ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?........ ਵਿਅੰਗ / ਪਰਸ਼ੋਤਮ ਲਾਲ ਸਰੋਏ

ਦੇਖੋ ਜੀ ਤੁਸੀਂ ਆਮ ਹੀ ਦੇਖਦੇ ਹੋ ਕਿ ਅਸੀਂ ਆਪਣੇ ਘਰਾਂ ’ਚ ਕਈ ਤਰ੍ਹਾਂ ਦੇ ਪਾਲਤ ਜਾਨਵਰ ਰੱਖ ਲੈਂਦੇ ਹਾਂ ਤੇ ਇਨ੍ਹਾਂ ਜਾਨਵਰਾਂ ’ਚੋਂ ਸਭ ਤੋਂ ਮਨਪਸੰਦ ਜਾਨਵਰ ਕੁੱਤਾ ਹੈ। ਇਹ ਵੀ ਧਾਰਨਾ ਹੈ ਕਿ ਕੁੱਤਾ ਸਾਡਾ ਇੱਕ ਵਫ਼ਦਾਰ ਜਾਨਵਰ ਹੈ। ਦੁਨੀਆਂ ’ਤੇ ਕੁੱਤਿਆਂ ਦੀਆਂ ਵੀ ਕਈ ਕਈ ਨਸਲਾਂ ਪਾਈਆਂ ਜਾਂਦੀਆਂ ਹਨ। ਕਈ ਲੋਕ ਤਾਂ ਆਪਣੇ ਕੁੱਤੇ ਨੂੰ ਦੁਨੀਆਂ ’ਤੇ ਕਿਸ ਤਰ੍ਹਾਂ ਜਿਉਣਾ ਹੈ, ਦਾ ਸਬਕ ਵੀ ਯਾਦ ਕਰਾ ਦਿੰਦੇ ਹਨ। ਫਿਰ ਉਹ ਕੁੱਤਾ ਮਾਲਕ ਦੀ ਇੱਕ ਇੱਕ ਕਥਨੀ ’ਤੇ ਅਮਲ ਕਰਦਾ ਹੋਇਆ ਦਿਖਾਈ ਦਿੰਦਾ ਹੈ।

ਕਈ ਕੁੱਤਿਆਂ ਨੂੰ ਤਾਂ ਆਪਣੇ-ਪਰਾਏ ਦੀ ਪਛਾਣ ਹੁੰਦੀ ਹੈ, ਕਈਆਂ ਨੂੰ ਨਹੀਂ ਹੁੰਦੀ।  ਸਾਡੇ ਭਾਰਤ ਦੇ ਕੁੱਤਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਕਿਆ ਈ ਕਹਿਣੇ ਬਈ। ਏਥੇ ਤਾਂ ਕੁੱਤਾ ਆਪਣੇ ਮਾਲਕ ਦੀ ਨਕਲ ਵੀ ਕਰ ਲੈਂਦਾ ਹੈ। ਸਾਡੇ ਭਾਰਤ ਦੇ ਲੋਕ ਵਿੱਚ ਆਮ ਤੌਰ ਇੱਕ ਬਿਰਤੀ ਦੇਖਣ ਨੂੰ ਆਮ ਹੀ ਮਿਲ ਜਾਏਗੀ। ਅਖੇ “ਇਨਸਾਨ ਬਣ ਕੇ ਪੀ, ਤੇ ਕੁੱਤਾ ਬਣ ਕੇ ਜੀਅ” । ਕਹਿਣ ਦਾ ਭਾਵ ਜੇਕਰ ਇੱਕ ਖੂਹ ’ਚ ਛਾਲ ਮਾਰਦਾ ਹੈ ਤਾਂ ਦੂਸਰਾ ਆਪਣੇ ਆਪ ਹੀ ਉਸੇ ਖੂਹ ’ਚ ਛਾਲ ਮਾਰਨ ਲਈ ਤਿਆਰ ਹੋ ਜਾਂਦਾ ਹੈ। ਜਿਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਸਾਡੇ ਭਾਰਤੀ ਕੁੱਤਿਆਂ ਅਤੇ ਵਿਦੇਸ਼ੀ ਕੁੱਤਿਆਂ ’ਚ ਜ਼ਮੀਨ ਆਸਮਾਨ ਦਾ ਅੰਤਰ ਹੈ।  ਜਿੱਥੇ ਇੱਕ ਪਾਸੇ ਇੱਕ ਵਿਦੇਸ਼ੀ ਕੁੱਤਾ ਮਾਲਕ ਦੇ ਇੱਕ ਆਰਡਰ ਉਤੇ ਦੁੰਮ ਹਿਲਾਉਂਦਾ ਦਿਖਾਈ ਦੇਵੇਗਾ, ਉਥੇ ਦੂਜੇ ਪਾਸੇ ਭਾਰਤ ’ਚ ਇਹ ਕੰਮ ਮਾਲਕ ਕਰਦਾ ਹੈ। ਭਾਰਤੀ ਕੁੱਤਾ ਤਾਂ ਜਿਸ ਥਾਲੀ ’ਚ ਖਾਂਦਾ ਹੈ, ਕੲੀ ਵਾਰ ਉਸੇ ਮਾਲਕ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕਰਦਾ। ਫਿਰ ਇਸ ਗੱਲ ਦਾ ਜ਼ਿਕਰ ਤਾਂ ਗੁਰਬਾਣੀ ਦੇ ਸਲੋਕਾਂ ’ਚ ਵੀ ਕੀਤਾ ਗਿਆ ਹੈ : “ਕੁੱਤਾ ਰਾਜ ਬਿਠਾਈਐ, ਮੁੜ ਚੱਕੀ ਚਾਟੈ, ਸੱਪੇ ਦੁੱਧ ਪਿਆਈਐ ਬਿਖ ਮੁਖਉ ਛਾਟੈ” ।

ਸੋ ਅਸੀਂ ਫਿਰ ਇਸ ਨਸਲ ’ਤੇ ਕਿਸ ਤਰ੍ਹਾਂ ਵਿਸ਼ਵਾਸ ਕਰ ਕਰ ਸਕਦੇ ਹਾਂ। ਫਿਰ ਇਨ੍ਹਾਂ ਦੇ ਭੌਂਕਣ ਤੇ ਕੱਟਣ ’ਚ ਵੀ ਅੰਤਰ ਦਿਖਾਈ ਦਿੰਦਾ ਹੈ। ਕਈ ਕੁੱਤੇ ਤਾਂ ਬੰਦੇ ਨੂੰ ਦੂਰੋਂ ਹੀ ਸਤਰਕ ਕਰ ਦਿੰਦੇ ਹਨ ਕਿ “ਮੈਂ ਹੁਣ ਤੈਨੂੰ ਕੱਟਣ ਲੱਗਾ ਹਾਂ, ਬਚਣਾ ਹੈ ਤਾਂ ਬਚ ਲੈਅ” । ਦੂਜੇ ਕੁਝ ਕੁੱਤੇ ਤਾਂ ਚੁੱਪ-ਚੁਪੀਤੇ ਆ ਕੇ ਲੱਤ ਫੜ੍ਹ ਲੈਂਦੇ ਹਨ। ਪਤਾ ਨਹੀਂ ਕੁੱਤੇ ਦਾ ਇਹ ਬੰਦੇ ਨਾਲ ਕੋਈ ਪਿਆਰ ਹੈ ਜਾਂ ਕੋਈ ਦੁਸ਼ਮਣੀ।

ਫਿਰ ਹੋਰ ਤਾਂ ਹੋਰ ਇਨ੍ਹਾਂ ਦੀ ਭੌਂਕਣ ਦੀ ਆਵਾਜ਼ ’ਚ ਵੀ ਅੰਤਰ ਦੇਖਣ ਨੂੰ ਮਿਲਦਾ ਹੈ। ਜਿੱਥੇ ਵਿਦੇਸ਼ੀ ਕੁੱਤਾ ਹੌਲੇ ਜਿਹੇ “ਬੁੱਫ” ਕਹਿ ਕੇ ਚੁੱਪ ਕਰ ਜਾਂਦਾ ਹੈ। ਉਥੇ ਦੂਜੇ ਪਾਸੇ ਭਾਰਤੀ ਕੁੱਤਾ “ਭਊ-ਭਊ-ਭਊ-ਭਊ……” ਲਗਾਤਾਰ ਕਰਦਾ ਦਿਖਾਈ ਦਿੰਦਾ ਹੈ। ਕਦੇ-ਕਦੀ ਵਿਚਾਰਾ ਥੋੜਾ ਥੱਕ ਜਾਂਦਾ ਹੈ ਤਾਂ ਵਿੱਚੋਂ ਥੋੜਾ ਸਾਹ ਲੈ ਲੈਂਦਾ ਤੇ ਬਾਅਦ ’ਚ ਫਿਰ ਉਹੀ “ਭਊ-ਭਊ-ਭਊ-ਭਊ……” ਵੀ ਰਟ ਛੇੜ ਦਿੰਦਾ ਹੈ। ਅਰਥਾਤ ਉਹ ਬੰਦੇ ਨੂੰ ਇਸ਼ਾਰਾ ਕਰਦਾ ਹੈ ਕਿ “ਮੈਂ ਭਊ ਹਾਂ, ਮੈਥੋਂ ਡਰ” ।
ਫਿਰ ਭਾਰਤੀ ਕੁੱਤਿਆਂ ਦੀ ਰਹਿਣੀ ਸਹਿਣੀ ਤੇ ਵਿਦੇਸ਼ੀ ਕੁੱਤਿਆਂ ਦੀ ਰਹਿਣੀ ਸਹਿਣੀ ’ਚ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਜਿੱਥੇ ਵਿਦੇਸ਼ੀ ਤੇ ਅਮੀਰ ਕੁੱਤਾ ਵੱਡੀਆਂ-ਵੱਡੀਆਂ ਗੱਡੀਆਂ ’ਚ ਘੁੰਮਦਾ ਹੈ ਤੇ ਏ।ਸੀ। ਲੱਗੇ ਕਮਰਿਆਂ ਨਿਵਾਸ ਕਰ ਸ਼ਾਹੀ ਜ਼ਿੰਦਗੀ ਬਸਰ ਕਰਦਾ ਹੈ, ਭਾਰਤੀ ਪੰਜਾਬੀ ਕੁੱਤਾ ਬੇਚਾਰਾ ਗੰਦੀ ਜਿਹੀ ਜਗ੍ਹਾ ’ਚ ਹੀ ਗੁਜ਼ਾਰਾ ਕਰ ਲੈਂਦਾ ਹੈ। ਫਿਰ ਇਨ੍ਹਾਂ ਦੇ ਖਾਣੇ ’ਚ ਵੀ ਅੰਤਰ ਹੈ। ਜਿੱਥੇ ਵਿਦੇਸ਼ੀ ਕੁੱਤਾ ਚਿਕਨ ਸ਼ਿਕਨ ਖਾਂਦਾ ਹੈ, ਤੇ ਭਾਰਤੀ ਕੁੱਤਾ ਵਿਚਾਰਾ ਪਿਛਲੇ ਡੰਗ ਦੀ ਬਚੀ ਹੋਈ ਸੁੱਕੀ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਂਦਾ ਹੈ।
ਫਿਰ ਭਾਰਤੀ ਕੁੱਤਿਆਂ ਤੇ ਵਿਦੇਸ਼ੀ ਕੁੱਤਿਆਂ ਦੀ ਸਿੱਖਿਆ ’ਚ ਵੀ ਅੰਤਰ ਦੇਖਣ ਨੂੰ ਮਿਲਦਾ ਹੈ। ਵਿਦੇਸ਼ੀ ਕੁੱਤਾ ਘਰ ’ਚ ਕੋਈ ਮਹਿਮਾਨ ਆਵੇ ਤਾਂ ਬਸ ਫਿਰ ਕੀ ਉਹ ਉਸ ਦੇ ਪੈਰ ਚੱਟੇਗਾ ਤੇ ਪਾਸੇ ਜਾ ਕੇ ਸਾਈਡ ’ਤੇ ਬੈਠ ਜਾਂਦਾ ਹੈ। ਕਈ ਵਾਰੀ ਤਾਂ ਜੇਕਰ ਮਾਲਕ ਕਹਿੰਦਾ ਹੈ, “ਸ਼ੇਕ ਹੈਂਡ” ਤਾਂ ਉਹ ਅਗਲਾ ਹੱਥ ਅੱਗੇ ਕੱਢਦਾ ਹੈ। ਜੇਕਰ ਕੋਈ ਕਹੇ ਕਿ ਇਨ੍ਹਾਂ ਨੂੰ “ਗੁਡ-ਮਾਰਨਿੰਗ”, “ਗੁੱਡ ਆਫਟਰ ਨੂਨ”, “ਗੁੱਡ ਇਵਨਿੰਗ” ਜਾਂ “ਫਿਰ ਗੁੱਡ ਨਾਈਟ” ਕਹਿ ਤਾਂ ਉਹ ਦੂਰੋਂ ਹੀ ਆਪਣਾ ਸਿਰ ਹਿਲਾਉਂਦਾ ਹੈ।

ਹੁਣ ਅਸੀਂ ਭਾਰਤੀ ਕੁੱਤੇ ਦੀ ਗੱਲ ਕਰੀਏ ਤਾਂ ਮਾਲਕ ਤੋਂ ਪਹਿਲਾਂ ਕੁੱਤਾ ਆਏ ਹੋਏ ਮਹਿਮਾਨ ਦਾ ਸਵਾਗਤ ਕਰਦਾ ਹੈ। ਕਈ ਵਾਰ ਤਾਂ ਆਏ ਹੋਏ ਮਹਿਮਾਨ ਦੇ ਕੱਪੜੇ ਤੱਕ ਵੀ ਪਾੜ ਕੇ ਘਰ ’ਚ ਦਾਖ਼ਲ ਹੋਣ ਦਿੰਦੇ ਹਨ। ਕਈਆਂ ਨੇ ਤਾਂ ਆਪਣੇ ਘਰਾਂ ਦੇ ਗੇਟ ਉਤੇ “ਬੀਵੇਅਰ ਆਫ ਡਾਗ” ਅਰਥਾਤ ਕੁੱਤਿਆਂ ਤੋਂ ਸਾਵਧਾਨ। ਜਦ ਅਸੀਂ ਕਿਸੇ ਦੇ ਘਰ ਕਿਸੇ ਨੂੰ ਮਿਲਣ ਜਾਂਦੇ ਹਾਂ ਤਾਂ ਸਾਡੀ ਮੁਲਾਕਾਤ ਮਾਲਕ ਦੀ ਬਜਾਏ ਪਹਿਲਾਂ ਉਸ ਦੇ ਪਾਲਤੂ ਕੁੱਤੇ ਨਾਲ ਹੁੰਦੀ ਹੈ।

ਹੁਣ ਭਾਰਤੀ ਕੁੱਤੇ ਅਤੇ ਵਿਦੇਸ਼ੀ ਕੁੱਤੇ ਦੀ ਮੇਜ਼ਬਾਨੀ ’ਚ ਵੀ ਅੰਤਰ ਹੁੰਦਾ ਹੈ। ਜਿੱਥੇ ਵਿਦੇਸ਼ੀ ਕੁੱਤਾ ਆਏ ਗਏ ਦਾ ਸਵਾਗਤ ਉਸਦੇ ਪੈਰ ਚੱਟ ਕੇ ਕਰਦਾ ਹੈ, ਉਥੇ ਭਾਰਤੀ ਕੁੱਤਾ ਆਏ ਹੋਏ ਮਹਿਮਾਨ ਦਾ ਸਵਾਗਤ ਉਸ ਦੀ ਲੱਤ ਫੜ੍ਹ ਕੇ ਜਾਂ ਫਿਰ ਉਸਦੇ ਕੱਪੜੇ ਫਾੜ ਕੇ ਕਰਦਾ ਹੈ। ਇਨ੍ਹਾਂ ਦੋਨਾਂ ਦੀ ਐਜ਼ੂਕੇਸ਼ਨ ’ਚ ਵੀ ਫਰਕ ਹੁੰਦਾ ਹੈ। ਵਿਦੇਸ਼ੀ ਕੁੱਤਾ ਤਾਂ ਅੰਗਰੇਜ਼ੀ ਸਿੱਖ ਤੇ ਸਮਝ ਵੀ ਲੈਂਦਾ ਹੈ, ਭਾਰਤੀ ਕੁੱਤਾ ਵਿਚਾਰਾ ਕਰਮਾਂ ਦਾ ਮਾੜਾ ਪੰਜਾਬੀ ਤੱਕ ਵੀ ਸਮਝ ਨਹੀਂ ਸਕਿਆ।

ਵਿਦੇਸ਼ੀ ਕੁੱਤੇ ਆਏ ਗਏ ਦਾ ਸੁਭਾਅ ਵੀ ਪਰਖ ਲੈਂਦੇ ਹਨ ਤੇ ਉਸ ਨੂੰ ਪਹਿਚਾਣ ਵੀ ਲੈਂਦੇ ਹਨ। ਦੂਜੇ ਪਾਸੇ ਭਾਰਤੀ ਕੁੱਤੇ ਸਾਡੀ ਇਨਸਾਨੀ ਭਾਸ਼ਾ ਨਾ ਸਮਝਣ ਕਰ ਕੇ ਸਮਝ ਨਹੀਂ ਸਕਦੇ ਕਿ ਅਸੀਂ ਕੀ ਕਹਿ ਰਹੇ ਹਾਂ। ਇਸ ਲਈ ਭਾਰਤੀ ਕੁੱਤੇ ਜ਼ਿਆਦਾ ਤੇ ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਬਾਕੀ ਹੋਰ ਕੀ ਕਹੀਏ ਹਰ ਇੱਕ ਦੀ ਆਪਣੀ ਸਮਝ ਹੈ।

****

No comments: