ਭਾਂਬੜ……… ਨਜ਼ਮ/ਕਵਿਤਾ / ਮਲਕੀਅਤ ਸਿੰਘ ਸੁਹਲ

ਭਾਂਬੜ  ਬਲਦੇ ਮੱਠੇ ਹੋ ਗਏ, ਸੁੱਤੀ  ਅਲਖ਼  ਜਗਾਵੋ ਨਾ।
ਜਾਣ ਬੁੱਝ ਕੇ  ਬਲਦੀ ਉਤੇ, ਤੇਲ  ਦੇ ਬਾਟੇ  ਪਾਵੋ ਨਾ ।

ਬੀਤ ਗਿਆ ਜੋ ਬੀਤ ਗਿਆ ਕੀ ਉਹਨੂੰ  ਪਛਤਾਉਦੇ  ਹੋ,
ਸੂਲਾਂ ਵਿੰਨ੍ਹੇ  ਸ਼ਬਦਾਂ  ਵਾਲਾ ਗੀਤ ਹੋਰ ਕੋਈ  ਗਾਵੋ ਨਾ।

ਪੱਥਰ ਦਿਲ ਜਿਨ੍ਹਾਂ ਸੀ ਕੀਤੇ ਉਹ ਵੀ ਏਥੋਂ  ਤੁਰ ਗਏ ਨੇ,
ਅੰਗਿਆਰਾਂ ਦੇ ਫੁੱਲਾਂ ਵਾਲੀ ਅਰਥੀ  ਹੋਰ  ਸਜਾਵੋ  ਨਾ।

ਕੀਹ ਹੈ ਲੈਣਾ ਦੇਣਾ ਆਪਾਂ ਆਪਣਾ ਆਪ ਸੰਭਾਲ ਲਵੋ,
ਗੁੰਝਲਦਾਰ  ਬੁਝਾਰਤ  ਵਾਲੇ ਚੱਕਰ  ਹੋਰ  ਚਲਾਵੋ  ਨਾ।

ਬੰਦਾ ਗ਼ਲਤੀ ਦਾ ਹੈ ਪੁਤਲਾ ਸਭ 'ਤੋਂ ਗ਼ਲਤੀ  ਹੋ ਜਾਂਦੀ,
ਭੁੱਲ ਕੇ ਗ਼ਲਤੀ ਹੋ ਜਾਏ ਤਾਂ ਉਸਦੇ  ਸ਼ਗਨ  ਮਨਾਵੋ ਨਾ।

ਦੋਸ਼ਾਂ ਨੂੰ ਤਾਂ  ਦੋਸ਼  ਦਿਉਗੇ ਕੀ ਆਖੋਗੇ, ਨਿਰਦੋਸ਼ਾਂ  ਨੂੰ,
ਜੱਗ ਤੇ ਕੋਈ ਨਿਰਦੋਸ਼ ਨਹੀ ਤਾਂ ਆਪਣੇ ਦੋਸ਼ ਲੁਕਾਵੋ ਨਾ।

ਆਪਣਾ ਕੀਤਾ ਆਪੇ ਪਾਉਣਾ ਤੈਨੂੰ  ਕੀਹ  ਤੇ ਮੈਨੂੰ  ਕੀਹ,
ਚੋਭ੍ਹਾਂ  ਭਰੀਆਂ  ਗੱਲਾਂ ਕਰਕੇ ਕਿਸੇ ਦਾ ਮਨ  ਤਪਾਵੋ  ਨਾ।

ਠੋਕਰ ਖਾ ਕੇ  ਬਣਦਾ  ਬੰਦਾ ਜਿਵੇਂ ਹੈ ਬਣਦਾ  ਪੱਥਰ ਗੋਲ,
ਛੈਣੀ - ਥੋੜ੍ਹੇ  ਪੱਥਰਾਂ  ਉਤੇ ਐਵੇਂ  ਹੋਰ   ਚਲਾਵੋ   ਨਾ।

ਆਪਣੇ ਤੇ ਨਾ ਛਿੱਟੇ ਪੈ ਜਾਣ ਏਨਾਂ  ਵੀ  ਤਾਂ  ਸੋਚ  ਲਵੋ,
ਛੱਜ 'ਚ ਪਾ, ਨਾ ਛੱਟੇ ਜਾਇਉ ਐਸਾ  ਕਰਮ   ਕਮਾਵੋ  ਨਾ।

"ਸੁਹਲ' ਬੰਦ  ਕਰੋ  ਬਕਵਾਸ ਜਿਗਰਾ  ਫਟਦਾ  ਜਾਂਦਾ  ਏ,
ਸਮਝਦਾਰ ਨੂੰ  ਬੜਾ  ਇਸ਼ਾਰਾ ਬਹੁਤਾ  ਵੀ   ਸਮਝਾਵੋ  ਨਾ।

****

No comments: