ਅਸੀਂ ਬਜ਼ੁਰਗ ਅਖਵਾਉੁਣ ਤੋਂ ਕਿਉਂ ਡਰਦੇ ਹਾਂ........... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਹਰ ਵੇਲੇ ਜਵਾਨ ਹੋਇਆ ਹੀ ਨਜ਼ਰ ਆਉਣਾ ਲੋਚਦਾ ਹੈ ਬੇਸ਼ੱਕ ਕੋਈ ਬੁੱਢਾ ਚਿੱਟੀ ਦਾੜ੍ਹੀ ਵਾਲਾ ਕਿਉਂ ਨਾ ਹੋਵੇ ਜੇਕਰ ਉਸ ਨੂੰ ਕੋਈ ਬਾਬਾ ਆਖ ਦੇਵੇ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਇੱਟ ਮਾਰ ਦਿੱਤੀ ਹੋਵੇ। ਜਿਵੇਂ ਇੱਕ ਵਾਰੀ ਇੱਕ ਆਦਮੀ ਨੇ ਇੱਕ ਤੁਰੇ ਜਾਂਦੇ ਬੁੱਢੇ ਬਾਬੇ ਵਿੱਚ ਸਾਇਕਲ ਮਾਰਿਆ ਤਾਂ ਮਾਰਨ ਵਾਲੇ ਨੇ ਪੁਛਿਆ, ‘‘ਬਾਬਾ ਤੇਰੇ ਸੱਟ ਤਾਂ ਨਹੀਂ ਵੱਜੀ’’ ਤਾਂ ਬੁੱਢਾ ਕਹਿੰਦਾ ਪਹਿਲਾਂ ਤਾਂ ਨਹੀਂ ਸੀ ਵੱਜੀ ਪਰ ਜਦ ਤੂੰ ਬਾਬਾ ਕਹਿਤਾ, ਹੁਣ ਤਾਂ ਇਉਂ ਲੱਗਦਾ ਜਿਵੇਂ ਲੱਤ ਟੁੱਟ ਗਈ ਹੋਵੇ। ਇਸੇ ਤਰਾਂ ਜਦ ਕਿਸੇ ਕੁੜੀ ਨੂੰ ਕੋਈ ਅੰਟੀ ਜਾਂ ਕਿਸੇ ਮੁੰਡੇ ਨੂੰ ਅੰਕਲ ਕਹਿ ਦੇਵੇ ਤਾਂ ਅਜੀਬ ਮਹਿਸੂਸ ਹੁੰਦਾ ਹੈ। ਇਹੀ ਕਾਰਨ ਹੈ ਕਿ ਨਿੱਤ ਦਿਨ ਬਾਜ਼ਾਰ ਵਿੱਚ ਨਵੀਆਂ ਤੋਂ ਨਵੀਆਂ ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੀ ਚਰਚਾ ਹੁੰਦੀ ਰਹਿੰਦੀ ਹੈ। ਹਰ ਕੋਈ ਇੱਕ-ਦੂਜੇ ਤੋਂ ਪੁੱਛਦਾ ਹੈ ਕਿ ਤੂੰ ਕਿਹੜੀ ਡਾਈ ਲਾਉਣੈ, ਫਲਾਨੀ ਡਾਈ ਤਾਂ ਰੈਕਸ਼ਨ ਕਰ ਦਿੰਦੀ ਆ, ਕਿਸੇ ਵਧੀਆ ਕੰਪਨੀ ਦੀ ਡਾਈ ਦੱਸ ਭਾਵੇਂ ਮਹਿੰਗੀ ਹੋਵੇ ਆਦਿ। ਪਰ ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਜਿਹੜੀ ਵਾਲ ਕਾਲੇ ਕਰਨ ਵਾਲੀ ਕੋਈ ਵੀ ਮਹਿੰਦੀ ਜਾਂ ਡਾਈ ਹੋਵੇਗੀ ਉਸ ਵਿੱਚ ਕੈਮੀਕਲ ਤਾਂ ਹੋਵੇਗਾ ਹੀ, ਬੇਸ਼ੱਕ ਉਸਦਾ ਰੈਕਸ਼ਨ ਘੱਟ ਹੋਵੇ ਜਾਂ ਵੱਧ, ਉਹ ਆਪਣਾ ‘ਰੰਗ’ ਤਾਂ ਜਰੂਰ ਦਿਖਾਏਗੀ। ਬਿਊਟੀ ਪਾਰਲਰਾਂ ਵਿੱਚ ਔਰਤਾਂ ਦੀ ਲੰਮੀ ਲਾਈਨ ਜਾਂ ਜਿੰਮ ਵਿੱਚ ਲੱਗੀ ਔਰਤਾਂ-ਮਰਦਾਂ ਦੀ ਲੰਮੀ ਲਾਈਨ ਇਸੇ ਗੱਲ ਦਾ ਪ੍ਰਤੀਕ ਹੈ ਕਿ ਅਸੀਂ ‘ਬੁੱਢੇ’ ਅਖਵਾਉਣ ਤੋਂ ਚਲਦੇ ਹਾਂ।

ਜੇਕਰ ਕੋਈ ਬੱਚਾ ਕਿਸੇ ਤੁਰੇ ਜਾਂਦੇ ਨੂੰ ਤਾਇਆ ਜਾਂ ਬਾਬਾ ਕਹਿ ਦੇਵੇ ਤਾਂ ਉਹਦੇ ਪਿਸੂ ਪੈ ਜਾਂਦੇ ਹਨ। ਕਈ ਤਾਂ ਮੋੜ ਕੇ ਜਵਾਬ ਵੀ ਦੇਣਗੇ ਕਿ ਮੈਂ ਤੇਰਾ ਚਾਚਾ ਲੱਗਦੈਂ ਚਾਚਾ। ਭਾਵ ਕਿ ਬਾਬਾ ਜਾਂ ਤਾਇਆ ਕਹਾਉਂਦੇ ਨੂੰ ਸ਼ਰਮ ਆਉਂਦੀ ਹੈ। ਇਸੇ ਕਰਕੇ ਲੋਕੀਂ ਉਮਰ ਲੁਕਾਉਣ ਲੱਗਦੇ ਹਨ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਇਹਦੀ ਦਾਹੜੀ ਚਿੱਟੀ ਹੋ ਗਈ ਹੈ। ਇਸ ਕਰਕੇ ਦਾੜ੍ਹੀ ਨੂੰ ਰੰਗਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਵੈਸੇ ਵੀ ਅੱਜਕੱਲ੍ਹ ਤਾਂ ਛੋਟੀ ਉਮਰ ਵਿੱਚ ਦਾੜ੍ਹੀ ਅਤੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ। ਬੇਸ਼ੱਕ ਕੁਝ ਵੀ ਹੋਵੇ ਬੰਦੇ ਦਾ ਚਿਹਰਾ ਹੀ ਦੱਸ ਦਿੰਦਾ ਹੈ, ਭਾਵੇਂ ਦਾੜ੍ਹੀ ਕਾਲੀ ਕਰ ਲਓ, ਭਾਵੇਂ ਸਿਰ ਦੇ ਵਾਲ ਕਾਲੇ ਕਰ ਲਓ, ਭਰਵੱਟੇ ਕਟਾ ਲਵੋ ਜਾਂ ਦਾੜ੍ਹੀ ਛੋਟੀ ਕਰ ਲਵੋ ਪਰ ਤੁਹਾਡੇ ਚਿਹਰੇ ਤੋਂ ਤੁਹਾਡੀ ਉਮਰ ਦਾ ਤਕਾਜ਼ਾ ਹੋ ਜਾਵੇਗਾ। ਸਿਰਫ ਵਾਲ ਕਾਲੇ ਕਰਨ ਨਾਲ ਹੀ ਜਵਾਨ ਨਹੀਂ ਬਣਿਆ ਜਾਂਦਾ। ਇਸ ਤਰ੍ਹਾਂ ਤਾਂ ਛੋਟੇ-ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋਏ ਪਏ ਹਨ, ਕੀ ਅਸੀਂ ਉਹਨਾਂ ਨੂੰ ਵੀ ਬਾਬਾ ਕਹਿ ਦੇਵਾਂਗੇ। ਭਾਵੇਂ ਪਤਾ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ ਕਿ ਫਲਾਣਾ ਆਪਣੇ ਵਾਲ ਰੰਗਦਾ ਜਾਂ ਕਲਫ ਲਾਉਂਦਾ ਹੈ, ਪਰ ਸੱਚ ਜਾਣਿਓ ਚਿੱਟੀ ਦੁੱਧ ਵਰਗੀ ਦਾੜ੍ਹੀ ਵੀ ਬੜੀ ਫੱਬਦੀ ਆ।

ਮੇਰੇ ਇੱਕ ਵਾਰ ਦੀ ਗੱਲ ਚੇਤੇ ਆ ਗਈ ਕਿ ਮੈਂ ਇੱਕ ਵਾਰ ਇੱਕ ਮਰੀਜ਼ ਦਾ ਹਸਪਤਾਲ ਵਿੱਚ ਪਤਾ ਲੈਣ ਗਿਆ। ਜਦੋਂ ਸਾਰਾ ਹਾਲ ਚਾਲ ਪੁੱਛਿਆ ਤਾਂ ਉਹਨੇ ਇੱਕ ਗੱਲ ਦੱਸੀ, ਯਾਰ ਸਰੀਰ ਤਾਂ ਠੀਕ ਹੈ ਪਰ ਹਸਪਤਾਲ ਵਿੱਚ ਆ ਕੇ ਇੱਕ ਗੁੱਝਾ ਭੇਦ ਖੁੱਲ ਗਿਆ। ਮੈਂ ਪੁੱਛਿਆ ਕਿਹੜਾ? ਉਹ ਕਹਿੰਦਾ ਮੈਂ ਆਪਣੀ ਭਾਬੀ (ਮਿੱਤਰ ਦੇ ਘਰਵਾਲੀ) ਤੋਂ ਇੱਕ ਭੇਦ ਛੁਪਾਕੇ ਰੱਖਿਆ ਸੀ ਕਿ ਮੈਂ ਤਾਂ ਤੇਰਾ ਦਿਓਰ ਹਾਂ। ਪਰ ਜਦੋਂ ਉਹ ਮੇਰਾ ਪਤਾ ਲੈਣ ਆਈ ਤਾਂ ਉਹਨੇ ਮੇਰੀ ਫਾਇਲ ਦੇਖ ਲਈ, ਉਸ ਉਪਰ ਮੇਰੀ ਉਮਰ ਲਿਖੀ ਸੀ 38 ਸਾਲ, ਭਾਬੀ ਨੂੰ ਮੈਂ ਕਿਹਾ ਸੀ ਕਿ ਮੈਂ ਤੈਥੋਂ ਚਾਰ ਸਾਲ ਛੋਟਾਂ, ਪਰ ਫਾਇਲ ਤੇ ਦੇਖਕੇ ਭਾਬੀ ਨੂੰ ਪਤਾ ਲੱਗਾ ਕਿ ਇਹ ਤਾਂ ਮੇਰਾ ਜੇਠ ਲੱਗਦਾ। ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਸੀ। ਉਮਰ ਲੁਕਾਉਣ ਦੀ, ਭੇਦ ਖੁੱਲ ਗਿਆ। ਡਾਕਟਰਾਂ ਕੋਲ ਤਾਂ ਉਮਰ ਸਹੀ ਦੱਸਣੀ ਪੈਂਦੀ ਆ। ਉਸ ਹਿਸਾਬ ਨਾਲ ਹੀ ਦਵਾਈ ਦੀ ਤਾਕਤ ਦਿੰਦੇ ਆ, ਬਿਮਾਰ ਹੋਣ ਦਾ ਐਡਾ ਦੁੱਖ ਨਹੀਂ ਹੋਇਆ, ਜਿੰਨਾਂ ‘ਜੇਠ’ ਬਣਨ ਦਾ।

ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਇੱਕ ਗੱਲ ਹੋਰ ਚੇਤੇ ਆ ਗਈ। ਇੱਕ ਕਵੀ ਦਰਬਾਰ ਵਿੱਚ ਇੱਕ ਬਜ਼ੁਰਗ ਲੇਖਕ ਆਏ ਹੋਏ ਸਨ। ਮੈਂ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਕਵੀ ਦਰਬਾਰ ਸ਼ੁਰੂ ਹੋਣ ਤੋਂ ਪਹਿਲਾਂ ਚਾਹ-ਪਾਣੀ ਪਿਆਉਣ ਦੀ ਡਿਊਟੀ ਮੇਰੀ ਲੱਗੀ ਹੋਈ ਸੀ। ਮੈਂ ਉਹਨਾਂ ਕੋਲ ਜਾ ਕੇ ਕਿਹਾ ਬਜ਼ੁਰਗੋ ਚਾਹ ਪੀ ਲਓ। ਬੱਸ ਐਨਾ ਕਹਿਣ ਦੀ ਦੇਰੀ ਸੀ ਉਹ ਮੇਰੇ ਪਿੱਛੇ ਪੈ ਗਏ। ਮੈਂ ਸੋਚਿਆ ਅਜਿਹੀ ਤਾਂ ਕੋਈ ਗੱਲ ਨਹੀਂ ਆਖੀ, ਇਹਨਾਂ ਨੂੰ ਕੀ ਹੋ ਗਿਆ। ਇਸੇ ਤਰਾਂ ਸਟੇਜ ਸਕੱਤਰ ਨੇ ਦੋ-ਚਾਰ ਕਵੀਆਂ ਤੋਂ ਬਾਅਦ ਉਸ ਬਜ਼ੁਰਗ ਲੇਖਕ ਦਾ ਨਾਂਅ ਬੋਲ ਦਿੱਤਾ, ਉਹਨੇ ਵੀ ਮੇਰੇ ਵਾਂਗ ਸਤਿਕਾਰ ਨਾਲ ‘ਬਜ਼ੁਰਗ ਸ਼ਬਦ’ ਬੋਲ ਦਿੱਤਾ, ਹੁਣ ਤੁਹਾਡੇ ਸਾਹਮਣੇ ਪੰਜਾਬੀ ਦੇ ਮਹਾਨ ਗਜ਼ਲਗੋ ਬਜ਼ੁਰਗ ਫਲਾਣਾ ਜੀ ਨੂੰ ਪੇਸ਼ ਕਰ ਰਿਹਾ ਹਾਂ। ਜਨਾਬ ਨੇ ਸਟੇਜ ’ਤੇ ਪੰਦਰਾਂ ਮਿੰਟ ਸਿਰਫ਼ ਇਸੇ ਗੱਲ ਨੂੰ ਲਾਏ ਕਿ ਸ਼ਾਇਰ ਕਰਦੇ ਬਜ਼ੁਰਗ ਨਹੀਂ ਹੁੰਦਾ। ਉਸ ਮਹਿਫਲ ਵਿਚ ਹੋਰ ਵੀ ਬਜ਼ੁਰਗ ਕਵੀ, ਲੇਖਕ ਬੈਠੇ ਸਨ। ਫਿਰ ਸਟੇਜ ਸਕੱਤਰ ਨੇ ਸੋਚ ਸਮਝ ਕੇ ਹਰੇਕ ਬਜ਼ੁਰਗ ਕਵੀ, ਲੇਖਕ ਨੂੰ ਬਿਨਾਂ ਬਜ਼ੁਰਗ ਸ਼ਬਦ ਆਖੇ ਸਟੇਜ ’ਤੇ ਬੁਲਾਇਆ। ਕਹਿਣ ਤੋਂ ਭਾਵ ਕਿ ‘ਬਜ਼ੁਰਗ’ ਸ਼ਬਦ ਸਤਿਕਾਰ ਦਾ ਪ੍ਰਤੀਕ ਹੈ। ਕੀ ਕਰੀਏ ਕੋਈ ਅਖਵਾ ਕੇ ਖੁਸ਼ ਨਹੀਂ, ਭਾਵੇਂ ਕਿਸੇ ਬੁੜੇ ਦੀਆਂ ਲੱਤਾਂ ਕਬਰਾਂ ’ਚ ਹੋਣ, ਪਰ ਫਿਰ ਵੀ ਜੇ ਉਹਨੂੰ ਕੋਈ ਬਜ਼ੁਰਗ ਆਖ ਦੇਵੇ ਤਾਂ ਜਾਨ ਨਿਕਲ ਜਾਂਦੀ ਆ।

ਕਈ ਲੋਕਾਂ ਦਾ ਕਹਿਣਾ ਹੈ ਕਿ ‘ਦਿਲ ਹੋਣਾ ਚਾਹੀਦੈ ਜਵਾਨ ਉਮਰਾਂ ’ਚ ਕੀ ਰੱਖਿਆ।’ ਉਮਰਾਂ ਵਿਚ ਹੀ ਸਭ ਕੁਝ ਰੱਖਿਆ ਹੈ, ਉਮਰ ਦੇ ਹਿਸਾਬ ਨਾਲ ਹੀ ਬੰਦੇ ਨੂੰ ਅਕਲ ਆਉਂਦੀ ਹੈ। ਉਮਰ ਦੇ ਹਿਸਾਬ ਨਾਲ ਸਰੀਰ ਦੀਆਂ ਹਰਕਤਾਂ ਵਧਦੀਆਂ-ਘਟਦੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਹਨ ਜਿੰਨ੍ਹਾਂ ਨੂੰ ਡਾਕਟਰ ਸਿਰਫ ਉਮਰ ਦੇ ਰੋਗ ਨਾਲ ਪੁਕਾਰਦੇ ਹਨ ਅਤੇ ਉਸ ਹਿਸਾਬ ਨਾਲ ਹੀ ਉਹਦਾ ਇਲਾਜ ਕਰਦੇ ਹਨ। ਕਹਿਣ ਨੂੰ ਤਾਂ ਭਾਵੇਂ ਕੁਝ ਕਹੀਏ ਪਰ ਉਮਰ ਮੁਤਾਬਕ ਸਿਆਣੇ, ਸਮਝਦਾਰ, ਉਚੀ ਸੋਚ ਦੇ ਮਾਲਕ ਬਣਨਾ ਚਾਹੀਦਾ ਹੈ। ਜੀਵਨ ਦੇ ਤਿੰਨ ਰੰਗ ਬਚਪਨ, ਜਵਾਨੀ ਅਤੇ ਬੁਢਾਪਾ ਤਿੰਨਾਂ ਨੂੰ ਵਧੀਆ ਢੰਗ ਨਾਲ ਹੰਢਾਉਣਾ ਚਾਹੀਦਾ ਹੈ। ਬਚਪਨ ਬੇਸੂਝ ਅਤੇ ਜਵਾਨੀ ਅਣਜਾਣ ਹੁੰਦੀ ਹੈ। ਇੱਕ ਬੁਢਾਪਾ ਹੀ ਹੈ ਜੋ ਤਲਖ ਤਜ਼ਰਬਿਆਂ ਤੋਂ ਜਾਣੂ ਹੁੰਦਾ ਹੈ। ਉਸ ਬੁਢਾਪੇ ਤੋਂ ਹੀ ਅਸੀਂ ਘਬਰਾਉਣ ਲੱਗ ਜਾਂਦੇ ਹਾਂ। ਸਰੀਰ ਨੂੰ ਠੀਕ ਰੱਖੋ, ਹੱਥ ਵਿੱਚ ਖੂੰਡੀ ਫੜਨ ਤੋਂ ਬਚੋ, ਆਪਣੇ ਸਰੀਰ ਦੀ ਆਪ ਸੇਵਾ ਸੰਭਾਲ ਕਰੋ। ਅੰਗ-ਪੈਰ ਚਲਦੇ ਰਹਿਣ ਪਰ ਚਿੱਟੇ ਵਾਲਾ ਤੋਂ ਨਾ ਘਬਰਾਓ ਸਗੋਂ ਬਜ਼ੁਰਗ ਅਖਵਾਉਣ ਵਿਚ ਮਾਣ ਮਹਿਸੂਸ ਕਰੋ।

****

No comments: