ਅਜ਼ਲਾਂ ਤੋਂ ਟੁਰੇ ਚੰਨਾ........... ਨਜ਼ਮ/ਕਵਿਤਾ / ਅਨੂਪਕਮਲ ਸਿੰਘ ਰੰਧਾਵਾ

ਅਜ਼ਲਾਂ ਤੋਂ ਟੁਰੇ ਚੰਨਾ ਚਾਨਣੇ ਦੇ ਲਾਰਿਆਂ ‘ਤੇ, ਦੱਸ ਕਿਹੜੇ ਦੇਸ ਆ ਗਏ?
ਦੱਸ ਕਿਹੜੇ ਦੇਸ ਆ ਗਏ?

ਰੁੱਖੇ ਰੁੱਖੇ ਹਾਸਿਆਂ ਤੋਂ ਗ਼ਮ ਨਾ ਲੁਕਾਇਆ ਜਾਵੇ, ਜਿਊਣ ਦਾ ਭੁਲੇਖਾ ਪਾਵੇ ਜਿੰਦਗੀ।
ਬੰਦਿਆਂ ਦਾ ਖ਼ੂਨ ਪੀ ਕੇ ਪੱਥਰਾਂ ਨੂੰ ਚੁੰਮਦੇ ਨੇ, ਵੇਖੀਂ ਏਥੇ ਬੰਦਿਆਂ ਦੀ ਬੰਦਗੀ।
ਤੇਰੇ ਮੇਰੇ ਰੱਬ ਦੇ ਸਜਾ ਕੇ ਵੱਖ ਟੁਕੜੇ, ਦਮਾਂ ਵਾਲੇ ਮੁੱਲ ਪਾ ਗਏ॥              
ਦੱਸ ਕਿਹੜੇ ਦੇਸ ਆ ਗਏ?

ਪਿਆਰ ਦੀਆਂ ਬੁੱਲੀਆਂ ਤੇ ਮੌਤ ਜੇਹੀ ਚੁੱਪ ਘੂਰੇ, ਖ਼ਬਰੇ ਗਵਾਚੇ ਕਿੱਥੇ ਬੋਲ ਵੇ।
ਜਿਸਮਾਂ ਦੀ ਮੰਡੀ ਚੰਨਾ ਨਿੱਤ ਲੁੱਟਮਾਰ ਹੋਵੇ, ਬਚਦੀ ਨਹੀ ਰੂਹ ਕਿਸੇ ਕੋਲ ਵੇ।
ਰੀਝਾਂ ਦੀਆਂ ਚਿੜੀਆਂ ਤੇ ਬੋਟ ਸਣੇ ਆਲ੍ਹਣੇ, ਕਾਲ਼ਖ਼ਾਂ ਦੇ ਬਾਜ਼ ਖਾ ਗਏ॥       
ਦੱਸ ਕਿਹੜੇ ਦੇਸ ਆ ਗਏ?

ਸਾਰਿਆਂ ‘ਚ ਰਹਿ ਕੇ ਅਸੀਂ ਕੱਲੇ ਕੱਲੇ ਜਾਪਦੇ ਆਂ, ਜੱਗ ਤੇਰਾ ਵੱਸਦੀ ਉਜਾੜ ਏ।
ਹੋਰ ਅੱਗੇ ਚੱਲੀਏ ਜਾਂ ਪਿੱਛੇ ਮੁੜ ਜਾਈਏ ਬੀਬਾ, ਏਥੇ ਰਹਿਣਾ ਹੱਡੀਆਂ ਦਾ ਸਾੜ ਏ।
ਸਮੇਂ ਦੇ ਵਪਾਰੀ ਏਥੇ ਸੱਚ ਦਿਆਂ ਬੂਟਿਆਂ ਨੂੰ, ਝੂਠ ਦੀ ਪਿਊਂਦ ਲਾ ਗਏ॥       
ਦੱਸ ਕਿਹੜੇ ਦੇਸ ਆ ਗਏ?

****


No comments: