ਮੁਹੰਮਦ ਰਫੀ ਨੂੰ ਚੇਤੇ ਕਰਦਿਆਂ.......... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

ਗਾਇਕੀ ਦੇ ਖ਼ੇਤਰ ਵਿੱਚ ਬੁਲੰਦੀਆਂ ਛੂਹਣ ਵਾਲੇ, ਪਲੇਅ ਬੈਕ ਸਿੰਗਰ ਵਜੋਂ 1967 ਵਿੱਚ 6 ਫ਼ਿਲਮ ਫ਼ੇਅਰ ਐਵਾਰਡ, ਨੈਸ਼ਨਲ ਐਵਾਰਡ ਅਤੇ ਫਿਰ ਪਦਮ ਸ਼੍ਰੀ ਵਰਗੇ ਸਨਮਾਨ ਪ੍ਰਾਪਤ ਕਰਤਾ, ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਨਾਲ ਨਹੁੰ-ਪੰਜਾ ਲੈਣ ਵਾਲੇ, 40 ਸਾਲਾਂ ਦੇ ਫਿਲਮੀ ਕੈਰੀਅਰ ਵਿੱਚ ਕਰੀਬ 26000 ਗੀਤ ਗਾਉਣ ਵਾਲੇ, ਕਵਾਲੀ, ਗ਼ਜ਼ਲ, ਭਜਨ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ, ਹਿੰਦੀ, ਉਰਦੂ, ਪੰਜਾਬੀ, ਕੋਨਕਨੀ, ਭੋਜਪੁਰੀ, ਉੜੀਆ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਾਘੀ, ਮੈਥਿਲੀ, ਅਸਾਮੀ, ਅੰਗਰੇਜ਼ੀ, ਪਰਸਿਨ, ਸਪੈਨਿਸ਼ ਅਤੇ ਡੱਚ ਭਾਸ਼ਾ ਵਿੱਚ ਗੀਤ ਗਾਉਣ ਵਾਲੇ, ਵੱਖ ਵੱਖ ਅੰਦਾਜ ਵਿੱਚ 101 ਵਾਰ “ਆਈ ਲਵ ਯੂ” ਗਾ ਕੇ ਦਿਖਾਉਣ ਵਾਲੇ, ਇਸ ਲਾ ਜਵਾਬ ਗਾਇਕ ਦਾ ਜਨਮ 24 ਦਸੰਬਰ 1924 ਨੂੰ ਹਾਜੀ ਅਲੀ ਮੁਹੰਮਦ ਦੇ ਘਰ ਕੋਟਲਾ ਸੁਲਤਾਨ ਸਿੰਘ ਵਿਖੇ ਹੋਇਆ।  ਆਪ ਦੇ 6 ਭਰਾ ਹੋਰ ਸਨ।  ਬਚਪਨ ਵਿੱਚ ਰਫੀ ਨੂੰ ਠਫੀਕੋਠ ਦੇ ਨਾਂਅ ਨਾਲ ਬੁਲਾਇਆ ਕਰਦੇ ਸਨ,ਰਫੀ ਦੇ ਅੱਬੂ ਜਾਨ 1920 ਵਿੱਚ ਲਾਹੌਰ ਵਿਖੇ ਭੱਟੀ ਗੇਟ ਲਾਗੇ, ਨੂਰ ਮੁਹੱਲਾ ਵਿੱਚ ਰਹਿਣ ਲੱਗ ਪਏ ਸਨ।  ਮੁਹੰਮਦ ਰਫੀ ਦੇ ਵੱਡੇ ਭਾਈਜਾਨ ਮੁਹੰਮਦ ਦੀਨ ਅਤੇ ਉਸ ਦੇ ਕਜ਼ਨ ਅਬਦੁਲ ਹਮੀਦ ਦੀ ਬਹੁਤ ਨੇੜਤਾ ਸੀ, ਜੋ ਮਗਰੋਂ ਹਮੀਦ ਦੀ ਭੈਣ ਨਾਲ ਰਫੀ ਦਾ ਨਿਕਾਹ ਹੋਣ ‘ਤੇ ਰਿਸ਼ਤੇਦਾਰੀ ਵਿੱਚ ਬਦਲ ਗਈ।  ਹਮੀਦ ਹੀ ਰਫ਼ੀ ਨੂੰ 1944 ਵਿੱਚ ਮੁੰਬਈ ਲਿਆਇਆ ਅਤੇ ਰਫ਼ੀ ਨੇ ਉਸਤਾਦ ਬੜੇ ਗੁਲਾਮ ਅਲੀ ਖਾਨ, ਉਸਤਾਦ ਅਬਦੁਲ ਵਹੀਦ ਖਾਨ, ਪੰਡਤ ਜੀਵਨ ਲਾਲ ਮੱਟੂ ਅਤੇ ਫ਼ਿਰੋਜ਼ ਨਿਜ਼ਾਮ ਤੋਂ ਕਲਾਸੀਕਲ ਸੰਗੀਤ ਦੀ ਸਿਖਿਆ ਹਾਸਲ ਕੀਤੀ।

13 ਸਾਲ ਦੀ ਉਮਰ ਵਿੱਚ ਰਫ਼ੀ ਨੇ ਕੇ ਐਲ ਸਹਿਗਲ ਨਾਲ ਸਬੰਧਤ ਇੱਕ ਪਬਲਿਕ ਸਮਾਗਮ ਵਿੱਚ ਪਹਿਲੀ ਵਾਰ ਗਾਇਆ।  ਸ਼ਿਆਮ ਸੁੰਦਰ ਦੀ 1941 ਵਿੱਚ ਬਣੀ ਅਤੇ 1944 ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ਗੁਲ ਬਲੋਚ ਲਈ ਜ਼ੀਨਤ ਬੇਗਮ ਨਾਲ ਦੋ-ਗਾਣਾ ਸੁਹਣੀਏ ਨੀ ਹੀਰੀਏ ਨੀ ਗਾਇਆ। ਇਹ ਵੇਖ ਆਲ ਇੰਡੀਆ ਰੇਡੀਓ ਲਾਹੌਰ ਨੇ ਵੀ ਸੱਦਾ ਭੇਜਿਆ,1941 ਵਿੱਚ ਹੀ ਮੁੰਬਈ ਵਿਖੇ ਗਾਓਂ ਕੀ ਗੋਰੀ ਫ਼ਿਲਮ ਲਈ ਗਾਇਆ।  ਮੁਹੰਮਦ ਰਫ਼ੀ ਨੇ 1945 ਨੂੰ ਫਿਲਮਾਂ ਲੈਲਾ ਮਜਨੂੰ, ਜੁਗਨੂੰ ਵਿੱਚ ਵੀ ਕੰਮ ਕੀਤਾ ਅਤੇ ਕੋਰਸ ਗੀਤ ਤੇਰਾ ਜਲਵਾ ਜਿਸ ਨੇ ਦੇਖਾ ਬੋਲਾਂ ਨਾਲ ਹਾਜ਼ਰੀ ਲਵਾਈ।  ਮੁੰਬਈ ਦੇ ਭੈਂਡੀ ਬਜ਼ਾਰ ਵਿਖੇ 10 ਣ 10 ਫੁੱਟ ਦੇ ਕਮਰੇ ਵਿੱਚ ਰਹਿ ਰਹੇ ਅਬਦੁਲ ਹਮੀਦ ਕੋਲ 1944 ਨੂੰ ਆ ਟਿਕਿਆ ਤਾਂ ਏਥੇ ਹੀ ਕਵੀ ਤਨਵੀਰ ਨਕਵੀ ਅਤੇ ਫ਼ਿਲਮ ਨਿਰਮਾਤਾ ਮਹਿਬੂਬ ਖਾਨ, ਅਬਦੁਲ ਰਸ਼ੀਦ ਕਾਰਦਾਰ, ਸ਼ਿਆਮ ਸੁੰਦਰ, ਨਜ਼ੀਰ ਵਰਗਿਆਂ ਨਾਲ ਰਾਬਤਾ ਬਣਿਆ। ਇੱਕ ਵਾਰ ਫ਼ਿਰ ਸ਼ਿਆਮ ਸੁੰਦਰ ਨੇ ਫ਼ਿਲਮ ਗਾਓਂ ਕੀ ਗੋਰੀ ਲਈ 1945 ਵਿੱਚ ਗਾਉਣ ਵਾਸਤੇ ਰਫ਼ੀ ਨੂੰ ਹੀ ਚੁਣਿਆਂ । ਇਹ ਗੀਤ ਅਜੀ ਦਿਲ ਹੋ ਕਾਬੂ ਮੇਂ ਦਿਲਦਾਰ ਕੀ ਐਸੀ ਤੈਸੀ ਰਫ਼ੀ ਨੇ ਦੋ-ਗਾਣੇ ਵਜੋਂ ਜੀ ਐਮ ਦੁਰਾਨੀ ਨਾਲ ਗਾਇਆ । ਜਿਸ ਨੂੰ ਮੁਹੰਮਦ ਰਫ਼ੀ ਦਾ ਪਹਿਲਾ ਹਿੰਦੀ ਫ਼ਿਲਮੀ ਗੀਤ ਮੰਨਿਆ ਜਾਂਦਾ ਹੈ।  ਮਹਾਤਮਾਂ ਗਾਂਧੀ ਨੂੰ ਯਾਦ ਕਰਦਿਆਂ 1948 ਵਿੱਚ ਰਾਜਿੰਦਰ ਕਰਿਸ਼ਨ, ਹੁਸਨ ਲਾਲ ਭਗਤ ਰਾਮ ਅਤੇ ਮੁਹੰਮਦ ਰਫ਼ੀ ਨੇ ਸੁਣੋ ਸੁਣੋ ਐ ਦੁਨੀਆਂ ਵਾਲੋ, ਬਾਪੂ ਜੀ ਕੀ ਅਮਰ ਕਹਾਣੀ ਪੇਸ਼ ਕੀਤਾ।  ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਆਪਣੇ ਘਰ ਬੁਲਾਇਆ ਅਤੇ ਥਾਪੜਾ ਦਿੱਤਾ, 1949 ਦੇ ਆਜ਼ਾਦੀ ਦਿਵਸ ਮੌਕੇ ਸਿਲਵਰ ਮੈਡਲ ਦੇ ਕੇ ਸਨਮਾਨਿਆ ।

ਸ਼ਿਆਮ ਸੁੰਦਰ, ਨੌਸ਼ਾਦ, ਹੁਸਨ ਲਾਲ ਭਗਤ ਰਾਮ, ਓ ਪੀ ਨਈਅਰ, ਸ਼ੰਕਰ ਜੈ ਕਿਸ਼ਨ ਅਤੇ ਐਸ ਡੀ ਬਰਮਨ ਵਰਗਿਆਂ ਨਾਲ ਵਧੀਆ ਸਾਥ ਰਿਹਾ। ਨੌਸ਼ਾਦ ਨੇ ਇੱਕ ਵਾਰ ਖ਼ੁਲਾਸਾ ਕਰਦਿਆਂ ਕਿਹਾ ਸੀ ਕਿ ਰਫ਼ੀ ਉਹਨਾਂ ਦੇ ਪਿਤਾ ਦਾ ਖ਼ਤ ਲਿਆਇਆ ਸੀ ਅਤੇ ਰਫ਼ੀ ਨੇ ਪਹਿਲਾ ਗੀਤ ਹਿੰਦੁਸਤਾਨ ਕਿ ਹਮ ਹੈਂ ਫ਼ਿਲਮ ਪਹਿਲੇ ਆਪ ਲਈ 1944 ਵਿੱਚ ਗਾਇਆ ਸੀ।  ਨੂਰਜਹਾਂ ਨਾਲ 1946 ਵਿੱਚ ਅਨਮੋਲ ਘੜੀ ਲਈ ਗੀਤ ਗਾਏ। ਨੌਸ਼ਾਦ ਦਾ ਪਿਆਰਾ ਗਾਇਕ ਤਲਤ ਮਹਿਮੂਦ ਸੀ ਪਰ ਫਿਲ਼ਮ ਦੀ ਰਿਕਾਰਡਿੰਗ ਸਮੇਂ ਜਦ ਤਲਤ ਸਿਗਰਟ ਪੀਂਦਾ ਫੜਿਆ ਗਿਆ ਤਾਂ ਨੌਸ਼ਾਦ ਨੇ ਇਸ ਫਿਲਮ ਬੈਜੂ ਬਾਵਰਾ ਦੇ ਸਾਰੇ ਗੀਤ ਹੀ ਮੁਹੰਮਦ ਰਫ਼ੀ ਨੂੰ ਸੌਂਪ ਦਿੱਤੇ।

ਰਫ਼ੀ ਦੇ ਘਰ ਪਹਿਲੀ ਬੀਵੀ ਤੋਂ ਇੱਕ ਅਤੇ ਦੂਸਰੀ ਬਿਲਕੌਸ ਤੋਂ ਤਿੰਨ ਬੇਟੇ ਅਤੇ ਤਿੰਨ ਧੀਆਂ ਹੋਏ। ਮੁਹੰਮਦ ਰਫ਼ੀ ਦੇ ਗਾਏ ਗੀਤ ਲੋਕਾਂ ਦੀ ਜ਼ੁਬਾਨ ‘ਤੇ ਅੱਜ ਵੀ ਬਰਕਰਾਰ ਹਨ । ਜੂਨ 2010 ਵਿੱਚ ਮੈਗਜ਼ੀਨ ਆਊਟ ਲੁੱਕ ਨੇ ਸੰਗੀਤ ਦਾ ਇੱਕ ਖੁੱਲ੍ਹਾ ਮੁਕਾਬਲਾ ਕਰਵਾਇਆ  । ਮੁੱਖ ਟੱਕਰ ਲਤਾ ਮੰਗੇਸ਼ਕਰ ਨਾਲ ਸੀ । ਰਫ਼ੀ ਦਾ 1964 ਵਿੱਚ ਚਿੱਤਰਲੇਖਾ ਲਈ ਗਾਇਆ ਗੀਤ ਮਨ ਰੇ ਤੂੰ ਧੀਰ ਧਰ ਪਹਿਲੇ ਸਥਾਨ ‘ਤੇ ਰਿਹਾ, ਤਿੰਨ ਗੀਤਾਂ ਲਈ ਮੁਕਾਬਲਾ ਟਾਈ ਹੋ ਗਿਆ । ਇਹਨਾਂ ਵਿੱਚ ਦੋ ਗੀਤ ਰਫ਼ੀ ਦੇ ਸਨ ਤੇਰੇ ਮੇਰੇ ਸਪਨੇ ਅਬ ਏਕ ਰੰਗ ਹੈ (ਗਾਈਡ 1965), ਦਿਨ ਢਲ ਜਾਏ ਹਾਏ ਰਾਤ ਨਾ ਜਾਏ (ਗਾਈਡ 1965) ਸ਼ਾਮਲ ਸਨ।  ਇਸ ਮੁਕਾਬਲੇ ਵਿੱਚ ਹੋਰ ਗਾਇਕੀ ਉਚ ਹਸਤੀਆਂ ਵੀ ਸ਼ਾਮਲ ਸਨ।

ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂ,  ਮੇਰਾ ਮਨ ਤੇਰਾ ਪਿਆਸਾ, ਆਜ ਮੌਸਮ ਬੜਾ ਬੇਈਮਾਨ ਹੈ, ਕਿਆ ਹੂਆ ਤੇਰਾ ਵਾਅਦਾ, ਯੇ ਪਰਦਾ ਹਟਾਦੋ ਮੁਖੜਾ ਦਿਖਾਦੋ, ਤੁਮ ਮੁਝੇ ਯੂੰ ਨਾ ਭੁਲਾ ਪਾਓਗੇ, ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਚਲੋ ਦਿਲਦਾਰ ਚਲੋ, ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ, ਤਾਰੀਫ਼ ਕਰੂੰ ਕਿਆ ਉਸਕੀ, ਯੇਹ ਦੁਨੀਆਂ ਯੇਹ ਮਹਿਫਲ, ਯੇਹ ਰੇਸ਼ਮੀ ਜੁਲਫੇਂ ਯੇਹ ਸ਼ਰਬਤੀ ਆਂਖੇ, ਬਾਬਲ ਕੀ ਦੁਆਏਂ ਲੇਤੀ ਜਾ, ਸੁਹਾਨੀ ਰਾਤ ਢਲ ਚਲੀ ਵਰਗੇ ਗੀਤਾਂ ਨੂੰ ਕੌਣ ਭੁਲਾ ਸਕਦਾ ਹੈ ।                     

ਇਹਨਾਂ ਤੋਂ ਇਲਾਵਾ ਬਹੁਤ ਸਾਰੇ ਹੋਰ ਗੀਤਾਂ ਨੂੰ ਵੀ ਗਿਣਿਆ ਜਾ ਸਕਦਾ ਹੈ । ਪੰਜਾਬੀ ਵਿੱਚ ਵੀ ਰਫ਼ੀ ਨੇ ਹਿੱਟ ਗੀਤ ਗਾਏ, ਜੋ ਮੀਲ ਪੱਥਰ ਹਨ।  ਸਾਡਾ ਲਾਡਲਾ ਇਹ ਗਾਇਕ ਮਹਿਜ਼ 55 ਸਾਲ ਦੀ ਉਮਰ ਵਿੱਚ ਸ਼ੁਕਰਵਾਰ ਦੇ ਦਿਨ 31 ਜੁਲਾਈ 1980 ਨੂੰ ਰਾਤ 10 :50 ਵਜੇ, ਲਕਸ਼ਮੀ ਕਾਂਤ ਪਿਆਰੇ ਲਾਲ ਦੇ ਗੀਤ ਸ਼ਾਮ ਫਿਰ ਕਿਓਂ ਉਦਾਸ ਹੈ (ਆਸ-ਪਾਸ) ਲਈ ਰਿਕਾਰਡ ਕਰਵਾਉਣ ਤੋਂ ਕੁਝ ਘੰਟੇ ਬਾਅਦ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ।  ਇਥੋਂ ਉਡ ਜਾ ਭੋਲਿਆ ਪੰਛੀਆ ਕਹਿਣ ਵਾਲਾ ਇਹ ਪੰਛੀ ਸਦਾ ਸਦਾ ਲਈ ਉਡਾਰੀ ਮਾਰ ਗਿਆ।  ਜੋ ਆਪਣੀ ਕਲਾ ਸਹਾਰੇ ਕੱਲ ਵੀ ਜੀਵਤ ਸੀ, ਅੱਜ ਵੀ ਜੀਵਤ ਹੈ ਅਤੇ ਕੱਲ ਵੀ ਜੀਵਤ ਰਹੇਗਾ, ਸਭ ਨੂੰ ਇਹ ਮਹਿਸੂਸ ਵੀ ਹੁੰਦਾ ਰਹੇਗਾ। ਜੋ ਸੱਚ ਹੈ।

****

No comments: