ਸੱਚ ਦੀ ਸਾਰ.......... ਨਜ਼ਮ/ਕਵਿਤਾ / ਕੁਲਦੀਪ ਸਿੰਘ ਢਿੱਲੋਂ, ਗਗੜਾ (ਜਗਰਾਓਂ)

ਹੇ ਨਾਨਕ !
ਤੂੰ ਕਹਿੰਦਾ ਰਿਹਾ
ਸੱਚ ਲਈ ਜੀਉ
ਤੇ ਸੱਚ ਲਈ ਮਰੋ
ਪਰ ਅਸੀਂ ਕਿਵੇਂ ਜਾਣੀਏ
ਸੱਚ ਦੀ ਸਾਰ ਵੇ ਨਾਨਕ !
ਝੂਠ ਇਸ ਸਮਾਜ ਨੇ
ਸਾਡੀ ਝੋਲੀ ਪਾਇਆ ਤੇ
ਝੂਠ ਦਾ ਟਿੱਕਾ
ਸਾਡੇ ਮੱਥੇ 'ਤੇ ਲਾਇਆ
ਝੂਠ ਅਸਾਂ ਨੇ ਪਹਿਨਿਆ

ਤੇ ਖੂਬ ਹੰਢਾਇਆ
ਹੁਣ ਦੱਸ ਕਿਹੜੇ ਝੂਠ ਨੂੰ
ਦੇਈਏ ਵਿਸਾਰ ਵੇ ਨਾਨਕ !
ਅੱਜ ਮੰਦਰਾਂ ਵਿੱਚੋਂ ਭਗਵਾਨ ਚੋਰੀ ਹੁੰਦੇ ਨੇ
ਅੱਜ ਦਿਲਾਂ ਵਿੱਚੋਂ ਈਮਾਨ ਚੋਰੀ ਹੁੰਦੇ ਨੇ
ਤੇ ਆਦਮੀਆਂ ਵਿੱਚੋਂ ਇਨਸਾਨ ਚੋਰੀ ਹੁੰਦੇ ਨੇ
ਹੁਣ ਦੱਸ ਫਿਰ ਕਿਹੜੇ ਆਸਰੇ ਕਰੀਏ
ਸੱਚ ਬਾਰੇ ਵਿਚਾਰ ਵੇ ਨਾਨਕ !
ਭਗਵਾਨ ਵਿਕੇ ਅੱਜ ਵਿੱਚ ਬਜ਼ਾਰਾਂ
ਭਗਵਾਨ ਰਿਹਾ ਅੱਜ ਇੱਕ ਨਹੀਂ
ਭਗਵਾਨ ਬਣੇ ਅੱਜ ਲੱਖ ਹਜ਼ਾਰਾਂ
ਭਗਵਾਨ ਨੂੰ ਕਰ ਲਿਆ ਮੰਦਰੀਂ ਕੈਦੀ
ਸਭ ਧਰਮਾਂ ਦੇ ਠੇਕੇਦਾਰਾਂ
ਦੱਸ ਫਿਰ ਕਿਹੜੇ ਮੰਦਰਾਂ ਵਿੱਚੋਂ
ਸੱਚ ਦੀ ਦੇਈਏ ਪੁਕਾਰ ਵੇ ਨਾਨਕ !
ਸੱਚ ਤਾਂ ਹੈ ਅੱਜ ਘਾਤਕ ਛੁਰੀਆਂ
ਸੱਚ ਹੈ ਨਿਰੀਆਂ ਜ਼ਹਿਰੀ ਪੁੜੀਆਂ
ਜੋ ਭੀ ਦਿਲ ਅੱਜ ਭਰੇ ਸਚਾਈ
ਐਸਾ ਨਾਗ ਉਸ ਸਦਾ ਲੜ ਜਾਵੇ
ਹੋ ਜਾਂਦਾ ਉਹ ਸਦਾ ਸ਼ੁਦਾਈ
ਫਿਰ ਕਿਵੇਂ ਆਖੀਏ ਸੱਚ ਨੂੰ                                                        
ਅਸੀਂ ਗੁਫ਼ਾਰ ਵੇ ਨਾਨਕ !                                                                  
ਹੇ ਨਾਨਕ
ਤੂੰ ਕਹਿੰਦਾ ਰਿਹਾ
ਸੱਚ ਲਈ ਜੀਉ
ਤੇ ਸੱਚ ਲਈ ਮਰੋ
ਪਰ ਅਸੀਂ ਕਿਵੇਂ ਜਾਣੀਏ ਸੱਚ ਦੀ ਸਾਰ ਵੇ ਨਾਨਕ !

****

No comments: