ਤਰਕੀਬ……… ਕਹਾਣੀ / ਹਰਪ੍ਰੀਤ ਸਿੰਘ

ਧੀ ਵੱਲੋਂ ਪਿਓ ਨੂੰ ਹਲੂਣਾ

“ਤੈਨੂੰ ਸੁਣਿਆਂ ਨੀਂ… ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ ਤੇ ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ…, ਤੈਨੂੰ ਕੋਈ ਅਸਰ ਹੀ ਨਹੀਂ। ਕਿੱਦਾਂ ਫਿੱਟੀ ਪਈ ਏਂ ਖਾ ਖਾ ਕੇ, ਗੰਦੇ ਖਾਨਦਾਨ ਦੀ…” । ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।

ਉਸ ਦੀ ਪਤਨੀ ਰੂਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ, “ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਏ, ਬਾਰ੍ਹਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ ’ਤੇ ਕੋਈ ਜੂੰ ਨਹੀਂ ਸਰਕਦੀ, ਪਤਾ ਨਹੀਂ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਏ, ਜੇ ਇਸੇ ਤਰ੍ਹਾਂ ਪੀਂਦੇ ਰਹੇ, ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ ਇਸ ਕਲਮੂੰਹੀ ਸ਼ਰਾਬ ਨੂੰ” ।

“ਚਲ ਹੁਣ ਚੁੱਪ ਕਰ ਤੇ ਆਪਣਾ ਕੰਮ ਕਰ। ਮੈਂ ਤੇਰੀ ਬਕ ਬਕ ਸੁਨਣ ਲਈ ਨਹੀਂ ਬੁਲਾਇਆ। ਜਾਹ ਐਥੋਂ, ਮੈਨੂੰ ਸਰੂਰ ਬਣਾਉਣ ਦੇ…” ।

“ਅੱਗ ਲੱਗੇ ਤੁਹਾਡੇ ਸਰੂਰ ਨੂੰ…” ।

“ਜਾਂਦੀ ਏ ਕਿ ਨਹੀਂ…” ?

“ਮੈਂ ਨਹੀਂ ਜਾਣਾ, ਮੈਂ ਤੁਹਾਡੇ ਨਾਲ ਗੱਲ ਕਰਨੀ ਏ…” ।

“ਜੋ ਕਹਿਣਾ ਛੇਤੀ ਦਸ…” ।

“ਚੰਦਰ ਦਾ ਜੇ ਬੀ ਟੀ ਵਿਚ ਦਾਖਲਾ ਕਰਵਾਉਣਾ ਹੈ। ਉਸ ਨੇ 12ਵੀਂ ਵਿਚ 75 ਫੀਸਦੀ ਨੰਬਰ ਲਏ ਹਨ। ਉਸ ਦੀ ਅਧਿਆਪਿਕਾ ਕਹਿੰਦੀ ਸੀ, ਕੁੜੀ ਨੂੰ ਜੇ ਬੀ ਟੀ ਵਿਚ ਦਾਖਲਾ ਕਰਵਾ ਦਿਓ । ਇਸ ਦਾ ਸਰਕਾਰੀ ਕਾਲਜ ਵਿਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ । ਆਪਾਂ ਕੁੜੀ ਨੂੰ ਅੱਗੇ ਪੜ੍ਹਾਉਣਾ ਹੈ” ।

“ਕੁਝ ਨਹੀਂ ਕਰਵਾਉਣਾ, ਘਰ ਬਿਠਾ ਦੇ, ਰੋਟੀ ਟੁੱਕ ਸਿਖਾ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ। ਆਪੇ ਅਗਲੇ ਘਰ ਜਾ ਕੇ ਭਾਵੇਂ ਪੜ੍ਹੇ, ਭਾਵੇਂ ਰੋਟੀਆਂ ਪਕਾਏ, ਸਾਨੂੰ ਕੀ? ਨਾਲ ਇਸ ਦੀ ਕਮਾਈ ਕਿਹੜੀ ਸਾਨੂੰ ਮਿਲਣੀ ਏ। ਬਸ ਰਹਿਣ ਦੇ ਉਸ ਨੂੰ ਘਰ ਹੀ, ਨਾਲੇ ਅੱਜਕਲ੍ਹ ਜ਼ਮੀਨ ਦੇ ਕੰਮਾਂ ਵਿਚ ਮੰਦੀ ਏ, ਸੌਦੇ ਨਹੀਂ ਵਿਕ ਰਹੇ, ਜਾਹ ਹੁਣ ਤੂੰ ਮੇਰੇ ਵਾਸਤੇ ਰੋਟੀ ਬਣਾ”।

“ਪਹਿਲਾਂ ਮੇਰੀ ਗੱਲ ਸੁਣ ਲਓ, ਮੈਂ ਕਿਹਾ ਕੁੜੀ ਨੂੰ ਅੱਗੇ ਪੜ੍ਹਾਉਣਾ ਏ ਨਾਲੇ ਤੁਸਾਂ ਜਿਹੜੀ ਆਹ ਹਰ ਰੋਜ਼ ਸ਼ਰਾਬ ਪੀਂਦੇ ਹੋ, ਇਹ ਕਿਹੜੀ ਮੁਫ਼ਤ ਆਉਂਦੀ ਏ। ਇਹ ਪੀਣੀ ਛੱਡ ਦਿਓ, ਕੁੜੀ ਦੀ ਪੜ੍ਹਾਈ ਜੋਗੇ ਪੈਸੇ ਆਪੇ ਬਣ ਜਾਣਗੇ”।

“ਜਾ… ਜਾ… ਐਵੇਂ ਨਾ ਮੂਡ ਖਰਾਬ ਕਰ ਮੇਰਾ, ਮੈਂ ਤੈਨੂੰ ਕਹਿ ਦਿੱਤਾ ਏ ਨਾ ਮੈਂ ਨਹੀਂ ਪੜ੍ਹਾਉਣੀ ਕੁੜੀ… ਬੱਸ ਹੁਣ ਇਸ ਸਬੰਧ ਵਿਚ ਕੋਈ ਗੱਲ ਨਹੀਂ ਹੋਵੇਗੀ” ।

ਦੂਜੇ ਪਾਸੇ ਚੰਦਰ ਮਾਂ ਬਾਪ ਦੀ ਸਾਰੀ ਗੱਲ ਸੁਣ ਰਹੀ ਸੀ। ਉਸ ਦੀ ਮੰਮੀ ਨੇ ਉਸ ਨੂੰ ਪਰਦੇ ਓਹਲੇ ਸਾਰੀ ਗੱਲ ਸੁਣਦਿਆਂ ਵੇਖ ਲਿਆ। ਉਹ ਮੂੰਹ ਅੱਖਾਂ ਸਾਫ ਕਰ ਚੰਦਰ ਕੋਲ ਗਈ ਤੇ ਗਲਵਕੜੀ ਵਿਚ ਲੈ ਲਿਆ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜਰੂਰ ਪੜ੍ਹਾਵੇਗੀ। ਪਰ ਚੰਦਰ ਖਾਮੋਸ਼ ਸੀ। ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਹਾਰ ਤੋਂ ਦੁਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਬ ਛੱਡ ਦੇਣ, ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ।

ਉਸ ਨੇ ਪ੍ਰਮਾਤਮਾ ਅੱਗੇ ਅਰਜੋਈ ਕੀਤੀ ਕਿ ਕੋਈ ਤਰੀਕਾ ਦੱਸੋ, ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਡਾ ਸਕੇ। ਇਸ ਤਰ੍ਹਾਂ ਸੋਚਦੀ ਉਹ ਸੋਂ ਗਈ, ਜਦੋਂ ਸਵੇਰੇ ਉਠੀ, ਤਾਂ ਉਸ ਨੂੰ ਰਾਹ ਲਭ ਗਿਆ ਸੀ। ਉਸ ਨੇ ਅੱਜ ਉਸ ਤਰਕੀਬ ’ਤੇ ਕੰਮ ਕਰਨ ਦੀ ਸੋਚੀ। ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਆਇਆ, ਤਾਂ ਉਸ ਨੇ ਵੇਖਿਆ, ਉਸ ਦੇ ਆਵਾਜ਼ ਮਾਰਣ ਤੋਂ ਪਹਿਲਾਂ ਹੀ ਦੋ ਗਲਾਸ ਮੇਜ਼ ’ਤੇ ਪਏ ਸੀ ਅਤੇ ਨਾਲ ਹੀ ਨਮਕੀਨ ਸਲਾਦ ਵੀ, ਚੰਦਰ ਵੀ ਉਸ ਦੇ ਬੈਠਦੇ ਹੀ ਪਿਓ ਪਾਸ ਆ ਕੇ ਬੈਠ ਗਈ। ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ, ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ ਤੇ ਖੁਦ ਗਲਾਸਾਂ ਵਿਚ ਸ਼ਰਾਬ ਪਾਉਣ ਲੱਗੀ। ਇਹ ਵੇਖ ਕੇ ਰਮੇਸ਼ ਹੱਕਾ ਬੱਕਾ ਰਹਿ ਗਿਆ। ਉਸ ਨੇ ਚੰਦਰ ਨੂੰ ਪੁੱਛਿਆ, “ਇਹ ਕੀ ਕਰ ਰਹੀ ਏਂ ਅਤੇ ਤੂੰ ਸ਼ਰਾਬ ਕਿਓਂ ਪਾ ਰਹੀ ਏਂ। ਕੁੜੀਆਂ ਅਜੇਹੇ ਕੰਮ ਨਹੀਂ ਕਰਦੀਆਂ” ।

ਚੰਦਰ ਨੇ ਅਨਸੁਣਾ ਕਰ ਦਿੱਤਾ ਤੇ ਆਪਣੇ ਵਾਲੇ ਪਾਸੇ ਰੱਖੇ ਗਲਾਸ ਵਿਚ ਵੀ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ। ਰਮੇਸ਼ ਨੇ ਜੋਰ ਨਾਲ ਗੁੱਸੇ ਵਿਚ ਕਿਹਾ ਇਹ ਕੀ ਹੋ ਰਿਹਾ ਏ। ਚੰਦਰ ਬੋਲੀ, “ਪਾਪਾ ਤੁਸੀਂ ਕਹਿੰਦੇ ਹੋ ਨਾ, ਸ਼ਰਾਬ ਪੀਣ ਨਾਲ ਸਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ, ਮੈਂ ਵੀ ਤਾਂ ਵੇਖਾਂ ਮੇਰੇ ਚੰਗੇ ਪਾਪਾ ਨੂੰ ਸਰੂਰ ਆਉਂਦਾ ਹੈ, ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਸਰੂਰ ਬਣਾਵਾਂਗੀ। ਮੰਮਾਂ ਤਾਂ ਐਵੇਂ ਹੀ ਲੜਦੀ ਰਹਿੰਦੀ ਏ, ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਏ। ਮੂਡ ਕਿਵੇਂ ਠੀਕ ਰਹਿੰਦਾ ਏ, ਉਸ ਨੂੰ ਤਾਂ ਬਸ ਤੁਹਾਡੀ ਇਸ ਸੋਮਰਸ ਤੋਂ ਵੀ ਅਲਰਜੀ ਏ, ਉਸ ਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ। ਹਾਂ ਪਾਪਾ ਉਹ ਕਿਵੇਂ ਸੀ ਸਟੋਰੀ ਮੈਂ ਭੁੱਲ ਗਈ, ਜਦੋਂ ਸਮੁੰਦਰ ਮੰਥਣ ਤੋਂ ਬਾਅਦ ਦੇਵਤਿਆਂ ਅਤੇ ਰਾਖ਼ਸ਼ਾਂ ਨੇ 14 ਰਤਨ ਕਢਦੇ ਸਮੇਂ ਇਹ ਸੋਮਰਸ ਕੱਢਿਆ ਸੀ”।

ਇਹ ਗੱਲਾਂ ਸੁਣ ਰਮੇਸ਼ ਪਾਣੀ ਪਾਣੀ ਹੋ ਗਿਆ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਭਾਣਾ ਵਰਤ ਰਿਹਾ ਏ, ਉਸ ਨੂੰ ਕੋਈ ਗੱਲ ਨਹੀਂ ਸੀ ਸੂਝ ਰਹੀ । ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਚੰਦਰ ਨੇ ਫਿਰ ਟਕੋਰ ਮਾਰੀ, ਉਸ ਨੇ ਵੇਖਿਆ ਲੋਹਾ ਗਰਮ ਹੈ, ਉਸ ਨੂੰ ਹੋਰ ਟਕੋਰਨਾ ਚਾਹੀਦਾ ਹੈ। ਉਸ ਨੇ ਸ਼ਰਾਬ ਦਾ ਗਲਾਸ ਚੁੱਕਿਆ ਅਤੇ ਆਪਣੇ ਪਾਪਾ ਦੇ ਹੱਥ ਵਿਚ ਫੜਾਇਆ ਤੇ ਮੁੜ ਕੇ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿਚ ਫੜ ਲਿਆ ਅਤੇ ਪਾਪਾ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ, “ਪਾਪਾ ਚਿਅਰਸ…” । ਜਿਵੇਂ ਹੀ ਚੰਦਰ ਨੇ ਗਲਾਸ ਮੂੰਹ ਨੂੰ ਲਗਾਇਆ, ਜੋਰ ਦੀ ਤੜਾਕ ਦੀ ਆਵਾਜ਼ ਆਈ । ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿਚ ਖਿਲਰ ਗਈ। ਉਸ ਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜ਼ਮੀਨ ’ਤੇ ਮਾਰਿਆ ਅਤੇ ਆਪਣਾ ਗਲਾਸ ਵੀ ਭੰਨ੍ਹ ਦਿੱਤਾ।

ਰਮੇਸ਼ ਉਠ ਕੇ ਆਪਣੇ ਕਮਰੇ ਵਿਚ ਚਲਿਆ ਗਿਆ। ਚੰਦਰ ਨੇ ਮਨੋਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਕਰ ਆਪਣੇ ਕਮਰੇ ਵਿਚ ਸੌਂ ਗਈ।

ਅਗਲੀ ਸਵੇਰ ਰਮੇਸ਼ ਚੰਦਰ ਦੇ ਉਠਣ ਤੋਂ ਪਹਿਲਾਂ ਹੀ ਤਿਆਰ ਸੀ, ਉਸ ਨੇ ਚੰਦਰ ਨੂੰ ਆਵਾਜ਼ ਲਾਈ, “ਉਠ ਚੰਦਰ ਬੇਟੀ, ਬੇਟੇ ਚਲ ਤੇਰੀ ਮੰਮੀ ਕਹਿੰਦੀ ਸੀ, ਤੈਨੂੰ ਕਾਲਜ ਦਾਖਲ ਕਰਵਾਉਣਾ ਹੈ। ਚਲ ਬੇਟੀ ਤਿਆਰ ਹੋ ਮੈਂ ਤੇਰੇ ਨਾਲ ਕਾਲਜ ਜਾਂਦਾ ਹਾਂ, ਫਿਰ ਮੈਂ ਕੰਮ ’ਤੇ ਜਾਵਾਂਗਾ, ਤੇ ਹੁਣ ਮੈਂ ਸ਼ਰਾਬ ਪੀਣਾ ਛੱਡ ਦਿੱਤਾ ਹੈ। ਹੁਣ ਤਾਂ ਖੁਸ਼ ਹੈਂ ਮੇਰੇ ਬੇਟੇ”?

ਚੰਦਰ ਤੇ ਰੂਪਾ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ।

****


No comments: