Showing posts with label ਦਿਲਜੋਧ ਸਿੰਘ. Show all posts
Showing posts with label ਦਿਲਜੋਧ ਸਿੰਘ. Show all posts

ਭਟਕਣ.......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਕਿਹੜੀ ਕਿਹੜੀ ਯਾਦ ਦਾ ਕੱਪੜਾ
ਕਿਨੀ ਦੇਰ ਹੰਡਾਵਾਂ

ਕਿਹੜਾ  ਕੱਪੜਾ ਪਾ ਕੇ  ਰਖਾਂ
ਕਿਹੜਾ ਮੈਂ  ਲਾਹ  ਪਾਵਾਂ

ਟੁਕੜੇ  ਟੁਕੜੇ ਹੋ ਕੇ ਜੀਉਣਾ
ਭਟਕਣ  ਵਾਂਗ  ਹਵਾਵਾਂ 

ਇਸ ਜੀਵਨ ਦੀ ਦਿਸ਼ਾ  ਲੱਭਣ ਲਈ
ਕਿਹੜੀ  ਖੇਡ  ਰਚਾਵਾਂ

ਸੋਚਾਂ........... ਨਜ਼ਮ/ਕਵਿਤਾ/ ਦਿਲਜੋਧ ਸਿੰਘ

ਸੱਤ ਰੰਗੀ ਪੀਂਘ 'ਤੇ ਬਹਿਕੇ, ਝੱਟ ਮਾਰਨ ਜੋ ਉਡਾਰੀ
ਮਹਿੰਗੀ ਪੈਂਦੀ ਏ ਹਮੇਸ਼ਾਂ, ਉਨ੍ਹਾਂ ਸੱਜਣਾਂ ਦੀ ਯਾਰੀ

ਨਾਲ ਪਵਨਾਂ ਦੇ ਉਡਦੇ ਨੇ, ਬੱਦਲਾਂ ਦੇ ਗੋੜੇ
ਕਦੀ ਧੁੱਪਾਂ ਕਦੀ ਛਾਵਾਂ, ਕਦੀ ਵਸਦੇ ਨੇ ਥੋੜੇ

ਨੀਲੇ ਗਗਨਾਂ ਨੂੰ ਪੁੱਛਾਂ, ਉਸਦੇ ਰੰਗ ਦੀ ਸਚਾਈ 
ਰੰਗ ਕੱਚਾ ਕਿ  ਪੱਕਾ, ਜਾਂ ਦਿਸਦੀ ਡੂੰਘਾਈ  

ਇਹ ਕਿੰਝ ਦੇ ਭੁਲੇਖੇ, ਜਿੰਦ ਰੋਜ਼ ਹੀ ਤਾਂ ਦੇਖੇ 
ਇਹ ਹੈ ਸਮਝਾਂ ਦੀ ਹਾਰ, ਨਹੀਂ ਮੁਕਦੇ ਜੋ ਲੇਖੇ

ਵਤਨਾਂ ਦੀ ਮਹਿਕ.......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਜਿਸ  ਖੁਸ਼ਬੋਈ  ਮਹਿਕ  ਸੱਜਣਾਂ  ਦੀ
ਉਹ  ਖੁਸ਼ਬੋਆਂ  ਮੇਰੇ ਵਤਨੋਂ  ਆਈਆਂ

ਜਿਸ ਪਵਨ ਨੇ ਮਹਿਕਾਂ  ਢੋਹੀਆਂ
ਮੇਰੇ ਦੇਸ਼ ਨੂੰ ਚੁੰਮ ਕੇ  ਆਈਆਂ

ਸੱਤ  ਸਮੁੰਦਰ ਲੰਘ ਕੇ  ਆਈਆਂ
ਕਈ  ਲੋਕਾਂ  ਨੂੰ  ਮਿਲਕੇ  ਆਈਆਂ

ਇਹ ਹਵਾਵਾਂ ਬੜੀਆਂ ਨਿੱਘੀਆਂ 
ਇਹ ਰਿਸ਼ਤਿਆਂ  ਦਾ ਨਿੱਘ ਲਿਆਈਆਂ

ਜੀਵਨ ਦੇ ਸੱਚ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਛੋਟੀ ਜਹੀ ਦੁਨੀਆਂ 'ਤੇ ਛੋਟੇ ਜਹੇ ਇਰਾਦੇ  ਸੀ
ਛੋਟੀਆਂ  ਆਸ਼ਾਵਾਂ 'ਤੇ ਛੋਟੇ  ਛੋਟੇ  ਵਾਦੇ  ਸੀ
ਛੋਟੇ   ਜਹੇ  ਘਰ  ਵਿੱਚ  ਦੇਖੇ  ਛੋਟੇ  ਖਾਬ ਸੀ
ਤੇਰੀ ਮੇਰੀ ਕੋਈ  ਨਹੀਂ , ਨਾਂ  ਕੋਈ ਹਿਸਾਬ  ਸੀ
ਨਿੱਕੀ  ਨਿੱਕੀ  ਚੀਜ਼  ਨੂੰ  ਸਾਂਭ  ਸਾਂਭ  ਰੱਖਣਾ
ਬਾਰ ਬਾਰ ਪੂੰਝਨਾਂ 'ਤੇ ਬਾਰ ਬਾਰ  ਤੱਕਣਾ
ਸ਼ਾਮਾਂ  ਦੀ  ਦਹਿਲੀਜ਼  ਬੈਠ  ਬਾਤਾਂ  ਕਈ  ਪਾਉਣੀਆਂ
ਫਟੇ  ਹੋਏ  ਰਿਸ਼ਤਿਆਂ  ਤੇ ਟਾਕੀਆਂ ਵੀ ਲਾਉਣੀਆਂ
ਧੁੱਪਾਂ  ਵੀ ਸੇਕੀਆਂ 'ਤੇ  ਛਾਵਾਂ  ਵੀ ਮਾਣੀਆਂ
ਹੌਲੇ ਹੌਲੇ ਤੁਰਦੇ  ਉਮਰਾਂ ਹੋ ਗਈਆਂ ਸਿਆਣੀਆਂ

ਕੱਚੇ ਰਿਸ਼ਤੇ.......... ਨਜ਼ਮ/ਕਵਿਤਾ / ਦਿਲਜੋਧ ਸਿੰਘ

(ਇਕ ਕਵਿਤਾ ਆਪਣੀ ਪਤਨੀ ਦੇ ਨਾਂ ਜੋ ਕੈਂਸਰ ਨਾਲ ਲੜਦੀ ਹੋਈ ਕੁਝ ਦਿਨ ਪਹਿਲਾਂ ਦੁਨੀਆਂ  ਛੱਡ ਗਈ – ਦਿਲਜੋਧ ਸਿੰਘ)

ਸੂਰਜ ਮੁਖੀਆ  ਸੂਰਜ  ਕੋਲੋਂ
ਕਿਉਂ  ਪਿਆ  ਮੂੰਹ  ਛੁਪਾਏ ।
ਰਾਤ ਦੇ ਸੁਪਨੇ ਬੜੇ  ਡਰਾਉਣੇ
ਕਿਉਂ ਪਿਆ ਦਿਨੇ ਹੰਢਾਏ ।

ਰੋਜ਼ ਪੂਰਬ ਇਕ ਸੂਰਜ ਜੰਮੇ
ਪੱਛਮ  ਉਹਨੂੰ ਖਾਏ ।
ਉਤਰ  ਦੱਖਣ  ਦੇਖਣ  ਲੀਲਾ
ਕੋਈ ਕੁਝ  ਕਰ ਨਾ ਪਾਏ ।
 

ਤਲਾਸ਼........ ਨਜ਼ਮ/ਕਵਿਤਾ / ਦਿਲਜੋਧ ਸਿੰਘ

ਚਾਰੇ ਦਿਸ਼ਾਵਾਂ ਮੈਨੂੰ ਮਿੱਠੀਆਂ ਲੱਗਣ
ਕਿਸ ਦਿਸ਼ਾ ਤੂੰ ਵਸਦਾ
ਮਾਹੀ ਮੇਰਾ ਵੀ ਰੱਬ ਦੇ ਵਰਗਾ
ਆਪਣਾ ਪਤਾ ਨਹੀਂ ਦਸਦਾ
ਨੀਲ ਗਗਨ ਵਿਚ ਨਜ਼ਰ ਦੌੜਾਵਾਂ
ਕਿਸ ਸੀਮਾਂ ਤੱਕ ਦੇਖਾਂ
ਹਰ ਤਾਰਾ ਕੋਈ ਭੇਦ ਛੁਪਾਵੇ
ਮੇਰੇ ਹਾਲ ਤੇ ਹਸਦਾ
ਰੁੱਤਾਂ ਦੀਆਂ ਖੁਸ਼ਬੋਆਂ ਵਿੱਚੋਂ
ਤੇਰੀ ਮਿਲਣੀ ਸੁੰਘਾਂ

ਤੇਰੇ ਪਿੰਡ ਦੇ ਨਾਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸਾਰੀ ਰਾਤ ਬਹਿਕੇ ਮੈਂ ਤਾਰਿਆਂ ਦੇ ਸੰਗ ਚੰਨਾਂ
ਦੇਂਦੀ ਤੇਰੇ ਪਿੰਡ ਨੂੰ ਹਾਂ ਲੋਰੀਆਂ

ਧੋ ਧੋ ਕੇ ਨੈਣਾਂ ਦੇ ਗਲੇਡੂਆਂ ਦੇ ਨਾਲ ਵੇ ਮੈਂ
ਰਾਤਾਂ ਨੂੰ ਵੀ ਕਰਦੀ ਹਾਂ ਗੋਰੀਆਂ

ਪਿੰਡ ਤੇਰਾ ਜਿਥੋਂ ਮੇਰੀ ਨੀਝ ਕੁਝ ਟੋਲਦੀ ਏ
ਜਿਸਦੇ ਦੁਵਾਲੇ ਹੀ ਮੈਂ ਰੀਝਾਂ ਕੁਝ ਜੋੜੀਆਂ

ਅਜ ਦਾ ਸੱਚ.......... ਨਜ਼ਮ/ਕਵਿਤਾ / ਦਿਲਜੋਧ ਸਿੰਘ


ਪਰਦੇਸਾਂ  ਵਿਚ  ਬੈਠਾ ਕੋਈ
ਹੀ ਸੋਚੀ  ਜਾਵੇ ।
ਢਲਦੀ ਉਮਰ ਦੇ ਚੇਹਰੇ ਦੇਖਣ
ਕਿਹੜਾ  ਵਤਨੀਂ ਜਾਵੇ ।

ਹੋਲੀ  ਹੋਲੀ ਕਿਰੀਆਂ ਇੱਟਾਂ
ਛੱਤਾਂ ਵੀ ਸਭ ਚੋਈਆਂ ।
ਬਾਰੀਆਂ ਬੂਹੇ ਢਿਲੇ ਪੈ ਗਏ
ਕੰਧਾ ਪੋਲੀਆਂ ਹੋਈਆਂ  ।

ਵਗ ਗਏ ਪਾਣੀ ਪੁਲਾਂ ਦੇ ਥਲਿਉਂ
ਇਹਨਾਂ ਮੁੜ ਕਿਸ  ਆਉਣਾ ।
ਜਿਸ ਘਰ ਨੇ ਸੀ ਲਾਡ ਲਿਡਾਇਆ
ਉਸ ਲਈ ਕਿਸ ਨੇ ਰੋਣਾ  ।

ਪਛਤਾਵਾ.......... ਨਜ਼ਮ/ਕਵਿਤਾ / ਦਿਲਜੋਧ ਸਿੰਘ


ਪਥਰਾਂ  ਦਾ ਤੂੰ  ਬਾਗ   ਲਗਾਇਆ
ਇਹ ਡਾਢਾ ਤੂੰ ਪਾਪ ਕਮਾਇਆ
ਹੁਣ ਕਿਉਂ  ਲਭਣੀਏਂ ਤੂੰ  ਜਿੰਦੇ
ਫੁਲਾਂ ਦੀ  ਖੁਸ਼ਬੋ

ਪਥਰਾਂ ਦੇ  ਦਿਲ ਪਥਰ  ਹੁੰਦੇ
ਇਹ  ਨਾਂ  ਜਾਨਣ  ਦਿਲ  ਦੀਆਂ ਗੱਲਾਂ
ਦਸ ਪਥਰਾਂ  ਦੀਆਂ ਅਖਾਂ ਵਾਲੇ
ਕਿੰਝ  ਸਕਦੇ  ਨੇ  ਰੋ

ਬੀਜਣ ਵੇਲੇ ਪਥਰ  ਬੀਜੇ
ਕਟਣ  ਵੇਲੇ  ਕਿਉਂ  ਪਛਤਾਏਂ
ਬਸ ਇਹਨਾਂ ਨੂੰ  ਚਟ ਚਟ ਮਰਜਾ
ਹੁਣ ਕੀ ਸਕਦਾ  ਹੋ

ਮੈਂ ਤੇ ਮੈਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸੂਰਜ ਚੜਿਆ ਤਾਂ ਮੈਂ ਰੋਈ
ਸੂਰਜ ਡੁਬਿਆ ਤਾਂ ਮੈਂ ਰੋਈ
ਰਾਤ ਨੂੰ ਤਾਰੇ ਬੁਝਦੇ ਦਿਸਣ
ਦਿਨ ਦੀ ਚਾਦਰ ਮੈਲੀ ਹੋਈ ।

ਦਿਲ ਪੁਛਦਾ ਇਹ ਕਿੰਝ ਦਾ ਵੇਲਾ
ਕੀ ਦਸਾਂ ਮੈਂ ਕੀ ਝਮੇਲਾ
ਬੀਤ ਚੁਕੇ ਸਮਿਆਂ ਦੀ ਗਿਣਤੀ
ਕਰ ਕਰ ਹਾਰੀ ਖਤਮ ਨਾ ਹੋਈ ।