ਆਪਣੇ ਬੇਗਾਨੇ.......... ਮਿੰਨੀ ਕਹਾਣੀ / ਬਲਜੀਤ ਸਿੰਘ ਮੌਜੀਆ

ਗੇਬੋ ਪ੍ਰੇਸ਼ਾਨ ਬਹੁਤ ਸੀ । ਜੀਤ ਹਰ ਰੋਜ਼ ਸ਼ਾਮ ਸ਼ਰਾਬ ਪੀ ਕੇ ਹੀ ਘਰ ਆਉਂਦਾ । ਪਹਿਲਾਂ ਗੇਬੋ ਇੰਨੀ ਪ੍ਰੇਸ਼ਾਨ ਨਹੀਂ ਸੀ ਹੋਈ ਪਰ ਜੀਤ ਹੁਣ ਜਿ਼ਆਦਾ ਹੀ ਪੀਣ ਲੱਗ ਪਿਆ ਸੀ । ਘਰ ਵਿੱਚ ਪਹੁੰਚਦਿਆਂ ਹੀ ਝਗੜਾ ਸ਼ੁਰੂ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ । ਹੁਣ ਤਾਂ ਜੀਤ ਮਾਰਕੁੱਟ ਵੀ ਕਰਨ ਲੱਗ ਪਿਆ ਸੀ । ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ... ਤੇ ਇੱਕ ਦਿਨ ਗੇਬੋ ਤੋਂ ਆਪਣੇ ਭਰਾਵਾਂ ਨੂੰ ਕਹਿ ਹੋ ਹੀ ਗਿਆ। ਗੇਬੋ ਨੂੰ ਇੰਨੀ ਔਖੀ ਦੇਖ ਭਰਾ ਨੇ ਵੀ ਕਹਿ ਦਿੱਤਾ, “ਚੰਗਾ ਭਾਈ ! ਸ਼ਰਾਬੀ ਬੰਦੇ ਤੋਂ ਤਾਂ ਖਹਿੜਾ ਛਡਾਉਣ ਵਿੱਚ ਹੀ ਫਾਇਦਾ ਹੈ ।”

ਗੇਬੋ ਹੁਣ ਹੋਰ ਪ੍ਰੇਸ਼ਾਨ ਰਹਿਣ ਲੱਗ ਪਈ। ਕੱਲੀ ਸੋਚਦੀ ਰਹਿੰਦੀ ਕਿ ਜੀਤੇ ਨੇ ਕਦੇ ਬੱਚਾ ਨਾ ਹੋਣ ਦਾ ਵੀ ਜਿ਼ਕਰ ਨਹੀ ਕੀਤਾ ਸੀ ਪਰ ਗੇਬੋ ਜੀਤ ਦੇ ਅੰਦਰਲੇ ਨੂੰ ਦਿਲੋਂ  ਜਾਣਦੀ ਸੀ । ਪੀਣ ਦੀ ਆਦਤ ਮਾੜੀ ਸੀ ਪਰ ਸੀ ਨਿਰਾ ਜੁਆਕਾਂ ਵਰਗਾ । ਪੰਚਾਇਤ ਹੋਣ ਦਾ ਦਿਨ ਮਿਥਿਆ ਹੋਇਆ ਸੀ । ਗੇਬੋ ਆਪਣੀਆਂ ਹੀ ਤੰਦਾਂ ਵਿੱਚ ਉੁਲਝ ਗਈ ਸੀ ।  ਗੱਲ ਭਰਾਵਾਂ ਦੇ ਹੱਥ ਚਲੀ ਗਈ ਸੀ । ਉਸਨੂੰ ਪੇਕੇ ਘਰ ਵੀ ਰਾਤ ਨੂੰ ਨੀਂਦ ਨਾ ਆਇਆ ਕਰੇ, ਜਿਸ ਘਰ ਨਾਲ ਉਸ ਨੂੰ ਅੰਤਾਂ ਦਾ ਮੋਹ ਸੀ ।  ਆਖਿਰ ਪੰਚਾਇਤ ਦਾ ਮਿਥਿਆ ਦਿਨ ਵੀ ਆ ਗਿਆ । 
       
ਜੀਤ ਤੋਂ ਛੁਟਕਾਰਾ ਪਾਉਣ ਦੀ ਜੋ ਗੇਬੋ ਦੀ ਚਾਹਤ ਸੀ, ਦਿਨ ਆਉਣ ਤੇ ਉਹਨੂੰ ਲੱਗ ਰਿਹਾ ਸੀ, ਜਿਵੇਂ ਉਸ ਲਈ ਫਾਂਸੀ ਦਾ ਦਿਨ ਹੋਵੇ... ਘੜੀ ਪਲ ਜਿਵੇਂ ਦੌੜਦੇ ਜਾ ਰਹੇ ਸਨ । ਘਰ ਨੇੜੇ ਬੋਹੜ ਥੱਲੇ ਬਣੀ ਥੜੀ ‘ਤੇ ਪੰਚਾਇਤ ਜੁੜ ਬੈਠੀ ਸੀ । ਜੀਤ ਦੇ ਪਰਿਵਾਰ ਵਾਲੇ ਕੁਝ ਕੁ ਬੰਦੇ ਸਨ, ਜਿੰਨਾ ਵਿੱਚ ਜੀਤ ਖੜਾ ਸੀ । ਚਿਹਰੇ ‘ਤੇ ਪਲਿੱਤਣ ਜਿਵੇਂ ਉਹ ਪਤਾ ਨਈ ਕਦੋਂ ਦਾ ਬਿਮਾਰ ਸੀ । ਗੇਬੋ ਦੇ ਮੂੰਹੋਂ ਹਾਉਕਾ ਨਿਕਲਿਆ...। ਬਹਿਸ ਹੁੰਦੀ ਰਹੀ । ਨਾ ਜੀਤ ਬੋਲਿਆ, ਨਾ ਗੇਬੋ... ਬੋਲਦੇ ਤਾਂ ਦੂਜੇ ਰਹੇ । ਉਹ ਜੀਤ ਦੀ ਹਾਲਤ ਦੇਖਕੇ ਆਪਣੇ ਆਪ ‘ਚ ਹੀ ਰਿਝਦੀ ਰਹੀ । ਭਰਾ ਦੇ ਤਿੱਖੇ ਸੁਰ ਵਾਲਾ ਇਹ ਸਵਾਲ ਉਹਦੇ ਕੰਨੀਂ ਪਿਆ, “ਹਾਂ ! ਦੱਸ ਭਾਈ ਕੁੜੀਏ... ਤੇਰਾ ਕੀ ਕਹਿਣੈ?” ਗੇਬੋ ਪਤਾ ਨਹੀਂ ਕਦੋਂ ਇਹ ਕਹਿ ਗਈ, “ਮੈਂ ਤਾਂ ਆਪਣੇ ਘਰ ਜਾਊਗੀ, ਉਹ ਵੀ ਆਪਣੇ ਘਰ ਵਾਲੇ ਨਾਲ । ਮੈਂ ਨਹੀਂ ਛੱਡਦੀ ਇਹਨੂੰ ਕੱਲਾ... ।” ਪੰਚਾਇਤ ‘ਤੇ ਚੁੱਪ ਛਾ ਗਈ ਸੀ । ਗੇਬੋ ਵਾਪਸ ਜਾਣ ਵਾਸਤੇ ਆਪਣਾ ਸਾਮਾਨ ਸੰਭਾਲ ਰਹੀ ਸੀ ।

****

No comments: