ਮਨੁੱਖ, ਧਰਮ ਅਤੇ ਵਿਗਿਆਨ........... ਲੇਖ / ਕੁਲਦੀਪ ਸਿੰਘ ਸਿਰਸਾ

ਜਦੋਂ ਇਕ ਜੰਗਲੀ-ਜਾਨਵਰ ਨੇ ਆਪਣੇ ਅਗਲੇ ਪੈਰਾਂ ਨਾਲ ਕਿਰਤ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਇਹੀ ਪੈਰ ਉਸਦੇ ਹੱਥਾਂ ਦੇ ਰੂਪ ਵਿੱਚ ਵਿਕਸਤ ਹੋਣੇ ਸ਼ੁਰੂ ਹੋ ਗਏ। ਇਸੇ ਕਿਰਤ ਦੀ ਕਾਰਵਾਈ ਨੇ ਇਸ ਨੂੰ ਪਸ਼ੂ ਜਗਤ ਤੋਂ ਵੱਖ ਕਰ ਦਿੱਤਾ। ਭਾਵ ਜਾਨਵਰ + ਕਿਰਤ = ਮਨੁੱਖ। ਕਿਰਤ ਦੀਆਂ ਕਾਰਵਾਈਆਂ ਨੇ ਇਸ ਮਨੁੱਖ ਦੀ ਚੇਤਨਾ ਦਾ ਵਿਕਾਸ ਕੀਤਾ। ਇਹ ਅੱਗ ਅਤੇ ਪਹੀਏ ਦੀ ਖੋਜ ਕਰਦਾ ਹੋਇਆ ਮੁਢਲੇ ਕਬੀਲਾਈ ਦੌਰ ਤੱਕ ਪਹੁੰਚ ਗਿਆ। ਲੇਕਿਨ ਹਾਲੇ ਤਕ ਇਹ ਕੁਦਰਤੀ ਸ਼ਕਤੀਆਂ ਦਾ ਗੁਲਾਮ ਸੀ। ਉਹਨਾਂ ਤੋਂ ਭੈਅ ਖਾਂਦਾ ਤੇ ਉਹਨਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਇਹ ਕਬੀਲਾਈ ਦੌਰ ਇਸਦੇ ਅੰਦਰੂਨੀ ਕਾਰਨਾਂ ਕਰਕੇ ਗੁਲਾਮਦਾਰੀ ਯੁੱਗ ਵਿੱਚ ਬਦਲ ਗਿਆ। ਜਿੱਥੇ ਗੁਲਾਮ-ਮਾਲਕ ਦੇ ਰਿਸ਼ਤੇ ਵਿੱਚ ਸੰਤੁਲਨ ਬਣਾਉਣ ਲਈ ਜਾਣੇ-ਅਣਜਾਣੇ ਧਰਮ ਪੈਦਾ ਹੋਇਆ। ਕਲਾ ਅਤੇ ਸਾਹਿਤ ਵੀ ਇਸੇ ਦੌਰ ਵਿੱਚ ਪੈਦਾ ਹੋਏ। ਨਵੇਂ ਸੰਦ ਵਿਕਸਤ ਹੋਏ। ਮਨੁੱਖ ਕੁਦਰਤੀ ਸ਼ਕਤੀਆਂ ਉਪਰ ਕਾਬੂ ਪਾਉਣ ਲਈ ਸੰਘਰਸ਼ੀਲ ਰਿਹਾ। ਇਹ ਵਿਕਾਸ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਗੁਲਾਮਦਾਰੀ ਦੀ ਕੁੱਖ ਵਿਚੋਂ ਜਗੀਰਦਾਰੀ ਨਿਜ਼ਾਮ ਪੈਦਾ ਹੋਇਆ। ਹੁਣ ਰਿਸ਼ਤਾ ਗੁਲਾਮ-ਮਾਲਕ ਦਾ ਨਾ ਹੋ ਕਿ ਕਿਸਾਨ-ਜਗੀਰਦਾਰ ਦੇ ਨਵੇਂ ਸਬੰਧ ਪੈਦਾ ਹੋਏ। ਇੱਥੇ ਵੀ ਯਥਾਸਥਿਤੀ ਬਣਾ ਕਿ ਰੱਖਣ ਲਈ ਧਰਮ ਮੌਜੂਦ ਰਿਹਾ। ਇਸ ਸਮੇਂ ਖੇਤੀ-ਸੰਦਾਂ ਨੇ ਵਿਕਾਸ ਕੀਤਾ। ਦੁਨੀਆਂ ਦੇ ਨਕਸ਼ੇ ’ਤੇ ਨਵੇਂ ਸ਼ਹਿਰ ਉਭਰੇ। ਉਦਯੋਗ ਸਥਾਪਿਤ ਹੋਏ। ਉਦਯੋਗਾਂ ਵਿੱਚ ਕਿਰਤ ਦੀ ਮੰਗ ਨੇ ਕਿਸਾਨ-ਜਗੀਰਦਾਰੀ ਦੇ ਸਬੰਧਾਂ ਨੂੰ ਖਤਮ ਕਰਕੇ ਉਜ਼ਰਤੀ ਮਜ਼ਦੂਰ ਅਤੇ ਪੂੰਜੀਪਤੀ ਦੇ ਨਵੇਂ ਰਿਸ਼ਤੇ ਨੂੰ ਜਨਮ ਦਿੱਤਾ। ਜਿਸਨੂੰ ਅਸੀਂ ਪੂੰਜੀਵਾਦੀ ਪ੍ਰਬੰਧ ਕਹਿੰਦੇ ਹਾਂ। ਇਸ ਪ੍ਰਬੰਧ  ਵਿੱਚ ਵਿਗਿਆਨ ਨੇ ਸਿਖਰਾਂ ਨੂੰ ਛੋਹਿਆ । ਹਰ ਪਾਸੇ ਵਿਗਿਆਨ ਦੇ ਜਲਵੇ ਨਜ਼ਰ ਆਉਣ ਲੱਗੇ। ਲੋਕਾਂ ਦੀ ਸੋਚ ਵਿਗਿਆਨਿਕ ਹੋਣ ਲੱਗੀ। ਜਿਹੜਾ ਧਰਮ ਹਮੇਸ਼ਾ ਵਿਗਿਆਨਿਕਾਂ ਦੀ ਬਲੀ ਲੈਂਦਾ ਰਿਹਾ ,ਜਿਉਂਦਾ ਰਹਿਣ ਲਈ ਮਜਬੂਰਨ ਉਸ ਧਰਮ ਨੂੰ  ਵੀ ਵਿਗਿਆਨ ਦੀ ਮੋਹਰ ਦੀ ਜਰੂਰਤ ਪਈ। ਧਾਰਮਿਕ ਲੋਕਾਂ ਨੇ ਆਪਣੇ ਅੰਧ-ਵਿਸ਼ਵਾਸ਼ ਦੀ ਡੋਜ਼ ਵਿਗਿਆਨ ਦੇ ਕੈਪਸੂਲ ਵਿੱਚ ਪਾ ਕਿ ਦੇਣੀ ਸ਼ੁਰੂ ਕਰ ਦਿੱਤੀ। ਜਦ ਵੀ ਵਿਗਿਆਨ ਕੋਈ ਨਵਾਂ ਕਰਿਸ਼ਮਾ ਕਰਦੀ ਹੈ ਤਾਂ ਸਾਰੇ ਧਰਮ ਆਪਣੇ ਗਰੰਥਾਂ ਚੋਂ ਤੁੱਕਾਂ ਲੱਭ ਕਿ ਵਿਗਿਆਨ ਨੂੰ ਬੌਣਾਂ ਦਿਖਾਉਣ ਦੀਆਂ ਨਾ-ਕਾਮਯਾਬ ਕੋਸ਼ਿਸ਼ਾਂ ਕਰਦੇ ਹਨ। ਜਿੱਥੇ ਧਾਰਮਿਕ ਲੋਕ ਧਰਮ ਨੂੰ ਵਿਗਿਆਨ ਦੱਸਦੇ ਨੇ, ਉੱਥੇ ਵਿਗਿਆਨ ਵਾਂਗੂ ਖੁਲ੍ਹੀ ਬਹਿਸ ਤੋਂ ਵੀ ਡਰਦੇ ਨੇ।

ਇਹ ਵੀ ਇਕ ਸੱਚ ਹੈ ਕਿ ਇਹਨਾ ਗ੍ਰੰਥਾਂ ਨੂੰ ਪੜ੍ਹਨ ਵਾਲੇ ਕਦੇ ਵਿਗਿਆਨਿਕ ਨਹੀਂ ਬਣੇ ਅਤੇ ਜਿਨ੍ਹੇ ਵਿਗਿਆਨਿਕ ਹੋਏ ਨੇ ਉਹਨਾਂ ਦੀ ਇਹਨਾਂ ਗ੍ਰੰਥਾਂ ਨੇ ਕੋਈ ਮਦਦ ਨਹੀਂ ਕੀਤੀ। 

ਖੈਰ ਕਬੀਲਾਈ ਦੌਰ, ਗੁਲਾਮਦਾਰੀ ਅਤੇ ਜਗੀਰਦਾਰੀ ਦੀ ਤਰ੍ਹਾਂ ਪੂੰਜੀਵਾਦ ਵੀ ਹਮੇਸ਼ਾ ਨਹੀਂ ਰਹੇਗਾ। ਲੇਕਿਨ ਇਸ ਪੂੰਜੀਵਾਦ ਦੇ ਸਿਖਰ ਤੱਕ ਪਹੁੰਚਦਿਆਂ ਮਨੁੱਖ ਕੁਦਰਤੀ ਸ਼ਕਤੀਆਂ ਨੂੰ ਚੰਗੀ ਤਰ੍ਹਾਂ ਪਹਿਚਾਣ ਕਿ ਉਹਨਾਂ ਉੱਪਰ ਜਿੱਤ ਪ੍ਰਾਪਤ ਕਰ ਲਵੇਗਾ। ਇਹ ਜਿੱਤ ਹੀ ਧਰਮ ਦੀ ਮੌਤ ਦਾ ਕਾਰਨ ਬਣੇਗੀ। ਅਗਲਾ ਪ੍ਰਬੰਧ ਸਮਾਜਵਾਦ ਜਾਂ ਕੋਈ ਵੀ ਹੋਵੇ ਉਸ ਵਿੱਚ ਧਰਮ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਧਰਮ ਦੀਆਂ ਕਮਜੋਰ ਅਤੇ ਵਿਗਿਆਨ ਦੀਆਂ ਮਜਬੂਤ ਹੁੰਦੀਆਂ ਕੜੀਆਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਵਿਗਿਆਨ ਹਮੇਸ਼ਾ ਧਰਮ ਨੂੰ ਮਾਤ ਦਿੰਦਾ ਆਇਆ ਹੈ ਅਤੇ ਆਖਰੀ ਜਿੱਤ ਵੀ ਇਸੇ ਦੀ ਹੋਵੇਗੀ।

****

No comments: