ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਸਥਾਨਕ ਅਫ਼ਸਰ ਕਲੱਬ, ਫ਼ਰੀਦਕੋਟ ਵਿਖੇ ਨਵੀਂ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਵਿੰਦਰ ਜੋਧਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਡਾ. ਜਗਵਿੰਦਰ ਜੋਧਾ, ਸ. ਇੰਦਰਜੀਤ ਸਿੰਘ ਖਾਲਸਾ, ਚੇਅਰਮੈਨ ਬਾਬਾ ਫ਼ਰੀਦ ਸੰਸਥਾਵਾਂ, ਫ਼ੋਰਮ ਦੇ ਸਰਪ੍ਰਸਤ ਪ੍ਰੋ. ਸਾਧੂ ਸਿੰਘ, ਸ਼ਾਇਰਾ ਨੀਤੂ ਅਰੋੜਾ, ਸ੍ਰੀਮਤੀ ਮੁਖਤਿਆਰ ਕੌਰ ਰਿਟਾ, ਬੀ.ਪੀ.ਈ.ਓ. ਲੋਕ ਗਾਇਕ ਹਰਿੰਦਰ ਸੰਧੂ, ਪ੍ਰਿੰ. ਸੁਖਜਿੰਦਰ ਸਿੰਘ ਬਰਾੜ
ਸੁਸ਼ੋਭਿਤ ਸਨ। ਸਮਾਗਮ ਦੇ ਆਗਾਜ਼ ਵਿਚ ਗ਼ਜ਼ਲ ਗਾਇਕ ਵਿਜੈ ਦੇਵਗਨ ਨੇ ਅਪਣੀ ਸੁਰਮਈ, ਸੋਜਮਈ ਖ਼ੂਬਸੂਰਤ ਆਵਾਜ਼ ਨਾਲ਼ ਡਾ. ਜੋਧਾ ਦੀਆਂ ਗ਼ਜ਼ਲਾਂ ਦੇ ਗਾਇਨ ਕਰਕੇ ਕੰਨ ਰਸ ਪੈਦਾ ਕਰ ਦਿੱਤਾ। ਫ਼ੋਰਮ ਵਲੋਂ ਜਸਵੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ। ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਫ਼ੋਰਮ ਦੀ ਰਿਪੋਰਟ ਪੜ੍ਹਦਿਆਂ ਡਾ. ਜੋਧਾ ਦੀ ਸ਼ਖ਼ਸੀਅਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ਼ਾਇਰਾ ਨੀਤੂ ਅਰੋੜਾ ਨੂੰ ਡਾ. ਜੋਧਾ ਦੀ ਜਾਣ ਪਛਾਣ ਕਰਾਉੰਦਿਆਂ ਜੋਧਾ ਨੂੰ ਬੇਬਾਕ, ਬੇਰੋਕ ਤੇ ਅਜੋਕੇ ਸਿਸਟਮ ‘ਚ ਫਿਟ ਨਾ ਹੋਣ ਵਾਲ਼ਾ ਤੇ ਵਹਿਣ ਦੇ ਖਿਲਾਫ਼ ਵਗਣ ਵਾਲ਼ਾ ਵਿਆਕਤੀ ਕਿਹਾ। ਮੰਚ ਸੰਚਾਲਨ ਕਰਦਿਆਂ
ਨੌਜਵਾਨ ਸ਼ਾਇਰ ਮਨਜੀਤ ਪੁਰੀ ਨੇ ਡਾ. ਜੋਧਾ ਨੂੰ ਹਾਜ਼ਰੀਨ ਦੇ ਰੂ-ਬ-ਰੂ ਹੋਣ ਦਾ ਸੱਦਾ ਦਿੱਤਾ। ਡਾ. ਜੋਧਾ ਨੇ ਸ੍ਰੋਤਿਆਂ ਨਾਲ਼ ਆਪਣੇ ਵਿਆਕਤੀਤਵ ਅਤੇ ਅਪਣੀ ਸ਼ਾਇਰੀ ਦੇ ਸਾਂਝ ਪੁਆਦਿਆਂ ਕਿਹਾ ਕਿ ਸ਼ਾਇਰੀ ਉਸ ਲਈ ਕੋਈ ਮਨੋਰੰਜਨ ਨਹੀਂ ਸਗੋਂ ਉਸਦੇ ਜੀਵਨ ਵਿਚਲੇ ਖੱਪੇ ( ਗੈਪਸ) ਭਰਨ ਦਾ ਸਾਧਨ ਹੈ। ਇਹ ਸ਼ਾਇਰੀ ਉਸ ਅੰਦਰ ਸਥਾਪਤੀ ਦੇ ਵਿਰੁੱਧ ਖੜ੍ਹਾ ਹੋਣ ਦੀ ਹਿੰਮਤ ਹੈ। ਪੰਜਾਬ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਜਿਹਨਾਂ ਵਿਚ ਨਕਸਲਵਾੜੀ ਲਹਿਰ, 1984 ਤੋਂ 1992 ਤੱਕ ਹੰਢਾਏ ਪੰਜਾਬ ਸੰਤਾਪ ਤੇ ਫਿਰ ਸਮਕਾਲੀ ਦੌਰ ਵਿਚ ਲੋਕ ਵਿਰੋਧੀ ਸਥਾਪਤੀ ਉਸਦੀ ਸ਼ਾਇਰੀ ਲਈ ਅਧਾਰ ਬਣਦੇ ਰਹੇ। ਉਹ ਨਿਰੰਤਰ ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਉਪਰੰਤ ਡਾ. ਜੋਧਾ ਨੇ ਆਪਣੀਆਂ ਖ਼ੂਬਸੂਰਤ ਤੇ ਮਿਆਰੀ ਗ਼ਜ਼ਲਾਂ ਪੇਸ਼ ਕਰਕੇ ਸ੍ਰੋਤਿਆਂ ਨੂੰ ਨਿਹਾਲ ਕਰ ਦਿੱਤਾ। ਗੁਰਦਿਆਲ ਭੱਟੀ, ਮਨਜੀਤ ਪੁਰੀ, ਚੰਨਾ ਰਾਣੀਵਾਲੀਆ, ਜਸਵੀਰ ਸਿੰਘ, ਕੰਵਰਜੀਤ ਸਿੱਧੂ, ਸਿ਼ਵਚਰਨ ਨੇ ਡਾ. ਜੋਧਾ ਨੂੰ ਉਨ੍ਹਾਂ ਦੀ ਸਾਹਿਤ ਸਿਰਜਣ ਪ੍ਰਕ੍ਰਿਆ ਸਬੰਧੀ ਸਵਾਲ ਵੀ ਕੀਤੇ ਜਿਨ੍ਹਾਂ ਦੇ ਉਨ੍ਹਾਂ ਨੇ ਤਸੱਲੀਬਖਸ਼ ਤੇ ਬੜੇ ਅੱਛੇ ਅੰਦਾਜ਼ ਵਿਚ ਜਵਾਬ ਦਿੱਤੇ।