ਤੇਰੇ ਲਈ ਜੋ ਲਿਖੇ ਗੀਤ ਅਧੂਰੇ ਨੇ ਹਾਲੇ,
ਕੀਹਦੇ ਆਸਰੇ ਪੂਰੇ ਕਰਾਂਗਾ ਮੈਂ।
ਵਾਅਦਾ ਨਹੀਂ ਕਰਦਾ ਕਿ ਤੈਨੂੰ ਭੁੱਲ ਜਾਵਾਂ,
ਹੌਲ਼ੀ-ਹੌਲ਼ੀ ਦਿਲ 'ਤੇ ਪੱਥਰ ਧਰਾਂਗਾ ਮੈਂ।
ਕੁੱਲ ਦੁਨੀਆਂ ਦੀਆਂ ਖੁਸ਼ੀਆਂ ਤੈਨੂੰ ਮਿਲ ਜਾਵਣ,
ਅਪਣੀਆਂ ਪੀੜਾਂ ਤਾਂ ਆਪੇ ਜਰਾਂਗਾ ਮੈਂ।
ਪੈਰੀਂ ਬੇੜੀ ਹੱਥਾਂ ਦੇ ਵਿਚ ਹੱਥਕੜੀਆਂ,
ਇਸ਼ਕ ਸਮੁੰਦਰਾਂ ਦੇ ਵਿਚ ਆਪੇ ਤਰਾਂਗਾ ਮੈਂ।
ਜਿੱਤਣ ਦੇ ਲਈ ਭਾਵੇਂ ਬਾਜ਼ੀ ਨਹੀਂ ਖੇਡੀ,
ਪਰ ਸੋਚਿਆ ਨਹੀਂ ਸੀ ਏਡੀ ਛੇਤੀ ਹਰਾਂਗਾ ਮੈਂ।
ਹਨ੍ਹੇਰਿਆਂ ਨੂੰ ਚੀਰਨ ਦੇ ਦਾਅਵੇ ਕਰਦਾ ਸਾਂ
ਪਰ ਪਤਾ ਨਹੀਂ ਸੀ ਸ਼ਾਮ ਹੋਣ ਤੋਂ ਐਨਾ ਡਰਾਂਗਾ ਮੈਂ।
ਦਾਰੂ ਦੇ ਨਾਲ਼ ਸੰਧੂ ਯਾਰਾਨਾ ਪਾ ਬੈਠਾ,
ਖਰ ਚੱਲਿਆ, ਹੁਣ ਲੱਗਦਾ ਛੇਤੀ ਮਰਾਂਗਾ ਮੈਂ।
Showing posts with label ਜਸਵਿੰਦਰ ਸੰਧੂ. Show all posts
Showing posts with label ਜਸਵਿੰਦਰ ਸੰਧੂ. Show all posts
ਪੀੜ ਪ੍ਰਾਹੁਣੀ ਦਿਲ ਦੇ ਦੁਆਰੇ.......... ਗੀਤ / ਜਸਵਿੰਦਰ ਸੰਧੂ

( ਡਾ. ਅਸ਼ੋਕ ਨੂੰ )
ਪੀੜ ਪ੍ਰਹੁਣੀ ਦਿਲ ਦੇ ਦੁਆਰੇ, ਨਿਤ ਹੀ ਆ ਕੇ ਬਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ, ਧੂਹ ਕਾਲ਼ਜੇ ਪੈ ਜਾਂਦੀ
ਯਾਦਾਂ ਵਾਲ਼ੇ ਪੰਛੀ ਕਿੱਧਰੇ, ਭਰਦੇ ਆ ਪਰਵਾਜ਼ ਜਦੋਂ
ਤੇਰੇ ਸ਼ਹਿਰੋਂ ਖਾਲੀ ਮੁੜ ਕੇ, ਹੁੰਦੇ ਆ ਨਾਰਾਜ਼ ਜਦੋਂ
ਨਾਲ਼ ਚਾਵਾਂ ਦੇ ਭਰੀ ਉਡਾਰੀ, ਅੱਧ ਵਿਚਾਲ਼ੇ ਰਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...
ਇਹ ਅੱਖੀਆਂ ਦੇ ਦੋਵੇਂ ਢਾਰੇ, ਆਪ ਮੁਹਾਰੇ ਚੋ ਜਾਂਦੇ
ਰਹਾਂ ਕੋਠੇ ਤੋਂ ਕਾਗ ਉਡਾਉਂਦੀ, ਰੋਜ਼ ਹਨੇਰ੍ਹੇ ਹੋ ਜਾਂਦੇ
ਟੁੱਟਦੀ ਨਾ ਇਹ ਤੰਦ ਆਸ ਦੀ, ਥੱਕ ਹਾਰ ਕੇ ਬਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...
ਕਾਹਦਾ ਆਇਆ ਸਾਉਣ ਮਹੀਨਾ, ਅਪਣਾ ਰੰਗ ਵਿਖਾ ਚੱਲਿਆ
ਵਿਚ ਸੀਨੇ ਦੇ ਧੁਖੇ ਚਿੰਗਾਰੀ, ਉਹਨੂੰ ਲਾਂਬੂ ਲਾ ਚੱਲਿਆ
ਵਗਦੀ ਠੰਢੀ ਹਵਾ ਪੁਰੇ ਦੀ, ਜਜ਼ਬਾਤਾਂ ਨਾਲ਼ ਖਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ...
ਪੈੜ ਚਾਲ ਕੋਈ ਗਲੀ਼ 'ਚ ਹੋਵੇ, ਤੇਰਾ ਭੁਲੇਖਾ ਪਾ ਜਾਂਦੀ
ਨਾਲ਼ ਹਵਾ ਦੇ ਬੂਹੇ ਖੜਕਣ,ਭੱਜ ਦਰਾਂ ਵੱਲ ਆ ਜਾਂਦੀ
ਤੇਰੀ ਇਹ ਜਸਵਿੰਦਰਾ ਦੂਰੀ, ਹੱਡਾਂ ਦੇ ਵਿੱਚ ਲਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...
Subscribe to:
Posts (Atom)