ਹਨੇਰ……… ਮਿੰਨੀ ਕਹਾਣੀ / ਵਿਵੇਕ ਕੋਟ ਈਸੇ ਖਾਂ

ਪੰਡਤ ਜੀ ਨੂੰ ਸੁਬਹ ਬਜ਼ਾਰ ਵਿੱਚੋਂ ਲੰਘਦਾ ਵੇਖਿਆ ਤਾਂ ਰਾਮ ਰਾਮ ਕਹਿ ਪੁੱਛ ਲਿਆ, “ਹਾਂ ਜੀ, ਪੰਡਤ ਜੀ ! ਅੱਜ ਕਿੱਧਰ ਸਵੇਰੇ ਸਵੇਰੇ…”

“ਕੁਝ ਨੀ, ਬੱਸ ਆਹ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕ ਕੇ ਆਇਆ ਹਾਂ”, ਪੰਡਤ ਜੀ ਨੇ ਸੰਖੇਪ ਜਿਹਾ ਉਤਰ ਦਿੱਤਾ।

ਪੰਡਤ ਜੀ ਤੁਸੀ ਤਾਂ ਆਪ ਮੇਨ ਬਜ਼ਾਰ ਵਾਲੇ ਮੰਦਰ ‘ਚ ਸੇਵਾ ਕਰਦੇ ਹੋ, ਲੋਕ ਆ ਪੂਜਾ ਪਾਠ ਕਰਦੇ ਨੇ, ਚੜ੍ਹਾਵਾ ਵੀ ਚੜ੍ਹਦਾ ਐ, ਤਹਾਨੂੰ ਵੀ ਵਾਹਵਾ ਦਾਨ ਦੱਖਣਾ ਹੋ ਜਾਂਦੀ ਏ, ਲੋਕ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀ ਅਗਾਂਹ… ਇਹ ਕੀ ਚੱਕਰ, ਰੱਬ ਤਾਂ ਹਰ…”,  ਅਜੇ ਮੇਰੇ ਮੂੰਹ ‘ਚ ਏਨੀ ਗੱਲ ਹੀ ਸੀ ਕਿ ਪੰਡਤ ਜੀ ਪਹਿਲਾਂ ਹੀ ਬੋਲ ਪਏ, “… ਇਹ ਗੱਲ ਨਹੀਂ”, ਪੰਡਤ ਜੀ ਨੇ ਲਾਲ ਸਾਫੇ ਨਾਲ ਮੂੰਹ ਤੇ ਆਏ ਪਸੀਨੇ ਨੂੰ ਸਾਫ ਕਰਦੇ ਹੋਏ ਕਿਹਾ, “ਲਕਸ਼ਮੀ ਨਰਾਇਣ ਮੰਦਰ ਦੀ ਮਾਨਤਾ ਜ਼ਿਆਦਾ ਏ, ਤੈਨੂੰ ਪਤਾ ਈ ਐ, ਉਥੇ ਜੋ ਯਾਚਨਾ ਕਰੋ ਪੂਰੀ ਹੁੰਦੀ ਐ । ਮੇਰੇ ਤੇ ਵੀ ਅੱਜ ਕੱਲ ਇੱਕ ਕਸ਼ਟ ਚੱਲ ਰਿਹਾ ਹੈ।ਇੰਝ ਲੱਗਦਾ ਜਿਵੇਂ ਪੈਰ ‘ਚ ਚੱਕਰ ਹੋਵੇ।ਉਥੇ ਬਹਿ ਪਾਠ ਕੀਤਾ, ਮੱਥਾ ਟੇਕਿਆ ।”

ਏਨਾ ਕਹਿੰਦੇ ਕਹਿੰਦੇ ਪੰਡਤ ਜੀ ਅਗਾਂਹ ਤੁਰ ਪਏ। ਪੰਡਤ ਜੀ ਨੂੰ ਜਾਂਦੇ ਵੇਖ ਮੈਨੂੰ ਇੰਝ ਮਹਿਸੁਸ ਹੋਇਆ, ਜਿਵੇਂ ਲੋਕਾਂ ਨੂੰ ਚਾਨਣ ਵੰਡਣ ਦਾ ਦਾਵਾ ਕਰਨ ਵਾਲਾ ਆਪ ਖੁਦ ਹਨੇਰੇ ਵਿੱਚ ਭਟਕ ਰਿਹਾ ਹੋਵੇ।

****

No comments: