Showing posts with label ਸੁਰਿੰਦਰਪ੍ਰੀਤ ਘਣੀਆ. Show all posts
Showing posts with label ਸੁਰਿੰਦਰਪ੍ਰੀਤ ਘਣੀਆ. Show all posts

ਤੇਰੇ ਤੁਰ ਜਾਣ ਦੇ ਮਗਰੋਂ.......... ਗ਼ਜ਼ਲ / ਸੁਰਿੰਦਰਪ੍ਰੀਤ ਘਣੀਆਂ

ਮੇਰੀ ਹਾਲਤ ਬੁਰੀ ਹੋਈ ਤੇਰੇ ਤੁਰ ਜਾਣ ਦੇ ਮਗਰੋਂ
ਕਿਤੇ ਮਿਲਦੀ ਨਹੀਂ ਢੋਈ ਤੇਰੇ ਤੁਰ ਜਾਣ ਦੇ ਮਗਰੋਂ

ਤੂੰ ਹੀ ਹਮਦਰਦ ਸੀ ਮੇਰਾ ਸੁਣਾਵਾਂ ਦਰਦ ਮੈਂ ਕਿਸਨੂੰ
ਬਣੇ ਹਮਦਰਦ ਨਾ ਕੋਈ ਤੇਰੇ ਤੁਰ ਜਾਣ ਦੇ ਮਗਰੋਂ


ਤੇਰਾ ਮੁੱਖ ਦੇਖ ਕੇ ਸੱਜਣਾ ਅਸੀਂ ਜਿਉਂਦੇ ਸਾਂ ਦੁਨੀਆਂ ‘ਤੇ
ਤਮੰਨਾ ਜੀਣ ਦੀ ਮੋਈ ਤੇਰੇ ਤੁਰ ਜਾਣ ਦੇ ਮਗਰੋਂ

ਨਿਸ਼ਾਨੀ ਦੇ ਗਿਆਂ ਜਿਹੜੀ ਮੈਂ ਜੀਵਾਂ ਦੇਖ ਕੇ ਉਸਨੂੰ
ਮੇਰਾ ਨਾ ਇਸ ਤੋਂ ਬਿਨ ਕੋਈ ਤੇਰੇ ਤੁਰ ਜਾਣ ਦੇ ਮਗਰੋਂ

ਤੇਰੇ ਤੁਰ ਜਾਣ ਦੀ ਗਾਥਾ ਸੁਣਾਈ ਜਿਸ ਬਸ਼ਰ ਨੂੰ ਮੈਂ
ਰਿਹਾ ਰੋਂਦਾ ਸਦਾ ਸੋਈ ਤੇਰੇ ਤੁਰ ਜਾਣ ਦੇ ਮਗਰੋਂ

ਬੜਾ ਰੋਇਆ ਸੀ ਇਹ ਅੰਬਰ ਸਿਤਾਰੇ ਵੀ ਵਿਲਕਦੇ ਸਨ
ਇਹ ਛਮਛਮ ਧਰਤ ਵੀ ਰੋਈ ਤੇਰੇ ਤੁਰ ਜਾਣ ਦੇ ਮਗਰੋਂ

ਤੇਰੇ ਆ ਜਾਣ ਤੇ ਸੱਜਣਾ ਚੁਫੇਰੇ ਨੂਰ ਵਰ੍ਹਦਾ ਸੀ
ਹਨ੍ਹੇਰੀ ਰਾਤ ਹੁਣ ਹੋਈ ਤੇਰੇ ਤੁਰ ਜਾਣ ਦੇ ਮਗਰੋਂ

ਅਸੀਂ ਹੋਈ ਨਹੀਂ ਦੇਖੀ ਕਿਸੇ ਦੇ ਨਾਲ਼ ਵੀ ਐਸੀ
ਅਸਾਂ ਦੇ ਨਾਲ਼ ਜੋ ਹੋਈ ਤੇਰੇ ਤੁਰ ਜਾਣ ਦੇ ਮਗਰੋਂ




ਕਿਸੇ ਨੇ ਨਾਮ ਲੈ.......... ਗ਼ਜ਼ਲ / ਸੁਰਿੰਦਰ ਪ੍ਰੀਤ ਘਣੀਆਂ

ਕਿਸੇ ਨੇ ਨਾਮ ਲੈ ਮੇਰਾ, ਬੁਲਾਉਣਾ ਕਦ ਭਲਾ ਮੈਨੂੰ
ਜ਼ਖ਼ਮ ਹਾਂ, ਦਿਲ 'ਚ ਅਪਣੇ ਕੌਣ ਦੇਵੇਗਾ ਜਗ੍ਹਾ ਮੈਨੂੰ

ਜ਼ਮਾਨੇ ਦੇ ਕਪਟ-ਛਲ ਸਭ ਸਿਖਾ ਨਾ ਖਾਹਮਖਾਹ ਮੈਨੂੰ
ਮੈਂ ਨਿਰਛਲ ਪੌਣ ਹਾਂ, ਕੁਝ ਹੋਰ ਨਾ ਐਵੇਂ ਬਣਾ ਮੈਨੂੰ


ਅਵੱਲੇ ਸ਼ੌਕ ਮੇਰੇ ਦਾ ਤੂੰ ਇਉਂ ਸਤਿਕਾਰ ਕਰ ਕੁਝ ਤਾਂ
ਨਹੀਂ ਫੁੱਲਾਂ ਤੇ ਐ ਦੋਸਤ! ਅੰਗਾਰਾਂ 'ਤੇ ਬਿਠਾ ਮੈਨੂੰ

ਮੈਂ ਤਾਂ ਇਕ ਆਮ ਬੰਦੇ ਵਾਂਗਰਾਂ ਜੀਣਾ ਸੀ ਇਹ ਜੀਵਨ
ਬੁਰੇ ਇਸ ਮੌਸਮਾਂ ਨੇ ਪਰ ਦਿੱਤਾ ਸ਼ਾਇਰ ਬਣਾ ਮੈਨੂੰ

ਅਜੇ ਤਾਂ ਸਾਗਰਾਂ ਦੇ ਪਾਣੀਆਂ ਦੀ ਨੀਂਦ ਨਈਂ ਟੁੱਟੀ
ਪਵੇਗਾ ਦੇਰ ਤੱਕ ਲਿਖਣਾ ਅਜੇ ਅੱਜ ਦਾ ਸਫ਼ਾ ਮੈਨੂੰ

ਪਿਆਰ-ਮੁਹੱਬਤ.......... ਗ਼ਜ਼ਲ / ਸੁਰਿੰਦਰਪ੍ਰੀਤ ਘਣੀਆ

ਪਿਆਰ-ਮੁਹੱਬਤ, ਏਕੇ ਤੇ ਵਿਸ਼ਵਾਸ ਭਰੇ ਜੋ ਘਰ ਹੁੰਦੇ ਨੇ |
ਅਰਸ਼ਾਂ ਤੇ ਉੱਡਣ ਲਈ ਅਸਲ ‘ਚ ਬੰਦੇ ਦੇ ਉਹ ਪਰ ਹੁੰਦੇ ਨੇ |

ਚੁੱਪ-ਚੁੱਪ ਰਹਿਣਾ, ਧੁਖਦੇ ਰਹਿਣਾ, ਲੋਅ ਅੱਖਰਾਂ ਦੀ ਵੰਡਦੇ ਰਹਿਣਾ,
ਇੱਕ ਸ਼ਾਇਰ ਨੂੰ ਜਨਮ ਜਾਤ ਹੀ ਮਿਲੇ ਇਹ ਤਿੰਨੇ ਵਰ ਹੁੰਦੇ ਨੇ |

ਕੁਝ ਮਾਸੂਮ ਤੇ ਭੋਲੇ ਚਿਹਰੇ ਹੁੰਦੇ ਏਨੇ ਪਿਆਰੇ-ਪਿਆਰੇ,
ਲੰਘ ਆਉਂਦੇ ਨੇ ਦਿਲ ਦੇ ਅੰਦਰ, ਬੇ-ਸੱਕ ਢੋਏ ਦਰ ਹੁੰਦੇ ਨੇ |

ਇਸ਼ਕ ਦੇ ਪੈਂਡੇ ਤੁਰਨਾ ਹੈ ਜੇ ਸੀਸ ਤਲੀ ‘ਤੇ ਧਰ ਕੇ ਆਵੀਂ,
ਐ ਮੇਰੇ ਦਿਲ! ਇਸ਼ਕ ਦੇ ਪੈਂਡੇ ਡਰ ਕੇ ਨਾ ਤੈਅ ਕਰ ਹੁੰਦੇ ਨੇ |

ਓੜਕ ਤਕ ਇਹ ਰਹਿਣੇ ਰਿਸਦੇ, ਡੂੰਘੇ ਜ਼ਖ਼ਮ ਦਿਲਾਂ ਦੇ ‘ਘਣੀਆ’
ਤੇਰੇ ਝੂਠੇ ਧਰਵਾਸੇ ਸੰਗ ਕਦੋਂ ਭਲਾ ਇਹ ਭਰ ਹੁੰਦੇ ਨੇ |