ਸੋਚਣ ਦੀ ਲੋੜ ਹੈ.......... ਲੇਖ / ਹਰਦਰਸ਼ਨ ਸਿੰਘ ਕਮਲ

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਕਿਸੇ ਵੀ ਦੇਸ਼ ਦੇ ਭਵਿੱਖ ਹੁੰਦੇ ਹਨ। ਇਹ ਕੋਈ ਕਹਾਵਤ ਨਹੀਂ, ਬਿਲਕੁੱਲ ਸੱਚੀ ਤੇ ਪਰਖੀ ਹੋਈ ਗੱਲ ਹੈ, ਕਿਉਂਕਿ ਜਿਸ ਦੇਸ਼ ਜਾਂ ਰਾਜ ਦੇ ਬੱਚੇ ਪੜ੍ਹੇ-ਲਿਖੇ ਤੇ ਸੋਝੀਵਾਨ ਹੋਣਗੇ, ਉਹੀ ਦੇਸ਼ ਜਾਂ ਰਾਜ ਤਰੱਕੀ ਕਰਦਾ ਹੈ। ਇਸ ਲਈ ਬੱਚਿਆਂ ਨੂੰ ਜੇਕਰ ਕਿਸੇ ਦੇਸ਼ ਜਾਂ ਰਾਜ ਦਾ ਸੁਨਹਿਰੀ ਭਵਿੱਖ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਪੰਜਾਬ ਸਰਕਾਰ ਨੇ ਇਹਨਾਂ ਬੱਚਿਆਂ ਜਾਂ ਇਹ ਕਹਿ ਲਉ ਕਿ ਇਹਨਾਂ ਨੇ ਆਪਣੇ ਸੁਨਹਿਰੀ ਭਵਿੱਖ ਲਈ ਕੀ ਕੀਤਾ? ਆਉ ਜ਼ਰਾ ਝਾਤੀ ਮਾਰੀਏ:

ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ? ਇਹ ਗੱਲ ਤਾਂ ਛੱਡੋ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿਕਾਸ ਸ਼ੁਰੂ ਕਿੱਥੋਂ ਹੁੰਦਾ ਹੈ? ਕਿਸੇ ਮਕਾਨ ਨੂੰ ਪੱਕਾ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਨੀਂਹ ਪੱਕੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਤੂਫਾਨ, ਹਨੇਰੀ, ਡਾਕੂ, ਚੋਰ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਠੀਕ ਇਸੇ ਤਰ੍ਹਾਂ ਸਾਡੇ ਪੰਜਾਬ ਦੀ ਨੀਂਹ ਇਹ ਬੱਚੇ ਹਨ ਜੋ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣਾ ਅਤੇ ਆਪਣੇ ਰਾਜ ਦਾ ਨਾਂ ਰੁਸ਼ਨਾਉਣ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ ਤਾਂ ਜੋ ਸਾਡੇ ਦੁਸ਼ਮਣਾਂ ਜਿਵੇਂ ਬੇਰੋਜ਼ਗਾਰੀ, ਨਸ਼ਾ, ਗਰੀਬੀ ਅਤੇ ਲਗਾਤਾਰ ਵੱਧ ਰਹੀ ਜਨਸੰਖਿਆ ਨੂੰ ਠੱਲ ਪਾਈ ਜਾ ਸਕੇ। ਇਸ ਲਈ, ਪੰਜਾਬ ਨੂੰ ਬਚਾਉਣ ਲਈ ਨੀਂਹ ਦਾ ਪੱਕਾ ਹੋਣਾ ਭਾਵ ਬੱਚਿਆਂ ਦਾ ਪੜ੍ਹੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ।

ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਪੰਜਾਬ ਸਰਕਾਰ ਨੇ ਤਾਂ ਕਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲੇ ਹੋਏ ਹਨ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਮੈਂ ਬਿਲਕੁਲ ਸਹਿਮਤ ਹਾਂ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਨੇ ਕਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲੀਆਂ ਹੋਈਆਂ ਹਨ ਪਰ ਕੀ ਇਹਨਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦਾ ਉਚਿਤ ਪ੍ਰਬੰਧ ਹੈ? ਕੀ ਅਧਿਆਪਕ ਪੂਰੇ ਹਨ? ਕੀ ਬੱਚਿਆਂ ਦੇ ਬੈਠਣ, ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਠੀਕ ਹੈ? ਇਸ ਦਾ ਜਵਾਬ ਕਿਸੇ ਕੋਲੋਂ ਵੀ ਪੁੱਛੋਗੇ ਤਾਂ ਨਹੀਂ ਹੀ ਹੋਵੇਗਾ, ਕਿਉਂਕਿ ਕੋਈ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੈ। ਇਸ ਵਿੱਚ ਕਸੂਰ ਕਿਸ ਦਾ ਹੈ, ਲੋਕਾਂ ਦਾ ਜਾਂ ਪ੍ਰਸ਼ਾਸਨ ਦਾ, ਸੋਚਣ ਦੀ ਲੋੜ ਹੈ।

ਅੱਜ ਦੇ ਦੌਰ ਵਿੱਚ ਵਿੱਦਿਅਕ ਅਦਾਰੇ ਤਾਂ ਬਹੁਤ ਹਨ, ਸਰਕਾਰੀ ਅਤੇ ਗੈਰ ਸਰਕਾਰੀ ਵੀ ਪਰ ਕਿਸੇ ਨੇ ਵੀ ਸਕੂਲਾਂ ਜਾਂ ਕਾਲਜਾਂ ਨੂੰ ਜਾਣ ਸਮੇਂ ਬੱਚਿਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਕਦੀ ਸੋਚਿਆ ਹੈ? ਕੀ ਕਦੇ ਇਸ ਮੁੱਦੇ ਤੇ ਵੀ ਕਿਸੇ ਨੇ ਬਹਿਸ ਕੀਤੀ ਹੈ? ਸਰਕਾਰ ਤੋਂ ਕਦੇ ਕਿਸੇ ਨੇ ਮੰਗ ਕੀਤੀ ਹੈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਜਾਣ ਵਾਲੀਆਂ ਲੜਕੀਆਂ ਅਤੇ ਲੜਕਿਆਂ ਦੀ ਪੜ੍ਹਾਈ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ? ਨਹੀਂ, ਕਦੇ ਵੀ ਇਹੋ ਜਿਹਾ ਮੁੱਦਾ ਪੜ੍ਹਨ ਜਾਂ ਸੁਣਨ ਵਿੱਚ ਨਹੀਂ ਆਇਆ। ਕਿਉਂ? ਕਿਉਂਕਿ ਵੱਡੇ-ਵੱਡੇ ਲੀਡਰਾਂ ਅਤੇ ਅਮੀਰ ਲੋਕਾਂ ਦੀਆਂ ਲੜਕੀਆਂ ਅਤੇ ਲੜਕੇ ਕਦੋਂ ਸਕੂਲ ਜਾਂ ਕਾਲਜ ਜਾਂਦੇ ਹਨ, ਉਹਨਾਂ ਨੂੰ ਤਾਂ ਆਪ ਨਹੀਂ ਪਤਾ ਹੁੰਦਾ ਕਿਉਂਕਿ ਏ.ਸੀ. ਗੱਡੀ ਵਿੱਚ ਸੁੱਤੇ ਜਾਣਾ ਅਤੇ ਸੁੱਤੇ ਆਉਣਾ ਕੋਈ ਦੁਖਦਾਇਕ ਨਹੀਂ ਹੁੰਦਾ। ਇਸ ਲਈ ਉਹਨਾਂ ਨੂੰ ਆਮ ਜਨਤਾ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਲੜਕੀਆਂ ਅਤੇ ਲੜਕਿਆਂ ਦੀਆਂ ਮੁਸ਼ਕਿਲਾਂ ਬਾਰੇ ਕੀ ਪਤਾ ਕਿ ਉਹ ਕਿੰਨਾਂ ਹਾਲਤਾਂ ਵਿੱਚ ਸਕੂਲ ਜਾਂ ਕਾਲਜ ਪਹੁੰਚਦੇ ਹਨ ਅਤੇ ਕਿਵੇਂ ਵਾਪਸ ਆਉਂਦੇ ਹਨ? ਭਾਵ ਜਿਸਨੇ ਕਦੀ ਗਰੀਬੀ ਹੰਢਾਈ ਨਾ ਹੋਵੇ, ਉਹ ਗਰੀਬੀ ਨੂੰ ਕਿਵੇਂ ਪਰਿਭਾਸਿ਼ਤ ਕਰ ਸਕਦਾ ਹੈ?

ਸਵੇਰੇ ਅੱਠ ਵਜੇ ਵਾਲੀ ਬੱਸ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੁੰਦੀ ਹੈ। ਸਕੂਲਾਂ ਜਾਂ ਕਾਲਜ ਦੇ ਵਿਦਿਆਰਥੀ ਖਾਸ ਕਰਕੇ ਲੜਕੀਆਂ ਇਸ ਤਰ੍ਹਾਂ ਸਹਿਮੀਆਂ ਤੇ ਡਰੀਆਂ ਖੜ੍ਹੀਆਂ ਹੁੰਦੀਆਂ ਹਨ, ਜਿਵੇਂ ਕਿਸੇ ਬੱਕਰੇ-ਬੱਕਰੀਆਂ ਨੂੰ ਬਲੀ ਦੇਣ ਲਈ ਲਿਜਾਇਆ ਜਾ ਰਿਹਾ ਹੋਵੇ। ਸਭ ਤੋਂ ਵੱਡੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਬੱਸ ਵਿੱਚ ਉਹਨਾਂ ਨਾਲ ਅੱਤ ਦੀਆਂ ਨੀਚ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਸਰੀਫ਼ ਤੇ ਭਲਾ ਪੁਰਸ਼ ਜਾਂ ਔਰਤ ਕਦੇ ਵੀ ਆਪਣੀ ਲੜਕੀ ਨੂੰ ਬੱਸ ਵਿੱਚ ਸਕੂਲ ਨਹੀਂ ਭੇਜੇਗਾ। ਨਤੀਜਾ, ਲੜਕੀਆਂ ਦਾ ਸਕੂਲ ਜਾਂ ਕਾਲਜ ਜਾਣਾ ਬੰਦ। ਇਸ ਵਿੱਚ ਕਸੂਰ ਕਿਸਦਾ ਹੈ? ਲੋਕਾਂ ਦਾ, ਪ੍ਰਸ਼ਾਸਨ ਦਾ ਜਾਂ ਫਿਰ ਉਹਨਾਂ ਮਾਸੂਮ ਬੱਚੀਆਂ ਦਾ ਜੋ ਕੁਝ ਕਰਨਾ ਚਾਹੁੰਦੀਆਂ ਹਨ, ਕੁਝ ਬਣਨਾ ਚਾਹੁੰਦੀਆਂ ਹਨ, ਸੋਚਣ ਦੀ ਲੋੜ ਹੈ ।

ਬੱਸਾਂ ਵਿੱਚ ਅਜਿਹੇ ਗੰਦੇ ਗੀਤ ਲਾਏ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਟਿਕਟ ਦੀ। ਕੰਡਕਟਰ ਵਿਦਿਆਰਥੀਆਂ ਨਾਲ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ ਅਜਿਹੀ ਭੱਦੀ ਸ਼ਬਦਾਵਲੀ ਬੋਲਦੇ ਹਨ ਕਿ ਕੋਲ ਬੈਠੇ ਜਾਂ ਖੜੇ ਮੁਸਾਫਰਾਂ ਨੂੰ ਮਜ਼ਬੂਰਨ ਬੋਲਣਾ ਪੈਂਦਾ ਹੈ। ਕੀ ਇਹੋ ਸਰਕਾਰ ਨੇ ਲੜਕੀਆਂ ਤੇ ਲੜਕਿਆਂ ਲਈ ਸਕੂਲ ਜਾਂ ਕਾਲਜ ਜਾਣ ਦਾ ਪ੍ਰਬੰਧ ਕੀਤਾ ਹੈ? ਸੋਚਣ ਦੀ ਲੋੜ ਹੈ । ਸਕੂਲਾਂ ਜਾਂ ਕਾਲਜਾਂ ਵਿੱਚ ਵਿਦਿਆਰਥੀਆਂ ਨਾਲ ਜਾਤੀ ਭੇਦ-ਭਾਵ ਕੀਤੇ ਜਾਂਦੇ ਹਨ। ਵਿਦਿਆਰਥੀਆਂ ਦੀ ਤਾਂ ਛੱਡੋ, ਅਧਿਆਪਕਾਂ ਵੱਲੋਂ ਇਹੋ-ਜਿਹੇ ਜਾਤੀ-ਵਾਚਕ ਸ਼ਬਦ ਬੋਲੇ ਜਾਂਦੇ ਹਨ ਕਿ ਮਰਨ-ਮਰਾਉਣ ਤੱਕ ਪਹੁੰਚ ਜਾਂਦੀ ਹੈ, ਕਾਰਨ ਸਰਕਾਰ ਵੱਲੋਂ ਲਾਏ ਗਏ ਸਿਫਾਰਿਸ਼ੀ ਅਧਿਆਪਕ ਜੋ ਆਪਣੇ ਪੈਸੇ ਦੀ ਆੜ ਵਿੱਚ ਨੀਵੀਆਂ ਜਾਤਾਂ ਦੇ ਵਿਦਿਆਰਥੀਆਂ ਨੂੰ ਦਬਾਉੇਣ ਦੀ ਕੋਸਿ਼ਸ਼ ਕਰਦੇ ਹਨ। ਕਸੂਰ ਕਿਸਦਾ ਹੈ? ਸੋਚਣ ਦੀ ਲੋੜ ਹੈ ।

ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਬੁਰਾਈਆਂ ਗਿਣਨ ਲੱਗ ਜਾਂਵਾਂ ਤਾਂ ਸ਼ਾਇਦ ਇੱਕ ਕਿਤਾਬ ਲਿਖ ਦੇਵਾਂ। ਮੈਂ ਕੋਈ ਸਮਾਜ ਸੁਧਾਰਕ ਨਹੀਂ ਹਾਂ ਅਤੇ ਨਾ ਹੀ ਕੋਈ ਪ੍ਰਸਿੱਧ ਆਗੂ ਹਾਂ, ਮੈਂ ਤਾਂ ਸੰਗਤਾਂ ਦਾ ਦਾਸ ਹਾਂ। ਮੈਂ ਤਾਂ ਸਰਕਾਰ ਨੂੰ ਸੁਝਾਅ ਦੇ ਰਿਹਾ ਹਾਂ ਕਿ ਜੇ ਇੰਨ੍ਹੇ ਸਕੂਲ, ਕਾਲਜ ਖੋਲੇ ਹਨ ਤਾਂ ਉਹਨਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦੇ ਜਾਣ ਦਾ ਖਾਸ ਪ੍ਰਬੰਧ ਕੀਤਾ ਜਾਵੇ। ਲੜਕੀਆਂ ਨੂੰ ਸਕੂਲਾਂ ਜਾਂ ਕਾਲਜਾਂ ਵਿੱਚ ਜਾਣ ਲਈ ਸਰਕਾਰ ਵੱਲੋਂ ਵੱਖਰੀਆਂ ਬੱਸਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਕੂਲਾਂ ਜਾਂ ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ। ਜੇਕਰ ਸਰਕਾਰ ਵੱਲੋਂ ਲੜਕੀਆਂ ਲਈ ਆਉਣ-ਜਾਣ ਦਾ ਖਾਸ ਪ੍ਰਬੰਧ ਹੋਵੇਗਾ ਤਾਂ ਕਦੇ ਵੀ ਕਿਸੇ ਲੜਕੀ ਨਾਲ ਕੋਈ ਅਸ਼ਲੀਲ ਹਰਕਤ ਨਹੀਂ ਹੋਵੇਗੀ ਅਤੇ ਨਾ ਹੀ ਕਦੇ ਕਿਸੇ ਮਾਂ-ਪਿਉ ਦਾ ਬੱਸਾਂ ਵਿੱਚ ਗੰਦੇ ਗੀਤਾਂ ਨੂੰ ਸੁਣ ਕੇ ਅਤੇ ਕੰਡਕਟਰ ਵੱਲੋਂ ਬੋਲੀ ਜਾਂਦੀ ਭੱਦੀ ਸ਼ਬਦਾਵਲੀ ਸੁਣ ਕੇ ਸਿਰ ਨੀਂਵਾ ਕਰਨਾ ਪਵੇਗਾ। ਇਸ ਲਈ ਸੋਚਣ ਦੀ ਲੋੜ ਹੈ, ਸਰਕਾਰ ਨੂੰ, ਸਮਾਜ ਨੂੰ।

****

1 comment:

Gurvinder Ghayal said...

kamal bhaji....nice article, keep it up.