ਤਰਲੋ ਮੱਛੀ..........ਮਿੰਨੀ ਕਹਾਣੀ / ਰਵੀ ਸਚਦੇਵਾ

ਛੁਰੀ ਚੱਲੀ.....!!

ਮੁਰਗੇ ਦੀ ਧੌਣ ਧੜ ਤੋਂ ਅਲੱਗ ਹੋ ਗਈ। ਸਾਹਮਣੇ ਪਿੰਜਰੇ ‘ਚ ਤੜੇ ਮੁਰਗੇ ਤੇ ਮੁਰਗੀਆਂ ਕੁਰਲਾ ਉਠੇ। ਛੁਰੀ ਫਿਰ ਚੱਲੀ.....!! ਪਰ ਇਸ ਵਾਰ ਮੁਰਗੇ ਦੀ ਥਾਂ ਕੋਲ ਖੇਡ ਰਹੇ ਕਸਾਈ ਦੇ ਮੁੰਡੇ ਦੀਆਂ ਉਂਗਲਾਂ ਹੱਥ ਤੋਂ ਅਲੱਗ ਹੋ ਗਈਆਂ। ਕਸਾਈ ਕੁਰਲਾ ਉਠਿਆ। ਮੁਰਗੇ ਤੇ ਮੁਰਗੀਆਂ ਖੁਸ਼ੀ ਨਾਲ ਝੂਮ ਉਠੇ, ਜਿਵੇਂ ਕਸਾਈ ਨੂੰ ਚਿੜਾ ਰਹੇ ਹੋਣ, ‘ਤੇ ਕਹਿ ਰਹੇ ਹੋਣ;

“ਸਾਡੇ ਕਲੇਜੇ ਦੇ ਟੁਕੜਿਆਂ ‘ਤੇ ਛੁਰੀ ਚਲਾ ਕੇ ਹੱਸਣ ਵਾਲਿਆ ! ਅੱਜ ਤੈਨੂੰ ਕਿਹੜਾ ਸੱਪ ਸੁੰਘ ਗਿਆ। ਕਮੰਡਲੀ ਮੱਝ ਵਾਂਗ ਅੱਜ ਤੂੰ ਦਲੱਤਿਆ  ਜੇਹੀਆਂ ਕਿਉਂ ਮਾਰਦਾ ਫਿਰਦੈਂ...?  ਆਪਣੇ ਖੂਨ ਦਾ ਜ਼ਰਾ ਕੁ ਰੱਤ ਵਹਿੰਦਾ ਵੇਖ, ਅੱਜ ਤੂੰ ਲੋਟ-ਪੋਟਣੀਆਂ ਖਾਂਦਾ ਐਂਵੇ ਬੇਕਾਬੂ ਹੋਇਆ, ਕਚ੍ਹੀਰਾ ਵੱਟੀ, ਬਿਨ ਪਾਣੀ ਵਾਲੀ ਤਰਲੋ ਮੱਛੀ ਕਿਉਂ ਬਣਿਆਂ ਫਿਰਦੈ” ?

“ਆਪਣੇ ਪੁੱਤ ਦੇ ਮਾਸ ਦੇ ਇਹ ਲੋਥੜੇ ਅੱਜ ਤੈਨੂੰ ਬਾਸੀ ਅਲੂਣੇਂ ਕਿਉਂ ਜਾਪਦੈ ਨੇ ? ਅੱਜ ਤੇਰੀ ਰੂਹ ਅੰਦਰੋ-ਅੰਦਰੀ ਪੀੜ ਨਾਲ ਕਿਉਂ ਬਿਲਕੀ ਏਂ ? ਅੱਜ ਬੰਬ ਫੱਟਿਆ ਤੇਰੀ ਹਿੱਕ ਤੇ……! ਭਰ ਸਿਸਕੀਆਂ, ਮਚਣ ਦੇ ਓਹੀ ਭੰਦਰੋਲ਼, ਭਗਦੜ ਜੋ ਕਦੇ ਸਾਡੇ ਸੀਨੇ  ‘ਚ ਮਚਦੀ ਸੀ। ਸਾਡੇ ਮਾਸੂਮ ਬਾਲਾਂ ਦੀਆਂ ਚੀਕਾਂ ਤੈਨੂੰ ਕਦੇ ਕਿਉਂ ਨਾ ਸੁਣੀਆਂ ? ਬੇਰਿਹਮ…ਦਿਲਜਲੇ.....!! ਤੈਨੂੰ ਆਪਣੇ ਬੁਚੜਖਾਨੇ ਦੀਆਂ  ਨਾਲੀਆਂ ‘ਚ ਵਹਿੰਦਾ ਪਾਣੀ ਕਦੇ ਲਾਲ ਕਿਉਂ ਨਹੀਂ ਲੱਗਾ ? ਅੱਜ ਵਹਿਣ ਦੇ ਓਹੀ ਲਾਲ ਰੰਗ...!! ਲੈ ਅਲੌਕਿਕ ਨਜ਼ਾਰੇ ‘ਤੇ ਦੂਜਿਆਂ ਨੂੰ ਵੀ ਦੇ ਚਟਕਾਰੇ......!!”

****


No comments: