ਉਸ ਮਹਾਨ ਵਿਚਾਰਧਾਰਾ ਨੂੰ ਸੰਸਾਰ ਤੱਕ ਪਹੁੰਚਾਣ ਦੇ ਸੰਜੀਦਾ ਯਤਨ ਕੀਤੇ ਜਾਣ ਜਿਸ ਦੀ ਕਿ ਅੱਜ ਦੇ ਸਮਾਜ ਨੂੰ ਸ਼ਾਇਦ ਬਹੁਤ ਜਰੂਰਤ ਵੀ ਹੈ.......... ਲੇਖ / ਤਰਸੇਮ ਬਸ਼ਰ

ਭ੍ਰਿਸ਼ਟਾਚਾਰ, ਬਲਾਤਕਾਰ, ਕਤਲੋਗਾਰਤ ਦੇ ਬੋਲਬਾਲੇ ਵਾਲੇ ਇਸ ਅਰਾਜਕਤਾ ਭਰੇ ਮਾਹੌਲ ਵਿੱਚ ਇਸ ਦੇ ਪ੍ਰਭਾਵ ਤੋਂ ਕਿਸੇ ਸੰਵੇਦਨਸ਼ੀਲ ਬੰਦੇ ਵਾਸਤੇ ਬਚ ਕੇ ਰਹਿਣਾ ਸੌਖਾ ਨਹੀਂ । ਅਖਬਾਰਾਂ ਦੀਆਂ ਸੁਰਖੀਆਂ ਤੇ ਟੈਲੀਵਿਜ਼ਨ ਚੈਨਲਾਂ ਤੇ ਛਾਈ ਇਸ ਅਰਾਜਕਤਾ ਦੀ ਕਾਲੀ ਹਨੇਰੀ ਵਿੱਚ ਮੈਨੂੰ ਕਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਯਾਦ ਆਉਂਦੀਆਂ ਹਨ ਤਾਂ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ  ਤੇ ਤੱਤੀ ਤਵੀ ਤੇ ਬੈਠੇ ਮਨੁੱਖਤਾ ਦੀ ਖਾਤਿਰ ਸ਼ੀਸ਼ ਕਟਵਾ ਰਹੇ, ਅਧਰਮ ਤੇ ਧਰਮ ਦੀ ਜਿੱਤ ਖਾਤਰ ਸਰਬੰਸ ਵਾਰ ਗਏ ਗੁਰੂ ਸਾਹਿਬਾਨ ਦਾ ਖਿਆਲ ਆਉਂਦਾ ਹੈ ਤਾਂ ਅੱਖਾਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਸਾ ਪਾਣੀ ਦਸਤਕ ਦੇ ਦਿੰਦਾ ਹੈ । 

ਕਾਸ਼ ! ਦੁਨੀਆ ਧਰਤੀ ਦੇ ਇਸ ਕੋਨੇ ਤੋਂ ਠਪਜੀ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਕ੍ਰਾਂਤੀ ਦਾ ਲਾਹਾ ਲੈ ਲੈਂਦੀ । ਉਹ ਕ੍ਰਾਂਤੀ ਜੋ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਧਰਮ ਤੇ ਭਾਰੂ ਹੋ ਚੁੱਕੇ ਭਰਮ ਤੇ ਅਜੋਕੇ  ਯੁੱਗ ਵਾਗੂੰ ਉਸ ਸਮੇਂ ਫੈਲ ਚੁੱਕੀ ਅਰਾਜਕਤਾ ਨੂੰ ਦੇਖਦਿਆਂ ਮਨੁੱਖਤਾ ਨੂੰ ਰਾਹਤ ਦੇਣ ਲਈ ਅਰੰਭੀ ਸੀ, ਜੋ ਬਾਅਦ ਵਿੱਚ ਸੱਚਾਈ ਦੀ ਕੀਮਤ ਉਤਾਰਦਿਆਂ ਲਾਸਾਨੀ ਕੁਰਬਾਨੀਆਂ ਲਈ ਵੀ ਜਾਣੀ ਗਈ । ਪਰ ਅਫਸੋਸ ਬ੍ਰਹਿਮੰਡ ਦੇ ਪੂਰੇ ਇਤਿਹਾਸ ਵਿੱਚ ਲਾਸਾਨੀ ਕੁਰਬਾਨੀਆਂ ਦੇ ਮਿੱਥ ਵਜੋਂ ਸੰਘਰਸ਼ ਦੀ ਗਾਥਾ ਬਣ ਚੁੱਕੀ ਇਹ ਕ੍ਰਾਂਤੀ ਜੋ ਕਿ ਉਸ ਵਿਚਾਰਧਾਰਾ ਤੇ ਆਧਾਰਿਤ ਸੀ ਜੋ ਪੂਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਸੀ, ਸੀਮਿਤ ਦਾਇਰੇ ਤੱਕ ਹੀ ਪਹੁੰਚ ਸਕੀ । ਪੈਗੰਬਰ ਆਏ ਸਨ ਤੇ ਰਾਹ ਦਿਖਾ ਕੇ ਚਲੇ ਗਏ ਪਰ ਸਮਾਜ ਇਸ ਦਾ ਲਾਹਾ ਨਾ ਲੈ ਸਕਿਆ । ਅੱਜ ਜਦੋਂ ਮਨੁੱਖ ਆਪਣੇ ਹੀ ਬਣਾਏ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤਾਂ ਗੁਰੂ ਸਾਹਿਬਾਨ ਦੀ ਮਨੁੱਖਤਾ ਨੂੰ ਬਖਸ਼ੀ ਅਮੁੱਲ ਦਾਤ ਤੋਂ ਕਿਸ ਤਰ੍ਹਾਂ ਮਹਿਰੂਮ ਰਿਹਾ,ਇਸ ਦਾ ਅੰਦਾਜ਼ਾਂ ਇਸ ਇੱਕ ਫਿਕਰੇ ਵਿੱਚੋਂ ਲੱਗ ਜਾਂਦਾ ਹੈ, ਕਿਸੇ ਸਮੇਂ ਤੱਕ ਸਿੱਖਾਂ ਦੇ ਪ੍ਰਭਾਵ ਵਾਲੇ ਇਲਾਕੇ ਦੇ ਨਾਲ ਲੱਗਦੇ ਖੇਤਰਾਂ ਤੱਕ ਵੀ ਲੋਕ ਆਪਣੇ ਗਲੀ ਗੁਆਂਢ ਵਿੱਚ ਕਿਸੇ ਸਿੱਖ ਨੂੰ ਵਸਾਉਣਾ ਲੋਚਦੇ ਸਨ । ਗੱਡੀਆਂ ਬੱਸਾਂ ਵਿੱਚ ਕਿਸੇ ਸਿੱਖ ਦੇ ਬੈਠ ਜਾਣ ਤੋਂ ਬਾਅਦ ਮਜ਼ਲੂਮ ਲੋਕ ਬੇਫਿਕਰ ਹੋ ਜਾਂਦੇ ਸਨ । ਇਹੀ ਸਿੱਖ ਜੋ ਕੌਲ, ਧਰਮ, ਮਨੁੱਖਤਾ, ਸੱਚਾਈ ਤੇ ਇਖਲਾਕ ਦੇ ਬਲਦੇ ਚਿਰਾਗ ਸਨ, ਉਸੇ ਕ੍ਰਾਂਤੀ ਦੀ ਫਸਲ ਸਨ ਜੋ ਤਿਆਗ, ਬਲਿਦਾਨ ਤੇ ਸੱਚਾਈ ਦੀ ਧਰਤੀ ਤੇ ਬੀਜੀ ਗਈ ਸੀ । ਕਾਸ਼ ! ਇਹ ਫਸਲ ਬਹੁਤਾਤ ਵਿੱਚ ਹੁੰਦੀ ਤੇ ਪੂਰੀ ਦੁਨੀਆਂ ਵਿੱਚ ਦਿਖਾਈ ਦਿੰਦੀ ਤਾਂ ਅੱਜ ਦੁਨੀਆਂ ਦੇ ਹਾਲਾਤ ਵੱਖਰੇ ਹੁੰਦੇ ।
 

ਲਿਖਾਰੀਆਂ ਦੇ ਸੰਬੰਧ ਵਿੱਚ ਲਿਖੇ ਗਏ ਇੱਕ ਲੇਖ ਤੋਂ ਬਾਅਦ ਇੱਕ ਪਾਠਕ ਨੇ ਬਹੁਤ ਨਿਮਰਤਾ ਨਾਲ ਸਵਾਲ ਕੀਤਾ ਸੀ ਕਿ ਮੇਰਾ ਆਦਰਸ਼ ਲੇਖਕ ਕੌਣ ਹੈ ? ਤਾਂ ਮੇਰੇ ਮੂੰਹੋਂ ਬਿਨਾਂ ਸੋਚਿਆਂ ਸਮਝਿਆਂ ਆਪਣੇ ਮੁਰਸ਼ਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਨਿੱਕਲ ਗਿਆ ਸੀ ਤੇ ਨਾਲ ਹੀ ਮੈਂ ਪਾਠਕ ਨੂੰ ਜ਼ਜ਼ਬਾਤੀ ਰੌਂਅ ਵਿੱਚ ਕਹਿ ਦਿੱਤਾ ਸੀ ਕਿ ਪੰਜਾਬ ਦੀ ਧਰਤੀ ਤੇ ਜੰਮਣ ਵਾਲਿਆਂ ਦੇ ਆਦਰਸ਼, ਗੁਰੂ ਸਾਹਿਬਾਨ ਤੋਂ ਬਗੈਰ ਕੋਈ ਹੋਰ ਹੋਣੇ ਵੀ ਨਹੀਂ ਚਾਹੀਦੇ । ਭਾਵੇਂ ਉਹ ਪੰਜਾਬੀ ਕਿਸੇ ਵੀ ਖੇਤਰ ਨਾਲ, ਕਲਾ ਨਾਲ ਜੁੜਿਆ ਹੋਵੇ । ਮੈਂ ਪਾਠਕ ਨੂੰ ਇਹ ਵਿਚਾਰ ਦੇਣ ਤੋਂ ਬਾਅਦ ਗੁਰੂ ਨਾਲਕ ਦੇਵ ਜੀ ਦੇ ਸਖਸ਼ੀਅਤ ਪਸਾਰੇ ਵਿੱਚ ਡੁੱਬਦਾ ਜਾ ਰਿਹਾ ਸਾਂ । ਲਿਖਾਰੀਆਂ 'ਚੋਂ ਮਹਾਨਤਮ ਲਿਖਾਰੀ, ਸੰਗੀਤਕਾਰਾਂ ਵਿੱਚੋਂ ਸੰਗੀਤਕਾਰ, ਦੇਸ਼, ਕੌਮ, ਮਨੁੱਖਤਾ ਲਈ ਕੁੱਝ ਕਰ ਗੁਜਰਨ ਵਾਲਿਆਂ ਵਾਸਤੇ ਮਹਾਨਤਮ ਕ੍ਰਾਂਤੀਕਾਰੀ ਤੇ ਯਾਤਰੂਆਂ ਵਾਸਤੇ ਇੱਕ ਪ੍ਰੇਰਨਾ ਸ੍ਰੋਤ,ਜਿੰਨਾਂ ਨੇ ਉਸ ਸਮੇਂ ਵੀ ਅਕਹਿ ਰੂਪ ਵਿੱਚ ਬਿਖੜੇ ਪੈਡਿਆਂ ਦੀ ਯਾਤਰਾ ਕੀਤੀ ਜੋ ਖਤਰੇ ਤੇ ਮੁਸ਼ਕਿਲਾਂ ਨਾਲ ਭਰੇ ਪਏ ਸਨ । ਕਲਮ ਅਤੇ ਕਰਮ ਦੇ ਧਨੀ ਪੈਗੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਗੈਰ ਇਸ ਧਰਤੀ ਦਾ ਕੋਈ ਹੋਰ ਆਦਰਸ਼ ਹੋ ਹੀ ਨਹੀਂ ਸਕਦਾ । ਨਿੱਜ ਤੋਂ ਬਾਹਰ ਨਿੱਕਲਕੇ ਉਸ ਕਰਤੇ ਨੂੰ ਯਾਦ ਰੱਖਦਿਆਂ, ਉਸ ਦੇ ਭਾਣੇ ਵਿੱਚ ਰਹਿ ਕੇ ਹੱਥੀਂ ਕਿਰਤ ਕਰਕੇ ਵੰਡ ਛਕਣ ਵਾਲੀ ਜਿੰਦਗੀ ਨੂੰ ਆਦਰਸ਼ ਜੀਵਨ ਵਿੱਚ ਬਦਲਣ ਲਈ ਜਰੂਰੀ ਤਰਜ਼-ਏ ਜਿੰਦਗੀ  ਸਮਝਾਉਣ ਲਈ ਗੁਰੂ ਸਾਹਿਬਾਨ ਨੇ ਖੁਦ ਉਦਾਹਰਣ ਸਥਾਪਿਤ ਕੀਤੀ, ਸੁੰਦਰ ਸਮਾਜ ਬਨਾਉਣ ਦਾ ਢੰਗ ਦੱਸਿਆ ਸੀ ਜਿਸਨੂੰ ਅਸੀਂ ਅਪਣਾਉਣ ਵਿੱਚ ਅਸਫਲ ਰਹੇ ਤੇ ਭੁਗਤ ਰਹੇ ਹਾਂ।

ਪਿਛਲੇ ਦਿਨੀਂ ਪੰਜਾਬ ਦੇ ਬ੍ਰਾਹਮਣਾਂ ਵੱਲੋਂ ਰਿਣ ਯਾਤਰਾ ਕੱਢੀ ਗਈ ਸੀ ਤਾਂ ਮੇਰੇ ਜਿ਼ਹਨ ਵਿੱਚ ਵੀ ਗੁਰੂ ਸਾਹਿਬਾਨ ਵੱਲੋਂ ਧਰਮ ਦੀ ਖਾਤਿਰ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕੁਝ ਲਿਖਣ ਦਾ ਖਿਆਲ ਆਇਆ ਸੀ ਪਰ ਲਿਖ ਨਾ ਸਕਿਆ । ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਨੂੰ ਦਿੱਤੀ 'ਦੇਣ' ਲਈ ਨਾ ਤਾਂ ਮੇਰੇ ਕੋਲ ਲੋੜੀਂਦੇ ਸ਼ਬਦ ਹੀ ਸਨ ਤੇ ਨਾ ਹੌਸਲਾ । ਮੈਂ ਨਿੱਜੀ ਤੌਰ ਤੇ ਮੰਨਦਾ ਹਾਂ ਕਿ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਕਿਸੇ ਦੇ ਲਈ ਵੀ ਕੋਈ ਕਰਜ਼ ਨਹੀਂ ਸਨ ਪਰ ਹਾਂ, ਪੂਰਾ ਸਮਾਜ ਹੀ ਗੁਰੂ ਸਾਹਿਬਾਨ ਦਾ ਕਰਜ਼ਦਾਰ ਹੈ ਵੀ । ਇਹ ਗੱਲ ਵੱਖਰੀ ਹੈ ਕਿ ਕਈਆਂ ਕਾਰਨਾਂ ਕਰਕੇ ਲੋਕਾਈ ਉਹਨਾਂ ਦੀ ਬਖਸ਼ੀ ਦਾਤ'' ਗੁਰੂਬਾਣੀ ਸੇਧ'' ਦਾ ਲਾਹਾ ਨਹੀਂ ਲੈ ਸਕੀ । ਆਰੰਭ ਤੋਂ ਹੀ ਤੇ ਅੱਜ ਵੀ ਮਨੁੱਖ ਦੀ ਅਭਿਲਾਸ਼ਾਂ ਹੈ ਕਿ ਉਹ ਦੁੱਖ -ਭੁੱਖ, ਰੋਗ- ਵਿਯੋਗ ਤੋਂ ਬਚ ਜਾਵੇ ਤੇ ਗੁਰੂਬਾਣੀ ਸਾਨੂੰ ਇਹ ਦਾਤ ਬਖ਼ਸ਼ਦੀ ਹੈ ।ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖੀ ਸ਼ਰੀਰ ਮਿਲਿਆ ਹੈ ਤਾਂ ਰੋਗ ਵਿਯੋਗ ਵੀ ਭੋਗਣੇ ਪੈਣੇ ਹਨ । ਫਿਰ ਸੁੱਖ ਕਿਵੇਂ ? ਗੁਰੂਬਾਣੀ ਸਾਨੂੰ ਇਹ ਅਮੁੱਲ ਦਾਤ ਇੱਕ ਅਵਸਥਾ ਦੇ ਰੂਪ ਵਿੱਚ ਪ੍ਰਾਪਤ ਕਰਨ ਵੱਲ ਪ੍ਰੇਰਦੀ ਹੈ ਜੋ ਗੁਰੂਬਾਣੀ ਨੂੰ ਅਮਲੀ ਜੀਵਨ ਵਿੱਚ ਢਾਲਣ ਉਪਰੰਤ ਸਹਿਜ ਅਵਸਥਾ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ । ਮੁਕਤੀ ਭਾਲ ਰਹੇ ਸਮਾਜ ਨੂੰ ਗੁਰੂ ਉਪਦੇਸ਼ ਜਿਉਂਦੇ ਜੀ ਮੁਕਤੀ ਬਖ਼ਸ਼ਦਾ ਹੈ । ਨਿੱਜ ਮੋਹ ਮਾਇਆ ਤੋਂ ਮੁਕਤ, ਨਿਰੰਕਾਰ ਨਾਲ ਇੱਕ ਸੁਰ,ਸਮਰਪਿਤ ਤੇ ਮੁਕਤ ਜੀਵਨ, ਇਹਨਾਂ ਦਾਤਾਂ ਤਾ ਰਿਣ ਕੋਈ ਕਿਵੇਂ ਲਾਹ ਸਕਦਾ ਹੈ ?

ਗੱਲ ਸਮਾਜ ਵਿੱਚ ਫੈਲੀ ਅਫਰਾ ਤਫਰੀ ਤੇ ਅਰਾਜਕਤਾ ਦੀ ਸੀ ਸਖਤ ਸਜਾਵਾਂ ਤੇ ਨਵੇਂ ਕਾਨੂੰਨ ਬਾਰੇ ਬਹਿਸ ਕਰਦਿਆਂ ਇੱਕ ਬੁੱਧੀਜੀਵੀ ਦਾ ਕਥਨ ਸੀ ਕਿ ਸਮਾਜ ਵਿੱਚੋਂ ਇਖ਼ਲਾਕ ਮਰ ਗਿਆ ਹੈ, ਸੋਚ ਬਦਲਣ ਤੋਂ ਬਗੈਰ ਕੋਈ ਬਦਲਾਅ ਸੰਭਵ ਨਹੀਂ । ਤੇ ਇਹੀ ਸੋਚ ਬਦਲਣ ਵਾਸਤੇ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਜਾਗਰਿਤ ਕੀਤਾ ਸੀ ਤੇ ਅੱਜ ਗੁਰੂ ਸਾਹਿਬਾਨ ਦਾ ਰਿਣ ਕੋਈ ਲਾਉਣਾ ਚਾਹੁੰਦਾ ਹੈ, ਧਰਮ ਅਤੇ ਮਨੁੱਖਤਾ ਦੀ ਹਕੀਕਤ ਵਿੱਚ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਸ ਮਹਾਨ ਵਿਚਾਰਧਾਰਾ ਨੂੰ ਸੰਸਾਰ ਤੱਕ ਪਹੁੰਚਾਣ ਦੇ ਸੰਜੀਦਾ ਯਤਨ ਕੀਤੇ ਜਾਣ ਜਿਸ ਦੀ ਕਿ ਅੱਜ ਦੇ ਸਮਾਜ ਨੂੰ ਸ਼ਾਇਦ ਬਹੁਤ ਜਰੂਰਤ ਵੀ ਹੈ ।

ਭਾਰਤ ਵਿੱਚ ਅਧਿਆਤਮ ਬਹੁਤ ਹੈ ਤੇ ਧਰਮ ਦੇ ਨਾਂ ਤੇ ਬਹੁਤਾ ਦਿਖਾਵਾ, ਇਸੇ ਕਰਕੇ ਹੀ ਇੱਥੇ ਇਖ਼ਲਾਕੀ ਅਤੇ ਸਾਮਾਜਿਕ ਕਦਰਾਂ ਕੀਮਤਾਂ ਨਿਮਨ ਪੱਧਰ ਤੇ ਹਨ । ਅਜਿਹੇ ਹਾਲਾਤ ਵਿੱਚ ਕਮ-ਸੇ-ਕਮ ਉਹਨਾਂ ਲੋਕਾਂ ਦੀ ਜਿੰਮੇਵਾਰੀ ਵਧ ਜਾਂਦੀ ਹੈ, ਜੋ ਉਸ ਧਰਤੀ ਤੇ ਵਸਨੀਕ ਹਨ, ਜਿਸ ਧਰਤੀ ਨੂੰ ਗੁਰੂ ਸਾਹਿਬਾਨ ਨੇ ਧਰਮ ਦੇ ਆਦਰਸ਼ ਰੂਪ ਨੂੰ ਸਮਾਜ ਵਿੱਚ ਸਥਾਪਿਤ ਕਰਨ ਵਾਸਤੇ ਕਰਮ ਭੂਮੀ ਦੇ ਰੂਪ ਵਿੱਚ ਚੁਣਿਆ ਸੀ ।

****

No comments: