਾ ਜਾਂਦਾ ਹੈ; ਭਾਵੇਂ ਕਿ ਹੋਣਾ ਇਸ ਦੇ ਉਲ਼ਟ ਚਾਹੀਦਾ ਹੈ।
ਕਦੀ ਮੇਰੀ ਅੱਖ ਸਪੀਡ ਦੀ ਸੂਈ ਵੱਲ ਜਾਵੇ ਤੇ ਕਦੀ ਇਹਨਾਂ ਦੇ ਮੁਖਾਰਬਿੰਦ ਵੱਲ; ਪਰ ਇਹ ਬੇਪਰਵਾਹੀ ਨਾਲ਼ ਆਪਣੇ ਦੋਵੇਂ ਕਾਰਜ ਕਰੀ ਜਾਣ। ਅਰਥਾਤ ਕਾਰ ਵੀ ਦੌੜਾਈ ਜਾਣ ਤੇ ਫ਼ੋਨ ਉਪਰ ਇਹਨਾਂ ਦੇ ਬਚਨਾਂ ਦੀ ਰਫ਼ਤਾਰ ਵੀ ਮੈਨੂੰ ਕਾਰ ਦੀ ਰਫ਼ਤਾਰ ਨਾਲ਼ੋਂ ਘੱਟ ਨਾ ਜਾਪੇ। ਜਦੋਂ ਦੀ ਮੈਨੂੰ ਥੋਹੜੀ ਬਹੁਤੀ ਕਾਰ ਸੜਕ ਤੇ ਰੇੜ੍ਹਨ ਦੀ ਜਾਚ ਆਈ ਹੈ ਓਦੋਂ ਦਾ ਹੋਰ ਕੋਈ ਲਾਭ ਹੋਇਆ ਹੋਵੇ ਜਾਂ ਨਾ ਪਰ ਕਿਸੇ ਦੇ ਨਾਲ਼ ਕਾਰ ਵਿਚ ਬੈਠਿਆਂ ਮੈਨੂੰ ਰਫ਼ਤਾਰ ਵਾਲ਼ੀ ਸੂਈ ਪੜ੍ਹਨ ਦੀ ਜਾਚ ਆ ਗਈ ਹੈ। ਕਬੀਰ ਜੀ ਦੇ ਸ਼ਬਦਾਂ ਵਿਚ:
ਜਿਨਹੂ ਕਿਛੂ ਜਾਨਿਓ ਨਹੀ ਤਿਨ ਸੁਖ ਨੀਦ ਬਿਹਾਇ॥
ਹਮਹੁ ਜੋ ਬੂਝਾ ਬੂਝਨਾ ਪੂਰੀ ਪਰੀ ਬਲਾਇ॥
ਅਨੁਸਾਰ ਇਸ ਜਾਣਕਾਰੀ ਨੇ ਕੋਈ ਲਾਭ ਪੁਚਾਉਣ ਦੀ ਥਾਂ ਸਗੋਂ ਮੇਰੇ ਕਾਰ ਦੇ ਹੂਟੇ ਦਾ ਆਨੰਦ ਹੀ ਘਟਾ ਦਿਤਾ ਹੈ। ਜਿਸ ਦੇ ਹੱਥ ਵਿਚ ਸਟੇਅਰਿੰਗ ਹੁੰਦਾ ਹੈ ਉਸ ਨੂੰ ਤਾਂਪਤਾ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਹੈ ਕਿਉਂਕਿ ਕਾਰ ਦਾ ਕੰਟ੍ਰੋਲ ਉਸ ਦੇ ਵੱਸ ਵਿਚ ਹੁੰਦਾ ਹੈ ਪਰ ਮੈ ਬੇਲੋੜਾ ਹੀ ਕਾਰ ਦੀ ਰਫ਼ਤਾਰ ਵੇਖ ਵੇਖ ਫਿਕਰਮੰਦ ਹੋਈ ਜਾਂਦਾ ਹਾਂ। ਫਿਰ ਜਦੋਂ ਦੇ ਮੋਬਾਇਲ ਚੱਲੇ ਹਨ ਤਦੋਂ ਦੀ ਤਾਂ ਬਹੁਤ ਹੀ ਜਾਨ ਸ਼ਿਕੰਜੇ ਵਿਚ ਆ ਜਾਂਦੀ ਹੈ। ਚਾਲਕ ਤਾਂ ਮਜੇ ਨਾਲ਼ ਦੋਵੇਂ ਕਾਰਜ ਕਰੀ ਜਾਂਦਾ ਹੈ ਪਰ ਮੈ ਨਾਲ਼ ਦੀ ਸੀਟ ਤੇ ਬੈਠਾ ਐਵੇਂ ਹੀ ਔਖਾ ਹੋਈ ਜਾਂਦਾ ਹਾਂ।
ਜਿਵੇਂ ਹੀ ਮਾਸਟਰ ਜੀ ਦੀ ਫ਼ੋਨੀ ਗੱਲ ਬਾਤ ਵਿਚ ਜਰਾ ਕੁ ਵਿਥ ਦਿਸੀ ਤਾਂ ਮੈ, ਵਿਆਹ ਵਿਚ ਬੀ ਦਾ ਲੇਖਾ ਪਾ ਦਿਤਾ। ਅਰਥਾਤ ਆਪਣੀ ਸਿੱਖਿਆ ਦੀ ਪਟਾਰੀ ਖੋਹਲ ਲਈ। ਮੈ ਕਿਹਾ, “ਮਾਸਟਰ ਜੀ, ਆਪਾਂ ਏਨੀ ਟ੍ਰੈਫਿਕ ਨਾਲ਼ ਭਰੀ ਹੋਈ ਸੜਕ ਤੇ, ਰਾਤ ਦੇ ਹਨੇਰੇ ਵਿਚ ਜਾ ਰਹੇ ਹਾਂ। ਕਾਰ ਦੀ ਸਪੀਡ ਵੀ ਏਨੀ ਜ਼ਿਆਦਾ ਹੈ ਕਿ ਕਾਨੂੰਨ ਦੀ ਹੱਦੋਂ ਵੀ, ਮੇਰਾ ਯਕੀਨ ਹੈ, ਵਧ ਹੀ ਹੋਵੇਗੀ। ਇਸ ਹਾਲਤ ਵਿਚ ਹਾਦਸੇ ਦਾ ਖ਼ਤਰਾ ਵੀ ਹੋ ਸਕਦਾ ਹੈ ਤੇ ਜੇ ਪੁਲਸ ਦੀ ਨਿਗਾਹ ਪੈ ਗਈ ਤਾਂ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਫਿਰ ਤੁਹਾਡੇ ਬਚਨਾਂ ਤੋਂ ਮੈਨੂੰ ਅਜਿਹਾ ਵੀ ਕੋਈ ਅਹਿਸਾਸ ਨਹੀ ਹੋ ਰਿਹਾ ਕਿ ਤੁਸੀਂ ਕੋਈ ਬਹੁਤ ਹੀ ਜ਼ਰੂਰੀ ਮਸਲਾ ਵਿਚਾਰ ਰਹੇ ਹੋਵੇ ਜਿਸ ਵਿਚ, ਘਰ ਪਹੁੰਚਣ ਤੱਕ ਦੇ ਸਮੇ ਜਿੰਨੀ ਉਡੀਕ ਨਹੀ ਕੀਤੀ ਜਾ ਸਕਦੀ। ਤੁਸੀਂ ਘਰ ਪਹੁੰਚ ਕੇ ਵੀ ਇਹਨਾਂ ਸੱਜਣਾਂ ਨਾਲ਼ ਗੱਪ ਸ਼ੱਪ ਮਾਰ ਸਕਦੇ ਹੋ। ਸਨ ਤਾਂ ਉਹ ਨੌਜਵਾਨ ਤੇ ਕਾਰ ਵੀ ਆਪਣੀ ਉਪਰ ਹੀ ਮੈਨੂੰ ਲਿਫਟ ਦੇ ਰਹੇ ਸਨ ਪਰ ਉਹਨਾਂ ਨੇ ਮੇਰੀ ਗੱਲ ਮੰਨ ਲਈ। ਕਾਰ ਦੀ ਰਫ਼ਤਾਰ ਵੀ ਘਟ ਕਰ ਲਈ ਤੇ ਆਉਣ ਵਾਲ਼ੀਆਂ ਰਿੰਗਾਂ ਦੇ ਜਵਾਬ ਵੀ, “ਕਾਰ ਚਲਾਉਂਦਾ ਹਾਂ; ਫਿਰ ਰਿੰਗਿਓ!” ਆਖਣਾ ਸ਼ੁਰੂ ਕਰ ਦਿਤਾ।
ਮਾਸਟਰ ਜੀ ਦੀ ਕਾਰ ਦੀ ਰਫ਼ਤਾਰ ਤੇ ਇਹਨਾਂ ਦੀ ਬਾਤ ਦੀ ਰਫ਼ਤਾਰ ਤੋਂ ਮੈਨੂੰ ਕੁਝ ਸਾਲ ਪਹਿਲਾਂ ਦੀ ਵਾਪਰੀ ਇਕ ਘਟਨਾ ਯਾਦ ਆ ਗਈ। ਓਦੋਂ ਅਜੇ ਮੋਬਾਇਲ ਨਵੇ ਨਵੇ ਹੀ ਚੱਲੇ ਸਨ ਤੇ ਅਜੇ ਸਰਕਾਰ ਨੇ ਗੱਡੀ ਚਲਾਉਣ ਸਮੇ ਇਹਨਾਂ ਦੀ ਵਰਤੋਂ ਉਪਰ ਪਾਬੰਦੀ ਵੀ ਨਹੀ ਸੀ ਲਾਈ। ਸਾਡੇ ਘਰੋਂ ਰੂਟੀ ਹਿੱਲ ਰੇਲਵੇ ਸਟੇਸ਼ਨ ਨੂੰ ਜਾਈਏ ਤਾਂ ਅਧ ਵਿਚਾਲ਼ੇ ਟ੍ਰੈਫ਼ਿਕ ਲਾਈਟਾਂ ਆਉਂਦੀਆਂ ਹਨ। ਏਥੇ ਬਲੈਕ ਟਾਊਨ ਵਾਲ਼ੇ ਪਾਸੇ ਵੱਲੋਂ ਆਉਣ ਵਾਲੀ ਈਸਟਰਨ ਰੋਡ ਆ ਕੇ, ਟ੍ਰੈਫਿਕ ਲਾਈਟਾਂ ਤੋਂ, ਫ਼ਰਾਂਸਿਸ ਰੋਡ ਵਿਚ ਮਰਜ ਹੁੰਦੀ ਹੈ ਤੇ ਇਹ ਚੌਕ ਬਣ ਜਾਂਦਾ ਹੈ। ਮੈ ਘਰੋਂ ਸਟੇਸ਼ਨ ਨੂੰ ਕਾਰ ਤੇ ਜਾ ਰਿਹਾ ਸਾਂ; ਏਥੇ ਲਾਲ ਬੱਤੀ ਹੋ ਗਈ। ਸੱਜੇ ਪਾਸੇ ਤੋਂ ਬਹੁਤ ਵੱਡਾ ਤੇ ਉਚਾ ਟਰਾਲਾ ਆ ਰਿਹਾ ਸੀ। ਉਸ ਦਾ ਚੰਗਾ ਸੇਹਤਮੰਦ ਡਰਾਈਵਰ, ਖੱਬੇ ਹੱਥ ਵਿਚ ਮੋਬਾਇਲ ਫੜੀ ਗੱਪਾਂ ਮਾਰ ਰਿਹਾ ਸੀ। ਸੱਜੇ ਹੱਥ ਨਾਲ਼, ਮਜੇ ਵਿਚ ਸਟੇਅਰਿੰਗ ਨੂੰ ਇਉਂ ਘੁਮਾ ਰਿਹਾ ਸੀ ਜਿਵੇਂ ਉਹ ਭਾਰੀ ਟਰਾਲੇ ਦਾ ਸਟੇਅਰਿੰਗ ਨਾ ਹੋ ਕੇ, ਕੋਈ ਖਿਡਾਉਣਾ ਹੋਵੇ। ਮੇਰੀ ਨੀਵੀ ਤੇ ਨਿੱਕੀ ਜਿਹੀ ਕਾਰ ਉਸ ਵਿਸ਼ਾਲ ਟਰਾਲੇ ਦੇ ਸਾਹਮਣੇ ਖਿਡਾਉਣੇ ਸਮਾਨ ਲੱਗੇ। ਟਰਾਲੇ ਦੀ ਭਿਆਨਕਤਾ ਤੇ ਆਪਣੀ ਕਾਰ ਦੀ ਨਿਮਾਣਤਾ ਵੇਖ ਕੇ ਮੈ ਵਿਚੇ ਵਿਚ ਡਰ ਜਿਹਾ ਮੰਨੀ ਜਾਵਾਂ। ਸੋਚਾਂ ਕਿ ਜਰਾ ਕੁ ਵੀ ਡਰਾਈਵਰ ਦੀ ਲਾਪਰਵਾਹੀ ਨਾਲ਼, ਦੋ ਚਾਰ ਉਂਗਲ਼ ਦਾ ਵੀ ਫਰਕ ਪੈ ਗਿਆ ਤਾਂ ਮੇਰਾ, ਸਮੇਤ ਕਾਰ ਦੇ ਦਰੜੇ ਜਾ ਕੇ, ਕਚੂੰਬਰ ਨਿਕਲ਼ ਜੂ। ਰੱਬ ਰੱਬ ਕਰਕੇ ਟਰਾਲਾ ਸੁਖੀਂ ਸਾਂਦੀ ਹੀ ਮੇਰੇ ਸੱਜੇ ਹੱਥ ਵੱਲੋਂ, ਆਪਣੇ ਖੱਬੇ ਹੱਥ ਮੁੜ ਗਿਆ। ਮੈ, "ਜਾਨ ਬਚੀ ਤੋ ਲਾਖੋਂ ਪਾਏ।" ਆਖ ਕੇ ਸੁਖ ਦਾ ਸਾਹ ਲਿਆ। ਮੇਰਾ ਆਪਣਾ ਤਾਂ ਡਰਾਈਵਰੀ ਦਾ ਏਨਾ ਵਧੀਆ ਰਿਕਾਰਡ ਹੈ ਕਿ ਏਥੋਂ ਦੇ ਸਰਕਾਰੀ ਮਹਿਕਮੇ ਨੇ ਮੈਨੂੰ, ਮੇਰਾ ਕਾਰ ਦਾ ਲਸੰਸ ਵੇਖ ਕੇ, 1981 ਵਿਚ ਟਰੇਨੀ ਬੱਸ ਡਰਾਈਵਰ ਭਰਤੀ ਕਰ ਲਿਆ। ਉਹਨਾਂ ਨੂੰ ਕੀ ਪਤਾ ਸੀ ਕਿ ਮੈ ਅੰਮ੍ਰਿਤਸਰ ਦਾ ਲਾਇਸੰਸ ਵਿਖਾ ਕੇ, ਏਥੋਂ ਦਾ ਲਾਇਸੰਸ ਲਿਆ ਹੋਇਆ ਹੈ। ਮੇਰਾ ਗਿਆਨ ਗੱਡੀਆਂ ਬਾਰੇ ਏਨਾ ਸੀ ਕਿ ਜਦੋਂ ਮੈਨੂੰ ਇਨਸਟ੍ਰਕਟਰ ਨੇ ਇਹ ਪੁੱਛਿਆ ਕਿ ਮੈ ਆਟੋਮੈਟਿਕ ਕਾਰ ਚਲਾਉਂਦਾ ਹਾਂ ਕਿ ਮੈਨੂਅਲ! ਤਾਂ ਮੈਨੂੰ ਇਹਨਾਂ ਦੋਹਾਂ ਵਿਚਲੇ ਫਰਕ ਦਾ ਨਹੀ ਸੀ ਪਤਾ। ਮੈ ਕੰਨਾ ਘੇਸਲ ਜਿਹੀ ਮਾਰ ਕੇ ਭੁਲੇਖਾ ਕਾਇਮ ਰੱਖਣ ਵਿਚ ਕਾਮਯਾਬ ਰਿਹਾ। ਉਸ ਨੇ ਆਪੇ ਹੀ ਆਖਿਆ, “ਕੀ ਮੈ ਮੈਨੂਅਲ ਕਾਰ ਚਲਾਈ ਹੈ?” ਦੇ ਜਵਾਬ ਵਿਚ ਮੈ ਹਾਂ ਆਖ ਦਿਤਾ ਤੇ ਉਹ ਖ਼ੁਸ਼ ਹੋ ਗਿਆ ਤੇ ਉਸ ਨੇ ਆਖਿਆ ਕਿ ਫਿਰ ਮੈ ਛੇਤੀ ਹੀ ਬੱਸ ਚਲਾਉਣੀ ਸਿੱਖ ਜਾਵਾਂਗਾ। ਮੇਰੀ ਡਰਾਈਵਰੀ ਦੀ 'ਯੋਗਤਾ' ਵੇਖ ਕੇ ਉਸ ਨੇ ਤੀਜੇ ਦਿਨ ਹੀ, ਲੰਚ ਬਰੇਕ ਤੋਂ ਬਾਅਦ, ਮੈਨੂੰ ਡੀਪੋ ਮੈਨੇਜਰ ਦੇ ਪੇਸ਼ ਕਰਕੇ ਸਾਰਾ 'ਕਿੱਸਾ’ ਬਿਆਨ ਕਰ ਦਿਤਾ। ਮੈਨੇਜਰ ਨੇ ਮੈਨੂੰ ਬੱਸੋਂ ਲਾਹ ਕੇ ਕੰਡਕਟਰ ਦੀ ਡਿਊਟੀ ਤੇ ਲਾ ਕੇ, ਰੀਪੋਰਟ ਉਪਰ ਭੇਜ ਦਿਤੀ। ਛੇਤੀ ਹੀ ਉਪਰੋਂ ਜਵਾਬ ਆ ਗਿਆ ਮੈਨੂੰ ਘਰ ਨੂੰ ਤੋਰ ਦਿਤਾ ਗਿਆ। ਕਿਸੇ ਨੇ ਪੁੱਛਿਆ ਕੀ ਹੋਇਆ? ਮੈ ਆਖਿਆ, “ਉਹ ਆਂਹਦੇ ਨੇ, “ੈੋੁ ੳਰੲ ਟੋ ਗੋਦ ਟੋ ਦਰਵਿੲ."
ਘਰ ਵਾਲ਼ੀ ਦੇ ਮੁੜ ਮੁੜ ਜੋਰ ਦੇਣ ਤੇ, ਨਾ ਚਾਹੁੰਦਿਆਂ ਹੋਇਆਂ ਵੀ ਮੈ 1982 ਵਿਚ ਇਕ ਪੁਰਾਣੀ ਕਾਰ, ਨਿਲਾਮੀ ਤੋਂ ਖ਼ਰੀਦ ਲਈ। ਇਹ ਕਾਰ ਖ਼ਰੀਦਣ ਪਿੱਛੋਂ ਮੈਨੂੰ 1964 ਵਾਲ਼ੇ ਦਿਨਾਂ ਵਾਲ਼ੀ ਪਟਿਆਲੇ ਵਿਚਲੀ ਆਪਣੀ ਹਾਲਤ ਚੇਤੇ ਆ ਗਈ। ਏਥੇ ਉਸ ਸਮੇ ਮੈ ਇਕ ਪੁਰਾਣਾ ਸਾਈਕਲ ਖ਼ਰੀਦ ਲਿਆ ਸੀ। ਕਦੀ ਮੈ ਸਾਈਕਲ ਉਤੇ ਤੇ ਕਦੀ ਸਾਈਕਲ ਮੇਰੇ ਉਤੇ। ਅਖੀਰ ਉਸ ਸਾਈਕਲ ਨੂੰ ਪੈਨਸ਼ਨ ਦੇ ਕੇ, ਕਿਸ਼ਤਾਂ ਉਪਰ ਨਵਾਂ ਸਾਈਕਲ ਖ਼ਰੀਦਿਆ ਕਿਉਂਕਿ ਸਾਈਕਲ ਬਿਨਾ ਸਰਦਾ ਨਹੀ ਸੀ। ਰਿਹਾਇਸ਼ ਮੇਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੀ। ਸਵੇਰੇ ਸ਼ਾਮ ਕੀਰਤਨ ਦਾ ਪਹਿਰਾ ਗੁਰਦੁਆਰਾ ਮੋਤੀ ਬਾਗ ਵਿਖੇ ਸੀ ਤੇ ਦਿਨੇ ਪੜ੍ਹਨ ਸ਼ਹਿਰ ਵਿਚ ਜਾਣਾ ਹੁੰਦਾ ਸੀ। ਇਸ ਲਈ ਸਾਈਕਲ ਤੋਂ ਬਿਨਾ ਓਥੇ ਗੁਜ਼ਾਰਾ ਓਨਾ ਹੀ ਮੁਸ਼ਕਲ ਸੀ ਜਿੰਨਾ ਏਥੇ ਕਾਰੋਬਾਰੀ ਸੱਜਣਾਂ ਵਾਸਤੇ ਕਾਰ ਤੋਂ ਬਿਨਾ। ਮੇਰੀ ਸੋਚ ਅਨੁਸਾਰ ਤਾਂ ਏਥੇ ਕਾਰ ਤੋਂ ਬਿਨਾ ਬੰਦਾ ‘ਬੇਕਾਰ’ ਹੀ ਹੈ। ਮੇਰੇ ਕਾਰ ਖ਼ਰੀਦਣ ਦੀ ਖ਼ਬਰ ਮਿਲ਼ਨ ਤੇ ਇਕ ਸਿਆਣੇ ਜਾਣੂ ਸੱਜਣ ਨੇ, ਮੇਰੀ ਗੈਰ ਹਾਜਰੀ ਵਿਚ, ਕੁਝ ਭੇਦ ਭਰੀ ਜਿਹੀ ਸੁਰ ਵਿਚ, ਮੇਰੇ ਛੋਟੇ ਭਰਾ ਨੂੰ ਪੁਛਿਆ, "ਗਿਆਨੀ ਜੀ ਕਾਰ ਦੇ ਵਿਚ ਬਹਿ ਕੇ ਕਾਰ ਚਲਾਉਂਦੇ ਨੇ ਜਾਂ ਕਿ ਕਾਰ ਤੋਂ ਬਾਹਰ ਖਲੋ ਕੇ!”
ਸੋਚ ਆਉਂਦੀ ਹੈ ਕਿ ਜਦੋਂ ਫ਼ੋਨ ਦੀ ਸਹੂਲਤ ਨਹੀ ਸੀ ਹੁੰਦੀ ਓਦੋਂ ਬੰਦਾ ਕਿਵੇਂ ਸਾਰਦਾ ਸੀ! ਫਿਰ ਫ਼ੋਨ ਲੱਗ ਗਏ। 1964 ਵਿਚ ਮੈ ਪਟਿਆਲੇ ਸਾਂ ਤੇ ਓਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਦਫ਼ਤਰ ਤੋਂ ਕਿਤੇ ਮੈ ਫ਼ੋਨ ਮਿਲਾਇਆ। ਓਦੋਂ ਡਾਇਲਿੰਗ ਸਿਸਟਮ ਨਹੀ ਸੀ ਹੁੰਦਾ। ਰਸੀਵਰ ਚੁੱਕਣ ਪਿੱਛੋਂ ਰੀਸੈਪਨਿਸ਼ਟ ਨੰਬਰ ਪੁੱਛਦੀ/ਪੁਛਦਾ ਹੁੰਦਾ ਸੀ ਤੇ ਉਸ ਨੂੰ ਨੰਬਰ ਦੱਸੀਦਾ ਸੀ; ਫਿਰ ਅੱਗੋਂ ਉਹ ਸਬੰਧਤ ਨੰਬਰ ਤੇ ਗੱਲ ਕਰਵਾਉਂਦਾ ਹੁੰਦਾ ਸੀ। ਮੇਰੇ ਇਹ ਕੁਝ ਕਰਨ ਸਮੇ ਲਾਗੇ ਸਟੋਰ ਕੀਪਰ ਬੈਠਾ ਹੋਇਆ ਸੀ। ਉਸ ਨੇ ਸ਼ਰਾਰਤ ਨਾਲ਼ ਮੇਰੇ ਕਲੇਜੇ ਵਾਲ਼ੇ ਥਾਂ ਉਪਰ ਹੱਥ ਰੱਖ ਦਿਤਾ। ਮੇਰੇ ਵੱਲੋਂ ਇਸ ਦਾ ਕਾਰਨ ਪੁੱਛਣ ਤੇ ਉਸ ਨੇ ਆਖਿਆ, "ਮੈ ਵੇਖਣ ਲੱਗਾ ਸੀ ਕਿ ਤੇਰਾ ਇਹ ਕੁਝ ਕਰਦੇ ਦਾ ਕਲ਼ੇਜਾ ਕਿੰਨਾ ਕੁ ਧੜਕਦਾ ਹੈ!" ਬਹੁਤ ਹੀ ਘੱਟ ਫ਼ੋਨ ਹੋਣ ਕਰਕੇ ਮੇਰੇ ਵਰਗਿਆਂ ਨੂੰ, ਉਹਨਾਂ ਨੂੰ ਵਰਤਣ ਦੀ ਜਾਚ ਵੀ ਨਹੀ ਸੀ ਹੁੰਦੀ। 1967 ਵਿਚ ਜਦੋਂ ਲਛਮਣ ਸਿੰਘ ਗਿੱਲ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਮੂਧੀ ਮਾਰ ਕੇ ਖ਼ੁਦ ਸਰਕਾਰ ਤੇ ਕਬਜਾ ਕਰ ਲਿਆ ਅਤੇ ਅਕਾਲੀ ਸਿਆਸਤ ਦੇ ਮੁਖੀ, ਸੰਤ ਚੰਨਣ ਸਿੰਘ ਜੀ ਉਤੇ ਮੁਕੱਦਮੇ ਬਣਾ ਦਿਤੇ ਤਾਂ ਕਿ ਉਹ ਉਸ ਦੀ ਸਰਕਾਰ ਤੋੜਨ ਲਈ ਭਜ ਨੱਸ ਨਾ ਕਰ ਸਕਣ। ਅਕਾਲੀ ਸਿਆਸਤ ਦੇ ਮੁਖੀਆਂ ਵਿਚੋਂ ਰਹੇ ਹੋਣ ਕਰਕੇ ਸਰਦਾਰ ਗਿੱਲ ਨੂੰ ਪਤਾ ਸੀ ਕਿ ਉਸ ਦੀ ਸਰਕਾਰ ਨੂੰ ਸੰਤ ਚੰਨਣ ਸਿੰਘ ਹੀ ਤੁੜਵਾ ਸਕਦਾ ਹੈ। ਇਸ ਲਈ ਉਸ ਨੇ ਸੰਤ ਜੀ ਨੂੰ ਭੱਜ ਨੱਸ ਕਰਨ ਤੋਂ ਰੋਕਣ ਲਈ ਉਹਨਾਂ ਉਪਰ ਮੁਕੱਦਮੇ ਦਰਜ ਕਰਵਾ ਦਿਤੇ। ਦਰਜ ਮੁਕੱਦਮਿਆਂ ਕਰਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਉਹਨਾਂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲਗਵੇਂ ਮਕਾਨ ਵਿਚ ਆਪਣਾ ਨਿਵਾਸ ਕਰਨਾ ਪਿਆ। ਸੰਤ ਜੀ ਦੇ ਦੋਵੇਂ ਪੀ. ਏ., ਸ. ਮੇਜਰ ਸਿੰਘ ਤੇ ਸ. ਅਬਿਨਾਸ਼ੀ ਸਿੰਘ ਨੂੰ, ਗਿੱਲ ਦੀ ਪੁਲਸ ਨੇ ਫੜ ਕੇ ਅੰਦਰ ਕਰ ਦਿਤਾ ਅਤੇ ਹੋਰ ਕੋਈ ਸੱਜਣ ਇਸ ਸੇਵਾ ਨੂੰ ਨਿਭਾ ਸਕਣ ਦੇ ਕਾਬਲ ਨਾ ਸਾਬਤ ਹੋਇਆ। ਇਸ ਕਰਕੇ ਇਹ ਸੇਵਾ ਕਰਨ ਦੀ ਮੇਰੀ ਜ਼ਿੰਮੇਵਾਰੀ ਲਾਈ ਗਈ। ਮੇਰੀ ਹਾਲਤ ਓਹਨੀਂ ਦਿਨੀਂ ਇਹ ਸੀ ਕਿ ਮੈਨੂੰ ਡਾਇਲ ਕਰਕੇ ਫੋਨ ਵੀ ਕਰਨਾ ਨਹੀ ਸੀ ਆਉਂਦਾ। ਪ੍ਰਧਾਨ ਜੀ ਦਾ ਫ਼ੋਨ ਨੰਬਰ ਡਾਇਲ ਕਰਕੇ ਕਰੀਦਾ ਸੀ ਤੇ ਇਹ ਜਾਚ ਮੈਨੂੰ ਖ਼ੁਦ ਉਹਨਾਂ ਨੇ ਦੱਸੀ। ਇਕ ਪੇਂਡੂ ਬਜ਼ੁਰਗ ਨੇ ਸ਼ਹਿਰ ਦੇ ਵਸਨੀਕ, ਖ਼ੁਦ ਨੂੰ ਪੜ੍ਹਿਆ ਲਿਖਿਆ ਸਮਝਣ ਵਾਲੇ ਮੁੰਡੇ ਨੂੰ, ਫ਼ੋਨ ਕਰਨ ਦੀ ਜਾਚ ਦੱਸਣੀ, ਕੀ ਇਹ ਅਲੋਕਾਰ ਗੱਲ ਨਹੀ ਲੱਗਦੀ!
ਇਸ ਸਮੇ ਹਾਲਤ ਇਹ ਹੈ ਕਿ ਹਰੇਕ ਵਿਅਤੀ ਕੋਲ਼ ਮੋਬਾਇਲ ਹੈ। ਨਿੱਕੇ ਨਿੱਕੇ ਬੱਚੇ ਵੀ ਮੋਬਾਇਲਾਂ ਨਾਲ਼ ਹੀ ਖਿਡਾਉਣਿਆਂ ਵਾਂਗ ਖੇਡਦੇ ਹਨ। ਫਿਰ ਨੌਜਵਾਨਾਂ ਵਿਚ ਤਾਂ ਇਹ ਹੋੜ ਵੀ ਲੱਗੀ ਹੋਈ ਹੈ ਕਿ ਉਸ ਪਾਸ, ਕਾਰ ਵਾਂਗ ਹੀ, ਦੂਜਿਆਂ ਨਾਲ਼ੋਂ ਵਧੀਆ ਤੇ ਲੇਟੈਸਟ ਮਾਡਲ ਦਾ ਫ਼ੋਨ ਹੋਣਾ ਚਾਹੀਦਾ ਹੈ। (ਹੁਣੇ ਦੀ ਸਪੋਕਸਮੈਨ, 13 ਅਗੱਸਤ 2009 ਵਿਚੋਂ ਖ਼ਬਰ ਪੜ੍ਹੀ ਹੈ ਕਿ ਕਲ੍ਹ ਕਿਸੇ ਗੁਰਦੁਆਰੇ ਵਿਚ ਪਾਠੀ ਸਿੰਘ ਪਾਠ ਕਰਨ ਦੇ ਸਮੇ ਅਪਣੇ ਮੋਬਾਇਲ ਤੋਂ ਕੋਈ ਫ਼ਿਲਮ ਵੇਖ ਰਿਹਾ ਫੜਿਆ ਗਿਆ ਹੈ।) ਮੇਰੇ ਪੁਤਰ ਸੰਦੀਪ ਸਿੰਘ ਕੋਲ਼ ਇਕ ਫ਼ੋਨ ਸੀ ਜਿਸ ਦੇ ਦੋ ਸੈਟ ਸਨ। ਇਕ ਉਸ ਕੋਲ਼ ਤੇ ਦੂਜਾ ਮੇਰੀ ਨੂੰਹ ਬੇਟੀ ਦੇ ਕੋਲ਼ ਹੁੰਦਾ ਸੀ। ਕਾਫ਼ੀ ਪੁਰਾਣੇ ਮਾਡਲ ਦਾ। ਫਿਰ ਉਹਨਾਂ ਨੇ ਨਵੇਂ ਮਾਡਲ ਦੇ ਖ਼ਰੀਦ ਲਏ ਹੋਣਗੇ। ਉਹਨਾਂ ਵਿਚੋਂ ਇਕ ਨਾਲ਼ ਮੇਰਾ ਪੋਤਰਾ ਜੋਸ਼ ਸ਼ਿੰਘ ਖੇਡਦਾ ਹੁੰਦਾ ਸੀ ਤੇ ਇਕ ਉਹਨਾਂ ਨੇ ਮੈਨੂੰ ਦੇ ਦਿਤਾ। ਮੈ ਵਾਹਵਾ ਹੀ ਚਿਰ ਲਾ ਕੇ ਉਸ ਤੋਂ ਫ਼ੋਨ ਸੁਣਨਾ ਤੇ ਕਰਨਾ ਸਿੱਖ ਲਿਆ ਪਰ ਕਿਸੇ ਦਾ ਨੰਬਰ ਵੇਖਣਾ, ਕਿਸੇ ਨੂੰ ਕਾਲ ਬੈਕ ਕਰਨਾ ਜਾਂ ਕਿਸੇ ਦਾ ਸੁਨੇਹਾ ਪੜ੍ਹਨਾ ਆਦਿ ਕਾਰਜ ਸਮਝਣੋ ਮੈ ਅਸਮਰੱਥ ਹੀ ਰਿਹਾ। ਇਸ ਕਾਰਨ ਕਈ ਸੱਜਣ ਮੇਰੇ ਨਾਲ਼ ਨਾਰਾਜ਼ ਵੀ ਹੋ ਗਏ। ਕਿਸੇ ਨੂੰ ਸ਼ਿਕਾਇਤ ਸੀ ਕਿ ਮੈ ਕਾਲ ਬੈਕ ਨਹੀ ਕਰਦਾ। ਕਿਸੇ ਨੂੰ ਸ਼ਿਕਾਇਤ ਸੀ ਕਿ ਮੈ ਫ਼ੋਨ ਨਹੀ ਚੁੱਕਦਾ। ਕਿਸੇ ਨੂੰ ਸ਼ਿਕਾਇਤ ਸੀ ਕਿ ਉਸ ਦੇ ਸੁਨੇਹੇ ਦਾ ਜਵਾਬ ਨਹੀ ਦਿੰਦਾ। ਇਸ ਤਰ੍ਹਾਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਸਨ ਚਾਰੇ ਪਾਸਿਆਂ ਤੋਂ। ਪਰ ਇਹ ਕੋਈ ਮੰਨਣ ਲਈ ਤਿਆਰ ਨਹੀ ਸੀ ਕਿ ਗਿਆਨੀ ਸੰਤੋਖ ਸਿੰਘ, ਜੋ ਕਿ, "ਬਾਤਨ ਹੀ ਅਸਮਾਨ ਗਿਰਾਵਹਿ॥" ਵਾਂਗ ਦਿੱਲੀ ਦੱਖਣ ਇਕ ਕਰ ਛੱਡਦਾ ਹੈ, ਉਹ ਮੋਬਾਇਲ ਨਹੀ ਵਰਤ ਸਕਦਾ। ਮੋਬਾਇਲ ਸਦਕਾ ਮੇਰੇ ਸੰਪਰਕਾਂ ਵਿਚ ਵਾਧਾ ਤਾਂ ਹੋਇਆ ਪਰ ਵਿਰੋਧੀਆਂ ਦੇ ਰੂਪ ਵਿਚ ਹੀ ਹੋਇਆ, ਮਿੱਤਰਾਂ ਦੇ ਰੂਪ ਵਿਚ ਨਹੀ। ਸੱਜਣ ਵੀ ਆਪਣੀ ਥਾਂ ਤੇ ਸੱਚੇ ਸਨ ਕਿ ਕੰਪਿਊਟਰ ਵਰਤਣ ਵਾਲ਼ਾ, ਹਵਾਈ ਜਹਜਾਂ ਤੇ ਸਾਰੀ ਦੁਨੀਆ ਗਾਹੁਣ ਵਾਲ਼ਾ, ਬੰਦਾ ਭਲਾ ਏਨੀ ਜਾਣਕਾਰੀ ਕਿਵੇਂ ਨਹੀ ਰੱਖਦਾ।
ਇਹ ਗੱਲ ਕਰਦਿਆਂ ਇਕ ਵਾਪਰੀ ਘਟਨਾ ਚੇਤੇ ਆ ਗਈ। ਸਿਡਨੀ ਤੋਂ ਮੈ ਜਹਾਜ ਰਾਹੀਂ ਮੈਲਬਰਨ ਜਾਣਾ ਸੀ। ਸਿਡਨੀ ਹਵਾਈ ਅੱਡੇ ਤੇ ਸੈਕਿਉਰਟੀ ਵਾਲੀ ਬੀਬੀ, ਜੋ ਕਿ ਕਾਫ਼ੀ ਸਮਝਦਾਰ ਤੇ ਤਜੱਰਬੇਕਾਰ ਦਿਸਦੀ ਸੀ, ਨੇ ਮੇਰਾ ਬੈਗ ਪਾਰਦਰਸ਼ੀ ਮਸ਼ੀਨ ਵਿਚਦੀ ਲੰਘਾਉਣ ਸਮੇ ਮੈਨੂੰ ਪੁੱਛਿਆ ਕਿ ਇਸ ਵਿਚ ਲੈਪਟੌਪ ਤਾਂ ਨਹੀ! ਮੇਰੇ ਨਾਂਹ ਕਰਨ ਤੇ ਉਸ ਨੇ ਕੈਮਰੇ ਬਾਰੇ ਪੁੱਛਿਆ। ਉਸ ਬਾਰੇ ਵੀ ਨਾਂਹ ਸੁਣ ਕੇ, ਫਿਰ ਉਸ ਨੇ ਮੋਬਾਇਲ ਪੁੱਛਿਆ। ਮੇਰਾ ਉਤਰ ਫਿਰ ਵੀ ਨਾਂਹ ਵਿਚ ਹੀ ਸੀ। ਤਿੰਨ ਵਾਰੀ ਮੇਰੀ ਨਾਂਹ ਸੁਣ ਕੇ ਉਸ ਨੇ ਕੁਝ ਵਿਅੰਗਾਤਮਿਕ ਜਿਹੀ ਮੁਸਕ੍ਰਾਹਟ ਨਾਲ਼ ਜਦੋਂ ਮੇਰੇ ਵੱਲ ਵੇਖਿਆ ਤਾਂ ਮੈ ਆਖਿਆ. "ਤੂੰ ਬੀਬੀ ਏਨੀਆਂ ਵੱਡੀਆਂ ਵੱਡੀਆਂ ਚੀਜਾਂ ਦੇ ਨਾਂ ਲੈਣ ਡਹੀ ਏਂ, ਮੇਰੇ ਕੋਲ਼ ਤਾਂ ਘੜੀ ਵੀ ਨਹੀ। ਏਥੋਂ ਤੱਕ ਕਿ ਮੇਰੇ ਕੋਲ਼ ਪੈਨ ਵੀ ਨਹੀ। ਇਹ ਸੁਣ ਕੇ ਉਹ ਬੋਲੀ, "ਕੀ ਤੂੰ ਇਕੀਵੀਂ ਸਦੀ ਵਿਚ ਰਹਿ ਰਿਹਾ ਏਂ?" ਮੈ ਆਖਿਆ, "ਕੀ ਤੂੰ ਮੇਰਾ ਚੇਹਰਾ ਨਹੀ ਵੇਖ ਰਹੀ ਕਿ ਮੈ ਸਮੇ ਨਾਲ਼ੋਂ ਪਛੜ ਚੁੱਕਿਆ ਵਿਅਕਤੀ ਹਾਂ!" ਉਸ ਨੇ ਮੁਸਕਰਾ ਕੇ ਗੱਲ ਟਾਲ਼ ਦਿਤੀ ਤੇ ਮੈ ਆਪਣਾ ਬੈਗ ਚੁੱਕਿਆ ਤੇ ਅੱਗੇ ਜਹਾਜ ਵੱਲ ਨੂੰ ਤੁਰ ਗਿਆ।
ਗੱਲ ਕੀ, ਸੱਜਣਾਂ ਦੀ ਬੇਇਤਬਾਰੀ ਜਿਹੀ ਦ੍ਰਿਸ਼ਟੀ ਦੀ ਚੋਭ ਮਹਿਸੂਸ ਕੇ ਤੇ ਉਹਨਾਂ ਦੇ ਬਚਨ ਸੁਣ ਸੁਣ ਕੇ, ਮੈਨੂੰ ਲੱਗਣਾ ਕਿ ਜਿਵੇਂ ਇਹ ਮੈਨੂੰ ਝੂਠਾ ਸਮਝਦੇ ਹਨ! ਫਿਰ ਇਉਂ ਹੋਇਆ ਕਿ ਇਕ ਦਿਨ ਗ੍ਰਿਫ਼ਿਥ ਨੂੰ ਜਾਂਦਿਆਂ ਰਸਤੇ ਵਿਚ, ਕੁਤਾਮੁੰਦਰਾ ਸਟੇਸ਼ਨ ਤੇ ਗੱਡੀਉਂ ਉਤਰ ਕੇ, ਬੱਸ ਦੀ ਉਡੀਕ ਵਿਚ ਸਾਂ ਕਿ ਬਾਥਰੂਮ ਜਾਣਾ ਪਿਆ। ਓਥੇ ਮੇਰੇ ਗ੍ਹੀਸੇ ਵਿਚੋਂ ਨਿਕਲ਼ ਕੇ ਫ਼ੋਨ ਜ਼ਮੀਨ ਤੇ ਡਿਗ ਪਿਆ। ਮੈ ਆ ਵੇਖਿਆ ਨਾ ਤਾ, ਫੜ ਕੇ ਫ਼ੋਨ ਨੂੰ ਨਲ਼ਕੇ ਹੇਠ ਰੱਖ ਕੇ ਉਸ ਦਾ ਇਸ਼ਨਾਨ ਕਰਵਾ ਦਿਤਾ। ਫ਼ੋਨ ਜੀ ਮਹਾਂਰਾਜ ਠੰਡੇ ਪਾਣੀ ਵਿਚ ਪਾ ਦੇਣ ਕਰਕੇ ਮੇਰੇ ਨਾਲ਼ ਨਾਰਾਜ਼ ਹੋ ਗਏ ਤੇ ਉਹਨਾਂ ਨੇ ਮੇਰੇ ਨਾਲ਼ ਬੋਲਣਾ ਬੰਦ ਕਰ ਦਿਤਾ। ਬੱਚਿਆਂ ਨੂੰ ਜਦੋਂ ਮੇਰੀ ਇਸ 'ਸਿਆਣਪ' ਦਾ ਪਤਾ ਲੱਗਾ ਤਾਂ ਖ਼ੂਬ ਹਾਸਾ ਪਿਆ। ਫਿਰ ਮੇਰੇ ਪੋਤੇ ਵਾਲ਼ਾ ਫ਼ੋਨ ਉਸ ਤੋਂ ਲੈ ਕੇ ਮੈਨੂੰ ਮੇਰੇ ਪੁੱਤ ਨੇ ਦੇ ਦਿਤਾ। ਹੋ ਸਕਦਾ ਹੈ ਕਿ ਪੋਤੇ ਨੇ ਸ਼ਾਇਦ ਮੇਰਾ ਲਿਹਾਜ ਕਰਕੇ ਇਸ ਵਿਚ ਕੋਈ ਉਜਰ ਨਾ ਕੀਤਾ ਹੋਵੇ ਜਾਂ ਫਿਰ ਬਹੁਤ ਪੁਰਾਣਾ ਹੋ ਜਾਣ ਕਰਕੇ, ਇਸ ਤੋਂ ਉਸ ਦਾ ਜੀ ਅੱਕ ਗਿਆ ਹੋਵੇ! ਜਿਥੇ ਵੀ ਮੈ ਗਿਆ ਤੇ ਜਿਸ ਨੇ ਵੀ ਮੇਰਾ ਉਹ ਫ਼ੋਨ ਵੇਖਿਆ, ਉਸ ਨੇ ਖ਼ੁਸ਼ੀ ਭਰੀ ਹੈਰਾਨੀ ਨਾਲ਼ ਹੀ ਤੱਕਿਆ ਤੇ ਇਹ ਵੀ ਪੁੱਿਛਆ ਕਿ ਇਹ ਏਨਾ ਵਧੀਆ ਫ਼ੋਨ ਮੈ ਕਦੋਂ, ਕਿਥੋਂ ਤੇ ਕਿੰਨੇ ਦਾ ਲਿਆ ਸੀ! ਮੇਰੇ ਸੱਚੇ ਜਵਾਬ ਦਾ ਵੀ ਉਹਨਾਂ ਨੂੰ ਯਕੀਨ ਘੱਟ ਹੀ ਆਇਆ ਕਿ ਇਹ ਤਾਂ ਮੇਰੇ ਬੱਚਿਆਂ ਨੇ ਪਹਿਲਾਂ ਪੁਰਾਣਾ ਕਰਕੇ ਸੁੱਟਿਆ ਹੋਇਆ ਸੀ ਤੇ ਫਿਰ ਚੁੱਕ ਕੇ ਮੈਨੂੰ ਫੜਾ ਦਿਤਾ ਸੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ।
ਅਖੀਰ, 8 ਅਕਤੂਬਰ 2008 ਨੂੰ, ਉਸ ਤੋਂ ਵੀ ਮੇਰਾ ਛੁਟਕਾਰਾ ਹੋ ਗਿਆ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇੰਡੀਆ ਦਾ ਜਹਾਜ ਫੜਨ ਦੀ ਭੱਜ ਨੱਸ ਵਿਚ ਹੀ ਉਹ ਮੈਥੋਂ ਵਿਛੜ ਗਿਆ; ਤੇ ਮੈ ਇਸ ਖਲਜਗਣ ਤੋਂ ਬਚਣ ਲਈ ਹੁਣ ਫ਼ੋਨ ਰੱਖਣਾ ਹੀ ਛੱਡ ਦਿਤਾ ਹੈ। ਸੱਜਣ ਅਜੇ ਵੀ ਓਸੇ ਫ਼ੋਨ ਤੇ ਰਿੰਗੀ ਜਾਂਦੇ ਹਨ ਤੇ ਉਹ ਪਤਾ ਨਹੀ ਲੰਡਨ ਹਵਾਈ ਅੱਡੇ ਦੇ ਸੈਕਿਉਰਟੀ ਸਟਾਫ਼ ਦੇ ਕਿਸ ਖਾਨੇ ਵਿਚ ਪਿਆ ਆਰਾਮ ਫੁਰਮਾ ਰਿਹਾ ਹੋਵੇਗਾ! ਮੇਰੇ ਫ਼ੋਨ ਤੋਂ ਸੱਜਣਾਂ ਨੂੰ ਅੱਗੋਂ ਕੋਈ ਜਵਾਬ ਨਾ ਮਿਲ਼ਨ ਉਤੇ ੳੇੁਹ ਮੇਰੀਆਂ ‘ਚੁਸਤੀਆਂ’ ਨੂੰ ਓਦੋਂ ਦੇ ਕੋਸੀ ਜਾਂਦੇ ਹਨ। ਜਦੋਂ ਮਿਲਨ ਤਾਂ ਉਹ ਮੈਨੂੰ ਇਸ ਗੱਲ ਦਾ ਉਲਾਹਮਾ ਦਿੰਦੇ ਹਨ ਤਾਂ ਮੈ ਅਸਲੀਅਤ ਦੱਸਦਾ ਹਾਂ ਤੇ ਨਾਲ਼ ਹੀ ਇਹ ਵੀ ਆਖਦਾ ਹਾਂ ਕਿ ਈ-ਮੇਲ ਰਾਹੀਂ ਮੈ ਬਹੁਤ ਸਾਰੇ ਸੱਜਣਾਂ ਨੂੰ, ਸਮੇ ਸਿਰ ਇਹ ਜਾਣਕਾਰੀ ਦੇ ਦਿਤੀ ਸੀ।
ਕੁਝ ਸਾਲਾਂ ਦੀ ਗੱਲ ਹੈ ਕਿ ਇਕ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮਾਰੋਹ ਸਮੇ, ਦੁਨੀਆਦਾਰੀ ਵਿਚ ਇਕ ਬਹੁਤ ਹੀ ਸਫ਼ਲ ਵਿਦਵਾਨ ਤੇ ਵਿਚਾਰਵਾਨ, ਕਰੋਬਾਰੀ ਸੱਜਣ, ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ। ਸੰਗਤ ਵਿਚ ਸ਼ਹਿਰ ਦੇ ਮੇਅਰ, ਹਲਕੇ ਦੇ ਪਾਰਲੀਮੈਂਟ ਮੈਬਰ, ਅਤੇ ਹੋਰ ਵੀ ਕਈ ਮੋਹਤਬਰ ਸੱਜਣ ਸਜੇ ਹੋਏ ਸਨ। ਸਟੇਜ ਸੈਕਟਰੀ ਜੀ ਦਾ ਮੋਬਾਇਲ ਔਨ ਸੀ। ਉਹ ਦੋ ਕੁ ਲਫ਼ਜ਼ ਬੋਲਣ ਤੇ ਫ਼ੋਨ ਦੀ ਘੰਟੀ ਖੜਕ ਪਵੇ। ਉਹ ਸੁਨੇਹਾ ਸੁਣ ਕੇ ਤੇ ਗੱਲ ਕਰਕੇ ਹਟਣ ਤਾਂ ਓਸੇ ਸਮੇ ਫਿਰ ਘੰਟੀ ਵੱਜ ਪਏ। ਇਸ ਤਰ੍ਹਾਂ ਕਿੰਨੀ ਹੀ ਵਾਰੀ ਹੋਇਆ। ਨਾ ਤੇ ਉਹ ਭਲੇ ਪੁਰਸ਼ ਫ਼ੋਨ ਹੀ ਬੰਦ ਕਰਨ ਤੇ ਨਾ ਹੀ ਸਟੇਜ ਦੀ ਜੁੰਮੇਵਾਰੀ ਕਿਸੇ ਹੋਰ ਸੱਜਣ ਦੇ ਹਵਾਲੇ ਕਰਕੇ, ਫ਼ੋਨ ਵਾਲ਼ਾ ਮਸਲਾ ਨਜਿਠਣ ਲਈ ਬਾਹਰ ਹੀ ਜਾਣ। ਸੰਗਤ ਵਿਚ ਕੁਝ ਹਾਸਾ ਜਿਹਾ ਵੀ ਮਚਿਆ। ਗੱਲ ਅੱਗੇ ਤੁਰਦੀ ਨਾ ਵੇਖ ਕੇ, ਸੰਗਤ ਵਿਚ ਬੈਠੀ ਉਹਨਾਂ ਦੀ ਮੇਮ ਸੈਕਟਰੀ ਨੇ ਹੀ ਸਮਝਦਾਰੀ ਤੋਂ ਕੰਮ ਲੈਂਦਿਆਂ ਹੋਇਆਂ, ਉਹਨਾਂ ਦਾ ਫ਼ੋਨ ਫੜਿਆ ਤੇ ਦੀਵਾਨ ਹਾਲ਼ ਵਿਚੋਂ ਬਾਹਰ ਨਿਕਲ਼ ਗਈ।
ਸੋਚਦਾ ਹਾਂ ਕਿ ਕਿਸੇ ਮਾਮੂਲੀ ਅਫ਼ਸਰ ਦੇ ਦਫ਼ਤਰ ਵਿਚ ਵੜਨ ਤੋਂ ਪਹਿਲਾਂ ਹੀ ਬੰਦਾ ਆਪਣਾ ਫ਼ੋਨ ਬੰਦ ਕਰ ਲੈਂਦਾ ਹੈ। ਹਸਪਤਾਲਾਂ, ਅਦਾਲਤਾਂ ਆਦਿ ਵਿਚ ਫ਼ੋਨ ਵੱਜਣ ਤੇ ਜੁਰਮਾਨਾ ਹੋ ਜਾਣ ਦੇ ਨਾਲ਼ ਫ਼ੋਨ ਵੀ ਜਬਤ ਹੋ ਸਕਦਾ ਹੈ ਪਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੇ ਦਰਬਾਰ ਵਿਚ, ਨਾ ਕੋਈ ਪ੍ਰਬੰਧਕ ਤੇ ਨਾ ਹੀ ਸੰਗਤ ਦਾ ਬੰਦਾ ਫ਼ੋਨ ਬੰਦ ਕਰਨਾ ਜ਼ਰੂਰੀ ਸਮਝਦਾ ਹੈ। ਏਥੋਂ ਤੱਕ ਕਿ ਗ੍ਰੰਥੀ ਸਿੰਘ ਵੀ ਫ਼ੋਨ ਖੁਲ੍ਹਾ ਹੀ ਛੱਡ ਰੱਖਦੇ ਹਨ ਜੋ ਕਿ ਉਹਨਾਂ ਦੇ ਕਈ ਵਾਰ ਅਰਦਾਸ ਕਰਨ ਸਮੇ ਵੀ ‘ਹਾਲ ਪਾਹਰਿਆ’ ਕਰਨ ਲੱਗ ਪੈਂਦਾ ਹੈ। ਹਾਲਾਂ ਕਿ ਹਰੇਕ ਗੁਰਦੁਆਰਾ ਸਾਹਿਬ ਦੇ ਪਰਵੇਸ਼ ਦੁਆਰ ਤੇ, ਇਸ ਬਾਰੇ ਨੋਟਿਸ ਵੀ ਲੱਗਾ ਹੋਇਆ ਹੁੰਦਾ ਹੈ ਪਰ ਉਸ ਲਿਖਤ ਵੱਲ ਕੋਈ ਧਿਆਨ ਨਹੀ ਦਿੰਦਾ। ਸੰਗਤ ਵਿਚ ਬੈਠਿਆਂ ਜਦੋਂ ਫ਼ੋਨ ਵੱਜਦਾ ਹੈ ਤਾਂ ਵੀ ਉਹ ਸੱਜਣ ਜਰੁਰੀ ਨਹੀ ਸਮਝਦਾ ਕਿ ਉਸ ਸਮੇ ਹੀ ਇਸ ਨੂੰ ਬੰਦ ਕਰ ਲਵੇ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਗੁਰਦੁਆਰਾ ਸਾਹਿਬ ਵਿਚ ਫ਼ੋਨ ਖੜਕਣ ਤੇ ਕਿਸੇ ਜੁਰਮਾਨੇ ਜਾਂ ਹੋਰ ਕਿਸੇ ਤਰ੍ਹਾਂ ਦੀ ਸਜਾ ਦਾ ਡਰ ਨਹੀ ਹੁੰਦਾ। ਬੰਦਾ ਪੁੱਛੇ ਭਈ ਜਦੋਂ ਇਹ 'ਇਰੀਟੇਟਿੰਗ' ਖਿਡਾਉਣਾ ਈਜਾਦ ਨਹੀ ਸੀ ਹੋਇਆ ਓਦੋਂ ਇਸ ਬਿਨਾ ਕਿਵੇਂ ਸਰਦਾ ਸੀ! ਜੇ ਹੁਣ ਕਾਰੋਬਾਰ ਲਈ ਇਸ ਦੀ ਜ਼ਰੂਰਤ ਵੀ ਹੈ ਤਾਂ ਗੁਰਦੁਆਰੇ ਦੇ ਅੰਦਰ ਬੈਠਣ ਸਮੇ, ਜੇ ਕੁਝ ਮਿੰਟਾਂ ਲਈ ਇਹ ਬੰਦ ਵੀ ਹੋ ਜਾਵੇ ਤਾਂ ਕੇਹੜੀ ਆਫ਼ਤ ਆ ਚਲੱੀ ਹੈ! ਜੇ ਬਹੁਤ ਹੀ ਜ਼ਰੂਰੀ ਕੋਈ ਬਿਜ਼ਨਿਸ ਕਰਨ ਵਾਲ਼ੀ ਗੱਲ ਹੈ ਤਾਂ ਥੋਹੜਾ ਸਮਾ ਹੀ ਅੰਦਰ ਦੀਵਾਨ ਹਾਲ ਵਿਚ ਬੈਠ ਕੇ, ਬਾਹਰ ਜਾਇਆ ਜਾ ਸਕਦਾ ਹੈ। ਜੇਕਰ ਏਨਾ ਹੀ ਜ਼ਰੂਰੀ ਬਿਜ਼ਨਿਸ ਅਸੀਂ ਕਰ ਰਹੇ ਹੋਈਏ ਤਾਂ ਸਿਰਫ ਮੱਥਾ ਹੀ ਟੇਕ ਕੇ ਬਾਹਰ ਨਿਕਲ਼ਿਆ ਜਾ ਸਕਦਾ ਹੈ। ਵੈਸੇ ਮੇਰੇ ਖਿਆਲ ਵਿਚ ਅਸੀ ਏਥੇ ਅਜੇ ਏਨੇ ਮਹੱਤਵਪੂਰਣ ਨਹੀ ਬਣ ਸਕੇ ਕਿ ਕੁਝ ਮਿੰਟ ਸਾਡਾ ਫ਼ੋਨ ਨਾ ਖੜਕਣ ਤੇ ਦੁਨੀਆ ਦਾ ਕੁਝ ਵਿਗੜ ਜਾਵੇਗਾ। ਸਾਡੇ ਤੋਂ ਬਿਨਾ ਇਹ ਸੰਸਾਰ ਓਵੇਂ ਹੀ ਚੱਲਦਾ ਰਹਿਣਾ ਹੈ ਜਿਵੇਂ ਸਾਡੇ ਇਸ ਸੰਸਾਰ ਵਿਚ ਪਰਵੇਸ਼ ਕਰਨ ਤੋਂ ਪਹਿਲਾਂ ਚੱਲਦਾ ਸੀ ਤੇ ਸਾਡੇ ਪਿੱਛੋਂ ਵੀ, ਯਕੀਨ ਜਾਣੀਏ, ਇਹ ਨਹੀ ਰੁਕਣ ਲੱਗਾ।

ਆ ਅਟਕਣਾ ਆਸਟ੍ਰੇਲੀਆ ਵਿਚ ਮੇਰਾ ਵੀ .......... ਲੇਖ਼ / ਗਿਆਨੀ ਸੰਤੋਖ ਸਿੰਘ (ਆਸਟ੍ਰੇਲੀਆ)


ਅੱਜ ਪੰਜਾਬੀਆਂ ਵਾਸਤੇ ਆਸਟ੍ਰੇਲੀਆ ਕੋਈ ਓਪਰਾ ਨਾਂ ਨਹੀ ਹੈ। ਬੇਅੰਤ ਨੌਜਵਾਨ ਵਿਦਿਆਰਥੀ ਬਣ ਕੇ ਏਥੇ ਪੱਕੇ ਹੋਣ ਆਏ ਹਨ ਤੇ ਨਿਤ ਦਿਨ ਹੋਰ ਆ ਰਹੇ ਹਨ। ਇਸ ਤੇ ਕਿਸੇ ਨੂੰ ਵੀ ਕੋਈ ਇਤਰਾਜ ਕਰਨ ਦਾ ਹੱਕ ਨਹੀ ਹੈ; ਇਸ ਦੇ ਉਲ਼ਟ ਸਗੋਂ ਸਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਏਥੇ ਸਾਡੇ ਭਾਈਚਾਰੇ ਵਿਚ ਵਾਧਾ ਹੋ ਰਿਹਾ ਹੈ। ਇਸ ਸੰਸਾਰ ਦੇ ਮਹਾਨ ਵਾਲੀ ਵਾਹਿਗੁਰੂ ਜੀ ਦੇ ਸਾਜੇ ਵਿਸ਼ਾਲ ਸੰਸਾਰ ਅੰਦਰ ਹਰ ਕੋਈ ਹੀ ਆਪਣੇ ਚੰਗੇਰੇ ਭਵਿਖ ਦੀ ਆਸ ਤੇ ਕਿਤੇ ਵੀ ਆ/ਜਾ ਤੇ ਵੱਸ ਸਕਦਾ ਹੈ। ਦੁਨੀਆ ਦੇ ਦੁਆਲ਼ੇ ਦੀ ਆਪਣੀ ਚੌਥੀ ਯਾਤਰਾ ਦੋਰਾਨ, ਜਦੋਂ 1979 ਦੇ ਅਕਤੂਬਰ ਮਹੀਨੇ ਦੀ 25 ਤਰੀਕ ਨੂੰ ਮੈ ਆਪਣੇ ਨਿੱਕੇ ਭਰਾ, ਸ. ਸੇਵਾ ਸਿੰਘ ਸਮੇਤ, ਪਹਿਲੀ ਵਾਰ ਏਥੇ ਆਇਆ ਸਾਂ ਤਾਂ ਏਥੇ ਕਿਸੇ ਵਿਰਲੇ ਹੀ ਸਿੱਖ ਦੇ ਦਰਸ਼ਨ ਹੁੰਦੇ ਸਨ। ਸਿਡਨੀ ਦੇ ਇਕ ਸਬਅਰਬ ਰੀਵਜ਼ਬੀ ਵਿਚ ਇਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁੰਦਾ ਸੀ। ਓਥੇ ਦੀਵਾਨ ਮਹੀਨੇ ਵਿਚ ਦੋ ਵਾਰ ਹੀ ਲੱਗਦਾ ਸੀ ਤੇ ਲੰਗਰ ਵੀ ਤਾਂ ਹੀ ਪੱਕਦਾ ਸੀ ਜੇਕਰ ਕੋਈ ਪਰਵਾਰ ਰਾਸ਼ਨ ਲਿਆਉਣ, ਪਕਾਉਣ, ਵਰਤਾਉਣ, ਛਕਾਉਣ ਆਦਿ ਦੀ ਖ਼ੁਦ ਜ਼ਿਮੇਵਾਰੀ ਲਵੇ ਤਾਂ। ਅੱਜ ਗੁਰੂ ਜੀ ਦੀ ਕਿਰਪਾ ਸਦਕਾ ਸਿਡਨੀ ਵਿਚ ਹੀ ਅੱਠ ਗੁਰਦੁਆਰੇ ਹਨ ਜਿਥੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਹਨ। ਇਹ ਕੁਝ ਏਥੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦੇ ਆਉਣ ਸਦਕਾ ਹੀ ਸੰਭਵ ਹੋਇਆ ਹੈ।
ਮੁਲਕ ਆਸਟ੍ਰੇਲੀਆ ਧਰਤੀ ਦੇ ਦੱਖਣ ਵਾਲ਼ੇ ਪਾਸੇ, ਇੰਡੋਨੇਸ਼ੀਆ ਤੋਂ ਥੱਲੇ ਅਤੇ ਨਿਊ ਜ਼ੀਲੈਂਡ ਦੇ ਤਕਰੀਬਨ ਬਰਾਬਰ ਵਾਕਿਆ ਹੈ। ਇਸ ਦੀ ਧਰਤੀ ਭਾਰਤ ਨਾਲ਼ੋਂ ਤਕਰੀਬਨ ਢਾਈ ਗੁਣਾਂ ਵੱਡੀ ਹੈ ਤੇ ਆਬਾਦੀ ਸਿਰਫ਼ ਬਾਈ ਮਿਲੀਅਨ; ਅਥਵਾ ਸਵਾ ਦੋ ਕਰੋੜ ਨਾਲੋਂ ਵੀ ਘੱਟ। ਸਮੁੰਦਰ ਦੇ ਕਿਨਾਰੇ ਕਿਨਾਰੇ ਪੰਜ ਸੱਤ ਸ਼ਹਿਰਾਂ ਵਿਚ ਹੀ ਲੋਕ ਵੱਸਦੇ ਹਨ, ਅੰਦਰ ਸਾਰਾ ਮੁਲਕ ਖਾਲੀ ਪਿਆ ਹੈ ਜਿਥੇ ਰੇਤ ਦੇ ਟਿੱਬੇ, ਝਾੜੀਆਂ, ਪੱਥਰ ਆਦਿ ਸੋਭਾ ਪਾ ਰਹੇ ਹਨ। ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਤਕਰੀਬਨ ਹਰੇਕ ਫਸਲ ਦੇ ਵੱਡੇ ਵੱਡੇ ਫਾਰਮ ਹਨ। ਕਈ ਫਾਰਮ ਤਾਂ ਹਜ਼ਾਰਾਂ ਏਕੜਾਂ ਵਿਚ ਵੀ ਹਨ।
ਏਥੋਂ ਦੇ ਅਸਲੀ ਵਸਨੀਕ, ਦੱਸਿਆ ਜਾਂਦਾ ਹੈ ਕਿ ਚਾਲ਼ੀ ਹਜਾਰ ਸਾਲਾਂ ਤੋਂ ਏਥੇ ਦੱਖਣੀ ਏਸ਼ੀਆ ਤੋਂ ਆ ਕੇ ਵੱਸ ਰਹੇ ਹਨ। ਇਹਨਾਂ ਨੂੰ ਐਬੋਰੀਜੀਨਜ਼ (ਅਬੋਰਗਿਨਿੳਲ) ਆਖਦੇ ਹਨ। ਇਹ 300 ਗਰੁਪਾਂ ਵਿਚ ਵੰਡੇ ਹੋਏ ਸਨ ਤੇ 250 ਜ਼ਬਾਨਾਂ ਤੇ 700 ਡਾਇਲੈਕਟਾਂ ਵਿਚ ਬੋਲਦੇ ਸਨ। ਅੱਜ ਕਲ੍ਹ ਇਹਨਾਂ ਦੀ ਆਬਾਦੀ, ਆਸਟ੍ਰੇਲੀਆ ਦੀ ਸਮੁਚੀ ਆਬਾਦੀ ਵਿਚ ਦੋ ਕੁ ਫੀ ਸਦੀ ਸਮਝੀ ਜਾਂਦੀ ਹੈ। ਕਈ ਗੱਲਾਂ ਵਿਚ ਬਾਕੀ ਦੇ ਵਸਿੰਦਿਆਂ ਨਾਲ਼ੋਂ ਇਹਨਾਂ ਦੇ ਕੁਝ ਵਿਸ਼ੇਸ਼ ਅਧਿਕਾਰ ਹਨ।
ਭਾਵੇਂ ਕਿ ਇਸ ਦੀ ਖੋਜ ਪਹਿਲਾਂ ਵੀ ਹੋ ਚੁੱਕੀ ਹੋਈ ਸੀ ਪਰ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠ ਅਮ੍ਰੀਕਾ ਨੇ ਲੰਮੀ ਲੜਾਈ ਲੜ ਕੇ, ਵਲੈਤੀ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਤਾਂ ਵਲੈਤੀਆਂ ਨੂੰ ਫਿਰ ਆਪਣੇ ਅਣਚਾਹੇ ਬੰਦੇ ਸੁੱਟਣ ਲਈ ਹੋਰ ਥਾਂ ਦੀ ਭਾਲ਼ ਕਰਨੀ ਪਈ ਤੇ ਇਸ ਕਾਰਜ ਲਈ ਉਹਨਾਂ ਨੇ ਆਸਟ੍ਰੇਲੀਆ ਨੂੰ ਵਰਤਣਾ ਆਰੰਭ ਦਿਤਾ। ਸਤਾਰਵੀਂ ਸਦੀ ਤੋਂ ਹੀ ਉਹ ਆਸਟ੍ਰੇਲੀਆ ਨੂੰ ਨਿਊ ਹਾਲੈਂਡ ਕਰਕੇ ਜਾਣਦੇ ਤਾਂ ਸਨ ਪਰ ਵਲੈਤੋਂ ਤੁਰ ਕੇ ਪਹਿਲਾ ਜਹਾਜ ਕੈਪਟਨ ਜੇਮਜ਼ ਕੁਕ ਦੀ ਅਗਵਾਈ ਹੇਠ 1770 ਵਿਚ ਹੀ ਆਇਆ ਸੀ। ਫਿਰ 26 ਜਨਵਰੀ 1788 ਨੂੰ, 11 ਜਹਾਜਾਂ ਵਿਚ, 1500 ਅਣਚਾਹੇ ਬੰਦੇ ਏਥੇ ਲਿਆਂਦੇ ਗਏ। ਇਹ ਜਹਾਜ ਸਿਡਨੀ ਹਾਰਬਰ ਆ ਕੇ ਲੱਗੇ ਸਨ। 1868 ਤੱਕ 160.000 ‘ਦੋਸ਼ੀ’ ਬੰਦੇ ਬੰਦੀਆਂ ਏਥੇ ਪਹੁੰਚ ਚੁਕੇ ਸਨ। ਨਵੇਂ ਆਇਆਂ ਨੇ ਏਥੇ ਦੇ ਵਸਨੀਕ ਐਬੋਰੀਜੀਨਲ ਲੋਕਾਂ ਦਾ ਸ਼ਿਕਾਰ ਖੇਡ ਖੇਡ ਕੇ ਕੁਝ ਭਜਾ ਦਿਤੇ, ਕੁਝ ਮਾਰ ਦਿਤੇ ਤੇ ਕੁਝ ਪਹਿਲਾਂ ਅਣਜਾਣੀਆਂ ਬੀਮਾਰੀਆਂ ਦੇ, ਨਵੇਂ ਆਇਆਂ ਨੇ, ਸ਼ਿਕਾਰ ਬਣਾ ਦਿਤੇ। ਅੱਜ ਆਸਟ੍ਰੇਲੀਆ ਵਿਚ ਸ਼ਾਇਦ ਹੀ ਕੋਈ ਸੌ ਫ਼ੀ ਸਦੀ ਸ਼ੁਧ ਐਬੋਰੀਜਨਲ ਬੰਦਾ ਜਾਂ ਬੰਦੀ ਮਿਲ਼ ਸਕੇ।
19ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਬਹੁਤ ਸਾਰੇ ਫੌਜੀ, ਅਫ਼ਸਰ, ਦੋਸ਼ੀ ਆਦਿ ਨੇ ਸਰਕਾਰੋਂ ਜ਼ਮੀਨ ਪ੍ਰਾਪਤ ਹੋਈ ਨੂੰ ਆਬਾਦ ਕਰਕੇ ਫਾਰਮ ਬਣਾ ਲਏ। ਇਹ ਵੇਖ ਕੇ ਬਹੁਤ ਸਾਰੇ ਵਲੈਤੋਂ ਹੋਰ ਉਦਮੀ ਵਿਅਕਤੀ ਜਹਾਜ ਭਰ ਭਰ ਕੇ ਆ ਗਏ। ਇਹ ਲੋਕ ਮਾਰੂ ਹਥਿਆਰਾਂ ਸਹਿਤ ਹੋਰ ਅੰਦਰ ਐਬੋਰੀਜੀਨਲ ਲੋਕਾਂ ਦੇ ਵਸੇਬੇ ਵਾਲ਼ੀ ਧਰਤੀ ਵੱਲ ਵਧਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਇਹਨਾਂ ਨਵੇ ਆਇਆਂ ਨੇ, ਹੋਰ ਕਈ ਸ਼ਹਿਰ ਵਸਾ ਲਏ। ਫਿਰ ਸੋਨਾ ਲਭਣ ਕਰਕੇ ਵੀ ਬਹੁਤ ਸਾਰੇ ਜਵਾਨ ਲੋਕੀਂ ਵਲੈਤੋਂ ਏਧਰ ਨੂੰ ਭੱਜ ਆਏ। ਬੇੜੀਆਂ ਭਰ ਭਰ ਕੇ ਚੀਨੇ ਵੀ ਏਥੇ ਆ ਵਸੇ। ਕਈ ਮਾੜੇ ਸਮਝੇ ਜਾਣ ਵਾਲ਼ੇ ਧੰਦੇ ਕਰਨ ਵਾਲ਼ੇ ਹੋਰ ਲੋਕ ਵੀ ਏਥੇ ਆ ਗਏ। ਦੋਹਾਂ ਸੰਸਾਰ ਜੰਗਾਂ ਤੋਂ ਉਪ੍ਰੰਤ ਲੋੜਵੰਦ, ਰਿਫ਼ੂਜੀ ਆਦਿ ਵੀ ਏਥੇ ਆ ਟਿਕੇ।
ਪਹਿਲਾਂ ਆਸਟ੍ਰੇਲੀਆ ਦੀਆਂ ਛੇ ਸਟੇਟਾਂ ਵੱਖ ਵੱਖ ਸਨ। ਫਿਰ ਇਹਨਾਂ ਨੇ 1 ਜਨਵਰੀ 1901 ਵਾਲ਼ੇ ਦਿਨ, ਇਕ ਸੰਵਿਧਾਨ ਅਧੀਨ ‘ਕਾਮਲਵੈਲਥ ਆਫ਼ ਆਸਟ੍ਰੇਲੀਆ’ ਦੇ ਨਾਂ ਥੱਲੇ ਇਕ ਮੁਲਕ ਵਜੂਦ ਵਿਚ ਲੈ ਆਂਦਾ। ਹੁਣ ਸਟੇਟਾਂ ਦੀਆਂ ਸਰਕਾਰਾਂ ਤੋਂ ਉਪਰ ਸਾਰੇ ਮੁਲਕ ਦੀ ਆਪਣੀ ਇਕ ਸੰਘੀ ਸਰਕਾਰ ਹੈ ਜਿਸ ਦਾ ਹੈਡ ਕੁਆਰਟਰ, ਨਵੇ ਵਸਾਏ ਸ਼ਹਿਰ ਕੈਨਬਰਾ ਵਿਚ ਹੈ। ਇਸ ਦੀ ਪਾਰਲੀਮੈਂਟ ਦੇ ਦੋ ਸਦਨ ਹਨ। ਹੇਠਲੇ ਸਦਨ ਵਿਚ ਬਹੁ ਸੰਮਤੀ ਪ੍ਰਾਪਤ ਆਗੂ, ਸਾਡੀ ਲੋਕ ਸਭਾ ਵਾਗ ਹੀ, ਪ੍ਰਧਾਨ ਮੰਤਰੀ ਬਣਦਾ ਹੈ। ਨਾਮ ਮਾਤਰ ਰਾਜ ਦੀ ਮੁਖੀ ਵਲੈਤੀ ਰਾਣੀ ਹੈ ਅਤੇ ਨੋਟਾਂ ਉਪਰ ਉਸ ਦੀ ਫੋਟੋ ਛਪਦੀ ਹੈ ਪਰ ਸਿਧਾ ਦਖਲ ਉਸ ਦਾ ਪ੍ਰਬੰਧ ਵਿਚ ਕੋਈ ਨਹੀ। ਪ੍ਰਧਾਨ ਮੰਤਰੀ ਗਵਰਨਰ ਜਨਰਲ ਦਾ ਨਾਂ ਰਾਣੀ ਨੂੰ ਭੇਜਦਾ ਹੈ ਤੇ ਉਹ ਉਸ ਉਪਰ ਮੋਹਰ ਲਾ ਦਿੰਦੀ ਹੈ। ਫੌਜੀ ਤੌਰ ਤੇ ਆਸਟ੍ਰੇਲੀਆ ਦਾ ਅਮ੍ਰੀਕਾ ਨਾਲ ਗੱਠ ਜੋੜ ਹੈ।
ਅਮ੍ਰੀਕਾ ਦੇ ਸਾਬਕ ਪ੍ਰਧਾਨ ਮਿਸਟਰ ਨਿਕਸਨ ਨੇ ਇਸ ਨੂੰ ਆਪਣੀ ਕਿਤਾਬ ਵਿਚ ਭਵਿਖ ਦਾ ਦੇਸ਼ ਆਖਿਆ ਸੀ। ਕੁਝ ਲੋਕੀਂ ਇਸ ਦੇ ਵਸਨੀਕਾਂ ਦੀ ਮਾਨਸਕਤਾ ਨੂੰ ਵੇਖਦੇ ਹੋਏ ‘ਨੇਸ਼ਨ ਆਫ਼ ਥਰੋ ਅਵੇਜ਼’ ਅਤੇ ‘ਕੰਟਰੀ ਆਫ਼ ਗੈਂਬਲਰਜ਼’ ਵੀ ਆਖਦੇ ਹਨ। ਅਰਥਾਤ ਪੁਰਾਣੀਆਂ ਵਸਤਾਂ ਦੀ ਮੁਰੰਮਤ ਕਰ ਕੇ ਵਰਤਣ ਦੀ ਖੇਚਲ਼ ਕਰਨ ਦੀ ਬਜਾਇ ਉਹਨਾਂ ਨੂੰ ਬਾਹਰ ਸੁੱਟ ਕੇ ਨਵੀਆਂ ਖ਼ਰੀਦ ਲੈਂਦੇ ਹਨ ਅਤੇ ਹਰੇਕ ਸਾਲ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਮੈਲਬਰਨ ਸ਼ਹਿਰ ਵਿਚ ਘੋੜਿਆਂ ਦੀ ਦੌੜ ਦੇ ਜੂਏ ਵਿਚ ਪੈਸੇ ਲਾਉਣ ਤੋਂ ਸ਼ਾਇਦ ਹੀ ਕੋਈ ਮੇਰੇ ਵਰਗਾ ਵਾਂਝਾ ਰਹਿੰਦਾ ਹੋਵੇ। ਆਮ ਤੌਰ ਤੇ ਹਰੇਕ ਹੀ ਕੁਝ ਨਾ ਕੁਝ ਇਸ ਸਮੇ ਦਾ ਉਪਰ ਲਾਉਂਦਾ ਹੈ।
1972 ਵਿਚ ਗਫ਼ ਵਿਟਲਮ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਸਰਕਾਰ ਨੇ ਕਈ ਹੋਰ ਚੰਗੇ ਕੰਮ ਕਰਨ ਦੇ ਨਾਲ਼ ਨਾਲ਼ ‘ਵਾਈਟ ਆਸਟ੍ਰੇਲੀਆ’ ਦੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਹੁ ਸਭਿਆਚਾਰਕ ਆਸਟ੍ਰੇਲੀਆ ਲਈ ਰਾਹ ਖੋਹਲ ਦਿਤਾ। ਇਸ ਕਾਰਨ ਹੁਣ ਏਥੇ 200 ਤੋਂ ਉਪਰ ਮੁਲਕਾਂ ਦੇ ਵਿਅਕਤੀ ਵੱਸਦੇ ਹਨ। ਬਹੁਤੇ ਦੇਸਾਂ ਦੇ ਵਿਅਕਤੀਆਂ ਦਾ ਏਥੇ ਵਸੇਬਾ ਹੋਣ ਕਰਕੇ ਆਸਟ੍ਰੇਲੀਆ ਨੂੰ ‘ਕੰਟਰੀ ਆਫ਼ ਮਾਈਗਰੈਂਟਸ’ ਵੀ ਆਖਦੇ ਹਨ।
ਜਦੋਂ ਦਾ ਮੈ ਏਥੇ ਆਇਆ ਹਾਂ ਓਦੋਂ ਦਾ ਹੀ ਆਸਟ੍ਰੇਲੀਆ ਵਿਚ ਸਿੱਖਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਵਸੋਂ ਦਾ ਪਤਾ ਲਾਉਣ ਦੇ ਯਤਨਾਂ ਵਿਚ ਹਾਂ ਪਰ ਇਸ ਦਾ ਸਹੀ ਪਤਾ ਮੇਰੇ ਕੋਲ਼ੋਂ ਨਹੀ ਲੱਗ ਸਕਿਆ। ਕਾਰਨ ਸ਼ਾਇਦ ਇਹ ਹੈ ਕਿ ਹਰੇਕ ਮਰਦਮਸ਼ੁਮਾਰੀ ਸਮੇ ਧਰਮ ਦੇ ਖਾਨੇ ਵਿਚ ਸਿੱਖਾਂ ਦੀ ਗਿਣਤੀ ਉਹਨਾਂ ਦੀ ਅਸਲ ਗਿਣਤੀ ਦੇ ਮੁਕਾਬਲੇ ਕਈ ਗੁਣਾਂ ਘੱਟ ਹੁੰਦੀ ਹੈ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਤੇ ਉਸ ਤੋਂ ਵੀ ਕਿਤੇ ਘਟ ਹੁੰਦੀ ਹੈ। ਮੇਰੇ ਅੰਦਾਜ਼ੇ ਅਨੁਸਾਰ ਸਿਖਾਂ ਦੀ ਗਿਣਤੀ ਏਥੇ ਲੱਖਾਂ ਵਿਚ ਹੈ ਜਦੋਂ ਕਿ ਮਰਦਮ ਸ਼ੁਮਾਰੀ ਵਿਚ ਕੁਝ ਹਜਾਰ ਹੀ ਦਿਖਾਈ ਦਿੰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਤਾਂ ਸਾਇਦ ਇਹ ਕਾਰਨ ਹੀ ਹੋਵੇ ਕਿ ਅਸੀਂ ਮਰਦਮ ਸ਼ੁਮਾਰੀ ਸਮੇ ਆਪਣੇ ਧਰਮ ਤੇ ਬੋਲੀ ਦਾ ਪ੍ਰਗਟਾਵਾ ਕਰਨ ਦੀ, ਕਿਸੇ ਕਾਰਨ ਕਰਕੇ, ਲੋੜ ਹੀ ਨਹੀ ਸਮਝਦੇ।
1988 ਵਿਚ ਏਥੋਂ ਦੀ ਸਰਕਾਰ ਨੇ ਬਾਹਰੋਂ ਵਿਦਿਆਰਥੀ ਫੀਸਾਂ ਦੇ ਕੇ ਪੜ੍ਹਨ ਲਈ ਆਉਣ ਹਿਤ ਪ੍ਰਚਾਰ ਕੀਤਾ। ਇਸ ਦੇ ਕਈ ਕਾਰਨ ਸਨ। ਓਦੋਂ ਤੋਂ ਲੈ ਕੇ ਵਿਦਿਆਰਥੀਆਂ ਦਾ ਹੜ੍ਹ ਹੀ ਆ ਗਿਆ ਹੈ। ਚਾਰ ਚੌਫੇਰੇ ਵਿਦਿਆਰਥੀਆਂ ਦਾ ਬੋਲ ਬਾਲਾ ਹੈ। ਇਹਨਾਂ ਵਿਚ ਪੰਜਾਬੀ ਨੌਜਵਾਨਾਂ ਦੀ ਵੀ ਸੱਬਰਕੱਤੀ ਗਿਣਤੀ ਹੈ। ਇਹਨਾਂ ਵਿਚ ਬਹੁਤ ਸਾਰੇ ਸਾਬਤ ਸੂਰਤ ਵੀ ਹਨ। ਪੰਜਾਬੀ ਨੌਜਵਾਨ ਬੱਚੇ ਬੱਚੀਆਂ ਜੋ ਕਿ ਆਪਣਾ ਆਰਥਿਕ ਭਵਿਖ ਸੁਧਾਰਨ ਦੀ ਤਸਵੀਰ ਲੈ ਕੇ ਏਥੇ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਬੜਾ ਹੀ ਮਨ ਪ੍ਰਸੰਨ ਹੁੰਦਾ ਹੈ। ਸ਼ੁਰੂ ਵਿਚ ਉਹਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਅੰਤ ਵਿਚ ‘ਸਭ ਭਲਾ’ ਹੀ ਹੋ ਨਿੱਬੜਦਾ ਹੈ। ਕੋਈ ਵਿਰਲਾ ਹੀ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸਕਣ ਕਰਕੇ ਵਾਪਸ ਮੁੜਦਾ ਹੈ। ਇਹਨਾਂ ਵਿਦਿਆਰਥੀਆਂ ਕਰਕੇ ਹੀ ਸਾਰੇ ਸ਼ਹਿਰਾਂ ਵਿਚਲੇ ਗੁਰਦੁਆਰਾ ਸਾਹਿਬਾਨ ਵਿਚ ਰੌਣਕਾਂ ਹੁੰਦੀਆਂ ਹਨ। ਕਿਸੇ ਵੀ ਗੁਰਦੁਆਰੇ ਵਿਚ ਦੀਵਾਨਾਂ ਤੇ ਲੰਗਰਾਂ ਦੀ ਕੋਈ ਤੋਟ ਨਹੀ। ਸੰਸਥਾਵਾਂ ਦੇ ਸੀਮਤ ਵਸੀਲਿਆਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਸਮੇ ਸਮੇ ਇਹਨਾਂ ਵਿਦਿਆਰਥੀਆਂ, ਹੋਰ ਯਾਤਰੂਆਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਯਤਨ ਕਰਦੇ ਹਨ। ਸੰਗਤਾਂ ਰਾਸ਼ਨ ਲਿਆਉਂਦੀਆਂ ਹਨ, ਪਕਾਉਂਦੀਆਂ ਹਨ, ਵਰਤਾਉਂਦੀਆਂ ਹਨ, ਖ਼ੁਦ ਛਕਦੀਆਂ ਤੇ ਹੋਰਨਾਂ ਨੂੰ ਛਕਾਉਂਦੀਆਂ ਹਨ। ਲੰਗਰ ਦੀ ਸੇਵਾ ਕਰਨ ਵਾਲ਼ਿਆਂ ਨੂੰ ਕਈ ਵਾਰ ਵਾਰੀ ਨਹੀ ਮਿਲਦੀ। ਲੰਗਰ ਦੀ ਸੇਵਾ ਲੈਣ ਵਾਸਤੇ ਕਈ ਕਈ ਮਹੀਨੇ ਵਾਰੀ ਲੈਣ ਲਈ ਵੀ ਉਡੀਕਣਾ ਪੈਂਦਾ ਹੈ। ਸਾਰੇ ਆਸਟ੍ਰੇਲੀਆ ਵਿਚ ਪੰਝੀ ਕੁ ਦੇ ਕਰੀਬ ਗੁਰਦੁਆਰੇ ਬਣ ਚੁਕੇ ਹਨ ਜਿਥੇ ਹਰ ਵੀਕਐਂਡ ਤੇ ਸੰਗਤਾਂ ਦੀ ਗਹਿਮਾ ਗਹਿਮ ਹੁੰਦੀ ਹੈ।

ਹੁਣ ਮੈ ਆਪਣੇ ਆਸਟ੍ਰੇਲੀਆ ਆਉਣ ਦੀ ਗੱਲ ਵੀ ਕਰ ਹੀ ਲਵਾਂ:
ਗੱਲ ਇਹ 1964 ਦੀਆਂ ਗਰਮੀਆਂ ਦੀ ਹੈ। ਮੈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਰਤਨ ਦੀ ਸੇਵਾ ਕਰਨ ਦੇ ਨਾਲ਼ ਨਾਲ਼ ਪੜ੍ਹਾਈ ਕਰਨ ਦੇ ਯਤਨਾਂ ਵਿਚ ਵੀ ਸਾਂ। ਮੇਰੇ ਮਿੱਤਰ ਰਾਗੀ ਸਿੰਘ ਭਾਈ ਕਰਮ ਸਿੰਘ ਦੇ ਕਮਰੇ ਦੀ ਕੰਧ ਉਪਰ ਦੁਨੀਆ ਦਾ ਨਕਸ਼ਾ ਲੱਗਾ ਹੋਇਆ ਮੈਨੂੰ ਦਿਸਿਆ। ਐਵੇਂ ਆਪਣੀ ਅੱਖਰਾਂ ਨਾਲ ਮੱਥਾ ਮਾਰੀ ਜਾਣ ਦੀ ਆਦਤ ਵੱਸ ਮੈ ਉਹ ਵੇਖਣ ਲਗ ਪਿਆ। ਹੋਰ ਤਾਂ ਸਭ ਆਮ ਵਾਂਗ ਹੀ ਸੀ ਪਰ ਜਦੋਂ ਦੁਨੀਆ ਤੋਂ ਬਿਲਕੁਲ ਨਿਵੇਕਲੇ ਜਿਹੇ ਇਕ ਹਰੇ ਹਰੇ ਹਿੱਸੇ ਉਪਰ ਨਿਗਾਹ ਗਈ ਤਾਂ ਲਿਖਿਆ ਪੜ੍ਹਿਆ: ਆਸਟ੍ਰੇਲੀਆ। ਇਸ ਨਕਸ਼ੇ ਦੀ ਲਿਖਤ ਹਿੰਦੀ ਵਿਚ ਸੀ ਨਹੀ ਤਾਂ ਅੰਗ੍ਰੇਜ਼ੀ ਵਿਚ ਹੋਣ ਕਰਕੇ ਸ਼ਾਇਦ ਮੈ ਪੜ੍ਹ ਹੀ ਨਾ ਸਕਦਾ ਕਿਉਂਕਿ ਓਦੋਂ ਅਜੇ ਅੰਗ੍ਰੇਜ਼ੀ ਦੇ ਅੱਖਰ ਉਠਾਲ਼ ਸਕਣ ਦੇ ਮੈ ਕਾਬਲ ਨਹੀ ਸਾਂ ਹੋਇਆ। ਇਕ ਤਾਂ ਹਰੇ ਰੰਗ ਨੇ ਮੇਰਾ ਧਿਆਨ ਖਿੱਚਿਆ। ਪਤਾ ਨਹੀ ਕਿਉਂ ਚਿੱਟਾ, ਗੂੜਾ ਨੀਲਾ ਤੇ ਗੂਹੜਾ ਹੀ ਹਰਾ ਰੰਗ ਮੈਨੂੰ ਬਚਪਨ ਤੋਂ ਹੀ ਪ੍ਰਭਾਵਤ ਕਰਦੇ ਆ ਰਹੇ ਹਨ। ਇਹ ਮੇਰੀ ‘ਕਮਜ਼ੋਰੀ’ ਹੁਣ ਵੀ ਮੇਰਾ ਪੂਰਾ ਸਾਥ ਦੇ ਰਹੀ ਹੈ; ਕਾਰਨ ਦਾ ਪਤਾ ਨਹੀ। ਇਸ ਤੋਂ ਵੀ ਵਧ ਮੈਨੂੰ ਧਰਤੀ ਦੇ ਇਸ ਭੂ ਭਾਗ ਨੇ ਜਿਸ ਗੱਲ ਦੀ ਖਿੱਚ ਪਾਈ ਉਹ ਇਹ ਸੀ ਕਿ ਇਸ ਦੀਆਂ ਵੱਖ ਵੱਖ ਸਟੇਟਾਂ ਦਰਮਿਆਨ ਇਹਨਾਂ ਨੂੰ ਵਖਰਿਆਉਣ ਵਾਲ਼ੀਆਂ ਲੀਕਾਂ ਤਕਰੀਬਨ ਸਿਧੀਆਂ ਵਾਹੀਆਂ ਹੋਈਆਂ ਸਨ। ਆਮ ਦੇਸ਼ਾਂ ਦੀ ਤੇ ਉਹਨਾਂ ਦੇ ਸੂਬਿਆਂ ਦੀ ਵੰਡ ਕਰਦੀਆਂ ਲਕੀਰਾਂ ਬੜੀਆਂ ਉਧੜ ਗੁਧੜ ਜਿਹੀਆਂ ਨਕਸ਼ਿਆਂ ਉਪਰ ਦਿਸਦੀਆਂ ਹਨ ਪਰ ਆਸਟ੍ਰੇਲੀਆ ਦੀਆਂ ਸਟੇਟਾਂ ਦੀ ਇਸ ਵੰਡ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਜਦੋਂ ਵੀ ਭਾਈ ਕਰਮ ਸਿੰਘ ਦੇ ਕਮਰੇ ਵਿਚ ਜਾਣਾ, ਜ਼ਿਆਦਾ ਸਮਾ ਮੇਰਾ ਉਸ ਨਕਸ਼ੇ ਨੂੰ ਵੇਖਣ ਉਤੇ ਅਤੇ ਸਭ ਤੋਂ ਵਧ ਆਸਟ੍ਰੇਲੀਆ ਵਾਲ਼ੇ ਹਿੱਸੇ ਉਪਰ ਹੀ ਧਿਆਨ ਕੇਂਦ੍ਰਿਤ ਰਹਿਣਾ। ਇਹ ਵੀ ਮੈਨੂੰ ਯਾਦ ਹੈ ਕਿ ਉਸ ਨਕਸ਼ੇ ਉਪਰ ਸਮੁੰਦਰੀ ਜਹਾਜ ਦੀ ਫੋਟੋ ਬਣਾ ਕੇ ਇਕ ਰੂਟ ਇਹ ਵੀ ਦਰਸਾਇਆ ਹੁੰਦਾ ਸੀ ਜਿਸ ਉਪਰ, ਹਿੰਦੀ ਵਿਚ ‘ਬੰਬੇ ਸੇ ਸਿਡਨੀ’ ਅਤੇ ‘ਸਿਡਨੀ ਸੇ ਬੰਬੇ’ ਲਿਖਿਆ ਹੋਇਆ ਹੁੰਦਾ ਸੀ।

ਗੱਲ ਆਈ ਗਈ ਹੋ ਗਈ।
ਜਦੋਂ ਮੈ ਮਲਾਵੀ ਤੋਂ 1977 ਦੇ ਮਾਰਚ ਮਹੀਨੇ ਵਿਚ ਰੁਖ਼ਸਤ ਲਈ ਤਾਂ ਦੁਨੀਆ ਦੇ ਦੁਆਲ਼ੇ ਦੀ ਟਿਕਟ ਇਸ ਤਰ੍ਹਾਂ ਬਣਵਾਈ: ਮਲਾਵੀ ਤੋਂ ਨੈਰੋਬੀ, ਕੰਪਾਲਾ, ਕੈਰੋ, ਏਥਨਜ਼, ਰੋਮ, ਫ਼ਟੈਂਕਫ਼ਰਟ, ਲਕਸਮਬਰਗ, ਪੈਰਸ, ਐਮਸਟਰਡੈਮ, ਲੰਡਨ, ਨਿਊ ਯਾਰਕ, ਵੈਨਕੂਵਰ, ਹੋਨੋਲੋਲੋ, ਔਕਲੈਂਡ, ਸਿਡਨੀ, ਸਿੰਘਾਪੁਰ, ਬੰਬਈ, ਦਿਲੀ, ਅੰਮ੍ਰਿਤਸਰ। ਪਰ ਲੰਡਨ ਪਹੁੰਚ ਕੇ ਸੱਤ ਕੁ ਮਹੀਨੇ ਓਥੇ ਹੀ ਕਿਸੇ ਖਾਸ ਕਾਰਨ ਰੁਕਿਆ ਰਿਹਾ। ਇਸ ਦੌਰਾਨ ਮੇਰਾ ਕੀਤਾ ਖ਼ਰਚ ਪੱਠਾ ਵੀ ਲੰਡਨੋ ਪੂਰਾ ਹੋ ਗਿਆ। ਇਕ ਦਿਨ ਏਥੇ ਲੰਡਨ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਜਾ ਕੇ ਵੀਜ਼ੇ ਆਦਿ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਜਾਣ ਦਾ ਪ੍ਰਯੋਜਨ ਕਵੀਨਜ਼ਲੈਂਡ ਵਿਚ ਪੁਰਾਣੇ ਫਾਰਮਰ ਸਿੱਖਾਂ ਨਾਲ਼ ਮੇਲ਼ ਮਿਲ਼ਾਪ ਕਰਨਾ ਦੱਸਿਆ। ਉਹਨਾਂ ਆਖਿਆ ਕਿ ਮੈ ਵੀਜ਼ੇ ਲਈ ਅਪਲਾਈ ਕਰਾਂ ਪਰ ਮੈ ਫਿਰ ਅੰਮ੍ਰਿਤਸਰ ਜਾ ਵੜਿਆ। ਓਥੋਂ ਫਿਰ ਲੰਡਨ ਆ ਕੇ ਵੰਨ ਵੇ ਸਟੈਂਡਬਾਈ ਸਸਤੀ 64 ਪੌਂਡ ਦੀ ਇਕ ਪਾਸੜ ਟਿਕਟ ਲੈ ਕੇ, 13 ਅਪ੍ਰੈਲ 1978 ਵਾਲ਼ੇ ਦਿਨ, ਨਿਊਯਾਰਕ ਜਾ ਉਤਰਿਆ। ਇਮੀਗ੍ਰੇਸ਼ਨ ਅਫ਼ਸਰ ਵੱਲੋਂ ਅੱਗੇ ਦੀ ਟਿਕਟ ਪੁੱਛਣ ਤੇ ਆਖ ਦਿਤਾ ਕਿ ਮੇਰੇ ਪਾਸ ਪੈਸੇ ਹੈਗੇ ਨੇ; ਮੈ ਜਦੋਂ ਮੁੜਨਾ ਜਾਂ ਅੱਗੇ ਜਾਣਾ ਹੋਊ ਤਾਂ ਏਥੋਂ ਖ਼ਰੀਦ ਲਊਂਗਾ।
ਪੌਣਾ ਕੁ ਸਾਲ ਅਮ੍ਰੀਕਾ ਤੇ ਕੈਨੇਡਾ ਦੇ ਦੋਹਾਂ ਮੁਲਕਾਂ ਦੇ ਪੂਰਬੀ ਸਿਰੇ ਤੋਂ ਲੈ ਕੇ ਪੱਛਮੀ ਸਿਰੇ ਤੱਕ ਬੱਸਾਂ ਤੇ ਕਾਰਾਂ ਰਾਹੀਂ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਕੈਲੇਫ਼ੋਰਨੀਆ ਦੇ ਸਹਿਰ, ਸਨ ਫ਼੍ਰਾਂਸਿਸਕੋ ਸਥਿਤ ਆਸਟ੍ਰੇਲੀਅਨ ਕੌਂਸੂਲੇਟ ਵਿਚ ਜਾ ਕੇ, ਵੀਜ਼ੇ ਬਾਰੇ ਫਿਰ ਗੱਲ ਕੀਤੀ ਤਾਂ ਰੀਸੈਪਸ਼ਨਿਸਟ ਲੜਕੀ ਮੇਰਾ ਪਾਸਪੋਰਟ ਲੈ ਕੇ ਅੰਦਰ ਗਈ ਤੇ ਕੁਝ ਮਿੰਟਾਂ ਪਿਛੋਂ ਮੈਨੂੰ ਪਾਸਪੋਰਟ ਮੋੜਦਿਆਂ ਆਖਿਆ ਕਿ ਮੈ ਟਿਕਟ ਤੇ ਪੈਸੇ ਲੈ ਕੇ ਆ ਜਾਵਾਂ ਤੇ ਵੀਜ਼ਾ ਲੈ ਜਾਵਾਂ। ਲਾਸ ਏਂਜਲਸ ਵਿਖੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਯੋਗੀ ਹਰਿਭਜਨ ਸਿੰਘ ਖ਼ਾਲਸਾ ਜੀ ਨੇ ਮੇਰਾ ਵਿਚਾਰ ਬਦਲ ਦਿਤਾ। ਉਹਨਾਂ ਨੇ ਮੈਨੂੰ ਪ੍ਰੇਰ ਕੇ ਅੱਗੇ ਜਾਣ ਦੀ ਬਜਾਇ ’ਯੂ ਟਰਨ’ ਕਰਵਾ ਕੇ ਮੇਰਾ ਮੂੰਹ ਅੰਮ੍ਰਿਤਸਰ ਵੱਲ ਮੋੜ ਦਿਤਾ। ਇਸ ਦਾ ਵੀ ਖਾਸ ਕਾਰਨ ਸੀ। 25 ਜਨਵਰੀ 1979 ਨੂੰ ਮੈ ਲਾਸ ਏਂਜਲਸ ਤੋਂ 125 ਡਾਲਰ ਦੀ ਵਨ ਵੇ ਟਿਕਟ ਲੈ ਕੇ ਲੰਡਨ ਜਾ ਉਤਰਿਆ ਤੇ ਓਥੋਂ ਇਕ ਮਹੀਨੇ ੱਿਪਛੋਂ 80 ਪੌਂਡ ਦੀ ਆਰੀਆਨਾ ਏਅਰਵੇਜ਼ ਦੀ ਵਨ ਵੇ ਟਿਕਟ ਲੈ ਕੇ ਫਰਵਰੀ ਵਿਚ ਅੰਮ੍ਰਿਤਸਰ ਜਾ ਉਤਰਿਆ।
ਚੌਥੀ ਵਾਰ ਦੇਸੋਂ ਬਾਹਰ ਨਿਕਲ਼ਨ ਵਾਸਤੇ ਫਿਰ ਤਿਆਰੀਆਂ ਆਰੰਭੀਆਂ। ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨੂੰ ਨਾਲ਼ ਲੈ ਕੇ, 29 ਅਪ੍ਰੈਲ 1979 ਨੂੰ ਦਿੱਲੀ ਤੋਂ ਜਹਾਜ ਰਾਹੀਂ ਅਸੀਂ ਦੋਵੇਂ ਬੈਂਕਾਕ ਆ ਉਤਰੇ। ਦੋ ਹਫ਼ਤੇ ਥਾਈਲੈਂਡ ਵਿਚ ਵਿਚਰਨ ਉਪ੍ਰੰਤ ਸੜਕ ਰਸਤੇ ਹੀ ਥਾਈਲੈਂਡ ਤੇ ਮਲੇਸ਼ੀਆ ਦੇ ਸ਼ਹਿਰਾਂ ਵਿਚ ਦੀ ਹੁੰਦੇ ਹੋਏ ਸਿੰਘਾਪੁਰ ਆ ਰੁਕੇ। ਇਹ ਗੱਲ ਸ਼ਾਇਦ ਪਾਠਕਾਂ ਨੂੰ ਅਜੀਬ ਲੱਗੇ ਪਰ ਮੇਰੇ ਨਾਲ਼ ਤਾਂ ਵਾਪਰੀ ਹੋਣ ਕਰਕੇ ਅਜੀਬ ਨਹੀ ਲੱਗਦੀ। ਜਦੋਂ ਮੈ ਏਧਰ ਦਾ ਚੱਕਰ ਲਾਉਣ ਦੀ ਉਧੇੜ ਬੁਣ ਜਿਹੀ ਵਿਚ ਸਾਂ ਤਾਂ ਇਕ ਰਾਤ ਸੁਪਨਾ ਆਇਆ ਕਿ ਇਸ ਆਪਣੀ ਚੌਥੀ ਸੰਸਾਰ ਯਾਤਰਾ ਸਮੇ ਮੈ ਦੱਖਣ ਦੇ ਦੇਸਾਂ ਵੱਲ ਗਿਆ ਹਾਂ ਤੇ ਓਥੇ ਹੀ ਰਹਿ ਗਿਆ ਹਾਂ। ਜਦੋਂ ਮਾਰਚ 1977 ਵਿਚ ਮਲਾਵੀ ਤੋਂ ਤੁਰਨ ਦਾ ਪ੍ਰੋਗਰਾਮ ਬਣਾ ਰਿਹਾ ਸਾਂ ਤਾਂ ਇਕ ਨੌਜਵਾਨ ਇੰਜੀਨੀਅਰ ਨੇ ਐਵੇਂ ਹੀ ਮੇਰਾ ਹੱਥ ਫੜ ਕੇ ਗਹੁ ਨਾਲ਼ ਵੇਖਦਿਆਂ ਹੋਇਆਂ ਆਖਿਆ ਕਿ ਮੈ ਦੁਨੀਆ ਦੇ ਉਤਰੀ ਖਿੱਤੇ ਦੇ ਕਿਸੇ ਮੁਲਕ ਵਿਚ ਨਹੀ ਟਿਕਾਂਗਾ; ਦੱਖਣੀ ਹਿੱਸੇ ਵਿਚ ਹੀ ਟਿਕ ਸਕਦਾ ਹਾਂ। ਗੱਲ ਮੈ ਉਸ ਦੀ ਕੋਈ ਗੌਲ਼ੀ ਨਾ।
ਅੰਮ੍ਰਿਤਸਰੋਂ ਤੁਰਨ ਸਮੇ ਸੋਚ ਵਿਚ ਨਿਸ਼ਾਨਾ ਸੀ ਕਿ ਵਧ ਤੋਂ ਵਧ ਦੇਸ਼ਾਂ ਤੇ ਸਥਾਨਾਂ ਥਾਣੀ ਹੁੰਦੇ ਹੋਏ ਧਰਤੀ ਦੇ ਨਾਲ਼ ਨਾਲ਼ ਹੀ ਈਸਟ ਤੀਮੋਰ ਦੀ ਰਾਜਧਾਨੀ ਦਿੱਲੀ ਤੋਂ ਕੋਈ ਬੋਟ ਜਾਂ ਸਮੁੰਦਰੀ ਜਹਾਜ ਫੜ ਕੇ ਆਸਟ੍ਰੇਲੀਆ ਦੇ ਉਤਰੀ ਸ਼ਹਿਰ ਡਾਰਵਿਨ ਜਾ ਕੇ ਫਿਰ ਅੱਗੋਂ ਸੜਕਾਂ ਰਾਹੀਂ ਹੀ ਆਸਟ੍ਰੇਲੀਆ ਘੁੰਮਿਆ ਜਾਵੇ ਪਰ ਜਦੋਂ ਇਸ ਕਾਰਜ ਲਈ ਇੰਡੋਨੇਸ਼ੀਆ ਦੇ ਵੀਜ਼ੇ ਲਈ ਅਪਲਾਈ ਕੀਤਾ ਤਾਂ ਅਗਲੇ ਦਿਨ ਮੇਰਾ ਵੀਜ਼ਾ ਲੱਗਿਆ ਹੋਇਆ ਤੇ ਭਰਾ ਦਾ ਖਾਲੀ ਪਾਸਪੋਰਟ ਤੇ ਨਾਲ਼ ਹੀ ਉਸ ਦੇ ਵੀਜ਼ੇ ਵਾਲੀ ਫੀਸ ਦੇ ਪੈਸੇ ਮੈਨੂੰ ਫੜਾ ਦਿਤੇ ਗਏ। ਵੀਜ਼ਾ ਨਾ ਮਿਲ਼ਣ ਦਾ ਕਾਰਨ ਪੁਛਣ ਤੇ ਐਂਬੈਸੀ ਦੇ ਨੌਜਵਾਨ ਕਰਮਚਾਰੀ ਮਿਸਟਰ ਵਾਹਦ ਨੇ, “ਸੇਵਾ ਸਿੰਘ ਇਜ਼ ਗੱਬਰ ਸਿੰਘ ਟੂ ਇੰਡੋਨੇਸ਼ੀਆ।“ (ਸੇਵਾ ਸਿੰਘ ਇੰਡੋਨੇਸ਼ੀਆ ਵਾਸਤੇ ਗੱਬਰ ਸਿੰਘ ਹੈ।) ਆਖ ਕੇ ਗੱਲ ਮੁਕਾ ਦਿਤੀ। ਓਹਨੀਂ ਦਿਨੀਂ ਸ਼ੋਅਲੇ ਫਿਲਮ ਦੇ ਖਲਨਾਇਕ ਗੱਬਰ ਸਿੰਘ ਦੇ ਡਾਇਲਾਗ ਬੜੇ ਪ੍ਰਸਿਧ ਸਨ। ਗੱਲ ਇਹ ਸੀ ਕਿ ਸੇਵਾ ਸਿੰਘ ਨਾਂ ਦਾ ਕੋਈ ਬਹੁਰੂਪੀਆ ਓਥੇ ਸ਼ਾਇਦ ਕੋਈ ਠੱਗੀ ਠੁੱਗੀ ਮਾਰ ਆਇਆ ਹੋਣ ਕਰਕੇ, ਇਸ ਨਾਂ ਦੇ ਬੰਦਿਆਂ ਲਈ ਇੰਡੋਨੇਸ਼ੀਆ ਦਾ ਵੀਜ਼ਾ ਬੰਦ ਸੀ। ਉਸ ਦੀ ਰਾਜਧਾਨੀ ਜਕਾਰਤਾ ਤੋਂ ਮਿਲ਼ ਮਿਲ਼ਾ ਕੇ ਭਰਾ ਦੇ ਵੀਜ਼ੇ ਦੀ ਪ੍ਰਾਪਤੀ ਦੀ ਆਸ ਤੇ ਮੈ ਰੂਸੀ ਸਮੁੰਦਰੀ ਜਹਾਜ ਰਾਹੀਂ ਜਕਾਰਤਾ ਜਾ ਅੱਪੜਿਆ। ਕੁਝ ਸੱਜਣਾਂ ਨਾਲ਼ ਗੱਲ ਬਾਤ ਕੀਤੀ ਪਰ ਸਭ ਨੇ ਨਾਕਾਰਤਮਿਕ ਹੁੰਗਾਰਾ ਹੀ ਭਰਿਆ। ਮੈ ਇਹ ਸਲਾਹ ਛੱਡ ਕੇ ਓਥੋਂ ਇੰਡੋਨੇਸ਼ੀਆ ਦੇ ਵੱਡੇ ਟਾਪੂ ਸੁਮਾਤਰਾ ਦੀ ਰਾਜਧਾਨੀ ਮੈਦਾਨ ਜਾਣ ਦਾ ਵਿਚਾਰ ਬਣਾ ਲਿਆ ਤੇ ਮਰਪਾਤੀ ਏਅਰ ਲਾਈਨ ਦੇ ਜਹਾਜ ਰਾਹੀਂ ਚਲਿਆ ਗਿਆ। ਓਥੇ ਇਕ ਸਿੰਧੀ ਪ੍ਰੇਮੀ ਦੇ ਘਰ ਟਿਕਾਣਾ ਕਰ ਲਿਆ। ਓਥੋਂ ਦੇ ਇਕ ਵਸਨੀਕ ਸ. ਮਹਿੰਦਰ ਸਿੰਘ ਜੀ ਨੇ ਆਪਣੀ ਵੈਨ ਵਿਚ ਕਈ ਸ਼ਹਿਰਾਂ ਦੀ ਯਾਤਰਾ ਕਰਵਾ ਦਿਤੀ। ਮੈਦਾਨੋ ਜਹਾਜ, ਬੱਸਾਂ ਆਦਿ ਰਾਹੀਂ ਫਿਰ ਸਿੰਘਾਪੁਰ ਪਹੁੰਚ ਗਿਆ।
ਸਾਨ ਫ਼੍ਰਾਸਿਸਕੋ ਦੇ ਕੌਂਸੂਲੇਟ ਵਾਲ਼ੀ ਲੜਕੀ ਨੇ ਮੇਰੇ ਪਾਸਪੋਰਟ ਨਾਲ਼ ਅੰਦਰ ਜਾ ਕੇ ਕੀ ਕੀਤਾ, ਇਸ ਗੱਲ ਦਾ ਪਤਾ ਸਿੰਘਾਪੁਰ ਵਿਚਲੇ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਚੋਂ ਵੀਜ਼ਾ ਮੰਗਣ ਸਮੇ ਲੱਗਾ। ਉਸ ਬੀਬੀ ਨੇ ਮੇਰੇ ਪਾਸਪੋਰਟ ਉਪਰ ਇਕ ਨਿਸ਼ਾਨੀ ਲਾ ਦਿਤੀ ਸੀ ਜਿਸ ਕਰਕੇ ਸਿੰਘਾਪੁਰ ਵਾਲ਼ੇ ਹਾਈ ਕਮਿਸ਼ਨ ਵਾਲ਼ਿਆਂ ਨੇ ਮੈਨੂੰ ਵੀਜ਼ਾ ਦੇਣ ਤੋਂ ਪਹਿਲਾਂ ਦਿੱਲੀ ਦੇ ਨਾਲ਼ ਨਾਲ਼ ਓਥੋਂ ਵੀ ਮੇਰੇ ਬਾਰੇ ਪਤਾ ਮੰਗਾਇਆ। ਨਿਸ਼ਾਨੀ ਸੀ ਸ਼ਢੌ 79. ਇਸ ਤਰ੍ਹਾਂ ਵੀਜ਼ਾ ਦੇਣ ਲਈ ਦੋ ਦਿਨ ਲੱਗਣ ਦੀ ਬਜਾਇ ਸਾਨੂੰ ਤੇਰਵੇਂ ਦਿਨ ਫ਼ਸਟ ਸੈਕਟਰੀ ਨੇ ਸੱਦ ਕੇ, ਦੋਹਾਂ ਭਰਾਵਾਂ ਨੂੰ ਆਪਣੇ ਦਫ਼ਤਰ ਅੰਦਰ ਕੁਰਸੀਆਂ ਤੇ ਬਹਾ ਕੇ, ਵੀਜ਼ੇ ਤੋਂ ਕੁਝ ਕਾਰਨ ਦੱਸ ਕੇ ਨਾਂਹ ਕਰ ਦਿਤੀ। ਮੇਰੇ ਵਿਆਖਿਆ ਕਰਨ ਤੇ ਉਸ ਨੇ ਫਿਰ ਸਾਨੂੰ ਦੋ ਮਹੀਨੇ ਦਾ ਵੀਜ਼ਾ ਦੋਹਾਂ ਭਰਾਵਾਂ ਨੂੰ ਲਾ ਦਿਤਾ। ਇਹ ਕਰਾਮਾਤ ਹੀ ਵਾਪਰੀ ਕਿ ਮੇਰੇ ਭਰਾ ਸ. ਸੇਵਾ ਸਿੰਘ ਨੂੰ ਇਡੋਨੇਸ਼ੀਆ ਨੇ ਤਾਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਪਰ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਵਾਲ਼ਿਆਂ ਨੇ ਵੀਜ਼ੇ ਦੇ ਦਿਤੇ।
ਅਖੀਰ ਸਿੰਘਾਪੁਰੋਂ ਫ਼ਰਾਂਸ ਦੀ ਯੂਨਾਈਟਡ ਏਅਰ ਲਾਈਨ ਰਾਹੀਂ, ਫ਼੍ਰਾਸੀਸੀ ਇਲਾਕਾ ਨੌਮੀਆਂ ਤੋਂ ਹੁੰਦੇ ਹੋਏ ਅਸੀਂ ਦੋਵੇਂ ਭਰਾ, 25 ਅਕਤੂਬਰ 1979 ਦੀ ਸ਼ਾਮ ਨੂੰ ਸਿਡਨੀ ਆ ਉਤਰੇ। ਹਵਾਈ ਅੱਡੇ ਦੇ ਇਨਫ਼ਰਮੇਸ਼ਨ ਡੈਸਕ ਤੋਂ ਯੂਥ ਸੈਂਟਰ ਦਾ ਪਤਾ ਪੁੱਛ ਕੇ, ਬੱਸ ਫੜ ਕੇ ਓਥੇ ਜਾ ਡੇਰਾ ਲਾਇਆ। ਉਹ ਅਲੈਜ਼ਬੈਥ ਬੇ, ਕਿੰਗ ਕਰਾਸ ਦੇ ਨੇੜੇ ਸਥਾਨ ਸੀ। ਦੋ ਕੁ ਰਾਤਾਂ ਏਥੇ ਰਹਿਣਾ ਪਿਆ। ਫੇਰ ਓਥੋਂ ਸਿੰਘ ਸਭਾ ਦੇ ਸਕੱਤਰ ਸ. ਚਰਨ ਸਿੰਘ ਕੂੰਨਰ ਹੋਰਾਂ ਦੇ ਭੇਜੇ ਹੋਏ, ਸਿੰਘ ਸਭਾ ਦੇ ਖ਼ਜਾਨਚੀ ਸ. ਬਾਵਾ ਸਿੰਘ ਜਗਦੇਵ ਜੀ, ਸਾਨੂੰ ਚੁੱਕ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਲੈ ਗਏ। ਏਥੇ ਨਿਰੰਕਾਰੀ ਗੁਰਪੁਰਬ ਸਮੇ ਅਖੰਡ ਪਾਠ ਤੇ ਦੀਵਾਨ ਵਿਚ ਹਾਜਰੀ ਭਰੀ। ਦੋ ਮਹੀਨੇ ਦਾ ਸਾਡੇ ਪਾਸ ਵਿਜ਼ਟਰ ਵੀਜ਼ਾ ਸੀ। ਦੋ ਮਹੀਨੇ ਪਿਛੋਂ ਮੇਰਾ ਭਰਾ ਤੇ ਅੱਗੇ ਨਿਊ ਜ਼ੀਲੈਂਡ ਨੂੰ ਤੁਰ ਗਿਆ ਤੇ ਮੇਰੇ ਲਈ ਗੁਰੂ ਨਾਨਕ ਫ਼ਾਊਂਡੇਸ਼ਨ ਵਾਲ਼ਿਆਂ ਨੇ ਪੱਕੇ ਵੀਜ਼ੇ ਲਈ ਅਪਲਾਈ ਕਰ ਦਿਤਾ।
ਇਸ ਤਰ੍ਹਾਂ ਪੰਜ ਮਹੀਨੇ ਹੋਰ ਕੁੱਲ ਸੱਤ ਮਹੀਨੇ ਮੈਨੂੰ ਬਿਨਾ ਕਿਸੇ ਕੰਮ ਦੇ ਏਥੇ ਵੇਹਲੇ ਹੀ ਰਹਿਣਾ ਪਿਆ ਜਿਸ ਕਰਕੇ ਮੇਰਾ ਮਨ ਏਥੋਂ ਉਪ੍ਰਾਮ ਹੋ ਗਿਆ। ਫਿਰ ਇਸ ਸਮੇ ਦੌਰਾਨ ਦੋ ਅੰਗ੍ਰੇਜ਼ੀ ਦੀਆਂ ਕਿਤਾਬਾਂ ਨੇ ਮੇਰੀ ਇਸ ਉਪਰਾਮਤਾ ਵਿਚ ਹੋਰ ਵੀ ਵਾਧਾ ਕਰ ਦਿਤਾ। ਉਹ ਦੋ ਕਿਤਾਬਾਂ ਸਨ ਇਕ ’ਦ ਰੂਟਸ’ ਅਤੇ ਦੂਜੀ ’ਦ ਆਸਟ੍ਰੇਲੀਅਨ ਐਟ ਰਿਸਕ’। ’ਦ ਰੂਟਸ’ ਇਕ ਅਫ਼੍ਰੀਕਨ ਮੂਲ ਦੇ ਅਮ੍ਰੀਕਨ ਦਾ ਲਿਖਿਆ ਹੋਇਆ ਜਗਤ ਪ੍ਰਸਿਧ ਨਾਵਲ ਹੈ ਜਿਸ ਵਿਚ ਅਮ੍ਰੀਕਾ ਵਿਚ ਰਹਿਣ ਵਾਲ਼ੇ ਕਾਲ਼ੇ ਗ਼ੁਲਾਮਾਂ ਦੀ ਹਾਲਤ ਦਾ ਵਰਨਣ ਹੈ। ਦੂਜੀ ਕਿਤਾਬ ’ਦਾ ਆਸਟ੍ਰੇਲੀਅਨ ਐਟ ਰਿਸਕ’ ਆਸਟ੍ਰੇਲੀਆ ਦੀ ਇਕ ਸਟੇਟ ਕਵੀਨਜ਼ਲੈਂਡ ਦੀ ਸਰਕਾਰ ਵੱਲੋਂ ਸਥਾਪਤ ਕਮਿਸ਼ਨ ਦੀ ਰੀਪੋਰਟ ਹੈ। ਇਸ ਵਿਚ ਆਸਟ੍ਰੇਲੀਅਨ ਲੋਕਾਂ ਦੇ ਵੱਖ ਵੱਖ ਸਮੂਹਾਂ ਦਾ ਹਨੇਰਾ ਪੱਖ ਦੱਸਿਆ ਹੋਇਆ ਹੈ। ਇਸ ਲਈ ਮੈ 30 ਮਈ 1980 ਨੂੰ ਬਿਨਾ ਵੀਜ਼ੇ ਤੇ ਅੱਗੇ ਕਿਸੇ ਮੁਲ਼ਕ ਦੀ ਟਿਕਟ ਦੇ, ਸਿਡਨੀ ਤੋਂ ਨਿਊ ਜ਼ੀਲੈਂਡ ਨੂੰ ਉਡਾਰੀ ਮਾਰ ਗਿਆ। ਇਹ ਯਾਤਰਾ ਨਿਊ ਜ਼ੀਲੈਂਡ ਦੇ ਵੀਜ਼ੇ ਤੋਂ ਬਿਨਾ ਹੀ ਕਰਨੀ ਪਈ। ਦੋ ਵਾਰ ਪਹਿਲਾਂ ਵੀਜ਼ਾ ਨਿਊ ਜ਼ੀਲੈਂਡ ਦਾ ਪ੍ਰਾਪਤ ਕੀਤਾ ਸੀ ਪਰ ਉਹ ਦੋਵੇਂ ਵਾਰ ਆਪਣੀ ਮਿਆਦ ਪੁਗਾ ਚੁੱਕਾ ਸੀ। ਤੀਜੀ ਵਾਰ ਸਿਡਨੀ ਵਿਖੇ ਉਹਨਾਂ ਦੇ ਕੌਂਸੂਲੇਟ ਵਿਚਲੀ ਵੀਜ਼ੇ ਦੀ ਇਨਚਾਰਜ ਬੀਬੀ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ। ਓਦੋਂ ਮੈ ਹੁਣ ਨਾਲ਼ੋਂ ਦਲੇਰ ਹੁੰਦਾ ਸਾਂ। ਉਸ ਦੇ ਦਫ਼ਤਰ ਵਿਚ ਹੀ ਉਸ ਵੱਲ ਉਂਗਲ਼ ਕਰਕੇ, ਉਹਨੂੰ ਕੁਝ ਇਸ ਤਰ੍ਹਾਂ, “ਭਲਕੇ ਮੈ ਔਕਲੈਂਡ ਜਾ ਰਿਹਾ ਹਾਂ ਅਤੇ ਇਕ ਹਫ਼ਤਾ ਓਥੇ ਰੁਕਾਂਗਾ। ਵੇਖਦਾ ਹਾਂ ਮੈਨੂੰ ਕੌਣ ਰੋਕਦਾ ਹੈ!” ਆਖਦਾ ਹੋਇਆ, ਉਸ ਦੇ ਦਫ਼ਤਰੋਂ ਬਾਹਰ ਆ ਗਿਆ। ਉਹ ਵਿਚਾਰੀ ਹੈਰਾਨੀ ਨਾਲ਼ ਮੇਰੇ ਵੱਲ ਵੇਖਦੀ ਹੀ ਰਹਿ ਗਈ। ਨੇੜੇ ਹੀ ਕਾਂਟਾਜ਼ ਏਅਰ ਲਾਈਨ ਦਾ ਦਫ਼ਤਰ ਸੀ। ਓਥੇ ਜਾ ਕੇ ਕਾਊਂਟਰ ਵਾਲੀ ਬੀਬੀ ਨੂੰ ‘ਟਿਮ’ ਨਾਮੀ ਕਿਤਾਬ ਖੋਹਲ ਕੇ, ਇੰਡੀਅਨ ਸਿਟੀਜ਼ਨ ਲਈ ਨਿਊ ਜ਼ੀਲੈਂਡ ਦਾ ਇਮੀਗ੍ਰੇਸ਼ਨ ਕਾਨੂੰਨ ਵੇਖਣ ਲਈ ਆਖਿਆ। ਮੇਰੇ ਇਸ ਸਵਾਲ ਕਿ ਮੈ ਓਥੇ ਵੀਜ਼ੇ ਬਿਨਾ ਕਿੰਨੇ ਘੰਟੇ ਰੁਕ ਸਕਦਾ ਹਾਂ ਦੇ ਜਵਾਬ ਵਿਚ ਕਿਤਾਬ ਵੇਖ ਕੇ ਉਸ ਨੇ ਜਦੋਂ 48 ਘੰਟੇ ਆਖਿਆ ਤਾਂ ਮੈ ਇਕ ਰਾਤ ਦੀ ਰੁਕਾਵਟ ਪਾ ਕੇ ਅੱਗੇ ਦੀ ਨੰਦੀ (ਫਿਜੀ) ਵਾਸਤੇ ਸੀਟ ਬੁੱਕ ਕਰਵਾ ਕੇ ਔਕਲੈਂਡ ਜਾ ਉਤਰਿਆ। ਸਿਡਨੀ ਹਵਾਈ ਅੱਡੇ ਤੇ ਇਕ ਦਿਲਚਸਪ ਘਟਨਾ ਘਟੀ। ਮੈ ਆਪਣੇ ਪਾਸ ਪੋਰਟ ਤੇ ਏਥੋਂ ਨਿਕਲ਼ਨ ਵਾਲ਼ੀ ਇਮੀਗ੍ਰੇਸ਼ਨ ਵੱਲੋਂ ਲੱਗੀ ਮੋਹਰ ਵੇਖੀ ਤਾਂ ਉਸ ਦੇ ਸ਼ਬਦ ਦੲਪੳਰਟੲਦ ਵਿਚਲਾ ੳ ਚੰਗੀ ਤਰ੍ਹਾਂ ਨਾ ਪੜ੍ਹਿਆ ਜਾਣ ਕਰਕੇ ਮੈਨੂੰ ਭੁਲੇਖਾ ਲੱਗ ਗਿਆ ਕਿ ਇਹ ਕਿਤੇ ਡੀਪਾਰਟਡ ਧੲਪੳਰਟੲਦ ਨਾ ਹੋ ਕੇ ਡੀਪੋਰਟਡ ਧੲਪੋਰਟੲਦ ਨਾ ਲੱਗਾ ਹੋਵੇ! ਮੈ ਤਸੱਲੀ ਲਈ ਵਾਪਸ ਜਾ ਕੇ ਸਬੰਧਤ ਅਫ਼ਸਰ ਪਾਸੋਂ ਜਦੋਂ ਪੁਛਿਆ ਤਾਂ ਉਸ ਨੇ ਹੱਸ ਕੇ ਆਖਿਆ ਕਿ ਨਹੀ ਇਹ ਡੀਪਾਰਟਡ ਧੲਪੳਰਟੲਦ ਹੀ ਹੈ; ਡੀਪੋਰਟਡ ਧੲਪੋਰਟੲਦ ਨਹੀ। ਜਦੋਂ ਉਸ ਦੇ ਦੂਜੇ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਸ ਪਏ। ਮੈਨੂੰ ਸ਼ੱਕ ਦੋ ਗੱਲਾਂ ਕਰਕੇ ਪਿਆ। ਇਕ ਤਾਂ ਮੈ ਦੋ ਮਹੀਨੇ ਦੇ ਵੀਜ਼ੇ ਦੀ ਬਜਾਇ, ਸੱਤ ਮਹੀਨੇ ਰਹਿ ਲਿਆ ਸੀ ਤੇ ਇਸ ਦਾ ਜ਼ਿਕਰ ਮੇਰੇ ਪਾਸਪੋਰਟ ਉਪਰ ਨਹੀ ਸੀ ਕਿ ਮੈ ਏਥੇ ਗ਼ੈਰ ਕਾਨੂੰਨੀ ਨਹੀ ਹਾਂ ਤੇ ਦੂਜਾ ੳ ਅੱਖਰ ਕੁਝ ਘਸਿਆ ਜਿਹਾ ਹੋਣ ਕਰਕੇ ੋ ਭੁਲੇਖਾ ਪਾਉਂਦਾ ਸੀ।
ਖ਼ੈਰ, ਸਿਡਨੀ ਤੋਂ ਔਕਲੈਂਡ ਲਈ 30 ਮਈ ਨੂੰ ਜਹਾਜੇ ਚੜ੍ਹ ਗਿਆ। ਓਥੇ ਦੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਜਦੋਂ ਮੈਨੂੰ ਵੀਜ਼ਾ ਨਾ ਹੋਣ ਬਾਰੇ ਸਵਾਲ ਕੀਤਾ ਤਾਂ ਮੈ ਆਖਿਆ ਕਿ ਭਲਕੇ ਮੈ ਅੱਗੇ ਤੁਰ ਜਾਣਾ ਹੈ। ਇਸ ਲਈ ਵੀਜ਼ੇ ਦੀ ਕੋਈ ਲੋੜ ਨਹੀ। ਦੋ ਚਾਰ ਦਿਨ ਪਿਛੋਂ ਜਦੋਂ ਮੈ ਹਵਾਈ ਅੱਡੇ ਉਪਰ ਅੱਗੇ ਫਿਜੀ ਜਾਣ ਲਈ ਗਿਆ ਤਾਂ ਮੈਨੂੰ ਕੋਈ ਜਹਾਜ ਨਾ ਚੁੱਕੇ। ਭੁਲੇਖੇ ਵਿਚ ਇਕ ਜਹਾਜ ਵਾਲ਼ਿਆਂ ਨੇ ਮੇਰਾ ਸਾਮਾਨ ਅੰਦਰ ਭੇਜ ਦਿਤਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੇ ਪਾਸ ਅੱਗੇ ਦੀ ਕੋਈ ਟਿਕਟ ਨਹੀ ਤੇ ਨਾ ਹੀ ਕਿਸੇ ਮੁਲਕ ਦਾ ਵੀਜ਼ਾ ਹੈ, ਤਾਂ ਉਹਨਾਂ ਫੌਰਨ ਮੇਰਾ ਸਾਮਾਨ ਵਾਪਸ ਮੰਗਵਾ ਕੇ ਮੈਨੂੰ ਠੁੱਠ ਵਿਖਾ ਦਿਤਾ। ਇਸ ਲਈ ਮੈਨੂੰ ਓਥੇ ਦਸ ਦਿਨ ਤੱਕ ਰੁਕਣਾ ਪੈ ਗਿਆ। ਪਹਿਲਾਂ ਮੇਰਾ ਵਿਚਾਰ ਦੋ ਚਾਰ ਦਿਨ ਰੁਕਣ ਦਾ ਹੀ ਸੀ।
ਕਾਰਨ ਇਹ ਸੀ ਕਿ ਜਦੋਂ ਤੱਕ ਓਥੋਂ ਦੀ ਸਵਾਰੀ ਕੋਲ਼ ਟਿਕਟ ਨਾ ਹੋਵੇ ਜਿਸ ਮੁਲਕ ਦਾ ਉਹ ਵਨਸੀਕ ਹੈ, ਜਹਾਜ ਵਾਲ਼ੇ ਨਹੀ ਚੁੱਕਦੇ। ਜੇਕਰ ਉਹ ਅਜਿਹੀ ਗ਼ਲਤੀ ਕਰ ਲੈਣ ਤਾਂ ਜੇਕਰ ਅਗਲਾ ਮੁਲਕ ਉਸ ਨੂੰ ਆਪਣੇ ਦੇਸ਼ ਵਿਚ ਨਾ ਵੜਨ ਦੇਵੇ ਤਾਂ ਹਵਾਈ ਜਹਾਜ ਵਾਲ਼ਿਆਂ ਨੂੰ, ਉਸ ਸਵਾਰੀ ਨੂੰ ਆਪਣੇ ਖ਼ਰਚ ਤੇ, ਜਿਥੋਂ ਲਿਆਂਦੀ ਹੈ ਓਥੇ ਵਾਪਸ ਲਿਜਾਣਾ ਪੈਂਦਾ ਹੈ। ਇਹ ਜਾਣਕਾਰੀ ਭਾਵੇਂ ਮੇਰੇ ਮਿੱਤਰ ਲੰਡਨ ਵਾਸੀ, ਪ੍ਰਸਿਧ ਰਾਗੀ ਭਾਈ ਭਗਵੰਤ ਸਿੰਘ ਜੀ ਨੇ, 1977 ਵਿਚ ਲੰਡਨ ਵਿਖੇ ਮੈਨੂੰ ਦਿਤੀ ਸੀ ਪਰ ਮੈ ਇਸ ਤੇ ਯਕੀਨ ਨਹੀ ਸੀ ਕੀਤਾ ਕਿਉਂਕਿ ਮੈ ਤਾਂ ਸਦਾ ਹੀ ਅਜਿਹੀ ਲਾਪਰਵਾਹੀ ਨਾਲ਼ ਸਾਰੀ ਦੁਨੀਆ ਤੇ ਤੁਰਿਆ ਫਿਰਦਾ ਸਾਂ ਤੇ ਕਦੀ ਕਿਤੇ ਇਸ ਕਾਰਨ ਮੈਨੂੰ ਰੁਕਾਵਟ ਨਹੀ ਸੀ ਪਈ। ਇਸ ਲਈ ਮੈ ਉਹਨਾਂ ਦੀ ਗੱਲ ਕਿਵੇਂ ਮੰਨ ਲੈਂਦਾ! ਹੁਣ ਵੀ ਮੇਰਾ ਏਹੋ ਹਾਲ ਹੈ। ਫਿਰ 1980 ਦੇ ਜੂਨ ਮਹੀਨੇ ਸਮੇ ਨਿਊ ਜ਼ੀਲੈਂਡ ਵਿਚ ਆ ਕੇ ਉਹਨਾਂ ਦੀ ਗੱਲ ਦੀ ਅਸਲੀਅਤ ਦਾ ਪਤਾ ਲੱਗਾ। ਠੀਕ ਹੀ ਸਿਆਣੇ ਆਖਦੇ ਨੇ , “ਔਲ਼ੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਸਵਾਦ ਦਿੰਦਾ ਹੈ।“
ਅਖੀਰ ਇਕ ਪੰਜਾਬੀ ਟ੍ਰੈਵਲ ਏਜੰਟ ਮਿਸਟਰ ਬਜਾਜ ਦੀ ਪ੍ਰੋਫ਼ੈਸਨਲ ਯੋਗਤਾ ਦਾ ਸਦਕਾ ਮੈਨੂੰ ਜਹਾਜ ਨੇ ਫਿਜੀ ਲਈ ਚੁੱਕ ਹੀ ਲਿਆ। ਉਸ ਨੇ ਮੇਰੇ ਲਈ ਨਵੀ ਟਿਕਟ, ਮੇਰੀ ਪਹਿਲੀ ਟਿਕਟ ਨੂੰ ਵਿਚ ਲੈ ਕੇ ਇਸ ਤਰ੍ਹਾਂ ਬਣਾ ਦਿਤੀ: ਔਕਲੈਂਡ ਤੋਂ ਨੰਦੀ, ਨੰਦੀ ਤੋਂ ਸਿਆਟਲ ਤੇ ਸਿਆਟਲ ਤੋਂ ਵੈਨਕੂਵਰ। ਨਾਲ਼ ਆਖਿਆ ਕਿ ਮੈ ਸਿਆਟਲ ਤੋਂ ਜਹਾਜ ਦੀ ਬਜਾਇ ਬੱਸ ਰਾਹੀਂ ਵੈਨਕੂਬਰ ਚਲਿਆ ਜਾਵਾਂ। ਇਸ ਬਾਰੇ ਮੈ ਉਸ ਨੂੰ ਆਖਿਆ ਕਿ ਉਹ ਕੋਈ ਫਿਕਰ ਨਾ ਕਰੇ। ਮੈ ਉਸ ਪਾਸੇ ਪਹਿਲਾਂ ਹੀ ਬੱਸਾਂ ਰਾਹੀਂ ਵਿਚਰਦਾ ਰਿਹਾ ਹਾਂ। ਇਸ ਸਾਰੇ ਕੁਝ ਦੇ ਉਸ ਨੇ 525 ਡਾਲਰ ਲਏ। ਖ਼ੈਰ, ਰੱਬ ਰੱਬ ਕਰਕੇ ਮੈ ਔਕਲੈਂਡ ਤੋਂ, ਦਸ ਦਿਨ ਪਿਛੋਂ, 8 ਜੂਨ ਨੂੰ, ਫਿਜੀ ਲਈ ਜਹਾਜ ਤੇ ਬੈਠ ਗਿਆ। ਜਦੋਂ ਜਹਾਜ ਨੇ ਔਕਲੈਂਡ ਅੱਡੇ ਤੋਂ ਉਡ ਕੇ, ਆਸਮਾਨ ਵਿਚ ਮਛਲੀ ਤਾਰੀ ਲਾਉਣੀ ਸ਼ੁਰੂ ਕਰ ਦਿਤੀ ਤਾਂ ਮੈਨੂੰ ਖ਼ਿਆਲ ਆਇਆ ਕਿ ਮੇਰਾ ਉਹ ਸੁਪਨਾ, ਜੋ ਮੈਨੂੰ ਅਪ੍ਰੈਲ 1979 ਵਿਚ ਅੰਮ੍ਰਿਤਸਰ ਵਿਚ ਆਇਆ ਸੀ, ਝੂਠਾ ਹੋ ਗਿਆ; ਅਰਥਾਤ ਮੈ ਇਹਨਾਂ ਦੋਹਾਂ ਦੱਖਣੀ ਮੁਲਕਾਂ ਵਿਚ ਨਹੀ ਰਿਹਾ ਤੇ ਹੁਣ ਅੱਗੇ ਤੋਂ ਮੈਨੂੰ ਕਦੀ ਵੀ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਵੀ ਨਹੀ ਮਿਲ਼ਨਗੇ ਕਿਉਂਕਿ ਮੈ ਦੋਹਾਂ ਮੁਲਕਾਂ ਦੇ ਇਮੀਗ੍ਰੇਸ਼ਨ ਕਰਮਚਾਰੀਆਂ ਨਾਲ਼ ਕੀਤੇ ਇਕਰਾਰ ਨਿਭਾਏ ਨਹੀ ਅਤੇ ਦਿਤੇ ਗਏ ਸਮੇ ਤੋਂ ਵਧ ਸਮਾ ਇਹਨਾਂ ਮੁਲਕਾਂ ਵਿਚ ਠਹਿਰ ਗਿਆ ਸਾਂ। ਆਸਟ੍ਰੇਲੀਆ ਵਿਚ ਦੋ ਮਹੀਨੇ ਦੀ ਬਜਾਇ ਸੱਤ ਮਹੀਨੇ ਤੇ ਨਿਊ ਜ਼ੀਲੈਂਡ ਵਿਚ ਇਕ ਰਾਤ ਦੀ ਬਜਾਇ ਦਸ ਦਿਨ ਰਿਹਾ।
ਓਥੋਂ ਤਿੰਨ ਹਫ਼ਤਿਆਂ ਪਿਛੋਂ ਫੇਰ ਦੋ ਹਫ਼ਤਿਆਂ ਦਾ ਵਿਜ਼ਟਰ ਵੀਜ਼ਾ ਲੈ ਕੇ ਵਾਪਸ ਸਿਡਨੀ ਆ ਗਿਆ। ਫਾਰਮ ਭਰਦਿਆਂ ਏਧਰੋਂ ਓਧਰੋਂ ਕਾਗਜ਼ ਪੂਰੇ ਕਰਦਿਆਂ ਸੱਤ ਕੁ ਮਹੀਨੇ ਦਾ ਸਮਾ ਹੋਰ ਵੇਹਲੇ ਰਹਿਣਾ ਪਿਆ; ਜਿਸ ਵੇਹਲ ਤੋਂ ਉਕਤਾ ਕੇ ਮੈ ਆਸਟ੍ਰੇਲੀਆ ਤਿਆਗਿਆ ਸੀ। ਅਖੀਰ, “ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ।“ ਅਨੁਸਾਰ 19 ਦਸੰਬਰ 1980 ਨੂੰ ਮੇਰੇ ਅੱਠ ਖੂੰਜੀ ਪੱਕੀ ਮੋਹਰ ਲੱਗ ਗਈ ਪਰ ਕੁਝ ਸ਼ਰਤਾਂ ਸਮੇਤ। ਇਹ ਵੀ ਤਾਂ ਲੱਗੀ ਜਦੋਂ ਮੈ ਉਹਨਾਂ ਦੇ ਦਫ਼ਤਰ ਜਾ ਕੇ ਗੁੱਸੇ ਨਾਲ਼ ਆਖਿਆ ਕਿ ਮੈਨੂੰ ਨਹੀ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ। ਮੇਰਾ ਪਾਸਪੋਰਟ ਦੇ ਦਿਓ; ਮੈ ਵਾਪਸ ਚਲੇ ਜਾਣਾ ਹੈ। ਮੇਰੀ ਦਾਦੀ ਮਾਂ ਬੀਮਾਰ ਹੈ। ਅਫ਼ਸਰ ਵਿਚਾਰਾ ਭਲਾ ਲੋਕ ਸੀ। ਉਹ ਅੰਦਰ ਗਿਆ ਤੇ ਕੁਝ ਮਿੰਟਾਂ ਬਾਅਦ ਮੋਹਰ ਲੱਗਾ ਪਾਸਪੋਰਟ ਮੇਰੇ ਹੱਥ ਫੜਾਉਂਦਾ ਹੋਇਆ ਵਧਾਈ ਦੇ ਕੇ ਆਖਣ ਲੱਗਾ, “ਪਰ ਇਹ ਮੋਹਰ ਲਾਗੂ 30 ਜਨਵਰੀ 1981 ਤੋਂ ਹੀ ਸਮਝੀ ਜਾਵੇਗੀ; ਲਾ ਭਾਵੇਂ ਮੈ ਹੁਣ ਦਿਤੀ ਹੈ।“
ਫਿਰ ਗੁਜ਼ਾਰੇ ਲਈ ਨੌਕਰੀ ਲਭਣ ਤੁਰਿਆ। “ਵੇਲ਼ੇ ਦਾ ਰਾਗ ਤੇ ਕੁਵੇਲ਼ੇ ਦੀਆਂ ਟੱਕਰਾਂ।“ ਅਨੁਸਾਰ ਆਪਣੇ ਦਾਇਰੇ ਤੋਂ ਬਾਹਰ ਕੰਮ ਲਭਣਾ ਬੜਾ ਮੁਸ਼ਕਲ ਹੋਇਆ। ਠੀਕ ਹੈ, “ਤਾਲੋਂ ਘੁੱਥੀ ਡੂਮਣੀ ਗਾਵੇ ਆਲ ਬੇਤਾਲ।“ ਵਾਲ਼ੀ ਹੀ ਮੇਰੇ ਨਾਲ਼ ਹੋਈ। ਏਧਰ ਓਧਰ ਕਈ ਥਾਵਾਂ ਤੇ ਝਖਾਂ ਮਾਰੀਆਂ। ਕਦੀ ਕਿਸੇ ਫ਼ੈਕਟਰੀ ਵਿਚ ਤੇ ਕਦੀ ਕਿਸੇ ਹੋਰ ਫ਼ੈਕਟਰੀ ਵਿਚ। ਦੋ ਵਾਰੀਂ ਡਾਕਖਾਨੇ ਵਿਚ, ਬੱਸ ਕੰਡਕਟਰੀ, ਰੇਲਵੇ ਵਿਚ। 28 ਮਾਰਚ 1981 ਨੂੰ ਚਾਰ ਮੈਬਰੀ ਪਰਵਾਰ ਵੀ ਏਥੇ ਆ ਗਿਆ। ਛੇ ਕੁ ਸਾਲ ਦਾ ਪੁੱਤਰ ਸੰਦੀਪ ਤੇ ਚਾਰ ਕੁ ਸਾਲ ਦੀ ਬੱਚੀ ਰਵੀਨ ਤੇ ਦਸ ਕੁ ਮਹੀਨਿਆਂ ਦੀ ਦੂਜੀ ਬੱਚੀ ਕੁਲਬੀਰ ਏਥੇ ਆ ਪਹੁੰਚੇ। ਫਿਰ ਇਹਨਾਂ ਵਾਸਤੇ ਰੈਣ ਬਸੇਰੇ ਹਿਤ ਸਿਰ ਦੀ ਛੱਤ ਦਾ ਪ੍ਰਬੰਧ ਕਰਨ ਦਾ ਫਿਕਰ ਲੱਗਾ। ਚੌਥਾ ਬੱਚਾ ਗੁਰਬਾਲ, ਜੂਨ 1983 ਵਿਚ ਏਥੇ ਪੈਦਾ ਹੋਇਆ ਸੀ। ਕੁਝ ਪੈਸੇ ਮੈ 1977 ਤੋਂ ਟਰੈਵਲ ਚੈਕਾਂ ਦੇ ਰੂਪ ਵਿਚ ਪੱਲੇ ਬੰਨ੍ਹੀ ਫਿਰਦਾ ਸਾਂ, ਜਿਨ੍ਹਾਂ ਦੇ ਹਾਥੀ ਦੇ ਬਾਹਰਲੇ ਸੋਹਣੇ ਦੰਦਾਂ ਵਾਂਗ ਵਿਖਾਵੇ ਨਾਲ਼, ਮੈਨੂੰ ਹਰੇਕ ਮੁਲਕ ਦਾ ਵੀਜ਼ਾ ਮਿਲ਼ ਜਾਂਦਾ ਸੀ। ਕੁਝ ਹੋਰ ਏਥੇ ਮਜ਼ਦੂਰੀ ਵਿਚੋਂ ਬਚਾਏ ਸਨ। 30000 ਸਰਕਾਰੋਂ ਕਰਜ਼ਾ ਮਿਲ਼ ਗਿਆ। ਇਸ ਤਰ੍ਹਾਂ ਉਸ ਸਮੇ ਪੰਜਾਹ ਕੁ ਹਜ਼ਾਰ ਦਾ ਘਰ ਖ਼ਰੀਦ ਕੇ ਇਸ ਵਿਚ ਝੰਡੇ ਬੁੰਗੇ ਗੱਡ ਲਏ। ਟੱਬਰੀ ਦੇ ਸਿਰ ਤੇ ਛੱਤ ਦਾ ਸਾਇਆ ਮਿਲ਼ ਜਾਣ ਕਰਕੇ ਏਧਰੋਂ ਬੇਫਿਕਰ ਹੋ ਗਿਆ। ਕਰਜ਼ਾ ਆਪੇ ਕਿਸ਼ਤਾਂ ਵਿਚ ਲਹਿੰਦਾ ਰਹੇਗਾ ਸੋਚ ਲਿਆ। ਭਾਵੇਂ ਕਿ ਪਹਿਲੀ ਵਾਰ ਬਿਆਜ਼ੀ ਕਰਜ਼ਾ ਬੈਂਕ ਤੋਂ ਲੈਣ ਕਰਕੇ ਤੇ ਉਸ ਨੂੰ ਭਾਰਤੀ ਕਰੰਸੀ ਵਿਚ ਦਸ ਗੁਣਾਂ ਵਾਲ਼ੀ ਸੋਚ ਹੋਣ ਕਰਕੇ, ਇਸ ਦਾ ਫਿਕਰ ਤਾਂ ਸੀ ਪਰ ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀ ਸੀ।
9 ਨਵੰਬਰ 1981 ਦਾ ਦਿਨ ਮੇਰੇ ਸੰਸਾਰਕ ਤੇ ਪਰਵਾਰਕ ਜੀਵਨ ਲਈ ਖਾਸ ਹੋ ਨਿੱਬੜਿਆ। ਇਕ ਤਾਂ ਇਸ ਦਿਨ ਮੈਨੂੰ ਸਿੱਖ ਸੰਸਾਰ ਤੋਂ ਬਾਹਰ ਜਾ ਕੇ ਬਿਲਕੁਲ ਆਪਣੇ ਪਿਛੋਕੜ, ਵਿਦਿਆ, ਤਜੱਰਬਾ ਆਦਿ ਤੋਂ ਵੱਖਰੀ ਨੌਕਰੀ ’ਵੈਸਟਪੈਕ’ ਬੈਂਕ ਵਿਚ ਮਿਲ਼ ਗਈ। ਓਦੋਂ ਇਸ ਦਾ ਨਾਂ ’ਬੈਂਕ ਆਫ਼ ਵੇਲਜ਼’ ਹੁੰਦਾ ਸੀ। ਇਹ ਮੇਰੇ ਪੈਰ ਹੇਠ ਬਟੇਰਾ ਆਉਣ ਵਾਂਗ ਹੀ ਸੀ। ਏਸੇ ਦਿਨ ਹੀ ਜੀਵਨ ਵਿਚ ਮੈ ਸਭ ਤੋਂ ਪਹਿਲਾਂ ਤੇ ਹੁਣ ਤੱਕ ਆਖਰੀ ਘਰ ਖ਼ਰੀਦਿਆ। ਉਹ ਵੀ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਿਡਨੀ ਵਿਚ। ਅਜਿਹਾ ਕੁਝ ਹੋ ਜਾਣ ਦੀ ਮੇਰੇ ਵਾਸਤੇ ਕੋਈ ਸੋਚ ਅੰਦਰ ਆ ਸਕਣ ਵਾਲ਼ੀ ਗੱਲ ਵੀ ਨਹੀ ਸੀ। ਭਾਵੇਂ ਕਿ ਬੈਂਕ ਦੀ ਚੰਗੀ ਨੌਕਰੀ ਮਿਲ਼ ਗਈ ਪਰ ਮਨ ਕਿਤੇ ਵੀ ਨਾ ਟਿਕਿਆ। ਦੋ ਢਾਈ ਸਾਲ ਏਥੇ ਕੰਮ ਕੀਤਾ। ਇਸ ਨਾਲ਼ ਆਸਟ੍ਰੇਲੀਆ ਵਿਚ ਮੇਰੇ ਆਰਥਿਕ ਤੌਰ ਤੇ ਤਾਂ ਪੈਰ ਬਝ ਗਏ ਪਰ ਮਾਨਸਿਕ ਪੱਖੋਂ ਮੈ ਚਾਵਾਂ ਚੁਲ੍ਹਾ ਹੀ ਰਿਹਾ।। ਕਦੀ ਅੰਗ੍ਰੇਜ਼ੀ ਪੜ੍ਹਨ ਤੇ ਕੰਪਿਊਟਰ ਸਿੱਖਣ ਲਈ ਨੌਕਰੀਆਂ ਦਾ ’ਚੱਕਰ’ ਛੱਡ ਕੇ, ਕਦੀ ਕਿਸੇ ਯੂਨੀਵਰਸਿਟੀ ਤੇ ਕਦੀ ਕਿਸੇ ਕਾਲਜ ਵਿਚ ’ਪੜ੍ਹਨ’ ਲਈ ਜਾ ਬੈਠਦਾ। ਘਰ ਵਾਲ਼ੀ ਨੇ ਏਥੇ ਵਾਹਵਾ ਚਿਰ ਚੰਗੀ ਨੌਕਰੀ ਕਰ ਲਈ। ਹੌਲ਼ੀ ਹੌਲ਼ੀ ਮਕਾਨ ਦੀਆਂ ਕਿਸ਼ਤਾਂ ਵੀ ਉਤਰ ਗਈਆਂ ਅਤੇ ਬੱਚੇ ਵੀ ਹੁਸ਼ਿਆਰ ਹੋ ਕੇ ਨੌਕਰੀਆਂ ਤੇ ਲੱਗ ਗਏ। ਇਸ ਤਰ੍ਹਾਂ ਸਭ ਪਾਸੇ ਤੋਂ ਵੇਹਲੇ ਹੋ ਕੇ ਹੁਣ ਫਿਰ ਘੁਮੱਕੜਪੁਣਾ ਕਰਨਾ ਅਤੇ ਇਹ ਝਰੀਟਾਂ ਵਾਹੁਣੀਆਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ।
ਆਸਟ੍ਰੇਲੀਆ ਵਿਚ ਰਿਹਾਇਸ਼ ਦੇ ਸਮੇ ਦੌਰਾਨ ਹੀ ਸਾਢੇ ਕੁ ਛੇ ਸਾਲ, ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਅਖਵਾਉਣ ਵਾਂਗ, ਪੰਜਾਬੀ ਤੇ ਅੰਗ੍ਰੇਜ਼ੀ ਦਾ ਪਰਚਾ ਵੀ ਚਲਾਇਆ। ਡੇਢ ਕੁ ਸਾਲ ਸਪਤਾਹਕ ਤੇ ਫਿਰ ਮਾਸਕ ਪਰ ਇਹ ਪੰਗਾ ਸਮੇ ਤੋਂ ਬਹੁਤ ਪਹਿਲਾਂ ਲੈ ਲੈਣ, ਵਸੀਲਿਆਂ ਦੀ ਪੂਰੀ ਦੀ ਪੂਰੀ ਥੁੜ ਅਤੇ ਇਸ ਪਾਸੇ ਦਾ ਕੋਈ ਗਿਆਨ ਨਾ ਹੋਣ ਕਰਕੇ, ਅੰਨ੍ਹੇ ਦੇ ਸੌਣ ਵਾਂਗ, ਇਹ ਵੀ ਚੁੱਪ ਹੀ ਹੋ ਗਿਆ।
ਚਾਰਾਂ ਵਿਚੋਂ ਤਿੰਨ ਬੱਚੇ ਵਿਆਹੇ ਹੋਏ, ਨੌਕਰੀਆਂ ਕਰਦੇ, ਆਪੋ ਆਪਣੇ ਘਰਾਂ ਤੇ ਪਰਵਾਰਾਂ ਵਿਚ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਹਿ ਰਹੇ ਹਨ। ਚੌਥਾ ਬੱਚਾ ਗੁਰਬਾਲ ਸਿੰਘ ਯੂਨੀ ਤੋਂ ਡਿਗਰੀ ਕਰਕੇ, ਆਪਣੀ ਵਿੱਦਿਆ ਵਾਲੀ ਹੀ ਨੌਕਰੀ ਉਪਰ ਲੱਗਾ ਹੋਇਆ ਸੀ, ਸਭ ਕੁਝ ਛੱਡ ਕੇ ਲੰਡਨ ਜਾ ਬੈਠਾ ਸੀ ਪਰ ਹੁਣ ਵਾਪਸ ਆ ਗਿਆ ਹੈ। ਮੇਰੇ ਵਾਂਗ ਹੀ ਘੁਮੱਕੜ ਜਿਹੀ ਸੋਚ ਵਾਲਾ ਹੈ। ਜਿਵੇਂ ਰੱਬ ਨੂੰ ਮਨਜ਼ੂਰ! “ਜਿਉ ਜਿਉ ਤੇਰਾ ਹੁਕਮ ਤਿਵੈ ਤਿਵ ਹੋਵਣਾ॥” ਦੇ ਮਹਾਂਵਾਕ ਅਨੁਸਾਰ, ਉਸ ਦੇ ਹੁਕਮ ਦੇ ਅੰਦਰ ਰਹਿਣ ਦੇ ਯਤਨਾਂ ਵਿਚ ਹਾਂ।
ਉਪ੍ਰੋਕਤ ਤੋਂ ਇਲਾਵਾ ਦੋ ਛੋਟੇ ਭਰਾ, ਸ. ਦਲਬੀਰ ਸਿੰਘ ਅਤੇ ਸ. ਹਰਜੀਤ ਸਿੰਘ, ਵੀ ਆਪੋ ਆਪਣੇ ਪਰਵਾਰਾਂ ਸਮੇਤ ਏੇਥੇ ਵੱਸ ਰਹੇ ਹਨ। ਸਭਨਾਂ ਉਪਰ ਰੱਬ ਦੀ ਰਹਿਮਤ ਦਾ ਸਾਇਆ ਹੈ । ਉਸ ਦਾਤਾਰ ਦੇ ਚਰਨਾਂ ਵਿਚ ਬੇਨਤੀ ਹੈ ਕਿ ਉਹ ਬਾਕੀ ਸੰਸਾਰ ਦੇ ਜੀਆਂ ਵਾਂਗ ਇਹਨਾਂ ਸਾਰਿਆਂ ਦੇ ਸਿਰਾਂ ਉਪਰ ਵੀ ਆਪਣੀ ਮੇਹਰ ਦਾ ਹੱਥ ਰੱਖੇ!




ਇਸ ਵਾਰੀ ਦੀ ਮੇਰੀ ਪਾਕਿਸਤਾਨ ਦੀ ਯਾਤਰਾ.......... ਲੇਖ / ਗਿਆਨੀ ਸੰਤੋਖ ਸਿੰਘ

ਪਹਿਲੀ ਵਾਰੀਂ ਮੈ ਪਾਕਿਸਤਾਨ ਦੀ ਯਾਤਰਾ ਮਾਰਚ ਤੇ ਅਪ੍ਰੈਲ, ੧੯੯੯ ਵਿਚ ਕੀਤੀ ਸੀ। ਉਸ ਤੋਂ ਬਾਅਦ ਕਈ ਵਾਰ ਲਾਹੌਰ ਦੇ ਗਵਾਂਢ ਅੰਮ੍ਰਿਤਸਰ ਤੇ ਅਟਾਰੀ ਨੇੜਲੇ ਪਿੰਡਾਂ ਵਿਚ ਜਾ ਆਇਆ ਸਾਂ ਪਰ ਲਾਹੌਰ ਜਾਣ ਦੀ ਮੁੜ ਇਛਾ ਪੂਰੀ ਨਹੀ ਸੀ ਹੋਈ। ਇਸ ਵਾਰੀਂ ਲੰਡਨ ਵਿਚ ਰਹਿ ਰਹੇ ਆਪਣੇ ਛੋਟੇ ਪੁੱਤਰ, ਗੁਰਬਾਲ ਸਿੰਘ, ਦਾ ਕੁਝ ਸਾਮਾਨ ਦੇਣ ਦੇ ਬਹਾਨੇ ਯੂਰਪ ਦੇ ਕੁਝ ਮੁਲਕਾਂ ਦੀ ਯਾਤਰਾ ਕਰਨ ਦਾ ਜੁਗਾੜ ਬਣਾ ਲਿਆ। ਮੋਢੇ ਦਾ ਬੈਗ ਚੁੱਕ ਕੇ ਆਪਣੀ ਆਮ ਆਦਤ ਤੋਂ ਉਲ਼ਟ, ਇਕ ਅਟੈਚੀ ਆਪਣੀਆਂ ਛਪੀਆਂ ਦੋਹਾਂ ਕਿਤਾਬਾਂ ਦਾ ਵੀ ਨਾਲ਼ ਚੁੱਕ ਲਿਆ ਤਾਂ ਕਿ ਇਹਨਾਂ ਮੁਲਖਾਂ ਵਿਚ ਵੱਸ ਰਹੇ ਪੰਜਾਬੀ ਪਿਆਰਿਆਂ ਦੀ ਸੇਵਾ ਵਿਖੇ ਭੇਟ ਕਰ ਸਕਾਂ। ਕੁਝ ਸਿਧੀਆਂ ਵੀ, ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ, ਸ. ਮੋਤਾ ਸਿੰਘ ਸਰਾਇ ਹੋਰਾਂ ਦੇ ਬਰਮਿੰਘਮ ਵਿਚਲੇ ਸਿਰਨਾਵੇਂ ਤੇ ਮੰਗਵਾ ਕੇ ਉਹਨਾਂ ਰਾਹੀਂ ਵੰਡਣ ਦਾ ਪ੍ਰਬੰਧ ਹੋ ਗਿਆ। ਕੁਝ ਬੰਡਲ ਹਵਾਈ ਡਾਕ ਰਾਹੀਂ ਬੈਲਜੀਅਮ ਵਿਖੇ ਵੀ ਮੰਗਵਾ ਲਏ।

ਹਾਂਗਕਾਂਗ, ਇੰਗਲੈਂਡ, ਬੈਲਜੀਅਮ, ਸਵਿਟਜ਼ਰਲੈਂਡ, ਜਰਮਨੀ, ਇਟਲੀ ਦੀ ਯਾਤਰਾ ਦੇ ਖੱਟੇ ਮਿੱਠੇ ਅਨੁਭਵ ਪ੍ਰਾਪਤ ਕਰਨ ਉਪ੍ਰੰਤ, ਗੁਰੂ ਕੀ ਨਗਰੀ, ੮ ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਜਾਣ ਦਾ ਮਨ ਬਣਾ ਹੀ ਲਿਆ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਦਿੱਲੀ ਦੇ ਜਹਾਜੇ ਚੜ੍ਹਨ ਲਈ ਵਾਹੋ ਦਾਹੀ ਪੁੱਜਿਆ। ਜਹਾਜ ਦਾ ਦਰਵਾਜ਼ਾ ਬੰਦ ਹੋ ਚੁੱਕਿਆ ਸੀ। ਜਹਾਜੇ ਚੜ੍ਹਾਉਣ ਵਾਲ਼ੀ ਬੀਬੀ ਨੇ ਆਖਿਆ ਮੈ ਲੇਟ ਹਾਂ ਪਰ ਜੇ ਸਮੇ ਸਿਰ ਆ ਵੀ ਜਾਂਦਾ ਤਾਂ ਵੀ ਨਹੀ ਸੀ ਚੜ੍ਹ ਸਕਦਾ ਕਿਉਂਕਿ ਸੀਟ ਕੋਈ ਨਹੀ ਸੀ ਤੇ ਮਹੀਨਾ ਭਰ ਹੋਰ ਦਿੱਲੀ ਦੀ ਸੀਟ ਮਿਲ਼ ਸੱਕਣ ਦੀ ਕੋਈ ਸੰਭਾਵਨਾ ਵੀ ਨਹੀ। ਇਸ ਲਈ ਮੈ ਦਿੱਲੀ ਦੀ ਬਜਾਇ ਮਦਰਾਸ, ਕਲਕੱਤਾ, ਮੁੰਬਈ ਵਿਚੋਂ ਕਿਸੇ ਥਾਂ ਤੇ ਜਾ ਸਕਦਾ ਹਾਂ। ਮੁੰਬਈ ਜਾਣ ਦੀ ਇਛਾ ਪ੍ਰਗਟਾਉਣ ਤੇ ਉਸਨੇ ਆਖਿਆ, ''ਭੱਜ ਜਾਹ ਫਲਾਣੇ ਚੈਨਲ ਤੇ! ਓਥੋਂ ਹੀ ਮੁੰਬਈ ਦਾ ਜਹਾਜ ਮਿਲ਼ੂਗਾ।'' ਮੈ ਛੂਟ ਵੱਟੀ। ਸਮੇ ਸਿਰ ਓਥੇ ਪੁੱਜ ਤਾਂ ਗਿਆ ਪਰ ਇਸ ਹਫ਼ੜਾ ਦਫ਼ੜੀ ਵਿਚ ਮੈ ਆਪਣਾ ਮੋਬਾਇਲ ਸੈਕਿਉਰਟੀ ਵਾਲ਼ਿਆਂ ਕੋਲ਼ ਹੀ ਭੁੱਲ ਗਿਆ। ਜਦੋਂ ਇਸਦਾ ਚੇਤਾ ਆਇਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਅਖੀਰ ਜਹਾਜੇ ਚੜ੍ਹ ਕੇ ਅਗਲੇ ਦਿਨ ਮੁੰਬਈ ਪਹੁੰਚ ਗਿਆ। ਓਥੋਂ ਏਅਰ ਇੰਡੀਆ ਦੀ ਹੋਰ ਟਿਕਟ ਖ਼ਰੀਦ ਕੇ ਦਿੱਲੀ ਅਤੇ ਓਥੋਂ ਬੱਸ ਫੜ ਕੇ ਬੱਸ ਅੱਡੇ ਉਤੇ। ਓਥੋਂ ਬੱਸ ਰਾਹੀਂ ਜਲੰਧਰ ਤੇ ਜਲੰਧਰੋਂ ਤਾਂ ਬੱਸ ਰਾਹੀਂ ਅੰਮ੍ਰਿਤਸਰ ਅੱਪੜ ਹੀ ਜਾਣਾ ਸੀ। ਅੰਮ੍ਰਿਤਸਰ ਵਿਚ ਦੋ ਹਫ਼ਤੇ ਕਿਤਾਬਾਂ ਛਾਪਣ ਵਾਲ਼ਿਆਂ ਨਾਲ਼ ਕਿਤਾਬਾਂ ਬਾਰੇ ਸੈਟਿੰਗ ਕਰਦਿਆਂ ਬੀਤ ਗਏ। ਕਿਸੇ ਹੋਰ ਸ਼ਹਿਰ ਇਸ ਲਈ ਨਾ ਜਾ ਸਕਿਆ ਕਿ ਕਿਤਾਬਾਂ ਤਿਆਰ ਹੋਣ ਉਪ੍ਰੰਤ ਹੀ ਜਾਵਾਂਗਾ। ''ਇਕ ਪੰਥ ਦੋ ਕਾਜ'' ਵਾਂਗ ਸੱਜਣਾਂ ਦੇ ਦਰਸ਼ਨਾਂ ਦੇ ਨਾਲ਼ ਨਾਲ਼ ਕਿਤਾਬਾਂ ਵੀ ਭੇਟ ਕਰਦਾ ਆਵਾਂਗਾ। ਆਪਣੀ ਵੱਲੋਂ ਇਹ ਸਾਰੀ ਤਿਆਰੀ ਕਰਵਾ ਕੇ ਲਾਹੌਰ ਜਾ ਵੜਿਆ ਤੇ ਬੜਾ ਬੜਾ ਚਾਈਂ ਚਾਈਂ ਵਾਪਸ ਮੁੜਿਆ ਕਿ ਕਿਤਾਬਾਂ ਤਿਆਰ ਹੋਣਗੀਆਂ ਤੇ ਇਸ ਬਹਾਨੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ, ਪਟਿਆਲੇ, ਚੰਡੀਗੜ੍ਹ, ਦਿੱਲੀ, ਵਸਦੇ ਸਜਣਾਂ ਨੂੰ ਕਿਤਾਬਾਂ ਭੇਟ ਕਰਨ ਬਹਾਨੇ ਜਾ ਮਿਲ਼ਾਂਗਾ ਤੇ ਵਾਪਸੀ ਤੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ਼ ਓਥੇ ਦੇ ਵਿਦਵਾਨਾਂ ਨੂੰ ਵੀ ਕਿਤਾਬਾਂ ਭੇਟ ਕਰ ਸਕਾਂਗਾ ਪਰ ਅੰਗ੍ਰੇਜ਼ੀ ਵਾਲ਼ੇ 'ਮਰਫ਼ੀ ਦੇ ਲਾੱ' ਦੀ ਗੱਲ ਕਰਿਆ ਕਰਦੇ ਹਨ। ਉਹ ਇਉਂ ਹੈ ਕਿ ਹਰੇਕ ਕੰਮ ਹੋਣ ਵਿਚ ਸਾਡੀ ਸੋਚ ਤੋਂ ਵਧ ਸਮਾ ਲੈ ਲੈਂਦਾ ਹੈ। ਪਾਕਿਸਤਾਨੋ ਵਾਪਸੀ ਤੇ ਇਹ ਕਾਰਜ ਤਕਰੀਬਨ ਓਥੇ ਦਾ ਓਥੇ ਹੀ ਖਲੋਤਾ ਪਾਇਆ ਜਿਥੇ ਛੱਡ ਕੇ ਗਿਆ ਸਾਂ। ਕੁਝ ਭਾਈਚਾਰਕ ਖੁਸ਼ੀ ਤੇ ਗ਼ਮੀ ਦੇ ਕਾਰਜਾਂ ਵਿਚ ਸ਼ਮੂਲੀਅਤ ਕਰ ਹੀ ਰਿਹਾ ਸਾਂ ਕਿ ਖਾਸ ਪਰਵਾਰਕ ਕਾਰਜ ਕਰਕੇ ਇਕ ਦਮ ਸਭ ਕੁਝ ਵਿਚੇ ਹੀ ਛੱਡ ਕੇ ਵਾਪਸ ਸਿਡਨੀ ਨੂੰ ਚਾਲੇ ਪਾਉਣੇ ਪਏ। ਇਸ ਤਰ੍ਹਾਂ ਜਿਸ ਕਿਤਾਬਾਂ ਵਾਲ਼ੇ ਕਾਰਜ ਲਈ ਉਚੇਚਾ ਅੰਮ੍ਰਿਤਸਰ ਗਿਆ ਸਾਂ ਉਹ ਵਿਚੇ ਹੀ ਰਹਿ ਗਿਆ। ਉਮੀਦ ਹੈ ਕਿ ਪ੍ਰਕਾਸ਼ਕ ਉਹ ਕਿਤਾਬਾਂ ਪਿਛੋਂ ਪਾਰਸਲਾਂ ਰਾਹੀਂ ਮੈਨੂੰ ਭੇਜ ਦੇਣਗੇ।
ਗੱਲ ਪਾਕਿਸਤਾਨ ਦੀ ਕਰ ਲਈਏ:
ਸਿਡਨੀ ਤੋਂ ਤੁਰਨੋ ਪਹਿਲਾਂ ਹੀ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਉਹਨਾਂ ਦੇ ਸਿਡਨੀ ਸਥਿਤ ਕੌਂਸੂਲੇਟ ਵਿਚ ਗਿਆ। ਰੀਸੈਪਸ਼ਨ ਤੇ ਹਾਜਰ ਨੌਜਵਾਨ ਨੇ ਕੁਝ ਅਣਕਿਆਸੇ ਸਵਾਲ ਪੁੱਛੇ ਜਿਨ੍ਹਾਂ ਦੇ ਪੁੱਛੇ ਜਾਣ ਦੀ ਮੈਨੂੰ ਆਸ ਨਹੀ ਸੀ। ਖ਼ੈਰ, ਉਸਦੀ ਹਰੇਕ ਪੁੱਛ ਦਾ ਸਹੀ ਜਵਾਬ ਦੇਣ ਉਪ੍ਰੰਤ ਉਸਨੇ ਕਾਗਜ਼ ਰੱਖ ਲਏ ਪਰ ਵੀਜ਼ਾ ਦੇ ਦੇਣ ਦਾ ਇਕਰਾਰ ਨਾ ਕੀਤਾ। ਮੇਰੇ ਅਜਿਹੀ ਪੁੱਛ ਗਿਛ ਕਰਨ ਲਈ 'ਕਿੰਤੂ' ਕਰਨ ਤੇ ਉਸਨੇ ਆਖਿਆ ਕਿ ਹਿੰਦੁਸਤਾਨ ਵਾਲ਼ੇ ਸਾਡੇ ਬੰਦਿਆਂ ਕੋਲ਼ੋਂ ਅਜਿਹੀ ਪੁੱਛ ਗਿੱਛ ਕਰਦੇ ਹਨ; ਇਸ ਲਈ ਅਸੀਂ ਵੀ ਉਹਨਾਂ ਦੇ ਬੰਦਿਆਂ ਤੋਂ ਕਰਦੇ ਹਾਂ। ਖ਼ੈਰ, ਅਗਲੇ ਹਫ਼ਤੇ ਉਸਦਾ ਫ਼ੋਨ ਆ ਗਿਆ ਕਿ ਵੀਜ਼ਾ ਲੱਗ ਗਿਆ ਹੈ ਤੇ ਮੈ ਜਾ ਕੇ ਪਾਸਪੋਰਟ ਲੈ ਆਵਾਂ। ਵੇਖਿਆ ਤਾਂ ਤਿੰਨ ਮਹੀਨੇ ਦਾ ਵੀਜ਼ਾ ਲੱਗਾ ਹੋਇਆ ਸੀ; ਮੰਗਿਆ ਭਾਵੇਂ ਮੈ ਇਕ ਮਹੀਨੇ ਦਾ ਹੀ ਸੀ।

ਅੰਮ੍ਰਿਤਸਰੋਂ ਪਿਛਲੀ ਵਾਰ ਵਾਂਗ ਹੀ ਇਸ ਵਾਰੀਂ ਵੀ ਪਾਕਿਸਤਾਨ ਜਾਣ ਦਾ ਹੌਸਲਾ ਜਿਹਾ ਨਾ ਪਵੇ। ਇਹ ਯਾਤਰਾ ਕਿਸੇ ਨਾ ਕਿਸੇ ਬਹਾਨੇ ਅੱਗੇ ਤੋ ਅੱਗੇ ਹੀ ਪਾਈ ਜਾਵਾਂ। ਇਸ ਵਾਰੀਂ ਐਂਟਰੀ ਵੀ ਇਕੋ ਸੀ ਜਦੋਂ ਕਿ ਪਿਛਲੀ ਵਾਰੀਂ ਮੈਨੂੰ ਦੋ ਐਂਟਰੀਆਂ ਮਿਲ਼ ਗਈਆਂ ਸਨ। ਖ਼ੈਰ, ਖ਼ੁਦਾ ਖ਼ੁਦਾ ਕਰਕੇ ਮੈ ਦੋ ਨਵੰਬਰ ਨੂੰ ਅਟਾਰੀ ਵੱਲ ਤੁਰ ਹੀ ਪਿਆ। ਵਾਹਗੇ ਦੀ ਬੱਸ ਫੜਨ ਲਈ ਅੱਡੇ ਤੋਂ ਕੰਡਕਟਰ ਨੂੰ ਪੁਛਿਆ। ਉਸਨੇ ਇਕ ਸਵਾਰੀ ਹੋਰ ਦੇ ਲਾਲਚ ਵਿਚ ਮੈਨੂੰ ਝੂਠ ਹੀ ਬੋਲ ਦਿਤਾ ਕਿ ਇਹੋ ਬੱਸ ਹੀ ਵਾਹਗੇ ਤੱਕ ਜਾਣੀ ਹੈ। ਪਰ ਓਥੇ ਜਾ ਕੇ ਉਹਨਾਂ ਨੇ ਅਟਾਰੀ ਤੋਂ ਹੀ ਵਾਪਸ ਮੂਹ ਭਵਾਂ ਲਿਆ ਤੇ ਮੈਨੂੰ ਥ੍ਰੀ ਵੀ੍ਹਲਰ ਲੈ ਕੇ ਅੱਗੇ ਬਾਰਡਰ ਤੱਕ ਜਾਣਾ ਪਿਆ। ਪੈਸੇ ਵਟਾਉਣ ਵਾਲ਼ੇ ਦੁਆਲ਼ੇ ਆ ਹੋਏ। ਉਹਨਾਂ ਦੇ ਸੁਝਾ ਤੇ ਤਿੰਨ ਹਜ਼ਾਰ ਇੰਡੀਅਨ ਰੁਪਏ ਦੇ ਚਾਰ ਹਜ਼ਾਰ ਤੇ ਕੁਝ ਪਾਕਿਸਤਾਨੀ ਰੁਪਏ ਲੈ ਲਏ। ਉਹਨਾਂ ਨੂੰ ਪਿਛਲੀ ਵਾਰੀ ਦੇ ਕੌੜੇ ਤਜੱਰਬੇ ਨੂੰ ਮੁਖ ਰੱਖ ਕੇ ਆਖਿਆ ਕਿ ਪਿਛਲੀ ਵਾਰੀ ਵਾਂਗ ਮੈਨੂੰ ਹਜ਼ਾਰ ਹਜ਼ਾਰ ਦੇ ਨੋਟ ਨਾ ਦੇ ਦਿਓ ਕਿ ਬੱਸ ਵਿਚ ਬੈਠੀਆਂ ਸਵਾਰੀਆਂ ਮੇਰਾ ਮਖੌਲ ਉਡਾਉਣ। ਅੱਗੇ ਗਿਆ ਤਾਂ ਕੁੱਲ਼ੀ ਦੁਆਲ਼ੇ ਹੋ ਗਏ। ਆਪਣੇ ਬੈਗ ਤੋਂ ਇਲਾਵਾ ਕਿਤਾਬਾਂ ਦਾ ਵੀ ਬੰਡਲ਼ ਹੋਣ ਕਰਕੇ ਤੇ ਨਾਲ਼ੇ ਇਹਨਾਂ ਨੇ ਖਹਿੜਾ ਨਹੀ ਛੱਡਣਾ ਵਿਚਾਰ ਕੇ ਇਕ ਕੁੱਲੀ ਨੂੰ ਮੈ ਆਪਣਾ ਕਿਤਾਬਾਂ ਵਾਲ਼ਾ ਬੰਡਲ਼ ਚੁਕਾ ਦਿਤਾ। ਉਹ ਸੱਜਣ ਚਿੱਟੀ ਦਾਹੜੀ ਵਾਲ਼ਾ ਕਿਸੇ ਪਿੰਡ ਦਾ ਸਰਪੰਚ ਸੀ। ਉਸ ਤੋਂ ਇਕ ਪੂਰੀ ਦਾਹੜੀ ਵਾਲ਼ਾ ਨੌਜਵਾਨ ਬੰਡਲ਼ ਖੋਹਣ ਪਿਆ; ਇਹ ਆਖਦਾ ਹੋਇਆ, ''ਤੂੰ ਸਰਪੰਚ ਹੋ ਕੇ ਭਾਰ ਢੋਂਦਾ ਹੈ!'' ਉਸਨੇ ਕਿਹਾ, ''ਮੈ ਮਜ਼ਦੂਰੀ ਹੀ ਕਰਦਾ ਹਾਂ, ਕੋਈ ਚੋਰੀ ਤੇ ਨਹੀ ਕਰ ਰਿਹਾ। ਉਸਨੇ ਬੰਡਲ ਉਸ ਨੌਜਵਾਨ ਨੂੰ ਨਾ ਫੜਾਇਆ ਤੇ ਉਹ ਨੌਜਵਾਨ ਹੱਸਦਾ ਹੱਸਦਾ ਹੱਸਦਾ ਪਰ੍ਹਾਂ ਚਲਿਆ ਗਿਆ। ਇਕ ਕਾਲ਼ੀ ਦਾਹੜੀ ਵਾਲ਼ੇ ਸਿੱਖ ਇਮੀਗ੍ਰੇਸ਼ਨ ਅਫ਼ਸਰ ਨੇ ਮੇਰਾ ਆਸਟ੍ਰੇਲੀਅਨ ਪਾਸਪੋਰਟ ਵੇਖ ਕੇ, ਨਿਮਾਣੇ ਜਿਹੇ ਹੋ ਕੇ ਆਖਿਆ, ''ਸਰਦਾਰ ਜੀ, ਆਸਟ੍ਰੇਲੀਅਨ ਡਾਲਰ ਹੀ ਵਿਖਾ ਦਿਓ, ਕਿਹੋ ਜਿਹੇ ਹੁੰਦੇ ਹਨ!' ਮੇਰੇ ਪਾਸ ਉਸ ਸਮੇ ਡਲਰ ਨਹੀ ਸਨ ਤੇ ਮੈ ਸਹੀ ਗੱਲ ਦੱਸ ਦਿਤੀ। ਅਖੀਰ ਵੇਖ ਵਾਖ ਕੇ ਜਦੋਂ ਉਸਨੂੰ ਮੇਰੇ ਕਾਗਜ਼ਾਂ ਵਿਚੋਂ ਕੁਝ ਵੀ ਰੁਕਾਵਟ ਪਾ ਸਕਣ ਵਾਲ਼ਾ ਨਾ ਦਿਸਿਆ ਤਾਂ ਮੋਹਰ ਲਾਉਣ ਪਿਛੋਂ ਦੰਦੀਆ ਜਿਹੀਆਂ ਕਧ ਕੇ ਜਹੇ ਹੋ ਕੇ ਆਖਿਆ, ''ਸਰਦਾਰ ਜੀ, ਸਾਨੂੰ ਤੁਹਾਡੇ ਵਰਗੇ ਪਰਦੇਸੀਆਂ ਤੋਂ ਹੀ ਤਾਂ ਕੁਝ ਮਿਲ਼ਨ ਦੀ ਆਸ ਹੁੰਦੀ ਹੈ; ਕੁਝ ਦੇ ਜਾਓ!'' ਮੈ ਇਕ ਸੌ ਦਾ ਨੋਟ ਉਸ ਵੱਲ ਕਰ ਦਿਤਾ ਤੇ ਉਸਨੇ ਭੇਦ ਭਰੇ ਜਿਹੇ ਤਰੀਕੇ ਨਾਲ਼ ਆਪਣੇ ਵੱਲ ਖਿਸਕਾ ਲਿਆ।
ਆਪਣੇ ਪਾਸੇ ਵਾਲ਼ੇ ਕੁੱਲੀ ਨੂੰ ਮੈ ਸੌ ਰੁਪਏ ਦਿਤੇ ਤੇ ਉਸਨੇ ਮੈਨੂੰ ਪਾਕਿਸਤਾਨੀ ਕੁੱਲੀ ਦੇ ਹਵਾਲੇ ਕਰ ਦਿਤਾ। ਦੋਹਾਂ ਦੇਸਾਂ ਦੀਆਂ ਇਮੀਗ੍ਰੇਸ਼ਨ ਤੇ ਕਸਟਮ ਦੀਆਂ ਕਾਰਵਾਈਆਂ ਪੂਰੀਆਂ ਕਰਕੇ ਪਾਕਿਸਤਾਨ ਵਾਲ਼ੇ ਪਾਸੇ ਪਹੁੰਚ ਗਿਆ। ੧੯੯੯ ਵਾਲ਼ੇ ਸਮੇ ਤੋਂ ਉਲਟ ਓਧਰ ਵੀ ਵਾਹਵਾ ਚਹਿਲ ਪਹਿਲ ਸੀ। ਵਾਹਵਾ ਸਾਰੀਆਂ ਦੁਕਾਨਾਂ ਖੁਲ੍ਹੀਆਂ ਹੋਈਆਂ ਸਨ। ਦੋਹੀਂ ਪਾਸੀਂ ਮਾਲ ਢੋਣ ਵਾਲ਼ੇ ਟਰੱਕਾਂ ਦੀਆਂ ਲਾਈਨਾਂ ਵੀ ਸਾਮਾਨ ਏਧਰ ਓਧਰ ਪੁਚਾ ਰਹੀਆਂ ਸਨ। ਪਹਿਲਾਂ ਵਾਲ਼ੀ ਵਿੰਗ ਤੜਿੰਗੀ ਜਿਹੀ ਸੜਕ ਦੀ ਥਾਂ ਚਾਰ ਲਾਈਨਾਂ ਵਾਲ਼ੀ ਬੜੀ ਸੋਹਣੀ ਸੜਕ, ਵਾਹਗੇ ਤੋਂ ਸ੍ਰੀ ਨਨਕਾਣਾ ਸਹਿਬ ਤੱਕ, ਬਣੀ ਹੋਈ ਸੀ। ਓਥੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁਖ ਗ੍ਰੰਥੀ, ਭਾਈ ਗੋਬਿੰਦ ਸਿੰਘ ਜੀ, ਜੋ ਆਪਣੇ ਛੋਟੇ ਭਰਾ ਸ. ਰਮੇਸ਼ ਸਿੰਘ ਜੀ ਨੂੰ ਉਡੀਕ ਰਹੇ ਸਨ, ਮਿਲ਼ੇ। ਉਹਨਾਂ ਨੂੰ ਪੁਛਿਆ ਕਿ ਕਿੰਨੇ ਪੈਸੇ ਕੁੱਲੀ ਨੂੰ ਦੇ ਦਿਆਂ। ਉਹਨਾਂ ਨੇ ਚਾਲੀ ਪੰਜਾਹ ਤੋਂ ਵਧ ਨਾ ਦੇਣ ਲਈ ਆਖਿਆ। ਮੈ ਇਕ ਸੌ ਦਾ ਨੋਟ ਉਸਨੂੰ ਦੇ ਦਿਤਾ ਪਰ ਉਸਦੇ ਤਰਲੇ ਜਿਹੇ ਨਾਲ਼ ਹੋਰ ਆਖਣ ਤੇ ਇਕ ਹੋਰ ਸੌ ਦਾ ਨੋਟ ਦੇ ਦਿਤਾ। ਭਾਈ ਗੋਬਿੰਦ ਸਿੰਘ ਜੀ ਉਸਨੂੰ ਘੂਰਨ ਕਿ ਉਹ ਕਿਉਂ ਪਰਦੇਸੀ ਨੂੰ ਠੱਗਦਾ ਹੈ! ਪਰ ਉਸਨੇ ਤੇ ਉਸ ਦੇ ਸਾਥੀਆਂ ਨੇ ਆਖਿਆ ਕਿ ਸਰਦਾਰ ਜੀ ਖ਼ੁਸ਼ੀ ਨਾਲ ਦੇ ਰਹੇ ਹਨ। ਮੈ ਵੀ ਆਖਿਆ ਕਿ ਉਸਦੀ ਕਿਸਮਤ ਹੈ, ਉਹ ਲੈ ਗਿਆ; ਕੋਈ ਗੱਲ ਨਹੀ। ਇਉਂ ਮੈ ੧੯੯੯ ਵਿਚ ਇੱਕੀ ਰੁਪਇਆਂ ਵਿਚ ਅੰਮ੍ਰਿਤਸਰੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ ਪੁੱਜ ਗਿਆ ਸਾਂ ਪਰ ਇਸ ਵਾਰੀਂ ੨੦੦੮ ਵਿਚ ਸਿਰਫ ਬਾਰਡਰ ਪਾਰ ਕਰਕੇ ਦੂਜੇ ਪਾਸੇ ਤੱਕ ਜਾਣ ਲਈ ਹੀ ਮੈਨੂੰ ੪੩੦ ਰੁਪਏ ਖ਼ਰਚਣੇ ਪਏ ਪਰ ਫਿਰ ਵੀ ਪ੍ਰਸੰਨਤਾ ਹੀ ਪ੍ਰਾਪਤ ਹੋਈ ਕਿਉਂਕਿ ਆਪਣੀ ਇਛਾ ਦੇ ਉਲ਼ਟ ਕੋਈ ਕੰਮ ਨਹੀ ਕਰਨਾ ਪਿਆ। ਉਹਨਾਂ ਦੇ ਭਰਾ ਸ. ਰਮੇਸ਼ ਸਿੰਘ ਜੀ ਵੀ ਕੁਝ ਸਮਾ ਉਡੀਕਣ ਪਿਛੋਂ ਭਾਰਤ ਵਾਲ਼ੇ ਪਾਸਿਉਂ ਆ ਗਏ। ਉਹ ਬਹੁਤ ਪੜ੍ਹੇ ਲਿਖੇ ਤੇ ਚੰਗੇ ਉਚੇ ਪਾਕਿਸਤਾਨ ਵਿਚ ਸਰਕਾਰੀ ਅਹੁਦੇ ਉਪਰ ਕੰਮ ਕਰ ਰਹੇ ਹਨ ਪਰ ਹੁਣ ਉਹ ਨੌਕਰੀ ਛੱਡ ਕੇ ਨਾਰੋਵਾਲ਼ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਵੱਡਾ ਦਫ਼ਤਰ ਖੋਹਲ ਰਹੇ ਹਨ ਤੇ ਇਕ ਗੈਰ ਸਰਕਾਰੀ ਆਰਗੇਨਾਈਜ਼ੇਸ਼ਨ ਰਾਹੀਂ ਓਥੋਂ ਦੇ ਲੋਕਾਂ ਦਾ ਜੀਵਨ ਪਧਰ ਉਚਾ ਕਰਨ ਲਈ ਯਤਨ ਆਰੰਭ ਰਹੇ ਹਨ। ਇਸ ਕਾਰਜ ਲਈ ਉਹਨਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੀ ਸਹਾਇਤਾ ਮਿਲ਼ਿਆ ਕਰੇਗੀ। ਮੈ ਵੇਖਿਆ ਕਿ ਅਜੇ ਉਹ ਆਪਣੇ ਦਫ਼ਤਰ ਵਾਲੀ ਬਿਲਡਿੰਗ ਨੂੰ ਢੁਕਵਾਂ ਰੂਪ ਦੇਣ ਲਈ ਇਸਦੀ ਰੈਨੋਵੇਸ਼ਨ ਕਰਵਾ ਰਹੇ ਹਨ। ਵਾਹਗੇ ਤੋਂ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਤੱਕ ਭਾਈ ਗੋਬਿੰਦ ਸਿੰਘ ਜੀ ਆਪਣੀ ਕਾਰ ਤੇ ਲੈ ਗਏ। ਰਸਤੇ ਵਿਚ ਨਾਰੋਵਾਲ਼ ਸ. ਰਮੇਸ਼ ਸਿੰਘ ਜੀ ਦੇ ਬਣ ਰਹੇ ਦਫ਼ਤਰ ਵਿਚ ਵੀ ਰੁਕੇ ਜਿਥੇ ਉਹਨਾਂ ਦੇ ਪਰਵਾਰ ਦੇ ਬਾਕੀ ਜੀਆਂ ਨਾਲ਼ ਵੀ ਮੁਲਕਾਤ ਹੋਈ। ਬੜੇ ਹੀ ਸੂਝਵਾਨ ਸਨ ਸਾਰੇ ਜੀ ਹੀ। ਨਾਰੋਵਾਲ਼ ਤੋਂ ਸ਼ੱਕਰਗੜ੍ਹ ਨੂੰ ਜਾਣ ਵਾਲ਼ੀ ਸੜਕ ਉਪਰ ਸਤਾਰਵੇਂ ਕਿਲੋਮੀਟਰ ਤੇ, ਦਰਬਾਰ ਸਾਹਿਬ ਕਰਤਾਰਪੁਰ ਨੂੰ ਜਾਣ ਵਾਲ਼ੀ ਸੜਕ ਦਾ ਪੱਥਰ ਲੱਗਾ ਹੋਇਆ ਹੈ। ਇਸ ਨਾਰੋਵਾਲ ਸ਼ੱਕਰਗੜ੍ਹ ਸੜਕ ਤੋਂ ਤਿੰਨ ਕਿਲੋ ਮੀਟਰ ਉਤੇ, ਰਾਵੀ ਦਰਿਆ ਦੇ ਕਿਨਾਰੇ ਉਪਰ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ। ਇਹ ਸੜਕ ਵੀ ਸੰਨ ਦੋ ਹਜ਼ਾਰ ਵਿਚ, ਪੱਛਮੀ ਪੰਜਾਬ ਦੇ ਉਸ ਸਮੇ ਦੇ ਮੁਖ ਮੰਤਰੀ ਦੇ ਹੁਕਮ ਨਾਲ਼, ੨੪ ਘੰਟਿਆਂ ਵਿਚ ਬਣੀ ਸੀ।
ਗੁਰਦੁਆਰਾ ਸਾਹਿਬ ਪੁਰਾਣੀ ਤੇ ਮਜਬੂਤ ਇਮਾਰਤ ਦੇ ਰੂਪ ਵਿਚ ਸੁਸ਼ੋਭਤ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਉਪ੍ਰੰਤ, ਹਿੰਦੂਆਂ ਤੋਂ ਬਣੇ ਸਰਧਾਲੂਆਂ ਵੱਲੋਂ ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੇ ਸਰੀਰ ਦਾ ਸਸਕਾਰ ਕਰਨਾ ਚਾਹਿਆ ਤੇ ਮੁਸਲਮਾਨ ਸ਼ਰਧਾਲੂਆਂ ਨੇ ਆਪਣਾ ਪੀਰ ਮੰਨ ਕੇ ਕਬਰ ਵਿਚ ਦਬਾਉਣਾ ਚਾਹਿਆ। ਠੀਕ ਹੀ ਕਿਸੇ ਸ਼ਰਧਾਲੂ ਵਿਦਵਾਨ ਨੇ ਆਖਿਆ ਹੈ:
ਬਾਬਾ ਨਾਨਕ ਸ਼ਾਹ ਫ਼ਕੀਰ।
ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ।
ਇਸ ਦੋਵੱਲੀ ਕਸ਼ਮਕਸ਼ ਵਿਚ ਗੁਰੂ ਜੀ ਦਾ ਸਰੀਰ ਅਲੋਪ ਹੋ ਗਿਆ ਤੇ ਸਰੀਰ ਉਪਰਲੀ ਚਾਦਰ ਦੇ ਹੀ ਦੋ ਹਿੱਸੇ ਕਰਕੇ ਦੋਹਾਂ ਧਿਰਾਂ ਨੇ ਇਕ ਹਿੱਸਾ ਸਸਕਾਰ ਕੇ ਮੜ੍ਹੀ ਬਣਾਈ ਤੇ ਦੂਜੀ ਧਿਰ ਨੇ ਦਬਾ ਕੇ ਉਪਰ ਕਬਰ ਬਣਾ ਦਿਤੀ। ਹੁਣ ਸਸਕਾਰ ਵਾਲੀ ਮੜ੍ਹੀ ਜ਼ਮੀਨ ਦੇ ਬਰਾਬਰ ਹੈ ਤੇ ਉਸ ਉਪਰ ਗੁਰਦੁਆਰਾ ਸੁਸ਼ੋਭਤ ਹੈ। ਨਾਲ਼ ਪ੍ਰਕਰਮਾਂ ਵਿਚ ਕਬਰ ਵਾਲ਼ੇ ਥਾਂ ਇਕ ਥੜ੍ਹਾ ਬਣਿਆ ਹੋਇਆ ਹੈ। ਉਸ ਥੜ੍ਹੇ ਉਪਰ ਵੀ ਬੜੀ ਕੀਮਤੀ ਚਾਦਰ ਪਾਈ ਹੋਈ ਹੁੰਦੀ ਹੈ। ਕਰਤਾਰ ਪੁਰ ਨਾਮੀ ਪਿੰਡ ਗੁਰੂ ਜੀ ਦਾ ਵਸਾਇਆ ਓਥੇ ਮੌਜੂਦ ਨਹੀ ਹੈ ਪਰ ਨਜ਼ਦੀਕ ਕੁਝ ਘਰਾਂ ਦਾ ਪਿੰਡ ਕੋਠੇ ਹੈ ਤੇ ਉਸ ਤੋਂ ਕੁਝ ਹਟਵਾਂ ਪਰ ਦੂਜੇ ਪਾਸੇ ਦੋਦਾ ਪਿੰਡ ਹੈ ਜਿਸਦੇ ਜ਼ਿਮੀਦਾਰ ਭਾਈ ਦੋਦੇ ਨੇ, ਗੁਰੂ ਜੀ ਨੂੰ ਪਿੰਡ ਵਸਾਉਣ ਲਈ ਜ਼ਮੀਨ ਭੇਟਾ ਕੀਤੀ ਸੀ। ਇਹ ਸ਼ੁਕਰ ਦੀ ਗੱਲ ਹੈ ਕਿ ਕਾਰ ਸੇਵਾ ਵਾਲ਼ੇ ਬਾਬਿਆਂ ਦੀ ਅਜੇ ਉਸ ਸਥਾਨ ਤੇ 'ਫੁੱਲ ਕਿਰਪਾ' ਨਹੀ ਹੋਈ ਤੇ ਗੁਰੂ ਸਾਹਿਬ ਜੀ ਦੇ ਸਮੇ ਦਾ ਖੂਹ ਵੀ ਮੌਜੂਦ ਹੈ। ਗੁਰੂ ਜੀ ਦੇ ਪਰਵਾਰ ਦੀ ਵਰਤੋਂ ਵਾਸਤੇ ਬਣਵਾਈ ਗਈ ਖੂਹੀ ਵੀ ਅਜੇ ਸ਼ੋਭਾ ਪਾ ਰਹੀ ਹੈ। ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਸ. ਮਨਜੀਤ ਸਿੰਘ ਜੀ ਬਾਖ਼ੂਬੀ ਸਾਰਾ ਪ੍ਰਬੰਧ ਸੰਭਾਲ਼ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸੰਨ ੨੦੦੦ ਵਿਚ, ਸਮਗਤਾਂ ਦੇ ਦਰਸ਼ਨਾਂ ਲਈ ਖੋਹਲਣ ਸਮੇ, ਗੁਰਦੁਆਰੇ ਦੀ ਤਿੰਨ ਕੁ ਏਕੜ ਜ਼ਮੀਨ ਦਾ ਪ੍ਰਬੰਧ ਮਿਲ਼ਿਆ ਸੀ ਪਰ ਉਹਨਾਂ ਨੇ ਪਰਦੇਸੀ ਸੰਗਤ ਦੀ ਸਹਾਇਤਾ, ਗੁਰੂ ਦੀ ਕਿਰਪਾ ਤੇ ਪ੍ਰਬੰਧਕ ਯੋਗਤਾ ਨਾਲ਼ ਬਤਾਲ਼ੀ ਕੁ ਏਕੜ ਜ਼ਮੀਨ ਮੁੱਲ਼ ਖ਼ਰੀਦ ਕੇ ਬਣਾ ਲਈ ਹੈ ਤੇ ਉਸ ਜ਼ਮੀਨ ਤੇ ਖੇਤੀ ਕਰਦੇ/ਕਰਵਾਉਂਦੇ ਹਨ। ਗਾਈਆਂ ਮਝਾਂ ਵੀ ਰੱਖੀਆਂ ਹੋਈਆਂ ਹਨ। ਗੁਰੂ ਕੇ ਲੰਗਰ ਵਾਸਤੇ ਸਾਰੀ ਸਮੱਗਰੀ ਓਥੇ ਹੀ ਪੈਦਾ ਕਰਦੇ ਹਨ। ਇਹ ਸ. ਮਨਜੀਤ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ ਤੇ ਭਾਈ ਰਾਮੇਸ਼ ਸਿੰਘ ਜੀ ਦੇ ਵੱਡੇ ਭਰਾ ਜੀ ਹਨ। ਮੈ ਇਕ ਰਾਤ ਏਥੇ ਰਿਹਾ ਤੇ ਅਗਲੇ ਦਿਨ ਸ. ਮਨਜੀਤ ਸਿੰਘ ਜੀ ਆਪਣੀ ਕਾਰ ਤੇ ਮੈਨੂੰ ਲਾਹੌਰ ਲੈ ਗਏ ਤੇ ਓਥੇ ਕੁਝ ਜ਼ਿੰਮੇਵਾਰ ਸੱਜਣਾਂ ਨਾਲ਼ ਦੁਪਹਿਰ ਦੇ ਖਾਣੇ ਉਪਰ ਮੇਰੀ ਮੁਲਾਕਾਤ ਕਰਵਾਈ। ਇਸ ਮੁਲਾਕਾਤ ਵਿਚ ਹੋਰ ਵਿਚਾਰਾਂ ਤੋਂ ਇਲਾਵਾ ਆਸਟ੍ਰੇਲੀਆ ਵਿਚੋਂ ਜਥਿਆਂ ਦੇ ਰੂਪ ਵਿਚ, ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਹਿਤ ਸਮੇ ਸਮੇ ਸੰਗਤ ਨੂੰ ਲਿਆਉਣ ਦਾ ਉਦਮ ਕਰਨ ਲਈ ਵੀ ਮੈਨੂੰ ਉਹਨਾਂ ਜ਼ਿੰਮੇਵਾਰ ਸੱਜਣਾਂ ਨੇ ਪ੍ਰੇਰਿਆ। ਮੈ ਵਿਤ ਅਨੁਸਾਰ ਇਸ ਪਾਸੇ ਯਤਨ ਕਰਨ ਦਾ ਇਕਰਾਰ ਕੀਤਾ। ਸ਼ਾਮ ਨੂੰ ਉਹ ਮੈਨੂੰ, ਮੇਰੀ ਇਛਾ ਮੁਤਾਬਿਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਗਏ। ਵਕਫ਼ ਬੋਰਡ ਵੱਲੋਂ ਸਥਾਪਤ ਕੇਅਰ ਟੇਕਰ ਜਨਾਬ ਅਜ਼ਹਰ ਜੀ ਨੇ ਮੈਨੂੰ ਰਹਿਣ ਵਾਸਤੇ ਯੋਗ ਕਮਰਾ ਦੇ ਦਿਤਾ ਤੇ ਹੋਰ ਵੀ ਹਰ ਤਰ੍ਹਾਂ ਦੀ ਖ਼ਿਦਮਤ ਲੋੜ ਅਨੁਸਾਰ ਕਰਨ ਦਾ ਭਰੋਸਾ ਦਿਵਾਇਆ। ਲਾਹੌਰ ਵਿਚ ਹੀ ਇਕ ਬਹੁਤ ਹੀ ਉਘੇ ਵਿਦਵਾਨ ਯੋਗ ਪ੍ਰਬੰਧਕ, 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਦੇ ਡਾਇਰੈਕਟਰ, ਡਾ. ਜ਼ਫ਼ਰ ਚੀਮਾ ਜੀ ਮਿਲ਼ੇ। ਓਹਨਾਂ ਨੇ ੧੦ ਨਵੰਬਰ ਨੂੰ ਪਾਕਿਸਤਾਨ ਟੀ. ਵੀ. ਦੇ ਸਟੁਡੀਓ ਵਿਚ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਬਣਾ ਲਿਆ। ਮੇਰੇ ਪਾਸ ਕੁਝ ਦਿਨ ਸਨ। ਇਹਨਾਂ ਦੇ ਸਦਉਪਯੋਗ ਲਈ ਇਕ ਵਾਰੀਂ ਮੈ ਫਿਰ ਇਕ ਵਿਦਵਾਨ ਸਿੱਖ ਨੌਜਵਾਨ ਸ. ਰਾਜਵੀਰ ਸਿੰਘ ਜੀ ਨਾਲ, ਕਰਤਾਰ ਪੁਰ ਸਾਹਿਬ ਦੀ ਯਾਤਰਾ ਤੇ ਚਲਾ ਗਿਆ। ਵਾਪਸੀ ਤੇ ਇਕ ਦਿਨ ਲਾਹੌਰ ਵਿਚਲਾ ਅਜਾਇਬ ਘਰ ਵੇਖਣ ਗਿਆ। ਸਿੱਖ ਰਾਜ ਦੀਆਂ ਯਾਦਾਂ ਨਾਲ਼ ਸਬੰਧਤ ਹਾਲ ਵੇਖ ਰਿਹਾ ਸਾਂ ਤਾਂ ਬਹੁਤ ਸਾਰੀਆਂ ਸਕੂਲੀ ਬੱਚੀਆਂ ਹੈਰਾਨੀ ਨਾਲ਼ ਆ ਦਵਾਲ਼ੇ ਹੋਈਆਂ। ਪਹਿਲਾਂ ਇਕਾ ਦੁੱਕਾ ਤੇ ਫਿਰ ਥੋਕ ਦੇ ਰੂਪ ਵਿਚ। ਪਹਿਲਾਂ ਤਿੰਨ ਜਣੀਆਂ ਝਕਦੇ ਝਕਦੇ ਆਈਆਂ। ਸ਼ਾਇਦ ਪਹਿਲੀਆਂ ਨੇ ਮੇਰਾ ਪਤਾ ਲਾ ਲਿਆ ਹੋਵੇ ਕਿ ਮੈ ਕਿਤੇ 'ਵਢਦਾ' ਤਾਂ ਨਹੀ। ਜਦੋਂ ਉਹ ਸਹੀ ਸਲਾਮਤ ਹੀ ਵਾਪਸ ਚਲੀਆਂ ਗਈਆਂ ਤਾਂ ਫਿਰ ਬਹੁਤ ਸਾਰੀਆਂ ਬੱਚੀਆਂ, ਸਮੇਤ ਉਹਨਾਂ ਦੀਆਂ ਟੀਚਰਾਂ ਦੇ, ਆ ਦੁਆਲ਼ੇ ਹੋਈਆਂ। ਮੈ ਹੈਰਾਨ ਸਾਂ ਕਿ ਏਥੇ ਸਿੱਖ ਤਾਂ ਆਮ ਹੀ ਆਉਂਦੇ ਜਾਂਦੇ ਰਹਿੰਦੇ ਹਨ ਤੇ ਕੁਝ ਪਾਕਿਸਤਾਨ ਦੇ ਪੱਕੇ ਵਸਨੀਕ ਵੀ ਹਨ ਪਰ ਇਹ ਮੈਨੂੰ ਹੀ ਕਿਉਂ ਅਜੂਬਾ ਸਮਝ ਕੇ ਮੇਰੇ ਦੁਆਲ਼ੇ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੀਆਂ ਹਨ। ਫਿਰ ਆਪੇ ਹੀ ਖਿਆਲ ਆਇਆ ਕਿ ਆਮ ਤੌਰ ਤੇ ਸਿੱਖ ਜਥਿਆਂ ਦੇ ਰੂਪ ਵਿਚ, ਪੁਲਸ ਦੇ ਪਹਿਰੇ ਹੇਠ, ਸਿਰਫ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਹੀ ਆਉਂਦੇ ਹਨ। ਮੇਰੇ ਵਾਂਗ ਬੇਮੁਹਾਰੇ ਊਠ ਦੀ ਤਰ੍ਹਾਂ ਐਂ ਇਕੱਲੇ ਨਹੀ ਤੁਰੇ ਫਿਰਦੇ। ਫਿਰ ਉਹ ਬੱਚੀਆਂ ਲੱਗਦੀਆਂ ਵੀ ਕਿਸੇ ਦੂਰ ਦੁਰਾਡੇ ਪੇਂਡੂ ਸਕੂਲ ਦੀਆਂ ਸਨ ਜਿਨ੍ਹਾਂ ਵਾਸਤੇ ਵਾਕਿਆ ਹੀ ਕਿਸੇ ਸਿੱਖ ਦਾ ਵੇਖਣਾ ਕੋਈ ਖਾਸ ਹੀ ਗੱਲ ਸੀ। ਉਹ ਬੜੇ ਅਪਣੱਤ ਭਰੇ ਤਰੀਕੇ ਨਾਲ਼, ਮੈਨੂੰ ਬਜ਼ੁਰਗ ਜਾਣ ਕੇ, ਜੋ ਕਿ ਮੈ ਆਪਣੇ ਲਿਬਾਸ ਤੇ ਦਾਹੜੇ ਕਰਕੇ ਪ੍ਰਤੱਖ ਦਿਸਦਾ ਹੀ ਸਾਂ, ''ਅੰਕਲ ਜੀ, ਅੰਕਲ ਜੀ'' ਆਖ ਕੇ ਸੰਬੋਧਨ ਕਰਦੀਆਂ ਸਨ। ਮੇਰੇ ਪਾਸੋਂ ਸਾਰੀਆਂ ਬੱਚੀਆਂ ਨੇ ਆਟੋਗਰਾਫ਼ ਵੀ ਲਏ। ਇਹ ਕੁਝ ਵੇਖ ਕੇ ਇਕ ਤਰਾਸ਼ ਕੇ ਛੋਟੀ ਕੀਤੀ ਹੋਈ ਪਰ ਚਿੱਟੀ ਦਾਹੜੀ ਵਾਲ਼ਾ ਟੀਚਰ ਘੜੀ ਮੁੜੀ ਆ ਕੇ ਉਹਨਾਂ ਨੂੰ ਤੁਰਨ ਲਈ ਆਖੇ। ਹਰੇਕ ਵਾਰ, ''ਲੇਟ ਹੋ ਗਏ, ਲੇਟ ਹੋ ਗਏ।'' ਦੀ ਮੁਹਾਰਨੀ ਰਟੀ ਜਾਵੇ ਪਰ ਬੱਚੀਆਂ ਮੇਰੇ ਪਾਸੋਂ ਦਸਤਖ਼ਤ ਕਰਵਾਏ ਬਿਨਾ ਨਾ ਜਾਣ। ਅਖੀਰ ਉਸਨੇ ਬੜੇ ਗੁੱਸੇ ਨਾਲ਼ ਆਖਿਆ, ''ਇਹ ਓਹੋ ਈ ਨੇ ਜਿਨ੍ਹਾਂ ਨੇ ਮੁਸਲਮਾਨਾਂ ਦਾ ਕਤਲਾਮ ਕੀਤਾ ਸੀ!'' ਇਕ ਲੜਕੀ ਫੌਰਨ ਬੋਲੀ, ''ਸਰ, ਇਹਨਾਂ ਨੇ ਥੋਹੜਾ ਕੀਤਾ ਸੀ!'' ਉਹ ਬੁੜ ਬੁੜ ਕਰਦਾ ਦੂਰ ਚਲਿਆ ਗਿਆ ਪਰ ਬੱਚੀਆਂ ਅਖੀਰਲੀ ਬੱਚੀ ਤੱਕ ਮੇਰੇ ਦਸਖ਼ਤ ਲੈ ਕੇ ਹੀ ਗਈਆਂ। ਬੱਚੀਆਂ ਵੱਲੋਂ ਵੇਹਲਾ ਹੋ ਕੇ ਮੈ ਉਚੇਚਾ ਉਸ ਸੱਜਣ ਨੂੰ ਲਭਿਆ। ਤੇਜ ਤੇਜ ਤੁਰਿਆ ਜਾਂਦਾ ਜਦੋਂ ਮੇਰੀ ਪਹੁੰਚ ਵਿਚ ਆਇਆ ਤਾਂ ਮੈ ਉਸ ਵੱਲ ਆਪਣਾ ਹੱਥ ਵਧਾਇਆ ਪਰ ਉਸਨੇ ਮੈਨੂੰ ਗਲਵੱਕੜੀ ਪਾ ਲਈ। ਮੈ ਆਖਿਆ, ''ਉਸ ਸਮੇ ਦੋਵੇਂ ਪਾਸੇ ਪਾਗਲ ਹੋ ਗਏ ਸਨ। ਨਾ ਤੁਹਾਡਿਆਂ ਨੇ ਸਾਡਿਆਂ ਨਾਲ਼ ਕੋਈ ਫਰਕ ਰੱਖਿਆ ਸੀ ਤੇ ਨਾ ਹੀ ਸਾਡਿਆਂ ਨੇ ਤੁਹਾਡਿਆਂ ਨਾਲ਼ ਮਾੜਾ ਕਰਨ ਵਿਚ ਕੋਈ ਕਸਰ ਰਹਿਣ ਦਿਤੀ ਸੀ।'' ਉਹ ਕੁਝ ਇਸ ਤਰ੍ਹਾਂ ਦੇ ਲਫ਼ਜ਼ ਆਖਦਾ ਹੋਇਆ, ''ਓਦੋਂ ਤੁਸੀਂ ਗ਼ਲਤ ਸੀ, ਹੁਣ ਠੀਕ ਓ।'' ਕਾਹਲ਼ੀ ਕਾਹਲ਼ੀ ਅੱਗੇ ਨੂੰ ਤੁਰ ਗਿਆ। ਇਹ ਸਾਰਾ ਕੁਝ ਦੋ ਨੌਜਵਾਨਾਂ ਨੇ ਵੀ ਵੇਖਿਆ ਸੀ ਜੋ ਕਿ ਮੇਰੇ ਵਾਂਗ ਹੀ ਅਜਾਇਬਘਰ ਵੇਖ ਰਹੇ ਸਨ। ਉਹ ਦੋਵੇਂ ਨੌਜਵਾਨ ਆਪਸ ਵਿਚ ਰਿਸ਼ਤੇਦਾਰ ਸਨ। ਇਕ ਬਲੋਚੀ ਸੀ ਤੇ ਦੂਸਰਾ ਪੰਜਾਬੀ ਜਿਸ ਦਾ ਨਾਂ ਸਮੀਰ ਹੈ। ਸਮੀਰ ਨੇ ਉਸ ਟੀਚਰ ਦੇ ਰਵੱਈਏ ਦੀ ਮੇਰੇ ਕੋਲ਼ ਯੋਗ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੈਨੂੰ ਮੇਰੇ ਟਿਕਾਣੇ ਤੇ ਆਪਣੇ ਮੋਟਰ ਸਾਈਕਲ ਤੇ ਛੱਡਣ ਲਈ ਆਖਿਆ। ਮੇਰੇ ਬਹੁਤ ਵਾਰੀਂ ਨਾਂਹ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਗੁਰਦੁਆਰਾ ਡੇਹਰਾ ਸਾਹਿਬ ਛੱਡ ਕੇ ਗਿਆ। ਗੁਰਦੁਆਰੇ ਅੱਗੇ ਪੁਲਸ ਦਾ ਪਹਿਰਾ ਹੁੰਦਾ ਹੈ ਤੇ ਉਹ ਆਮ ਮੁਸਲਮਾਨ ਨੂੰ ਅੰਦਰ ਨਹੀ ਜਾਣ ਦਿੰਦੇ। ਪਰ ਮੇਰੇ ਆਖਣ ਤੇ ਉਸਨੂੰ ਮੇਰੇ ਕਮਰੇ ਤੱਕ ਆਉਣ ਦੀ ਆਗਿਆ ਮਿਲ਼ ਗਈ। ਉਸਨੇ ਮੇਰਾ ਅਗਲੇ ਦਿਨ ਦਾ ਪ੍ਰੋਗਰਾਮ ਪੁੱਛਿਆ। ਮੇਰੇ ਵੱਲੋਂ ਚਿੜੀਆ ਘਰ ਜਾਣ ਦਾ ਪ੍ਰੋਗਰਾਮ ਦੱਸਣ ਤੇ ਉਸਨੇ ਆਖਿਆ ਕਿ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਲੈ ਕੇ ਜਾਵੇਗਾ ਤਾਂ ਕਿ ਉਸ ਟੀਚਰ ਵਰਗਾ ਕੋਈ ਹੋਰ ਬੰਦਾ ਨਾ ਮੈਨੂੰ ਮਿਲ਼ ਪਏ। ਉਹ ਨੌਜਵਾਨ ਖਾਸਾ ਪੜ੍ਹਿਆ ਲਿਖਿਆ ਤੇ ਕਿਸੇ ਰੱਜੇ ਪੁੱਜੇ ਘਰ ਦਾ ਲੱਗਦਾ ਸੀ। ਅਗਲੇ ਦਿਨ ਮੇਰਾ ਪ੍ਰੋਗਰਾਮ ਬਦਲ ਜਾਣ ਕਰਕੇ ਮੈ ਉਸਨੂੰ ਸਵੱਖਤੇ ਹੀ ਫ਼ੋਨ ਰਾਹੀਂ ਆਉਣ ਤੋਂ ਧੰਨਵਾਦ ਸਹਿਤ ਮਨ੍ਹਾ ਕਰ ਦਿਤਾ।
ਦੋ ਕੁ ਦਿਨ ਪਰਦੇਸਾਂ ਤੋਂ ਆਈਆਂ ਸੰਗਤਾਂ ਦੇ ਨਾਲ਼ ਲਾਹੌਰ ਵਿਚ ਸੁਸ਼ੋਭਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ ਅਤੇ ਸੰਗਤਾਂ ਨਾਲ਼ ਗੁਰਦੁਆਰਾ ਸਾਹਿਬਾਨ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਵੀ ਸਾਂਝੀ ਕੀਤੀ। ੧੦ ਨਵੰਬਰ ਨੂੰ ਪਾਕਿਸਤਾਨ ਟੀ. ਵੀ. ਤੇ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਸੀ। ਗੁਰਦੁਆਰਾ ਸਾਹਿਬ ਤੋਂ ਸਟੁਡੀਓ ਪੁੱਜਣ ਦਾ ਇੰਤਜ਼ਾਮ ਹੋ ਗਿਆ ਤੇ ਓਥੋਂ ਮੈਨੂੰ ਡਾ. ਜ਼ਫ਼ਰ ਚੀਮਾ ਜੀ ਦਾ ਭੇਜਿਆ ਹੋਇਆ ਸੱਜਣ ਆ ਕੇ ਉਹਨਾਂ ਦੇ ਦਫ਼ਤਰ, ਦਿਆਲ ਸਿੰਘ ਲਾਇਬ੍ਰੇਰੀ ਵਿਚ ਲੈ ਗਿਆ। ਲਾਹੌਰ ਦੇ ਲਛਮੀ ਚੌਕ ਦੇ ਨੇੜੇ ਵਿਸ਼ਾਲ ਬਿਲਡਿੰਗ ਵਿਚ ਇਹ ਲਾਇਬ੍ਰੇਰੀ ਸੁਭਾਇਮਾਨ ਹੈ। ਇਸ ਦੇ ਵਿਚ ਹੀ ਡਾ. ਚੀਮਾ ਜੀ ਦੀ ਡਾਇਰੈਕਟਰਸ਼ਿਪ ਹੇਠ 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਚੱਲਦਾ ਹੈ ਜੋ ਕਿ ਪੰਜਾਬੀ ਸਾਹਿਤ ਤੇ ਸਭਿਆਚਾਰ ਬਾਰੇ ਬੜਾ ਉਦਮ ਕਰ ਰਿਹਾ ਹੈ। ਮੈਨੂੰ ਇਸ ਵਿਸ਼ਾਲ ਲਾਇਬ੍ਰੇਰੀ ਦੀ ਯਾਤਰਾ ਕਰਵਾ ਕੇ ਇਸ ਫ਼ੋਰਮ ਬਾਰੇ ਵੀ ਭਰਪੂਰ ਜਾਣਕਾਰੀ ਦਿਤੀ ਗਈ। ਇਸ ਵਿਸ਼ਾਲ ਲਾਇਬ੍ਰੇਰੀ ਅਤੇ ਕਈ ਹੋਰ ਸੰਸਥਾਵਾਂ ਦੀ ਸਥਾਪਨਾ, ਸਮੇਤ ਟ੍ਰੀਬਿਊਨ ਅਖ਼ਬਾਰ ਦੇ, ਸਰ ਦਿਆਲ ਸਿੰਘ ਮਜੀਠੀਆ ਦੇ ਧਨ ਨਾਲ਼ ਹੀ ਹੋਈ ਸੀ। ਇਹ ਸਰਦਾਰ ਜੀ ਉਘੇ ਸਿੱਖ ਘਰਾਣੇ, ਮਜੀਠੀਆ ਸਰਦਾਰਾਂ ਵਿਚੋਂ ਸਨ। ਇਹਨਾਂ ਦੀ ਸੰਤਾਨ ਨਹੀ ਸੀ। ਇਹ ਚਾਹੁੰਦੇ ਸਨ ਕਿ ਇਹਨਾਂ ਦੇ ਧਨ ਦੀ ਮਨੁਖਤਾ ਦੀ ਭਲਾਈ ਵਾਸਤੇ ਸੁਚੱਜੀ ਵਰਤੋਂ ਹੋਵੇ। ਓਹਨੀਂ ਦਿਨੀਂ ਸਿੱਖ ਖ਼ਾਲਸਾ ਕਾਲਜ ਦੀ ਸਥਾਪਨਾ ਦਾ ਉਦਮ ਕਰ ਰਹੇ ਸਨ ਤੇ ਇਸ ਸਰਦਾਰ ਜੀ ਨੇ ਇਸ ਕਾਰਜ ਲਈ ਸਾਰਾ ਖ਼ਰਚ ਖ਼ੁਦ ਕਰਨ ਦੀ ਪੰਥ ਨੂੰ ਪੇਸ਼ਕਸ਼ ਕੀਤੀ ਸੁਣੀ ਸੀ। ਇਹਨਾਂ ਦੀ ਇਕ ਸ਼ਰਤ ਸੀ ਕਿ ਕਾਲਜ ਦਾ ਨਾਂ 'ਸਰ ਦਿਆਲ ਸਿੰਘ ਖ਼ਾਲਸਾ ਕਾਲਜ' ਰੱਖਿਆ ਜਾਵੇ ਜੋ ਕਿ ਉਸ ਸਮੇ ਦੇ ਪੰਥ ਦੇ ਆਗੂਆਂ ਨੂੰ ਮਨਜ਼ੂਰ ਨਹੀ ਸੀ। ਜਦੋਂ ਅਨਮੱਤੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾ ਨੇ ਸਰਦਾਰ ਜੀ ਤੱਕ ਪਹੁੰਚ ਕਰਕੇ ਉਹਨਾਂ ਦੇ ਵਸੀਲਿਆਂ ਨਾਲ਼ ਵਿਸ਼ਾਲ ਸੰਸਥਾਵਾਂ, ਲਾਇਬ੍ਰੇਰੀ, ਕਾਲਜ, ਅਖ਼ਬਾਰ ਆਦਿ ਉਸਾਰ ਲਈਆਂ। ਫਿਰ ਟੀ. ਵੀ. ਦੇ ਸਟੁਡੀਓ ਵਿਚ ਗਏ। ਡਾ. ਚੀਮਾ ਜੀ ਨੇ ਐਂਕਰ ਵਜੋਂ ਬੜੀ ਯੋਗਤਾ ਨਾਲ਼ ਇਸ ਲੰਮੇ ਪ੍ਰੋਗਰਾਮ ਨੂੰ ਦਿਲਚਸਪ ਬਣਾਈ ਰੱਖਿਆ। ਪੈਨਲ ਵਿਚ ਮੇਰੇ ਤੋਂ ਇਲਾਵਾ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਮੇਜਰ ਜਨਰਲ ਮੁਹੰਮਦ ਜਾਵਿਦ, ਵਲੈਤੋਂ ਸ. ਲਸ਼ਵਿੰਦਰ ਸਿੰਘ ਡਲੇਵਾਲ, ਲਾਹੌਰ ਤੋਂ ਬੀਬੀ ਡਾ. ਦਿਲਸ਼ਾਦ ਚੀਮਾ ਸ਼ਾਮਲ ਸਨ। ਡਾਕਟਰ ਜ਼ਫ਼ਰ ਚੀਮਾ ਜੀ ਦੀ ਵਿਦਵਤਾ, ਯੋਗਤਾ, ਤਤਪਰਤਾ ਦਾ ਸਦਕਾ ਇਹ ਪ੍ਰੋਗਰਾਮ ਬਹੁਤ ਹੀ ਸਫ਼ਲ ਰਿਹਾ। ਬੀਬੀ ਡਾ. ਦਿਲਸ਼ਾਦ ਚੀਮਾ ਜੀ ਨੇ ਮੇਰੀ ਇਕ ਗੱਲ ਨੂੰ ਲੈ ਕੇ ਬਹੁਤ ਹੀ ਦਿਲਚਸਪ ਸਵਾਲ ਕੀਤੇ ਜਿਨ੍ਹਾਂ ਨਾਲ਼ ਪ੍ਰੋਗਰਾਮ ਵਿਚ ਹੋਰ ਵੀ ਚੰਗਾ ਰੰਗ ਭਰ ਗਿਆ। ਟੀ. ਵੀ. ਦੇ ਦਰਸ਼ਕਾਂ ਵੱਲੋਂ ਇਸਦੀ ਸ਼ਲਾਘਾ ਵੀ ਸੁਣਨ ਵਿਚ ਆਈ। ਮੈ ਤਾਂ ਭਾਵੇਂ ਖ਼ੁਦ ਇਹ ਪ੍ਰੋਗਰਾਮ ਨਹੀ ਵੇਖ ਸਕਿਆ।
੧੧ ਨਵੰਬਰ ਨੂੰ ਇਕ ਵਲੈਤੋਂ ਆਏ ਜਥੇ ਨਾਲ਼ ਹੀ ਬੱਸ ਵਿਚ ਸਵਾਰ ਹੋ ਕੇ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਗਿਆ। ਏਥੇ ਮਾਵਾਂ ਪੁੱਤ ਨਹੀ ਸਨ ਸੰਭਾਲ਼ ਰਹੀਆਂ। ਮਾਰ ਚਾਰ ਚੁਫੇਰੇ ਗਹਿਮਾ ਗਹਿਮ ਸੀ। ਏਨੇ ਭੀੜ ਭੜੱਕੇ ਭਰੇ ਮੇਲੇ ਵਿਚ ਚੱਕੀਰਾਹ ਦੀ ਕੌਣ ਸੁਣਦਾ ਹੈ ਦੇ ਅਖਾਣ ਮੁਤਾਬਿਕ ਮੇਰੇ ਓਥੇ ਰਾਤ ਕੱਟਣ ਦਾ ਕੋਈ ਸਬੱਬ ਨਾ ਬਣੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਮੇਰੇ ਹੱਥ ਵਿਚ ਲਟੇ ਪਟੇ ਵਾਲ਼ਾ ਬੈਗ ਤੇ ਕਿਤਾਬਾਂ ਵਾਲ਼ਾ ਬੁਚਕਾ ਵੇਖ ਕੇ ਸਿਵਲ ਕੱਪੜਿਆਂ ਵਿਚ ਪਹਿਰਾ ਦੇ ਰਹੇ ਪੁਲਸਵਾਲ਼ੇ ਨੇ ਅੰਦਰ ਜਾਣ ਤੋਂ ਦ੍ਰਿੜ੍ਹਤਾ ਸਹਿਤ ਰੋਕ ਦਿਤਾ। ਏਧਰ ਓਧਰ ਆਲ਼ੇ ਦੁਆਲ਼ੇ ਝਾਕਾਂ। ਠੀਕ ਹੈ, ''ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੈ।'' ਦੀ ਪੁਰਾਣੀ ਲੋਕੋਕਤੀ ਅਨੁਸਾਰ ਮੇਰੇ ਨਾਲ਼ ਵੀ ਏਹੋ ਹੀ ਹੋਈ। ਮੈ ਸੋਚਿਆ ਕਿ ਰਾਤ ਹੀ ਕੱਟਣੀ ਹੈ। ਓਥੇ ਰਾਜਵੀਰ ਸਿੰਘ ਮਿਲ਼ ਜਾਵੇਗਾ, ਸ਼੍ਰੋਮਣੀ ਕਮੇਟੀ ਦੇ ਜਥੇ ਨਾਲ਼ ਕੱਟ ਲਵਾਂਗਾ ਜਾਂ ਕੋਈ ਹੋਰ ਜੁਗਾੜ ਬਣ ਜਾਵੇਗਾ। ਹਾਲਾਂ ਕਿ ਵਕਫ਼ ਬੋਰਡ ਵਾਲ਼ੇ ਮੇਰੇ ਰੈਣ ਬਸੇਰੇ ਲਈ ਯੋਗ ਪ੍ਰਬੰਧ ਕਰਨ ਵਾਸਤੇ ਤਿਆਰ ਸਨ ਪਰ ਆਪਣੀ ਸੁਭਾਵਿਕ ਲਾਪ੍ਰਵਾਹੀ ਕਰਕੇ ਮੈ ਕਿਸੇ ਨੂੰ ਵੀ ਕੁਝ ਨਾ ਆਖਿਆ। ਇਕ ਥਾਂ ਕੈਨੇਡੀਅਨ ਨੌਜਵਾਨ ਲੰਗਰ ਦਾ ਕੈਂਪ ਲਾਈ ਬੈਠੇ ਸਨ। ਇਹ ਨੌਜਵਾਨ ਲਿਬਾਸ ਤੇ ਬਚਨਾਂ ਤੋਂ ਮਹਿਤੇ ਵਾਲੀ ਦਮਦਮੀ ਟਕਸਾਲ ਤੋਂ ਪ੍ਰਭਾਵਤ ਜਾਪਦੇ ਸਨ। ਜਦੋਂ ਮੈ ਆਖਿਆ ਕਿ ਕੁਝ ਮਿੰਟਾਂ ਲਈ ਮੇਰੀਆਂ ਕਿਤਾਬਾਂ ਰੱਖ ਲਵੋ; ਮੈ ਮੱਥਾ ਟੇਕ ਆਵਾਂ; ਤਾਂ ਇਕ ਨੌਜਵਾਾਨ ਫੱਟ ਬੋਲ ਉਠਿਆ, ''ਇਹ ਕਿਤੇ ਘੱਗੇ ਵਰਗੀਆਂ ਕਿਤਾਬਾਂ ਤੇ ਨਹੀ?'' ਮੈ ਇਕ ਕਿਤਾਬ ਕਢ ਕੇ ਉਹਨਾਂ ਨੂੰ ਪੜ੍ਹਨ ਲਈ ਫੜਾ ਦਿਤੀ। ਖੈਰ, ਉਹਨਾਂ ਨੇ ਮੇਰਾ ਬੰਡਲ਼ ਆਪਣੇ ਕੋਲ਼ ਮੱਥਾ ਟੇਕਣ ਜਿੰਨੇ ਚਿਰ ਲਈ ਰੱਖਣ ਦੀ ਆਗਿਆ ਦੇ ਦਿਤੀ। ਉਹਨਾਂ ਪਾਸ ਆਪਣਾ ਬੁਚਕਾ ਰੱਖ ਕੇ ਮੱਥਾ ਮੈ ਟੇਕ ਆਇਆ। ਓਥੇ ਬਹੁ ਚਰਚਿਤ ਸੋਨੇ ਦੀ ਪਾਲਕੀ ਦੇ ਵੀ ਦਰਸ਼ਨ ਹੋ ਗਏ। ਇਸ ਪਾਲਕੀ ਬਾਰੇ ਜਾਣਕਾਰੀ ਤੇ ਆਪਣੇ ਵਿਚਾਰ ਇਕ ਵੱਖਰੇ ਲੇਖ ਰਾਹੀਂ ਪਾਠਕਾਂ ਨਾਲ਼ ਸਾਂਝੇ ਕਰਾਂਗਾ। ਜਿਨ੍ਹਾਂ ਵਲੈਤੀਆਂ ਦੀ ਬੱਸ ਵਿਚ ਬੈਠ ਕੇ ਮੈ ਲਾਹੌਰੋਂ ਆਇਆ ਸਾਂ ਉਹਨਾਂ ਨੇ ਸੁਲਾਹ ਹੀ ਨਾ ਮਾਰੀ ਕਿ ਮੈ ਉਹਨਾਂ ਦੁ ਕਿਸੇ ਕਮਰੇ ਦੀ ਕਿਸੇ ਨੁੱਕਰ ਵਿਚ ਸਾਮਾਨ ਟਿਕਾ ਕੇ ਕਿਸੇ ਬਰਾਂਡੇ ਵਿਚ ਰਾਤ ਕੱਟ ਲਵਾਂ।
ਫਿਰ ਗੁਰਦੁਆਰਾ ਤੰਬੂ ਸਾਹਿਬ ਜੀ ਵਿਚ ਚਲਿਆ ਗਿਆ। ਇਸ ਗੁਰਦੁਆਰਾ ਸਾਹਿਬ ਜੀ ਦੇ ਵਿਸ਼ਾਲ ਮੈਦਾਨ ਵਿਚ ਹੀ ਅਗਲੇ ਦਿਨ ਸੈਮੀਨਾਰ ਸਜਣਾ ਸੀ ਜਿਸ ਵਿਚ ਮੈ ਵੀ ਬੋਲਣਾ ਸੀ। ਸੋਚਿਆ ਕਿ ਓਥੇ ਵਲੈਤ ਵਿਚ ਰਹਿੰਦੇ ਸ. ਅਵਤਾਰ ਸਿੰਘ ਸੰਘੇੜਾ ਜੀ ਮੈਨੂੰ ਜਾਣਦੇ ਹਨ ਤੇ ਉਹਨਾਂ ਨੇ ਵਿਦੇਸ਼ੀ ਸੰਗਤਾਂ ਤੋਂ ਉਗ੍ਰਾਹੀ ਕਰਕੇ, ਓਥੇ ਸਰਾਵਾਂ ਵੀ ਬਣਵਾਈਆਂ ਹੋਈਆਂ ਹਨ। ਅਸੀਂ ਜੁਲਾਈ, ੨੦੦੪ ਵਿਚ ਇਟਲੀ ਵਿਚ ਮਿਲ਼ੇ ਸੀ। ਸ਼ਾਇਦ ਉਹ ਮੇਰੇ ਰਾਤ ਰਹਿਣ ਦਾ ਕੋਈ ਜੁਗਾੜ ਆਪਣੀ ਕਿਸੇ ਸਰਾਂ ਵਿਚ ਬਣਾ ਦੇਣ! ਉਹਨਾਂ ਮੈਨੂੰ ਪਛਾਣਿਆ ਹੀ ਨਾ। ਗੱਲ ਬਾਤ ਭਾਵੇਂ ਚੰਗੀ ਤਰ੍ਹਾਂ ਕੀਤੀ। ਇਹ ਵੇਖ ਕੇ ਮੈ ਉਹਨਾਂ ਨੂੰ ਆਪਣੇ ਰਾਤਰੀ ਟਿਕਾਣੇ ਬਾਰੇ ਸਵਾਲ ਹੀ ਨਾ ਪਾ ਸਕਿਆ। ਗੁਰਦੁਆਰਾ ਤੰਬੂ ਸਾਹਿਬ ਵਿਖੇ ਅਖੰਡਪਾਠ ਚੱਲ ਰਿਹਾ ਸੀ। ਰਾਤ ਮੈ ਓਥੇ ਇਕ ਨੁੱਕਰ ਵਿਚ ਆਪਣਾ 'ਕੈਂਪ' ਲਾ ਲਿਆ ਤੇ ਨਿਕ ਸੁਕ ਮਹਾਰਾਜ ਜੀ ਦੇ ਸੁਖ ਆਸਣ ਵਾਲ਼ੇ ਪਲੰਘ ਦੇ ਹੇਠਾਂ ਖਿਸਕਾ ਦਿਤਾ। ਇਉਂ ਮੇਰੀ ਰਾਤ ਮਹਾਂਰਾਜ ਜੀ ਦੇ ਚਰਨਾਂ ਵਿਚ ਭਰਪੂਰ ਸੁਖ ਨਾਲ਼ ਬੀਤੀ। ਸਵੇਰੇ ਸੰਘੇੜਾ ਜੀ ਦੁਆਰਾ ਬਣਵਾਈ ਗਈ ਸਰਾਂ ਦੇ ਗੁਸਲਖਾਨੇ ਵਿਚ ਇਸ਼ਨਾਨ ਵੀ ਕਰ ਲਿਆ। ਠੰਡ ਨਾ ਹੋਣ ਕਰਕੇ ਸੌਣ ਦੇ ਸਥਾਨ ਬਾਰੇ ਤਾਂ ਕੋਈ ਫਿਕਰ ਨਹੀ ਸੀ ਪਰ ਸਵੇਰੇ ਨਹੌਣ ਬਾਰੇ ਫਿਕਰ ਮੈਨੂੰ ਜ਼ਰੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵੀ ਫਿਕਰ ਸੀ ਕਿ ਰਾਤ ਨੂੰ ਇਸ ਮੇਲੇ ਵਿਚ ਜੇ ਕੋਈ ਮੇਰਾ ਨਿਕ ਸੁਕ ਜਿਹਾ ਕੱਛੇ ਮਾਰ ਗਿਆ ਤਾਂ ਮੈ ਫਿਰ ਕੀਹਦੀ ਮਾਂ ਨੂੰ ਮਾਸੀ ਆਖੂੰ ਜਾਂ ਫਿਰ ਬੀਬੀਆਂ ਨੂੰ ''ਮੈ ਕੇਹੜੀ ਦਾ ਫੁੱਫੜ ਆਂ ਕੁੜੇ?'' ਪੁਛਦਾ ਫਿਰੂੰ! ਲੰਗਰ ਤਾਂ ਥਾਂ ਥਾਂ ਲੱਗੇ ਹੋਏ ਸਨ। ਹਰ ਪ੍ਰਕਾਰ ਦਾ ਲੰਗਰ ਸੰਗਤਾਂ ਨੂੰ ਖੁਲ੍ਹਾ ਮਿਲ਼ ਰਿਹਾ ਸੀ। ਕਾਰ ਸੇਵਾ ਵਾਲ਼ੇ ਬਾਬਿਆਂ ਵੱਲੋਂ ਵੀ ਇਕ ਤੋਂ ਵਧ ਥਾਂਵਾਂ ਤੇ ਸਨਿਘਦ ਲੰਗਰ ਚੱਲ ਰਹੇ ਸਨ।
ਅਗਲੇ ਦਿਨ ਗੁਰਦੁਆਰਾ ਤੰਬੂ ਸਾਹਿਬ ਜੀ ਦੇ ਮੈਦਾਨ ਵਿਚ ਵਿਸ਼ਾਲ ਸ਼ਾਮਿਆਨੇ ਅੰਦਰ ਵੱਡੇ ਪੈਮਾਨੇ ਤੇ, ਵਕਫ਼ ਬੋਰਡ ਵੱਲੋਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਿਚ ਤਕਰੀਬਨ ਸਾਰੀ ਦੁਨੀਆ ਤੋਂ ਧਾਰਮਿਕ, ਵਿਦਵਾਨ ਤੇ ਸੂਝਵਾਨ ਸਿੱਖ ਸ਼ਾਮਲ ਸਨ ਤੇ ਨਾਲ਼ ਹੀ ਪਾਕਿਸਤਾਨ ਦੇ ਉਚ ਪਧਰ ਦੇ ਕੁਝ ਲੋਕ ਵੀ ਹਾਜਰ ਸਨ। ਇਹਨਾਂ ਵਿਚ ਬੀਬੀ ਡਾ. ਦਿਲਸ਼ਾਦ ਚੀਮਾ ਜੀ ਵੀ ਸਨ ਤੇ ਉਹਨਾਂ ਨੇ ਲੈਕਚਰ ਵੀ ਬੇਬੇ ਨਾਨਕੀ ਜੀ ਬਾਰੇ ਦਿਤਾ ਤੇ ਦੱਸਿਆ ਕਿ ਉਹਨਾਂ ਨੇ ਬੀਬੀ ਜੀ ਬਾਰੇ ਇਕ ਕਿਤਾਬ ਵੀ ਛਾਪੀ ਹੈ। ਇਹ ਪਹਿਲੀ ਬੀਬੀ ਹੈ ਜਿਸਨੇ ਪਾਕਿਸਤਾਨ ਵਿਚ ਪੰਜਾਬੀ ਵਿਚ ਡਾਕਟਰੇਟ ਕੀਤੀ ਹੈ। ਉਹਨਾਂ ਦਾ ਥੀਸਿਸ ਬਾਬੂ ਫ਼ੀਰੋਜ਼ ਦੀਨ ਸ਼ਰਫ਼ ਦੀ ਜੀਵਨੀ ਅਤੇ ਲਿਖਤਾਂ ਬਾਰੇ ਸੀ। ਇਸ ਸੈਮੀਨਾਰ ਦਾ ਆਰੰਭਕ ਭਾਸ਼ਨ ਮੇਰਾ ਸੀ। ਮੈਨੂੰ ਪ੍ਰਬੰਧਕਾਂ ਵੱਲੋਂ ਆਖਿਆ ਗਿਆ ਸੀ ਕਿ ਮੈ 'ਸਿੱਖ ਸਮਾਜ ਵਿਚ ਇਸਤਰੀ ਦਾ ਸਥਾਨ ਤੇ ਭਰੂਣ ਹੱਤਿਆ' ਬਾਰੇ ਬੋਲਾਂ। ਉਹਨਾਂ ਨੇ ਬੋਲਣ ਤੋਂ ਪਹਿਲਾਂ ਆਪਣਾ ਭਾਸ਼ਨ ਲਿਖ ਕੇ ਦੇਣ ਲਈ ਵੀ ਆਖਿਆ ਤਾਂ ਕਿ ਉਹ ਇਸਨੂੰ 'ਪੰਜ ਰੰਗ' ਨਾਮੀ ਰਸਾਲੇ ਵਿਚ ਛਾਪ ਸਕਣ ਪਰ ਮੈ ਆਪਣੇ ਦਲਿਦਰੀ ਸੁਭਾ ਅਨੁਸਾਰ ਅਜਿਹਾ ਨਾ ਕਰ ਸਕਿਆ ਤੇ ਸਦਾ ਵਾਂਗ ਸਿਧਾ ਸਟੇਜ ਉਪਰ ਹੀ ਬੋਲ ਦਿਤਾ। ਇਸਦੀ ਸ੍ਰੋਤਿਆਂ ਤੇ ਮੀਡੀਆ ਵੱਲੋਂ ਭਰਪੂਰ ਪਰਸੰਸਾ ਹੋਈ। ਸੈਮੀਨਾਰ ਦੇ ਪ੍ਰਧਾਨ, ਵਕਫ਼ ਬੋਰਡ ਦੇ ਚੇਅਰਮੈਨ, ਮੇਜਰ ਜਨਰਲ ਮੁਹੰਮਦ ਜਾਵਿਦ ਜੀ ਨੂੰ ਮੈ ਸਟੇਜ ਉਪਰ ਆਪਣੀਆਂ ਕਿਤਾਬਾਂ ਦਾ ਸੈਟ ਵੀ ਭੇਟ ਕੀਤਾ ਤੇ ਪ੍ਰਬੰਧਕਾਂ ਵੱਲੋਂ ਮੈਨੂੰ ਉਹਨਾਂ ਦੇ ਹੱਥੋਂ ਮੇਮੈਂਟੋ ਤੇ ਕੁਝ ਕਿਤਾਬਾਂ ਦਾ ਸੈਟ ਵੀ ਭੇਟ ਕਰਵਾਇਆ ਗਿਆ।
ਅੰਮ੍ਰਿਤਸਰ ਵਿਚ ਗੁ. ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਪ੍ਰਬੰਧਕਾਂ ਨਾਲ਼ ਇਕਰਾਰ ਕਰ ਆਇਆ ਸਾਂ ਕਿ ੧੪ ਨਵੰਬਰ ਵਾਲ਼ੇ ਬਾਬਾ ਜੀ ਦੇ ਸ਼ਹੀਦੀ ਦੀਵਾਨ ਵਿਚ ਮੈ ਬੋਲਾਂਗਾ। ਇਸ ਲਈ ਸ੍ਰੀ ਨਾਨਕਾਣੇ ਸਾਹਿਬ ਤੋਂ ਬਾਰਾਂ ਦੀ ਰਾਤ ਨੂੰ ਹੀ ਮੈਨੂੰ ਲਾਹੌਰ ਵਿਖੇ ਮੁੜਨਾ ਚਾਹੀਦਾ ਸੀ ਤਾਂ ਕਿ ੧੩ ਨੂੰ ਮੈ ਅੰਮ੍ਰਿਤਸਰ ਪੁੱਜ ਜਾਵਾਂ ਜਿਥੇ ੧੪ ਨੂੰ ਸਵੇਰੇ ਦੇ ਦੀਵਾਨ ਵਿਚ ਹਾਜਰੀ ਭਰ ਸਕਾਂ। ਸੈਮੀਨਾਰ ਤੋਂ ਪਹਿਲਾਂ ਬੱਸ ਅੱਡੇ ਤੇ ਜਾ ਕੇ ਲਾਹੌਰ ਵਾਲੀ ਬੱਸ ਦਾ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਦਾ ਹੁਕਮ ਹੈ ਕਿ ਕਿਸੇ ਵੀ ਸਿੱਖ ਨੂੰ ੧੪ ਤਰੀਕ ਤੋਂ ਪਹਿਲਾਂ ਨਾਨਕਾਣੇ ਤੋਂ ਬਾਹਰ ਨਹੀ ਜਾਣ ਦੇਣਾ। ਮੇਰੇ ਗੁਪਤੀ ਤੌਰ ਤੇ ਲੈ ਜਾਣ ਦੇ ਸੁਝਾ ਤੇ ਉਹਨਾਂ ਕਿਹਾ ਕਿ ਰਾਹ ਵਿਚ ਪੁਲ਼ਸ ਨੇ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਖੱਜਲ਼ ਕਰਨਾ ਹੈ। ਇਸ ਲਈ ਸਰਦਾਰ ਜੀ, ਅਸੀਂ ਇਹ ਕੰਮ ਨਹੀ ਕਰ ਸਕਦੇ। ਇਹ ਜਾਣ ਕੇ ਮੇਰੀ ਖਾਨਿਓਂ ਗਈ। ਮੈਨੂੰ ਆਪਣੇ ਇਕਰਾਰ ਤੋਂ ਝੂਠੇ ਪੈ ਜਾਣ ਦਾ ਫਿਕਰ ਪੈ ਗਿਆ। ਬੱਸ ਅੱਡੇ ਤੋਂ ਤਾਂ ਮੈ ਮੁੜ ਆਇਆ। ਸੈਮੀਨਾਰ ਵਿਚ ਹੋਰ ਸ੍ਰੋਤਿਆਂ ਤੋਂ ਇਲਾਵਾ ਇਕ ਓਥੇ ਹਾਜਰ ਲੋਕਾਂ ਵਿਚੋਂ ਸਭ ਤੋਂ ਲੰਮਾ ਸਿੱਖ ਨੌਜਵਾਨ ਵੀ ਸੈਮੀਨਾਰ ਦੀ ਸਮਾਪਤੀ ਤੇ ਚਾਹ ਪਾਣੀ ਛਕਦਿਆਂ ਮੇਰੇ ਭਾਸ਼ਨ ਦੇ ਬਾਕੀ ਪ੍ਰਸੰਸਕਾਂ ਵਾਂਗ ਹੀ ਮੇਰੇ ਨਾਲ਼ ਗੱਲੀਂ ਲੱਗ ਪਿਆ। ਉਸ ਵੱਲੋਂ ਮੇਰਾ ਅਗਲਾ ਪ੍ਰੋਗਰਾਮ ਪੁੱਛਣ ਉਤੇ ਜਦੋਂ ਮੈ ਉਸਨੂੰ ਆਪਣੀ ਇਹ ਵਿਥਿਆ ਸੁਣਾਈ ਤਾਂ ਉਸਨੇ ਆਖਿਆ ਕਿ ਉਹ ਮੈਨੂੰ ਆਪਣੀ ਕਾਰ ਤੇ ਓਸੇ ਰਾਤ ਹੀ ਲਾਹੌਰ ਪੁਚਾ ਦੇਵੇਗਾ। ''ਅੰਨ੍ਹਾ ਕੀ ਭਾਲ਼ੇ, ਦੋ ਅੱਖਾਂ!' ਮੇਰੀ ਤਾਂ ਸਾਰੀ ਸਮੱਸਿਆ ਹੀ ਹੱਲ ਹੋ ਗਈ। ਉਸਨੇ ਮੈਨੂੰ ਰਾਤ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪੁਚਾ ਦਿਤਾ। ਇਸ ਸੁਲਝੇ ਹੋਏ ਚੰਗੇ ਨੌਜਵਾਨ ਦਾ ਨਾਂ ਸ. ਗੁਰਮੀਤ ਸਿੰਘ ਲਾਇਲਪੁਰੀਆ ਹੈ ਤੇ ਇਹ ਫ਼ੈਸਲਾਬਾਦ (ਲਾਇਲਪੁਰ) ਦਾ ਰਹਿਣ ਵਾਲ਼ਾ ਹੈ। ਫ਼ੈਸਲਾਬਾਦ ਵਿਚ ਇਸ ਤੋਂ ਇਲਾਵਾ ਦੋ ਘਰ ਹੋਰ ਵੀ ਸਿੱਖਾਂ ਦੇ ਹਨ। ਕੁੱਲ ਤਿੰਨ ਪਰਵਾਰ ਉਸ ਸ਼ਹਿਰ ਵਿਚ ਵੱਸਦੇ ਹਨ।
ਰਸਤੇ ਵਿਚ ਉਸਨੇ ਆਪਣਾ ਪਰਵਾਰਕ ਪਿਛੋਕੜ ਮੇਰੇ ਪੁੱਛਣ ਤੇ ਇਉਂ ਦੱਸਿਆ:
੧੯੦੧ ਵਿਚ ਸਾਡੇ ਬਜ਼ੁਰਗਾਂ ਨੇ ਜ਼ਿਲਾ ਗੁਰਦਾਸਪੁਰ ਦੇ ਕਿਸੇ ਪਿੰਡ ਵਿਚੋਂ ਆ ਕੇ, ਬਾਕੀ ਸਿੱਖਾਂ ਵਾਂਗ ਹੀ ਲਾਇਲਪੁਰ ਵਿਚ ਜ਼ਮੀਨ ਪ੍ਰਾਪਤ ਕਰਕੇ ਖੇਤੀ ਸ਼ੁਰੂ ਕੀਤੀ ਸੀ। ੧੯੪੭ ਦੇ ਰੌਲ਼ਿਆਂ ਵਿਚ ਕਾਤਲ ਤੇ ਲੁਟੇਰਿਆਂ ਦੇ ਹਜੂਮ ਨੇ ਸਾਡੇ ਟੱਬਰ ਤੇ ਹਮਲਾ ਕਰ ਦਿਤਾ। ਮੇਰੇ ਬਾਬੇ ਦੀ ਪੀਹੜੀ ਦੇ ਮਰਦ ਤਾਂ ਸਾਰੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਹੋਏ ਮਾਰੇ ਗਏ ਪਰ ਬੱਚੇ ਤੇ ਜਨਾਨੀਆਂ ਸਾਰੇ ਭੱਜ ਕੇ ਇਸਾਈਆਂ ਦੇ ਇਕ ਧਾਰਮਿਕ ਸਥਾਨ ਵਿਚ ਜਾ ਵੜੇ। ਓਥੋਂ ਦੇ ਪ੍ਰਬੰਧਕਾਂ ਨੇ ਮੇਰੇ ਪਿਓ ਦੀ ਪੀਹੜੀ ਦੇ ਬੱਚਿਆਂ ਦੇ ਫਟਾ ਫਟ ਕੇਸ ਕੱਟ ਕੇ ਹਮਲਾਵਰਾਂ ਨੂੰ ਦੱਸ ਦਿਤਾ ਕਿ ਇਹ ਸਾਰੇ ਇਸਾਈ ਹਨ। ਇਸ ਤਰ੍ਹਾਂ ਮੇਰੇ ਚਾਚੇ, ਤਾਏ ਤੇ ਪਿਓ ਜੋ ਕਿ ਉਸ ਸਮੇ ਬੱਚੇ ਹੀ ਸਨ, ਈਸਾਈ ਬਣ ਗਏ। ਮੇਰੀ ਦਾਦੀ ਤੇ ਦਾਦੀ ਦੀਆਂ ਦਰਾਣੀਆਂ ਜਿਠਾਣੀਆਂ ਵੀ ਈਸਾਈ ਅਖਵਾ ਕੇ ਬਚ ਗਈਆਂ। ਮੇਰੇ ਪਿਓ ਦੀ ਪੀਹੜੀ ਦੇ ਸਾਰੇ ਮਰਦ ਈਸਾਈ ਹੀ ਬਣ ਗਏ। ਹੁਣ ਮੇਰਾ ਸਾਰਾ ਕੋੜਮਾ ਈਸਾਈ ਹੈ। ਮੈਨੂੰ ਜਦੋਂ ਆਪਣੇ ਪਿਛੋਕੜ ਦਾ ਪਤਾ ਲੱਗਾ ਤਾਂ ਮੈ ਤੇ ਮੇਰੀ ਵਹੁਟੀ ਨੇ ੧੯੯੯ ਦੀ ਵਿਸਾਖੀ ਨੂੰ ਅੰਮ੍ਰਿਤ ਛਕ ਲਿਆ। ਅਸੀਂ ਸਿੰਘ ਸਜ ਗਏ ਹਾਂ। ਮੇਰੀ ਪਤਨੀ ਪੰਜ ਕਕਾਰ ਦੀ ਧਾਰਨੀ ਹੈ; ਕੇਸਕੀ ਵੀ ਸਜਾਉਂਦੀ ਹੈ। ਪਾਕਿਸਤਾਨ ਵਿਚ ਇਹ ਪਹਿਲੀ ਸਿੱਖ ਬੀਬੀ ਹੈ ਜਿਸ ਨੇ ਮਾਸਟਰ ਡਿਗਰੀ ਕੀਤੀ ਹੈ। (ਉਸ ਭਲੀ ਬੀਬੀ ਦੇ ਮੈ ਵੀ ਦਰਸ਼ਨ ਕੀਤੇ ਹਨ। ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਮਿਠ ਬੋਲੜੀ, ਨਿਰਮਾਣ ਤੇ ਸਟੇਜ ਦੀ ਵੀ ਧਨੀ ਹੈ।) ਉਸਨੇ ਇਕਨਾਮਿਕਸ ਦੀ ਐਮ. ਏ. ਕੀਤੀ ਹੋਈ ਹੈ। ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਿੰਘ ਸਜਣ ਤੇ ਬਾਈਕਾਟ ਕਰ ਦਿਤਾ ਹੈ। ਚੋਭਾਂ ਲਾਉਂਦੇ ਹਨ। ਮੇਰੇ ਪਿਓ ਨੇ ਮੈਨੂੰ ਜੱਦੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ ਹੈ। ਅਸੀਂ ਗੁਰੂ ਜੀ ਦੇ ਸ਼ੁਕਰ ਗੁਜ਼ਾਰ ਹਾਂ ਕਿ ਉਸਨੇ ਕਿਰਪਾ ਕਰਕੇ ਸਾਨੂੰ ਸਿੱਖੀ ਦਾਨ ਬਖ਼ਸਿਆ ਹੈ। ਮੈ ਪਾਕਿਸਤਾਨੀ ਮੀਡੀਏ ਵਿਚ ਕੰਮ ਕਰਦਾ ਹਾਂ। ਸਿੱਖਾਂ ਦੀ ਭਲਾਈ ਹਿਤ ਅਸੀਂ ਕੁਝ ਨੌਜਵਾਨਾਂ ਨੇ ਮਿਲ਼ ਕੇ, ਸ੍ਰੀ ਨਨਕਾਣਾ ਸਾਹਿਬ ਵਿਚ 'ਲੋਕ ਵਿਹਾਰ' ਨਾਂ ਦੀ ਜਥੇਬੰਦੀ ਵੀ ਬਣਾਈ ਹੋਈ ਹੈ। ਹਾਸੇ ਨਾਲ਼ ਉਸਨੇ ਇਹ ਵੀ ਆਖਿਆ: ਸ਼ੁਕਰ ਹੈ ਕਿ ਸਾਡੇ ਬਜ਼ੁਰਗ ਈਸਾਈ ਹੀ ਬਣੇ ਸਨ ਜੇ ਕਿਤੇ ਉਸ ਸਮੇ ਉਹ ਮੁਸਲਮਾਨ ਬਣ ਜਾਂਦੇ ਤਾਂ ਹੁਣ ਮੇਰੇ ਸਿੱਖ ਬਣਨ ਤੇ ਬਾਈਕਾਟ ਦੀ ਥਾਂ ਮੇਰਾ ਸਿਰ ਕਲਮ ਕੀਤਾ ਜਾਣਾ ਸੀ। ਮੈ ਰਾਵਲਪਿੰਡੀ ਵਿਚ ਹੋ ਰਹੇ ਇੰਟਰਫੇਥ ਸੈਮੀਨਾਰ ਵਿਚ ਭਾਸ਼ਨ ਕਰਨ ਜਾ ਰਿਹਾ ਹਾਂ। ਜੇਕਰ ਤੁਸੀਂ ਮੇਰੇ ਨਾਲ਼ ਚੱਲ ਕੇ ਇਹ ਕਾਰਜ ਕਰੋ ਤਾਂ ਚੰਗੇਰਾ ਹੋਵੇਗਾ।
ਏਨਾ ਚੰਗਾ ਸ਼ੁਭ ਅਵਸਰ ਗਵਾ ਲੈਣ ਦਾ ਅਫ਼ਸੋਸ ਤਾਂ ਮੈਨੂੰ ਹੋਇਆ ਪਰ ਮੈ ਅੰਮ੍ਰਿਤਸਰ ਵਿਚ ਪਹਿਲਾਂ ਕੀਤੇ ਇਕਰਾਰ ਕਰਕੇ ਉਸ ਨਾਲ਼ ਜਾਣੋ ਆਪਣੀ ਅਸਮਰਥਾ ਪ੍ਰਗਟਾ ਦਿਤੀ। ਰਾਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਰਹਿ ਕੇ ਸਵੇਰੇ ਥ੍ਰੀ ਵਹੀਲਰ ਰਾਹੀਂ ਬੱਸ ਅਡੇ ਤੇ ਜਾ ਕੇ ਜਲ੍ਹੋ ਦੀ ਬੱਸ ਫੜੀ ਤੇ ਓਥੋਂ ਥ੍ਰੀ ਵਹੀਲਰ ਰਾਹੀਂ ਵਾਹਗੇ ਜਾ ਅੱਪੜਿਆ। ਏਥੇ ਪਤਾ ਨਹੀ ਕਿਉਂ ਕੁੱਲੀ ਮੇਰੇ ਉਦਾਲ਼ੇ ਨਹੀ ਹੋਏ! ਸ਼ਾਇਦ ਅਜੇ ਬਹੁਤ ਸਵੱਖਤਾ ਹੋਣ ਕਰਕੇ ਅਜਿਹਾ ਹੋ ਗਿਆ ਹੋਵੇਗਾ! ਭਾਰਤੀ ਪਾਸੇ ਇਕ ਸਰਦਾਰ ਕੁੱਲੀ ਜਵਾਨ ਜਿਹਾ ਨੇੜੇ ਆਇਆ। ਮੈ ਖ਼ੁਸ਼ੀ ਨਾਲ਼ ਹੀ ਉਸਨੂੰ ਇਕ ਛੋਟਾ ਨੋਟ ਦਿਤਾ ਤਾਂ ਉਸਦੇ ਮੂਹੋਂ ਨਿਕਲ਼ ਗਿਆ ਕਿ ਉਸ ਰਾਤ ਨੂੰ ਉਹ ਗੁਰਦੁਆਰੇ ਵਿਚ ਗੁਰਪੁਰਬ ਮਨਾ ਰਹੇ ਹਨ। ਓਥੇ ਦੀ ਉਗ੍ਰਾਹੀ ਵਿਚ ਇਹ ਮਾਇਆ ਪਾ ਦੇਣਗੇ। ਇਹ ਸੁਣ ਕੇ ਮੈ ਉਹ ਨੋਟ ਵਾਪਸ ਲੈ ਕੇ ਉਸਨੂੰ ੧੦੧ ਭੇਟ ਕੀਤੇ।
ਭਾਰਤੀ ਪਾਸੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਵਾਹਵਾ ਚਿਰ ਲਾਇਆ।ਉਹ ਇਉਂ ਅਹਿਸਾਸ ਕਰਵਾ ਰਹੇ ਸਨ ਜਿਵੇਂ ਆਖ ਰਹੇ ਹੋਣ: ਸਾਡੇ ਯੱਕੇ ਨੇ ਮਟਕ ਨਾਲ਼ ਤੁਰਨਾ, ਕਾਹਲ਼ੀ ਏਂ ਤਾਂ ਰੇਲ ਚੜ੍ਹ ਜਾਹ। ਉਹਨਾਂ ਦਾ ਤਾਂ ਸੁਭਾ ਹੈ: ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ਼। ਓਥੋਂ ਵੇਹਲਾ ਹੋ ਕੇ ਬਾਹਰ ਨਿਕਲ਼ਿਆ ਤਾਂ ਮਗਰੇ ਇਕ ਅਫ਼ਸਰ ਵਾਜਾਂ ਮਾਰਦਾ ਭੱਜਾ ਆਇਆ; ਇਹ ਆਖਦਾ, ''ਸਰਦਾਰ ਜੀ, ਆਪਣਾ ਪਾਸਪੋਰਟ ਏਥੇ ਹੀ ਛੱਡ ਚੱਲੇ ਜੇ! ਇਸਦੀ ਲੋੜ ਨਹੀ?'' ਇਹ ਜਾਣ ਕੇ ਇਕ ਵੇਰਾਂ ਤਾਂ ਮੈਨੂੰ ਝੁਣਝੁਣੀ ਜਿਹੀ ਆ ਗਈ ਕਿ ਜੇ ਇਹ ਚੰਗੇ ਸੱਜਣ ਮੇਰੇ ਮਗਰ ਨਾ ਭੱਜਦੇ ਤਾਂ ਮੈਨੂੰ ਮੁੰਬਈ ਜਾ ਕੇ ਹੀ ਪਤਾ ਲੱਗਣਾ ਸੀ ਕਿ ਮੇਰੇ ਪਾਸ ਮੇਰਾ ਪਾਸਪੋਰਟ ਨਹੀ ਹੈ। ੮ ਅਕਤੂਬਰ ਨੂੰ ਲੰਡਨ ਦੇ ਹੀਥਰੋ ਏਅਰਪੋਰਟ ਤੇ ਤਾਂ ਮੈ ਸੈਕਿਉਰਟੀ ਵਾਲ਼ਿਆਂ ਕੋਲ਼ ਸਿਰਫ ਆਪਣਾ ਮੋਬਾਇਲ ਹੀ ਭੁੱਲ ਕੇ ਆਇਆ ਸਾਂ ਜਿਸ ਦਾ ਕੋਈ ਬਹੁਤਾ ਨੁਕਸਾਨ ਨਹੀ ਸੀ ਸਿਵਾਇ ਫ਼ੋਨ ਦੇ ਪਰ ਪਾਸਪੋਰਟ ਗਵਾਚਣ ਕਰਕੇ ਤਾਂ 'ਜਾਹ ਜਾਂਦੀਏ' ਹੋ ਜਾਣੀ ਸੀ।
ਇਹਨਾਂ ਦਫ਼ਤਰਾਂ ਦੀ ਫਾਰਮੈਲਿਟੀ ਵਿਚੋਂ ਅਖੀਰਲੀ ਫਾਰਮੈਲਿਟੀ ਪੂਰੀ ਕਰਨ ਵਾਲ਼ੀ ਲਾਈਨ ਵਿਚ ਇਕ ਜਾਣੀ ਪਛਾਣੀ ਜਿਹੀ ਹਸਤੀ ਖਲੋਤੀ ਦਿਸੀ। ਪਤਲਾ ਸਰੀਰ, ਪੈਂਟ ਬੁਸ਼ਰਟ ਵਾਲ਼ਾ ਸਾਦਾ ਲਿਬਾਸ ਪਾਇਆ ਹੋਇਆ ਤੇ ਪੱਗ ਸਰੀਰ ਦੀ ਬਣਤਰ ਤੇ ਬਾਕੀ ਲਿਬਾਸ ਨਾਲ਼ੋਂ ਕੁਝ ਵਧੇਰੇ ਭਾਰੀ। ਪੁੱਛ ਪੁਛੱਈਏ ਤੋਂ ਪਿਛੋਂ ਸ਼ੱਕ ਸਚਾਈ ਵਿਚ ਹੀ ਪਰਗਟ ਹੋ ਗਿਆ। ਇਸ ਸਨ ਪ੍ਰਸਿਧ ਲੇਖਕ ਸ. ਗੁਰਤੇਜ ਸਿੰਘ ਸਾਬਕ ਡਿਪਟੀ ਕਮਿਸ਼ਨਰ। ਅਸੀਂ ੨੦੦੩ ਵਿਚ ਲੰਡਨ ਵਿਖੇ ਇਕ ਸੈਮੀਨਾਰ ਵਿਚ ਮਿਲ਼ੇ ਸਾਂ। ਪੁਛਿਆ ਕਿ ਤੁਸੀਂ ਸਵੇਰੇ ਸਵੇਰੇ ਏਥੇ ਕਿਵੇਂ? ਕੀ ਮੇਰੇ ਨਾਲ਼ੋਂ ਵੀ ਪਹਿਲਾਂ ਲਾਹੌਰੋਂ ਆ ਗਏ? ਉਹਨਾਂ ਨੇ ਦੱਸਿਆ ਕਿ ਉਹ ਲਾਹੌਰੋਂ ਨਹੀ ਮੁੜ ਰਹੇ ਪਰ ਇਕ ਸਿੱਖ ਅਫ਼ਸਰ ਦੀ 'ਕਿਰਪਾ' ਨਾਲ਼ ਲਾਹੌਰ ਜਾਣ ਤੋਂ ਵਾਪਸ ਮੋੜ ਦਿਤੇ ਗਏ ਹਨ। ਉਹ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ। ਵੱਡੇ ਹਿੰਦੂ ਅਫ਼ਸਰ ਨੇ ਤਾਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿਤੀ ਪਰ ਉਸ ਨਾਲ਼ੋਂ ਇਕ ਛੋਟੇ ਸਿੱਖ ਅਫ਼ਸਰ ਨੇ ਬਿਨਾ ਲੋੜੋਂ ਹੀ ਸਰਦਾਰ ਜੀ ਦਾ ਪਾਸਪੋਰਟ ਵੇਖ ਕੇ, ਕਿਸੇ ਕਾਨੂੰਨੀ ਘੁੰਣਤਰਬਾਜੀ ਰਾਹੀਂ ਉਹਨਾਂ ਨੂੰ ਸਰਹੱਦ ਤੋਂ ਵਾਪਸ ਮੋੜ ਦਿਤਾ। ਉਹਨਾਂ ਨੇ ਦੱਸਿਆ ਕਿ ਉਹ ਹੁਣ ਅਗਲੇ ਦਿਨ ਪਾਕਿਸਤਾਨ ਜਾਣ ਦਾ ਫਿਰ ਯਤਨ ਕਰਨਗੇ। ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਵੀ ਕਰਨਗੇ ਕਿ ਅਗਲੇ ਦਿਨ ਉਹ ਸਿੱਖ ਅਫ਼ਸਰ ਕਿਸੇ ਤਰ੍ਹਾਂ ਓਥੇ ਡਿਊਟੀ ਉਪਰ ਨਾ ਹੋਵੇ ਤੇ ਉਹ ਸ੍ਰੀ ਨਨਕਾਣਾ ਸਾਹਿਬ ਜੀ ਦੀ ਯਾਤਰਾ ਕਰ ਸਕਣ। ਇਹ ਸੁਣ ਕੇ ਮੇਰੇ ਦਹਾਕਿਆਂ ਤੋਂ ਆਪਣੇ ਸਿੱਖ ਅਫ਼ਸਰਾਂ ਨਾਲ਼ ਵਾਹ ਪੈਣ ਤੇ ਹੋਏ ਵਾਰ ਵਾਰ ਕੌੜੇ ਤਜੱਰਬਿਆਂ ਉਪਰ ਮੋਹਰ ਲੱਗ ਗਈ।
ਸਰਦਾਰ ਜੀ ਨੇ ਟੈਕਸੀ ਕੀਤੀ ਤੇ ਮੈਨੂੰ ਵੀ ਆਪਣੇ ਨਾਲ਼ ਹੀ ਬਹਾ ਕੇ ਅੰਮ੍ਰਿਤਸਰ ਦੇ ਕ੍ਰਿਸਟਿਲ ਚੌਂਕ ਵਿਚ ਜਾ ਉਤਾਰਿਅ। ਓਥੇ ਉਹਨਾਂ ਨੇ ਕ੍ਰਿਸਟਿਲ ਹੋਟਲ ਵਿਚ ਆਪਣਾ ਬਸੇਰਾ ਕਰਨਾ ਸੀ। ਵੱਡੇ ਬੰਦਿਆਂ ਦੇ ਦਿਲ ਵੀ ਸ਼ਾਇਦ ਵੱਡੇ ਹੀ ਹੁੰਦੇ ਹੋਣ! ਟੈਕਸੀ ਵਾਲ਼ੇ ਨੇ ਸਾਢੇ ਪੰਜ ਸੌ ਮੰਗਿਆ। ਇਹਨਾਂ ਨੇ ਦੂਜੀ ਗੱਲ ਹੀ ਨਹੀ ਕੀਤੀ। ਟੈਕਸੀ ਤੇ ਬਹਿ ਗਏ ਤੇ ਸਾਢੇ ਪੰਜ ਸੌ ਮਨਜ਼ਲ ਤੇ ਪਹੁੰਚ ਕੇ ਉਸਨੂੰ ਫੜਾ ਦਿਤਾ ਤੇ ਉਤਰ ਗਏ। ਮੈ ਤਾਂ ਪਹਿਲਾਂ ਵਾਂਗ ਬੱਸ ਹੀ ਉਡੀਕਣੀ ਸੀ। ਰਸਤੇ ਵਿਚ ਮੇਰੇ ਵੱਲੋਂ ਇਹ ਆਖਣ ਤੇ ਕਿ ਤੁਸੀਂ ਹੋਟਲ ਵਿਚ ਕਿਉਂ ਠਹਿਰ ਰਹੇ ਹੋ ਜਦੋਂ ਕਿ ਤੁਹਾਡੇ ਪਧਰ ਦੀ ਸਰਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਜਿਥੇ ਯੋਗ ਕਰਾਇਆ ਦੇ ਕੇ ਤੁਸੀਂ ਰਹਿ ਸਕਦੇ ਹੋ। ਨੇੜੇ ਹੋਣ ਕਰਕੇ ਓਥੋਂ ਸ੍ਰੀ ਦਰਬਾਰ ਸਾਹਿਬ ਵੀ ਜਾਣਾ ਸੌਖਾ ਹੈ। ਫਿਰ ਤੁਹਾਡੇ ਪਧਰ ਦੇ ਵਿਅਕਤੀ ਵਾਸਤੇ ਓਥੇ ਕਮਰਾ ਬੁਕ ਕਰਵਾਉਣ ਦੀ ਵੀ ਕੋਈ ਸਮੱਸਿਆ ਨਹੀ ਹੋਵੇਗੀ ਪਰ ਉਹਨਾਂ ਨੇ ਇਹਨਾਂ 'ਬਖੇੜਿਆਂ' ਵਿਚ ਪੈਣ ਤੋਂ ਟਾਲ਼ਾ ਵੱਟਣਾ ਹੀ ਯੋਗ ਜਾਣਿਆ।
ਮੈ ਕ੍ਰਿਸਟਿਲ ਚੌਕ ਤੋਂ ਰਿਕਸ਼ਾ ਫੜ ਕੇ ਬੱਸ ਅਡੇ ਤੇ ਜਾਣਾ ਚਾਹਿਆ ਪਰ ਰਿਕਸ਼ੇ ਵਾਲ਼ੇ ਨੇ ਦੱਸਿਆ ਕਿ ਗੁਰਪੁਰਬ ਕਰਕੇ ਓਧਰ ਜਾਣਾ ਬੰਦ ਕੀਤਾ ਹੋਇਆ ਹੈ ਤੇ ਉਸਨੇ ਮੈਨੂੰ ਰੇਲਵੇ ਸਟੇਸ਼ਨ ਤੇ ਛੱਡ ਦਿਤਾ। ਓਥੋਂ ਦਰਬਾਰ ਸਾਹਿਬ ਕਮੇਟੀ ਵੱਲੋਂ ਯਾਤਰੂਆਂ ਵਾਸਤੇ ਮੁਫਤ ਬੱਸ ਸੇਵਾ ਜਾਰੀ ਹੈ। ਉਸ ਵਿਚ ਸਵਾਰ ਹੋ ਕੇ ਮੈ ਸਰਾਂ ਵਿਚ ਆ ਗਿਆ ਤੇ ਓਥੋਂ ਰਿਕਸ਼ਾ ਫੜ ਕੇ, ਸ਼ਹੀਦ ਗੰਜ ਨੇੜੇ ਆਪਣੇ ਭਰਾ ਦੇ ਘਰ ਜਾ ਵੜਿਆ। ਇਹ ਯਾਤਰੂਆਂ ਵਾਸਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਸੰਗਤਾਂਾ ਦੀ ਸਹੂਲਤ ਵਾਸਤੇ ਕੁਝ ਸਮੇ ਤੋਂ ਚਾਲੂ ਕੀਤੀ ਗਈ ਹੈ। ਪ੍ਰਬੰਧਕਾਂ ਦਾ ਇਹ ਪ੍ਰਸੰਸਾ ਯੋਗ ਕਾਰਜ ਹੈ। ਹਰੇਕ ਚੰਗੇ ਕਾਰਜ ਵਿਚ ਸਦਾ ਹੀ ਸੁਧਾਰ ਦੀ ਗੁੰਜਾਇਸ਼ ਵੀ ਹੁੰਦੀ ਹੈ। ਮੇਰੀ ਬਜ਼ੁਰਗੀ ਦਾ ਲਿਹਾਜ਼ ਕਰਦਿਆਂ ਇਸ ਬੱਸ ਦੇ ਨੌਜਵਾਨ ਡਰਾਈਵਰ ਸਿੰਘ ਨੇ ਮੈਨੂੰ ਉਚੇਚੇ ਯਤਨ ਨਾਲ਼ ਆਪਣੀ ਖਿੜਕੀ ਰਾਹੀਂ ਬੱਸ ਵਿਚ ਬਿਠਾ ਲਿਆ। ਬੱਸ ਵਿਚ ਲੋਕਾਂ ਦੇ ਸਵਾਰ ਹੋਣ ਸਮੇ ਇਸ ਤੇ ਇਕ ਹੋਰ ਮੁਲਾਜ਼ਮ ਵਰਗੀ ਦਿਖ ਵਾਲ਼ੇ ਨੌਜਵਾਨ ਨੇ ਕਿਸੇ ਨਾਲ਼ ਕੋਈ ਉਚੇਚੀ ਰਿਆਇਤ ਨਹੀ ਕੀਤੀ। ਇਹ ਨਿਰਪੱਖਤਾ ਸ਼ਲਾਘਾਯੋਗ ਹੈ ਪਰ ਇਸ ਨਾਲ਼ ਮੈ ਵੇਖਿਆ ਕਿ ਛੋਕਰਵਾਧਾ, ਜਿਨ੍ਹਾਂ ਵਿਚ ਤਕਰੀਬਨ ਸਾਰੇ ਹੀ ਮੋਨੇ ਸਨ ਤੇ ਕਿਸੇ ਦੇ ਵੀ ਚੇਹਰੇ ਤੋਂ ਕੋਈ ਸ਼ਰਧਾ ਵਾਲ਼ੀ ਗੱਲ ਦਾ ਝਲਕਾਰਾ ਨਹੀ ਸੀ ਪੈਂਦਾ ਬਲਕਿ ਉਹਨਾਂ ਦੀ ਹਰ ਹਕਰਕਤ ਵਿਚੋਂ ਸ਼ਰਾਰਤ ਹੀ ਝਲਕਦੀ ਸੀ। ਉਹਨਾਂ ਨੇ ਬੱਸ ਤੇ ਚੜ੍ਹ ਕੇ ਸਾਰੀ ਬੱਸ ਹੀ ਰੋਕ ਲਈ। ਅਸਲੀ ਯੋਗ ਵਿਆਕਤੀ ਬਾਹਰ ਹੀ ਰਹਿ ਗਏ। ਖਾਸ ਕਰਕੇ ਇਕ ਬੀਬੀ ਆਪਣੇ ਦੋ ਬਚਿਆਂ ਸਮੇਤ ਬੱਸ ਵਿਚ ਸਵਾਾਰ ਹੋਣ ਤੋਂ ਰਹਿ ਗਈ ਜੋ ਕਿ ਮੇਰੇ ਖਿਆਲ ਵਿਚ ਸਭ ਤੋਂ ਵਧ ਲੋੜਵੰਦ ਸੀ। ਮੈ ਬੜੀ ਸ਼ਿੱਦਤ ਨਾਲ਼ ਚਾਹੁਣ ਦੇ ਬਾਵਜੂਦ ਵੀ ਉਸ ਦੀ ਕੋਈ ਸਹਾਇਤਾ ਨਾ ਕਰ ਸਕਿਆ ਕਿਉਂਕਿ ਬੱਸ ਵਿਚ ਖਲੋਣ ਤਾਂ ਕੀ ਕਿਤੇ ਪੈਰ ਧਰਨ ਜਾਂ ਹੱਥ ਪਾ ਕੇ ਲਟਕਣ ਲਈ ਵੀ ਥਾਂ ਨਹੀ ਸੀ। ਮੈ ਅਜਿਹੇ ਥਾਂ ਫਸਿਆ ਹੋਇਆ ਸਾਂ ਕਿ ਆਪਣੀ ਥਾਂ ਵੀ ਉਸ ਲਈ ਨਹੀ ਸਾਂ ਛੱਡ ਸਕਦਾ।
ਮੇਰਾ ਇਹ ਨਿਰਮਾਣ ਸੁਝਾ ਹੈ ਕਿ ਬੱਸ ਦੇ ਡਰਾਈਵਰ ਨੂੰ ਇਹ ਅਧਿਕਾਰ ਦੇ ਕੇ ਹਿਦਾਇਤ ਕੀਤੀ ਜਾਵੇ ਕਿ ਉਹ ਸਵਾਰੀਆਂ ਦੀ ਲਾਈਨ ਲਗਾ ਕੇ, ਉਹਨਾਂ ਨੂੰ ਵਾਰੀ ਸਿਰ ਹੀ ਬੱਸ ਤੇ ਚੜ੍ਹਨ ਦੇਵੇ। ਲੋੜਵੰਦ ਸਵਾਰੀਆਂ, ਜਿਹਾ ਕਿ ਯਾਤਰੂ, ਬੀਬੀਆਂ, ਬੱਚੇ, ਬਜ਼ੁਰਗਾਂ ਆਦਿ ਨੂੰ ਪਹਿਲ ਦਿਤੀ ਜਾਵੇ।
ਅਗਲੇ ਦਿਨ ਪ੍ਰਬੰਧਕਾਂ ਨਾਲ਼ ਕੀਤੇ ਇਕਰਾਰ ਅਨੁਸਾਰ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਦੀਵਾਨ ਵਿਚ ਹਾਜਰੀ ਭਰੀ ਤੇ ਪ੍ਰਬੰਧਕਾਂ ਪਾਸੋਂ ਸਿਰੋਪਾ ਪ੍ਰਾਪਤ ਕੀਤਾ।