ਕਿੱਸਾ ਸਿੱਖ ਮਰਿਆਦਾਵਾਂ ਦਾ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ ਦਾ……… ਲੇਖ / ਕਿਰਪਾਲ ਸਿੰਘ ਬਠਿੰਡਾ

ਜਦੋਂ ਝੋਟਾ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ ਕਹਾਵਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਅਗਲਾ ਫੈਸਲਾ ਕਰਨਾ ਚਾਹੀਦਾ ਹੈ

ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਰਾਮਪੁਰਾ ਤੋਂ ਐਲਾਨੇ ਗਏ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ 26 ਦਸੰਬਰ ਨੂੰ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦਾ ਅਖੰਡਪਾਠ ਕਰਵਾ ਕੇ ਸਿੱਖਾਂ ਦੀ ਅਰਦਾਸ ਦੀ ਨਕਲ ਵਾਲੀ ਕੀਤੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਰੋਸ ਅਤੇ ਗੁੱਸੇ ਦੀ ਭਾਰੀ ਲਹਿਰ ਦੌੜ ਪਈ ਹੈ। ਕੁਝ ਵੋਟਾਂ ਦੀ ਖਾਤਰ ਮਨਮਤੀ ਅਕਾਲੀ ਆਗੂਆਂ ਵੱਲੋਂ ਤਕਰੀਬਨ ਹਰ ਰੋਜ ਹੀ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਕੁਤਾਹੀਆਂ ਵੇਖ ਕੇ ਜ਼ਖ਼ਮੀ ਹੋਈਆਂ ਭਾਵਨਾਵਾਂ ਵਾਲੇ ਵੀਰਾਂ ਵਿੱਚੋਂ ਬਹੁਤਿਆਂ ਵੱਲੋਂ

ਮੰਗ ਕੀਤੀ ਜਾ ਰਹੀ ਹੈ ਕਿ ਮਲੂਕਾ ਨੂੰ ਅਕਾਲ ਤਖਤ ’ਤੇ ਤਲਬ ਕਰਕੇ ਸਜਾ ਸੁਣਾਈ ਜਾਵੇ। ਜਿਨ੍ਹਾਂ ਵੀਰਾਂ ਨੂੰ ਗੁਰਮਤਿ ਮਰਿਆਦਾ ਦੀ ਥੋਹੜੀ ਬਹੁਤ ਸੂਝ ਹੈ ਉਨ੍ਹਾਂ ਵੱਲੋਂ ਆਪਣੇ ਹੀ ਅਖੌਤੀ ਆਗੂਆਂ ਵੱਲੋਂ ਕੀਤੀ ਇਸ ਤਰ੍ਹਾਂ ਦੀ ਘੋਰ ਅਵੱਗਿਆ ਨੂੰ ਵੇਖ ਕੇ ਰੋਸ ਤੇ ਗੁੱਸਾ ਉਪਜਣਾ ਕੁਦਰਤੀ ਹੈ ਪਰ ਜੋ ਵੀਰ ਅਕਾਲ ਤਖ਼ਤ ਦੇ ਜਥੇਦਾਰ ਪਾਸੋਂ ਮੰਗ ਕਰ ਰਹੇ ਹਨ ਕਿ ਮਲੂਕਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਸਜਾ ਲਾਈ ਜਾਵੇ ਉਨ੍ਹਾਂ ਦੀ ਪਹੁੰਚ ਠੀਕ ਨਹੀਂ ਹੈ। ਇਸ ਤਰ੍ਹਾਂ ਦੇ ਵੀਰ ਸਿਰਫ ਇਸ ਤਰ੍ਹਾਂ ਦੀ ਬਿਆਨਬਾਜੀ ਕਰਕੇ ਹੀ ਆਪਣਾ ਫਰਜ਼ ਪੂਰਾ ਕੀਤਾ ਸਮਝ ਕੇ ਆਪ ਸੁਰਖੁਰੂ ਹੋਣਾ ਚਾਹ ਰਹੇ ਹਨ। ਮੇਰੇ ਖ਼ਿਆਲ ਅਨੁਸਾਰ ਸਾਡੀ ਐਸੀ ਪਹੁੰਚ ਹੀ ਇਨ੍ਹਾਂ ਉਜੱਡ ਕਿਸਮ ਦੇ ਅਖੌਤੀ ਅਕਾਲੀਆਂ ਨੂੰ ਗੁਰਬਾਣੀ ਸਿਧਾਂਤ, ਸਿੱਖ ਇਤਿਹਾਸ ਅਤੇ ਗੁਰਮਤਿ ਮਰਿਆਦਾ ਦਾ ਹਰ ਰੋਜ ਘਾਣ ਕਰਨ ਲਈ ਉਤਸ਼ਾਹਤ ਕਰਦੀ ਹੈ। ਕੇਵਲ ਅਕਾਲ ਤਖ਼ਤ ’ਤੇ ਤਲਬ ਕਰਕੇ ਸਜਾ ਸੁਣਾਉਣ ਦੀ ਮੰਗ ਕਰਨਾ ਹੀ ਇਨ੍ਹਾਂ ਮਨਮਤੀ ਆਗੂਆਂ ਨੂੰ ਹੌਂਸਲਾ ਪ੍ਰਦਾਨ ਕਰਦੀ ਹੈ ਕਿ ਉਹ ਚੋਣ ਜਿੱਤਣ ਲਈ ਗੁਰਮਤਿ ਨਾਲ ਕੋਈ ਵੀ ਖਿਲਵਾੜ ਕਰ ਸਕਦੇ ਹਨ; ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਗੋਂ ਉਲਟਾ ਉਨ੍ਹਾਂ ਦੀ ਇਸ਼ਤਿਹਾਰਬਾਜੀ ਹੀ ਹੁੰਦੀ ਹੈ ਕਿ ਇਸ ਆਗੂ ਨੇ ਅਨਭੋਲ ਵਿੱਚ ਹੋਈ ਗਲਤੀ ਦੀ ਉਸ ਨੇ ਨਿਮਾਣੇ ਸਿੱਖ ਵਾਂਗ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫੀ ਮੰਗ ਲਈ ਹੈ ਤੇ ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਨੂੰ ਬੜੀ ਸ਼ਰਧਾਭਵਨਾ ਨਾਲ ਪੂਰਾ ਕਰਕੇ ਸ਼ਰਧਾਵਾਨ ਸਿੱਖ ਹੋਣ ਦਾ ਸਬੂਤ ਦਿੱਤਾ ਹੈ। ਅਜੇਹੀਆਂ ਨਿੱਤ ਦੀਆਂ ਮੰਗਾਂ ਨਾਲ ਹੀ ਪੰਥ ਵੱਲੋਂ ਨਕਾਰੇ ਗਏ ਮੁਲਾਜਮ ਜਥੇਦਾਰਾਂ ਨੂੰ ਮੁੜ ਔਕਸੀਜਨ ਮਿਲ ਰਹੀ ਹੈ ਤੇ ਉਹ ਆਪਣੇ ਆਪ ਨੂੰ ਪੰਥ ਦੇ ਮਾਲਕ ਸਮਝਣ ਲੱਗ ਪੈਂਦੇ ਹਨ ਜਦੋਂਕਿ ਅਕਾਲ ਤਖ਼ਤ ’ਤੇ ਪੇਸ਼ੀਆਂ ਤੇ ਰਾਜਨੀਤਕ ਆਗੂਆਂ ਵੱਲੋਂ ਭੁਗਤੀਆਂ ਸਜਾਵਾਂ ਨਾਲ ਪੰਥਕ ਮਰਿਆਦਾ ਨੂੰ ਹਰ ਰੋਜ ਲੱਗ ਰਹੀ ਢਾਹ ਨੂੰ ਕੁਝ ਵੀ ਮੋੜਾ ਨਹੀਂ ਪੈ ਰਿਹਾ ਤੇ ਨਾ ਹੀ ਮੋੜਾ ਪੈਣ ਦੀ ਕੋਈ ਸੰਭਾਵਨਾ ਹੈ।
ਮਲੂਕਾ ਨੇ ਮੀਡੀਏ ਨੂੰ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ “ਰਮਾਇਣ ਦਾ ਅਖੰਡਪਾਠ ਸ਼ਹਿਰ ਵਾਸੀਆਂ ਨੇ ਕਰਵਾਇਆ ਸੀ ਜਿਸ ਦੇ ਭੋਗ ਸਮੇਂ ਇਹ ਅਰਦਾਸ ਕੀਤੀ ਗਈ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।” ਮਲੂਕੇ ਅਨੁਸਾਰ ਪ੍ਰਬੰਧਕਾਂ ਨੇ ਦੱਸਿਆ ਕਿ “ਇਹ ਅਰਦਾਸ 10 ਸਾਲਾਂ ਤੋਂ ਕੀਤੀ ਜਾ ਰਹੀ ਹੈ ਜੋ ਲਿਖਤੀ ਰੂਪ ਵਿੱਚ ਵੀ ਪ੍ਰਕਾਸ਼ਿਤ ਹੈ।” ਇਹੋ ਜਿਹਾ ਸਪਸ਼ਟੀਕਰਨ ਹੀ ਮਲੂਕੇ ਨੇ ਅਕਾਲ ਤਖ਼ਤ ’ਤੇ ਬੈਠੇ ਪੰਜ ਮੁਲਾਜਮ ਜਥੇਦਾਰਾਂ ਨੂੰ ਦੇਣਾ ਹੈ। ਜਿਹੜੇ ਜਥੇਦਾਰਾਂ ਨੇ ਆਪਣੇ ਨਿਯੁਕਤੀਕਾਰ ਮਾਲਕਾਂ ਦੇ ਹੁਕਮਾਂ ’ਤੇ ਸੌਦਾ ਸਾਧ ਨੂੰ ਬਿਨਾਂ ਅਕਾਲ ਤਖ਼ਤ ’ਤੇ ਪੇਸ਼ ਹੋਇਆਂ ਅਤੇ ਬਿਨਾਂ ਮੁਆਫੀ ਮੰਗਿਆਂ ਹੀ ਕਾਗਜ਼ ਦੇ ਇੱਕ ਟੁਕੜੇ ’ਤੇ ਸਿਰਫ ਦੋ ਲਾਈਨਾਂ “ਮੈਂ ਕੋਈ ਗਲਤੀ ਕੀਤੀ ਹੀ ਨਹੀਂ; ਸਿਰਫ ਕੁਝ ਵਿਅਕਤੀਆਂ ਨੂੰ ਗਲਤ ਫਹਿਮੀ ਹੋਣ ਕਰਕੇ ਹੀ ਸਮਾਜ ਦੇ ਦੋ ਵਰਗਾਂ ਵਿੱਚ ਪਾੜਾ ਪੈ ਗਿਆ ਜਿਸ ਦਾ ਉਨ੍ਹਾਂ ਨੂੰ ਦੁੱਖ ਹੈ। ਮੈਂ ਵਿਸ਼ਵਾਸ਼ ਦਿਵਾਉਂਦਾ ਹੈ ਕਿ ਅਜੇਹਾ ਕੁਝ ਦੁਬਾਰਾ ਨਹੀਂ ਵਾਪਰੇਗਾ।” ਲਿਖ ਕੇ ਦੇਣ ਨਾਲ ਹੀ ਮੁਆਫ ਕਰ ਦਿੱਤਾ ਸੀ ਤਾਂ ਕੀ ਉਹ ਅਖੌਤੀ ਜਥੇਦਾਰ ਆਪਣੀ ਨਿਯੁਕਤੀਕਾਰ ਪਾਰਟੀ ਦੇ ਮਲੂਕਾ ਵਰਗੇ ਅਹਿਮ ਆਗੂ ਨੂੰ ਮੁਆਫ ਨਹੀਂ ਕਰਨਗੇ? ਰਮਾਇਣ ਦਾ ਪਾਠ ਕਰਨ ਵਾਲੀ ਹਿੰਦੂ ਜਥੇਬੰਦੀ ਦੇ ਮੈਂਬਰ ਤਾਂ ਵੈਸੇ ਹੀ ਮੁਆਫ ਹਨ ਕਿਉਂਕਿ ਉਨ੍ਹਾਂ ਸਬੰਧੀ ਤਾਂ ਇਤਨਾ ਬਿਆਨ ਹੀ ਕਾਫੀ ਹੈ ਕਿ ਇਸ ਜਥੇਬੰਦੀ ਦੇ ਮੈਂਬਰ ਸਿੱਖ ਧਰਮ ਨਾਲ ਸਬੰਧਤ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਸੱਦਿਆ ਨਹੀਂ ਜਾ ਸਕਦਾ। ਮੰਨ ਲਓ ਮਲੂਕੇ ਨੂੰ ਕੁਝ ਦਿਨ ਭਾਂਡੇ ਸਾਫ ਕਰਨ ਜਾਂ ਜੋੜੇ ਸਾਫ ਕਰਨ ਦੀ ਤਨਖ਼ਾਹ ਲਾ ਵੀ ਦਿੱਤੀ ਜਾਵੇ; ਤਾਂ ਕੀ ਕੁਝ ਦਿਨ ਕਿਸੇ ਲੰਗਰ ਹਾਲ ’ਚ ਭਾਂਡੇ ਫੜ ਕੇ ਜਾਂ ਜੋੜਾਘਰ ਵਿੱਚ ਜੋੜੇ ਤੇ ਬੁਰਸ਼ ਫੜ ਕੇ ਫੋਟੋ ਖਿਚਵਾ ਕੇ ਅਖ਼ਬਾਰਾਂ ਵਿੱਚ ਛਪਵਾਉਣ ਨਾਲ ਮੁੜ ਐਸੀਆਂ ਨਿੰਦਣਯੋਗ ਘਟਨਾਵਾਂ ਹਟ ਜਾਣਗੀਆਂ? ਬਿਲਕੁਲ ਨਹੀਂ। ਜੇ ਹਟਣੀਆਂ ਹੁੰਦੀਆਂ ਤਾਂ ਬਹੁਤ ਪਹਿਲਾਂ ਹਟ ਗਈਆਂ ਹੁੰਦੀਆਂ ਕਿਉਂਕਿ ਇਸ ਤਰ੍ਹਾਂ ਤਾਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਵਰਗੇ, ਸੌਦਾ ਸਾਧ ਦੀ ਨਾਮ ਚਰਚਾ ਵਿੱਚ ਹਾਜਰੀ ਭਰਨ ਦੇ ਦੋਸ਼ ਵਿੱਚ ਕਈ ਵਾਰ ਸਜਾ ਭੁਗਤ ਚੁੱਕੇ ਹਨ ਪਰ ਸਜਾ ਭੁਗਤਦਿਆਂ ਸਾਰ ਹੀ ਫਿਰ ਉਸੇ ਨਾਮ ਚਰਚਾ ਵਾਲੀ ਸਭਾ ਦੀ ਮੂਹਰਲੀ ਕਤਾਰ ਵਿੱਚ ਬੈਠਿਆਂ ਦੀ ਫੋਟੋ ਛਪ ਜਾਂਦੀ ਹੈ ਤੇ ਕੁਝ ਵੀਰਾਂ ਵੱਲੋਂ ਮੁੜ ਫਿਰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਕਾਫੀ ਲੰਬੇ ਸਮੇਂ ਦੇ ਰੇੜਕੇ ਬਾਅਦ ਕਾਉਣੀ ਜੀ ਫਿਰ ਨਿਮਾਣੇ ਸਿੱਖ ਵਾਂਗ ਪੇਸ਼ ਹੁੰਦਿਆਂ ਦੀ ਫੋਟੋ ਅਖ਼ਬਾਰਾਂ ਵਿੱਚ ਛਪੀ ਨਜ਼ਰੀ ਪੈ ਜਾਂਦੀ ਹੈ। ਇਸੇ ਮਲੂਕੇ ਨੇ 2007 ਦੀ ਵਿਧਾਨ ਸਭਾ ਚੋਣਾਂ ਮੌਕੇ ਵੀ ਚੋਣ ਦਫਤਰ ਦੇ ਉਦਘਾਟਨ ਸਮੇਂ ਵੀ ਖ਼ੁਦ ਹਵਨ ਕੀਤਾ ਸੀ। ਇਨ੍ਹਾਂ ਰਾਜਨੀਤਕ ਲੋਕਾਂ ਦਾ ਹਾਲ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਗੁਰੂ ਅਰਜੁਨ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਵਰਨਣ ਕੀਤਾ ਹੈ : “ਪਾਪ ਕਰਹਿ, ਪੰਚਾਂ ਕੇ ਬਸਿ ਰੇ !॥ ਤੀਰਥਿ ਨਾਇ ; ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ, ਹੋਇ ਨਿਸੰਕ ॥ ਜਮ ਪੁਰਿ, ਬਾਂਧਿ ਖਰੇ ਕਾਲੰਕ ॥2॥” (ਪ੍ਰਭਾਤੀ ਮ: 5/ 1348)
ਪੰਥ ਦੇ ਇੱਕ ਹਿੱਸੇ ਵੱਲੋਂ ਅਵਾਜ਼ ਉਠਾਈ ਜਾ ਰਹੀ ਹੈ ਕਿ ਜੇ ਕੋਈ ਸਿੱਖ ‘ਪ੍ਰਿਥਮ ਭਗੌਤੀ ਸਿਮਰਿ ਕੈ …… ” ਦੀ ਥਾਂ ‘ਪ੍ਰਿਥਮ ਅਕਾਲ ਪੁਰਖ਼ ਸਿਮਰਿ ਕੈ …… ” ਤੋਂ ਅਰਦਾਸ ਸ਼ੁਰੂ ਕਰ ਲਵੇ ਤਾਂ ਇਹ ਜਥੇਦਾਰ ਉਸ ਨੂੰ ਝੱਟ ਤਲਬ ਕਰਨ ਅਤੇ ਪੰਥ ’ਚੋਂ ਛੇਕਣ ਦੀਆਂ ਧਮਕੀਆਂ ਦੇਣਾ ਸ਼ੁਰੂ ਕਰ ਦਿੰਦੇ ਹਨ ਅਤੇ ਧੁੰਮਾ ਬ੍ਰਿਗੇਡ ਵੀ ਛਬੀਲ ਲਾਉਣ ਦੀਆਂ ਧਮਕੀਆਂ ਦੇਣ ਲੱਗ ਪੈਂਦਾ ਹੈ। ਹੁਣ ਆਪਣੇ ਮਾਲਕਾਂ ਨੇ ਤਾਂ ਸਭ ਕੁਝ ਹੀ ਬਦਲ ਦਿੱਤਾ ਹੈ; ਹੁਣ ਵੇਖਦੇ ਹਾਂ ਕਿ ਕੌਣ ਛਬੀਲ ਲਾਉਂਦਾ ਹੈ ਤੇ ਕੌਣ ਕਿਸ ਨੂੰ ਪੰਥ ਵਿੱਚੋਂ ਛੇਕਦਾ ਹੈ? ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਸ ਉਠ ਰਹੀ ਅਵਾਜ਼ ਨੂੰ ਦਬਾਉਣ ਲਈ ਅਤੇ ਸਿਰਸਾ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਦੇ ਕੇਸ ਵਿੱਚ ਜਥੇਦਾਰਾਂ ਦੀ ਹੋਈ ਥੂ-ਥੂ ਵਿੱਚ ਡਿੱਗੀ ਸ਼ਾਖ਼ ਨੂੰ ਸੁਧਾਰਨ ਲਈ ਹੋ ਸਕਦਾ ਹੈ ਕਿ ਮਲੂਕਾ ਦੀ ਟਿਕਟ ਕੱਟੀ ਜਾਵੇ! ਮੇਰਾ ਖ਼ਿਆਲ ਹੈ ਕਿ ਜਿਹੜੇ ਜਥੇਦਾਰ ਹਿੰਦੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਗਈ ਸਿੱਖ ਇਤਿਹਾਸ ਦੀ ਪੁਸਤਕ ਵਿੱਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਤਿਕਾਰਤ ਮਹਿਲਾਂ ਦੇ ਆਚਰਨ ਸਬੰਧੀ ਹੀ ਘੋਰ ਅਪਮਾਨ-ਜਨਕ ਸ਼ਬਦਾਵਲੀ ਲਿਖਣ ਤੇ ਲਿਖਾਉਣ ਵਾਲਿਆਂ ’ਤੇ ਕਾਰਵਾਈ ਤਾਂ ਕੀ ਉਨ੍ਹਾਂ ਦੀ ਸਧਾਰਨ ਤੌਰ ’ਤੇ ਨਿੰਦਾ ਵੀ ਨਹੀਂ ਕਰ ਸਕੇ; ਉਨ੍ਹਾਂ ਵਿੱਚ ਐਨੀ ਸਮਰਥਾ ਤੇ ਹੌਸਲਾ ਕਿਥੋਂ ਆਵੇਗਾ ਕਿ ਉਹ ਮਲੂਕਾ ਵਰਗੇ ਅਹਿਮ ਆਗੂ ਸਬੰਧੀ ਪਾਰਟੀ ਪ੍ਰਧਾਨ ਨੂੰ ਕੋਈ ਐਸਾ ਸੰਦੇਸ਼ ਦੇ ਸਕਣ ਕਿ ਇਸ ਦੀ ਟਿਕਟ ਵਾਪਸ ਲੈ ਲਾਈ ਜਾਵੇ। ਦੂਸਰੀ ਗੱਲ ਇਹ ਵੀ ਹੈ ਕਿ ਜੇ ਇਤਨਾ ਸਖਤ ਫੈਸਲਾ ਲੈਣ ਦੀ ਹਿੰਮਤ ਕਰਨਗੇ ਤਾਂ ਕਿਸ ਕਿਸ ਅਕਾਲੀ ਉਮੀਦਵਾਰ ਦੀ ਟਿਕਟ ਕੱਟੀ ਜਾਵੇਗੀ ਕਿਉਂਕਿ ਇੱਥੇ ਇੱਕ ਦੋ ਚਾਰ ਦੀ ਗੱਲ ਨਹੀ ਹੈ ਸਾਰੇ ਹੀ ਚੋਣ ਜਿੱਤਣ ਦੀ ਭੁੱਖ ਅਤੇ ਸੁਆਦ ਵਿੱਚ ਮਾਰੇ ਹੋਏ ਹਨ। ਗੁਰੂ ਸਾਹਿਬ ਜੀ ਦਾ ਬਚਨ: “ਇਕਸੁ ਦੁਹੁ ਚਹੁ ਕਿਆ ਗਣੀ ? ਸਭ ਇਕਤੁ ਸਾਦਿ ਮੁਠੀ ॥” (ਗਉੜੀ ਮ: 5/ 218) ਇਨ੍ਹਾਂ ’ਤੇ ਪੂਰਾ ਪੂਰਾ ਢੁਕਦਾ ਹੈ ਕਿਉਂਕਿ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਚੋਣਾਂ ਜਿੱਤਣ ਲਈ ਸਿਰ ’ਤੇ ਮੁਕਟ ਬੰਨ੍ਹ ਕੇ ਹਵਨ ਕਰਦਾ, ਇਸ ਦੀ ਨੂੰਹ ਹਰਸਿਮਰਤ ਕੌਰ ਸ਼ਿਵਲਿੰਗ ਪੂਜਾ ਕਰਦੀ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਭੂਮੀ ਪੂਜਨ ਕਰਦੇ, ਸੁੱਚਾ ਸਿੰਘ ਲੰਗਾਹ ਵੱਲੋਂ ਰਮਾਇਣ ਦੇ 501 ਪਾਠ ਕਰਾਉਣ ਤੇ ਦਰਗਾਹ ’ਤੇ ਚਾਦਰ ਚੜ੍ਹਾਉਂਦੇ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਗੋਟੇ ਵਾਲੀ ਲਾਲ ਚੁੰਨੀ ਲੈ ਕੇ ਜਗਰਾਤੇ ਵਿੱਚ ਮਾਤਾ ਦੀਆਂ ਭੇਟਾਵਾਂ ਗਾਉਂਦੇ ਦੀਆਂ ਫੋਟੋ ਆਮ ਹੀ ਮੀਡੀਏ ਵਿੱਚ ਛਪਦੀਆਂ ਰਹਿੰਦੀਆਂ ਹਨ। ਪਾਰਟੀ ਪ੍ਰਧਾਨ  ਸੁਖਬੀਰ ਬਾਦਲ ਵੱਲੋਂ ਤਾਂ ਹੁਣੇ ਹੁਣੇ ਹੀ ਆਦਮਪੁਰ ਹਵਾਈ ਅੱਡੇ ਦੇ ਉਦਘਾਟਨ ਸਮੇਂ ਭੂਮੀ ਪੂਜਨ ਕਰਦੇ ਦੀਆਂ ਫੋਟੋ ਛਪੀਆਂ ਹਨ। ਕਿਸ ਕਿਸ ਅਕਾਲੀ ਦਾ ਇੱਥੇ ਨਾਮ ਲਿਖਿਆ ਜਾਵੇ ਕਿਉਂਕਿ ਇੱਥੇ ਤਾਂ ਸਾਰੇ ਹੀ ਹਮਾਮ ਵਿੱਚ ਨੰਗੇ ਹਨ। ਸਿਰਫ ਮਾੜੇ ਭਾਗਾਂ ਵਾਲਾ ਉਹ ਆਗੂ ਹੀ ਬਚ ਸਕਦਾ ਹੈ ਜਿਸ ਦੀ ਅਹਿਮਤ ਘਟ ਹੋਣ ਕਰਕੇ ਉਸ ਵਿਚਾਰੇ ਦੀ ਫੋਟੋ ਮੀਡੀਏ ਵਿੱਚ ਨਹੀਂ ਛਪ ਸਕੀ। ਹੋਰ ਤਾਂ ਹੋਰ ਇੱਥੇ ਤਾਂ ਤਖ਼ਤ ਹਜੂਰ ਸਾਹਿਬ ਦੇ ਜਥੇਦਾਰ ਜਿਹੜੇ ਤਖ਼ਤ ਅਸਥਾਨ ’ਤੇ ਗੁਰਮਤਿ ਵਿਰੋਧੀ ਆਰਤੀ ਤੇ ਬੱਕਰਿਆਂ ਦੀ ਬਲੀ ਜਿਹੇ ਕੁਕਰਮ ਕਰਨ ਦੇ ਬਾਵਜੂਦ ਵੀ ਅਕਾਲ ਤਖ਼ਤ ’ਤੇ ਪੰਜਾਂ ਵਿੱਚ ਬੈਠ ਕੇ ਫੈਸਲੇ ਲੈਣ ਦਾ ਅਧਿਕਾਰ ਪ੍ਰਾਪਤ ਕਰੀ ਬੈਠੇ ਹਨ। ਐਸਾ ਕੁਝ ਅੱਖੀਂ ਵੇਖ ਕੇ ਵੀ ਪਤਾ ਨਹੀਂ ਕਿਸ ਖ਼ੁਸ਼ਫਹਿਮੀ ਵਿੱਚ ਕੁਝ ਭੋਲ਼ੇ ਸਿੱਖ ਅਕਾਲ ਤਖ਼ਤ ’ਤੇ ਸ਼ਿਕਾਇਤਾਂ ਦੇ ਪਟਾਰੇ ਲੈ ਕੇ ਹਾਜਰ ਹੋ ਜਾਂਦੇ ਹਨ!
ਸੋ ਜੇ ਕਰ ਸਿੱਖ ਵਾਕਿਆ ਹੀ ਅਖੌਤੀ ਅਕਾਲੀਆਂ ਵੱਲੋਂ ਮਰਿਆਦਾ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਦੁਖੀ ਹਨ ਤਾਂ ਅਕਾਲ ਤਖ਼ਤ ਤੋਂ ਕਿਸੇ ਇਨਾਸਫ ਦੀ ਉਡੀਕ ਦੀ ਬਜਾਏ ਖੁਦ ਹੀ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਆਉਣ ਵਾਲੀ ਵਿਧਾਨ ਸਭਾ ਚੋਣ ਵਿੱਚ ਪਾਰਟੀ ਸਰਪ੍ਰਸਸਤ ਅਤੇ ਪ੍ਰਧਾਨ ਸਮੇਤ ਸਮੂਹ ਉਮੀਦਵਾਰਾਂ ਨੂੰ ਧੂਲ ਚਟਾ ਦੇਣਾ ਚਾਹੀਦੀ ਹੈ ਤੇ ਉਸ ਉਪ੍ਰੰਤ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਸ਼ਿਕਸ਼ਤ ਦੇ ਕੇ ਅਕਾਲ ਤਖ਼ਤ ਦੀ ਰਾਜਨੀਨੀ ਲਈ ਕੀਤੀ ਜਾ ਰਹੀ ਦੂਰਵਰਤੋਂ ਕਰਨ ਦੀ ਤਾਕਤ ਇਨ੍ਹਾਂ ਤੋਂ ਖੋਹ ਲੈਣੀ ਚਾਹੀਦੀ ਹੈ। ਕਿਉਂਕਿ ਕਹਾਵਤ ਹੈ ਕਿ ਜਦੋਂ ਝੋਟਾ ਹੀ ਮਰ ਗਿਆ ਚਮ-ਜੂਆਂ ਆਪੇ ਹੀ ਮਰ ਜਾਣਗੀਆਂ। ਐਸਾ ਕਰਨਾ ਅਤਿਅੰਤ ਜਰੂਰੀ ਹੈ ਕਿਉਂਕਿ ਇਨ੍ਹਾਂ ਨੇ ਸਿੱਖ ਧਰਮ ਦਾ ਬੇਅੰਤ ਨੁਕਸਾਨ ਤਾਂ ਕੀਤਾ ਹੀ ਹੈ ਰੇਤਾ, ਬੱਜਰੀ, ਟਰਾਂਸਪੋਰਟ, ਲੈਂਡ ਆਦਿਕ ਮਾਫੀਏ ਰਾਹੀਂ ਸਮੁੱਚੇ ਪੰਜਾਬ ਦੀ ਆਰਥਿਕ ਲੁੱਟ ਵੀ ਕੀਤੀ ਹੈ। ਨੌਜੁਆਨੀ ਨੂੰ ਬੇਰੁਜ਼ਗਰੀ ਤੇ ਨਸ਼ਿਆਂ ਦੇ ਦੁਰਪ੍ਰਭਾਵ ਵਿੱਚ ਰੋੜ੍ਹ ਕੇ ਤੇ ਸਰਕਾਰੀ ਨੀਤੀਆਂ ਰਾਹੀਂ ਕਿਸਾਨੀ ਨੂੰ ਕਰਜੇ ਦੀ ਮਾਰ ਵਿੱਚ ਲਿਆ ਕੇ ਖ਼ੁਦਕਸ਼ੀਆਂ ਕਰਨ ਦੇ ਕੰਢੇ ਲਿਆ ਖੜ੍ਹੇ ਕੀਤਾ ਹੈ।
ਚੋਣਾਂ ਦੇ ਨੇੜੇ ਆ ਕੇ ਐਂਸ.ਵਾਈ.ਐਂਲ ਅਤੇ 1984 ਦੇ ਮੁੱਦੇ ਜੋਰ ਸ਼ੋਰ ਨਾਲ ਉਠਾਉਣੇ ਸਿਰਫ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੋਂ ਵੱਧ ਕੁਝ ਵੀ ਨਹੀਂ ਹੈ। ਸਭ ਨੂੰ ਪਤਾ ਹੈ ਕਿ 1978 ਵਿੱਚ ਹਰਿਆਣਾ ਤੋਂ ਇੱਕ ਕ੍ਰੋੜ ਰੁਪਏ ਲੈ ਕੇ ਐਂਸ.ਵਾਈ.ਐਂਲ ਲਈ ਜਮੀਨ ਐਕੂਆਇਰ ਤੇ ਨੋਟੀਫੀਕੇਸ਼ਨ ਇਸੇ ਬਾਦਲ ਸਰਕਾਰ ਨੇ ਕੀਤਾ ਸੀ ਜੋ ਹੁਣ ਡੀਨੋਟੀਫਾਈਡ ਕਰਕੇ ਜਮੀਨ ਵਾਪਸ ਕਰਨ ਦੀਆਂ ਗੱਲਾਂ ਕਰ ਰਿਹਾ ਹੈ। ਇੰਦਰਾ ਗਾਂਧੀ ਦੇ ਦਬਾਅ ਹੇਠ ਦਰਬਾਰਾ ਸਿੰਘ ਵੱਲੋਂ ਸੁਪ੍ਰੀਮ ਕੋਰਟ ਵਿੱਚੋਂ ਐਂਸ.ਵਾਈ.ਐਂਲ ਸਬੰਧੀ ਕੇਸ ਵਾਪਸ ਲੈਣ ਪਿੱਛੋਂ ਬਾਦਲ ਦੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਜਿਸ ਦੇ ਸਾਢੇ 14 ਸਾਲ ਦੇ ਸਮੇਂ ਦੌਰਾਨ ਨਾ ਕਦੀ ਸੁਪ੍ਰੀਮ ਕੋਰਟ ਵਿੱਚ ਦੁਬਾਰਾ ਕੇਸ ਪਾਇਆ, ਨਾ ਹੀ ਵਿਧਾਨ ਸਭਾ ਵਿੱਚ ਕੋਈ ਵਿਧਾਨਕ ਕਾਰਵਾਈ ਕੀਤੀ ਹੈ। ਪਿਛਲੇ 6 ਮਹੀਨੇ ਵਿੱਚ ਡੀਨੋਟੀਫੀਕੇਸ਼ਨ ਕਰਨ ਦਾ ਡਰਾਮਾ ਰਚ ਕੇ (ਜਿਸ ’ਤੇ ਗਵਰਨਰ ਨੇ ਦਸਤਖ਼ਤ ਵੀ ਨਹੀਂ ਕੀਤੇ) ਲੋਕਾਂ ਨੂੰ ਬੁੱਧੂ ਬਣਾਉਣ ਵਿੱਚ ਲੱਗਾ ਹੈ। ਜਿਹੜੇ ਬਾਦਲ ਸਾਹਿਬ ਹੁਣ ਕਹਿ ਰਹੇ ਹਨ ਕਿ ਕੋਈ ਕੁਰਬਾਨੀ ਕਰਨ ਲਈ ਤਿਆਰ ਹਨ ਪਰ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਣਗੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ 1984 ਦੇ ਕਾਂਡ ਤੋਂ ਪਹਿਲਾਂ ਵੀ ਬਾਦਲ ਸਾਹਿਬ ਨੇ ਪਾਣੀ ਸਮੇਤ ਪੰਜਾਬ ਦੀਆਂ ਹੋਰ ਮੰਗਾਂ ਲਈ ਤੇ ਦਰਬਾਰ ਸਾਹਿਬ ਵਿੱਚ ਹਥਿਆਰਬੰਦ ਫੌਜਾਂ ਦੇ ਦਾਖ਼ਲੇ ਦਾ ਵਿਰੋਧ ਕਰਨ ਲਈ ਅਕਾਲ ਤਖ਼ਤ ’ਤੇ ਇੱਕ ਲੱਖ ਮਰਜੀਵੜਿਆਂ ਸਮੇਤ ਸਹੁੰ ਚੁੱਕੀ ਸੀ; ਉਸ ਪਿਛੋਂ 32 ਸਾਲਾਂ ਤੋਂ ਹੁਣ ਤੱਕ ਕੋਈ ਕੁਰਬਾਨੀ ਕਿਉਂ ਨਹੀਂ ਦਿੱਤੀ?
2014 ਦੀਆਂ ਲੋਕ ਸਭਾ ਚੋਣਾਂ ਮੌਕੇ ਹੀ ਬਾਦਲ ਦੀ ਹਾਜਰੀ ਵਿੱਚ ਹੀ ਅਕਾਲੀ-ਭਾਜਪਾ ਸਟੇਜਾਂ ਤੋਂ ਮੋਦੀ ਕਿਸਾਨੀ ਜਿਨਸਾਂ ਦੇ ਭਾਅ ਨੀਯਤ ਕਰਨ ਲਈ ਸਵਾਮੀਨਾਥਨ ਰੀਪੋਰਟ ਲਾਗੂ ਕਰਨ ਦੇ ਵਾਅਦੇ ਕਰਦਾ ਰਿਹਾ ਸੀ ਪਰ ਸਰਕਾਰ ਬਣਨ ਪਿੱਛੋਂ ਉਹ ਆਪਣੇ ਵਾਅਦੇ ਤੋਂ ਸਾਫ ਮੁੱਕਰ ਗਿਆ; ਪਰ ਬਾਦਲ ਪ੍ਰਵਾਰ ਨੇ ਹਰਸਿਮਰਤ ਕੌਰ ਦੀ ਇੱਕ ਵਜੀਰੀ ਦੀ ਕੁਰਸੀ ਕਾਇਮ ਰੱਖਣ ਹਿੱਤ ਮੋਦੀ ਦੇ ਇਸ ਵਿਸ਼ਵਾਸ਼ਘਾਤ ਲਈ ਕਦੀ ਅਵਾਜ਼ ਨਹੀਂ ਉਠਾਈ ਪਰ ਫਿਰ ਵੀ ਆਪਣੇ ਆਪ ਨੂੰ ਕਿਸਾਨੀ ਹਿੱਤਾਂ ਦਾ ਰਾਖਾ ਅਖਵਾ ਰਹੇ ਹਨ ਤਾਂ ਇਨ੍ਹਾਂ ਸਿਆਸਤਦਾਨਾਂ ਵੱਲੋਂ ਹੁਣ ਕੀਤੇ ਵਾਅਦੇ ਵਫਾ ਹੋਣ ਦਾ ਕੀ ਭਰੋਸਾ ਹੈ। ਸੋ ਵਾਰ ਵਾਰ ਅਜਮਾਏ ਆਗੂਆਂ ਤੇ ਪਾਰਟੀਆਂ ਦੀ ਬਜਾਏ ਕਿਸੇ ਤੀਜੀ ਧਿਰ ਨੂੰ ਅਜਮਾਉਣ ਵਿੱਚ ਹੀ ਭਲਾ ਹੈ।
****
ਸੰਪਰਕ 9855480797, 7340979813
No comments: