ਮੇਰਾ ਪਿੰਡ.......... ਨਜ਼ਮ/ਕਵਿਤਾ / ਸੁਖਵਿੰਦਰ ਵੈਦ

ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਇੱਥੋਂ ਕੁੱਲ ਪਰਿੰਦੇ ਉੱਡ ਗਏ,
ਪੱਤੇ ਸਾਥ ਛੱਡ ਗਏ ਟਾਹਣੀਆਂ ਦਾ
ਇੱਥੋਂ  ਉੱਡੇ ਹਾਸੇ ਖੇੜੇ ਸੁਹੱਪਣ
ਇੱਥੇ ਉੱਡੇ ਸੁਹਾਗ ਰਾਣੀਆਂ ਦਾ
ਇੱਕ ਰੁੱਖ ਨੂੰ ਲੱਗੀਓ ਅੱਗ ਸੀ
ਇੱਕ ਸੂਰਜ ਦੀ ਅੱਗ ਮੱਘੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ


ਮੈਨੂੰ ਸੁਣਦੇ ਨੇ ਵੈਣ ਕਿਸੇ ਅੰਮੜੀ ਦੇ
ਸ਼ਾਇਦ ਪੁੱਤ ਨੂੰ ਚਿਖ਼ਾ ‘ਤੇ ਤੋਰਦੀ ਏ
ਚਿੜੀ ਰੋਂਦੀ ਹੈ ਬਿਰਖ਼ ਦੀ ਡਾਲ ਉਤੇ
ਟੁੱਟੇ ਆਲਣੇ 'ਚੋਂ ਬੁਟੜੇ ਲੋਚਦੀ ਏ
ਅੰਮੀ ਵੀ ਖੌਰੇ ਅੱਜ ਮੈਨੂੰ
ਸਗੀ ਚਿੜੀ ਦੀ ਭੈਣ ਜਿਉਂ ਲੱਗੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਇਹਦੀਆਂ ਕੰਧਾਂ ਪਈਆਂ ਕੰਬਦੀਆਂ ਨੇ
ਇਹਦੀਆਂ ਬਾਰੀਆਂ ਪਈਆਂ ਰੋਂਦੀਆਂ ਨੇ
ਮੋਏ ਗਏ ਟੱਬਰਾਂ ਦੀ ਖ਼ਾਕ ਉਤੇ
ਪਈਆਂ ਸੋਹਿਲੇ ਗਾਉਦੀਆਂ ਨੇ
ਕਿਸ ਲੁੱਟ ਲਈ ਹਵਾ ਦੀ ਹਲਚਲ
ਬੇਰੀ ਕਿਉਂ ਖੜੀ ਜਿਉਂ ਗਈ ਠੱਗੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਇੱਥੇ ਸਿਖਰ ਦੁਪਹਿਰ ਹੋਣ ਹਨੇਰ
ਮੌਤ ਪੌਣ ਵਿੱਚ ਹੈ ਮਹਿਕ ਰਹੀ
ਇਹਦੀ ਬੀਹੀ ਖੜੇ ਹਿਟਲਰ ਗਾਂਧੀ
ਇਹਦੀ ਯੂਹ ਹਰ ਪਲ ਸਹਿਕ ਰਹੀ
ਸੁਣਾਉਂਦੀ ਏ ਦਸਤਾਨ ਲਹੂ 'ਚ ਡਬੋ
ਜਿਉਂ ਧਰਤ ਹਵਾ ਵਿੱਚ ਰੰਗੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ
****

No comments: