Showing posts with label ਰਵਿੰਦਰ ਸਿੰਘ ਕੁੰਦਰਾ. Show all posts
Showing posts with label ਰਵਿੰਦਰ ਸਿੰਘ ਕੁੰਦਰਾ. Show all posts

ਪ੍ਰੀਤ ਦੀ ਹੱਦ……… ਨਜ਼ਮ/ਕਵਿਤਾ / ਰਵਿੰਦਰ ਸਿੰਘ ਕੁੰਦਰਾ

ਜਦੋਂ ਸਾਹਾਂ ਦੀ ਇਸ ਮਾਲਾ ਦਾ,
ਇੱਕ ਮਣਕਾ ਕਿਧਰੇ ਟੁੱਟ ਜਾਵੇ।
ਜਦੋਂ ਅਹਿਸਾਸ ਦੇ ਡੂੰਘੇ ਸਰਵਰ ਦਾ,
ਅਣਮਿਣਿਆ ਪਾਣੀ ਸੁੱਕ ਜਾਵੇ।
ਜਦੋਂ ਛੋਹ ਦੀ ਸੂਖਮ ਸ਼ਕਤੀ ਦਾ,
ਸਪਰਸ਼ੀ ਜਾਦੂ ਰੁਕ ਜਾਵੇ।
ਜਦੋਂ ਵਫ਼ਾ ਦੇ ਸੁੱਚੇ ਮਾਇਨੇ ਦਾ,
ਖ਼ਜ਼ਾਨਾ ਜਫ਼ਾ ਆ ਲੁੱਟ ਜਾਵੇ।
ਜਦੋਂ ਇਸ਼ਕ ਦੀਆਂ ਸਭ ਪਰਖਾਂ ਦਾ,
ਇਮਤਿਹਾਨੀ ਪਰਚਾ ਮੁੱਕ ਜਾਵੇ।

ਤੇਰੀ ਦੀਦ……… ਨਜ਼ਮ/ਕਵਿਤਾ / ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ

(ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ, 'ਤੇਰੀ ਯਾਦ' ਦੇ ਨਿਰਾਸ਼ਾਵਾਦੀ ਰੂਪ ਦਾ ਆਸ਼ਾਵਾਦੀ ਰੂਪ)

ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁੱਝ ਖੁਸ਼ੀਆਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਛੱਡੇ ਰੋਜੜੇ,
ਅੱਜ ਰੱਜ ਰੱਜ ਪੀਵਣ ਖਾਣ ਵੇ!
ਮੇਰੇ ਲੇਖਾਂ ਦੀ ਬਾਂਹ ਛੱਡ ਦਿਓ,
ਕੋਈ ਸੱਦਿਓ ਨਾ ਲੁਕਮਾਨ ਵੇ!
ਹੁਣ ਨਵ ਪਰਤੇ ਹਰ ਦਿਨ ਵਿੱਚ,
ਇਹ ਤਕੜੇ ਹੁੰਦੇ ਜਾਣ ਵੇ!
ਮੈਂ ਭਰ ਭਰ ਦਿਆਂ ਕਟੋਰੜੇ,
ਬੁੱਲ੍ਹ ਰੱਜ ਰੱਜ ਪੀਵੀ ਜਾਣ ਵੇ!

ਇੱਕ ਮੇਰਾ ਇੱਕ ਤੇਰਾ ਸੱਜਣਾ, ਇੱਕ ਮੇਰਾ ’ਤੇ ਤੇਰਾ……… ਕਹਾਣੀ / ਰਵਿੰਦਰ ਸਿੰਘ ਕੁੰਦਰਾ, ਯੂ ਕੇ

ਹਸਪਤਾਲ ਦੇ ਮੈਟੱਰਨਟੀ ਵਾਰਡ ਵਿੱਚ ਜਤਿੰਦਰ ਆਪਣੀ ਨਵ ਜਨਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ ਦੀ ਉਡੀਕ ਵਿੱਚ ਸੀ ਜਿਸ ਨੇ ਹਾਲੇ ਆਪਣੀ ਬੱਚੀ ਦਾ ਮੂੰਹ ਨਹੀਂ ਸੀ ਦੇਖਿਆ। ਪ੍ਰਸੂਤ ਦੀਆਂ ਪੀੜਾਂ ਨਾਲ ਜੂਝਦੀ ਜਤਿੰਦਰ ਇੱਕ ਅਨੋਖੇ ਆਨੰਦ ਦਾ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਉਹ ਹੀ ਸਮਝ ਸਕਦੀ ਸੀ, ਹੋਰ ਕੋਈ ਨਹੀਂ। ਉਹ ਉਸ ਘੜੀ ਦੀ ਬਹੁਤ ਬੇਤਾਬੀ ਨਾਲ ਉਡੀਕ ਕਰ ਰਹੀ ਸੀ ਜਦੋਂ ਹਰਚਰਨ ਉਸ ਨੂੰ ਅਤੇ ਬੱਚੀ ਨੂੰ ਦੇਖੇਗਾ ਅਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ ਕਰੇਗਾ। ਕਲਪਨਾਵਾਂ ਦੀਆਂ ਲਹਿਰਾਂ ਵਿੱਚ ਤਰਦੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਨੂੰ ਚਿਤਵ ਰਹੀ ਸੀ, ਉੱਥੇ ਉਹ ਮਨ ਹੀ ਮਨ ਵਿੱਚ ਹਰਚਰਨ ਨਾਲ ਆਪਣੀ ਅਤੀਤ ਵਾਰਤਾ ਕਰ ਰਹੀ ਸੀ।

‘ਮੇਰੇ ਪਿਆਰੇ ਹਰਚਰਨ, ਜੋ ਤੇਰੀ ਛੋਟੀ ਜਿਹੀ ਨਿਸ਼ਾਨੀ ਮੇਰੇ ਸਾਹਮਣੇ ਹੈ, ਇਸ ਨੇ ਸਾਡੀ ਜ਼ਿੰਦਗੀ ਵਿੱਚ ਆਕੇ ਸੱਜਣਾ! ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾਕੇ ਪੂਰੀ ਹੋਈ ਹੈ। ਪਤਾ ਨਹੀਂ ਕਈ ਲੋਕ ਕਿਵੇਂ ਜਨਮ ਜਨਮਾਂਤਰਾਂ ਦੀ ਭੁੱਖ ਪੂਰੀ ਕਰਨ ਲਈ ਕਈ ਜਨਮਾਂ ਵਿੱਚ ਆਉਂਦੇ ਅਤੇ ਜਾਂਦੇ ਹਨ ਅਤੇ ਫ਼ੇਰ ਵੀ ਉਨ੍ਹਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਕਈ ਲੋਕ ਖੁਸ਼ੀਆਂ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਊਣੇ ਮਹਿਸੂਸ ਕਰਦੇ ਹਨ। ਪਤਾ ਨਹੀਂ ਉਨ੍ਹਾਂ ਦੀ ਭੁੱਖ ਇੰਨੀ ਕਿਉਂ ਹੁੰਦੀ ਹੈ। ਪਤਾ ਨਹੀਂ ਉਨ੍ਹਾਂ ਦੀ ਭੁੱਖ ਪੂਰੀ ਕਿਉਂ ਨਹੀਂ ਹੁੰਦੀ। ਕੀ ਇਹ ਉਨ੍ਹਾਂ ਦੇ ਪੂਰਵ ਲੇਖਾਂ ਦਾ ਫ਼ਲ ਹੈ? ਕੀ ਇਹ ਉਨ੍ਹਾਂ ਦਾ ਨਿੱਜੀ ਕਸੂਰ ਹੈ? ਕੀ ਉਹ ਬੇਵੱਸ ਹਨ? ਕੀ ਉਹ ਬੇਸਬਰੇ ਹਨ?