ਕਰਨੀ ਕੱਖ ਦੀ ਗੱਲ ਲੱਖ-ਲੱਖ ਦੀ.......... ਵਿਅੰਗ / ਹਰਦੀਪ ਕੌਰ ਸੰਧੂ (ਡਾ.), ਸਿਡਨੀ

ਇੱਕ ਦਿਨ ਇੰਟਰਨੈਟ ਦੇ ਬਗੀਚੇ 'ਚ ਪੰਜਾਬੀ ਸਾਹਿਤਕ ਮੰਚ (ਪ.ਸ.ਮ.) ਤੇ ਹਿੰਦੀ ਸਾਹਿਤਕ ਮੰਚ (ਹ.ਸ.ਮ) ਘੁੰਮਦੇ-ਘੁੰਮਾਉਂਦੇ ਟੱਕਰ ਪਏ। ਇੱਕ ਦੂਜੇ ਨੂੰ ਦੇਖ ਕੇ ਓਹ ਬਾਗੋ-ਬਾਗ ਹੋ ਗਏ। ਹਾਸੇ-ਠੱਠੇ 'ਚ ਗੱਪੋ-ਗੱਪੀ ਹੁੰਦੇ ਉਹ ਸੁਆਲੋ-ਸੁਆਲੀ ਵੀ ਹੁੰਦੇ ਰਹੇ। ਇਧਰਲੀਆਂ-ਓਧਰਲੀਆਂ ਤੇ ਖੱਟੀਆਂ-ਮਿੱਠੀਆਂ ਮਾਰਦੇ ਮਾਰਦੇ ਤਿੱਖੀਆਂ 'ਤੇ ਉੱਤਰ ਆਏ।

ਹ.ਸ.ਮ -  ਬਾਈ ਥੋਨੂੰ ਹੁਣ ਆਵਦੀ ਰਾਏ ਬਦਲਣੀ ਪਊ।
ਪ.ਸ.ਮ. -  ਕਿਉਂ ਬਦਲੀਏ ? ਨਾਲ਼ੇ ਕਿਹੜੀ ਰਾਏ ?
ਹ.ਸ.ਮ. -  ਏਹੀ... ਬਈ ਪੰਜਾਬੀ ਬੜੇ ਵੱਡੇ ਦਿਲ ਵਾਲ਼ੇ ਹੁੰਦੇ ਨੇ।
ਪ.ਸ.ਮ. - ਓ ਤਾਂ ਹਾਂ ਈ। ਏਹਦੇ 'ਚ ਕੀ ਸ਼ੱਕ ਆ ਭਲਾਂ ? ਤੂੰ ਐਂ ਦੱਸ ਬਈ ਕੁਛ ਮੰਗਣ ਆਏ ਨੂੰ ਖਾਲੀ ਮੁੜਨ ਦਿੱਤਾ ਅੱਜ ਤਾਂਈਂ।
ਹ.ਸ.ਮ. - ਓਹ ਗੱਲ ਨੀ । ਮੈਂ ਤਾਂ ਇਓਂ ਕਹਿਨਾ ਬਈ ਤੁਸੀਂ 'ਸ਼ਬਦੀ ਖਰਚਾ' ਨੀ ਕਰਦੇ। ਵੱਡੇ ਘਰਾਂ ਦੇ ਮਾਲਕ ਹੋ ਕੇ  ਛੋਟੇ ਦਿਲਾਂ ਵਾਲ਼ੇ ਬਣ ਗਏ ਓਂ।
ਪ.ਸ.ਮ. -  ਕਿਹੜਾ 'ਸ਼ਬਦੀ ਖਰਚਾ' ?
ਹ.ਸ.ਮ. -  ਕਿਸੇ ਨਾਲ਼ ਆਵਦੇ ਵਿਚਾਰਾਂ ਦੀ ਸਾਂਝ ਪਾਉਣ ਦਾ। ਪਤਾ ਨੀ ਚੰਗੇ ਨੂੰ ਚੰਗਾ    ਕਹਿਣ ਤੋਂ ਕਿਉਂ ਹੱਥ ਤੰਗ ਹੈ  ਥੋਡਾ। ਤੂੰ ਕਦੇ ਹੋਰਨਾਂ ਹਿੰਦੀ ਬਲਾਗਾਂ ਦੇ  ਵਿਹੜੇ ਜਾ ਕੇ ਤਾਂ ਵੇਖ, ਫ਼ਰਕ ਆਪੇ ਪਤਾ ਲੱਗਜੂ।
ਪ.ਸ.ਮ. -  ਲੈ ਤੇਰੇ ਭਾਣੇ ਮੈਂ ਕਦੇ ਕਿਤੇ ਗਿਆ ਈ ਨੀ ਹੁਣ ਤਾਂਈਂ।
ਹ.ਸ.ਮ. -  ਮੈਂ ਕਦੋਂ ਮੁੱਕਰਦਾਂ ਏਸ ਗੱਲੋਂ। ਬਈ ਤੂੰ ਹੋਰਨਾਂ ਦੇ ਵਿਹੜੇ ਫੇਰੀ ਨੀ ਪਾਈ। ਫੇਰੀ  ਪਾਉਂਦੇ ਓ, ਝਾਤੀ ਮਾਰਦੇ ਓਂ ਤੇ ਬਿਨ ਆਵਦੀ ਹਾਜ਼ਰੀ ਲੁਆਏ, ਬਿਨਾਂ ਕੁਝ ਕਹੇ, ਬਿਨਾਂ ਕੋਈ ਸ਼ਬਦ ਖਰਚੇ ਮੁੜ ਆਉਂਦੇ ਓ।
ਪ.ਸ.ਮ. -  ਲੈ ਤੇਰਾ ਕਹਾਣਾ ਬਈ ਹਰ ਬਲਾਗ ਦੀ ਹਰ ਲੇਖਣੀ ਬਾਰੇ ਲਿਖਣ ਬਹਿ ਜਾਈਏ। ਜਿਵੇਂ ਕਿਤੇ ਹੋਰ ਕੋਈ ਕੰਮ ਹੀ ਨੀ ਕੋਈ ਰਹਿ ਗਿਆ ਏਸ ਜੱਗ 'ਤੇ ਕਰਨ ਨੂੰ।
ਹ.ਸ.ਮ. -  ਬਾਈ ਤੱਤਾ ਕਾਹਨੂੰ ਹੁੰਨੈ ? ਕਾਹਨੂੰ ਚਾਰੇ ਪੈਰ ਚੱਕ-ਚੱਕ ਪੈਨਾਂ ? ਮੈਂ ਕਦੋਂ ਕਹਿਨਾ ਬਈ ਹਰ ਰਚਨਾ  'ਤੇ ਲਿਖਣ ਬਹਿ ਜਾਓ। ਪਰ ਠੰਢੇ ਦਿਮਾਗ ਨਾਲ਼ ਜੇ ਗਹੁ ਨਾਲ਼ ਦੇਖੇਂ ਤਾਂ ਪੰਜਾਬੀ ਬਲਾਗਾਂ ਦੀ ਕਿਸੇ ਵੀ ਲਿਖਤ  'ਤੇ ਦੋ-ਚਾਰ ਟਿੱਪਣੀਆਂ ਤੋਂ ਵੱਧ ਕੁਝ ਨੀ ਲੱਭਦਾ। ਦੂਜੇ ਬੰਨੇ ਹਿੰਦੀ ਬਲਾਗਾਂ ਵਾਲ਼ੇ ਟਿੱਪਣੀਆਂ ਦੀ 'ਨ੍ਹੇਰੀ ਲਿਆ ਦਿੰਦੇ ਨੇ। ਪਰ ਕਹਿਣ ਨੂੰ ਜੋ ਮਰਜ਼ੀ ਕਹੀ ਚੱਲੋ, ਹੈ ਤਾਂ ਤੁਸੀਂ ਏਸ ਮਾਮਲੇ 'ਚ ਕੰਜੂਸ- ਮੱਖੀ  ਚੂਸ.... ਪੂਰੇ ਸੂਮ ....।
ਪ.ਸ.ਮ. -  ਕੀ ਕਿਹਾ.... ਕੰਜੂਸ... ਸੂਮ..?     ਪਰ ਮੈਂ ਤਾਂ ਸੁਣਿਆ "ਸਖੀ ਨਾਲ਼ੋਂ ਸੂਮ ਚੰਗਾ, ਜਿਹੜਾ ਤੁਰੰਤ ਦੇਵੇ ਜਵਾਬ"
ਹ.ਸ.ਮ. -   ਆਹੋ..... ਏਹੋ ਤਾਂ ਮੈਂ ਕਹਿਨਾ ਬਈ ਕੋਈ ਤਾਂ ਜੁਵਾਬ ਦੇਵੋ। ਚੰਗੇ-ਮਾੜੇ ਕੋਈ ਤਾਂ ਦੋ-ਚਾਰ ਸ਼ਬਦ ਝਰੀਟੋ। ਲੈ ਹੋਰ ਸੁਣ ਲਾ ਸੂਮਾਂ ਬਾਰੇ.....  " ਜ਼ੋਰੂ ਪੁੱਛੇ ਸੂਮ ਦੀ, ਕਿਉਂ ਕਰੇ ਚਿੱਤ ਘਾਊਂ-ਮਾਊਂ ਕੀ ਤੇਰਾ ਕੁਛ ਗੁਆਚ ਗਿਆ ਜਾਂ ਕੁਛ ਦੇਣਾ ਸਾਓਂ"
ਸੂਮ ਅਗੋਂ ਆਖਦਾ.... " ਨਾ ਕੁਛ ਮੇਰਾ ਗੁਆਚਾ, ਨਾ ਕੁਛ ਦੇਣਾ ਸਾਓਂ   ਹੋਰਾਂ ਦਿੰਦੇ ਵੇਖ ਕੇ, ਕਰੇ ਚਿੱਤ ਘਾਊਂ-ਮਾਂਊਂ "।
ਪ.ਸ.ਮ.-     ਬੱਸ ਬਾਈ ਬੱਸ। ਤੂੰ ਤਾਂ ਜਮਾਂ ਈ ਲਾਹ ਕੇ ਰੱਖ ਤੀ । ਤੂੰ ਤਾਂ ਜਾਣਦਾਂ ਹੀ ਏਂ ਬਈ ਅੱਜਕੱਲ .... "ਗੁਰੂ ਬਹੁਤੇ ਨੇ, ਚੇਲਾ ਕੋਈ-ਕੋਈ ਆ ਲਿਖਦੇ ਬਹੁਤੇ ਨੇ, ਪਾਠਕ ਕੋਈ-ਕੋਈ ਆ" ਤੇ ਜਿਹੜੇ ਥੋੜੇ-ਬਹੁਤ ਹਨ ਵੀ, ਓਹ  ''ਪੜ੍ਹੇ-ਲਿਖੇ "  ਨਾਲ਼ੋਂ   " ਲਿਖੇ-ਪੂੰਝੇ " ਜ਼ਿਆਦਾ ਲੱਗਦੇ ਨੇ।
ਹ. ਸ.ਮ.  -  " ਲਿਖੇ - ਪੂੰਝੇ " ? ਓਹ ਕਿਵੇਂ ?
ਪ.ਸ.ਮ. -    ਆਹੋ...ਬਈ ਜੋ ਜਿਥੇ ਪੜ੍ਹਿਆ ਓਥੇ  ਹੀ ਛੱਡ ਆਏ । ਦਿਲ-ਦਿਮਾਗ ਦੀ ਫੱਟੀ ਓਥੇ ਹੀ ਪੋਚ ਦਿੱਤੀ, ਓਥੇ ਪੂੰਝ ਦਿੱਤੀ।  " ਮੈਨੂੰ ਕੀ " ਦੇ ਅਸੂਲਾਂ 'ਤੇ ਚੱਲਦੇ  ' ਚੱਲ ਛੱਡ ਪਰਾਂ ' ਕਹਿ ਬਿਨਾਂ ਕੁਛ ਚੰਗਾ/ਮਾੜਾ ਕਹੇ  ਅਗਲੇ ਦੇ ਵਿਹੜਿਓਂ ਮੁੜ ਪੈਂਦੇ ਨੇ।
ਹ.ਸ.ਮ. -  ਇਹ ਤਾਂ ਬਾਈ ਤੂੰ ਜਾਣਦਾ ਹੀ ਹੋਵੇਂਗਾ ਕਿ ਜੇ ਤੂੰ ਮੈਨੂੰ 'ਇੱਕ ਰੁਪਈਆ' ਦੇਵੇਂਗਾ ਤਾਂ ਮੈਂ ਤੈਥੋਂ 'ਰੁਪਈਆ' ਵੱਧ ਅਮੀਰ ਹੋਜੂੰਗਾ। ਪਰ ਕੀ ਕਦੇ ਤੈਂ ਸੋਚਿਆ ਬਈ ਜੇ ਤੂੰ ਆਵਦਾ ਕੋਈ ਵਿਚਾਰ ਮੈਨੂੰ ਘੱਲੇਂਗਾ ਤਾਂ ਓਹ ਵਿਚਾਰ ਮੈਨੂੰ ਵੀ ਮਿਲ਼ਜੂਗਾ ਤੇ ਤੇਰੇ ਕੋਲ਼ੋਂ ਵੀ ਕਿਧਰੇ ਖੁੱਸਣ ਨੀ ਲੱਗਾ। ਤੇਰੇ ਕਿਹਾ ਇੱਕ ਸ਼ਬਦ ਪਿਆਸੇ ਨੂੰ ਮਿਲ਼ੀ ਓਸ ਬੂੰਦ ਦੀ ਤਰਾਂ ਜੋ ਮਾਰੂਥਲ 'ਚ ਉਸ ਦੇ ਜੀਓਣ ਦਾ ਸਬੱਬ ਹੋ ਨਿਬੜਦੀ ਹੈ। ਓਸ 'ਇੱਕ ਨਿੱਕੇ ਸ਼ਬਦ ਹੁਲਾਰੇ' ਨਾਲ਼ ਲੇਖਕ ਆਪਣੇ ਤਜ਼ਰਬਿਆਂ ਨੂੰ ਥੋਡੇ ਸਾਹਮਣੇ ਪਰੋਸਣ ਲਈ ਨਵੇਂ ਸਿਰੇ ਤੋਂ ਵਿਉਂਤਾਂ ਗੁੰਦਣ ਲੱਗ ਜਾਂਦਾ।
ਪ.ਸ.ਮ. -  ਸੋਲਾਂ ਆਨੇ ਸੱਚ ਆ ਬਾਈ। ਜਿਵੇਂ ਆਪਾਂ ਦੀਵਾ-ਦੀਵਾ ਬਾਲ਼ੀਏ ਤਾਂ ' ਦੀਵਾਲ਼ੀ' ਬਣ ਜਾਂਦੀ ਆ। ਨਿੱਕੀਆਂ-ਨਿੱਕੀਆਂ ਖੁਸ਼ੀਆਂ 'ਕੱਠੀਆਂ ਕਰੀ ਚੱਲੀਏ  ਤਾਂ ' ਖੁਸ਼ਹਾਲੀ' ਆ ਜਾਂਦੀ ਆ।  ਏਸੇ ਤਰਾਂ ਵੱਖੋ-ਵੱਖਰੇ ਵਿਚਾਰਾਂ ਦਾ ਅੱਖਰ-ਅੱਖਰ ਪਰੋਂਦੇ ਰਹੀਏ ਤਾਂ 'ਵਿਚਾਰਧਾਰਾ' ਬਣ ਜਾਵੇਗੀ। ਚੰਗਾ ਸਾਹਿਤ ਆਪੇ ਰਚਿਆ  ਜਾਵੇਗਾ। ਓਹ ਸਾਹਿਤ ਜੋ ਨਵੀਂ ਪੀੜ੍ਹੀ ਨੂੰ ਆਵਦੇ ਪਿਛੋਕੜ ਨਾਲ਼ ਜੋੜੀ ਰੱਖਦਾ, ਜੋ  ਦੂਜਿਆਂ ਦੀ ਦਲੀਲ ਸੁਣ , ਵਿਚਾਰਨਾ ਸਿਖਾਉਂਦਾ ਅਤੇ ਆਪਣੇ ਪੁਰਖਿਆਂ ਦੇ   ਜੀਵਨ ਤੱਤਾਂ ਨੂੰ ਜਾਨਣ, ਘੋਖਣ ਤੇ ਆਵਦੇ ਜੀਵਨ 'ਚ ਢਾਲਣ ਦਾ ਪ੍ਰੇਰਨਾ ਸਰੋਤ ਬਣਦਾ।
ਹੁਣ ਥੁੱਕੀਂ ਵੜੇ ਪਕਾ ਕੇ ਕੰਮ ਨੀ ਸਰਨਾ।  ਵਿਚਾਰਾਂ ਦੀ 'ਨ੍ਹੇਰੀ ਨਾ ਸਹੀ, ਮੱਠੀ-  ਮੱਠੀ ਹਵਾ ਤਾਂ ਰੁਮਕਣ ਲਾ ਦਿਓ, ਏਨਾ ਹੀ ਬਹੁਤ ਹੈ।ਪੰਜਾਬੀ ਸਾਹਿਤ ਨੂੰ ਜਿਓਂਦਾ ਰੱਖਣ ਲਈ ਸਾਰੇ ਪੰਜਾਬੀਆਂ ਨੂੰ  ਆਵਦੇ-ਆਵਦੇ ਵਿਚਾਰਾਂ ਦੇ ਸਾਹ ਪੰਜਾਬੀ ਲਿਖਤਾਂ 'ਚ ਫੂਕਣੇ ਹੀ ਪੈਣੇ ਨੇ। ਨਹੀਂ ਤਾਂ ਇਹ ਗੱਲ ਸੁਨਣੀ ਹੀ ਪੈਣੀ ਹੈ ਕਿ ਸਾਡੀ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ....... ਫੈਸਲਾ ਹੁਣ ਤੁਹਾਡੇ ਹੱਥ ਹੈ।
****

4 comments:

ਹਰਦਮ ਸਿੰਘ ਮਾਨ said...

ਵਾਕਿਆ ਹੀ ਪੰਜਾਬੀਆਂ ਦੀ ਇਹ ਵੱਡੀ ਕਮਜ਼ੋਰੀ ਹੈ ਕਿ ਕਿਸੇ ਚੰਗੇ ਨੂੰ ਚੰਗਾ ਅਤੇ ਮੰਦੇ ਨੂੰ ਮੰਦਾ ਨਹੀਂ ਕਹਿੰਦੇ। ਆਪਣੇ ਆਪ ਵਿਚ ਲੇਖਕ ਜ਼ਰੂਰ ਬਣ ਜਾਂਦੇ ਹਨ ਪਰ ਵਧੀਆ ਪਾਠਕ ਨਹੀਂ ਬਣਦੇ। ਸਾਹਿਤ ਵਿਚ ਪੇਤਲਾਪਣ ਆਉਣ ਦਾ ਇਹ ਵੀ ਇਕ ਕਾਰਨ ਹੈ। ਤੁਸੀਂ ਚੰਗੀ ਟਕੋਰ ਕੀਤੀ ਹੈ। ਵਧਾਈ ਦੇ ਹੱਕਦਾਰ ਹੋ।

SURINDER RATTI said...

ਹਰਦੀਪ ਜੀ,

ਸ਼ੁਕ੍ਰਿਯਾ, ਸ਼ਬਦ ਸਾਂਝ ਨਾਲ ਰੁ-ਬ-ਰੁ ਕਰਾਯਾ, ਏਹ ਗਲ ਸਚ ਹੈ ਪੰਜਾਬੀ ਬੜੀ ਮਿਠੀ ਬੋਲੀ ਹੈ, ਕਾਵਿਯਾਂ ਤੇ ਲੇਖਕਾਂ ਨੂ ਹੀ ਸ਼ੁਰੁਵਾਤ ਕਰਨੀ ਪਵੇਗੀ, ਉਨ੍ਹਾ ਦਾ ਮਤ ਕੀ ਹੈ ਤੇ ਓਹ ਕੀ ਸਨੇਹਾ ਦੇਣਾ ਚਾਹੁੰਦੇ ਨੇ ਸਾਡੇ ਵਾਸਤੇ, ਪਢ ਕੇ ਓਧੇ ਬਾਦ ਪਤਾ ਚਲੇਗਾ, ਹਿੰਦੀ ਸਾਡੇ ਦੇਸ਼ ਦੀ ਰਾਸ਼ਟਰ ਭਾਸ਼ਾ ਹੈ, ਤੇ ਖਿਲਾਰਾ ਵੀ ਜ਼ਯਾਦਾ ਹੈ, ਟਿਪ੍ਪਣਿਯਾੰ ਵੀ ਜ਼ਾਯਦਾ ਹੋੰਦੀਯਾਂ ਨੇ, ਪੰਜਾਬੀ ਲਈ ਸਾਨੂ ਹੀ ਕੋਸ਼ਿਸ਼ ਕਰਨੀ ਹੈ, ਏਹ ਗਲ ਹੋਰ ਹੈ ਹਰ ਵਾਰੀ ਟਿਪੰਨੀ ਕੀਤੀ ਜਾਵੇ, ਕਈ ਵਾਰੀ ਸਮਾਂ ਨਾ ਹੋਣ ਕਰਕੇ ਵੀ ਟਿੱਪਣੀ ਲੋਕੀ ਨਹੀਂ ਕਰ ਸਕਦੇ, ਚੰਗੀ ਗਲ ਏਹ ਹੈ ਕਵੀ ਨੇ ਆਪਣਾ ਕਮ੍ਮ ਪੂਰਾ ਕੀਤਾ ਸਾਹਿਤ ਦੀ ਸੇਵਾ ਕੀਤੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਏਹ ਚਰਚਾ ਲੰਬੀ ਹੈ - ਇਸ ਸੁੰਦਰ ਲੇਖ ਵਾਸਤੇ ਵਧਾਈ ਦੇਂਦਾ ਹਾਂ, ਤੁਹਾਡੇ ਹਾਇਕੂ ਤੇ ਮੈਂ ਰੋਜ਼ ਹੀ ਦੇਖਦਾਂ ਹਾਂ ਈਕ ਵਾਰ ਫਿਰ ਸ਼ੁਕ੍ਰਿਯਾ - ਸੁਰਿੰਦਰ ਰੱਤੀ - ਮੁੰਬਈ

HARVINDER DHALIWAL said...

ਹਰਦੀਪ ਭੈਣ
ਤੁਸੀਂ ਆਪਣੇ ਇਸ ਵਿਅੰਗ ਰਹਿਣ ਬਿਲਕੁਲ ਸਹੀ ਮੁੱਦਾ ਉਠਾਇਆ ਹੈ ...ਜਿਥੇ ਰਚਨਾ ਲਿਖਣਾ ਮਾਂ ਬੋਲੀ ਦੀ ਸੇਵਾ ਹੈ ਉਥੇ ਚੰਗੀ ਰਚਨਾ ਦੀ ਹੌਸਲਾ ਅਫਜਾਈ ਕਰਨਾ ਵੀ ਮਾਂ ਬੋਲੀ ਦੀ ਸੇਵਾ ਵਿੱਚ ਹੀ ਗਿਣਿਆ ਜਾਵੇਗਾ ...!!!!

Shabad shabad said...

ਹੁੰਗਾਰਾ ਭਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ।
ਤੁਸਾਂ ਨੇ ਲਿਖਤ ਦੀ ਨਬਜ਼ ਨੂੰ ਪਛਾਣਿਆ ਤੇ ਨਾਲ਼ ਖੜ੍ਹਨ ਦੀ ਹਾਮੀ ਭਰੀ। ਜੇ ਇੱਕ ਦੋ ਵੀ ਅੱਜ ਇਸ ਗੱਲ ਨੂੰ ਮੰਨ ਲੈਣ ਤਾਂ ਸਮਝੋ ਗੱਲ ਕਹਿਣੀ ਸਫ਼ਲ ਹੋਈ।

ਧੰਨਵਾਦ !

ਹਰਦੀਪ