ਸਲਾਮ - ਉਸਤਾਦ ਨੁਸਰਤ ਫਤਹਿ ਅਲੀ ਖ਼ਾਨ.......... ਸ਼ਰਧਾਂਜਲੀ / ਤਰਸੇਮ ਬਸਰ


ਭਾਰਤੀ ਸੰਗੀਤ ਦੇ ਖੇਤਰ ਵਿੱਚ ਕੁਝ ਕੁ ਨਾਂ ਮਿੱਥ ਬਣੇ, ਹਰ ਘਰ ਦਾ ਹਿੱਸਾ ਬਣੇ । ਜਿਵੇਂ ਮੁਹੰਮਦ ਰਫ਼ੀ, ਮੁਕੇਸ਼, ਕਿਸ਼ੋਰ ਕੁਮਾਰ, ਮੰਨਾ ਡੇ,  ਆਸ਼ਾ ਭੋਂਸਲੇ, ਲਤਾ ਮੰਗੇਸ਼ਕਰ ਤੇ ਉਸਤਾਦ ਨੁਸਰਤ ਫਤਹਿ ਅਲੀ ਖ਼ਾਨ । ਸਾਰੇ ਮਹਾਨ ਕਲਾਕਾਰ ਹਨ । ਬਿਨਾ ਸ਼ੱਕ ਪਰ ਉਸਤਾਦ ਨੁਸਰਤ ਫਤਹਿ ਅਲੀ ਖਾਨ ਇੱਕ ਪੰਜਾਬੀ ਹੋਣ ਦੇ ਨਾਤੇ ਮੇਰੇ ਲਈ ਮਹਾਨਤਮ ਹਨ । ਅੱਜ ਪੰਜਾਬ ਹੀ ਨਹੀਂ, ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਉਹਨਾਂ ਨੂੰ ਸੁਣਨ ਵਾਲੇ ਭਰੇ ਪਏ ਹਨ ਤੇ ਦੂਸਰੇ ਮਹਾਨ ਕਲਾਕਾਰਾਂ ਨਾਲੋਂ ਉਹਨਾਂ ਦੇ ਪੱਖ ਵਿੱਚ ਇਹ ਵਿਸ਼ੇਸ਼ਤਾ ਜਾਂਦੀ ਹੈ ਕਿ ਉਹ ਪੰਜਾਬੀ ਗਾਇਕ ਸਨ ਤੇ ਆਪਣੀ ਜਿੰਦਗੀ ਦਾ ਬਹੁਤਾ ਹਿੱਸਾ ਉਹਨਾਂ ਨੇ ਪੰਜਾਬੀ ਸੂਫੀ ਕਲਾਮ ਗਾਉਣ ਵਿੱਚ ਗੁਜ਼ਾਰਿਆ, ਜਦਕਿ ਰਫ਼ੀ, ਮੁਕੇਸ਼, ਕਿਸ਼ੋਰ, ਲਤਾ ਆਦਿ ਦੀ ਹਰਮਨ ਪਿਆਰਤਾ ਹਿੰਦੀ ਫਿਲਮ ਸੰਗੀਤ ਨਾਲ ਜੁੜੀ ਹੋਈ ਸੀ ।

ਪੰਜਾਬੀ ਦਾ ਇਹ ਮਹਾਨ ਸਪੂਤ ਜਿਸਨੇ ਸਿ਼ਵ ਦੀ ਕਵਿਤਾ ਤੋਂ ਲੈ ਕੇ ਗੁਰਬਾਣੀ ਦੇ ਸ਼ਬਦ, ਗ਼ਜ਼ਲ, ਠੁਮਰੀ, ਲੋਕਗੀਤ, ਕਵਾਲੀ ਸਮੇਤ ਬਹੁਤ ਸਾਰੀਆਂ ਵਿਧਾਵਾਂ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾਇਆ, ਦਾ ਜਨਮ 13 ਅਕਤੂਬਰ 1948 ਨੂੰ ਫੈਸਲਾਬਾਦ ਪਾਕਿਸਤਾਨ ਵਿੱਚ ਉਸ ਸਮੇਂ ਦੇ ਪ੍ਰਸਿੱਧ ਗਾਇਕ ਉਸਤਾਦ ਫਤਹਿ ਅਲੀ ਖਾਨ ਦੇ ਘਰ ਹੋਇਆ । ਉਸਤਾਦ ਫਤਹਿ ਅਲੀ ਖਾਨ ਦਾ ਤੁਆਰੁਫ਼ ਕਰਾਉਂਦਿਆਂ ਇਹਨਾਂ ਦੱਸਣਾ ਹੀ ਕਾਫ਼ੀ ਹੈ ਕਿ ਬਰਸਾਤ ਫਿਲਮ ਦੀ ਮਸ਼ਹੂਰ ਕਵਾਲੀ “ਯਹ ਇਸ਼ਕ ਇਸ਼ਕ ਹੈ, ਇਸ਼ਕ ਇਸ਼ਕ...” ਉਹਨਾਂ ਦੀ ਹੀ ਰਚਨਾ ਸੀ । ਉਹ ਇਸ ਕਵਾਲੀ ਤੋਂ ਪਹਿਲਾਂ ਸੂਫ਼ੀ ਰਚਨਾ “ਮੇਰਾ ਇਹ ਚਰਖਾ ਨੌਂ ਲੱਖਾ ਕੁੜੇ”  ਨੂੰ ਇਸੇ ਤਰਜ਼ ‘ਤੇ ਗਾਉਂਦੇ ਸਨ । ਉਸਤਾਦ ਫਤਹਿ ਅਲੀ ਖਾਂ ਦੇ ਬੇਟੇ ਨੁਸਰਤ ਨੂੰ ਸੰਗੀਤ ਦੇ ਉਸ ਵੇਲੇ ਦੇ ਹਾਲਾਤ ਨੂੰ ਦੇਖਦਿਆਂ “ਡਾਕਟਰ” ਬਣਾਉਣਾ ਚਾਹੁੰਦੇ ਸਨ ਪਰ ਨੁਸਰਤ ਦੀ ਰੁਚੀ ਰਾਗ ਵਿੱਦਿਆ, ਬੋਲ ਬੰਦਿਸ਼ ਵਿੱਚ ਸੀ । ਅਖੀਰ ਪਿਤਾ ਨੇ ਬੱਚੇ ਨੁਸਰਤ ਨੂੰ ਖਿਆਲ ਗਾਇਕੀ ਸਿਖਾਉਣੀ ਸ਼ੁਰੂ ਕੀਤੀ । ਸ਼ੁਰੂਆਤੀ ਦੌਰ ਹੀ ਸੀ ਕਿ ਸੰਨ 1964 ਵਿੱਚ ਉਸਤਾਦ ਫਤਹਿ ਅਲੀ ਖਾਨ ਦਾ ਦੇਹਾਂਤ ਹੋ ਗਿਆ । ਹੁਣ ਨੁਸਰਤ ਨੇ ਮੁਬਾਰਕ ਅਲੀ ਖਾਨ ਅਤੇ ਸਲਾਮਤ ਅਲੀ ਖਾਨ ਨਾਲ ਗਾਉਣਾ ਸ਼ੁਰੂ ਕੀਤਾ । ਅਥੱਕ ਰਿਆਜ਼, ਬੇਮਿਸਾਲ ਲਗਨ ਤੇ ਸੰਗੀਤ ਦੀ ਅਰਾਧਨਾ ਨੇ ਜਲਦੀ ਹੀ ਨੁਸਰਤ ਨੂੰ ਪਾਕਿਸਤਾਨ ਵਿੱਚ ਸੰਗੀਤ ਦੇ ਚਮਕਦੇ ਸੂਰਜ ਦਾ ਖ਼ਿਤਾਬ ਦੇ ਦਿੱਤਾ । ਉਹ ਜਿ਼ਆਦਾਤਰ ਸੂਫੀ ਦਰਗਾਹਾਂ ਤੇ ਜਾਂ ਫਿਰ ਉਰਸ ਮੌਕੇ ਲੋਕਾਂ ਨੂੰ ਸੂਫੀ ਰਚਨਾਵਾਂ ਨੂੰ ਰਾਗਾਂ ਵਿੱਚ ਸੁਣਾ ਕੇ ਸਕੂਨ ਦਿੰਦੇ ਤੇ ਖੁਸ਼ ਹੁੰਦੇ । ਉਹਨਾਂ ਦੇ ਛੋਟੇ ਭਰਾ ਜੋ ਅਕਸਰ ਸਾਨੂੰ ਉਹਨਾਂ ਦੇ ਨਾਲ਼ ਹਰਮੋਨੀਅਮ ‘ਤੇ ਬੈਠੇ ਨਜ਼ਰ ਆਉਂਦੇ ਹਨ, ਫ਼ਾਰੂਖ ਫਤਹਿ ਅਲੀ ਖਾਨ ਤੇ ਸਹਿਯੋਗੀ ਉਹਨਾਂ ਦਾ ਸਾਥ ਦਿੰਦੇ ।                                  
ਨੁਸਰਤ ਫਤਹਿ ਅਲੀ ਖਾਨ ਜੋ ਵੀ ਰਚਨਾ ਲੈ ਕੇ ਆਉਂਦੇ, ਉਹ ਅਰਥ ਭਰਭੂਰ ਹੁੰਦੀ ਤੇ ਢੁਕਵੇਂ ਰਾਗ ਵਿੱਚ ਗਾਈ ਗਈ ਹੁੰਦੀ ਸੀ ਤੇ ਇਸ ਦਾ ਅਸਰ ਸੁਣਨ ਵਾਲੇ ‘ਤੇ ਵਿਸਮਾਦੀ ਹੁੰਦਾ ਸੀ । ਸ਼ਾਇਰੀ ਦੀ ਬਹੁਤ ਅੱਛੀ ਸਮਝ ਸੀ ਤੇ ਰਿਆਜ਼ ਸਬੰਧੀ ਉਹ ਦੱਸਿਆ ਕਰਦੇ ਸਨ ਕਿ ਉਹ ਘਰ ਦੇ ਬੇਸਮੈਂਟ ਵਿੱਚ ਬਣੇ ਖਾਸ ਕਮਰੇ ਵਿੱਚ ਸੰਗੀਤ ਅਰਾਧਦੇ ਸਨ ਤੇ ਕਈ ਵਾਰ ਕਈ ਕਈ ਦਿਨ, ਦਿਨ ਅਤੇ ਰਾਤ ਦਾ ਪਤਾ ਹੀ ਨਾ ਲਗਦਾ । ਸੂਫੀ ਰਚਨਾਵਾਂ ਨੂੰ ਬਾ-ਅਸਰ ਅਦਾਇਗੀ ਨਾਲ ਲੋਕਾਂ ਸਾਹਮਣੇ ਪੇਸ਼ ਕਰਨ ਵਿੱਚ ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਤੇ ਇਸ ਵਿੱਚ ਅਤਿਅੰਤ ਸਫਲ ਵੀ ਰਹੇ । ਇਹ ਉਹਨਾਂ ਦੀ ਮਿਹਨਤ ਅਤੇ ਸੇਵਾ ਹੀ ਹੈ ਕਿ ਪੰਜਾਬੀ ਦੀ ਮਹਾਨ ਵਿਰਾਸਤ, ਸੂਫੀ ਕਾਵਿ, ਅੱਜ ਹਰਮਨ ਪਿਆਰਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਉਹਨਾਂ ਦੀ ਕਲਾ ਦੀ ਮਹਿਕ ਬਾਹਰ ਦੇ ਦੇਸ਼ਾਂ ਤੱਕ ਵੀ ਪਹੁੰਚੀ । ਵਾਸਿੰ਼ਗਟਨ ਯੂਨੀਵਰਸਿਟੀ ਨੇ ਜਿੱਥੇ ਉਹਨਾਂ ਨੂੰ ਸੂਫੀ ਸੰਗੀਤ ਤੇ ਚਾਣਨ ਪਾਉਣ ਲਈ ਬੁਲਾਇਆ, ਉਥੇ ਹੀ ਹਾਲੀਵੁੱਡ ਦੀਆਂ ਹਸਤੀਆਂ ਆਪਣੇ ਸੰਗੀਤ ਵਿੱਚ ਉਹਨਾਂ ਦੇ ਜਾਦੂਈ ਅਸਰ ਨੂੰ ਪ੍ਰਾਪਤ ਕਰਨ ਲਈ ਬੇਚੈਨ ਸਨ । ਬੈਂਡਿਟ ਕੁਈਨ, ਡੈਡ ਮੈਨ ਵਾਕਿੰਗ ਦਾ ਲਾਸਟ ਟੈਂਪਟੇਸ਼ਨ ਆਫ ਕਰਾਈਸਟ ਆਦਿ ਫਿਲਮਾਂ ਵਿੱਚ ਹਿੰਦੋਸਤਾਨੀ ਸੰਗੀਤ ਨੇ ਉਸਤਾਦ ਨੁਸਰਤ ਫਤਹਿ ਅਲੀ ਖਾਨ ਦੇ ਜ਼ਰੀਏ ਹੀ ਇੰਨਾਂ ਫਿਲਮਾਂ ਦੀ ਸ਼ੋਭਾ ਵਧਾਈ। ਇੱਥੋਂ ਤੱਕ ਕਿ ਲਾਸਟ ਟੈਂਪਟੇਸ਼ਨ ਆਫ ਕਰਾਈਸਟ ਦੇ ਸਭ ਤੋਂ ਸੰਵੇਦਨਾਤਮਕ ਦ੍ਰਿਸ਼ ਜਿਸ ਵਿਚ ਕਿ ਈਸਾ ਨੂੰ ਸੂਲੀ ਚੜਾਉਣ ਦਾ ਦ੍ਰਿਸ਼ ਫਿਲਮਾਇਆ ਗਿਆ ਸੀ, ਦੇ ਦਰਦ ਦੀ ਇੰਤਹਾ ਪ੍ਰਗਟਾਉਣ ਲਈ ਪਿੱਠ ਭੂਮੀ ਵਿੱਚ ਉਸਤਾਦ ਨੁਸਰਤ ਫਤਹਿ ਅਲੀ ਖਾਨ ਤੋਂ ਅਲਾਪ ਗਵਾਇਆ ਗਿਆ ਸੀ ।

ਹਿੰਦੋਸਤਾਨੀ ਫਿਲਮਾਂ ਵਿੱਚ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਬੋਲਬਾਲਾ ਸੀ । ਉਹਨਾਂ ਦੀਆਂ ਤਰਜ਼ਾਂ ਤੇ ਬਣੇ ਗੀਤ ਪ੍ਰਸਿੱਧ ਹੋ ਚੁੱਕੇ ਸਨ । ਉਹ ਮੁੰਬਈ ਆਏ ਵੀ ।  ਕੱਚੇ ਧਾਗੇ, ਔਰ ਪਿਆਰ ਹੋ ਗਿਆ ਆਦਿ ਕੁਝ ਫਿਲਮਾਂ ਹੀ ਕੀਤੀਆਂ ਸਨ ਪਰ ਰੱਬ ਨੇ ਉਹਨਾਂ ਨੂੰ ਇਸ ਤੋਂ ਵੱਧ ਸਮਾਂ ਨਾ ਦਿੱਤਾ । 16 ਅਗਸਤ 1997 ਨੂੰ ਲੰਡਨ ਵਿੱਚ ਉਹ ਅੱਲਾ ਨੂੰ ਪਿਆਰੇ ਹੋ ਗਏ । ਉਹਨਾਂ ਨੇ ਲੱਗਭੱਗ ਡੇਢ ਸੌ ਐਲਬਮਾਂ ਸਰੋਤਿਆਂ ਦੀ ਝੋਲੀ ਵਿੱਚ ਪਾਈਆਂ ਤੇ ਜਿੰਨਾਂ ਵਿੱਚ ਗਾਇਕੀ ਦਾ ਹਰ ਰੰਗ ਮੌਜੂਦ ਹੈ ਤੇ ਹਰ ਰਚਨਾ ਸਾਂਭਣਯੋਗ ਹੈ ।  ਭਾਵੇਂ ਕਿ ਉਹਨਾਂ ਨੂੰ ਜਿੰਦਗੀ ਇੰਨੀ ਵੱਡੀ ਨਹੀਂ ਮਿਲੀ ਪਰ ਛੋਟੀ ਜਿਹੀ ਜਿੰਦਗੀ  ਵਿੱਚ ਹੀ ਸੰਗੀਤ ਅਤੇ ਪੰਜਾਬੀ ਮਾਂ ਬੋਲੀ ਦੀ ਕੀਤੀ,  ਸੇਵਾ ਬੇਮਿਸਾਲ ਹੈ, ਅਕਿਹ ਹੈ । ਉਹਨਾਂ ਦੀਆਂ ਕਵਾਲੀਆਂ ਸੂਫ਼ੀ ਰਚਨਾਵਾਂ ਤੇ ਗੀਤ ਸੁਣਦਿਆਂ ਜਦੋਂ ਵਿਸਮਾਦ ਹਾਲਤ ਵਿੱਚ ਹੁੰਦਾ ਹੈ ਤਾਂ ਮੂੰਹੋਂ ਆਪਣੇ ਆਪ ਨਿਕਲ ਜਾਂਦਾ ਹੈ... ਸਲਾਮ - ਉਸਤਾਦ ਨੁਸਰਤ ਫਤਹਿ ਅਲੀ ਖਾਨ...।
                                            
****

No comments: