ਪ੍ਰੇਮ ਦਾ ਪ੍ਰਤੀਕ - ਸਾਉਣ ਮਹੀਨਾ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਸਾਲ ਦੇ ਬਾਰਾਂ ਮਹੀਨਿਆਂ ਵਿੱਚ ਸਾਉਣ ਦੇ ਮਹੀਨੇ ਦੀ ਆਪਣੀ ਵਿਸ਼ੇਸ਼ਤਾ ਹੈ। ਮੋਹ ਅਤੇ ਪਿਆਰ ਦਾ ਪ੍ਰਤੀਕ ਇਹ ਮਹੀਨਾ ਸਾਰਿਆਂ ਲਈ ਖੁਸ਼ਗਵਾਰ ਹੋ ਨਿਬੜਦਾ ਹੈ। ਖਾਸ ਕਰਕੇ ਜਦੋਂ ਮੋਹ-ਪਿਆਰ ਵਿੱਚ ਗੜੁੱਚ ਦੋ ਰੂਹਾਂ ਦਾ ਆਪਸ ਵਿੱਚ ਮੇਲ-ਮਿਲਾਪ ਹੋ ਜਾਵੇ।

ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ, ਪੈਲਾਂ ਪਾਉਂਦੇ ਕਲੈਹਰੀ ਮੋਰ ਅਤੇ ਬਾਗਾਂ ਵਿੱਚ ਖਿੜੀ ਬਹਾਰ ਨੂੰ ਵੇਖਕੇ ਕੀਹਦਾ ਮਨ ਨਹੀਂ ਝੂਮ ਉਠਦਾ। ਨਰਮੇ ਦੇ ਨਿਕਲ ਰਹੇ ਫੁੱਲ, ਨਿੱਕੀ ਨਿੱਕੀ ਕਣੀ ਦਾ ਪੈਂਦਾ ਮੀਂਹ ਤੇ ਫੁੱਲਾਂ-ਬੂਟਿਆਂ ਤੇ ਆਏ ਨਿਖਾਰ ਨੂੰ ਵੇਖਕੇ ਮਨ ਖਿੜ ਉਠਦਾ ਹੈ। ਜੇਠ-ਹਾੜ ਦੀਆਂ ਤੱਤੀਆਂ ਲੋਆਂ ਦੇ ਸਾੜੇ ਹੋਏ ਬਿਰਖ਼-ਬੂਟੇ ਸਾਉਣ ਦੀ ਆਮਦ ਨਾਲ ਆਸੇ ਪਾਸੇ ਨੂੰ ਹਰਿਆ ਭਰਿਆ ਕਰ ਦਿੰਦੇ ਹਨ। ਸਾਉਣ ਦੇ ਮਹੀਨੇ ਜਦ ਦਰਿਆ, ਨਹਿਰਾਂ, ਨਾਲੇ ਪਾਣੀ ਨਾਲ ਆਫ਼ਰ ਜਾਂਦੇ ਹਨ ਤਾਂ ਪ੍ਰੇਮੀਆਂ ਦੇ ਮਨਾਂ ਵਿੱਚ ਵੀ ਪ੍ਰੇਮ ਦੀਆਂ ਛੱਲਾਂ ਉ¤ਠਣ ਲੱਗ ਪੈਂਦੀਆਂ ਹਨ।

ਸਾਉਣ ਦੇ ਮਹੀਨੇ ਦਾ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਸੰਬੰਧ ਹੈ। ਗੁਰਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਉਣ ਮਹੀਨੇ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ :

ਸਾਵਣਿ ਸਰਸ ਮਨਾ, ਘਣ ਵਰਸਹਿ ਰੁਤਿ ਆਏ
ਮੈ ਮਨਿ ਤਨਿ ਸਹੁ ਭਾਵੈ, ਪਿਰ ਪਰਦੇਸਿ ਸਿਧਾਏ
ਪਿਰੁ ਘਰ ਨਹੀ ਆਵੈ, ਮਰੀਐ ਹਾਵੈ, ਦਾਮਨਿ ਚਮਕਿ ਡਰਾਏ
ਸੇਜ ਇਕੇਲੀ, ਖਰੀ ਦੁਹੇਲੀ ਮਰਣੁ ਭਇ ਦੁਖੁ ਮਾਏ
ਹਰਿ ਬਿਨੁ ਨੀਦ ਭੂਖ ਕਹੁ ਕੈਸੀ, ਕਾਪੜੁ ਤਨਿ ਨ ਸੁਖਾਵਏ
ਨਾਨਕ ਸਾ ਸੋਹਾਗਣਿ ਕੰਤੀ, ਪਿਰ ਕੈ ਅੰਕਿ ਸਮਾਵਏ॥

ਇਹਨਾਂ ਪੰਕਤੀਆਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੀਵ ਇਸਤਰੀ ਦਾ ਬਿੰਬ ਵਰਤਕੇ ਮਨੁੱਖ ਨੂੰ ਇਹ ਸਮਝਾ ਰਹੇ ਹਨ ਕਿ, ਹੇ ਮਨੁੱਖ ਸਾਵਣ ਮਹੀਨੇ ਵਿੱਚ ਵਰਖਾ ਦੀ ਰੁੱਤ ਆ ਗਈ, ਬੱਦਲ ਵਰ ਰਹੇ ਹਨ, ਹੁਣ ਤੂੰ ਭੀ ਹਰਾ ਹੋ, ਉਮਾਹ ਵਿੱਚ ਆ। ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਵਾਂ ਨੂੰ ਵੇਖਕੇ ਤੜਫ਼ ਉਠਦਾ ਹੈ ਪਰ ਬਿਰਹੋਂ ਦੀ ਮਾਰੀ ਉਹ ਆਖਦੀ ਹੈ ਕਿ ਮੇਰਾ ਪਤੀ ਤਾਂ ਪਰਦੇਸ ਗਿਆ ਹੋਇਆ ਹੈ, ਪਰ ਮੇਰੇ ਮਨ-ਤਨ ਵਿੱਚ ਪਿਆਰ ਦੀਆਂ ਲਹਿਰਾਂ ਉਠ ਰਹੀਆਂ ਹਨ। ਜਿੰਨਾਂ ਚਿਰ ਪਤੀ ਘਰ ਨਹੀਂ ਆਉਂਦਾ ਮੈਂ ਹਾਉਂਕਿਆਂ ਨਾਲ ਮਰ ਰਹੀ ਹਾਂ। ਬਿਜਲੀ ਚਮਕ ਕੇ ਮੈਨੂੰ ਡਰਾ ਰਹੀ ਹੈ। ਪਤੀ ਤੋਂ ਵਿਛੋੜੇ ਵਿੱਚ ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ। ਪਤੀ ਤੋਂ ਵਿਛੋੜੇ ਦਾ ਦੁੱਖ ਮੌਤ ਬਰਾਬਰ ਲੱਗਦਾ ਹੈ। ਇਸ ਜੀਵ ਇਸਤਜੀ ਦੇ ਅੰਦਰ ਪ੍ਰਭੂ ਪਤੀ ਦਾ ਪਿਆਰ ਹੈ ਬਿਰਹਣੀ ਨਾਰ ਵਾਂਗ ਉਸਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਨਾ ਨੀਂਦ ਹੈ ਨਾ ਭੁੱਖ। ਉਸ ਨੂੰ ਤਾਂ ਕੱਪੜਾ ਵੀ ਸਰੀਰ ਉਤੇ ਨਹੀਂ ਸੁਖਾਂਦਾ। ਸਰੀਰਕ ਸੁੱਖਾਂ ਦਾ ਕੋਈ ਵੀ ਸਾਧਨ ਉਸ ਦੇ ਮਨ ਨੂੰ ਧੂਹ ਨਹੀਂ ਸਕਦਾ। ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ ਕਿ ਉਹ ਭਾਗਾਂ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ ਜੋ ਸਦਾ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੀ ਹੈ। ਇਸ ਤਰ੍ਹਾਂ ਰਾਗ ਮਾਝ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਉਣ ਮਹੀਨੇ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:

ਸਾਵਣਿ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ
ਮਨੁ ਤਨੁ ਰਤਾ ਸਚ ਰੰਗਿ, ਇਕੋ ਨਾਮੁ ਅਧਾਰੁ
ਬਿਖਿਆ ਰੰਗ ਕੂੜਾਵਿਆ, ਦਿਸਨਿ ਸਭੇ ਛਾਰੁ
ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲਿ ਸਾਧੂ ਪੀਵਣਹਾਰੁ
ਵਣੁ ਤਿਣੁ ਪ੍ਰਭ ਸੰਗਿ ਮਉਲਿਆ, ਸੰਮ੍ਰਥ ਪੁਰਖ ਅਪਾਰੁ
ਹਰਿ ਮਿਲਣੈ ਨੋ ਮਨੁ ਲੋਚਦਾ, ਕਰਮਿ ਮਿਲਾਵਣਹਾਰੁ
ਜਿਨੀ ਸਖੀਏ ਪ੍ਰਭੁ ਪਾਇਆ, ਹਉ ਤਿਨ ਕੈ ਸਦ ਬਲਿਹਾਰ
ਨਾਨਕ ਹਰਿ ਜੀ ਮਇਆ ਕਰਿ, ਸਬਦਿ ਸਵਾਰਣਹਾਰੁ
ਸਾਵਣੁ ਤਿਨਾ ਸੁਹਾਗਣੀ, ਜਿਨ ਰਾਮ ਨਾਮੁ ਉਰਿ ਹਾਰੁ॥

ਜਿਵੇਂ ਸਾਵਣ ਵਿੱਚ ਵਰਖਾ ਨਾਲ ਵਨਸਪਤੀ ਹਰਿਆਵਲੀ ਹੋ ਜਾਂਦੀ ਹੈ ਤਿਵੇਂ ਉਹ ਜੀਵ ਇਸਤਰੀ ਹਰਿਆਵਲੀ ਹੋ ਜਾਂਦੀ ਹੈ ਭਾਵ ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਮਾਇਆ ਦੇ ਨਾਸ਼ਵੰਤ ਕੌਤਕ ਉਸਨੂੰ ਸੁਆਹ, ਨਿਕੰਮੇ ਦਿਸਦੇ ਹਨ। ਸਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਤਿਵੇਂ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਜਾਂਦਾ ਹੈ। ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਸਨੂੰ ਮਿੱਠੀਆਂ ਲੱਗਦੀਆਂ ਹਨ। ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ, ਬਨਸਪਤੀ ਆਦਿ ਹਰਿਆ ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ, ਵਿਆਪਕ ਹੈ ਤੇ ਬਅੰਤ ਹੈ ਉਸ ਨੂੰ ਮਿਲਣ ਵਾਸਤੇ ਮੇਰਾ ਮਨ ਵੀ ਤਾਂਘਦਾ ਹੈ ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ। ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ ਕਿ ਮੈਂ ਉਹਨਾਂ ਗੁਰਮੁਖ ਸਖੀਆਂ ਤੋਂ ਸਦਕੇ ਹਾਂ ਸਦ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ। ਹੇ ਪ੍ਰਭੂ ਤੂੰ ਮੇਰੇ ਉਤੇ ਮਿਹਰ ਕਰ ਤੂੰ ਆਪ ਹੀ ਗੁਰੂ ਦੇ ਸ਼ਬਦ ਰਾਹੀਂ ਮੇਰੀ ਜਿੰਦ ਸੰਵਾਰਨ ਜੋਗਾ ਹੈਂ। ਸਾਵਣ ਦਾ ਮਹੀਨਾ ਉਨ੍ਹਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਸਤੇ ਖੇੜਾ ਅਤੇ ਠੰਢ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗਲ ਵਿੱਚ ਪ੍ਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ।  (ਨੋਟ: ਸ਼ਬਦਾਂ ਦੇ ਅਰਥ ਸਿੱਖ ਮਿਸ਼ਨਰੀ ਕਾਲਜ ਦੁਆਰਾ ਛਾਪੀ ਗਈ ਬਾਰਹਮਾਹ ਸਟੀਕ ਵਿਚੋਂ ਲਏ ਗਏ ਹਨ)

ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਆਪਣੀ ਵਿਸ਼ੇਸ਼ ਥਾਂ ਹੈ। ਸਾਉਣ ਦੇ ਮਹੀਨੇ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕੇ ਆਉਂਦੀਆਂ ਹਨ। ਆਪਣੇ ਆਂਢ-ਗੁਆਂਢ ਦੀਆਂ ਸਖੀਆਂ ਸਹੇਲੀਆਂ ਨਾਲ ਦੁੱਖ-ਸੁੱਖ ਸਾਂਝਾ ਕਰਦੀਆਂ ਹਨ। ਪਿਛਲੇ ਸਮਿਆਂ ਵਿੱਚ ਤੀਆਂ ਦੇ ਮੇਲੇ ਵੀ ਲਗਦੇ ਸਨ ਪਰ ਹੁਣ ਮਾਹੌਲ ਬਦਲ ਗਿਆ ਹੈ, ਬਹੁਤ ਥੋੜੇ ਪਿੰਡ ਹਨ ਜਿੱਥੇ ਤੀਆਂ ਤੀਜ ਦੀਆਂ ਭਰਦੀਆਂ ਹਨ। ਪਿੱਪਲਾਂ ’ਤੇ ਪੀਘਾਂ ਪਾਈਆਂ ਜਾਂਦੀਆਂ ਹਨ। ਤ੍ਰਿੰਝਣ ਤਾਂ ਹੁਣ ਟੈਲੀਵਿਜ਼ਨ ਵਿੱਚ ਚੱਲ ਰਹੇ ਗੀਤਾਂ ਵਿੱਚ ਹੀ ਫਿਲਮਾਇਆ ਜਾਂਦਾ ਹੈ ਪਰ ਪਹਿਲਾਂ ਤ੍ਰਿੰਝਣ ’ਚ ਜੁੜਕੇ ਚਰਖੇ ਕਤਦੀਆਂ ਕੁੜੀਆਂ, ਬੋਲੀਆਂ ਪਾਉਂਦੀਆਂ ਇੱਕ-ਦੂਜੇ ਨਾਲ ਹਾਸਾ ਠੱਠਾ ਕਰਦੀਆਂ। ਪਰ ਬਦਲੇ ਸਮਿਆਂ ਵਿੱਚ ਇਹ ਗੱਲਾਂ ਬੀਤੇ ਯੁੱਗ ਦੀਆਂ ਬਣਕੇ ਰਹਿ ਗਈਆਂ ਹਨ। ਬੋਲੀਆਂ ਵਿੱਚ ਵੀ ਸਾਉਣ ਦਾ ਮਹੀਨਾ ਸਿਰ ਚੜ੍ਹ ਕੇ ਬੋਲਿਆ ਹੈ। ਜਦੋਂ ਕੋਈ ਗੱਭਰੂ ਪੇਕੇ ਗਈ ਮੁਟਿਆਰ ਨੂੰ ਸਾਉਣ ਦੇ ਮਹੀਨੇ ਲੈਣ ਚਲਾ ਜਾਂਦਾ ਹੈ ਤਾਂ ਉਹ ਮੁਟਿਆਰ ਬੋਲੀ ਪਾਉਂਦੀ ਹੈ:

ਸਾਉਣ ਦਾ ਮਹੀਨੇ ਵੇ ਤੂੰ ਆਇਆ ਗੱਡੀ ਜੋੜ ਕੇ
ਜਾ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਲੈ ਜਾ ਮੋੜ ਕੇ।

ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਬੋਲੀਆਂ ਵਿੱਚ ਸਾਉਣ ਮਹੀਨੇ ਦਾ ਜ਼ਿਕਰ ਸੁਣਨ ਨੂੰ ਮਿਲਦਾ ਹੈ :

ਸਾਉਣ ਦੇ ਮਹੀਨੇ ਮੰਜੇ ਡਾਹੀਏ ਨਾਵੇ ਜੋੜ ਕੇ,
ਚੱਲਣਗੇ ਪਰਨਾਲੇ ਪਾਣੀ ਲੈ ਜੂਗਾ ਵੇ ਰੋੜ੍ਹ ਕੇ।

ਜਾਂ

ਚੜ੍ਹ ਗਿਆ ਸਾਉਣ ਸਹੁਰੇ ਦੇਣਗੇ ਨੀ ਛੁੱਟੀਆਂ,
ਚੜ੍ਹ ਗਈ ਭਾਦੋਂ ਸਹੁਰੇ ਪਾਉਣਗੇ ਨੀ ਚਿੱਠੀਆਂ।

ਪੰਜਾਬੀ ਗੀਤਾਂ ਵਿੱਚ ਸਾਉਣ ਮਹੀਨੇ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ । ਜਦੋਂ ਕਿਸੇ ਨਾਰ ਦਾ ਕੰਤ, ਆਪਣੇ ਪ੍ਰੀਵਾਰ ਲਈ ਪਰਦੇਸਾਂ ਵਿੱਚ ਨੌਕਰੀ ਕਰਨ ਜਾਂਦਾ ਹੈ ਅਤੇ ਉਧਰੋਂ ਸਾਉਣ ਮਹੀਨੇ ਵਿੱਚ ਘਰ ਆਉਣ ਦਾ ਵਾਅਦਾ ਜਦ ਲਾਰਿਆਂ ਵਿੱਚ ਬਦਲ ਜਾਂਦਾ ਹੈ ਤਾਂ ਉਸ ਗੱਭਰੂ ਦੀ ਮੁਟਿਆਰ ਦੇ ਦਿਲੋਂ ਜੋ ਹੂਕ ਨਿਕਲੀ ਹੈ :

ਤੇਰੀ ਦੋ ਟਕਿਆਂ ਦੀ ਨੌਕਰੀ
ਵੇ ਮੇਰਾ ਲੱਖਾਂ ਦਾ ਸਾਵਣ ਜਾਵੇ।

ਜਾਂ

ਸਾਵਣ ਚੜਿਆ ਤੀਆਂ ਆਈਆਂ
ਪਿਪਲਾਂ ਤੇ ਰਲ ਪੀਂਘਾਂ ਪਾਈਆਂ
’ਕੱਠੀਆਂ ਹੋ ਨਣਦਾਂ ਭਰਜਾਈਆਂ
ਇੱਕ-ਦੂਜੀ ਨੂੰ ਕਹਿੰਦੀ
ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ।

ਸ਼ਾਲਾ! ਇਹ ਸਾਉਣ ਦੇ ਸ਼ਰਾਟੇ ਖੁਸ਼ੀਆਂ ਤੇ ਖੇੜਿਆਂ ਨਾਲ ਹਰ ਇੱਕ ਨੂੰ ਸ਼ਰਾਸ਼ਰ ਕਰ ਦੇਣ।

****

No comments: