ਦੋ ਪੁੱਤ ਨਾ ਕਿਸੇ ਨੂੰ ਰੱਬ ਦੇਵੇ....... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਇੱਕ ਗੀਤ ਸੁਣ ਰਿਹਾ ਸਾਂ, ਜਿਸ ਦੇ ਬੋਲ ਸਨ :

ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ ਪੂਰਨਾ

ਇਸ ਗੀਤ ਨੂੰ ਸੁਣਦਿਆਂ ਸੁਣਦਿਆਂ ਮੇਰੇ ਮਨ ਵਿੱਚ ਅਨੇਕਾਂ ਵਿਚਾਰ ਆਉਣੇ ਸ਼ੁਰੂ ਹੋ ਗਏ। ਮੇਰੀ ਨਜ਼ਰ ਸਭ ਤੋਂ ਪਹਿਲਾਂ ਉਹਨਾਂ ਘਰਾਂ ਵੱਲ ਦੌੜੀ ਜਿਨ੍ਹਾਂ ਦੇ ਦੋ-ਦੋ ਪੁੱਤਰ ਨੇ। ਫਿਰ ਮੇਰੇ ਮਨ ਨੇ ਸਵਾਲ ਕੀਤਾ ਕਿ, ਜੀਹਦੇ ਦੋ ਪੁੱਤਰ ਨੇ ਉਹ ਕਿਹੜਾ ਬਹੁਤੇ ਸੁਖੀ ਵਸਦੇ ਨੇ। ਮੈਂ ਆਪਣੇ ਪਿੰਡ, ਆਂਢ-ਗੁਆਂਢ, ਰਿਸ਼ਤੇਦਾਰੀਆਂ ’ਚ ਨਜ਼ਰ ਦੌੜਾਈ, ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਨ੍ਹਾਂ ਦੇ ਦੋ ਪੁੱਤਰ ਨੇ ਉਹ ਬਹੁਤੇ ਔਖੇ ਨੇ, ਜਿਨ੍ਹਾਂ ਦੇ ਇਕੱਲਾ ਉਹ ਬਹੁਤੇ ਨਹੀਂ ਕੁਝ ਸੌਖੇ ਨੇ। ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਦੇ ਦੋ ਪੁੱਤਰ ਨੇ ਉਹ ਸਾਰੇ ਹੀ ਔਖੇ ਨੇ ਪਰ ਬਹੁਗਿਣਤੀ ਅਜਿਹੀ ਹੈ। ਮੈਂ ਇੱਕ ਮਿਸਾਲ ਦਿੰਦਾ ਹਾਂ, ਅੱਜਕੱਲ੍ਹ ਸਾਂਝੇ ਪਰਿਵਾਰਾਂ ਦੀ ਹੋਂਦ ਖ਼ਤਮ ਹੋ ਰਹੀ ਹੈ। ਬਹੁਤ ਥੋੜੇ ਪਰਿਵਾਰ ਹਨ ਜਿੱਥੇ ਸਾਰੇ ਭਰਾ ਰਲ ਮਿਲਕੇ ਅਤੇ ਖੁਸ਼ੀ ਖੁਸ਼ੀ ਰਹਿੰਦੇ ਹਨ ਪਰ ਬਹੁਤੇ ਪਰਿਵਾਰ ਅਜਿਹੇ ਹਨ ਜਾਂ ਕਹਿ ਲਵੋ ਕਿਸੇ ਬਜ਼ੁਰਗ ਦੇ ਡਰੋਂ ਜਾਂ ਜਿਨ੍ਹਾਂ ਦੀ ਜਾਇਦਾਦ ਦਾ ਅਜੇ ਵੰਡ ਵੰਡਾਰਾ ਨਹੀਂ ਹੋਇਆ ਹੁੰਦਾ, ਸਿਰਫ਼ ਝਿਪਕੇ ਦਿਨ ਕਟੀ ਕਰ ਰਹੇ ਹਨ। ਜਦੋਂ ਵੱਡਾ ਬਜ਼ੁਰਗ ਸਵਰਗ ਸਿਧਾਰ ਜਾਂਦਾ ਹੈ ਤਾਂ ਅੱਡ-ਅੱਡ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜਾਂ ਜਿੱਥੇ ਵੰਡ ਵੰਡਾਰਾ ਸਮੇਂ ਨਾਲ ਹੋ ਜਾਵੇ ਉਥੇ ਸਾਂਝੇ ਪਰਿਵਾਰ ਬਿਖਰਨੇ ਸ਼ੁਰ ਹੋ ਜਾਂਦੇ ਹਨ। ‘ਦੋ ਪੁੱਤ ਨਾ ਕਿਸੇ ਨੂੰ ਰੱਬ ਦੇਵੇ’ ਇਹ ਲਾਈਨ ਮੇਰੇ ਮਨ ਵਿੱਚ ਕਿਵੇਂ ਆਈ ਇਸ ਪਿੱਛੇ ਬਹੁਤ ਸਾਰੀਆਂ ਗੱਲਾਂ ਹਨ ਪਰ ਇੱਕ-ਦੋ ਗੱਲਾਂ ਨਾਲ ਹੀ ਇਸ ਸਾਰੀ ਸਥਿਤੀ ਦਾ ਨਿਚੋੜ ਕੱਢਿਆ ਜਾ ਸਕਦਾ ਹੈ।

ਅਕਸਰ ਪੜ੍ਹਨ ਸੁਣਨ ਨੂੰ ਮਿਲ ਜਾਂਦਾ ਹੈ ਜਾਂ ਸਮਾਜ ’ਚ ਰਹਿੰਦਿਆਂ ਦੇਖਣ ਨੂੰ ਮਿਲ ਜਾਂਦਾ ਹੈ ਕਿ ਜਦੋਂ ਪਰਿਵਾਰ ਅਲੱਗ-ਥਲੱਗ ਹੁੰਦੇ ਹਨ ਤਾਂ ਇੱਕ ਨੂੰ ਵੱਧ ਹਿਸਾ ਮਿਲ ਜਾਂਦਾ ਹੈ ਅਤੇ ਦੂਜੇ ਨੂੰ ਥੋੜਾ। ਇੱਕੋ ਮਾਂ ਦੇ ਪੇਟੋਂ ਜਾਏ ਸ਼ਰੀਕ ਬਣ ਜਾਂਦੇ ਹਨ। ਕਈ ਵਾਰ ਅਸੀਂ ਬਜ਼ੁਰਗਾਂ ਤੋਂ ਸੁਣਦੇ ਵੀ ਹਾਂ ਜਦੋਂ ਉਹ ਅੱਕਕੇ ਕਹਿ ਦਿੰਦੇ ਹਨ ਕਿ ਕੀ ਕਰਾਉਣਾ ਸੀ ਐਸੀ ਸਤੌਲ ਤੋਂ ਇੱਕ ਹੀ ਬਹੁਤ ਸੀ, ਮਾੜਾ ਕਰਦਾ ਚੰਗਾ ਕਰਦਾ, ਸਾਰਾ ਹਿੱਸਾ ਤਾਂ ਉਹਦਾ ਸੀ ਪਰ ਜਦੋਂ ਦੋ ਸਕੇ ਭਰਾਵਾਂ ਵਿੱਚ ਵੰਡ-ਵੰਡਾਰੇ ਦੀ ਗੱਲ ਆਉਂਦੀ ਹੈ ਤਾਂ ਮਾਂ-ਪਿਓ ਵੀ ਮਜ਼ਬੂਰ ਹੋ ਜਾਂਦੇ ਹਨ ਕਿ ਉਹ ਕੀਹਦਾ ਪੱਖ ਪੂਰਨ, ਕੀਹਨੂੰ ਮਾੜਾ ਕਹਿਣ ਕੀਹਨੂੰ ਚੰਗਾ ਕਿਉਂਕਿ ਮਾਪਿਆਂ ਲਈ ਤਾਂ ਦੋਵੇਂ ਪੁੱਤਰ ਬਰਾਬਰ ਹਨ। ਪਰ ਸਥਿਤੀ ਉਦੋਂ ਗੰਭੀਰ ਬਣ ਜਾਂਦੀ ਹੈ ਜਦੋਂ ਪੁੱਤਰ ਅੱਡ ਹੁੰਦੇ ਹਨ ਅਤੇ ਇਹ ਆਖਦੇ ਹਨ ਕਿ ਮਾਂ ਤੇਰੇ ਘਰੋਂ ਰੋਟੀ ਖਾਊ ਪਿਓ ਖਾਊਗਾ ਮੇਰੇ ਘਰੋਂ। ਇਹ ਇੱਕ ਬਹੁਤ ਹੀ ਅਸਹਿ ਵਰਤਾਰਾ ਹੁੰਦਾ ਹੈ। ਜ਼ਿੰਦਗੀ ਦੀ ਸਾਂਝ ਨੂੰ ਦੋ ਪੁੱਤ ਵੰਡ ਦਿੰਦੇ ਹਨ। ਬੁੱਢੇ ਜੋੜੇ ਕੋਲ ਇੱਕ-ਦੂਜੇ ਨੂੰ ਦੁੱਖ-ਸੁਖ ਦੱਸਣ ਪੁੱਛਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਮੇਰੀ ਨਜ਼ਰੇ ਇੱਕ ਨਹੀਂ ਹਜ਼ਾਰਾਂ ਅਜਿਹੇ ਪ੍ਰੀਵਾਰ ਹਨ ਜਿਨ੍ਹਾਂ ਨਾਲ ਇਹ ਵਰਤਾਰਾ ਹੋ ਰਿਹਾ ਹੈ ਮਾਂ ਇੱਕ ਘਰੇ ਬਾਪ ਦੂਜੇ ਘਰੇ। ਸਿਰਫ਼ ਰਾਖੀ ਕਰਨ ਵਾਸਤੇ ਹੀ ਬਜ਼ੁਰਗਾਂ ਨੂੰ ਘਰਾਂ ਵਿੱਚ ਰੱਖਿਆ ਹੋਇਆ ਹੈ। ਇੱਕ-ਦੂਜੇ ਨਾਲ ਮਿਲਣ ਦੀ ਇਜਾਜਤ ਨਹੀਂ ਦਿੱਤੀ ਜਾਂਦੀ। ਜੇਕਰ ਕੱਲਾ ਪੁੱਤ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਅੱਡ ਹੋਣ ਦਾ ਸਵਾਲ ਘੱਟ ਹੀ ਪੈਦਾ ਹੁੰਦਾ ਹੈ ਪਰ ਜੇਕਰ ਹੁੰਦਾ ਵੀ ਹੈ ਤਾ ਪੁੱਤਰ ਆਪਣਾ ਪਰਿਵਾਰ ਲੈਕੇ ਪਾਸੇ ਹੋ ਜਾਂਦਾ ਹੈ ਅਤੇ ਮਾਂ-ਪਿਓ ਇੱਕ ਪਾਸੇ। ਕਹਿਣ ਤੋਂ ਭਾਵ ਕਿ ਉਹਨਾਂ ਦਾ ਬੁਢਾਪਾ ਤਾਂ ਇੱਕ-ਦੂਜੇ ਨਾਲ ਗੱਲਬਾਤ ਕਰਕੇ ਵਧੀਆ ¦ਘ ਜਾਂਦਾ ਹੈ। ਕਈਆਂ ਦੇ ਤਿੰਨ-ਚਾਰ ਜਾਂ ਪੰਜ ਪੁੱਤਰ ਹੁੰਦੇ ਹਨ ਉਥੇ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ। ਜੇਕਰ ਦੋ ਪੁੱਤਰਾਂ ਦੇ ਨਾਲ ਇੱਕ ਧੀ ਜਾਂ ਦੋ ਧੀਆਂ ਹੋਣਤਾਂ ਉਹ ਵੀ ਦੁਬਿਧਾ ’ਚ ਪੈ ਜਾਂਦੀਆਂ ਹਨ। ਜੇਕਰ ਭੈਣ ਇੱਕ ਭਰਾ ਦੇ ਘਰੇ ਪਹਿਲਾਂ ਆਉਂਦੀ ਹੈ ਤਾਂ ਦੂਜਾ ਕਹਿੰਦਾ, ਕੋਈ ਗੱਲ ਨੀ ਤੂੰ ਪਹਿਲਾਂ ਉਹਦੇ ਵੱਲ ਆਈ ਅਤੇ ਮੇਰੇ ਵੱਲ ਤਾਂ ਉਈਂ ਦਿਖਾਵਾ ਜਿਹਾ ਕਰਨ ਹੀ ਆ ਗਈ, ਭੈਣ ਵਿਚਾਰੀ ਮਜ਼ਬੂਰ ਹੋ ਜਾਂਦੀ ਹੈ ਜਦ ਉਹ ਵੇਖਦੀ ਹੈ ਕਿ ਉਹਦੇ ਮਾਪੇ ਵੀ ਵੰਡੇ ਪਏ ਹਨ।

ਸੋ ਕਹਿਣ ਤੋਂ ਭਾਵ ਤਾਂ ਇਹ ਹੈ ਕਿ ਦੋ ਪੁੱਤਾਂ ਵਾਲਿਓ ਪਹਿਲਾਂ ਤੋਂ ਹੀ ਆਪਣੇ ਘਰ ਦਾ ਮਾਹੌਲ ਅਜਿਹਾ ਬਣਾ ਲਓ ਕਿ ਇਹ ਨੌਬਤ ਹੀ ਨਾ ਆਵੇ ਕਿ ਪੁੱਤਰ ਹੀ ਸ਼ਰੀਕ ਬਣ ਜਾਣ। ਇਸ ਲਈ ਪਰਿਵਾਰ ਦੇ ਮੋਢੀ ਨੂੰ ਜਿੰਮੇਵਾਰ ਹੋਣਾ ਚਾਹੀਦਾ ਹੈ। ਪਰ ਫਿਰ ਵੀ ਜੇਕਰ ਪੁੱਤਰ ਕਿਸੇ ਗੱਲੋਂ ਅਲੱਗ ਹੋਣਾ ਚਾਹੁੰਦੇ ਹਨ ਤਾਂ ਉਹਨਾਂ ਹੱਥੋਂ ਆਪਣੀ ਜ਼ਿੰਦਗੀ ਦੀਆਂ ਵੰਡੀਆਂ ਨਾ ਪਵਾਓ। ਘਰ ਵੰਡ ਦਿਓ, ਜਾਇਦਾਦ ਵੰਡ ਦਿਓ, ਪਰ ਇਹ ਆਖ ਦਿਓ ਕਿ ਅਸੀਂ ਇਕੱਠੇ ਰਹਾਂਗੇ ਨਹੀਂ ਤਾਂ ਬੁਢਾਪਾ ਬੜਾ ਤੰਗ ਕਰਦਾ ਹੈ, ਪੁੱਛ ਕੇ ਵੇਖ ਲਵੋ ਉਹਨਾਂ ਨੂੰ ਜਿਨ੍ਹਾਂ ਨਾਲ ਬੀਤੀ ਹੈ। ਮੇਰੇ ਕੋਲ ਕਈ ਅਜਿਹੇ ਜੋੜੇ ਆਉਂਦੇ ਹਨ ਜੋ ਮੈਨੂੰ ਸਵਾਲ ਕਰਦੇ ਹਨ ਕਿ ਡਾਕਟਰ ਸਾਹਿਬ ਮੁੰਡਾ ਹੋਣ ਦੀ ਦਵਾਈ ਹੈਗੀ ਥੋਡੇ ਕੋਲ। ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਪਹਿਲਾਂ ਕਿੰਨੇ ਬੱਚੇ ਨੇ, ਜਦੋਂ ਜਵਾਬ ਮਿਲਦਾ ਹੈ ਕਿ ਪਹਿਲਾਂ ਇੱਕ ਮੁੰਡਾ ਹੈਗਾ, ਜੇਕਰ ਇੱਕ ਹੋਰ ਹੋ ਜਾਵੇ ਜੋੜੀ ਬਣ ਜਾਵੇ। ਮੈਂ ਹੈਰਾਨ ਹੋ ਜਾਂਦਾ ਹਾਂ ਕਿ ਕੋਈ ਅਜਿਹਾ ਜੋੜਾ ਜੀਹਦੇ ਪਹਿਲਾਂ ਕੁੜੀਆਂ ਹੀ ਕੁੜੀਆਂ ਹੋਣ ਉਹ ਤਾਂ ਮੁੰਡਾ ਹੋਣ ਦੀ ਦਵਾਈ ਪੁੱਛੇ ਪਰ ਜੋੜੀ ਬਣਾਉਣ ਦੇ ਚੱਕਰ ਵਿੱਚ ਹੀ ਕਈ ਜੋੜੇ ਉਲਝੇ ਪਏ ਹਨ। ਇਹ ਵੀ ਇੱਕ ਗੰਭੀਰ ਮਾਮਲਾ ਹੈ। ਕਈ ਜੋੜਿਆਂ ਨੇ ਜੋੜੀ ਬਣਾਉਂਦਿਆਂ-ਬੁਣਾਉਂਦਿਆਂ ਹੀ ਕੁੱਖ ਵਿੱਚ ਕਈ ਧੀਆਂ ਦੇ ਕਤਲ ਕਰ ਦਿੱਤੇ ਹਨ। ਮੈਂ ਪੁੱਛਦਾ ਹਾਂ ਕਿ ਕੀ ਗੱਲ ਇੱਕ ਮੁੰਡਾ ਹੈਗਾ ਤੁਹਾਡੇ ਕੋਲ ਦੂਸਰਾ ਬੱਚਾ ਤੁਸੀਂ ਕੁੜੀ ਕਿਉਂ ਨਹੀਂ ਮੰਗਦੇ, ਤਾਂ ਅੱਗਿਓਂ ਹੈਰਾਨ ਕਰਨ ਵਾਲਾ ਜਵਾਬ ਮਿਲਦਾ ਹੈ। ਜੇਕਰ ‘ਕੱਲੇ ਮੁੰਡੇ ਨੂੰ ਕੁਝ ਹੋ ਗਿਆ, ਫਿਰ ਮੈਂ ਕਹਿ ਦਿੰਦਾ ਹਾਂ ਜੇ ਹੋਣਾ ਹੋਵੇ ਤਾਂ ਦੋਹਾਂ ਨੂੰ ਵੀ ਹੋ ਸਕਦਾ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ‘ਕੱਲਾ ਹੀ ਸਾਊ ਅਤੇ ਨੇਕ ਹੋਵੇ ਪਰਮਾਤਮਾ ਉਸ ਨੂੰ ਤੰਦਰੁਸਤੀ ਦੇਵੇ, ਕਿਉਂ ਜੋੜੀਆਂ ਬਣਾਉਣ ਦੇ ਚੱਕਰ ਵਿੱਚ ਉਲਝੇ ਪਏ ਹੋ, ਵੱਡੇ ਹੋ ਕੇ ਇਹੀ ਸ਼ਰੀਕ ਬਣ ਜਾਣਗੇ। ਕਈ ਤਾਂ ਆਖੇ ਲੱਗ ਜਾਂਦੇ ਹਨ ਪਰ ਕਈ ਜੋੜੀਆਂ ਬਣਾ ਲੈਂਦੇ ਹਨ ਅਤੇ ਪਤਾ ਲੱਗਦਾ ਹੈ ਜਦੋਂ ਵੱਡੇ ਹੋਕੇ ਲਹੂ ਪੀਂਦੇ ਹਨ ਅਤੇ ਮਾਂ-ਪਿਓ ਨੂੰ ਵੰਡ ਦਿੰਦੇ ਹਨ।

****


No comments: