Showing posts with label ਸੁਰਜੀਤ ਪਾਤਰ. Show all posts
Showing posts with label ਸੁਰਜੀਤ ਪਾਤਰ. Show all posts

ਆਇਆ ਨੰਦ ਕਿਸ਼ੋਰ......... ਨਜ਼ਮ/ਕਵਿਤਾ / ਡਾ. ਸੁਰਜੀਤ ਪਾਤਰ

(ਸ਼ਾਇਦ ਸਾਡੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਦੀ ਇਹ ਨਜ਼ਮ ਤੀਂਘੜ ਤੀਂਘੜ ਕੇ ਔਖੀ ਨਜ਼ਮ ਲਿਖਣ ਵਾਲਿ਼ਆਂ ਲਈ ਪ੍ਰੇਰਣਾ ਸ੍ਰੋਤ ਹੋ ਸਕੇ )

ਪਿੱਛੇ ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ, ਗੱਡੀ ਬੈਠ ਸਿਆਲਦਾ
ਨਾਲ਼ ਬਥੇਰੇ ਹੋਰ, ਰਾਮਕਲੀ ਵੀ ਨਾਲ਼ ਸੀ
ਸੁਘੜ ਲੁਗਾਈ ਓਸ ਦੀ...

ਲੁਧਿਆਣੇ ਦੇ ਕੋਲ਼ ਹੀ, ਇੱਕ ਪਿੰਡ ਬਾੜੇਵਾਲ਼ ਵਿੱਚ
ਜੜ੍ਹ ਲੱਗੀ ਤੇ ਪੁੰਗਰੀ, ਰਾਮਕਲੀ ਦੀ ਕੁੱਖ 'ਚੋਂ
ਜਨਮੀ ਬੇਟੀ ਓਸ ਦੀ, ਨਾਂ ਧਰਿਆ ਸੀ ਮਾਧੁਰੀ...

ਕੱਲ੍ਹ ਮੈਂ ਦੇਖੀ ਮਾਧੁਰੀ, ਓਸੇ ਪਿੰਡ ਸਕੂਲ ਵਿੱਚ
ਗੁੱਤਾਂ ਬੰਨ੍ਹ ਕੇ ਰਿਬਨ ਵਿੱਚ, ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ...

ਧੁੰਦਲਾ ਜਿਹਾ ਰਹਿਣ ਦੇ............ ਗ਼ਜ਼ਲ / ਸੁਰਜੀਤ ਪਾਤਰ

ਧੁੰਦਲਾ ਜਿਹਾ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ਼
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ਼ ਸਾਫ਼

ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫ਼ਾਫ਼

ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ

ਦਿਨ ਦੀ ਅਦਾਲਤ 'ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ਼

ਛੁੰਹਦਾ ਹਾਂ ਤੇਰਾ ਜਿਸਮ ਮੈਂ ਪ੍ਹੜਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾ ਕਰ ਗਿਆ ਇਕ ਨਗਨ ਸੱਚ ਸ਼ਫ਼ਾਫ਼

ਵਾਅਦਾ ਮੁਆਫ਼ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ 'ਚੋਂ ਨਿਕਲ਼ੀ ਨ ਗੱਲ ਦੀ ਭਾਫ


ਤਾਜ ਬਖ਼ਸ਼ ਦੇ.......... ਗ਼ਜ਼ਲ / ਪ੍ਰੋ. ਸੁਰਜੀਤ ਜੱਜ

ਤਾਜ ਬਖ਼ਸ਼ ਦੇ, ਸਿਰ ਹਾਜ਼ਰ ਹੈ
ਬਾਕੀ ਛੱਡ, ਉਹ ਘਰ ਖ਼ਾਤਰ ਹੈ

ਹੱਥ ਜੇ ਹੁੰਦੇ ਹੱਥ, ਫਿਰ ਭੈਅ ਸੀ
ਕਰ ਕਮਲਾਂ ਤੋਂ ਕਾਹਦਾ ਡਰ ਹੈ


ਜਿਸ ਵੀ ਪਿੱਠ 'ਤੇ ਰੁੱਖ ਹੈ ਉੱਗਿਆ
ਓਹੀ ਦੂਜੀ ਤੋਂ ਬਿਹਤਰ ਸੀ

ਮੈਨੂੰ ਪਾਲ਼, ਨਦੀ ਜੇ ਹਰਨੀ
ਕਹਿੰਦਾ ਨਫ਼ਸ ਦਾ, ਸ਼ਹੁ ਸਾਗਰ ਹੈ

ਮੈਂ ਵੀ ਵਾਅਦਾ ਮਾਫ਼ ਗਵਾਹ ਹਾਂ
ਮੇਰੇ ਹੱਥ ਵਿਚ ਵੀ ਖ਼ੰਜਰ ਹੈ

ਮੈਨੂੰ ਓਥੇ ਉਗਣਾ ਪੈਣੈ
ਜਿਹੜੀ ਵੀ ਧਰਤੀ ਬੰਜਰ ਹੈ

ਕਿੰਨਾ ਪਿਆਸਾ ਹਾਂ, ਮੇਰੇ ਲਈ
ਹਰ ਬੱਦਲੀ ਹੀ ਪੈਂਦੀ ਵਰ੍ਹ ਹੈ

ਆਪਣਾ ਹੋਵੇ ਜਾਂ ਨਾ ਹੋਵੇ
ਗੁਲਮੋਹਰ ਤਾਂ ਗੁਲਮੋਹਰ ਹੈ

ਸਹਿਰਾ ਵਿਚ ਸੁਰਜੀਤ ਹੋਣ ਦਾ
ਮਿਲਿਆ ਇਕ ਚਸ਼ਮੇ ਤੋਂ ਵਰ ਹੈ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ.......... ਗ਼ਜ਼ਲ / ਸੁਰਜੀਤ ਪਾਤਰ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ਼ ਰਿਹਾ ਸੀ

ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸਨ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ


ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਥੇ ਜਾ ਰਿਹਾ ਸੀ

ਕਿਸ ਤਰ੍ਹਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ਼ ਰਹੇ ਸਨ
ਓਹੀ ਅੱਖਰ ਜਿਨ੍ਹਾਂ ਅੰਦਰ ਮੰਜਿ਼ਲਾਂ ਦਾ ਥਹੁ ਪਤਾ ਸੀ

ਅਗਨ ਜਦ ਉਠੱੀ ਮੇਰੇ ਤਨ ਮਨ ਤਾਂ ਮੈਂ ਵੀ ਦੌੜਿਆ
ਪਰ ਤੇਰਾ ਹੰਝੂ ਮੇਰੇ ਰਾਹਾਂ 'ਚ ਦਰਿਆ ਬਣ ਗਿਆ ਸੀ

ਸੁੱਕ ਗਿਆ ਹਰ ਬਿਰਖ ਉਸਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ 'ਤੇ ਬਰਸਣਾ ਸੀ

ਮੁੜ ਤਾਂ ਆਈਆਂ ਮਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਉਨ੍ਹਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ

ਸ਼ਹੀਦ ਭਗਤ ਸਿੰਘ.......... ਨਜ਼ਮ/ਕਵਿਤਾ / ਸੁਰਜੀਤ ਪਾਤਰ

ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ

ਮੈਨੂੰ ਅੱਜ-ਕਲ੍ਹ ਨਾਜ਼ ਹੈ ਆਪਣੇ ਆਪ 'ਤੇ
ਹੁਣ ਤਾਂ ਬੜੀ ਬੇਤਾਬੀ ਨਾਲ਼
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ

ਤੇ ਆਖਰੀ ਇਮਤਿਹਾਨ ਵਿੱਚੋਂ
ਉਹ ਇਸ ਸ਼ਾਨ ਨਾਲ਼ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ 'ਤੇ

ਉਸ ਨੇ ਕਦ ਕਿਹਾ ਸੀ: ਮੈਂ ਸ਼ਹੀਦ ਹਾਂ

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਉਸ ਨੂੰ ਕਿਹਾ ਸੀ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ

ਤੁਸੀਂ ਹੁਣ ਧਰਤੀ ਨਾਲ਼ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ਼ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ਼ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ....................

ਅੱਗ ਤੇ ਮਿੱਟੀ.......... ਗ਼ਜ਼ਲ / ਸੁਰਜੀਤ ਪਾਤਰ

ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿੱਚ ਲੀਨ ਸੀ, ਇਕ ਜਾਲਣ ਵਿਚ ਮਗਨ ਸੀ


ਇਕ ਬੰਦੇ ਦੀ ਸੋਚ ਨੇ, ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ, ਦੀਵੇ ਲਗ ਪਏ ਜਗਣ ਸੀ

ਧਾਤ ਨੂੰ ਤਾਰ ‘ਚ ਢਾਲਿਆ, ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ, ਅਸਲੀ ਗੱਲ ਤਾਂ ਲਗਨ ਸੀ

ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ, ਜਿਸ ਵਿੱਚ ਹਰ ਸ਼ੈਅ ਮਗਨ ਸੀ

ਖਿੱਚਾਂ ਕੁਝ ਮਜਬੂਰੀਆਂ, ਕੁਝ ਨੇੜਾਂ, ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ, ਅੰਬਰ ਲੱਗ ਪਿਆ ਜਗਣ ਸੀ

ਪਹਿਲਾਂ ਦਿਲ ਵਿੱਚ ਖੜਕੀਆਂ, ਫਿਰ ਸਾਜ਼ਾਂ ਵਿੱਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ, ਇਕ ਛੁਪਿਆ ਇਕ ਨਗਨ ਸੀ

ਮਨ ‘ਤੇ ਪਰਦੇ ਪਹਿਨ ਕੇ, ਉਸਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫ਼ਾਫ ਸੀ ਜੋ ਧੁੱਪਾਂ ਵਾਂਗੂ ਨਗਨ ਸੀ

ਤਾਰਾਂ ਵਾਂਗ ਮਹੀਨ ਸੀ, ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ