ਹਰ ਮੋੜ ਤੇ ਸਲੀਬਾਂ,ਹਰ ਪੈਰ ਤੇ ਹਨ੍ਹੇਰਾ……… ਅਭੁੱਲ ਯਾਦਾਂ / ਦੀਪ ਕਿਰਨਦੀਪ


ਕਲਾਕਾਰ ਕੋਈ ਵੀ ਹੋਵੇ ਆਪਣੀ ਕਲਾ ਨਾਲ ਸਮਾਜ ਵਿਚ ਤਬਦੀਲੀ ਲਿਆਉਣਾ ਲੋਚਦਾ ਹੈ। ਇਹ ਵੱਖਰੀ ਗੱਲ ਹੈ ਕਿ ਹਰ ਇੱਕ ਕਲਾਕਾਰ ਦਾ ਰਾਹ ਵੱਖਰਾ ਹੁੰਦਾ ਹੈ। ਕੋਈ ਕਲਾਕਾਰ ਸੌਖਾ ਰਾਹ ਭਾਲ਼ਦਾ ਹੈ ਜਿਸ ਵਿਚ ਸਮਾਜ ਵਿਚ ਤਬਦੀਲੀ ਲਿਆਉਣ ਪ੍ਰਤੀ ਸੰਵੇਦਨਸ਼ੀਲਤਾ ਗੌਣ ਹੁੰਦੀ ਹੈ ਤੇ ਵਧ ਤੋਂ ਵਧ ਪੈਸਾ ਕਮਾਉਣ ਦੀ ਲਾਲਸਾ ਸਿਖਰਾਂ ਉਤੇ ਹੁੰਦੀ ਹੈ। ਦੂਜੇ ਪਾਸੇ ਆਪਣੀ ਸੋਚ ਤੇ ਕਲਾ ਨਾਲ ਪ੍ਰਤੀਬੱਧ ਕਲਾਕਾਰਾਂ ਦੇ ਰਾਹ ਵਿਚ ਕਈ ਔਕੜਾਂ ਆਉਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਵੇਲੇ ਕਈ ਵਾਰ ਕਲਾਕਾਰ ਨੂੰ ਆਪਣੀ ਜਾਂ ਤਕ ਗਵਾਉਣੀ ਪੈਂਦੀ ਹੈ। ਉਨ੍ਹਾਂ ਦੇ ਮਨਾਂ ਵਿਚ ਸਮਾਜ ਵਾਸਤੇ ਕੁਝ ਚੰਗਾ ਕਰ ਗੁਜ਼ਰਨ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਹਨ ਕਿ ਕਿਸੇ ਵੀ ਕੀਮਤ ਤੇ ਆਪਣੀ ਵਿਚਾਰਧਾਰਾ ਛੱਡਣੀ ਕਬੂਲ ਨਹੀਂ ਕਰਦੇ। ਇਹੋ ਜਿਹੇ ਕਲਾਕਾਰਾਂ ਦੀ ਫਰੇਹਿਸਤ ਵਿਚ ਗੁਰਸ਼ਰਨ ਭਾਅ ਜੀ, ਸਫ਼ਦਰ ਹਾਸ਼ਮੀ, ਬਰਤੋਲਤ ਬਰੈਖਤ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਇਨ੍ਹਾਂ ਦੇ ਸਮਿਆਂ ਵਿਚ ਸਰਕਾਰ ਨੇ ਔਰੰਗਜ਼ੇਬ ਦਾ ਕਿਰਦਾਰ ਖੂਬ ਨਿਭਾਇਆ ਤੇ ਪੂਰੀ ਪੂਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦਾ ਮਨੋਬਲ ਕਿਸੇ ਚਤੁਰਾਈ ਨਾਲ ਡੇਗਿਆ ਜਾਵੇ ਪਰ ਇਹਨਾਂ ਸਿਰੜੀ ਰੰਗਕਰਮੀਆਂ ਦਾ ਜੇਰਾ ਸਗੋਂ ਹੋਰ ਮਜਬੂਤ ਹੋਇਆ। 

ਸਫ਼ਦਰ ਹਾਸ਼ਮੀ ਦੇ ਨੁੱਕੜ ਨਾਟਕ ਦੀ ਪੇਸ਼ਕਾਰੀ ਦੌਰਾਂ ਹਾਕਮਾਂ ਦੁਆਰਾ ਕੀਤੇ ਕਤਲ ਤੋਂ ਅਗਲੇ ਦਿਨ ਉਸਦੀ ਘਰਵਾਲੀ ਉਸੇ ਥਾਂ ਤੇ ਓਹੀ ਨਾਟਕ ਖੇਡ ਕੇ ਆਈ ਜਿਹੜਾ ਪਿਛਲੇ ਦਿਨ ਰਹਿ ਗਿਆ ਸੀ। ਅਸਲ ਵਿੱਚ ਇੱਕ ਕਲਾਕਾਰ ਜੋ ਆਪਣੀ ਕਲਾ ਦਾ ਇਸਤੇਮਾਲ ਸਮਾਜ ਦੇ ਆਮ ਵਰਗ ਲਈ ਕਰਦਾ ਹੈ ਉਸਦੇ ਰਾਹ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ। 

ਇਸੇ ਤਰ੍ਹਾਂ ਦੀ ਇੱਕ ਔਕੜ ਸਾਡੇ ਰਾਹ ਚ ਵੀ ਆਈ। ਜਦੋਂ ਅਸੀਂ ਆਪਣੀ ਆਵਾਮ ਰੰਗਮੰਚਟੋਲੀ ਵੱਲੋਂ ਨੌਜਵਾਨ ਭਾਰਤ ਸਭਾਦੇ ਸੱਦੇ ਤੇ ਸਮਾਣਾ ਦੇ ਇੱਕ ਨਿੱਜੀ ਕਾਲਜ ਚ ਨੁੱਕੜ ਨਾਟਕ ਕਰਨ ਲਈ ਕਾਲਜ ਦੇ ਗੇਟ ਮੂਹਰੇ ਪਹੁੰਚੇ, ਗੇਟ ਤੇ ਖੜਾ ਗੇਟ ਕੀਪਰ ਸਾਡੇ ਲੱਖ ਸਮਝਾਉਣ ਤੇ ਸਾਨੂੰ ਅੰਦਰ ਨਾ ਆਉਣ ਦੇਵੇ। ਵਿਦਿਆਰਥੀ ਜੋ ਸਾਨੂੰ ਲੈਣ ਆਏ ਸਨ ਉਨ੍ਹਾਂ ਨੇ ਬਹੁਤ ਸਮਝਾਇਆ ਕਿ ਇਹ ਤਾਂ ਨਾਟਕ ਵਾਲੇ ਨੇ, ਇਨ੍ਹਾਂ ਨੇ ਨਾਟਕ ਕਰਨਾ ਤੇ ਚਲੇ ਜਾਣਾ। ਪਰ ਨਹੀਂ ਜੀਗੇਟ ਕੀਪਰ ਨੂੰ ਜਿਵਂੇ ਕਿਹਾ ਗਿਆ ਸੀ ਉਸਨੇ ਤਾਂ ਉਵੇਂ ਹੀ ਕਰਨਾ ਸੀ। ਘੱਟੋ-ਘੱਟ ਘੰਟਾ ਡੇਢ ਘੰਟਾ ਬਹਿਸ ਚਲਦੀ ਰਹੀ। ਮਾਮਲਾ ਗੰਭੀਰ ਹੋ ਚੁੱਕਾ ਸੀ ਤੇ ਜਥੇਬੰਦੀ ਨੇ ਸਾਨੂੰ ਕਹਿ ਦਿੱਤਾ ਸੀ, “ਤਕੜੇ ਰਿਹੋ, ਇੱਥੇ ਕੁਝ ਵੀ ਹੋ ਸਕਦਾ ਹੈਅਸੀਂ ਵੀ ਠਾਣ ਲਈ ਸੀ ਕਿ ਹੁਣ ਤਾਂ ਜੋ ਮਰਜੀ ਹੋ ਜਾਵੇ, ਅਸੀਂ ਨਾਟਕ ਕਰਕੇ ਹੀ ਜਾਣਾ, ਨਾਲੇ ਇੱਥੇ ਸਵਾਲ ਸੀ ਭਗਤ ਸਿੰਘ ਦੀ ਵਿਚਾਰਧਾਰਾ ਦਾ, ਉਸਦੇ ਬੁਲੰਦ ਨਾਂ ਦਾ, ਤਸਵੀਰ ਦਾ। ਅਸਲ ਚ ਉਸੇ ਕਾਲਜ ਵਿੱਚ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਕਾਲਜ ਦੇ ਅਧਿਆਪਕ ਦੁਆਰਾ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀ ਟੀ-ਸ਼ਰਟ ਪਾਉਣ ਤੋਂ ਰੋਕ ਦਿੱਤਾ ਗਿਆ ਸੀ। ਉਸ ਸਮੇਂ ਉਸ ਨੌਜਵਾਨ ਦਾ ਜਵਾਬ ਸੀ, “ਅੱਜ ਦੇ ਸਮੇਂ ਚ ਫਿਲਮੀ ਅਦਾਕਾਰਾਂ ਦੀਆਂ ਫੋਟੋਆਂ ਵਾਲੀਆਂ ਕਾਪੀਆਂ, ਟੀ-ਸ਼ਰਟਾਂ ਤੇ ਹੋਰ ਕਿੰਨਾਂ ਕੁੱਝ ਨੌਜਵਾਨ ਪਾ ਕੇ ਸ਼ਰੇਆਮ ਘੁੰਮ ਰਹੇ ਨੇਹੋਰ ਤਾਂ ਹੋਰ ਅਸ਼ਲੀਲ ਸ਼ਬਦਾਬਲੀ ਵਾਲੀਆਂ ਟੀ-ਸ਼ਰਟਾਂ ਵੀ ਆਮ ਵੇਖੀਆਂ ਜਾ ਸਕਦੀਆਂ ਨੇ। ਉਨਾਂ ਨੂੰ ਤਾਂ ਤੁਸੀਂ ਕਦੀ ਕੁਝ ਕਿਹਾ ਨਹੀਂ ਤਾਂ ਭਗਤ ਸਿੰਘ ਦੀ ਫੋਟੋ ਨਾਲ ਤੁਹਾਨੂੰ ਕੀ ਮੁਸੀਬਤ ਐ ?” ਇਹ ਗੱਲ ਛੇਤੀ ਹੀ ਕਾਲਜ ਦੇ ਹੋਰ ਅਗਾਂਹਵਧੂ ਤੇ ਚੇਤੰਨ ਨੌਜਵਾਨਾਂ ਨੂੰ ਪਤਾ ਲੱਗ ਗਈ ਤੇ ਇਸ ਤਰ੍ਹਾਂ ਸਾਡੇ ਨੁੱਕੜ ਨਾਟਕ ਦਾ ਸਬੱਬ ਬਣ ਗਿਆ। ਹੁਣ ਜਿਵੇਂ ਕਿਵੇਂ ਕਾਲਜ ਦੇ ਅੰਦਰ ਦਾਖਿਲ ਹੋਏ ਤਾਂ ਹਲੇ ਸੁੱਖ ਦਾ ਸਾਹ ਹੀ ਲਿਆ ਸੀ ਕਿ ਪਤਾ ਚੱਲਿਆ ਕਿ ਕਾਲਜ ਦੇ ਕੁਝ ਵਿਦਿਆਆਰਥੀ ਹੁੱਲੜਬਾਜੀ ਕਰਨ ਵਾਲੇ ਨੇ। ਸਾਨੂੰ ਲੱਗਾ ਕਾਲਜ ਦੇ ਅੰਦਰ ਦਾਖਿਲ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਅਸਲ ਚੁਣੌਤੀ ਤਾਂ ਇਹ ਸੀ ਕਿ ਅਸੀਂ ਇਹੋ ਜਿਹੇ ਵਿਦਿਆਰਥੀਆਂ ਦੇ ਸਾਹਮਣੇ ਆਪਣੀ ਗੱਲ ਕਿਵਂੇ ਰੱਖਦੇ। ਕਾਲਜ ਦੇ ਵਿਦਿਆਰਥੀ ਕਿਸੇ ਤਮਾਸ਼ੇ ਦੀ ਤਰ੍ਹਾਂ ਨਾਟਕ ਦੀ ਉਡੀਕ ਕਰ ਰਹੇ ਸਨ ਕਿ ਉਹ ਚਲਦੇ ਨਾਟਕ ਵਿੱਚ ਕਮੈਂਟ ਮਾਰ ਕੇ ਵਿਘਨ ਪਾ ਸਕਣ। ਪਰ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਾਥੀ ਹੈਪੀ ਭਗਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੋ ਕੇ ਕਿਹਾ ਕਿ, “ਅਸੀਂ ਇਥੇ ਕੋਈ ਤਮਾਸ਼ਾ ਜਾਂ ਤੁਹਾਨੂੰ ਨੱਚਣ ਟੱਪਣ ਲਾਉਣ ਨਹੀਂ ਆਏ ਅਸੀਂ ਤਾਂ ਤੁਹਾਨੂੰ ਸੋਚਣ ਲਾਉਣ ਆਏ ਹਾਂ, ਇਸ ਲਈ ਅਸੀਂ ਆਪਣੀ ਰੰਗਮੰਚ ਟੋਲੀ ਵੱਲੋਂ ਵਿਦਿਆਰਥੀਆਂ ਨੂੰ ਬੇਨਤੀ ਕਰਦੇ ਆਂ ਕਿ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜੀ ਨਾ ਕੀਤੀ ਜਾਵੇਜੋ ਅਸੀਂ ਕਹਿਣ ਆਏ ਹਾਂ ਉਹ ਸੰਦੇਸ਼ ਤੁਸੀਂ ਲੈ ਕੇ ਜਾਣਾ ਹੈ।ਲਓ ਜੀ ਨਾਟਕ ਸੁਰੂ ਹੋਇਆ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ ਤੇ ਸਾਡਾ ਮਕਸਦ ਜੋ ਸੀ ਸੰਦੇਸ਼ ਨੂੰ ਪਹੁੰਚਾਉਣਾ ਉਹ ਵੀ ਪੂਰਾ ਹੋ ਗਿਆ। ਪਰ ਮੈਨੂੰ ਲੱਗਦਾ ਹੈ ਇਹ ਤਾਂ ਇੱਕ ਸ਼ੁਰੂਆਤ ਮਾਤਰ ਐ, ਹਾਲੇ ਤਾਂ ਹੋਰ ਮੋੜ ਵੀ ਨੇ, ਹੋਰ ਹਨ੍ਹੇਰੇ ਵੀ ਨੇ। ਪਰ ਜੋ ਵੀ ਹੋਵੇ ਅਸੀਂ ਨਾ ਰੁਕਣ ਦੀ ਠਾਣ ਰੱਖੀ ਹੈ। ਜਿਵੇਂ ਸਾਡੇ ਮਰਹੂਮ ਕਵੀ ਡਾ. ਜਗਤਾਰ ਜੀ ਨੇ ਵੀ ਲਿਖਿਆ ਹੈ………!   “ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨ੍ਹੇਰਾ, ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ। 

****
ਆਵਾਮ ਰੰਗਮੰਚ
ਬੀ 7/301, ਲਹੌਰੀ ਗੇਟ,ਪਿੱਛੇ ਪੁਲਿਸ ਡਵੀਜ਼ਨ ਨੰ.4
ਪਟਿਆਲਾ

No comments: