ਘੜੀ ਦੀਆਂ ਸੂਈਆਂ ਦੀ ਅੱਗੜ ਪਿੱਛੜ ਦੌੜ......... ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ

ਮਨੁੱਖ ਆਦਿ ਸਮੇਂ ਤੋਂ ਹੀ ਸਮੇਂ ਨੂੰ ਮਿਣਨ ਦਾ ਯਤਨ ਕਰਦਾ ਰਿਹਾ ਹੈ। ਉਸ ਨੇ ਸੂਰਜ ਵਾਲੇ ਸਮੇਂ ਨੂੰ ਦਿਨ ਅਤੇ ਚੰਦਰਮਾ ਦੇ ਸਮੇਂ ਨੂੰ ਰਾਤ ਦਾ ਨਾਮ ਦਿੱਤਾ। ਸੂਰਜ ਦੇ ਉਗਣ ਨੂੰ ਸਵੇਰ ਅਤੇ ਅਸਤ ਹੋਣ ਨੂੰ ਸ਼ਾਮ ਦਾ ਨਾਮ ਦਿੱਤਾ । ਫਿਰ ਦਿਨ ਨੂੰ ਮਿਣਨ ਦਾ ਯਤਨ ਧਰਤੀ ਵਿਚ ਕਿਸੇ ਸਥਾਨ ਉਪਰ ਸੋਟੀ ਲਗਾ ਕੇ ਉਸ ਦੇ ਬਦਲਦੇ ਪਰਛਾਵੇਂ ਨੂੰ ਵੇਖ ਦਿਨ ਦੇ ਵੱਖ ਵੱਖ ਹਿੱਸੇ ਕਰ ਲਏ ਅਤੇ ਇਸ ਤਰ੍ਹਾਂ ਸਮੇਂ ਨੂੰ ਲੋੜ ਅਨੁਸਾਰ ਵੰਡ ਲਿਆ । ਜਦੋਂ ਚੰਦਰਮਾ ਦੇ ਬਦਲਦੇ ਅਕਾਰ ਸੰਬੰਧੀ ਜਾਣਕਾਰੀ ਮਿਲੀ ਤਾਂ ਉਸ ਦਾ  ਚਾਨਣ ਪੱਖ ਅਤੇ ਹਨੇਰ ਪੱਖ ਸਮਝ ਲਿਆ ਅਤੇ  ਚਾਨਣ ਵਾਲੇ ਪੱਖ ਨੂੰ ਸੁਦੀ, ਹਨੇਰੇ ਵਾਲੇ ਪੱਖ ਨੂੰ ਵਦੀ ਦਾ ਨਾਮ ਦੇ ਦਿੱਤਾ । ਘੜੀ ਦੀ ਖੋਜ ਨੇ ਸਮੇਂ ਨੂੰ ਮਿਣਨਾ ਆਸਾਨ ਕਰ ਦਿਤਾ । ਘੜੀ ਦੀਆਂ ਸੂਈਆਂ ਦੀ ਅੱਗੜ ਪਿੱਛੜ ਦੌੜ ਨੇ ਸਮੇਂ ਨੂੰ ਨਿੱਕੇ ਹਿੱਸਿਆਂ ਵਿਚ ਵੰਡ ਕਰ ਕੇ ਮਨੁੱਖ ਦੇ ਜੀਵਨ ਨੂੰ ਸਮਾਂ ਬੱਧ ਕਰ ਦਿੱਤਾ।


ਮੌਜੂਦਾ ਕੈਲੰਡਰ ਲੰਮੇ ਸਮੇਂ ਤੱਕ ਚੱਲਣ ਵਾਲਾ ਬਣਾਇਆ ਗਿਆ ਹੈ ਪਰੰਤੂ ਮਾਯਾ ਸੱਭਿਅਤਾ ਦਾ ਕੈਲੰਡਰ ਇੱਕੀ ਦਸੰਬਰ ਦੋ ਹਜ਼ਾਰ ਬਾਰਾਂ ਨੂੰ ਖ਼ਤਮ ਹੋ ਰਿਹਾ ਹੈ ਅਤੇ ਇਹ ਵੀ ਖਦਸ਼ਾ ਹੈ ਕਿ ਇਸ ਧਰਤੀ ਉਪਰ ਇਸ ਦਿਨ ਤੋਂ ਬਾਅਦ ਕੁਝ ਵੀ ਨਹੀਂ ਬਚੇਗਾ । ਪਰੰਤੂ ਇਸ ਗੱਲ ਵਿਚ ਕੋਈ ਵੀ  ਸਚਾਈ ਨਹੀਂ ਜਾਪਦੀ ਹੈ । ਅਸਲ ਗੱਲ ਇਹ ਹੈ ਕਿ ਮਾਯਾ ਸੱਭਿਅਤਾ ਦਾ ਕੈਲੰਡਰ, ਜੋ ਕਿ ਈਸਵੀ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਖਤਮ ਹੋ ਰਿਹਾ ਹੈ । ਵੱਖ ਵੱਖ ਸੱਭਿਅਤਾਵਾਂ ਵਲੋਂ ਵੱਖ ਵੱਖ ਸਮੇਂ ਤੋਂ ਕੈਲੰਡਰ ਸੁਰੂ ਕੀਤੇ ਹਨ, ਜਿਵੇਂ ਮਿਸਰ ਦੀ ਸੱਭਿਅਤਾ ਵੱਲੋਂ ਪੂਰਵ ਇਤਿਹਾਸ ਵਿਚ ਸੂਰਜੀ ਕੈਲੰਡਰ ਮੰਨ ਲਿਆ ਗਿਆ ਸੀ । ਸੁਮੇਰੀਆ ਕੈਲੰਡਰ ਜੋ ਕਿ ਈਸਵੀ ਤੋਂ 2100 ਸਾਲ ਪੂਰਵ ਸ਼ੁਰੂ ਹੋਇਆ ਅਤੇ ਸਾਲ ਨੂੰ 360 ਦਿਨ ਦਾ ਮਿਥ ਲਿਆ ਗਿਆ ਸੀ । ਰੋਮਨ ਕੈਲੰਡਰ ਜੋ ਈਸਵੀ ਤੋਂ 753 ਸਾਲ ਪੂਰਵ ਸੁ਼ਰੂ ਹੋਇਆ, ਕੇਵਲ ਦਸ ਮਹੀਨਿਆਂ ਦਾ ਸਾਲ ਮਿਥਿਆ ਗਿਆ ਸੀ, ਜੋ ਕਿ ਬਾਅਦ ਵਿਚ ਈਸਵੀ ਤੋਂ 700 ਸਾਲ ਪੂਰਵ 12 ਮਹੀਨਿਆਂ ਦਾ ਮਿਥ ਲਿਆ ਅਤੇ ਹੁਣ ਤੱਕ ਚਲ ਰਿਹਾ ਹੈ । ਦਿਨ ਸ਼ਬਦ ਰੋਸ਼ਨੀ ਜਾਂ ਡੇ ਤੋਂ ਬਣਿਆ ਜਦੋਂ ਕਿ ਇਟਾਲੀਅਨ ਸਪੈਨਿਸ਼ ਅਨੁਸਾਰ ਦੀਊਜ, ਜਿਸਦਾ ਅਰਥ ਰੱਬ ਹੈ, ਤੋਂ ਡੇ ਜਾਂ ਦਿਨ ਬਣਿਆ ਹੈ ।

ਦਸ ਮਹੀਨੇ ਦਸ ਉਂਗਲਾਂ ਦੇ ਪ੍ਰਤੀਕ ਸਨ ਅਤੇ ਮਹੀਨਿਆਂ ਵਿਚ 31 ਜਾਂ 30 ਦਿਨ ਮਿਥ ਲਏ ਗਏ, ਜੋ ਕਿ ਬਦਲਵੇਂ ਸਨ ਅਰਥਾਤ ਪਹਿਲਾ, ਤੀਜਾ, ਪੰਜਵਾਂ, ਸੱਤਵਾਂ, ਨੋਵਾਂ 31 ਦਿਨ ਅਤੇ ਦੂਜਾ, ਚੌਥਾ, ਛੇਵਾਂ, ਅੱਠਵਾਂ ਅਤੇ ਦਸਵਾਂ 30 ਦਿਨ ਦੇ ਸਨ। ਸਾਲ ਮਾਰਚ ਤੋਂ ਸ਼ੁਰੂ ਹੁੰਦਾ ਸੀ ਅਤੇ ਸਾਲ ਦੇ 305 ਦਿਨ ਰੱਖੇ ਗਏ ਬਾਅਦ ਵਿਚ ਦੋ ਮਹੀਨੇ ਹੋਰ ਜੋੜ ਦਿਤੇ ਗਏ ਜਿਸ ਵਿਚ ਜਨਵਰੀ 29 ਦਿਨ ਦੀ ਅਤੇ ਫਰਵਰੀ 28 ਦਿਨ ਦੀ ਸੀ ਅਤੇ ਸਾਲ ਦੇ 362 ਦਿਨ ਗਿਣ ਲਏ ਗਏ ਜੋ ਕਿ ਬਾਅਦ ਵਿਚ 365 ਦਿਨ ਗਿਣ ਲਏ ਗਏ । ਫਿਰ ਸਾਲ ਵਿਚ 365 ਦਿਨ  5 ਘੰਟੇ 55 ਮਿੰਟ ਮੰਨ ਲਏ ਗਏ । ਜੂਲੀਅਸ ਸੀਜ਼ਰ ਦੇ ਕੈਲੰਡਰ ਵਿਚ ਸਾਲ 365 ਦਿਨ ਅਤੇ 6 ਘੰਟੇ ਦਾ ਮਿਥਿਆ ਗਿਆ ਅਤੇ ਹਰ ਚਾਰ ਸਾਲ ਬਾਅਦ ਲੀਪ ਦਾ ਸਾਲ ਮਿਥ ਲਿਆ ਗਿਆ ਜੋ ਕਿ 366 ਦਿਨ ਦਾ ਰੱਖ ਲਿਆ ਗਿਆ । ਜਦੋਂ ਕਿ ਭਾਰਤੀ ਆਰੀਆ ਭੱਟ ਨੇ 499 ਈਸਵੀ ਪੂਰਵ ਵਿਚ ਸਾਲ ਨੂੰ 365 ਦਿਨ 8 ਘੰਟੇ 36 ਮਿੰਟ 30 ਸਕਿੰਟ ਦਾ ਦੱਸਿਆ ਸੀ ।
      
ਦਸ ਮਹੀਨਿਆ ਦੇ ਨਾਮ ਪਹਿਲਾਂ ਰੋਮਨ ਅੰਕਾਂ ਵਿਚ ਲਿਖੇ ਜਾਂਦੇ ਸਨ ਅਤੇ ਪਹਿਲਾ ਮਹੀਨਾ ਗੇਟਸ ਦੇ ਭਗਵਾਨ  ਜੈਨੂਸ ਦੇ ਨਾਮ ਉਪਰ ਜਨਵਰੀ, ਦੂਏਜ਼ਰ ਜਾਂ ਦੂਜਾ ਮਹੀਨਾ ਪਾਪਾਂ ਨੂੰ ਧੋਣ ਵਾਲੇ ਭਗਵਾਨ ਫੇਬੂਸ ਦੇ ਨਾਮ ਤੇ ਫਰਵਰੀ, ਤੀਸਰਾ ਮਹੀਨਾ ਯੁੱਧ ਦੇ ਭਗਵਾਨ ਮਾਰਸ ਦੇ ਨਾਮ ਤੇ ਮਾਰਚ, ਚੌਥਾ ਮਹੀਨਾ ਲਾਤੀਨੀ ਭਾਸ਼ਾ ਵਿਚ aperire means "to open or to bud"  ਦੇ ਅਧਾਰ ਤੇ ਅਪ੍ਰੈਲ, ਪੰਜਵਾਂ ਮਹੀਨਾ plant growth ਦੀ ਦੇਵੀ ਮਾਇਆ ਦੇ ਨਾਂ ਤੇ ਮਈ ਅਤੇ ਰੋਮਨ ਵਿਚ quintilis ਅਰਥਾਤ ਪੰਜਵਾਂ ਮਹੀਨਾ, ਛੇਵਾਂ ਮਹੀਨਾ ਲਾਤੀਨੀ ਭਾਸ਼ਾ junores means young people ਦੇ ਅਧਾਰ ਤੇ ਜੂਨ ਅਤੇ ਰੋਮਨ ਵਿਚ Sextiles ਅਰਥਾਤ ਛੇਵਾਂ, ਸੱਤਵਾਂ ਮਹੀਨਾ ਸਤੰਬਰ ਕਿਉਂਕਿ ਲਾਤੀਨੀ ਭਾਸ਼ਾ ਵਿਚ Septem ਦਾ ਅਰਥ ਸੱਤਵਾਂ ਹੁੰਦਾ ਹੈ, ਅੱਠਵਾਂ ਮਹੀਨਾ ਅਕਤੂਬਰ ਕਿਉਂਕਿ ਲਾਤੀਨੀ ਭਾਸ਼ਾ ਵਿਚ Octo ਅੱਠਵਾਂ ਹੁੰਦਾ ਹੈ, ਨੌਵਾਂ ਨਵੰਬਰ ਕਿਉਂਕਿ ਲਾਤੀਨੀ ਭਾਸ਼ਾ ਵਿਚ Novem ਨੌਵਾਂ ਹੁੰਦਾ ਹੈ, ਦਸਵਾਂ ਦਸੰਬਰ ਕਿਉਂਕਿ ਲਾਤੀਨੀ ਭਾਸ਼ਾ ਵਿਚ Decem ਦਸਵਾਂ ਹੁੰਦਾ ਹੈ ਹੋਰ ਦੋ ਮਹੀਨੇ ਵਿਚਕਾਰ ਰੱਖੇ ਗਏ, ਜੋ ਕਿ ਸੱਤਵਾਂ ਅਤੇ ਅੱਠਵਾਂ ਬਣੇ, ਸੱਤਵੇਂ ਦਾ ਨਾਮ ਜੂਲੀਅਸ ਸੀਜ਼ਰ ਦੇ ਨਾਮ ਤੇ ਜੁਲਾਈ ਅਤੇ ਅੱਠਵੇਂ ਦਾ ਨਾਮ Augustus ਦੇ ਨਾਮ ਤੇ ਅਗਸਤ ਬਣਿਆ ਜਦੋ ਕਿ ਨੌਵਾਂ, ਦਸਵਾਂ, ਗਿਆਰਵਾਂ ਅਤੇ ਬਾਰਵੇਂ ਮਹੀਨਿਆਂ ਦੇ ਨਾਮ ਨਹੀਂ ਬਦਲੇ ਗਏ ।
  
ਜਨਵਰੀ, ਮਾਰਚ, ਮਈ, ਜੁਲਾਈ, ਅਗਸਤ, ਅਕਤੂਬਰ ਅਤੇ ਦਸੰਬਰ ਵਿਚ ਦਿਨਾਂ ਦੀ ਗਿਣਤੀ 31 ਰੱਖੀ ਗਈ ਅਤੇ ਅਪ੍ਰੈਲ, ਜੂਨ, ਸਤੰਬਰ ਅਤੇ ਨਵੰਬਰ ਵਿਚ ਦਿਨਾਂ ਦੀ ਗਿਣਤੀ 30 ਰੱਖੀ ਗਈ ਫਰਵਰੀ ਦੇ ਮਹੀਨੇ ਦੇ ਇਕ ਆਮ ਸਾਲ ਲਈ 28 ਦਿਨ  ਅਤੇ ਲੀਪ ਦੇ ਸਾਲ ਲਈ 29 ਦਿਨ ਮਿਥ ਲਏ ਗਏ ਹਨ । ਇਸ ਤਰਾਂ ਨਾਲ ਇਕ ਆਮ ਸਾਲ ਲਈ ਦਿਨ 31*7 (=217) +30*4(=120)+28 =365 ਹੋ ਗਏ।ਜਦੋਂ ਕਿ ਇਕ ਲੀਪ ਦੇ ਸਾਲ  (ਜੋ ਹਰ ਚਾਰ ਸਾਲ ਬਾਅਦ ਆਉਂਦਾ ਹੈ) ਵਿਚ 31*7+30*4+29=366 ਦਿਨ ਹੋ ਗਏ।  

ਕਿਹਾ ਜਾਂਦਾ ਹੈ ਕਿ ਚੰਦਰਮਾ ਦੇ ਵੱਧਣ ਜਾਂ ਘੱਟਣ ਦੇ ਹਿਸਾਬ ਨਾਲ ਵੀ ਕੈਲੰਡਰ ਬਣਿਆ ਸੀ, ਜਿਸ ਵਿਚ ਬਾਰਾਂ ਮਹੀਨੇ ਸਨ ਅਤੇ ਹਰ ਮਹੀਨੇ ਦੇ ਉਨੱਤੀ ਦਸ਼ਮਲਵ ਪੰਜ ਦਿਨ ਮਿਥੇ ਗਏ । ਇਸ ਤਰ੍ਹਾਂ ਸਾਲ ਦੇ 29 ਪੁਆਇੰਟ 5 *12 =354 ਦਿਨ ਬਣੇ, ਜੋ ਕਿ ਸਾਲ ਤੋਂ 11 ਦਿਨ ਘੱਟ ਸਨ, ਇਸ ਲਈ ਹਰ ਚੌਥੇ ਸਾਲ ਵਿਚ ਤੇਰਾਂ ਮਹੀਨੇ ਬਣੇ ਅਤੇ ਤੇਰ੍ਹਵੇਂ ਮਹੀਨੇ ਨੂੰ ਲਉਣ ਦਾ ਮਹੀਨਾ ਆਖਿਆ ਗਿਆ ।
              
ਸਮੇਂ ਦੀ ਛੋਟੀ ਇਕਾਈ ਸਕਿੰਟ ਰੱਖੀ ਗਈ 60 ਸਕਿੰਟ ਦਾ ਇਕ ਮਿੰਟ ਗਿਣਿਆ ਗਿਆ ਜੋ ਕਿ ਸਕਿੰਟ ਤੋਂ ਵੱਡੀ ਇਕਾਈ ਸੀ ਅਤੇ 60 ਮਿੰਟ ਦਾ ਇੱਕ ਘੰਟਾ ਗਿਣਿਆ ਗਿਆ । ਇੱਕ ਦਿਨ ਵਿਚ 24 ਘੰਟੇ ਰੱਖੇ ਗਏ, ਕਿਉਂ ਜੋ ਚੰਦਰਮਾ 24 ਘੰਟੇ ਵਿਚ ਧਰਤੀ ਦੁਆਲੇ ਇਕ ਚੱਕਰ ਪੂਰਾ ਕਰ ਲੈਂਦਾ ਹੈ । ਇਸੇ ਤਰਾਂ ਸੱਤ ਦਿਨਾਂ ਨੂੰ ਇਕ ਹਫਤਾ ਆਖਿਆ ਗਿਆ ਹੈ ।

ਸਮੇਂ ਦੀ ਮਿਣਤੀ ਲਈ ਸਿੱਖ ਧਰਮ ਦੇ ਪੈਰੋਕਾਰ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਖੋਜ ਕਾਫੀ ਅਧਿਐਨ ਤੋਂ ਬਾਅਦ ਕੀਤੀ ਗਈ ਹੈ । ਜਿਸ ਨੂੰ ਲੰਬੀ ਸੋਚ ਵਿਚਾਰ ਪਿੱਛੋਂ ਲਾਗੂ ਕਰ ਲਿਆ ਗਿਆ ਅਤੇ ਗੁਰਪੁਰਬ ਅਤੇ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ ਤਿਉਹਾਰ ਇਸ ਕੈਲੰਡਰ ਅਨੁਸਾਰ ਮਨਾਏ ਜਾਣ ਲੱਗੇ ਹਨ । ਹੁਣ ਫਿਰ ਇਸ ਵਿਚ ਕੁਝ ਤਬਦੀਲੀਆਂ ਕਰ ਲਈਆਂ ਗਈਆਂ ਹਨ ਜਿਸ ਨਾਲ ਸਿੱਖ ਧਰਮ ਅੰਦਰ ਧੜੇਬੰਦੀ ਉਭਰ ਰਹੀ ਹੈ, ਇਸ ਉਪਰ ਵਿਚਾਰ ਕਰਨ ਦੀ ਲੋੜ ਹੈ ।  ਜੇ ਕਰ ਸੱਚੇ ਦਿਲ ਨਾਲ ਯਤਨ ਅਰੰਭੇ ਜਾਨ ਤਾਂ ਧੜੇਬੰਦੀ ਤੋਂ ਬਚਿਆ ਜਾ ਸਕਦਾ ਹੈ ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ ਕਿ...

ਗਰ ਸੱਚੇ ਦਿਲ ਸੇ ਕੀ ਹੋ ਕੋਸਿ਼ਸ਼ ਤੋ ਸਿਤਾਰੇ ਭੀ ਆਪਣੀ ਜਗ੍ਹਾ ਛੋੜ ਦੇਤੇ ਹੈਂ
   
ਸਮੇਂ ਨੂੰ ਰੋਕ ਕੇ ਰੱਖਣਾ ਅਸੰਭਵ ਹੈ । ਘੜੀ ਦੀਆਂ ਸੂਈਆਂ ਨਿਰੰਤਰ ਚੱਲ ਰਹੀਆਂ ਹਨ ਅਤੇ ਸਮਾਂ ਭਵਿੱਖ ਤੋਂ ਵਰਤਮਾਨ ਅਤੇ ਵਰਤਮਾਨ ਤੋਂ  ਭੂੁਤਕਾਲ ਹੋ ਰਿਹਾ ਹੈ ਅਰਥਾਤ ਹੋਵੇਗਾਤੋਂ ਹੋ ਰਿਹਾ ਹੈਅਤੇ ਇਸ ਤੋਂ ਬਾਅਦ ਹੋ ਰਿਹਾ ਸੀਬਣ ਰਿਹਾ ਹੈ । ਜੇ ਕਰ ਸਮੇਂ ਨੇ ਸਾਨੂੰ ਇਕ ਪਲ ਵੀ ਨਹੀ ਬਖਸ਼ਣਾ ਤਾਂ ਅਸੀਂ ਆਪਣਾ ਪਲ ਪਲ ਕਿਉਂ ਵਿਅਰਥ ਗੁਆ ਰਹੇ ਹਾਂ ? ਸਮੇਂ ਦੀ ਕਦਰ ਕਰਨ ਦੀ ਲੋੜ ਹੈ, ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਸਮਾਂ ਸਾਡਾ ਇੰਤਜ਼ਾਰ ਨਹੀਂ ਕਰੇਗਾ ਅਤੇ ਸਾਡੀ ਕਦਰ ਨਹੀਂ ਕਰੇਗਾ । ਇਕ ਵਾਰ ਦਾ ਸਮੇਂ  ਤੋਂ ਖੁੰਝਿਆ ਮਨੁੱਖ ਲੱਖਾਂ ਕੋਹਾਂ ਉਪਰ ਹੋ ਜਾਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਸਮਾਂ ਅੰਞਾਈ ਨਾ ਗੁਆਉ ਅਤੇ ਸਮੇਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰੋ । ਭਾਈ ਵੀਰ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ ਕਿ...

ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ
ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ
ਤਿਰਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ
ਉਠ ਸੰਭਲ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਂਵਦਾ

****
      


No comments: