ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ………… ਰਿਸ਼ੀ ਗੁਲਾਟੀ

ਐਡੀਲੇਡ : ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਰੇਡੀਓ ਹਰਮਨ ਰੇਡੀਓ ਵੱਲੋਂ ਪਹਿਲੀ ਵਾਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਦੋ ਹਫਤੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪਟਿਆਲਾ ਤੇ ਆਸ ਪਾਸ ਦੇ ਪਿੰਡਾਂ ਦੇ ਪੰਜਵੀਂ ਜਮਾਤ ਤੋਂ ਬੀ. ਏ. ਤੱਕ ਦੇ 773 ਵਿਦਿਆਰਥੀਆਂ ਨੇ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਗਈ । ਇਸ ਕੈਂਪ ‘ਚ ਵਿਦਿਆਰਥੀਆਂ ਨੂੰ ਗੁਰ ਇਤਿਹਾਸ, ਗੁਰਬਾਣੀ ਸੰਥਿਆ, ਸਿੱਖ ਇਤਿਹਾਸ, ਗੱਤਕਾ ਤੋਂ ਇਲਾਵਾ ਦਸਤਾਰ ਸਿਖਲਾਈ ਦਿੱਤੀ ਜਾਵੇਗੀ ।

ਕੈਂਪ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੈਂਪ ਕੋਆਰਡੀਨੇਟਰ ਹਨਵੰਤ ਸਿੰਘ ਦੁਆਰਾ ਗੁਰਮਤਿ ਕੈਂਪ ਦੀ ਰੂਪ-ਰੇਖਾ ਦੇ ਨਾਲ-ਨਾਲ ਸਿੱਖ ਰਹਿਤ ਮਰਿਯਾਦਾ ਬਾਰੇ ਭਾਸ਼ਣ ਨਾਲ ਹੋਈ । ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਪਧਾਰੇ । ਇਸ ਮੌਕੇ ‘ਤੇ ਬੋਲਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਅਜੋਕੇ ਦੌਰ ‘ਚ ਆਪਣੇ ਧਾਰਮਿਕ ਵਿਰਸੇ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੋਂ ਰੋਕਣ ਲਈ ਗੁਰਮਤਿ ਕੈਂਪਾਂ ਦਾ ਆਯੋਜਨ ਬੇਹੱਦ ਮਹੱਤਵਪੂਰਣ ਹੈ । ਉਨ੍ਹਾਂ ਇਸ ਉਦਮ ਲਈ ਹਰਮਨ ਰੇਡੀਓ ਨੂੰ ਵਧਾਈ ਪੇਸ਼ ਕੀਤੀ ।

ਇਸ ਤੋਂ ਬਾਅਦ ਹਰਜੀਤ ਸਿੰਘ ਕਥਾ ਵਾਚਕ, ਗਗਨਦੀਪ ਸਿੰਘ ਸਿੱਖ ਮਿਸ਼ਨਰੀ, ਹਰਪ੍ਰੀਤ ਸਿੰਘ ਸਿੱਖ ਮਿਸ਼ਨਰੀ, ਗੁਰਪ੍ਰੀਤ ਸਿੰਘ ਸਨੋਰ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚੇ ਇੰਜੀਨੀਅਰ ਸੁਖਜਿੰਦਰ ਸਿੰਘ ਨੇ ਆਪਣੀ ਕੀਮਤੀ ਵਿਚਾਰਾਂ ਦੇ ਰਾਹੀਂ ਬੱਚਿਆਂ ਨੂੰ ਸਿੱਖ ਧਰਮ ਤੇ ਵਿਰਸੇ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਪਰਗਟ ਸਿੰਘ ਨੇ ਦਸਤਾਰ ਤੇ ਬਲਜੀਤ ਸਿੰਘ ਸਨੋਰ ਨੇ ਗੱਤਕੇ ਦੀ ਸਿਖਲਾਈ ਦਿੱਤੀ । ਇਸ ਮੌਕੇ ‘ਤੇ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਮੁਫਤ ਲਿਟਰੇਚਰ ਅਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ । ਹਰਮਨ ਰੇਡੀਓ ਦੇ ਨਿਰਦੇਸ਼ਕ ਅਮਨਦੀਪ ਸਿੰਘ ਸਿੱਧੂ ਤੇ ਤਕਨੀਕੀ ਨਿਰਦੇਸ਼ਕ ਸਰਬਜੀਤ ਸਿੰਘ ਵੱਲੋਂ ਵਿਦਿਅਕ ਅਦਾਰਿਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਟ੍ਰਾਂਸਪੋਰਟ ਬੱਚਿਆਂ ਲਈ ਟਰਾਂਸਪੋਰਟ ਦੀ ਸੇਵਾ ਪੇਸ਼ ਕੀਤੀ । ਉਨ੍ਹਾਂ ਖਾਸ ਤੌਰ ‘ਤੇ ਐਡੀਲੇਡ ਤੋਂ ਤ੍ਰਿਮਾਨ ਸਿੰਘ, ਅਮਰੀਕ ਸਿੰਘ ਥਾਂਦੀ, ਪਰਥ ਤੋਂ ਸ਼ਰਨਜੀਤ ਕੌਰ, ਮੈਲਬੌਰਨ ਤੋਂ ਦਵਿੰਦਰ ਸਿੰਘ, ਜਤਿੰਦਰਪਾਲ ਸਿੰਘ ਤੇ ਪਟਿਆਲਾ ਤੋਂ ਬਿਮਲ ਗੋਇਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੈਂਪ ਦੀ ਸਫਲਤਾ ਲਈ ਖਾਸ ਯੋਗਦਾਨ ਪਾਇਆ ਹੈ । ਇਸ ਮੌਕੇ ‘ਤੇ ਹਰਮਨ ਰੇਡੀਓ ਵੱਲੋਂ ਸਹਾਇਕ ਨਿਰਦੇਸ਼ਕ ਹਰਮੇਲ ਪ੍ਰੀਤ, ਟ੍ਰੈਕ ਮੈਨੇਜਰ ਸੰਦੀਪ ਰੰਧਾਵਾ, ਪੇਸ਼ਕਾਰ ਜਗਦੀਪ ਜੋਗਾ, ਸੰਦੀਪ ਕੌਰ, ਸੀਮਾ ਸ਼ਰਮਾ ਤੋਂ ਇਲਾਵਾ ਪਰਗਟ ਸਿੰਘ ਰਾਮਗੜ੍ਹੀਆ ਮੌਜੂਦ ਸਨ ।
****

No comments: