Showing posts with label ਨਿਰਮੋਹੀ ਫਰੀਦਕੋਟੀ. Show all posts
Showing posts with label ਨਿਰਮੋਹੀ ਫਰੀਦਕੋਟੀ. Show all posts

ਤੇਲ ਦੇ ਢੋਲ......... ਕਾਵਿ ਵਿਅੰਗ / ਨਿਰਮੋਹੀ ਫ਼ਰੀਦਕੋਟੀ, ਫ਼ਰੀਦਕੋਟ

ਬਾਪੂ ਲਾੜੇ ਦਾ ਆਖਦਾ ਕੁੜਮ ਤਾਂਈਂ,
ਗੱਲ ਸੁਣ ਲੋ' ਮੇਰੀ ਕੰਨ ਖੋਲ੍ਹ ਮੀਆਂ।

ਟਰੈਕਟਰ, ਜੀਪ, ਕੰਬਾਈਨ ਤੇ ਹੀਰੋ ਹਾਂਡਾ,
ਦਿੱਤਾ ਦਾਤੇ ਦਾ ਸਭ ਕੁਝ ਕੋਲ਼ ਮੀਆਂ।

ਦਾਤਾਂ ਥੋਨੂੰ ਵੀ ਦਾਤੇ ਨੇ ਬਖ਼ਸ਼ੀਆਂ ਨੇ,
ਲੱਗਾ ਤੁਸਾਂ ਦਾ ਪੰਪ ਪੈਟਰੋਲ ਮੀਆਂ।

ਦਾਜ ਬਨਾਮ ਪਿਆਜ਼.......... ਕਾਵਿ ਵਿਅੰਗ / ਨਿਰਮੋਹੀ ਫਰੀਦਕੋਟੀ

ਪਿਤਾ ਲਾੜੇ ਦਾ ਦੱਸਦਾ ਕੁੜਮ ਤਾਈਂ,
ਸਾਡੇ ਹੁੰਦਾ ਹੈ ਵਾਧੂ ਅਨਾਜ ਮੀਆਂ ।।
ਲੈ ਕੇ ਰੱਬ ਦਾ ਨਾਉਂ ਜੇ ਸ਼ੁਰੂ ਕਰੀਏ,
ਪੂਰਨ ਹੁੰਦਾ ਹੈ ਹਰ ਇਕ ਕਾਜ ਮੀਆਂ।।
ਬੇਟੇ ਮੇਰੇ ਨੇ ਹੈ ਇਹ ਕਸਮ ਖਾਧੀ ,
ਕਹਿੰਦਾ ਲੈਣਾ ਨੀ ਉੱਕਾ ਹੀ ਦਾਜ ਮੀਆਂ।।

ਵੇ ਟੁੱਟਿਆ ਤਾਰਿਆ.......... ਗੀਤ / ਨਿਰਮੋਹੀ ਫ਼ਰੀਦਕੋਟੀ

ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
ਸਾਡੇ ਦਿਲਾਂ ‘ਚ ਤੂੰ ਆਬਾਦ, ਵੇ ਟੁੱਟਿਆ ਤਾਰਿਆ

ਉੱਚੀ-ਸੁੱਚੀ ਸੋਚ ਸੀ ਤੇਰੀ
ਰਸਤੇ ਦੇ ਵਿਚ ਕਰ ਗਿਆ ਢੇਰੀ
ਹਾਇ! ਤੈਨੂੰ ਇਕ ਜੱਲਾਦ, ਵੇ ਟੁੱਟਿਆ ਤਾਰਿਆ

ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਤੂੰ ਸੈਂ ਸੱਭ ਦਾ ਸਾਥੀ ਸੰਗੀ
ਤੂੰ ਇਕ ਹਸਤੀ ਸੈਂ ਬਹੁ-ਰੰਗੀ
ਸੈਂ ਮਿੱਠਾ ਵਾਂਗ ਕਮਾਦ,ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਰੋਂਦਿਆਂ ਤਾਈਂ ਤੂੰ ਹਸਾਇਆ
ਡਿੱਗਿਆਂ ਤਾਈਂ ਤੂੰ ਉਠਾਇਆ
ਹੱਲ ਕੀਤੇ ਵਾਦ-ਵਿਵਾਦ, ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਤੂੰ ਤਾਂ ਹਾਲੇ ਲੋਅ ਵੰਡਣੀ ਸੀ
ਜਿ਼ੰਦਗੀ ਦੀ ਖੁਸ਼ਬੋ ਵੰਡਣੀ ਸੀ
ਨਾ ਪੂਰੀ ਹੋਈ ਮੁਰਾਦ, ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ




ਗਿਰਝਾਂ.......... ਕਾਵਿ ਵਿਅੰਗ / ਨਿਰਮੋਹੀ ਫ਼ਰੀਦਕੋਟੀ

ਗਿਰਝਾਂ ਰਹੀਆਂ ਨਾ ਆਪਣੇ ਦੇਸ ਅੰਦਰ
ਆ ਕੇ ਪਿਤਾ ਨੂੰ ਦੱਸੇ ਜਗਵੰਤ ਮੀਆਂ ।
ਸੁਣ ਕੇ ਬਾਪ ਨੂੰ ਬੜਾ ਹੀ ਫਿ਼ਕਰ ਹੋਇਆ
ਕਿੱਧਰ ਹੋ ਗਈਆਂ ਉਹ ਉਡੰਤ ਮੀਆਂ ।

ਕੋਲ਼ੇ ਬੈਠਾ ਨਿਰਮੋਹੀ ਸਮਝਾਉਣ ਲੱਗਾ
ਨਹੀਂ ਗਿਰਝਾਂ ਦਾ ਕੋਈ ਵੀ ਅੰਤ ਮੀਆਂ ।
ਆਈਆਂ ਅਫ਼ਸਰ,ਵਪਾਰੀ ਤੇ ਬਣ ਨੇਤਾ
ਬਾਕੀ ਰਹਿੰਦੀਆਂ ਬਣ ਗੀਆਂ ਸੰਤ ਮੀਆਂ ।

ਆਜ਼ਾਦੀ

ਪੈਰੀਂ ਟੁੱਟੀ ਜੁੱਤੀ ਤੇੜ ਘਸੀ ਚਾਦਰ
ਗਲ਼ੇ ਟਾਕੀਆਂ ਵਾਲ਼ੀ ਕਮੀਜ਼ ਮੀਆਂ ।
ਪੇਟ ਛੜੇ ਦੇ ਘੜੇ ਦੇ ਵਾਂਗ ਖਾਲੀ
ਨਾ ਦਰ ਤੇ ਨਾ ਦਹਿਲੀਜ਼ ਮੀਆਂ ।
ਕਾਲ਼ਾ ਅੱਖਰ ਬਰਾਬਰ ਮੱਝ ਦੇ ਹੈ
ਕਿੱਥੋਂ ਅਸਾਂ ਨੂੰ ਆਊ ਤਮੀਜ਼ ਮੀਆਂ ।
ਸਾਨੂੰ ਦਰਸ਼ਨ ਨਿਰਮੋਹੀ ਜੀ ਕਦੋਂ ਹੋਣੇ
ਕੇਹੋ ਜੇਹੀ ਆਜ਼ਾਦੀ ਹੈ ਚੀਜ਼ ਮੀਆਂ ।

ਵਿਦਾਈ.......... ਨਜ਼ਮ/ਕਵਿਤਾ / ਨਿਰਮੋਹੀ ਫਰੀਦਕੋਟੀ

ਧੀ
ਆਪਣੀ ਮਾਂ ਨਾਲ
ਬੈੱਡ ਤੇ ਸੁੱਤੀ ਪਈ ਹੈ

ਗੂੜੀ ਨੀਂਦ ਵਿੱਚ ਹੈ ਜਾਂ
ਕੋਈ ਹੁਸੀਨ ਸੁਪਨਾ
ਦੇਖ ਰਹੀ ਹੈ

ਮੈਂ ਪਈ ਪਈ ਨੂੰ
ਨਿਹਾਰਦਾ ਹਾਂ
ਮਨ ਹੀ ਮਨ ਵਿਚਾਰਦਾ ਹਾਂ
ਬਸ
ਮੇਰੇ ਘਰ ਹਫਤਾ ਕੁ
ਹੋਰ ਹੈ
ਫਿਰ
ਪਰਾਈ ਹੋ ਜਾਵੇਗੀ
ਵਿਦਾ ਹੋਣ ਵੇਲੇ
ਮੈਨੂੰ ਧਰਵਾਸਾ ਦੇਵੇਗੀ
“ਧੀਆਂ ਜੰਮਦੀਆਂ ਹੋਣ ਪਰਾਈਆਂ
ਵੇ ਨਾ ਰੋ ਬਾਬਲਾ !!!”