ਦਾਰਾ ਸਿੰਘ ਇੱਕ ਬਹੁਪੱਖੀ ਸਖਸ਼ੀਅਤ......... ਸ਼ਰਧਾਂਜਲੀ / ਤਰਸੇਮ ਬਸ਼ਰ


ਦਾਰਾ ਸਿੰਘ ਨੂੰ ਅੱਜ ਫਿਲਮ ਉਦਯੋਗ ਵੱਲੋਂ ਇੱਕ ਅਭਿਨੇਤਾ ਵਜੋਂ ਉਹਨਾਂ ਵੱਲੋਂ ਦਿੱਤੇ ਗਏ ਸ਼ਾਨਦਾਰ ਯੋਗਦਾਨ ਲਈ ਯਾਦ ਕੀਤਾ ਜਾ ਰਿਹਾ ਹੈ ਤੇ ਇਹੀ ਉਹਨਾਂ ਦੇ ਜੀਵਨ ਦੀ ਵਿਲੱਖਣਤਾ ਕਹੀ ਜਾ ਸਕਦੀ ਹੈ । ਕਿਉਂਕਿ ਕੁਸ਼ਤੀ ਰਾਹੀਂ ਤਾਂ ਪਹਿਲਾਂ ਹੀ ਉਹ ਆਪਣੇ ਆਪ ਨੂੰ ਸਾਬਤ ਕਰ ਚੁੱਕੇ ਸਨ । ਕੁਸ਼ਤੀ ਦੇ ਸੰਦਰਭ ਵਿੱਚ ਉਹ ਪ੍ਰਾਪਤੀਆਂ ਉਹਨਾਂ ਦੇ ਹੱਕ ਵਿੱਚ ਦਰਜ ਹਨ, ਜਿੰਨਾਂ ਨੂੰ ਪਾਉਣ ਵਾਸਤੇ ਹਰ ਖਿਡਾਰੀ ਪੂਰੀ ਜਿੰਦਗੀ ਜੱਦੋਂ ਜਹਿਦ ਕਰਦਾ ਹੈ । ਅੰਮ੍ਰਿਤਸਰ ਦੇ ਪਿੰਡ ਚੱਕ ਧਰਮੂ ਵਿਖੇ 19 ਨਵੰਬਰ 1928 ਨੂੰ ਪੈਦਾ ਹੋਏ  ਦਾਰਾ ਸਿੰਘ ਨੇ ਆਪਣੀ ਜਿੰਦਗੀ ਵਿੱਚ ਉਹ ਪ੍ਰਾਪਤੀਆਂ ਦਰਜ ਕੀਤੀਆਂ, ਜੋ ਕਿਸੇ ਵੀ ਮਨੁੱਖ ਵਿੱਚ ਹੰਕਾਰ ਪੈਦਾ ਕਰਨ ਲਈ ਬਹੁਤ ਹੁੰਦੀਆਂ ਹਨ । ਉਹ ਰਾਜ ਸਭਾ ਦੇ ਮੈਂਬਰ ਰਹੇ, ਰੁਸਤਮੇ-ਹਿੰਦ ਰਹੇ, ਅਖੀਰ ਤੱਕ ਫਿਲਮ ਉਦਯੋਗ ਦੇ ਚਮਕਦੇ ਸਿਤਾਰੇ ਰਹੇ ਪਰ ਉਹਨਾਂ ਨੂੰ ਮਿਲਣ ਵਾਲੇ ਉਹਨਾਂ ਦੇ ਸੁਭਾਅ ਵਿੱਚ ਨਿੱਘੇਪਣ ਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਦੇ । ਬਚਪਨ ਵਿੱਚ ਚੰਗੀ ਡੀਲ ਡੌਲ ਨੂੰ ਕੁਦਰਤੀ ਨਿਆਮਤ ਸਮਝਦਿਆਂ ਉਹਨਾਂ ਨੇ ਕੁਸ਼ਤੀ ਨੂੰ ਅਪਣਾਇਆ ਤੇ ਧਾਰ ਲਿਆ ਕਿ ਇਸ ਖੇਤਰ ਵਿੱਚ ਕੁਝ ਕਰ ਕੇ ਦਿਖਾਉਣਾ ਹੈ ਤੇ ਉਹਨਾਂ ਦੀ ਤਪੱਸਿਆ ਨੇ ਉਹਨਾਂ ਨੂੰ ਇਸ ਦਾ ਸਿਲਾ ਵੀ ਦਿੱਤਾ । ਸਮੇਂ ਦੇ ਨਾਲ ਦੁਨੀਆਂ ਦੇ ਚੋਟੀ ਦੇ ਮੱਲਾਂ ਨਾਲ ਉਹਨਾਂ ਦੇ ਮੁਕਾਬਲੇ ਹੋਏ ਤੇ ਉਹਨਾਂ ਦੇ ਲੱਗਭੱਗ ਸਾਰਿਆਂ ਨੂੰ ਹੀ ਹਰਾਇਆ । ਉਹ ਰੁਸਤਮੇ-ਪੰਜਾਬ ਵੀ ਬਣੇ ਤੇ ਬਾਅਦ ਵਿੱਚ ਰੁਸਤਮੇ-ਹਿੰਦ ਵੀ । 1959 ਵਿੱਚ ਕਾਮਨਵੈਲਥ ਚੈਂਪੀਅਨ ਬਣਨ ਤੋਂ ਪਹਿਲਾਂ ਉਹ ਉਸ ਸਮੇਂ ਦੇ ਮਸ਼ਹੂਰ ਪਹਿਲਵਾਨ ਕਿੰਗ ਕਾਂਗ ਸਮੇਤ ਜਾਰਜ ਗਾਰਡਨੀਕੋ, ਜਾਰਜ ਡਿਸਲਵਾ ਆਦਿ ਭਲਵਾਨਾਂ ਨੂੰ ਹਰਾ ਚੁੱਕੇ ਸਨ । 1968 ਵਿੱਚ ਉਹਨਾਂ ਨੇ ਅਮਰੀਕਾ ਦਾ ਦੌਰਾ ਕੀਤਾ ਤੇ 29 ਮਈ 1968 ਨੂੰ ਵਿਸ਼ਵ ਚੈਂਪੀਅਨ ਐਲਾਨੇ ਗਏ । ਉਹਨਾਂ ਦੇ ਨਾਲ ਜੁੜੇ ਚਰਚਿਤ ਮੁਕਾਬਲਿਆਂ ਵਿੱਚ ਪਾਕਿਸਤਾਨ ਦੇ ਮਜ਼ੀਦ, ਸ਼ਾਨੇ ਅਲੀ, ਤਾਰਿਕ ਅਲੀ,  ਕੁਬਲੀ, ਰਿਕੀ ਡੋਜ਼ਨ, ਵਿਲ ਰੋਬਿਨਸਨ, ਪੈਟਰੌਕ, ਮਾਉਟੈਨਜੈਕ ਨਾਲ ਹੋਏ ਮੁਕਾਬਲਿਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਦਾਰਾ ਸਿੰਘ ਨੇ ਜਿੰਦਗੀ ਦੇ ਪਹਿਲੇ ਪੜਾਅ ਵਿੱਚ ਹੀ ਉਹ ਸਫਲਤਾ ਹਾਸਲ ਕੀਤੀ ਕਿ ਉਹ ਪੂਰੇ ਹਿੰਦੁਸਤਾਨ ਦੇ ਘਰ ਘਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਪਰ ਹਾਲੇ ਇੱਕ ਦੌਰ ਬਾਕੀ ਸੀ । ਉਹਨਾਂ ਨੇ ਆਪਣੇ ਆਪ ਨੂੰ ਅਭਿਨੇਤਾ ਦੇ ਤੌਰ ਤੇ ਵੀ ਸਾਬਤ ਕੀਤਾ ਹੈ । ਉਹ ਪੂਰੇ ਹਿੰਦੁਸਤਾਨ ਦੇ ਹਨੂੰਮਾਨ ਬਣ ਗਏ ਸਨ ।

1967 ਵਿੱਚ ਪ੍ਰਦਰਸਿ਼ਤ ਫਿਲਮ “ਸਾਤ ਸਮੰਦਰ ਪਾਰ” ਦਾ ਇਹ ਸਫ਼ਰ “ਜਬ ਵੂਈ ਮੈਟ” ਤੱਕ ਚੱਲਿਆ, ਜਿਸ ਵਿੱਚ ਉਹਨਾਂ ਦੇ ਹਿੱਸੇ ਵਿੱਚ ਅਨੇਕਾਂ ਅਜਿਹੀਆਂ ਭੂਮਿਕਾਵਾਂ ਆਈਆਂ ਜਿੰਨਾਂ ਤੇ ਕੋਈ ਵੀ ਅਭਿਨੇਤਾ ਮਾਣ ਕਰ ਸਕਦਾ ਹੈ । ਸ਼ੁਰੂਆਤ ਦੇ ਦੌਰ ਵਿੱਚ ਜਿ਼ਆਦਾਤਰ ਫਿਲਮਾਂ ਵਿੱਚ ਮੁਮਤਾਜ਼ ਅਤੇ ਕੁਸ਼ਤੀ ਉਹਨਾਂ ਦੀਆਂ ਫਿਲਮਾਂ ਦਾ ਮੁੱਖ ਹਿੱਸਾ ਰਹੀਆਂ ਪਰ ਬਾਅਦ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਚਰਿੱਤਰ ਅਭਿਨੇਤਾ ਦੇ ਤੌਰ ਤੇ ਵੀ ਸਾਬਤ ਕੀਤਾ । ਸੁਭਾਸ਼ ਘਈ ਦੀ ਕਰਮਾ ਤੇ ਮਨਮੋਹਨ ਦੇਸਾਈ ਦੀ ਮਰਦ ਵਿੱਚ ਨਿਭਾਈਆਂ ਉਹਨਾਂ ਦੀਆਂ ਭੂਮਿਕਾਵਾਂ ਨੂੰ ਕੌਣ ਭੁੱਲ ਸਕਦਾ ਹੈ ? ਟੈਲੀਵਿਜ਼ਨ ਦੇ ਦੌਰ ਵਿੱਚ ਵੀ ਉਹ ਅਤਿਅੰਤ ਸਫਲ ਰਹੇ । ਇਸੇ ਦੌਰ ਨੇ ਉਹਨਾਂ ਨੂੰ ਹਨੂੰਮਾਨ ਵਜੋਂ ਲਾਮਿਸਾਲ ਪਛਾਣ ਦਿੱਤੀ । ਨਿਰਦੇਸ਼ਕ ਦੇ ਤੌਰ ਤੇ ਵੀ ਉਹਨਾਂ ਨੇ  ਨਾਨਕ ਦੁਖੀਆ ਸਭ ਸੰਸਾਰ, ਧਿਆਨੂੰ ਭਗਤ, ਸਵਾ ਲਾਖ ਸੇ ਏਕ ਲੜਾਊਂ, ਭਗਤੀ ਮੇਂ ਸ਼ਕਤੀ ਆਦਿ ਫਿਲਮਾਂ ਦਾ ਯੋਗਦਾਨ ਦਿੱਤਾ ਅਤੇ ਪੰਜਾਬੀ ਸਿਨੇਮਾਂ ਦੇ ਹਿੱਸੇ ਵਿੱਚ ਵੀ ਅਜਿਹੀਆਂ ਫਿਲਮਾਂ ਪਾਈਆਂ ਜਿੰਨਾਂ ਤੇ ਪੰਜਾਬੀ ਸਿਨਮਾਂ ਅੱਜ ਵੀ ਮਾਣ ਕਰਦਾ ਹੈ । ਉਹਨਾਂ ਨੇ ਦੋ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ,  ਭਗਤੀ ਮੇ ਸ਼ਕਤੀ ਅਤੇ ਕਰਨ । ਉਹਨਾਂ ਨੇ ਸਫਲਤਾਵਾਂ ਦੀਆਂ ਕਈ ਮੰਜਿ਼ਲਾਂ ਤੈਅ ਕੀਤੀਆਂ ਪਰ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਰਹੇ । ਉਹ ਪੰਜਾਬੀ ਸੱਭਿਆਚਾਰ ਤੇ ਵਿਰਸੇ ਤੇ ਮਾਣ ਕਰਦੇ ਸਨ ਤੇ ਆਪਣੀ ਹੈਸੀਅਤ ਮੁਤਾਬਿਕ ਕੁਝ ਕਰਨਾ ਲੋਚਦੇ ਸਨ । ਇਸੇ ਭਾਵਨਾ ਨੂੰ ਬੂਰ ਪਿਆ ਸੀ ਤੇ ਮੁਹਾਲੀ ਵਿਖੇ ਦਾਰਾ ਸਟੂਡੀਓ ਹੋਂਦ ਵਿੱਚ ਆਇਆ । ਕਿਹਾ ਜਾਂਦਾ ਹੈ ਕਿ ਸ਼ੁਰੂ ਵਿੱਚ ਹਿੰਦੀ ਫਿਲਮਾਂ ਵਾਲੇ ਦਾਰਾ ਸਿੰਘ ਦੀ ਸੰਵਾਦ ਅਦਾਇਗੀ ਵਿੱਚ ਪੰਜਾਬੀ ਦੇ ਪੁੱਟ ਨੂੰ ਮਹਿਸੂਸ ਕਰਕੇ ਉਹਨਾਂ ਦੀ ਸਫਲਤਾ ਤੇ ਪ੍ਰਸ਼ਨ ਚਿੰਨ੍ਹ ਲਾਇਆ ਕਰਦੇ ਸਨ ਪਰ ਬਾਅਦ ਵਿੱਚ ਇਹੀ ਪੰਜਾਬੀ ਪੁੱਟ ਉਹਨਾਂ ਦੀ ਪਛਾਣ ਬਣਿਆ । ਵਿੰਦੂ ਦਾਰਾ ਸਿੰਘ ਦਾ ਪੁੱਤਰ ਹੈ, ਅਭਿਨੇਤਾ ਦੇ ਤੌਰ ਤੇ ਮਕਬੂਲ ਹੈ ਪਰ ਉਸਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ ਉਹ ਸੀਰੀਅਲ ਬਿੱਗ ਬਾਸ ਵਿੱਚ ਇੱਕ ਜਜ਼ਬਾਤੀ ਤੇ ਨਿਮਰ ਇਨਸਾਨ ਵਜੋਂ ਪਛਾਣ ਬਣਾਈ, ਜਿਸ ਤੇ ਸੰਸਕਾਰ ਉਸਨੂੰ ਦਾਰਾ ਸਿੰਘ ਤੋਂ ਹੀ ਮਿਲੇ ਸਨ । ਦਾਰਾ ਸਿੰਘ 12 ਜੁਲਾਈ 2012 ਨੂੰ ਬੀਮਾਰ ਰਹਿਣ ਉਪਰੰਤ ਆਪਣੀ ਸਖਸ਼ੀਅਤ ਦੀਆਂ ਅਮਿੱਟ ਪੈੜਾਂ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਏ ।
                                                            
****

No comments: