ਸਆਦਤ ਹਸਨ ਮੰਟੋ........... ਖਾਨਾਖ਼ਰਾਬ / ਤਰਸੇਮ ਬਸ਼ਰ

ਰੂਹ ਸਹਿਰ ਉਠਦੀ ਹੈ ਉਸ ਸਮੇਂ ਦੀ ਕਲਪਨਾ ਕਰਕੇ ਜਦੋਂ ਖ਼ਿਆਲ ਆਉਂਦਾ ਹੈ ਕਿ ਮੰਟੋ ਨੂੰ ਸਮਾਜ ਪਾਗਲ ਕਹਿ ਕੇ ਦੁਤਕਾਰ ਰਿਹਾ ਹੋਵੇਗਾ ਤੇ ਉਹ ਇਸ “ਜ਼ਹਿਰ” ਨੂੰ ਸ਼ਰਾਬ ਵਿੱਚ ਘੋਲ ਕੇ ਗ਼ਮ ਹਲਕਾ ਕਰਨ ਦੀ ਕੋਸਿ਼ਸ਼ ਕਰਦੇ ਹੋਣਗੇ... ਇਸੇ ਜ਼ਹਿਰ ਘੁਲੀ ਸ਼ਰਾਬ ਨੇ ਸਆਦਤ ਹਸਨ ਮੰਟੋ ਨੂੰ ਕਬਰ ਦੇ ਉਹਨਾਂ ਕੀੜਿਆਂ ਦੇ ਹਵਾਲੇ ਸਮੇਂ ਤੋਂ ਬਹੁਤ ਪਹਿਲਾਂ ਹੀ ਕਰ ਦਿੱਤਾ ਹੋਵੇਗਾ, ਜਿੰਨਾਂ ਤੋਂ ਮੰਟੋ ਆਪਣੇ ਜਿਉਂਦਿਆਂ ਜੀਅ ਵੀ ਡਰਦੇ ਸੀ । ਮੰਟੋ ਨੂੰ ਅੱਜ ਸੌਵੇਂ ਜਨਮ ਦਿਨ ‘ਤੇ ਯਾਦ ਕੀਤਾ ਜਾ ਰਿਹਾ ਹੈ । ਜਿੱਥੇ ਸਮਰਾਲੇ ਨੇੜੇ ਉਹਨਾਂ ਦੇ ਜਨਮ ਸਥਾਨ ਪਿੰਡ ਪਪੜੌਦੀ ਵਿਖੇ ਸਮਾਗਮ ਕੀਤਾ ਗਿਆ, ਉਥੇ ਹੀ ਦਿੱਲੀ ਵਿਖੇ ਵੀ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੁਨੀਆਂ ਭਰ ਤੋਂ ਉਨ੍ਹਾਂ ਦੇ ਹੁਨਰ ਦੇ ਕਦਰਦਾਨ ਇਕੱਠੇ ਹੋਣਗੇ । ਹਿੰਦੋਸਤਾਨ, ਪਾਕਿਸਤਾਨ ਵਿੱਚ ਹੀ ਨਹੀਂ ਦੁਨੀਆਂ ਭਰ ਵਿੱਚ ਅਜਿਹੇ ਪ੍ਰੋਗਰਾਮ ਹੋ ਰਹੇ ਹੋਣਗੇ ਪਰ ਅਫਸੋਸ ਮੰਟੋ ਸਾਹਿਬ ਇਹ ਸਭ ਨਹੀਂ ਦੇਖ ਪਾ ਰਹੇ । ਹਾਂ ! ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀਆਂ ਲਿਖਤਾਂ ਨੂੰ ਇਹ ਸਤਿਕਾਰ ਵੀ ਮਿਲੇਗਾ ਤਾਂ ਉਹ ਸ਼ਾਇਦ ਕੁਝ ਸਾਲ ਹੋਰ ਜਿੰਦਾਂ ਰਹਿੰਦੇ ਤੇ ਜਿੰਦਗੀ ਰਹਿੰਦਿਆਂ ਹਰ ਰੋਜ਼ ਸ਼ਰਾਬ ਅਤੇ ਖ਼ਰਚੇ ਦੀ ਖ਼ਾਤਿਰ ਮਕਤਬਾ-ਏ-ਕਾਰਵਾਂ ਦੇ ਮਾਲਿਕ ਚੌਧਰੀ ਹਾਮੀਦ ਨੂੰ ਆਪਣੀ ਇੱਕ ਬੇਸ਼ਕੀਮਤੀ ਕਹਾਣੀ ਨਾ ਦਿੰਦੇ । ਅੱਜ ਉਹਨਾਂ ਦੀ ਲਿਖੀ ਕਹਾਣੀ “ਟੋਭਾ ਟੇਕ ਸਿੰਘ” ਤੇ ਲੱਖਾਂ ਅਰਬਾਂ ਰੁਪਏ ਖਰਚ ਕੇ ਫਿਲਮ ਬਣਾਉਣ ਦੀ ਯੋਜਨਾ ਬਣ ਰਹੀ ਹੈ ਪਰ ਆਪਣੀ ਜਿੰਦਗੀ ਵਿੱਚ ਉਹ ਥੋੜਾਂ ਤੋਂ ਛੁਟਕਾਰਾ ਪਾ ਹੀ ਨਹੀਂ ਸਕੇ । ਮੰਟੋ ਖ਼ੁਦਾ ਦੀ ਆਮਦ ਸੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਰਚਨਾਵਾਂ ਵੀ ਰੱਬੀ ਆਮਦ ਹੀ ਹੁੰਦੀਆਂ ਸਨ । ਸਮਾਜ ਤੇ ਡੂੰਘੀ ਚੋਟ ਉਹਨਾਂ ਦੀਆਂ ਰਚਨਾਵਾਂ ਦੀ ਮੁੱਖ ਵਿਸ਼ੇਸ਼ਤਾ ਸੀ ਤਾਂ ਮਨੁੱਖੀ ਸੋਚ ਲਿਖਤਾਂ ਦਾ ਆਧਾਰ । ਉਹ ਰਵਾਇਤੀ ਲੇਖਕ ਨਹੀਂ ਸਨ । ਉਹਨਾਂ ਦੀ ਕਲਮ ਸਹਿਲਾਉਣ ਦੀ ਥਾਂ ਤੇ ਪਾਠਕਾਂ ਦੀ ਨੀਂਦ ਖੋਹ ਲੈਣ ਦੀ ਤਾਕਤ ਰੱਖਦੀ ਸੀ । ਸਮਾਜ ਦੀ ਅਸ਼ਲੀਲਤਾ ਨੂੰ ਜਦੋਂ ਉਹਨਾਂ ਨੇ ਕਾਗਜ਼ ਤੇ ਉਤਾਰਿਆ, ਸਮਾਜ ਨੂੰ ਆਇਨਾ ਦਿਖਾਇਆ ਤਾਂ ਉਹਨਾਂ ਨੂੰ ਅਸ਼ਲੀਲ ਲੇਖਕ ਕਿਹਾ ਗਿਆ । ਅੱਧੀ ਦਰਜਨ ਕਹਾਣੀਆਂ ‘ਤੇ ਮੁਕੱਦਮੇ ਚੱਲੇ ਤੇ ਉਹਨਾਂ ਦੇ ਹੁਨਰ ਨੂੰ ਕਚਿਹਰੀ ਦੀ ਧੂੜ ਮਿੱਟੀ ਵਿੱਚ ਖਾਕ ਕਰ ਦੇਣ ਦਾ ਯਤਨ ਕੀਤਾ ਗਿਆ । ਮੰਟੋ ਸਵੈਅਭਿਮਾਨੀ ਸੀ, ਹਠੀ ਸੀ, ਪਰ ਉਹ ਅੰਦਰੋਂ ਇੱਕ ਸੰਵੇਦਨਸ਼ੀਲ ਤੇ ਭਾਵੁਕ ਇਨਸਾਨ ਸਨ । ਉਹ ਇੱਕ ਬੇਚੈਨ ਰੂਹ ਸੀ, ਜਿਸ ਨੂੰ ਜ਼ਮਾਨਾ ਸਮਝਣ ਤੋਂ ਅਸਮਰਥ ਰਿਹਾ । ਸਿ਼ਵ ਕੁਮਾਰ ਬਟਾਲਵੀ ਨੇ ਮੰਟੋ ਬਾਰੇ ਕਿਹਾ ਸੀ ਕਿ ਮੰਟੋ ਕੋਠਿਆਂ ਤੇ ਜਾਂਦਾ ਰਿਹਾ, ਸ਼ਰਾਬ ਪੀਂਦਾ ਰਿਹਾ ਪਰ ਉਹ ਅੱਜ ਵੀ ਅਦਬੀ ਦੁਨੀਆਂ ਦਾ ਕੁਤਬਮੀਨਾਰ ਹੈ ਕਿਉਂਕਿ ਉਸ ਦਾ ਮਕਸਦ ਪਾਕੀਜ਼ਾ ਸੀ ਤੇ ਲਿਖਤਾਂ ਵਿੱਚ ਇਮਾਨਦਾਰੀ ਦੀ ਪੁੱਠ ।

ਇਹ ਮੰਟੋ ਹੀ ਸਨ ਜਿੰਨਾਂ ਨੇ ਉਹਨਾਂ ਕਿਰਦਾਰਾਂ ਨੂੰ ਇੱਕ ਭਾਵੁਕ ਇਨਸਾਨ ਵਜੋਂ ਸਮਾਜ ਸਾਹਮਣੇ ਪੇਸ਼ ਕੀਤਾ, ਜਿੰਨਾਂ ਤੋਂ ਉਸ ਸਮੇਂ ਸਮਾਜ ਦੂਰ ਹੀ ਰਹਿਣਾ ਚਾਹੁੰਦਾ ਸੀ । ਭਾਵੇਂ ਰਾਤ ਦੀਆਂ ਰੰਗੀਨੀਆਂ ਵਿੱਚ ਉਹ ਖੁਦ ਵੀ ਉਸੇ ਸਮਾਜ ਦਾ ਹਿੱਸਾ ਵੀ ਬਣ ਜਾਂਦਾ ਸੀ । “ਬਾਬੂ ਗੋਪੀਨਾਥ” ਮੰਟੋ ਦੀ ਇੱਕ ਵਿਲੱਖਣ ਰਚਨਾ ਹੈ, ਜੋ ਸ਼ਾਇਦ ਅੱਜ ਦੇ ਸਾਹਿਤਕਾਰਾਂ ਲਈ ਅੱਜ ਵੀ ਅਪਹੁੰਚ ਹੋਵੇ । ਅਜਿਹੇ ਕਿਰਦਾਰ ਮੰਟੋ ਹੀ ਲਿਖ ਸਕਦੇ ਸਨ, ਜਿਸ ਨੂੰ ਜਾਂ ਤਾਂ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਰਹਿਣਾ ਭਾਉਂਦਾ ਹੋਵੇ ਤੇ ਜਾਂ ਫਿਰ ਉਸ ਦੇ ਬੇਕਰਾਰ ਮਨ ਨੂੰ ਕਰਾਰ ਕੋਠਿਆਂ ਦੀਆਂ ਗਲੀਆਂ ਵਿੱਚ ਮਿਲਦਾ ਹੋਵੇ । ਟੋਭਾ ਟੇਕ ਸਿੰਘ ਕਹਾਣੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਮੰਟੋ ਸਾਹਿਬ ਨੇ ਉਦੋਂ ਸੋਚੀ ਹੋਵੇਗੀ ਜਦੋਂ ਉਹਨਾਂ ਨੂੰ ਇਲਾਜ ਲਈ ਮਨੋਰੋਗਾਂ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਸੀ । ਟੋਭਾ ਟੇਕ ਸਿੰਘ ਪਾਗਲਖਾਨੇ ਦੇ ਉਹਨਾਂ ਕੈਦੀਆਂ ਦੀ ਕਹਾਣੀ ਹੈ, ਜੋ  ਸੰਨ 1947 ਦੀ ਵੰਡ ਤੋਂ ਬਾਅਦ ਸਭ ਕੁਝ ਵੰਡ ਲੈਣ ਤੋਂ ਬਾਅਦ ਵੀ ਵੰਡੇ ਨਹੀਂ ਗਏ ਸਨ । ਕਹਾਣੀ ਰਾਹੀਂ ਵੰਡ ਤੋਂ ਦੁਖੀ ਮੰਟੋ ਨੇ  ਇਸ ਗੈਰ ਮਨੁੱਖੀ ਵਰਤਾਰੇ ਤੇ ਗਹਿਰੀ ਚੋਟ ਕੀਤੀ ਸੀ । ਤੁਸੀਂ ਮੰਟੋ ਦੀਆਂ ਕਹਾਣੀਆਂ ਨੂੰ ਸਿਰਫ ਟਾਈਮ ਪਾਸ ਹੀ ਨਹੀਂ ਸਮਝ ਸਕਦੇ । ਇਸ ਦਾ ਅਸਰ ਕਾਫੀ ਦੇਰ ਤੁਹਾਡੇ ਜਿ਼ਹਨ ਵਿੱਚ ਰਹਿੰਦਾ ਹੈ । ਉਹਨਾਂ ਨੇ ਮਨੁੱਖ ਮਨ ਨੂੰ ਪੜ੍ਹਨ ਦਾ ਯਤਨ ਕਰਦਿਆਂ ਕੁਝ ਅਜਿਹੀਆਂ ਕਹਾਣੀਆਂ ਲਿਖੀਆਂ, ਜੋ ਅੱਜ ਵੀ ਸਬਕ ਦਿੰਦੀਆਂ ਹਨ । ਇੱਕ ਕਹਾਣੀ ਦਾ ਜਿ਼ਕਰ ਹੈ ਹਾਲਾਂਕਿ ਇਸ ਕਹਾਣੀ ਨੂੰ ਜਿ਼ਆਦਾ ਯਾਦ ਨਹੀਂ ਕੀਤਾ ਜਾਂਦਾ ਕਿ ਲਾਹੌਰ ਸ਼ਹਿਰ ਵਿੱਚ ਇੱਕ ਨੌਜੁਆਨ ਇਸ ਕਰਕੇ ਆਤਮਹੱਤਿਆ ਦੀ ਸੋਚਦਾ ਹੈ ਕਿ ਉਸ ਦੇ ਘਰ ਤਿੰਨ ਲੜਕੀਆਂ ਹੋ ਗਈਆਂ ਹਨ । ਹਨੇਰਾ ਢਲਣ ਵਾਲਾ ਹੁੰਦਾ ਹੈ ਤੇ ਉਹ ਇੱਕ ਸੁੰਨਸਾਨ ਪਈ ਰੇਲਵੇ ਲਾਈਨ ਉਪਰ ਇਸ ਉਡੀਕ ਵਿੱਚ ਪੈ ਜਾਂਦਾ ਹੈ ਕਿ ਕਦੋਂ ਰੇਲ ਆਵੇ ਤੇ ਉਸ ਨੂੰ ਜਹੱਨਮ ਨੁਮਾ ਆਪਣੀ ਜਿੰਦਗੀ ਤੋਂ ਛੁਟਕਾਰਾ ਮਿਲ ਜਾਵੇ । ਪਰ ਇਸੇ ਦਰਮਿਆਨ ਉਹ ਦੇਖਦਾ ਹੈ ਕਿ ਇੱਕ ਹੋਰ ਵਿਅਕਤੀ ਉਸ ਦੇ ਅੱਗੇ ਆ ਕੇ ਪੈ ਜਾਂਦਾ ਹੈ, ਉਹ ਨੌਜੁਆਨ ਆਪਣਾ ਦੁੱਖ ਭੁੱਲ ਜਾਂਦਾ ਹੈ ਤੇ ਆਪਣੇ ਅੱਗੇ ਆ ਕੇ ਪਏ ਨੌਜੁਆਨ ਨੂੰ ਲੜਣ ਲੱਗ ਪੈਂਦਾ ਹੈ ਅਤੇ ਕਹਿੰਦਾ ਹੈ, “ਤੈਨੂੰ ਸ਼ਰਮ ਨਹੀਂ ਆਉਂਦੀ, ਘਰ ਵਾਲਿਆਂ ਬਾਰੇ ਤਾਂ ਸੋਚਦਾ” । ਉਹ ਹੁਣ ਆਪਣੇ ਮਰਨ ਬਾਰੇ ਸੋਚਣ ਦੀ ਗੱਲ ਭੁੱਲ ਚੁੱਕਿਆ ਹੁੰਦਾ ਹੈ ।

ਉਰਦੂ ਅਦਬ ਵਿੱਚ ਅਫ਼ਸਾਨਾ ਨਿਗਾਰ ਮੰਟੋ ਇੱਕ ਅਲੱਗ ਹਸਤਾਖ਼ਰ ਤੇ ਦੌਰ ਸੀ । ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਪਪੜੌਦੀ ਨੇੜੇ ਸਮਰਾਲਾ ਵਿਖੇ ਇੱਕ ਕਸ਼ਮੀਰੀ ਬ੍ਰਹਾਮਣਾਂ ਦੇ ਖ਼ਾਨਦਾਨ ਵਿੱਚ ਹੋਇਆ । ਉਹਨਾਂ ਦੇ ਪਿਤਾ ਗੁਲਾਮ ਹਸਨ ਮੈਜਿਸਟਰੇਟ ਸਨ ਤੇ ਉਹਨਾਂ ਨੇ ਦੋ ਵਿਆਹ ਕੀਤੇ ਸਨ । ਮਤਰੇਵੇਂ ਭਰਾਵਾਂ ਦੇ ਓਪਰੇਪਣ ਦੇ ਸਲੂਕ ਨੇ ਜਿੱਥੇ ਉਹਨਾਂ ਅੰਦਰ ਨਿਰਾਸ਼ਾ ਭਰੀ, ਉਥੇ ਹੀ ਉਹ ਇਕੱਲੇ ਤੇ ਅੰਤਰਮੁਖੀ ਹੁੰਦੇ ਚਲੇ ਗਏ । ਦਸਵੀਂ ਵਿੱਚ ਵੀ ਫੇਲ੍ਹ ਹੋ ਗਏ ਪਰ ਪੜ੍ਹਾਈ ਜਾਰੀ ਰਹੀ । ਅਲੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਇਸ ਬੇਚੈਨ ਰੂਹ ਨੂੰ ਟੀ.ਬੀ ਦੀ ਬਿਮਾਰੀ ਨੇ ਵੀ ਘੇਰ ਲਿਆ । ਜਿੰਦਗੀ ਦਾ ਸੰਘਰਸ਼ ਜਾਰੀ ਰਿਹਾ । ਰੋਟੀ ਖਾਤਿਰ ਆਲ ਇੰਡੀਆ ਰੇਡਿਓ ਦੀ ਨੌਕਰੀ ਕੀਤੀ ਤੇ ਬਾਗੀ ਤਬੀਅਤ ਦੇ ਚੱਲਦਿਆਂ ਛੱਡ ਵੀ ਦਿੱਤੀ ਤੇ ਬਾਅਦ ਵਿੱਚ ਮਸ਼ਹੂਰ ਅਭਿਨੇਤਾ ਅਸ਼ੋਕ ਕੁਮਾਰ ਦੀ ਪ੍ਰੇਰਨਾ ਨਾਲ ਮੁੰਬਈ ਪਹੁੰਚੇ । ਸਫਲਤਾ ਮਿਲੀ ਪਰ ਕਰਾਰ ਨਹੀਂ । ਵੰਡ ਤੋਂ ਬਾਅਦ ਵੀ ਉਹ ਕੁਝ ਮਹੀਨੇ ਹਿੰਦੋਸਤਾਨ ਵਿੱਚ ਹੀ ਰਹੇ ਤੇ ਆਪਣੇ ਹਮਖ਼ਿਆਲ ਦੋਸਤਾਂ ਰਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਇਸਮਤ ਚੁਗਤਾਈ ਤੇ ਮੁਲਖ਼ਰਾਜ ਆਨੰਦ ਵਰਗੇ ਦੋਸਤਾਂ ਦਾ ਸਾਥ ਮਾਣਿਆ । ਪਰਿਵਾਰ ਪਹਿਲਾਂ ਹੀ ਪਾਕਿਸਤਾਨ ਜਾ ਚੁੱਕਿਆ ਸੀ ਤੇ ਅਖ਼ੀਰੀ ਉਹਨਾਂ ਨੂੰ ਵੀ ਪਾਕਿਸਤਾਨ ਜਾਣਾ ਪਿਆ ।  ਉਹਨਾਂ ਨੇ 230 ਦੇ ਲੱਗਭੱਗ ਕਹਾਣੀਆਂ ਲਿਖੀਆਂ ਜਿੰਨਾਂ ਵਿੱਚੋਂ ਚੌਥਾਈ ਕਹਾਣੀਆਂ ਵੰਡ ਤੋਂ ਬਾਅਦ ਹੋਂਦ ਵਿੱਚ ਆਈਆਂ । ਇਹ ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਦਾ ਵੀ ਦੌਰ ਕਿਹਾ ਜਾ ਸਕਦਾ ਹੈ । ਉਹਨਾਂ ਨੇ ਨਿੱਕੇ ਨਾਟਕ, ਵਿਅਕਤੀ ਚਿੱਤਰ ਵੀ ਲਿਖੇ । ਆਪਣੇ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੀਆਂ ਚਾਚਾ ਸੈਮ ਨੂੰ ਲਿਖੀਆਂ ਚਿੱਠੀਆਂ ਨੂੰ ਬਹੁਤ ਚਰਚਾ ਮਿਲੀ ਸੀ । ਉਹਨਾਂ ਦੀ ਕਲਮ ਸਮਾਜਿਕ ਬੁਰਾਈਆਂ ਲਈ ਤਿੱਖੇ ਨਸ਼ਤਰ ਵਾਂਗ ਸੀ ਤੇ ਦਿਖਾਵੇ ਦੀਆਂ ਕਦਰਾਂ ਕੀਮਤਾਂ ਨੂੰ ਉਹ ਘ੍ਰਿਣਾ ਕਰਦੇ ਸਨ । ਉਹਨਾਂ ਦਾ ਨਿਕਾਹ ਸ਼ਫੀਆ ਬੇਗਮ ਨਾਲ ਹੋਇਆ ਸੀ ਤੇ ਉਹ ਤਿੰਨ ਧੀਆਂ ਤੇ ਇੱਕ ਬੇਟੇ ਤੇ ਬਾਪ ਬਣੇ । ਬੇਟੇ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ । ਉਹਨਾਂ ਦੀ ਜਿੰਦਾਦਿਲੀ ਨੂੰ ਦਰਸਾਉਂਦਾ ਉਹਨਾਂ ਵੱਲੋਂ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੂੰ ਲਿਖਿਆ ਇੱਕ ਪੱਤਰ ਹੈ ਜਿਸ ਵਿੱਚ ਉਹਨਾਂ ਦੀ ਕਵਿਤਾ ਦੀ ਤਾਰੀਫ ਕਰਦਿਆਂ ਲਿਖਿਆ ਸੀ ਕਿ ਮੈਂ ਘੱਟ ਹੀ ਰੋਨਾਂ ਹਾਂ । ਅੱਜ ਜਾਂ ਤਾਂ ਤੇਰੀ ਕਵਿਤਾ ਪੜ੍ਹ ਕੇ ਰੋਇਆ ਹਾਂ ਤੇ ਜਾਂ ਫਿਰ ਉਸ ਦਿਨ ਰੋਇਆ ਸੀ ਜਿਸ ਦਿਨ ਮੇਰਾ ਬੇਟਾ ਫੌਤ ਹੋਇਆ ਸੀ ।

ਮੰਟੋ ਦੇ ਆਖਰੀ ਦਿਨ ਬਹੁਤ ਸਖ਼ਤ ਰਹੇ ਸਨ । ਦਿਲ ਵਿੱਚ ਦੇਸ਼ ਵੰਡ ਦੀ ਪੀੜ ਸੀ ਤੇ ਘਰ ਵਿੱਚ ਫਾਕਾਕਸ਼ੀ ਤੇ ਉਤੋਂ ਸਮਾਜ ਨੂੰ ਸੱਚਾਈ ਵਿਖਾਉਣ ਦੇ ਬਦਲੇ ਮਿਲੀ ਕੋਰਟ ਕਚਹਿਰੀਆਂ ਦੀ ਜਹਿਮਤ । ਇਹਨਾਂ ਦਿਨਾਂ ਵਿੱਚ ਉਹਨਾਂ ਨੇ ਆਪਣੀ ਬੇਅਰਾਮ ਰੂਹ ਨੂੰ ਆਰਾਮ ਦੇਣ ਲਈ ਸ਼ਰਾਬ ਦਾ ਸਹਾਰਾ ਲਿਆ ਤੇ ਅੰਤ 18 ਜਨਵਰੀ 1955 ਨੂੰ  ਉਹਨਾਂ ਦੇ ਸਰੀਰ ਨੂੰ ਸਦੀਵੀ ਅਰਾਮ ਨਸੀਬ ਹੋ ਗਿਆ । ਲਾਇਸੈਂਸ, ਨੰਗੀਆਂ ਅਵਾਜ਼ਾਂ, ਦੌਲੇ ਸ਼ਾਹ ਦੇ ਚੂਹੇ, ਮੂਤਰੀ, ਖੋਲ੍ਹ ਦੋ, ਖ਼ੁਦਾ ਦੀ ਕਸਮ, ਟੈਟਵਾਲ ਦਾ ਕੁੱਤਾ, ਗੁਰਮੁਖ ਸਿੰਘ ਦੀ ਵਸੀਅਤ, ਆਖਰੀ ਸਲੂਟ, ਧੂੰਆਂ, ਸੌ ਕੈਂਡਲ ਦਾ ਬਲਬ, ਬਾਬੂ ਗੋਪੀਨਾਥ ਤੇ ਟੋਭਾ ਟੇਕ ਸਿੰਘ ਆਦਿ ਕਹਾਣੀਆਂ ਕਿਵੇਂ ਭੁਲਾਈਆਂ ਜਾ ਸਕਦੀਆਂ ਹਨ ।

****

1 comment:

DILJODH said...

interesting article